DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਆ ’ਚ ਈਸੜੂ ਦੀਆਂ ਆਖ਼ਰੀ ਘੜੀਆਂ: ਇੱਕ ਪੱਖ ਇਹ ਵੀ

ਅਠਾਈ ਸਤੰਬਰ ਦੇ ‘ਦਸਤਕ’ ਵਿੱਚ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ ਗੋਆ ਵਿੱਚ ਆਖ਼ਰੀ ਘੜੀਆਂ’ ਪੜ੍ਹਿਆ। ਲੇਖਕ ਨੇ ਸ਼ਹੀਦ ਕਰਨੈਲ ਸਿੰਘ ਦੇ ਆਖ਼ਰੀ ਵਕਤ ਦਾ ਵੇਰਵਾ ਬਹੁਤ ਵਿਸਥਾਰ ਵਿੱਚ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਪੱਧਰ ’ਤੇ...

  • fb
  • twitter
  • whatsapp
  • whatsapp
Advertisement

ਅਠਾਈ ਸਤੰਬਰ ਦੇ ‘ਦਸਤਕ’ ਵਿੱਚ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ ਗੋਆ ਵਿੱਚ ਆਖ਼ਰੀ ਘੜੀਆਂ’ ਪੜ੍ਹਿਆ। ਲੇਖਕ ਨੇ ਸ਼ਹੀਦ ਕਰਨੈਲ ਸਿੰਘ ਦੇ ਆਖ਼ਰੀ ਵਕਤ ਦਾ ਵੇਰਵਾ ਬਹੁਤ ਵਿਸਥਾਰ ਵਿੱਚ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਪੱਧਰ ’ਤੇ ਕਾਫ਼ੀ ਖੋਜ ਕੀਤੀ ਹੈ। ਉਨ੍ਹਾਂ ਇਸ ਗੱਲ ਉੱਤੇ ਖ਼ਾਸ ਜ਼ੋਰ ਦਿੱਤਾ ਹੈ ਕਿ ਕਰਨੈਲ ਸਿੰਘ ਦੀ ਜਿੱਡੀ ਵੱਡੀ ਸ਼ਹੀਦੀ ਸੀ ਉਨ੍ਹਾਂ ਨੂੰ ਉਸ ਪੱਧਰ ਦਾ ਰੁਤਬਾ ਨਹੀਂ ਮਿਲਿਆ। ਮੇਰੇ ਮੱਧਮ ਜਿਹਾ ਯਾਦ ਹੈ ਕਿ ਅਜਿਹਾ ਹੀ ਇੱਕ ਲੇਖ ਭੁੱਲਰ ਸਾਬ੍ਹ ਨੇ ਦੋ-ਢਾਈ ਸਾਲ ਪਹਿਲਾਂ ਵੀ ਲਿਖਿਆ ਸੀ। ਖ਼ੈਰ, ਪਤਰਾਦੇਵੀ ਇਲਾਕੇ ਦੇ ਇੱਕ ਸਕੂਲ ਵਿੱਚ ਲੱਗੇ ਸ਼ਹੀਦ ਦੇ ਬੁੱਤ ਅੱਗੇ ਖੜ੍ਹ ਕੇ ਉਨ੍ਹਾਂ ਵੱਲੋਂ ਖਿਚਵਾਈ ਤਸਵੀਰ ਵੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਹੈ। ਲੇਖਕ ਨੇ ਨਵੰਬਰ 2022 ਵਿੱਚ ਇਹ ਤਸਵੀਰ ਖਿਚਵਾਈ ਸੀ ਅਤੇ ਉਸੇ ਸਾਲ 15 ਤੋਂ 19 ਨਵੰਬਰ ਤੱਕ ਮੈਂ ਵੀ ਗੋਆ ਵਿੱਚ ਸੀ।

ਸ਼ਹੀਦ ਕਰਨੈਲ ਸਿੰਘ ਈਸੜੂ ਨਾਲ ਜੁੜਿਆ ਇੱਕ ਪੱਖ ਮੈਂ ਵੀ ਪੇਸ਼ ਕਰਨਾ ਚਾਹੁੰਦਾ ਹਾਂ। 2022 ਵਿੱਚ ਮੈਂ ਪਹਿਲੀ ਵਾਰ ਗੋਆ ਘੁੰਮਣ ਗਿਆ ਸਾਂ। ਪੰਜ ਦਿਨ ਗੋਆ ਦੇ ਕੈਂਡੋਲਿਮ ਇਲਾਕੇ ਵਿੱਚ ਰਿਹਾ। ਏਅਰਪੋਰਟ ਤੋਂ ਕੈਂਡੋਲਿਮ ਟੈਕਸੀ ’ਚ ਗਿਆ ਸਾਂ। ਉਸ ਦੇ ਡਰਾਈਵਰ ਨਾਲ ਕਰੋਨਾ ਸਮੇਂ ਦੌਰਾਨ ਗੋਆ ਦੇ ਸੈਰ-ਸਪਾਟਾ ਖੇਤਰ ’ਚ ਆਈ ਮੰਦੀ ਅਤੇ ਗੋਆ ਦੀਆਂ ਕੁਝ ਗੱਲਾਂ ਕਰਨ ਮਗਰੋਂ ਮੈਂ ਗੋਆ ਦੀ ਆਜ਼ਾਦੀ ’ਚ ਅਹਿਮ ਯੋਗਦਾਨ ਪਾਉਣ ਵਾਲੇ ਕਰਨੈਲ ਸਿੰਘ ਈਸੜੂ ਬਾਬਤ ਗੱਲ ਸ਼ੁਰੂ ਕਰ ਲਈ। ਉਸ ਨੇ ਇਸ ਬਾਬਤ ਕੁਝ ਵੀ ਪਤਾ ਨਾ ਹੋਣ ਬਾਰੇ ਦੱਸਿਆ। ਜਦੋਂ ਮੈਂ ਉਸ ਨੂੰ ‘ਸ਼ਹੀਦ’ ਬਾਬਤ ਜਾਣਕਾਰੀ ਦਿੱਤੀ ਤਾਂ ਉਹ ਬਹੁਤ ਹੈਰਾਨ ਹੋਇਆ। ਡਰਾਈਵਰ ਦਾ ਨਾਂ ਜਗਦੀਸ਼ ਸੌਨਗਾਰ ਸੀ। ਜਗਦੀਸ਼ ਨੇ ਕਿਹਾ ਕਿ ਉਸ ਨੂੰ ਤਾਂ ਕੀ, ਗੋਆ ਦੇ ਬਹੁਤੇ ਬਾਸ਼ਿਦਿੰਆਂ ਨੂੰ ਕਰਨੈਲ ਸਿੰਘ ਈਸੜੂ ਬਾਬਤ ਪਤਾ ਨਹੀਂ ਹੋਵੇਗਾ। ਉਹ ਬਹੁਤ ਹੈਰਾਨ ਸੀ ਕਿ ਇੱਕ ਪੰਜਾਬੀ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਤੱਕ ਵਾਰ ਦਿੱਤੀ। ਦਰਅਸਲ, ਮੈਂ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦਗਾਰ ਬਾਬਤ ਪਤਾ ਕਰਨਾ ਚਾਹੁੰਦਾ ਸੀ ਪਰ ਜਗਦੀਸ਼ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ।

Advertisement

ਇਸ ਤੋਂ ਪਹਿਲਾਂ ਮੈਂ ਸਤੰਬਰ 2022 ਦੇ ਆਖ਼ਰੀ ਹਫ਼ਤੇ ਗੋਆ ਦੇ ਮੁੱਖ ਮੰਤਰੀ ਵੱਲੋਂ ਅੰਬਾਲਾ (ਪਿੰਡ ਬੜੌਲਾ) ਆ ਕੇ ਕਰਨੈਲ ਸਿੰਘ ਈਸੜੂ ਦੀ ਪਤਨੀ ਬੀਬੀ ਚਰਨਜੀਤ ਕੌਰ ਦੇ ਕੀਤੇ ਸਨਮਾਨ ਬਾਬਤ ਖ਼ਬਰ ਪੜ੍ਹ ਚੁੱਕਾ ਸਾਂ। ਇਸ ਗੱਲ ਦਾ ਜ਼ਿਕਰ ਗੁਰਬਚਨ ਸਿੰਘ ਭੁੱਲਰ ਨੇ ਵੀ ਆਪਣੇ ਲੇਖ ਵਿੱਚ ਕੀਤਾ ਹੈ। ਜਦੋਂ ਸਤੰਬਰ 2022 ’ਚ ਮੈਂ ਗੋਆ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਮੇਰੇ ਦਫ਼ਤਰ ਦੇ ਇੱਕ ਸਾਥੀ ਨੇ ਹਾਸੇ ’ਚ ਕਿਹਾ ਸੀ, ‘‘ਤੂੰ ਗੋਆ ਦੀ ਸਰਕਾਰੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣ ਸਕਦਾ ਏਂ, ਜੇਕਰ ਤੇਰੀ ਰਿਹਾਇਸ਼ ਖੰਨਾ ਦੀ ਥਾਂ ਈਸੜੂ ਪਿੰਡ ਵਿੱਚ ਹੁੰਦੀ।’’ ਗੋਆ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਗੋਆ ਨੂੰ ਆਜ਼ਾਦ ਕਰਾਉਣ ਲਈ ਜਾਨ ਵਾਰਨ ਵਾਲੇ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਨੂੰ ਸਜਦਾ ਕਰਨ ਲਈ ਉਹ ਹਰੇਕ ਈਸੜੂ ਵਾਸੀ ਨੂੰ ਗੋਆ ਦੇ ਸਰਕਾਰੀ ਮਹਿਮਾਨ ਦਾ ਦਰਜਾ ਦੇਣਗੇ।

