DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਆਉਂਦੇ ਰਹਿਣਗੇ, ਜਾਂਦੇ ਰਹਿਣਗੇ...!

ਜਦੋਂ ਟਰਾਲੀ ਤੋਂ ਚਾਰਾ ਉਤਾਰਿਆ ਜਾ ਰਿਹਾ ਸੀ, ਲਡ਼ਕਾ ਗੱਲਾਂ ਕਰਨ ਲੱਗਾ, ‘‘ਅਸੀਂ ਤਾਂ ਔਖੇ ਸੌਖੇ ਭੁੱਖ ਜਰ ਲਵਾਂਗੇ, ਪਸ਼ੂ ਭੁੱਖੇ ਨਹੀਂ ਜਰੇ ਜਾਂਦੇ। ਟਰਾਲੀਆਂ ਤਾਂ ਕੱਲ੍ਹ ਵੀ ਇੱਧਰ ਆਈਆਂ ਸਨ, ਮੰਗਣ ਦੀ ਜਾਚ ਹੀ ਨਹੀਂ ਆਈ। ਕਿਵੇਂ ਮੰਗਾਂ, ਸ਼ਰਮ ਆਈ ਗਈ।’’ ਸਿੰਘ ਨੇ ਕਿਹਾ, ‘‘ਪੁੱਤਰ ਆਪਾਂ ਕਿਰਤ ਕਰਕੇ, ਕਮਾ ਕੇ ਖਾਣ ਵਾਲੇ ਆਂ, ਸ਼ਾਬਾਸ਼ੇ ਤੇਰੇ ਸੰਤੋਖ ਦੇ। ਛੋਟੀ ਉਮਰ ’ਚ ਵੱਡੀਆਂ ਗੱਲਾਂ ਕਰਦਾ ਏਂ ਪੁੱਤਰ ... ... ...।’’

  • fb
  • twitter
  • whatsapp
  • whatsapp
Advertisement

ਮੌਸਮ ਵਿਭਾਗ ਨੇ ਕਿਹਾ ਹੈ, ‘‘ਮੌਨਸੂਨ ਪੌਣਾਂ ਨੇ ਮੋੜਾ ਪਾ ਲਿਆ ਹੈ।’’ ਉਂਜ ਤਾਂ ਘਰਾਂ ਅੰਦਰ ਵੜੇ ਪਾਣੀ ਵੀ ਵਾਪਸ ਮੁੜਨ ਲੱਗੇ ਹਨ। ਹੜ੍ਹ ਪੀੜਤ ਲੋਕਾਂ ਨੇ ਭਾਣਾ ਮੰਨਦਿਆਂ ਜਿਊਣ ਲਈ ਫਿਰ ਸਾਧਨ ਇਕੱਠੇ ਕਰਨੇ ਜਾਂ ਜੋੜਨੇ ਸ਼ੁਰੂ ਕਰ ਦਿੱਤੇ ਹਨ। ਪਰ ਜਦੋਂ ਮੌਨਸੂਨ ਆਪਣੇ ਪੂਰੇ ਜਲੌਅ ਵਿੱਚ ਸੀ ਤੇ ਕਹਿਰ ਬਰਸਾ ਰਹੀ ਸੀ ਤਾਂ ਉਸ ਵੇਲੇ ਆਪਣੇ ਘਰਾਂ ਦਾ ਰੁੜ੍ਹਦਾ ਜਾ ਰਿਹਾ ਹਰ ਕੀਮਤੀ ਸਾਮਾਨ, ਚਾਹੇ ਪਸ਼ੂ ਧਨ ਜਾਂ ਆਉਣ ਜਾਣ ਦੇ ਸਾਧਨ ਜਾਂ ਸਿਰ ਢਕਣ ਜੋਗੀ ਛੱਤ ਸੀ, ਕੰਧਾਂ ਸਨ, ਹੋਰ ਲੋੜੀਂਦੀਆਂ ਵਸਤਾਂ ਸਨ; ਤਬਾਹ ਹੁੰਦਾ ਵੇਖ ਕੇ ਪਰਿਵਾਰਾਂ ਦੇ ਹਰ ਜੀਅ ਦਾ ਸਿਰਫ਼ ਹਿਰਦਾ ਹੀ ਨਹੀਂ ਸੀ ਵਲੂੰਧਰਿਆ ਗਿਆ, ਧਾਹਾਂ ਵੀ ਨਿਕਲੀਆਂ ਸਨ।

