ਮਹਾਨ ਸੁਤੰਤਰਤਾ ਸੰਗਰਾਮੀ ਬੀਬੀ ਗੁਲਾਬ ਕੌਰ
ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਗ਼ਦਰ ਪਾਰਟੀ ਦਾ ਵਿਸ਼ੇਸ਼ ਯੋਗਦਾਨ ਹੈ। ਗਦਰੀ ਬਾਬਿਆਂ ਵਿੱਚ ਭਾਈ ਭਗਵਾਨ ਸਿੰਘ, ਬਾਬਾ ਗੁਰਦਿੱਤ ਸਿੰਘ, ਭਾਈ ਜੀਵਨ ਸਿੰਘ, ਭਾਈ ਹਾਫ਼ਿਜ਼ ਅਬਦੁੱਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਚੰਦਾ ਸਿੰਘ ਵੜੈਚ ਅਤੇ ਬਾਬਾ ਸੋਹਣ ਸਿੰਘ ਭਕਨਾ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸੇ ਤਰ੍ਹਾਂ ਗਦਰੀ ਵੀਰਾਂਗਣਾ ਦੀ ਗੱਲ ਕਰੀਏ ਤਾਂ ਬੀਬੀ ਗੁਲਾਬ ਕੌਰ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਬੀਬੀ ਗੁਲਾਬ ਕੌਰ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਨੇਕਾਂ ਕਸ਼ਟ ਝੱਲੇ।
ਬੀਬੀ ਗੁਲਾਬ ਕੌਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਇੱਕ ਪਿੰਡ ਬਖਸ਼ੀਵਾਲਾ ਵਿਖੇ 1890 ਈਸਵੀ ਵਿੱਚ ਹੋਇਆ। ਉਸ ਦੇ ਮਾਤਾ ਪਿਤਾ ਸਾਧਾਰਨ ਕਿਸਾਨ ਸਨ। ਇਹ ਪਰਿਵਾਰ ਕਾਫ਼ੀ ਸਮੇਂ ਤੋਂ ਗੁਰਸਿੱਖੀ ਨਾਲ ਜੁੜਿਆ ਹੋਇਆ ਸੀ। ਬੀਬੀ ਗੁਲਾਬ ਕੌਰ ਭਾਵੇਂ ਸਕੂਲੀ ਵਿਦਿਆ ਪ੍ਰਾਪਤ ਨਹੀਂ ਸੀ ਕਰ ਸਕੀ ਪਰ ਗੁਰਸਿੱਖ ਪਰਿਵਾਰ ਨਾਲ ਜੁੜੇ ਹੋਣ ਕਰਕੇ ਉਸ ਦੇ ਵਿਚਾਰ ਕ੍ਰਾਂਤੀਕਾਰੀ ਸਨ। ਪਿੰਡ ਦੇ ਗੁਰਦੁਆਰੇ ਤੋਂ ਮਾਈ ਭਾਗੋ ਦਾ ਇਤਿਹਾਸ ਸੁਣਦਿਆਂ ਉਸ ਨੂੰ ਜੋਸ਼ ਆ ਜਾਇਆ ਕਰਦਾ ਸੀ। ਉਸ ਦੇ ਮਨ ਵਿੱਚ ਅਕਸਰ ਇੱਕੋ ਵਿਚਾਰ ਹੀ ਹਮੇਸ਼ਾ ਆਉਂਦਾ ਰਹਿੰਦਾ ਕਿ ਹਿੰਦੋਸਤਾਨ ਅੰਗਰੇਜ਼ਾਂ ਦਾ ਗ਼ੁਲਾਮ ਕਿਉਂ ਹੈ?
