ਪੰਜਾਬੀ ਭਾਸ਼ਾ ਦੀ ਸ਼ਾਨ ਅਤੇ ਤਾਕਤ
ਡਾ. ਸੁਦਰਸ਼ਨ ਗਾਸੋ
ਭਾਸ਼ਾ ਮਨੁੱਖੀ ਸੱਭਿਅਤਾ ਦੀਆਂ ਅਨਮੋਲ ਤੇ ਅਮੁੱਲੀਆਂ ਪ੍ਰਾਪਤੀਆਂ ਦਾ ਪ੍ਰਮਾਣ ਤੇ ਪ੍ਰਕਾਸ਼ ਹੁੰਦੀ ਹੈ, ਜਿਸ ਵਿੱਚੋਂ ਮਨੁੱਖੀ ਜੀਵਨ, ਮਨ, ਸਮਾਜ ਤੇ ਸੱਭਿਆਚਾਰ ਦੇ ਅਨੇਕਾਂ ਰੰਗ ਤੇ ਰੂਪ, ਸੁਰ ਤੇ ਸਰੂਪ ਉਭਰਦੇ, ਪ੍ਰਗਟ ਹੁੰਦੇ ਤੇ ਪ੍ਰਕਾਸ਼ਿਤ ਹੁੰਦੇ ਹਨ ਤੇ ਲਿਸ਼ਕਾਰੇ ਮਾਰਦੇ ਹਨ। ਇਨ੍ਹਾਂ ਲਿਸ਼ਕਾਰਿਆਂ ਨਾਲ ਜ਼ਿੰਦਗੀ ਰੰਗੀਨ, ਹੁਸੀਨ ਤੇ ਮਾਣਮੱਤੀ ਬਣ ਜਾਂਦੀ ਹੈ। ਦੁਨੀਆ ਵਿੱਚ ਜਿੰਨੀਆਂ ਸ਼ਕਤੀਆਂ ਨੂੰ ਮਾਪ ਤੋਲ ਕੇ ਬਿਆਨ ਕਰਦੇ ਹਾਂ ਉਨ੍ਹਾਂ ਸਭ ਸ਼ਕਤੀਆਂ ਤੋਂ ਉੱਪਰ ਦੀ ਸ਼ਕਤੀ ਹੁੰਦੀ ਹੈ ਭਾਸ਼ਾ ਦੀ ਸ਼ਕਤੀ। ਭਾਸ਼ਾ ਦੀ ਸ਼ਕਤੀ ਹੋਰ ਸਭ ਸ਼ਕਤੀਆਂ ਦੀ ਬੁਨਿਆਦ ਵਿੱਚ ਰਹਿੰਦੀ ਹੈ ਤੇ ਇਸ ਤੋਂ ਸ਼ਕਤੀ ਲੈ ਕੇ ਅਸੀਂ ਦੁਨੀਆ ਦੀਆਂ ਹੋਰ ਪ੍ਰਾਪਤੀਆਂ ਕਰਦੇ ਹਾਂ, ਮੱਲਾਂ ਮਾਰਦੇ ਹਾਂ।
ਭਾਸ਼ਾ ਸਾਡੀ ਜ਼ਿੰਦਗੀ ਦੀ ਖ਼ੁਸ਼ੀ ਤੇ ਖੇੜਾ ਹੈ। ਭਾਸ਼ਾ ਸਾਡੀ ਜ਼ਿੰਦਗੀ ਦੀ ਖ਼ੂਬਸੂਰਤੀ ਤੇ ਖੁਸ਼ਬੂ ਹੈ। ਇਹ ਜ਼ਿੰਦਗੀ ਦੇ ਤਮਾਮ ਰੰਗਾਂ ਦੀ ਰੰਗੀਨੀ ਹੈ। ਇਹ ਸਾਡੇ ਮਨਾਂ ਨੂੰ ਸਕੂਨ ਤੇ ਸੁੱਖ ਪ੍ਰਦਾਨ ਕਰਦੀ ਹੈ। ਭਾਸ਼ਾ ਸਾਡੇ ਪਿਆਰ ਨੂੰ ਪ੍ਰਗਟਾਉਣ ਦਾ ਰਸਤਾ ਹੈ। ਇਸ ਤਰ੍ਹਾਂ ਪਿਆਰ ਤੇ ਭਾਸ਼ਾ ਮੁੱਢੋਂ ਹੀ ਇੱਕ -ਮਿੱਕ ਤੇ ਇਕਸੁਰ ਹੋਏ ਹੁੰਦੇ ਹਨ। ਪਹਿਲਾ ਪਿਆਰ ਸਾਡੀ ਜਨਮਦਾਤੀ ਮਾਤਾ ਨਾਲ ਹੁੰਦਾ ਹੈ ਤੇ ਇਸੇ ਮਾਤਾ ਪਿਆਰ ਵਿੱਚੋਂ ਮਾਂ-ਬੋਲੀ ਨਾਲ ਪਿਆਰ ਜਨਮਦਾ, ਪਨਪਦਾ ਹੈ। ਇਸ ਪਿਆਰ ਦੀ ਗੁੜ੍ਹਤੀ ਲੈ ਕੇ ਅਸੀਂ ਦੁਨੀਆ ਅਤੇ ਦੁਨੀਆ ਦੇ ਨਜ਼ਾਰਿਆਂ ਤੇ ਆਪਣੇ ਪਿਆਰਿਆਂ ਨਾਲ ਗੁਫ਼ਤਗੂ ਕਰਨ ਲੱਗਦੇ ਹਾਂ, ਗੁਟਕਣ ਲੱਗਦੇ ਹਾਂ, ਠੁੰਮਕਣ ਲੱਗਦੇ ਹਾਂ। ਭਾਸ਼ਾ ਸਾਨੂੰ ਆਪਣੇ ਨਾਲ, ਆਪਣੇ ਆਲੇ-ਦੁਆਲੇ ਨਾਲ, ਸਮਾਜ ਨਾਲ, ਸੰਸਾਰ ਨਾਲ, ਤਾਰਿਆਂ ਨਾਲ, ਪ੍ਰਭਾਤਾਂ ਨਾਲ, ਕੁੱਲ ਆਲਮ ਨਾਲ, ਸੂਰਜਾਂ ਨਾਲ ਤੇ ਸਾਰਿਆਂ ਨਾਲ ਪਿਆਰ ਕਰਨਾ ਸਿਖਾਉਂਦੀ ਹੈ।
ਆਪਣੀ ਜਨਮਦਾਤੀ ਮਾਤਾ ਨਾਲ ਤਾਂ ਸਾਡਾ ਪਹਿਲਾ ਪਿਆਰ ਹੁੰਦਾ ਹੀ ਹੈ। ਸਾਡਾ ਦੂਜਾ ਪਿਆਰ ਸਾਡੀ ਮਾਂ ਬੋਲੀ ਨਾਲ ਹੀ ਹੁੰਦਾ ਹੈ। ਪਿਆਰ ਦੀਆਂ ਇਨ੍ਹਾਂ ਅੱਖਾਂ ਨਾਲ ਅਸੀਂ ਜ਼ਿੰਦਗੀ ਨੂੰ ਵੇਖਣਾ, ਮਾਨਣਾ ਤੇ ਜਾਨਣਾ ਸ਼ੁਰੂ ਕਰਦੇ ਹਾਂ। ਜਿਹੜੇ ਸਮਾਜ ਭਾਸ਼ਾ ਨਾਲ ਪਿਆਰ ਕਰਨਾ ਸਿੱਖ ਜਾਂਦੇ ਹਨ, ਉਹ ਭਾਸ਼ਾ ਨੂੰ ਆਪਣੇ ਮਨ ਦੇ ਆਲ੍ਹਣੇ ਵਿੱਚ ਰੱਖ ਕੇ ਪਾਲਦੇ ਤੇ ਸਾਂਭਦੇ ਹਨ। ਅਜਿਹੇ ਸਮਾਜ ਜ਼ਿੰਦਗੀ ਵਿੱਚ ਤਰੱਕੀ ਦੇ ਰਸਤੇ ਉੱਪਰ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ। ਭਾਸ਼ਾ ਦੀ ਸ਼ਕਤੀ ਨੂੰ ਜਾਨਣ ਵਾਲੇ ਸਮਾਜ ਦੁਨੀਆ ਵਿੱਚ ਨਵੀਆਂ ਖੋਜਾਂ ਤੇ ਕਾਢਾਂ ਕੱਢਣ ਦਾ ਹੁਨਰ ਤੇ ਵੱਲ ਆਸਾਨੀ ਨਾਲ ਸਿੱਖ ਜਾਂਦੇ ਹਨ। ਭਾਸ਼ਾ ਸਾਨੂੰ ਅਥਾਹ ਸ਼ਕਤੀ ਪ੍ਰਦਾਨ ਕਰਦੀ ਹੈ। ਭਾਸ਼ਾ ਦੀ ਸ਼ਕਤੀ ਅਤੇ ਆਪਣੀ ਬੋਲਬਾਣੀ ਉੱਤੇ ਮੁਹਾਰਤ ਨਾਲ ਦਿਲਾਂ ਨੂੰ ਜਿੱਤਿਆ ਜਾ ਸਕਦਾ ਹੈ। ਭਾਸ਼ਾ ਕੋਲ ਕਿਸੇ ਕਿਸਮ ਦੀ ਤੇਰ-ਮੇਰ ਨਹੀਂ ਹੁੰਦੀ। ਭਾਸ਼ਾ ’ਚ ਕੋਈ ਵਲ ਛਲ ਨਹੀਂ ਹੁੰਦਾ। ਭਾਸ਼ਾ ਨੂੰ ਜਾਨਣ, ਮਾਨਣ, ਅਪਣਾਉਣ ਤੇ ਪਿਆਰ ਕਰਨ ’ਤੇ ਕੋਈ ਪੈਸਾ ਵੀ ਖਰਚ ਨਹੀਂ ਹੁੰਦਾ। ਭਾਸ਼ਾਵਾਂ ਜਿੰਨੀਆਂ ਵੀ ਜਾਣ ਲਈਆਂ ਜਾਣ ਓਨੀਆਂ ਹੀ ਥੋੜ੍ਹੀਆਂ ਹੁੰਦੀਆਂ ਹਨ। ਪਰ ਇਹ ਜਾਣੀਆਂ ਤੇ ਸਮਝੀਆਂ ਤਾਂ ਹੀ ਜਾ ਸਕਦੀਆਂ ਹਨ ਜੇ ਆਪਣੀ ਮਾਂ ਬੋਲੀ ਨੂੰ ਅਸੀਂ ਪਹਿਲਾਂ ਜਾਣਦੇ, ਪਿਆਰ ਕਰਦੇ, ਸਮਝਦੇ ਤੇ ਅਪਣਾ ਕੇ ਚਲਦੇ ਹੋਈਏ।
ਭਾਸ਼ਾ ਕਿਸੇ ਖਿੱਤੇ ਦੇ ਭੂਗੋਲ, ਪੌਣ-ਪਾਣੀ ਤੇ ਮਿੱਟੀ ਦੀ ਖ਼ਸਲਤ ਵਿੱਚੋਂ ਉਪਜਦੀ ਹੈ। ਜਿਸ ਕਿਸਮ ਦੀ ਭੂਗੋਲਿਕ ਸਥਿਤੀ ਕਿਸੇ ਸਮਾਜ ਦੀ ਹੋਵੇਗੀ, ਵਾਤਾਵਰਣ ਹੋਵੇਗਾ; ਉਸੇ ਤਰ੍ਹਾਂ ਦਾ ਉਸ ਭਾਸ਼ਾ ਦਾ ਸੁਭਾਅ ਤੇ ਉਸ ਦੀ ਬਣਤਰ ਬਣ ਜਾਵੇਗੀ। ਪੰਜਾਬ ਦੀ ਧਰਤੀ ਕੁਦਰਤੀ ਨਿਆਮਤਾਂ ਤੇ ਵਿਭਿੰਨ ਰੁੱਤਾਂ ਨਾਲ ਵਰੋਸਾਈ ਹੋਈ ਹੈ। ਇਸ ਧਰਤੀ ਉੱਤੇ ਸਾਰੀਆਂ ਰੁੱਤਾਂ ਦਾ ਪ੍ਰਤਾਪ ਰਹਿੰਦਾ ਹੈ। ਪ੍ਰਕਿਰਤੀ ਦੇ ਅਜਿਹੇ ਸੁਭਾਅ ਤੇ ਸਥਿਤੀਆਂ ਵਿੱਚੋਂ ਅਜਿਹੀਆਂ ਭਾਸ਼ਾਈ ਧੁਨੀਆਂ ਨੇ ਜਨਮ ਲਿਆ, ਜਿਹੜੀਆਂ ਜਿਊਂਦੇ ਜਾਗਦੇ ਜਜ਼ਬਿਆਂ ਤੇ ਸੰਘਰਸ਼ੀ ਮਾਦੇ ਨੂੰ ਪੈਦਾ ਵੀ ਕਰਦੀਆਂ ਹਨ ਤੇ ਪ੍ਰਗਟ ਵੀ ਕਰਦੀਆਂ ਹਨ।
ਭਾਸ਼ਾ ਸਮਾਜ ਵਿੱਚ ਸੂਰਜ ਦੇ ਉਦੈ ਹੋਣ ਵਾਂਗ ਆਉਂਦੀ ਹੈ ਤੇ ਫਿਰ ਸਾਰੇ ਆਲੇ-ਦੁਆਲੇ ਨੂੰ ਪ੍ਰਕਾਸ਼ਿਤ ਕਰ ਦਿੰਦੀ ਹੈ। ਇਹ ਮਨੁੱਖੀ ਮਨ ਦੇ ਦੀਵੇ ਨੂੰ ਜਗਾ ਦਿੰਦੀ ਹੈ। ਫਿਰ ਸਾਡੇ ਮਨ ਦਾ ਦੀਵਾ ਦੁਨੀਆ ਦੇ ਹਨੇਰਿਆਂ ਵਿੱਚੋਂ ਹੀਰਿਆਂ ਮੋਤੀਆਂ ਨੂੰ ਚੁਣ-ਚੁਣ ਕੇ ਸਾਡੀ ਜ਼ਿੰਦਗੀ ਦੇ ਹੁਸਨ ਨੂੰ ਲਿਸ਼ਕਾਂ ਮਾਰਨ ਲਾ ਦਿੰਦਾ ਹੈ। ਇਹ ਭਾਸ਼ਾ ਦੀ ਕਰਾਮਾਤ ਤੇ ਮਨੁੱਖੀ ਸੰਘਰਸ਼ ਹੀ ਹੁੰਦਾ ਹੈ ਕਿ ਸੱਭਿਅਤਾ ਪੁਲਾਂਘਾਂ ਭਰਨ ਲਗਦੀ ਹੈ।
ਪੰਜਾਬੀ ਭਾਸ਼ਾ ਵਿੱਚ ਲਿਖਿਆ ਉੱਤਮ ਤੇ ਮਹਾਨ ਸਾਹਿਤ ਪੰਜਾਬੀ ਭਾਸ਼ਾ ਦੀ ਸ਼ਾਨ ਤੇ ਸ਼ਕਤੀ ਦੀ ਗਵਾਹੀ ਭਰਦਾ ਹੈ। ਇਹ ਸਾਹਿਤ ਸਾਡੇ ਸਮਾਜ ਅਤੇ ਸਮੁੱਚੀ ਮਾਨਵਤਾ ਦਾ ਰਾਹ-ਦਸੇਰਾ ਬਣਿਆ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਉੱਤਮ ਤੇ ਸ਼੍ਰੇਸ਼ਟ ਸਾਹਿਤ ਦੀ ਰਚਨਾ ਕੀਤੀ ਹੈ; ਉਸ ਦਾ ਆਧਾਰ ਪੂਰਾ ਬ੍ਰਹਿਮੰਡ ਤੇ ਸਮੁੱਚੀ ਮਾਨਵਤਾ ਹੈ। ਸਾਡੇ ਗੁਰੂ ਸਾਹਿਬਾਨ ਦਾ ਹਿਰਦਾ ਸਮੁੰਦਰ ਦੀ ਗਹਿਰਾਈ ਤੋਂ ਵੀ ਗਹਿਰਾ ਸੀ ਤੇ ਆਸਮਾਨ ਦੀ ਉਚਾਈ ਤੋਂ ਵੀ ਉੱਚਾ ਸੀ। ਇਸ ਦੀ ਚਮਕ ਦੁਨੀਆ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ।
ਭਾਸ਼ਾ ਸਾਡੇ ਸਮਾਜ ਨੂੰ ਇੱਕ ਸੂਤਰ ਵਿੱਚ ਪਰੋਂਦੀ ਹੈ। ਸਾਂਝ ਦਾ ਇਹ ਸੂਤਰ ਸਾਡੇ ਸਮਾਜ ਦੀ ਸ਼ਕਤੀ ਬਣਦਾ ਹੈ। ਭਾਸ਼ਾ ਮਨੁੱਖੀ ਸਮਾਜ ਨੂੰ ਸੁਪਨਿਆਂ ਦਾ ਅੰਬਰ ਬਖ਼ਸ਼ਦੀ ਹੈ। ਜਿਹੜਾ ਸਮਾਜ ਸੁਪਨਿਆਂ ਦੇ ਅੰਬਰ ਵਿੱਚ ਉਡਾਰੀਆਂ ਭਰਨ ਲੱਗ ਜਾਂਦਾ ਹੈ, ਉਹ ਚੰਨ ਸੂਰਜਾਂ ਨੂੰ ਛੋਹ ਆਉਂਦਾ ਹੈ। ਭਾਸ਼ਾ ਸਾਨੂੰ ਉੱਡਣ ਲਈ ਖੰਭ ਵੀ ਦਿੰਦੀ ਹੈ ਤੇ ਉੱਡਣ ਦਾ ਬਲ ਵੀ ਬਖ਼ਸ਼ਦੀ ਹੈ। ਸੁਨਹਿਰੀ ਸੁਪਨੇ ਲੈਣੇ ਤੇ ਉਨਾਂ ਸੁਪਨਿਆਂ ʼਚ ਰੰਗ ਭਰਨੇ ਜਿਸ ਸਮਾਜ ਨੂੰ ਆ ਜਾਂਦੇ ਹਨ; ਉਸ ਸਮਾਜ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਨਾ ਸਿਰਫ਼ ਸਾਡੇ ਸਮਾਜ ਨੂੰ ਸੁਪਨੇ ਲੈਣੇ ਸਿਖਾਏ; ਨਿਰਮਲ, ਨਿਰਛਲ, ਉਚੇਰੇ ਤੇ ਸੁਚੇਰੇ ਸੁਪਨੇ ਦਿੱਤੇ ਸਗੋਂ ਇਹ ਸੁਪਨੇ ਪੂਰੀ ਦੁਨੀਆਂ ਦੇ ਸੁਨਹਿਰੇ ਭਵਿੱਖ ਦੇ ਸਾਂਝੇ ਸੁਪਨੇ ਕਹੇ ਜਾ ਸਕਦੇ ਹਨ। ਇਹ ਸੁਪਨੇ ਸਰਬ-ਸਾਂਝੀਵਾਲਤਾ, ਮਾਨਵ ਕਲਿਆਣ ਦੇ ਸੁਪਨੇ ਕਹੇ ਜਾ ਸਕਦੇ ਹਨ।
ਪੰਜਾਬੀ ਸਾਹਿਤ ਆਪਣੇ ਸਰਬ-ਸਾਂਝੇ ਮਨੋਰਥਾਂ, ਮੰਤਵਾਂ, ਕਲਿਆਣਕਾਰੀ ਆਦਰਸ਼ਾਂ ਅਤੇ ਉਦੇਸ਼ਾਂ ਦੇ ਉਚੇਰੇ ਤੇ ਸੁਚੇਰੇ ਮਿਆਰ ਕਰਕੇ ਹੀ ਦੁਨੀਆ ਦੇ ਸਾਹਿਤ ਵਿੱਚ ਚਾਨਣ ਮੁਨਾਰਾ ਬਣਿਆ ਹੋਇਆ ਹੈ। ਪੰਜਾਬੀ ਸਾਹਿਤ ਮੁੱਢ ਤੋਂ ਹੀ ਲੋਕ-ਕਲਿਆਣ ਤੇ ਵਿਸ਼ਵ-ਕਲਿਆਣ ਦੀ ਭਾਵਨਾ ਅਧੀਨ ਲਿਖਿਆ ਸਾਹਿਤ ਹੈ। ਸੱਤਾ ਤੇ ਸਥਾਪਤੀ ਜੇ ਲੋਕ ਹਿਤਾਂ ਦੀ ਪੂਰਤੀ ਨਹੀਂ ਕਰਦੀ ਤਾਂ ਪੰਜਾਬੀ ਸਾਹਿਤ ਵਿਰੋਧ ਤੇ ਪ੍ਰਤੀਰੋਧ ਦੇ ਸੁਰ ਉਚਾਰਨੇ ਸ਼ੁਰੂ ਕਰ ਦਿੰਦਾ ਹੈ। ਇਹੀ ਸੁਰ ਉਸ ਦੀ ਸ਼ਕਤੀ ਤੇ ਸ਼ਾਨ ਬਣ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਪੰਜਾਬੀ ਸਾਹਿਤ ਰਾਜਸੀ ਸ਼ਕਤੀ ਦੇ ਵੱਡੇ ਵੱਡੇ ਮਠਾਂ ਨੂੰ ਵੀ ਲਲਕਾਰਨ ਤੇ ਵੰਗਾਰਨ ਦਾ ਸਾਹਸ ਰੱਖਦਾ ਹੈ। ਗੁਰੂ ਸਾਹਿਬਾਨ ਇਸੇ ਸ਼ਕਤੀ, ਸਾਹਸ, ਸੰਵੇਦਨਾ, ਸੁਚੇਤਨਾ ਤੇ ਸਿਧਾਂਤ ਦੀ ਸਥਾਪਨਾ ਕਰਕੇ ਗਏ ਹਨ।
ਪੰਜਾਬੀ ਸਾਹਿਤ ਦੀ ਵੱਡੀ ਸ਼ਾਨ ਤੇ ਸ਼ਕਤੀ ਇਸ ਗੱਲ ਵਿੱਚ ਵੀ ਹੈ ਕਿ ਇਹ ਪ੍ਰਵਿਰਤੀ ਮਾਰਗੀ ਹੈ। ਇਹ ਕਪੋਲ ਕਲਪਨਾ ਉੱਤੇ ਸਮਾਜ ਨੂੰ ਜਿਊਣਾ ਨਹੀਂ ਸਿਖਾਉਂਦਾ ਤੇ ਨਾ ਹੀ ਅਜਿਹੀਆਂ ਬੇਸਿਰ ਪੈਰ ਦੀਆਂ ਬੇਥਵੀਆਂ ਦੇ ਲੜ ਲੱਗਣਾ ਹੀ ਸਿਖਾਉਂਦਾ ਹੈ। ਇਹ ਮੁੱਢੋਂ-ਸੁੱਢੋਂ ਹੀ ਆਸ਼ਾਵਾਦੀ ਤੇ ਉੱਥਾਨਵਾਦੀ ਹੈ। ਇਸ ਸੰਸਾਰ ’ਤੇ ਜੀਵਨ ਦੀ ਮਹਿਮਾ, ਮਹੱਤਵ ਅਤੇ ਮਹਾਤਮ ਦਾ ਗੁਣਗਾਨ ਜਿਸ ਪ੍ਰੇਮ ਭਾਵ ਨਾਲ ਗੁਰੂ ਸਾਹਿਬਾਨ ਨੇ ਕੀਤਾ ਹੈ; ਉਹ ਆਪਣੀ ਮਿਸਾਲ ਆਪ ਹੈ। ਜੇ ਸਾਰਾ ਸੰਸਾਰ ਹੀ ਨਿਵਰਤੀ ਮਾਰਗ ਦਾ ਅਨੁਸਾਰੀ ਬਣਿਆ ਹੁੰਦਾ ਤਾਂ ਜੀਵਨ ਦੀ ਹੋਂਦ ਹੀ ਖ਼ਤਰੇ ਵਿੱਚ ਪੈ ਜਾਣੀ ਸੀ।
ਪੰਜਾਬੀ ਸਾਹਿਤ ਏਕਾਤਮਕ ਨਹੀਂ ਸਗੋਂ ਬਹੁ-ਆਤਮਕ ਹੈ। ਕਿਸੇ ਇੱਕ ਹੰਕਾਰ, ਇੱਕ ਤਾਨਾਸ਼ਾਹੀ, ਏਕਾਧਿਕਾਰ ਆਧਾਰਿਤ ਸਿਧਾਂਤ ਅਤੇ ਸੱਤਾ ਦੇ ਕੇਂਦਰੀਕਰਨ ਤੋਂ ਪੰਜਾਬੀ ਸਾਹਿਤ ਦੂਰ ਖੜ੍ਹਾ ਦਿਖਾਈ ਦਿੰਦਾ ਹੈ। ਇਹ ਸਾਡੀ ਭਾਸ਼ਾ ਵਿੱਚ ਲਿਖੇ ਸਾਹਿਤ ਤੇ ਸੱਭਿਆਚਾਰ ਦੀ ਸ਼ਕਤੀ ਹੈ।