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੇਖੀ। ਗਿਆਰਾਂ ਬਾਰਾਂ ਸਾਲਾਂ ਦਾ ਇੱਕ ਮੁੰਡਾ ਗੋਡੇ ਗੋਡੇ ਪਾਣੀ ਵਿੱਚ ਉਦਾਸ ਖੜ੍ਹਾ ਹੈ। ਉਸ ਦੇ ਕੋਲੋਂ ਦੀ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਸਮਾਜ ਸੇਵਕਾਂ ਦੀਆਂ ਕੁਝ ਟਰਾਲੀਆਂ ਲੰਘਦੀਆਂ ਹਨ, ਜਿਨ੍ਹਾਂ ਉੱਪਰ ਹਰ ਰੋਜ਼ ਦੀ ਵਰਤੋਂ ਵਿੱਚ ਆਉਣ ਵਾਲਾ ਸਾਮਾਨ ਹੈ। ਆਟਾ ਹੈ, ਦਾਲਾਂ ਹਨ, ਦੁੱਧ ਦੇ ਪੈਕੇਟ ਹਨ, ਪਾਣੀ ਦੀਆਂ ਬੋਤਲਾਂ ਹਨ। ਪਸ਼ੂਆਂ ਲਈ ਬਣਾਇਆ ਆਚਾਰ ਹੈ। ਇੱਕ ਟਰਾਲੀ ਵਾਲੇ ਸਿੰਘ ਦੀ ਨਜ਼ਰ ਇਸ ਬੱਚੇ ਉੱਪਰ ਪੈਂਦੀ ਹੈ। ਉਹ ਟਰਾਲੀ ਰੋਕ ਕੇ ਹੇਠਾਂ ਉਤਰ ਆਉਂਦਾ ਹੈ। ਮੁੰਡੇ ਕੋਲ ਜਾ ਕੇ ਪੁੱਛਦਾ ਹੈ, ‘‘ਕੀ ਹੋਇਆ ਪੁੱਤਰ, ਜਾਣਾ ਹੈ ਕਿਧਰੇ?’’

Advertisement

ਲੜਕੇ ਨੇ ਸਿਰ ਹਿਲਾ ਕੇ ਕਿਹਾ, ‘‘ਨਹੀਂ।’’

Advertisement

‘‘ਕੁਝ ਚਾਹੀਦਾ ਹੈ? ਕੋਈ ਲੋੜ ਹੈ?’’

ਲੜਕਾ ਬੋਲਿਆ ‘‘ਨਹੀਂ,’’ ਨੀਵੀਂ ਪਾ ਲਈ। ਅੱਖਾਂ ਭਰ ਆਈਆਂ।

‘‘ਕੀ ਗੱਲ ਹੈ? ਮੈਨੂੰ ਦੱਸ, ਕਿੱਥੇ ਰਹਿਨੈ?’’ ਸਿੰਘ ਨੇ ਪੁੱਛਿਆ।

ਲੜਕੇ ਨੇ ਖੇਤਾਂ ਵਿੱਚ ਦਰਿਆ ਬਣੇ ਪਾਣੀ ਦੇ ਪਾਰ ਅੱਧ-ਡੁੱਬੇ ਕੁਝ ਘਰਾਂ ਵੱਲ ਇਸ਼ਾਰਾ ਕੀਤਾ। ਫਿਰ ਦੱਸਿਆ, ‘‘ਪਸ਼ੂ ਭੁੱਖੇ ਹਨ। ਚਾਰ ਦਿਨ ਹੋ ਗਏ ਨੇ, ਸਿਰ ਸੁੱਟੀ ਪਏ ਹਨ। ਦੋ ਤਾਂ ਪੂਰੇ ਹੋ ਗਏ।’’ ਲੜਕੇ ਨੇ ਅੱਖਾਂ ਪੂੰਝੀਆਂ।

‘‘ਕਿੰਨੇ ਪਸ਼ੂ ਨੇ?’’ ਸਿੰਘ ਨੇ ਪੁੱਛਿਆ।

‘‘ਦਸ ਪਸ਼ੂ ਸਨ, ਦੋ ਮਰ ਗਏ। ਚਾਰਾ ਸਾਰਾ ਪਾਣੀ ’ਚ ਡੁੱਬ ਗਿਆ।’’ ਰੋਕਦਿਆਂ ਵੀ ਮੁੰਡੇ ਦੇ ਹੰਝੂ ਵਗ ਪਏ।

