ਅਣਖੀਲਾ ਲੋਕ ਕਵੀ ਚਿਰਾਗ ਦੀਨ ਦਾਮਨ
ਵੀਹਵੀਂ ਸਦੀ ਦਾ ਚਿਰਾਗ ਦੀਨ ਦਾਮਨ ਬਾਅਦ ਵਿੱਚ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆ ਜਾਣਨ ਲੱਗਾ ਸੀ। ਉਹ ਪੰਜਾਬੀ ਦਾ ਸੱਚਾ-ਸੁੱਚਾ ਤੇ ਅਣਖੀਲਾ ਸ਼ਾਇਰ ਸੀ, ਜਿਸ ਨੇ ਸਮੁੱਚਾ ਜੀਵਨ ਤੰਗੀਆਂ ਤੁਰਸ਼ੀਆਂ, ਤਲਖ਼ੀਆਂ ਤੇ ਲੁੱਟ-ਖਸੁੱਟ ਵਿੱਚ ਹੰਢਾਇਆ। ਉਹ ਹਕੂਮਤ ਦੀ ਤਾਨਾਸ਼ਾਹੀ, ਜਬਰ ਜ਼ੁਲਮ, ਅਣਮਨੁੱਖੀ ਵਿਹਾਰ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਨ ਵਾਲਾ ਯੋਧਾ ਸੀ।
ਸਾਂਝੇ ਪੰਜਾਬ ਨੇ ਪੰਜਾਬੀ ਦੇ ਅਨੇਕਾਂ ਕਵੀ, ਲੇਖਕ, ਗ਼ਜ਼ਲਗੋ ਤੇ ਸ਼ਾਇਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਪੰਜਾਬੀ ਬੋਲੀ ਦੀ ਤਰੱਕੀ ਤੇ ਨਿਖ਼ਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੁਝ ਅਣਖੀਲੇ ਲੋਕ ਕਵੀ ਹਨ, ਜਿਨ੍ਹਾਂ ਦੀ ਕਵਿਤਾ ਰਹਿੰਦੀ ਦੁਨੀਆ ਤੱਕ ਜਿਉਂਦੀ ਰਹੇਗੀ। ਬੋਲੀ ਕਿਉਂਕਿ ਲੋਕਾਂ ਦੇ ਬੁੱਲ੍ਹਾਂ ’ਤੇ ਜਿਊਂਦੀ ਹੈ, ਜਿਹੜੀ ਕਵਿਤਾ ਲੋਕਾਂ ਦੀ ਸਰਲ ਬੋਲੀ ਵਿੱਚ ਲਿਖੀ ਜਾਵੇਗੀ, ਉਸ ਨੂੰ ਲੋਕ ਹਮੇਸ਼ਾਂ ਗੁਣਗੁਣਾਉਂਦੇ ਰਹਿੰਦੇ ਹਨ। ਸਾਂਝੇ ਪੰਜਾਬ ਦਾ ਚਿਰਾਗ ਦੀਨ ਦਾਮਨ ਅਜਿਹਾ ਸ਼ਾਇਰ ਹੈ, ਜਿਹੜਾ ਲੋਕਾਂ ਦੀ ਭਾਸ਼ਾ ਵਿੱਚ ਲੋਕ ਮਸਲਿਆਂ ਬਾਰੇ ਬੜੀ ਸਰਲ ਸ਼ਬਦਾਵਲੀ ਵਿੱਚ ਲਿਖਦਾ ਸੀ, ਜੋ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਦੀ ਸੀ। ਉਸ ਨੇ ਆਪਣੀ ਸ਼ਾਇਰੀ ਅਣਖ ਨਾਲ ਕੀਤੀ। ਕਦੇ ਕਿਸੇ ਹਕੂਮਤ ਦੇ ਰਹਿਮੋ-ਕਰਮ ’ਤੇ ਨਹੀਂ ਰਿਹਾ ਸਗੋਂ ਹਕੂਮਤਾਂ ਦੀਆਂ ਜ਼ੋਰ-ਜ਼ਬਰਦਸਤੀਆਂ ਤੇ ਧੱਕੇਸ਼ਾਹੀਆਂ ਖ਼ਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਿਹਾ। ਉਹ ਫ਼ੌਜ ਦੀਆਂ ਜ਼ਿਆਦਤੀਆਂ ਬਾਰੇ ਲਿਖਦਾ ਹੈ:
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ,
ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।