ਉਨ੍ਹਾਂ ਦਿਨਾਂ ਵਿੱਚ ਹੀ ਗਦਰ ਪਾਰਟੀ ਦੀ ਨੀਂਹ ਰੱਖੀ ਗਈ। ਉਸ ਵਿੱਚ ਦੇਸ਼ਭਗਤ ਨੌਜਵਾਨ ਬੜੀ ਤੇਜ਼ੀ ਨਾਲ ਸ਼ਾਮਲ ਹੋ ਰਹੇ ਸਨ। ਆਪਣੇ ਭਰਾਵਾਂ ਵੱਲ ਵੇਖ ਕੇ ਦੇਸ਼ ਦੀਆਂ ਬੀਬੀਆਂ ਵੀ ਆਜ਼ਾਦੀ ਦੇ ਅੰਦੋਲਨ ਵਿੱਚ ਕੁੱਦ ਪਈਆਂ। ਬੀਬੀ ਗੁਲਾਬ ਕੌਰ ਵੀ ਉਨ੍ਹਾਂ ਵਿੱਚੋਂ ਇੱਕ ਸੀ।
ਬੀਬੀ ਗੁਲਾਬ ਕੌਰ ਦੀ ਸ਼ਾਦੀ ਉਨ੍ਹਾਂ ਦੇ ਪਿੰਡ ਬਖਸ਼ੀਵਾਲਾ ਦੇ ਨੇੜੇ ਸਥਿਤ ਪਿੰਡ ਜਖੇਪਲ ਵਿਖੇ ਹੋਈ। ਉਨ੍ਹਾਂ ਦੇ ਪਤੀ ਦਾ ਨਾਮ ਮਾਨ ਸਿੰਘ ਸੀ। ਮਾਨ ਸਿੰਘ ਮਨੀਲਾ ਤੋਂ ਆਇਆ ਸੀ। ਸ਼ਾਦੀ ਮਗਰੋਂ ਮਾਨ ਸਿੰਘ ਉਸ ਨੂੰ ਵੀ ਮਨੀਲਾ ਲੈ ਗਿਆ। ਦੋਵੇਂ ਪਤੀ-ਪਤਨੀ ਉੱਥੇ ਕੰਮ ’ਤੇ ਜਾਣ ਲੱਗੇ। ਇਸ ਦੇ ਨਾਲ ਹੀ ਦੋਵੇਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਜੁੜੇ ਰਹੇ। ਗਦਰ ਪਾਰਟੀ ਨਾਲ ਜੁੜੇ ਸਾਰੇ ਹਿੰਦੋਸਤਾਨੀ ਜਿਨ੍ਹਾਂ ਵੀ ਦੇਸ਼ਾਂ ਵਿੱਚ ਰਹਿ ਰਹੇ ਸਨ, ਦੇਸ਼ ਨੂੰ ਛੇਤੀ ਤੋਂ ਛੇਤੀ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ। ਉਨ੍ਹਾਂ ਮੁਲਕਾਂ ਨੂੰ ਉਸ ਸਮੇਂ ਘਾਟ ਕਿਹਾ ਜਾਂਦਾ ਸੀ, ਜਿਨ੍ਹਾਂ ਵਿੱਚ ਮਨੀਲਾ, ਹਾਂਗਕਾਂਗ, ਮਲਾਇਆ ਤੇ ਸਿੰਗਾਪੁਰ ਆਦਿ ਮੁਲਕ ਸ਼ਾਮਲ ਸਨ।
ਮਾਨ ਸਿੰਘ ਤੇ ਬੀਬੀ ਗੁਲਾਬ ਕੌਰ ਦੇ ਵਿਚਾਰਾਂ ਵਿੱਚ ਟਕਰਾਅ ਪੈਦਾ ਹੋ ਗਿਆ। ਮਨੀਲੇ ਰਹਿੰਦਿਆਂ ਦੋਹਾਂ ਨੂੰ ਪਤਾ ਲੱਗਾ ਕਿ ਮਨੀਲਾ ਤੋਂ ਇੱਕ ਕੋਰਿਆਈ ਸਮੁੰਦਰੀ ਜਹਾਜ਼ ਹਾਂਗਕਾਂਗ ਜਾ ਰਿਹਾ ਹੈ। ਉਸ ਜਹਾਜ਼ ਵਿੱਚ ਮਨੀਲਾ ਤੋਂ 31 ਗਦਰੀ ਵੀ ਹਾਂਗਕਾਂਗ ਜਾ ਰਹੇ ਹਨ। ਗੁਲਾਬ ਕੌਰ ਨੂੰ ਇਹ ਸੁਣ ਕੇ ਖ਼ੁਸ਼ੀ ਹੋਈ। ਉਹ ਵੀ ਹਾਂਗਕਾਂਗ ਨੂੰ ਜਾਣ ਵਾਸਤੇ ਤਿਆਰ ਹੋ ਗਈ। ਉਸ ਨੇ ਮਾਨ ਸਿੰਘ ਨੂੰ ਵੀ ਆਪਣੇ ਨਾਲ ਚੱਲਣ ਨੂੰ ਕਿਹਾ ਪਰ ਉਹ ਨਾ ਮੰਨਿਆ। ਉਸ ਨੇ ਕਿਹਾ ਕਿ ਉਸ ਦੇ ਮਾਂ ਬਾਪ ਬਿਰਧ ਹੋ ਚੁੱਕੇ ਹਨ ਅਤੇ ਉਹ ਕਮਾਈ ਕਰਨ ਇੱਥੇ ਆਇਆ ਹੈ, ਇਸ ਕਰਕੇ ਉਹ ਗੁਲਾਬ ਕੌਰ ਨਾਲ ਹਾਂਗਕਾਂਗ ਨਹੀਂ ਜਾ ਸਕਦਾ।