‘‘ਪੁੱਤਰ, ਤੇਰੇ ਕੋਲੋਂ ਦੀ ਚਾਰੇ ਦੀਆਂ ਟਰਾਲੀਆਂ ਲੰਘੀਆਂ ਨੇ। ਤੂੰ ਰੋਕ ਕੇ ਮੰਗ ਲੈਣਾ ਸੀ ਚਾਰਾ,’’ ਸਿੰਘ ਹੈਰਾਨ ਹੋਇਆ।

‘‘ਕਿਵੇਂ ਮੰਗਦਾ, ਮੰਗਣਾ ਆਉਂਦਾ ਹੀ ਨਹੀਂ, ਕਦੀ ਮੰਗ ਕੇ ਵੇਖਿਆ ਨਹੀਂ।’’

ਸੁਣ ਕੇ ਸਿੰਘ ਦੇ ਹਿਰਦੇ ’ਚੋਂ ਚੀਸ ਉੱਠੀ। ਉਸ ਪੁੱਛਿਆ, ‘‘ਘਰ ਵਿੱਚ ਹੋਰ ਕੌਣ ਨੇ ਪੁੱਤਰ?’’

‘‘ਮੈਂ ’ਕੱਲਾ ਭਰਾ ਵਾਂ ਛੇ ਭੈਣਾਂ ਦਾ, ਮਾਂ ਹੈਗੀ ਆ।’’

‘‘ਤੇਰਾ ਪਿਉ ਬਾਹਰ ਗਿਐ ਪੁੱਤਰ?’’

‘‘ਨਹੀਂ, ਦੋ ਸਾਲ ਹੋ ਗਏ, ਬਾਪੂ ਦੀ ਮੌਤ ਹੋ ਗਈ ਸੀ।’’

‘‘ਓ ਹੋ।’’ ਹਮਦਰਦੀ ਅਤੇ ਤਰਸ ਨਾਲ ਸਿੰਘ ਨੇ ਹਉਕਾ ਲਿਆ। ਫਿਰ ਕਿਹਾ, ‘‘ਆ ਪੁੱਤਰ, ਮੈਂ ਤੈਨੂੰ ਚਾਰਾ ਦਿੰਨਾ। ਕੋਈ ਸੁੱਕਾ ਥਾਂ ਵੇਖ, ਹੋਰ ਵੀ ਜਿਹੜੀ ਚੀਜ਼ ਚਾਹੀਦੀ ਐ ਮੈਨੂੰ ਦੱਸ। ਤਕੜਾ ਹੋ ਪੁੱਤਰ। ਸਹੀ ਕਿਹੈ, ਤੂੰ, ਮੰਗਣਾ ਨਹੀਂ ਆਉਂਦਾ। ਅਸੀਂ ਵੰਡਦੇ ਹਾਂ ਪੁੱਤਰ, ਮੰਗਦੇ ਨਹੀਂ। ਸੰਗਤ ਦਿੰਦੀ ਹੈ, ਅਸੀਂ ਅੱਗੇ ਲੋੜਵੰਦ ਸੰਗਤ ਕੋਲ ਭੇਜ ਦਿੰਦੇ ਆਂ।’’

ਜਦੋਂ ਟਰਾਲੀ ਤੋਂ ਚਾਰਾ ਉਤਾਰਿਆ ਜਾ ਰਿਹਾ ਸੀ, ਲੜਕਾ ਗੱਲਾਂ ਕਰਨ ਲੱਗਾ, ‘‘ਅਸੀਂ ਤਾਂ ਔਖੇ ਸੌਖੇ ਭੁੱਖ ਜਰ ਲਵਾਂਗੇ, ਪਸ਼ੂ ਭੁੱਖੇ ਨਹੀਂ ਜਰੇ ਜਾਂਦੇ। ਟਰਾਲੀਆਂ ਤਾਂ ਕੱਲ੍ਹ ਵੀ ਇੱਧਰ ਆਈਆਂ ਸਨ, ਮੰਗਣ ਦੀ ਜਾਚ ਹੀ ਨਹੀਂ ਆਈ। ਕਿਵੇਂ ਮੰਗਾਂ, ਸ਼ਰਮ ਆਈ ਗਈ।’’