ਇਹ ਕੀ ਕਰੀ ਜਾਨਾ, ਇਹ ਕੀ ਕਰੀ ਜਾਨਾ।
ਕਦੀ ਚੀਨ ਜਾਨਾ, ਕਦੀ ਰੂਸ ਜਾਨਾ,
ਕਦੀ ਸ਼ਿਮਲੇ ਜਾਨਾ, ਕਦੀ ਮੱਰੀ ਜਾਨਾ।
ਜਿਧਰ ਜਾਨਾ ਬਣਕੇ ਜਲੂਸ ਜਾਨਾ,
ਉਡਾਈ ਕੌਮ ਦਾ ਫਲੂਸ ਜਾਨਾ।
ਲਈ ਖੇਸ ਜਾਨਾ, ਖਿੱਚੀ ਦਰੀ ਜਾਨਾ,
ਇਹ ਕੀ ਕਰੀ ਜਾਨਾ...।
ਉਸਤਾਦ ਦਾਮਨ ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਵਿੱਚ ਰਹਿੰਦਾ ਰਿਹਾ। ਉਸ ਨੂੰ ਅਨੇਕਾਂ ਵਾਰ ਪੰਜਾਬੀ ਵਿੱਚ ਕਵਿਤਾਵਾਂ ਲਿਖਣ ਤੋਂ ਵਰਜਿਆ ਗਿਆ, ਪਰ ਉਹ ਸਿਰਫ਼ ਤੇ ਸਿਰਫ਼ ਪੰਜਾਬੀ ਵਿੱਚ ਹੀ ਕਵਿਤਾਵਾਂ ਲਿਖਦਾ ਰਿਹਾ। ਪਾਕਿਸਤਾਨ ਵਿੱਚ ਬਹੁਤੀ ਉਰਦੂ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਉਹ ਪੰਜਾਬੀ ਬੋਲੀ ਦਾ ਏਡਾ ਵੱਡਾ ਮੁੱਦਈ ਸੀ ਕਿ ਜਦੋਂ ਉਸ ਨੂੰ ਪੰਜਾਬੀ ਬੋਲਣ ਤੇ ਲਿਖਣ ਨੂੰ ਰੋਕਿਆ ਗਿਆ ਤਾਂ ਉਸ ਨੇ ਲਿਖਿਆ:
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿੱਚ ਕਿਤਾਬਾਂ ਤੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਕਈ ਵਾਰੀ ਉਸਤਾਦ ਦਾਮਨ ਨੂੰ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਪੰਜਾਬੀ ਦਾ ਕੋਈ ਸਥਾਨ ਨਹੀਂ। ਇਸ ਭਾਸ਼ਾ ਵਿੱਚ ਉਸ ਦੇ ਲਿਖਣ ਦਾ ਕੋਈ ਲਾਭ ਨਹੀਂ ਕਿਉਂਕਿ ਇਸ ਭਾਸ਼ਾ ਨੂੰ ਪਾਕਿਸਤਾਨ ਵਿੱਚ ਬਹੁਤੇ ਲੋਕ ਨਾ ਤਾਂ ਬੋਲਦੇ ਹਨ ਤੇ ਨਾ ਹੀ ਸਮਝਦੇ ਹਨ। ਪੰਜਾਬੀ ਬੋਲਣੋਂ ਤੇ ਲਿਖਣੋਂ ਨਾ ਹਟਣ ’ਤੇ ਉਸ ਨੂੰ ਪਾਕਿਸਤਾਨ ਛੱਡ ਕੇ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਲਿਖਿਆ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਹਦੀ ਵਿੱਚ ਪਲ ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ,
ਜਿੱਥੇ ਖਲੋਤਾ ਏ ਉਹ ਥਾਂ ਛੱਡਦੇ।
ਮੈਨੂੰ ਇੰਝ ਲੱਗਦਾ ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਜਦੋਂ ਉਸ ਦੇ ਬਹੁਤ ਸਾਰੇ ਅਦੀਬ ਦੋਸਤਾਂ ਨੇ ਉਸਤਾਦ ਦਾਮਨ ਨੂੰ ਵਾਰ-ਵਾਰ ਉਰਦੂ ਵਿੱਚ ਲਿਖਣ ਲਈ ਕਿਹਾ ਤਾਂ ਉਸ ਨੇ ਲਿਖਿਆ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ- ਹਾਂ ਜੀ ਹਾਂ ਪੰਜਾਬੀ ਏ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਉਸਤਾਦ ਦਾਮਨ ਨੂੰ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਸਬੰਧੀ ਲਾਲ ਕਿਲੇ ਵਿੱਚ ਕਰਵਾਏ ਗਏ ਮੁਸ਼ਾਇਰੇ ਵਿੱਚ ਬੁਲਵਾਇਆ ਗਿਆ। ਉਸ ਮੁਸ਼ਾਇਰੇ ਵਿੱਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸ਼ਾਦ ਅਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਬਿਰਾਜਮਾਨ ਸਨ। ਇਸ ਮੌਕੇ ਉਸਤਾਦ ਦਾਮਨ ਵੱਲੋਂ ਪੜ੍ਹੀ ਗਈ ਕਵਿਤਾ ਇੰਜ ਹੈ:
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਇਸ ਕਵਿਤਾ ਦਾ ਭਾਵ ਅਰਥ ਇਹ ਸੀ ਕਿ ਦੇਸ਼ ਦੀ ਵੰਡ ਤੋਂ ਦੋਵੇਂ ਦੇਸ਼ਾਂ ਦੇ ਲੋਕ ਦੁਖੀ ਹਨ, ਭਾਵੇਂ ਉਹ ਇਸ ਨੂੰ ਆਪੋ-ਆਪਣੇ ਦੇਸ਼ ਦੀ ਆਜ਼ਾਦੀ ਦਾ ਨਾਂ ਦੇ ਰਹੇ ਹਨ। ਪੰਫਿਤ ਜਵਾਹਰ ਲਾਲ ਨਹਿਰੂ ਇਹ ਕਵਿਤਾ ਸੁਣ ਕੇ ਏਨੇ ਭਾਵੁਕ ਹੋ ਗਏ ਕਿ ਵੇਖਣ ਵਾਲੇ ਕਹਿੰਦੇ ਹਨ ਉਹ ਭੁੱਬਾਂ ਮਾਰ ਕੇ ਰੋ ਪਏ ਤੇ ਉਸਤਾਦ ਦਾਮਨ ਨੂੰ ਘੁੱਟ ਕੇ ਜੱਫ਼ੀ ਪਾ ਲਈ। ਉਨ੍ਹਾਂ ਉਸਤਾਦ ਦਾਮਨ ਨੂੰ ਭਾਰਤ ਵਿੱਚ ਆ ਕੇ ਰਹਿਣ ਲਈ ਵੀ ਕਿਹਾ, ਪਰ ਦਾਮਨ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿੱਚ ਹੀ, ਭਾਵੇਂ ਜੇਲ੍ਹ ਵਿੱਚ ਹੀ ਰਹਿਣਾ ਪਵੇ। ਫ਼ੌਜੀ ਹਕੂਮਤ ਨੇ ਅਜਿਹੀਆਂ ਕਵਿਤਾਵਾਂ ਲਿਖਣ ਕਰਕੇ ਉਸ ਉੱਪਰ ਬੰਬ ਰੱਖਣ ਦੇ ਕੇਸ ਪਾ ਦਿੱਤੇ ਤਾਂ ਉਸਤਾਦ ਦਾਮਨ ਨੇ ਕਿਹਾ ਕਿ ਜੇਕਰ ਮੇਰਾ ਘਰ ਵੱਡਾ ਹੁੰਦਾ ਤਾਂ ਟੈਂਕ ਰੱਖਣ ਦਾ ਕੇਸ ਪਾ ਦਿੱਤਾ ਜਾਂਦਾ। ਇਸੇ ਕਰਕੇ ਉਹ ਲਿਖਦਾ ਹੈ:
ਸਟੇਜਾਂ ਤੇ ਆਈਏ ਸਿਕੰਦਰ ਹੋਈਦਾ,
ਸਟੇਜਾਂ ਤੋਂ ਉਤਰ ਕੇ ਕਲੰਦਰ ਹੋਈਦਾ।
ਉਲਝੇ ਜੇ ਦਾਮਨ ਹਕੂਮਤ ਕਿਸੇ ਨਾਲ,
ਬਸ ਏਨਾ ਹੀ ਹੁੰਦਾ ਕਿ ਅੰਦਰ ਹੋਈਦਾ।