Advertisement

ਖ਼ੈਰ, ਕੋਸ਼ਿਸ਼ਾਂ ਦੇ ਬਾਵਜੂਦ ਮੈਂ ਕਰਨੈਲ ਸਿੰਘ ਈਸੜੂ ਦੀ ਯਾਦਗਾਰ ਨਹੀਂ ਦੇਖ ਸਕਿਆ। ਮੈਂ ਮਹਿਸੂਸ ਕੀਤਾ ਕਿ ਕਰਨੈਲ ਸਿੰਘ ਈਸੜੂ ਨੂੰ ਜਿਸ ਸ਼ਿੱਦਤ ਨਾਲ ਅਸੀਂ ਪੰਜਾਬ ਵਾਸੀ ਹਰੇਕ 15 ਅਗਸਤ ਨੂੰ ਯਾਦ ਕਰਦੇ ਹਾਂ ਉਸ ਦੀ ਓਨੀ ਵੁੱਕਤ ਗੋਆ ਵਿੱਚ ਨਹੀਂ ਹੈ। ਹਾਲਾਂਕਿ ਗੋਆ ਦੇ ਮੁੱਖ ਮੰਤਰੀ ਨੇ ਕਰਨੈਲ ਸਿੰਘ ਈਸੜੂ ਦੀ ਪਤਨੀ ਦਾ ਸਨਮਾਨ ਕਰਕੇ ਅਤੇ ਇੱਕ ਸੜਕ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਣ ਦਾ ਐਲਾਨ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ ਪਰ ਗੋਆ ਵਾਸੀਆਂ ਨੂੰ ਕਰਨੈਲ ਸਿੰਘ ਈਸੜੂ ਬਾਰੇ ਜਾਣੂੰ ਕਰਵਾਉਣ ਲਈ ਵੱਡੀ ਯਾਦਗਾਰ ਯੋਗ ਥਾਂ ’ਤੇ ਬਣਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

ਆਪਣੀ ਯਾਤਰਾ ਦੇ ਤੀਜੇ ਦਿਨ ਮੈਂ ਗੋਆ ਦੀਆਂ ਕੁਝ ਬੀਚਾਂ ਅਤੇ ਅਗੋੜਾ ਕਿਲੇ ਦੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਚੈਨਲ ’ਤੇ ਪਾਈਆਂ ਤਾਂ ਮੇਰੇ ਇੱਕ ਹੋਰ ਸਾਥੀ ਦਾ ਮੈਸੇਜ ਆਇਆ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦਗਾਰ ਦੇ ਵੀ ਦਰਸ਼ਨ ਕਰਵਾਓ ਤਾਂ ਮੈਂ ਤੁਰੰਤ ਆਪਣੇ ਹੋਟਲ ਦੀ ਰਿਸੈਪਸ਼ਨ ’ਤੇ ਗਿਆ। ਇਸ ਬਾਬਤ ਪੁੱਛਿਆ ਤਾਂ ਉੱਥੇ ਬੈਠੇ ਲੜਕੇ ਨੇ ਇਸ ਬਾਰੇ

ਇੰਝ ਅਣਜਾਣਤਾ ਪ੍ਰਗਟਾਈ ਜਿਵੇਂ ਮੈਂ ਕੋਈ ਗ਼ਲਤ ਸਵਾਲ ਕਰ ਦਿੱਤਾ ਹੋਵੇ ਕਿਉਂਕਿ ਗੋਆ ’ਚ ਲੋਕ ਸਮੁੰਦਰੀ ਬੀਚਾਂ, ਪੱਬ, ਖਾਣ-ਪੀਣ ਤੇ ਸੈਰ-ਸਪਾਟੇ ਦੀਆਂ ਥਾਵਾਂ ਪੁੱਛਦੇ ਹਨ ਨਾ ਕਿ ਕਿਸੇ ਸ਼ਹੀਦ ਦੀ ਯਾਦਗਾਰ ਤੇ ਉਹ ਵੀ ਪੰਜਾਬ ਵਾਸੀ!