ਸਿੰਘ ਨੇ ਕਿਹਾ, ‘‘ਪੁੱਤਰ ਆਪਾਂ ਕਿਰਤ ਕਰਕੇ, ਕਮਾ ਕੇ ਖਾਣ ਵਾਲੇ ਆਂ, ਸ਼ਾਬਾਸ਼ੇ ਤੇਰੇ ਸੰਤੋਖ ਦੇ। ਛੋਟੀ ਉਮਰ ’ਚ ਵੱਡੀਆਂ ਗੱਲਾਂ ਕਰਦਾ ਏਂ ਪੁੱਤਰ। ਅਸੀਂ ਦਾਨੀਆਂ ਦੀ ਕੌਮ ਆਂ ਪੁੱਤਰ। ਅਸੀਂ ਮੁਸੀਬਤਾਂ ਤੋਂ ਡਰਦੇ ਨਹੀਂ, ਮੁਸੀਬਤਾਂ ਨਾਲ ਲੜਦੇ ਆਂ ਤੇ ਜਿੱਤਦੇ ਵੀ ਜ਼ਰੂਰ ਆਂ।’’

ਉਹ ਵੀਡੀਓ ਦੇਖ ਕੇ ਮਨ ਝੰਜੋੜਿਆ ਗਿਆ। ਮੈਂ ਸੋਚਣ ਲੱਗਾ ਇਹ ਬਾਤ ਸਿਰਫ਼ ਏਨੀ ਨਹੀਂ ਹੈ। ਹਰ ਰੋਜ਼ ਅਨੇਕਾਂ ਖ਼ਬਰਾਂ ਛਪਦੀਆਂ ਹਨ। ਮੀਡੀਆ ਵੀ ਆਪਣੀ ਡਫ਼ਲੀ ਵਜਾਈ ਜਾਂਦਾ ਹੈ। ਨੇਤਾ ਵੀ ਹਿੱਕਾਂ ਥਾਪੜ ਕੇ ਰਾਹਤ ਦਾ ਐਲਾਨ ਤੇ ਐਲਾਨ ਕਰੀ ਜਾਂਦੇ ਹਨ, ਜਿਵੇਂ ਉਨ੍ਹਾਂ ਨੇ ਆਪਣੀਆਂ ਜੇਬਾਂ ਵਿੱਚੋਂ ਕੱਢ ਕੇ ਦੇਣਾ ਹੁੰਦਾ ਹੈ। ਬਹੁਤੇ ਐਲਾਨ ਸਿਰਫ਼ ਐਲਾਨ ਹੀ ਰਹਿ ਜਾਂਦੇ ਹਨ। ਅੰਧ-ਭਗਤਾਂ ਦੇ ਹੱਥ ਤਾੜੀਆਂ ਮਾਰ ਮਾਰ ਥੱਕ ਜਾਂਦੇ ਹਨ। ਨੇਤਾ ਲੋਕ, ਹੜ੍ਹ ਪੀੜਤਾਂ ਨੂੰ ਸਮਝਾਉਂਦੇ ਹਨ, ‘‘...ਇਹ ਹੜ੍ਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਆਏ, ਪੂਰੇ ਭਾਰਤ ਵਿੱਚ ਆਏ ਹਨ। ਭਾਰਤ ਵਿੱਚ ਹੀ ਨਹੀਂ, ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੀ ਆਏ ਹਨ। ...’’ ਫਿਰ ਇੱਕ ਦੂਸਰੇ ਉੱਪਰ ਦੋਸ਼ ਮੜ੍ਹੇ ਜਾਂਦੇ ਹਨ। ਆਫ਼ਤਾਂ ਨਾਲ ਸਿੱਝਣ ਦੇ ਦਾਅਵੇ ਕੀਤੇ ਜਾਂਦੇ ਹਨ। ‘ਨੇੜੇ ਆਈ ਜੰਨ ਤੇ ਬਿੰਨ੍ਹੋ ਕੁੜੀ ਦੇ ਕੰਨ’ ਦੀ ਕਹਾਵਤ ਵਾਂਗ ਖੜ੍ਹੇ ਪੈਰ ਉਪਰਾਲੇ ਕਰਨ ਦੇ ਢੋਂਗ ਕੀਤੇ ਜਾਂਦੇ ਹਨ। ਨੇਤਾਵਾਂ ਵਿੱਚ ਹੋੜ ਲੱਗ ਜਾਂਦੀ ਹੈ, ਸਭ ਕੁਝ ਗੁਆ ਚੁੱਕੇ ਲੋਕਾਂ ਨਾਲ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਦੀ। ਹਰ ਨੇਤਾ ਸੋਚਦਾ ਹੈ, ਅਸੀਂ ਪੱਛੜ ਨਾ ਜਾਈਏ। ਨਾਲ ਮੀਡੀਆ, ਨਾਲ ਕੈਮਰੇ, ਲੋਕਾਂ ਦੇ ਟੈਕਸਾਂ ਦੀ ਪੂੰਜੀ ਨਾਲ ਖਰੀਦੀਆਂ ਜਿਣਸਾਂ ਖ਼ੈਰਾਤ ਵਾਂਗ ਵੰਡੀਆਂ ਜਾਂਦੀਆਂ ਹਨ। ਥੈਲਿਆਂ ਉੱਪਰ, ਝੋਲਿਆਂ ਉੱਪਰ, ਬੋਰੀਆਂ ਉੱਪਰ, ਪੈਕੇਟਾਂ ਉੱਪਰ ਨੇਤਾ ਆਪਣੀਆਂ ਫੋਟੋਆਂ ਛਪਵਾਉਣਾ ਨਹੀਂ ਭੁੱਲਦੇ। ਅੱਗੇ ਵੋਟਾਂ ਹਨ, ਕੁਦਰਤ ਨੇ ਆਫ਼ਤ ਲਿਆ ਕੇ ਸਾਨੂੰ ਮੌਕਾ ਦਿੱਤਾ ਹੈ, ਸੇਵਾ ਬਹਾਨੇ ਆਪਣਾ ਆਧਾਰ ਪੱਕਾ ਕਰੀਏ।