ਫ਼ੌਜੀ ਜਰਨੈਲਾਂ ਦੀਆਂ ਆਪਹੁਦਰੀਆਂ ਦਾ ਜ਼ਿਕਰ ਕਰਦਾ ਦਾਮਨ ਲਿਖਦਾ ਹੈ:
ਸਾਡੇ ਮੁਲਕ ਦੇ ਦੋ ਖ਼ੁਦਾ, ਲਾ ਇਲਾਹ ਤੇ ਮਾਰਸ਼ਲ ਲਾਅ,
ਇੱਕ ਰਹਿੰਦਾ ਅਰਸ਼ਾਂ ਉੱਪਰ, ਦੂਜਾ ਰਹਿੰਦਾ ਫਰਸ਼ਾਂ ਉੱਤੇ।
ਉਸਦਾ ਨਾਂ ਹੈ ਅੱਲਾ ਮੀਆਂ, ਇਸਦਾ ਨਾਂ ਹੈ ਜਨਰਲ ਜ਼ੀਆ।
ਉਸਤਾਦ ਦਾਮਨ ਦੀ ਸ਼ਬਦਾਵਲੀ ਅਤੇ ਤਸ਼ਬੀਹਾਂ ਕਮਾਲ ਦੀਆਂ ਹਨ। ਇਹ ਸਾਰੀਆਂ ਤਸ਼ਬੀਹਾਂ ਆਮ ਬੰਦੇ ਦੀ ਸਮਝ ਆਉਣ ਵਾਲੀਆਂ ਹਨ। ਫ਼ੌਜੀ ਹੁਕਮਰਾਨ ਮਨਮਰਜ਼ੀਆਂ ਕਰਦੇ ਸਨ ਤਾਂ ਦਾਮਨ ਲਿਖਦਾ ਹੈ:
ਖਾਨਾ ਜੰਗੀ ਤੋਂ ਸਾਨੂੰ ਬਚਾ ਲਿਆ ਹੈ, ਸਦਕੇ ਜਾਵਾਂ ਆਪਣੀ ਆਰਮੀ ਤੋਂ।
ਵਾਂਗ ਐਨਕ ਦੇ ਨੱਕ ਤੇ ਬੈਠ ਕੇ ਦੋਵੇਂ ਕੰਨ ਫੜ ਲਏ ਨੇ ਆਦਮੀ ਦੇ।
ਉਹ ਦਲੇਰ ਕਿਸਮ ਦਾ ਨਿਡਰ ਸ਼ਾਇਰ ਸੀ, ਜਿਹੜਾ ਸਰਕਾਰਾਂ ਤੋਂ ਡਰਦਾ ਨਹੀਂ ਸੀ। ਬੇਬਾਕ ਹੋ ਕੇ ਕਵਿਤਾਵਾਂ ਲਿਖਦਾ ਸੀ। ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਫ਼ਿਰਕੂ ਵੰਡੀਆਂ ਪਾ ਕੇ ਲੜਾਉਣ ਬਾਰੇ ਆਪਣੀ ਇੱਕ ਕਵਿਤਾ ਵਿੱਚ ਉਹ ਲਿਖਦਾ ਹੈ:
ਛੁਰੀਆਂ ਸਾਡਿਆਂ ਹੱਥਾਂ ਦੇ ਵਿਚ ਦੇ ਕੇ,
ਰਲ ਆਪ ਮਾਂਡੇ ਹਲਵੇ ਖਾ ਰਹੇ ਨੇ।
ਸਾਰੇ ਚੱਕਰ ਚਲਾ ਕੇ ਫ਼ਿਰਕਿਆਂ ਦੇ,
ਪਿਆਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ।
ਦਾਮਨ ਇਨ੍ਹਾਂ ਦਾ ਕਰਨਾ ਏ ਚਾਕ ਇੱਕ ਦਿਨ,
ਪੱਗਾਂ ਸਾਡੀਆਂ ਨੂੰ ਹੱਥ ਪਾ ਰਹੇ ਨੇ।
ਉਸਤਾਦ ਦਾਮਨ ਨੂੰ ਬਹੁਪੱਖੀ ਪ੍ਰਤਿਭਾ ਦਾ ਮਾਲਕ ਕਿਹਾ ਜਾ ਸਕਦਾ ਹੈ। ਉਸ ਨੇ ਫਿਲਮਾਂ ਦੇ ਗੀਤ ਵੀ ਲਿਖੇ। ਉਸ ਦਾ ਸਭ ਤੋਂ ਹਰਮਨ ਪਿਆਰਾ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜ੍ਹਿਆ ਹੋਇਆ ਹੈ:
ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ।