ਉਧਰ ਉਸ ਸਮੇਂ ਹਾਂਗਕਾਂਗ ਵਿੱਚ ਸਾਰੇ ਗਦਰੀ ਇਕੱਠੇ ਹੋ ਰਹੇ ਸਨ। ਸਾਰੇ ਗਦਰੀ ਨੌਜਵਾਨਾਂ ਵਿੱਚ ਦੇਸ਼ ਪਿਆਰ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ। ਬੀਬੀ ਗੁਲਾਬ ਕੌਰ ਨੇ ਇੱਕ ਵਾਰੀ ਫਿਰ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਘੋਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਬੀਬੀ ਗੁਲਾਬ ਕੌਰ ਦੂਸਰੇ ਗਦਰੀਆਂ ਨਾਲ ਉਸ ਕੋਰਿਆਈ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਗਈ, ਜਿਹੜਾ ਹਾਂਗਕਾਂਗ ਜਾ ਰਿਹਾ ਸੀ।
ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ। ਦੂਸਰੇ ਮੁਲਕਾਂ ਤੋਂ ਆਏ ਗਦਰੀ ਵੀ ਉੱਥੇ ਇਕੱਠੇ ਹੋ ਗਏ ਸਨ। ਸੰਗਤ ਵਿੱਚ ਆਜ਼ਾਦੀ ਲਈ ਜੋਸ਼ ਨਜ਼ਰ ਆਉਂਦਾ ਸੀ। ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਜੋਸ਼ੀਲੇ ਭਾਸ਼ਣ ਹੁੰਦੇ। ਕਈ ਗਦਰੀ ਬਾਬੇ ਜੋਸ਼ੀਲੀਆਂ ਕਵਿਤਾਵਾਂ ਬੋਲਦੇ। ‘ਗਦਰ ਗੂੰਜ’ ਨਾਂ ਦੇ ਪਰਚੇ ਵਿੱਚੋਂ ਉੱਚੀ ਆਵਾਜ਼ ਵਿੱਚ ਕਵਿਤਾਵਾਂ ਬੋਲੀਆਂ ਜਾਂਦੀਆਂ। ਗੋਰਿਆਂ ਨੂੰ ਮੁਲਕ ਵਿੱਚੋਂ ਬਾਹਰ ਕੱਢਣ ਦੀਆਂ ਸਕੀਮਾਂ ਸੋਚੀਆਂ ਜਾਂਦੀਆਂ।
ਇੱਕ ਦਿਨ ਬੀਬੀ ਗੁਲਾਬ ਕੌਰ ਨੇ ਸੰਗਤ ਵਿੱਚ ਖਲੋ ਕੇ ਇੱਕ ਜ਼ੋਸ਼ੀਲਾ ਭਾਸ਼ਣ ਦਿੱਤਾ: ‘‘ਜੇਕਰ ਕੋਈ ਆਪਣੇ ਪਿਆਰੇ ਮੁਲਕ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਦੇ ਇਸ ਸੁਨਹਿਰੀ ਮੌਕੇ ਤੋਂ ਪਿੱਛੇ ਹਟਦਾ ਹੈ ਤਾਂ ਉਸ ਨੂੰ ਇਹ ਵੰਗਾਂ ਪਾ ਲੈਣੀਆਂ ਚਾਹੀਦੀਆਂ ਹਨ...।’’ ਫਿਰ ਉਸ ਨੇ ਆਪਣੇ ਖੱਬੇ ਹੱਥ ਦੀਆਂ ਵੰਗਾਂ ਲਾਹ ਕੇ ਹਵਾ ਵਿੱਚ ਲਹਿਰਾਈਆਂ ਅਤੇ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰਿਆ, ‘‘ਜੇਕਰ ਆਦਮੀ ਇਹ ਕੰਮ ਨਹੀਂ ਕਰ ਸਕਦੇ ਤਾਂ ਉਹ ਇਹ ਵੰਗਾਂ ਪਾ ਲੈਣ... ਅਸੀਂ ਔਰਤਾਂ ਜੰਗ ਦੇ ਮੈਦਾਨ ’ਚ ਜਾਵਾਂਗੀਆਂ... ਬੰਦੇ ਸਾਡੇ ਚੁੱਲੇ ਚੌਂਕੇ ਤੇ ਘਰਾਂ ਨੂੰ ਸੰਭਾਲ ਲੈਣ...।’’ ਉਸ ਦਾ ਜੋਸ਼ੀਲਾ ਭਾਸ਼ਣ ਸੁਣ ਕੇ ਸੰਗਤ ਵਿੱਚ ਜੋਸ਼ ਭਰ ਗਿਆ। ਜੋਸ਼ ਭਰੇ ਜੈਕਾਰਿਆਂ ਦੀ ਆਵਾਜ਼ ਕਾਫ਼ੀ ਦੇਰ ਤੱਕ ਆਉਂਦੀ ਰਹੀ।
ਇਸੇ ਤਰ੍ਹਾਂ ਇੱਕ ਦਿਨ ਬੀਬੀ ਨੇ ਇੱਕ ਜੋਸ਼ੀਲੀ ਕਵਿਤਾ ਸੰਗਤ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹੀ:
ਜਮੀਨ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋਂ,
ਤੁਸੀਂ ਬੈਠੇ ਹੋ ਵਿੱਚ ਅਨਜੋੜ ਕਾਹਨੂੰ।
ਅਸੀਂ ਸ਼ੇਰਾਂ ਦੇ ਪੁੱਤ ਹਾਂ ਸ਼ੇਰ ਮਰਦੋ,
ਪਏ ਪਿੰਜਰੇ ਹੌਸਲੇ ਤੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗਦਰ ਦੀਆਂ,
ਤੁਸੀਂ ਛੱਡੀ ਹੈ ਦੇਸ਼ ਦੀ ਲੋੜ ਕਾਹਨੂੰ।
ਜੇਕਰ ਆਪਣਾਂ ਮੁਲਕ ਸੰਭਾਲ ਲਈਏ,
ਤੇ ਪ੍ਰਦੇਸ ਵਿੱਚ ਭਾਉਣ ਦੀ ਲੋੜ ਕੀ ਏ।
ਮੁਲਕ ਆਪਣੇ ਸਾਂਭ ਕੇ ਮੌਜ ਕਰੀਏ
ਲਾਂਭੇ ਜ਼ਿੱਲਤ ਉਠਾਉਣ ਦੀ ਲੋੜ ਕੀ ਏ।
ਇਸੇ ਦੌਰਾਨ ਬਾਬਾ ਗੁਰਦਿੱਤ ਸਿੰਘ ਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਘਾਟਾਂ ’ਤੇ ਰੁਕੇ ਭਾਰਤੀਆਂ ਨੂੰ ਕੈਨੇਡਾ ਲਿਜਾਣ ਵਾਸਤੇ ਇੱਕ ਜਪਾਨੀ ਕੰਪਨੀ ਤੋਂ ਸਮੁੰਦਰੀ ਜਹਾਜ਼ ਕਿਰਾਏ ’ਤੇ ਲਿਆ। ਇਹੋ ਜਹਾਜ਼ ਕੌਮਾ ਗਾਟਾਮਾਰੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਸਮੁੰਦਰੀ ਜਹਾਜ ਕਲਕੱਤੇ ਤੋਂ ਚੱਲਿਆ ਅਤੇ ਮਨੀਲਾ, ਹਾਂਗਕਾਂਗ, ਸਿੰਗਾਪੁਰ ਆਦਿ ਦੇਸ਼ਾਂ ਦੇ ਘਾਟਾਂ ਤੋਂ ਕੁੱਲ 376 ਮੁਸਾਫ਼ਿਰਾਂ ਨੂੰ ਲੈ ਕੇ ਕੈਨੇਡਾ ਵੱਲ ਰਵਾਨਾ ਹੋਇਆ। ਤੇਈ ਮਈ 1914 ਨੂੰ ਕੌਮਾ ਗਾਟਾਮਾਰੂ ਨੂੰ ਵੈਨਕੂਵਰ ਦੇ ਸਮੁੰਦਰੀ ਪਾਣੀਆਂ ਵਿੱਚ ਰੋਕ ਦਿੱਤਾ ਗਿਆ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਕੈਨੇਡਾ ਜਾਣ ਦੀ ਇਜਾਜ਼ਤ ਨਾ ਮਿਲੀ। ਅੰਤ 23 ਜੁਲਾਈ 1914 ਨੂੰ ਇਹ ਸਮੁੰਦਰੀ ਜਹਾਜ਼ ਵਾਪਸ ਭਾਰਤ ਦੇ ਕਲਕੱਤਾ ਸ਼ਹਿਰ ਦੀ ਬੰਦਰਗਾਹ ’ਤੇ ਪਹੁੰਚਿਆ। ਗੁੱਸੇ ਵਿੱਚ ਆਈ ਬਰਤਾਨਵੀ ਸਰਕਾਰ ਵੱਲੋਂ ਉਸ ਸਮੁੰਦਰੀ ਜਹਾਜ਼ ਤੋਂ ਉਤਰ ਰਹੇ ਗਦਰੀਆਂ ਉੱਪਰ ਗੋਲੀ ਚਲਾਈ ਗਈ ਅਤੇ 14 ਮੁਸਾਫ਼ਰ ਮਾਰ ਦਿੱਤੇ ਗਏ।
ਇਹ ਇੱਕ ਸੰਯੋਗ ਹੀ ਸੀ ਕਿ ਜਦੋਂ ਕੌਮਾ ਗਾਟਾਮਾਰੂ ਕਲਕੱਤੇ ਪਹੁੰਚਿਆ, ਲਗਭਗ ਉਸੇ ਸਮੇਂ ਹੀ ਫਿਲਪੀਨਜ਼ ਤੋਂ ਜਪਾਨੀ ਸਮੁੰਦਰੀ ਜਹਾਜ਼ ਤੋਸ਼ਾਮਾਰੂ ਵੀ ਕਲਕੱਤੇ ਪਹੁੰਚ ਗਿਆ। ਉਸ ਸਮੁੰਦਰੀ ਜਹਾਜ਼ ਵਿੱਚ ਆਏ ਗਦਰੀਆਂ ਵਿੱਚ ਬੀਬੀ ਗੁਲਾਬ ਕੌਰ ਵੀ ਸੀ। ਇਸ ਦਾ ਕਾਰਨ ਇਹ ਸੀ ਕਿ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਰੁਕੇ ਗਦਰੀਆਂ ਨੂੰ ਵੀ ਕੈਨੇਡਾ ਜਾਂ ਅਮਰੀਕਾ ਜਾਣ ਦੀ ਆਗਿਆ ਨਾ ਮਿਲੀ। ਵਾਪਸ ਆਪਣੇ ਮੁਲਕ ਪਹੁੰਚ ਕੇ ਗਦਰੀਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ।
ਹੁਣ ਗਦਰੀ ਬਾਬਿਆਂ ਨੇ 21 ਫਰਵਰੀ 1915 ਨੂੰ ਸਾਰੀਆਂ ਛਾਉਣੀਆਂ ਵਿੱਚ ਗਦਰ ਕਰਨ ਦਾ ਫ਼ੈਸਲਾ ਕੀਤਾ। ਗਦਰੀਆਂ ਦੀ ਉਸ ਵੱਡੀ ਮੀਟਿੰਗ ਵਿੱਚ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੁੱਘ, ਰਾਸ ਬਿਹਾਰੀ ਬੋਸ, ਵਿਸ਼ਨੂੰ ਗਣੇਸ਼ ਤੇ ਹਰਨਾਮ ਸਿੰਘ ਟੁੰਡੀਲਾਟ ਆਦਿ ਗਦਰੀ ਸ਼ਾਮਲ ਸਨ। ਗਦਰ ਦੀ ਯੋਜਨਾ ਦਾ ਪਤਾ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਲੱਗ ਗਿਆ। ਫਿਰ ਪਾਰਟੀ ਨੇ ਗਦਰ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ। ਇਹ ਤਰੀਕ ਵੀ ਗਦਰੀਆਂ ਵਾਸਤੇ ਖ਼ਤਰੇ ਦੀ ਘੰਟੀ ਸੀ। ਸਰਕਾਰ ਨੇ ਸਾਰੀਆਂ ਛਾਉਣੀਆਂ ਵਿੱਚ ਸਖ਼ਤੀ ਵਧਾ ਕੇ ਗਦਰ ਦੀ 19 ਫਰਵਰੀ ਤਰੀਕ ਵੀ ਅਸਫਲ ਬਣਾ ਦਿੱਤੀ।
ਉਸ ਸਮੇਂ ਰਾਸ ਬਿਹਾਰੀ ਬੋਸ ਨੇ ਖ਼ਤਰਾ ਮਹਿਸੂਸ ਕੀਤਾ। ਉਸ ਨੇ ਰਾਮਸ਼ਰਨ ਦਾਸ ਨੂੰ ਕਿਹਾ ਕਿ ਉਹ ਆਪਣੀ ਪਤਨੀ ਸੱਤਿਆ ਦੇਵੀ ਤੇ ਬੀਬੀ ਗੁਲਾਬ ਕੌਰ ਨੂੰ ਨਾਲ ਲੈ ਕੇ ਕਪੂਰਥਲੇ ਚਲੇ ਜਾਣ। ਉਸ ਵੇਲੇ ਰਾਸ ਬਿਹਾਰੀ ਬੋਸ ਕੋਲ ਸੱਜਣ ਸਿੰਘ ਨਾਰੰਗਵਾਲ ਹੀ ਬੈਠਾ ਸੀ। ਰਾਸ ਬਿਹਾਰੀ ਬੋਸ ਦੇ ਕਹਿਣ ’ਤੇ ਸੱਜਣ ਸਿੰਘ ਨਾਰੰਗਵਾਲ ਬੀਬੀ ਗੁਲਾਬ ਕੌਰ ਨਾਲ ਪਹਿਲਾਂ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੇ। ਫਿਰ ਉੱਥੋਂ ਹੁਸ਼ਿਆਰਪੁਰ ਰਾਹੀਂ ਹੁੰਦੇ ਹੋਏ ਕੋਟਲਾ ਨੌਧ ਸਿੰਘ ਪਹੁੰਚੀ। ਰੇਲ ਦੇ ਸਫ਼ਰ ਰਾਹੀਂ ਕੋਈ ਮੁਸ਼ਕਲ ਆਉਣ ’ਤੇ ਉਨ੍ਹਾਂ ਦੋਹਾਂ ਨੇ ਆਪਣੇ ਆਪ ਨੂੰ ਫਰਜ਼ੀ ਪਤੀ-ਪਤਨੀ ਵਜੋਂ ਦੱਸਣ ਦਾ ਫ਼ੈਸਲਾ ਕੀਤਾ। ਕੋਟਲਾ ਨੌਧ ਸਿੰਘ ਰਹਿੰਦਿਆਂ ਬੀਬੀ ਗੁਲਾਬ ਕੌਰ ਦੁਆਬੇ ਵਿੱਚ ਭਾਈ ਜਵੰਦ ਸਿੰਘ ਅਤੇ ਭਾਈ ਰੰਗਾ ਸਿੰਘ ਖੁਰਦਪੁਰੀ ਨਾਲ ਮਿਲ ਕੇ ਗਦਰ ਲਹਿਰ ਨੂੰ ਢਹਿੰਦੀ ਕਲਾ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੀ ਰਹੀ।