ਅਜੀਬ ਸੱਭਿਆਚਾਰ ਹੈ ਕੁਰਸੀਆਂ ਦਾ ਵੀ, ਹਰ ਆਫ਼ਤ ਵਿੱਚ, ਹਰ ਮਹਾਮਾਰੀ ਵਿੱਚ, ਹਰ ਤਰ੍ਹਾਂ ਦੇ ਦੰਗੇ ਫ਼ਸਾਦਾਂ ਵਿੱਚ, ਇਹ ਜਮਾਤ ਆਪਣਾ ਮੌਕਾ ਕਦੇ ਨਹੀਂ ਖੁੰਝਣ ਦਿੰਦੀ। ਇਹ ਜਮਾਤ ਪਰਿਵਾਰਾਂ ਦੇ ਮਰ ਗਏ ਜੀਆਂ ਦਾ ਅਫ਼ਸੋਸ ਕਰਨ ਲਈ ਗਿਆਂ ਦੀਆਂ ਤਸਵੀਰਾਂ ਸਮੇਤ ਖ਼ਬਰਾਂ ਬਣਵਾਉਂਦੇ ਹਨ। ਰੁੜ੍ਹ ਗਏ ਘਰਾਂ ਕੋਲ ਖੜ੍ਹ ਕੇ ਤਸਵੀਰਾਂ ਖਿਚਵਾਉਂਦੇ ਹਨ। ਰੇਲਵੇ ਜਾਂ ਕੋਈ ਹਵਾਈ ਹਾਦਸਾ ਹੋ ਜਾਵੇ ਤਾਂ ਉੱਥੇ ਜਾ ਕੇ ਮੋਏ, ਤੜਫ਼ਦੇ, ਵਿਲਕਦੇ ਬੰਦਿਆਂ ਵਿਚਕਾਰ ਫੋਟੋ ਖਿਚਵਾਉਣ ਤੋਂ ਨਹੀਂ ਖੁੰਝਦੇ। ਇਹ ਹਾਦਸੇ ਕਿਉਂ ਹੋਏ, ਇਹ ਹੜ੍ਹ ਕਿਉਂ ਆਏ, ਇਨ੍ਹਾਂ ਦਾ ਦੋਸ਼ੀ ਕੌਣ ਹੈ, ਇਹ ਚਿੰਤਾ ਨਹੀਂ ਹੁੰਦੀ। ਇਨ੍ਹਾਂ ਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ, ਇਹ ਫ਼ਿਕਰ ਨਹੀਂ ਹੁੰਦਾ। ਸ਼ਾਇਦ ਫ਼ਿਕਰ ਇਹ ਹੁੰਦਾ ਹੈ ਕਿ ਅਗਲੀ ਆਫ਼ਤ ਕਦ ਆਏਗੀ, ਅਗਲੇ ਦੰਗੇ ਕਦ ਹੋਣ ਦੀ ਸੰਭਾਵਨਾ ਹੈ, ਫਿਰ ਅਸੀਂ ਸਦਭਾਵਨਾ ਯਾਤਰਾਵਾਂ ਕਰਾਂਗੇ, ਰਾਹਤ ਲੈ ਕੇ ਆਵਾਂਗੇ। ਹੜ੍ਹਾਂ ਅਤੇ ਮੌਸਮ ਦੇ ਮਾਹਿਰਾਂ ਨੇ ਵੱਖ ਵੱਖ ਤਰ੍ਹਾਂ ਦੇ ਪ੍ਰਗਟਾਵੇ ਕੀਤੇ ਹਨ। ਕੁਝ ਆਖਦੇ ਹਨ ਕਿ ਹੜ੍ਹ ਆਉਣ ਦੇ ਕਾਰਨਾਂ ਦੇ ਅਸੀਂ ਖ਼ੁਦ ਦੋਸ਼ੀ ਹਾਂ। ਕੁਝ ਆਖਦੇ ਹਨ ਕਿ ਇਹ ਹੜ੍ਹ ਆਏ ਨਹੀਂ, ਲਿਆਂਦੇ ਗਏ ਨੇ।