ਉਸਤਾਦ ਦਾਮਨ ਸਹੀ ਮਾਅਨਿਆਂ ਵਿੱਚ ਸਟੇਜੀ ਕਵੀ ਸੀ। ਜੇ ਉਸ ਨੂੰ ਦੇਸ਼ਭਗਤ ਸ਼ਾਇਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਕਿਉਂਕਿ ਉਸ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਸਮੇਂ ਲੋਕਾਂ ਵਿੱਚ ਦੇਸ਼ਭਗਤੀ ਅਤੇ ਲੋਕਾਂ ਵਿੱਚ ਅੰਗਰੇਜ਼ਾਂ ਦੀ ਹਕੂਮਤ ਖ਼ਿਲਾਫ਼ ਰੋਹ ਪੈਦਾ ਕਰਨ ਵਾਲੀ ਕਵਿਤਾ ਲਿਖੀ ਅਤੇ ਸਟੇਜਾਂ ’ਤੇ ਗਾਈ। ਦਾਮਨ ਦੀ ਕਵਿਤਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਾਲੀ ਹੁੰਦੀ ਸੀ। ਅਸਲ ਵਿੱਚ ਉਹ ਦੇਸ਼ ਦੀ ਵੰਡ ਦੇ ਵਿਰੁੱਧ ਸੀ। ਉਸ ਦੀਆਂ ਬਹੁਤ ਸਾਰੀਆਂ ਅਜਿਹੀਆਂ ਕਵਿਤਾਵਾਂ ਮਿਲਦੀਆਂ ਹਨ, ਜਿਹੜੀਆਂ ਦੇਸ਼ ਦੀ ਵੰਡ ਦੇ ਵਿਰੁੱਧ ਲੱਗਦੀਆਂ ਹਨ ਜਿਵੇਂ:
ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਗੀਤਾ ਨਾਲ ਕੁਰਾਨ ਦੀ ਹੈ।
ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ, ਸਾਰੀ ਗੱਲ ਨਫ਼ੇ ਨੁਕਸਾਨ ਦੀ ਹੈ।
ਪਾਕਿਸਤਾਨ ਦੀ ਅਜਬ ਏ ਵੰਡ ਹੋਈ, ਥੋੜਾ ਏਸ ਪਾਸੇ, ਥੋੜਾ ਓਸ ਪਾਸੇ।
ਕੀ ਇਨ੍ਹਾਂ ਜਰਾਹਾਂ ਇਲਾਜ ਕਰਨਾ, ਮਰਹਮ ਏਸ ਪਾਸੇ, ਫੋੜਾ ਓਸ ਪਾਸੇ।
ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਪਿਤਾ ਮੀਰ ਬਖ਼ਸ਼ ਤੇ ਮਾਤਾ ਕਰੀਮ ਬੀਬੀ ਦੇ ਘਰ ਹੋਇਆ। ਚਿਰਾਗ ਦੀਨ ਨੇ ਦਸਵੀਂ ਤੱਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਪ੍ਰਾਪਤ ਕੀਤੀ। ਉਸ ਦਾ ਪਿਤਾ ਰੇਲਵੇ ਦੇ ਦਰਜੀਖਾਨੇ ਵਿੱਚ ਕੱਪੜੇ ਸਿਊਣ ਦਾ ਕੰਮ ਕਰਦਾ ਸੀ, ਪਰ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਨੌਕਰੀ ਚਲੀ ਗਈ ਤਾਂ ਉਸ ਨੇ ਆਪਣੀ ਦਰਜ਼ੀ ਦੀ ਦੁਕਾਨ ਖੋਲ੍ਹ ਲਈ। ਚਿਰਾਗ ਦੀਨ ਵੀ ਪਿਤਾ ਨਾਲ ਪਿਤਾ ਪੁਰਖੀ ਕੰਮ ਕਰਨ ਲੱਗ ਪਿਆ। ਉਸ ਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ। ਪੰਜਾਬੀ ਬੋਲੀ ਦੇ ਇਸ ਅਣਖੀਲੇ ਸ਼ਾਇਰ ਨੇ ਆਪਣੇ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇਸੇ ਲਈ ਦੇਹਾਂਤ ਤੋਂ ਇੰਨੇ ਵਰ੍ਹੇ ਬਾਅਦ ਵੀ ਉਹ ਲੋਕ ਮਨਾਂ ’ਚ ਵਸਿਆ ਹੋਇਆ ਹੈ।
ਸੰਪਰਕ: 94178-13072