ਮੁਲਕ ਦੀ ਆਜ਼ਾਦੀ ਵਾਸਤੇ ਕੰਮ ਕਰਨ ਦਾ ਬੀਬੀ ਗੁਲਾਬ ਕੌਰ ਦਾ ਆਪਣਾ ਹੀ ਤਰੀਕਾ ਸੀ। ਉਹ ਅਕਸਰ ਆਪਣੇ ਘਰ ਦੇ ਅੱਗੇ ਦਰਵਾਜ਼ੇ ਵਿੱਚ ਬੈਠ ਕੇ ਚਰਖਾ ਕੱਤਣ ਦਾ ਵਿਖਾਵਾ ਕਰਿਆ ਕਰਦੀ ਸੀ। ਛਿੱਕੂ ਵਿੱਚ ਰੂੰ ਦੀਆਂ ਪੂਣੀਆਂ ਪਈਆਂ ਹੁੰਦੀਆਂ। ਪੂਣੀਆਂ ਦੇ ਹੇਠਾਂ ਗਦਰ ਲਹਿਰ ਦਾ ਸਾਹਿਤ ਰੱਖਦੀ ਸੀ। ਕਈ ਵਾਰੀ ਗਦਰੀ ਬਾਬੇ ਉਸ ਕੋਲੋਂ ਆ ਕੇ ਚੋਰੀ ਛਿਪੇ ਗਦਰੀ ਸਾਹਿਤ ਪੜ੍ਹਨ ਵਾਸਤੇ ਲੈ ਜਾਇਆ ਕਰਦੇ ਸਨ। ਬੀਬੀ ਗੁਲਾਬ ਕੌਰ ਕਈ ਵਾਰੀ ਸਵੇਰੇ ਸਵੇਰੇ ਰੋਟੀ ਪਾਣੀ ਖਾ ਕੇ ਸਿਰ ’ਤੇ ਟੋਕਰੀ ਰੱਖ ਕੇ ਪਿੰਡਾਂ ਵਿੱਚ ਸਬਜ਼ੀ ਵੇਚਣ ਜਾਇਆ ਕਰਦੀ ਸੀ।
ਪਿੰਡ ਦੇ ਨੇੜੇ ਪਹੁੰਚ ਕੇ ਉਹ ਉੱਚੀ ਆਵਾਜ਼ ਵਿੱਚ ਸਬਜ਼ੀ ਵੇਚਣ ਦਾ ਹੋਕਾ ਦਿਆ ਕਰਦੀ। ਸਬਜ਼ੀ ਵਾਲੀ ਟੋਕਰੀ ਵਿੱਚ ਸਬਜ਼ੀ ਦੇ ਹੇਠਾਂ ਸਾਫ਼ ਸੁਥਰੇ ਕੱਪੜੇ ਵਿੱਚ ਲਪੇਟਿਆ ਹੋਇਆ ਗਦਰੀ ਸਾਹਿਤ ਪਿਆ ਹੁੰਦਾ। ਸਬਜ਼ੀ ਵੇਚਣ ਦੇ ਨਾਲ ਨਾਲ ਉਹ ਆਪਣੇ ਵਿਸ਼ਵਾਸ ਵਾਲੇ ਘਰਾਂ ਵਿੱਚ ਗਦਰੀ ਸਾਹਿਤ ਵੀ ਵੰਡ ਆਉਂਦੀ। ਇਸ ਕੰਮ ਵਾਸਤੇ ਉਹ ਕਾਫ਼ੀ ਦੂਰ ਦੇ ਪਿੰਡਾਂ ਤੱਕ ਪਹੁੰਚ ਜਾਇਆ ਕਰਦੀ ਸੀ। ਉਹ ਆਪਣੇ ਕਿਸੇ ਵਿਸ਼ਵਾਸ ਵਾਲੇ ਘਰ ਰਾਤ ਵੀ ਕੱਟ ਲਿਆ ਕਰਦੀ ਸੀ। ਉਹ ਆਮ ਤੌਰ ’ਤੇ ਕਈ ਕਈ ਦਿਨਾਂ ਬਾਅਦ ਵਾਪਸ ਕੋਟਲਾ ਨੌਧ ਸਿੰਘ ਆਇਆ ਕਰਦੀ ਸੀ।
ਪਹਿਲੀ ਮਾਰਚ 1915 ਨੂੰ ਬੀਬੀ ਗੁਲਾਬ ਕੌਰ ਨੂੰ ਹਰਿਆਣਾ ਕਸਬੇ ਦੇ ਥਾਣੇ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਬੀਬੀ ਗੁਲਾਬ ਕੌਰ ਨੂੰ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹ ਬਾਬਾ ਅਮਰ ਸਿੰਘ ਕੋਟਲਾ ਨੌਧ ਸਿੰਘ ਦੇ ਘਰ ਰਹਿੰਦੀ ਸੀ।