ਕੁਝ ਆਖਦੇ ਨੇ ਕਿ ਇਹ ਅਣਕਿਆਸੇ ਹੜ੍ਹ ਸਾਡੇ ਗਲ ਮੜ੍ਹ ਕੇ 7 ਲੱਖ ਏਕੜ ਦਰਿਆਵਾਂ ਦੀ ਜ਼ਮੀਨ ਕਿਵੇਂ ਨਾ ਕਿਵੇਂ ਖੋਹਣੀ ਹੈ।

ਕਦੇ ਸੋਚਦਾ ਹਾਂ, ਜਿਹੜੀ ਕੌਮ ਨੇ 40 ਸਾਲ ਕਸ਼ਮੀਰ ਤੋਂ ਲੈ ਕੇ ਪਿਸ਼ਾਵਰ ਤੱਕ ਧੜੱਲੇ ਨਾਲ ਰਾਜ ਕੀਤਾ। ਜਿਸ ਕੌਮ ਨੇ ਅਬਦਾਲੀਆਂ, ਦੁਰਾਨੀਆਂ, ਨਾਦਰ ਸ਼ਾਹਾਂ ਦੇ ਹੜ੍ਹ ਮੋੜੇ ਨੇ। ਸਮੇਂ ਸਮੇਂ ਦੇ ਹਾਕਮਾਂ ਨੇ ਸਰਕਾਰਾਂ ਨੇ ਡੂੰਘੀਆਂ ਚਾਲਾਂ ਨਾਲ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਆਪਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨਾ ਵੀ ਔਖਾ ਲੱਗ ਰਿਹਾ ਹੈ।

ਇਹ ਸਭ ਜ਼ਿਹਨ ’ਚ ਆ ਰਿਹਾ ਸੀ ਤਾਂ ਉਹੀ ਵੀਡੀਓ ਫਿਰ ਯਾਦ ਆਈ। ਇਸ ਵਿੱਚ ਸਿੰਘ ਬੱਚੇ ਨੂੰ ਦਿਲਾਸਾ ਦਿੰਦਾ ਆਖਦਾ ਹੈ:

‘‘ਪੁੱਤਰ, ਅਸੀਂ ਮੰਗਣਾ ਜਾਣਦੇ ਹੀ ਨਹੀਂ, ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਅਸੀਂ ਕਿਰਤ ਕਰ ਕੇ ਖਾਣ ਵਾਲੇ ਲੋਕ ਹਾਂ। ਤਕੜਾ ਹੋ ਪੁੱਤਰ, ਲੱਕ ਬੰਨ੍ਹ, ਉਦਾਸ ਨਹੀਂ ਹੋਣਾ। ਜੇ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ। ਹੜ੍ਹ ਆਉਂਦੇ ਰਹਿਣਗੇ, ਜਾਂਦੇ ਰਹਿਣਗੇ। ਅਸੀਂ ਦਰਿਆਵਾਂ ਦੇ ਰੁਖ਼ ਮੋੜਨ ਵਾਲੇ ਹਾਂ, ਹੜ੍ਹ ਆਪਣਾ ਕੀ ਵਿਗਾੜ ਲੈਣਗੇ?’’ ਲੜਕੇ ਦੀਆਂ ਅੱਖਾਂ ਵਿੱਚ ਇੱਕ ਉਮੀਦ ਦੀ ਕਿਰਨ ਲਿਸ਼ਕ ਪਈ।

ਸੰਪਰਕ: 98147-83069

Advertisement
×