ਪੰਜਾਬੀ ਸਾਹਿਤ ਸੰਸਾਰ ਦੀ ਭਲਾਈ ਲੋੜਦਾ ਹੈ, ਵੰਡੀਆਂ ਤੇ ਵਿਤਕਰਿਆਂ ਦਾ ਇਹ ਵਿਰੋਧ ਕਰਦਾ ਹੈ। ਇਹ ਹਰ ਵਿਅਕਤੀ, ਪਰਿੰਦੇ ਤੇ ਚਰਿੰਦੇ ਦਾ ਭਲਾ ਚਾਹੁੰਦਾ ਹੈ। ਇਹ ਪੰਛੀਆਂ ਵਾਂਗ ਆਜ਼ਾਦ ਉੱਡਣਾ ਸਿਖਾਉਂਦਾ ਹੈ। ਸਾਰਾ ਆਸਮਾਨ ਹੀ ਉਸ ਦਾ ਆਪਣਾ ਹੈ। ਸਾਰੇ ਤਾਰੇ ਸਿਤਾਰੇ ਹੀ ਉਸ ਦੀ ਮੰਜ਼ਿਲ ਹਨ। ਬੱਦਲ ਤੇ ਹਵਾਵਾਂ ਉਸ ਦਾ ਹੌਸਲਾ ਹਨ। ਨਦੀਆਂ ਤੇ ਸਾਗਰਾਂ ਦਾ ਸੰਗੀਤ ਉਸ ਦੇ ਪੈਰਾਂ ਦੇ ਘੁੰਗਰੂ ਹਨ:
ਮੁੱਕ ਜਾਵਣ ਜਿੱਥੇ ਪਗਡੰਡੀਆਂ
ਰਹਿਣ ਨਾ ਮੁਲਕਾਂ ਦੀਆਂ ਵੰਡੀਆਂ
ਦਿਸਣ ਨਾ ਜਿੱਥੇ ਹੱਦਾਂ ਪਾੜੇ
ਮੇਰੇ ਤੇਰੇ ਦੇ ਖਾਖੋਵਾੜੇ
ਪਹੁੰਚ ਨਾ ਸਕਣ ਜਿੱਥੇ ਚਾਘਾਂ
ਬਾਂਗ ਟਲਾਂ ਤੇ ਸੰਖਾਂ ਦੀਆਂ
ਚਾਰੇ ਤਰਫ਼ ਆਜ਼ਾਦੀ ਹੋਵੇ
ਮੂਲ ਨਾ ਕੋਈ ਮੁਥਾਜੀ ਹੋਵੇ
ਜੋ ਦਿਲ ਆਵੇ ਪੰਛੀ ਗਾਵਣ
ਚੁੰਮਣ ਤਿਤਲੀਆਂ ਜੋ ਫੁੱਲ ਚਾਹਵਣ
ਚਾਹਣ ਜਿਧਰ ਮੁਸਕਾਵਣ ਕਲੀਆਂ
ਚਾਹਣ ਜਿਧਰ ਮੁੜ ਜਾਵਣ ਨਦੀਆਂ
- ਪ੍ਰੋ. ਮੋਹਨ ਸਿੰਘ
ਪੰਜਾਬੀ ਭਾਸ਼ਾ ਦੀ ਸ਼ਾਨ ਤੇ ਸ਼ਕਤੀ ਬਾਰੇ ਪੰਜਾਬੀ ਦੇ ਦਾਰਸ਼ਨਿਕ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਬਹੁਤ ਹੀ ਸਾਰਥਕ ਲਿਖਿਆ ਹੈ: ‘ਜਿਹੜੀ ਬੋਲੀ ਸੰਤਾਂ ਫ਼ਕੀਰਾਂ ਦੀ ਜ਼ਬਾਨ ਹੋਣ ਦਾ ਫ਼ਖਰ ਰੱਖਦੀ ਹੈ, ਉਹ ਬੜੀ ਅਮੀਰ ਬੋਲੀ ਹੈ, ਦਿਲ ਵਾਲੀ, ਜਾਨ ਵਾਲੀ, ਰੱਬੀ ਤੇ ਸਰਬ ਜਹਾਨੀ ਧੜਕ ਵਾਲੀ ਹੈ। ਧਰਤੀ ਉੱਪਰ ਪੰਜਾਬੀ ਲਿਟਰੇਚਰ ਇੱਕ ਗੁੱਝਾ ਲਾਲ ਹੈ, ਜਿਸ ਨੂੰ ਪਾਰਖੀ ਅੱਖ ਵੇਖ ਸਕਦੀ ਹੈ ਤੇ ਰੱਬ ਦੀ ਲੋਅ ਵਾਲੇ ਪਾਰਖੀ ਦਿਲ ਸਾਹਿਤ ਦੀ ਉਚਾਈ ਨੂੰ ਦੇਖ ਸਕਦੇ ਹਨ। ਇਸ ਬੋਲੀ ਨੂੰ ਰੱਬ ਤਾਂ ਪਿਆਰ ਕਰਦਾ ਹੀ ਹੈ ਤੇ ਉਹ ਦਿਨ ਆਇਆ ਜਾਣੋਂ ਜਦ ਸਾਰਾ ਜੱਗ ਇਸ ਨੂੰ ਪਿਆਰ ਕਰੇਗਾ।’
ਇਸ ਤਰ੍ਹਾਂ ਪੰਜਾਬੀ ਭਾਸ਼ਾ ਬਾਰੇ ਬਹੁਤ ਹੀ ਮਹੱਤਵਪੂਰਨ ਵਿਚਾਰ ਪ੍ਰੋ. ਪੂਰਨ ਸਿੰਘ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਬੜੀ ਅਮੀਰ ਬੋਲੀ ਕਿਹਾ ਹੈ। ਇਹ ਅਮੀਰੀ ਭਾਸ਼ਾਈ ਦ੍ਰਿਸ਼ਟੀ ਅਤੇ ਇਸ ਭਾਸ਼ਾ ਵਿੱਚ ਰਚੇ ਗਏ ਸਾਹਿਤ ਦੋਵੇਂ ਦ੍ਰਿਸ਼ਟੀਕੋਣਾਂ ਤੋਂ ਕਹੀ ਗਈ ਹੈ। ਭਾਸ਼ਾਈ ਦ੍ਰਿਸ਼ਟੀ ਤੋਂ ਵੀ ਇਸ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਨੇਕਾਂ ਹਨ, ਜਿਹੜੀਆਂ ਧੁਨੀਆਂ ਮਨੁੱਖੀ ਭਾਵਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਭਾਸ਼ਾ ਕੋਲ ਹਨ ਉਹ ਇਸ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਸਾਹਿਤ ਦੀ ਦ੍ਰਿਸ਼ਟੀ ਤੋਂ ਪੰਜਾਬੀ ਭਾਸ਼ਾ ਦੀ ਡੂੰਘਾਈ ਤੇ ਉਚਾਈ ਉੱਪਰ ਮਾਣ ਕੀਤਾ ਜਾ ਸਕਦਾ ਹੈ।
ਸੰਪਰਕ: 98962-01036