ਹਰਿਆਣਾ ਪੁਲੀਸ ਨੇ ਬੀਬੀ ਗੁਲਾਬ ਕੌਰ ਨੂੰ ਪਨਾਹ ਦੇਣ ਦੇ ਦੋਸ਼ ਲਗਾ ਕੇ ਬਾਬਾ ਅਮਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹੁਸ਼ਿਆਰਪੁਰ ਪੁਲੀਸ ਨੇ ਬੀਬੀ ਗੁਲਾਬ ਕੌਰ ’ਤੇ ਕਾਫ਼ੀ ਤਸ਼ੱਦਦ ਕੀਤਾ, ਪਰ ਬੀਬੀ ਗੁਲਾਬ ਕੌਰ ਡੋਲੀ ਨਹੀਂ। ਉਸ ਨੇ ਬਹੁਤ ਸਬਰ ਤੇ ਹੌਸਲੇ ਨਾਲ ਤਸੀਹੇ ਝੱਲੇ। ਉਸ ਨੂੰ 1921 ਵਿੱਚ ਰਿਹਾਅ ਕਰ ਦਿੱਤਾ ਗਿਆ। ਉਸ ’ਤੇ ਸ਼ਰਤ ਲਗਾ ਦਿੱਤੀ ਗਈ ਕਿ ਉਹ ਕੋਟਲੇ ਪਿੰਡ ਵਿੱਚ ਅਮਰ ਸਿੰਘ ਦੀ ਪਤਨੀ ਬਣ ਕੇ ਰਹਿ ਸਕੇਗੀ। ਬੀਬੀ ਗੁਲਾਬ ਕੌਰ ਦਾ ਹੌਸਲਾ ਕਾਫ਼ੀ ਬਲਵਾਨ ਸੀ ਪਰ ਹੁਣ ਉਸ ਦਾ ਸਰੀਰ ਲਿੱਸਾ ਨਜ਼ਰ ਆਉਣ ਲੱਗ ਪਿਆ ਸੀ। ਉਹ ਬਾਹਰੋਂ ਦੇਖਣ ਨੂੰ ਸ਼ਾਂਤ ਦਿਸਦੀ, ਪਰ ਆਪਣੇ ਗਦਰੀ ਵੀਰਾਂ ਦੇ ਵਿਛੋੜੇ ਕਾਰਨ ਉਸ ਦੀ ਮਾਨਸਿਕ ਹਾਲਤ ਚੰਗੀ ਨਾ ਰਹੀ। ਉਸ ਦੇ ਸਰੀਰ ਤੋਂ ਬਹੁਤ ਸਾਰੇ ਨਾਸੂਰ ਵਗਣੇ ਸ਼ੁਰੂ ਹੋ ਗਏ ਸਨ। ਇਹ ਨਾਸੂਰ ਬਾਅਦ ਵਿੱਚ ਕੈਂਸਰ ਸਾਬਤ ਹੋਏ। ਉਨ੍ਹਾਂ ਸਮਿਆਂ ਵਿੱਚ ਕੈਂਸਰ ਦੀ ਬਹੁਤੀ ਪਛਾਣ ਵੀ ਨਹੀਂ ਸੀ ਹੁੰਦੀ। ਅਮਰ ਸਿੰਘ ਤੇ ਉਸ ਦੇ
ਪਰਿਵਾਰ ਵੱਲੋਂ ਬੀਬੀ ਗੁਲਾਬ ਕੌਰ ਦਾ ਹਰਿਆਣੇ ਕਸਬੇ ਦੇ ਇੱਕ ਖਾਨਦਾਨੀ ਵੈਦ ਤੇਲੂ ਰਾਮ ਤੋਂ ਇਲਾਜ ਸ਼ੁਰੂ ਕਰਵਾਇਆ ਗਿਆ। ਦੇਸੀ ਦਵਾਈਆਂ ਨੇ ਪਹਿਲਾਂ ਥੋੜ੍ਹਾ ਅਸਰ ਵਿਖਾਇਆ, ਪਰ ਬਿਮਾਰੀ ਜੜ੍ਹੋਂ ਨਾ ਗਈ। ਆਖ਼ਰ 28 ਜੁਲਾਈ 1925 ਨੂੰ ਜਦੋਂ ਸੂਰਜ ਪੱਛਮ ਵੱਲ ਅਸਤ ਹੋ ਰਿਹਾ ਸੀ, ਬੀਬੀ ਗੁਲਾਬ ਕੌਰ ਦੇ ਸਾਹਾਂ ਦੀ ਡੋਰ ਟੁੱਟ ਗਈ। ਉਹ ਆਪਣੇ ਮੁਲਕ ਨੂੰ ਆਜ਼ਾਦ ਹੋਣ ਦੀ ਆਸ ਦਿਲ ਵਿੱਚ ਹੀ ਲੈ ਕੇ ਦੁਨੀਆ ਤੋਂ ਕੂਚ ਕਰ ਗਈ। ਉਸ ਦਾ ਸਸਕਾਰ ਕੋਟਲਾ ਨੌਧ ਸਿੰਘ ਪਿੰਡ ਵਾਸੀਆਂ ਵੱਲੋਂ ਅਕਹਿ ਤੇ ਅਸਹਿ ਮਾਨਸਿਕ ਪੀੜਾ ਮਹਿਸੂਸ ਕਰਦਿਆਂ
ਕਰ ਦਿੱਤਾ ਗਿਆ। ਬੀਬੀ ਗੁਲਾਬ ਕੌਰ ਭਾਵੇਂ ਇਸ ਸੰਸਾਰ ਤੋਂ ਚਲੀ ਗਈ, ਪਰ ਉਹ ਦੇਸ਼ ਦੀ
ਆਜ਼ਾਦੀ ਦੇ ਪਰਵਾਨਿਆਂ ਵਾਸਤੇ ਇੱਕ ਮਿਸਾਲ ਕਾਇਮ ਕਰ ਗਈ।
ਸੰਪਰਕ: 98552-35424