ਮੈਂ ਕਮਰੇ ਵਿੱਚ ਆ ਕੇ ਗੂਗਲ ’ਤੇ ਸਰਚ ਕੀਤਾ ਪਰ ਕੁਝ ਵੀ ਪਤਾ ਨਾ ਲੱਗਾ। ਸਿਰਫ਼ ਸਤੰਬਰ ਮਹੀਨੇ ਦੀਆਂ ਉਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਜਿਨ੍ਹਾਂ ’ਚ ਗੋਆ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ ਦੀ ਪਤਨੀ ਦਾ ਸਨਮਾਨ ਕੀਤਾ ਗਿਆ ਸੀ। ਜਦੋਂ ਮੈਂ ਫੇਸਬੁੱਕ ’ਤੇ ਸਰਚ ਕੀਤਾ ਤਾਂ ਇੱਕ ਪੇਜ ਇਸ ਬਾਬਤ ਸਾਹਮਣੇ ਆਇਆ। ਇਸ ਤੋਂ ਪਤਾ ਚੱਲਦਾ ਸੀ ਕਿ ਪਤਰਾਦੇਵੀ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਬੁੱਤ ਲੱਗਿਆ ਹੋਇਆ ਹੈ। ਇਹ ਪੇਜ ਵੀ ਗੁੰਮਨਾਮ ਜਿਹਾ ਹੀ ਸੀ। ਇਹ ਇਲਾਕਾ ਵੈਸੇ ਵੀ ਗੋਆ ਦੇ ਪ੍ਰਮੁੱਖ ਸੈਰ-ਸਪਾਟੇ ਵਾਲੇ ਖੇਤਰਾਂ ਵਿੱਚ ਸ਼ੁਮਾਰ ਨਹੀਂ ਹੈ ਅਤੇ ਗੋਆ-ਮਹਾਰਾਸ਼ਟਰ ਦੀ ਸਰਹੱਦ ’ਤੇ ਅਣਗੌਲਿਆ ਜਿਹਾ ਹੈ। ਇਸ ਦਾ ਵਿਸਥਾਰ ਵਿੱਚ ਗੁਰਬਚਨ ਸਿੰਘ ਭੁੱਲਰ ਨੇ ਵੀ ਜ਼ਿਕਰ ਕੀਤਾ ਹੈ।

ਜੇਕਰ ਗੋਆ ਸਰਕਾਰ ਮਾਸਟਰ ਕਰਨੈਲ ਸਿੰਘ ਦੀ ਸ਼ਹੀਦੀ ਨੂੰ ਆਪਣੇ ਸੂਬੇ ਲਈ ਅਹਿਮ ਮੰਨਦੀ ਹੈ ਤਾਂ ਉਸ ਦੀ ਢੁੱਕਵੀਂ ਯਾਦਗਾਰ ਕਿਸੇ ਪ੍ਰਮੁੱਖ ਸੈਰ-ਸਪਾਟੇ ਵਾਲੀ ਥਾਂ ’ਤੇ ਜ਼ਰੂਰ ਬਣਾਵੇ। ਇੱਕ ਸੜਕ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਣ ਅਤੇ ਇੱਕ ਕਮਰੇ ਵਾਲੇ ਸਰਕਾਰੀ ਸਕੂਲ ਵਿੱਚ ਬੁੱਤ ਲਗਾਉਣ ਦਾ ਸਵਾਗਤ ਹੈ ਪਰ ਦੋ ਸੁਝਾਅ ਮੰਨ ਲਏ ਜਾਣ ਤਾਂ ਇਸ ਨਾਲ ਸੈਰ-ਸਪਾਟੇ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਪੰਜਾਬੀ ਵੀ ਵਧ-ਚੜ੍ਹ ਕੇ ਇਸ ਯਾਦਗਾਰ ਦੇ ਦਰਸ਼ਨ ਕਰ ਆਇਆ ਕਰਨਗੇ। ਸ਼ਹੀਦ ਦੀ ਯਾਦਗਾਰ ਅਗੋੜਾ ਕਿਲੇ ਤੋਂ ਲੈ ਕੇ ਚਪੋਰਾ ਕਿਲੇ ਤੱਕ ਦੇ ਇਲਾਕੇ (ਕੈਂਡੋਲਿਮ, ਕੈਲਨਗੁਟ, ਬਾਗਾ, ਆਰਪੋਰਾ, ਅੰਜਨਾ, ਵੈਗੇਟਰ ਅਤੇ ਚਪੋਰਾ ਕਿਲੇ) ਦੇ 14-15 ਕਿਲੋਮੀਟਰ ਦੇ ਘੇਰੇ ’ਚ ਕਿਤੇ ਵੀ ਬਣਾਈ ਜਾ ਸਕਦੀ ਹੈ। ਗੋਆ ਘੁੰਮਣ ਆਉਣ ਵਾਲੇ 70-80 ਫ਼ੀਸਦੀ ਸੈਲਾਨੀ ਇਨ੍ਹਾਂ ਇਲਾਕਿਆਂ ਵਿਚ ਹੀ ਠਹਿਰਦੇ ਹਨ। ਅਗੋੜਾ ਕਿਲੇ ਦੇ ਆਸ-ਪਾਸ ਵੈਸੇ ਵੀ ਕਾਫ਼ੀ ਜਗ੍ਹਾ ਖਾਲੀ ਪਈ ਹੈ।

ਪੰਜਾਬ ਸਰਕਾਰ ਦੇਸ਼ ਦੇ ਆਜ਼ਾਦੀ ਦਿਵਸ ਵਾਲੇ ਦਿਨ ਈਸੜੂ ਵਿੱਚ ਹਰ ਸਾਲ ਪ੍ਰਭਾਵਸ਼ਾਲੀ ਸਮਾਗਮ ਕਰਵਾਉਂਦੀ ਹੈ। ਇਸੇ ਤਰਜ਼ ਉੱਤੇ ਗੋਆ ਵਾਸੀਆਂ ਨੂੰ ਸ਼ਹੀਦ ਕਰਨੈਲ ਸਿੰਘ ਬਾਬਤ ਜਾਣਕਾਰੀ ਦੇਣ ਲਈ ਗੋਆ ਸਰਕਾਰ ਨੂੰ ਵੀ ਅਜਿਹਾ ਸਮਾਗਮ ਕਰਨਾ ਚਾਹੀਦਾ ਹੈ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਵੀ ਸ਼ਹੀਦ ਦੀ ਕੁਰਬਾਨੀ ਬਾਰੇ ਪਤਾ ਲੱਗੇ। ਅਸਲ ਪਤਾ ਤਾਂ ਗੋਆ ਵਾਸੀਆਂ ਨੂੰ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੁਰਤਗਾਲੀਆਂ ਦੀ ਗ਼ੁਲਾਮੀ ’ਚੋਂ ਕਿਸ ਨੇ ਆਜ਼ਾਦ ਕਰਵਾਇਆ ਸੀ। ਇਸ ਤੋਂ ਇਲਾਵਾ ਕਿਸੇ ਪ੍ਰਸਿੱਧ ਬੀਚ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਨਾਂ ’ਤੇ ਰੱਖੇ ਜਾਣ ਨਾਲ ਗੋਆ ਵਾਸੀਆਂ (ਤੇ ਸੈਲਾਨੀਆਂ) ਵਿੱਚ ਸ਼ਹੀਦ ਨੂੰ ਜਾਣਨ ਦੀ ਉਤਸੁਕਤਾ ਵਧੇਗੀ। ਦਰਅਸਲ, ਸ਼ਹੀਦਾਂ ਦੀਆਂ ਯਾਦਗਾਰਾਂ ਢੁਕਵੀਆਂ ਥਾਵਾਂ ’ਤੇ ਬਣਾਉਣ ਨਾਲ ਹੀ ਗੱਲ ਬਣਦੀ ਹੈ। ਬਾਕੀ ‘ਮਿਸ਼ਨ ਕਰਨੈਲ’ ਤਹਿਤ ਗੋਆ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਪਾਠ-ਪੁਸਤਕਾਂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਬਾਰੇ ਕੋਈ ਅਧਿਆਏ ਜ਼ਰੂਰ ਜੋੜਿਆ ਜਾਣਾ ਚਾਹੀਦਾ ਹੈ।

ਸੰਪਰਕ: 97802-16767

Advertisement
×