ਇਰਾਨ ’ਚ ਅਮਰੀਕਾ ਤੇ ਇਜ਼ਰਾਈਲ ਦੀ ਅਸਫ਼ਲਤਾ
ਅਮ੍ਰਤ
ਇਰਾਨ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਹੋ ਚੁੱਕੀ ਹੈ ਪਰ 12 ਦਿਨ ਚੱਲੇ ਯੁੱਧ ਦੌਰਾਨ ਦੋਹਾਂ ਦੇਸ਼ਾਂ ’ਚ ਵਿਆਪਕ ਤਬਾਹੀ ਹੋਈ ਹੈ। ਇਜ਼ਰਾਈਲ ਨੇ 13 ਜੂਨ ਨੂੰ ਜਦੋਂ ਇਰਾਨ ’ਤੇ ਹਮਲਾ ਕੀਤਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਹਮਲਾ ਕਰਨਾ ਜ਼ਰੂਰੀ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਇਰਾਨ ਵੱਲੋਂ ਤਿੰਨ ਥਾਵਾਂ ’ਤੇ ਖ਼ੁਫ਼ੀਆ ਤਰੀਕੇ ਨਾਲ ਪਰਮਾਣੂ ਹਥਿਆਰ ਤਿਆਰ ਕਰਨ ਲਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਜ਼ਰਾਈਲ ਇਨ੍ਹਾਂ ਪਰਮਾਣੂ ਕਾਰਵਾਈਆਂ ਨੂੰ ਰੋਕਣ ਲਈ ਇਰਾਨ ਦੇ ਉਹ ਖ਼ੁਫ਼ੀਆ ਟਿਕਾਣੇ ਤਬਾਹ ਕਰਨਾ ਚਾਹੁੰਦਾ ਸੀ ਪਰ ਕੀ ਉਹ ਆਪਣੇ ਮਕਸਦ ’ਚ ਕਾਮਯਾਬ ਹੋ ਗਿਆ ਜਾਂ ਸਾਰੇ ਮਿਜ਼ਾਈਲ, ਡਰੋਨ ਤੇ ਹਵਾਈ ਹਮਲੇ ਵੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਕੁਝ ਨਹੀਂ ਵਿਗਾੜ ਸਕੇ।
ਇਜ਼ਰਾਈਲ ਨੇ ਭਾਵੇਂ ਅਮਰੀਕਾ ਦੀ ਸ਼ਹਿ ’ਤੇ ਹੀ ਇਹ ਹਮਲਾ ਕੀਤਾ ਸੀ ਪਰ ਸ਼ੁਰੂ ’ਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਇਸ ਯੁੱਧ ’ਚ ਸ਼ਾਮਲ ਨਹੀਂ ਹੋਣਗੇ ਪਰ ਉਹ 48 ਘੰਟੇ ਬਾਅਦ ਹੀ ਆਪਣੇ ਵਾਅਦੇ ਤੋਂ ਮੁੱਕਰ ਗਏ। ਪਹਿਲਾਂ ਉਨ੍ਹਾਂ ਹਮਲੇ ਲਈ ਇਜ਼ਰਾਈਲ ਦੀ ਨਿੰਦਾ ਵੀ ਕੀਤੀ ਪਰ ਫਿਰ ਆਪ ਵੀ ਯੁੱਧ ’ਚ ਸ਼ਾਮਿਲ ਹੋ ਗਏ।
ਦਰਅਸਲ, ਮਸਲਾ ਇਕੱਲੇ ਪਰਮਾਣੂ ਹਥਿਆਰਾਂ ਦਾ ਨਹੀਂ ਹੈ। ਇਰਾਨ ’ਚ ਤੇਲ ਦੇ ਭੰਡਾਰ ਹਨ ਅਤੇ ਉਹ ਕੱਟੜ ਇਸਲਾਮੀ ਦੇਸ਼ ਹੈ। ਭੂਗੋਲਿਕ ਤੌਰ ’ਤੇ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਉੱਪਰ ਸਥਿਤ ਹੈ। ਇਜ਼ਰਾਈਲ ਅਤੇ ਅਮਰੀਕਾ ਪਿਛਲੇ ਲੰਮੇ ਸਮੇਂ ਤੋਂ ਇਰਾਨ ਨੂੰ ਕਮਜ਼ੋਰ ਕਰਨ ਦੀ ਨੀਤੀ ’ਤੇ ਚੱਲ ਰਹੇ ਹਨ। ਜੇ ਇਰਾਨ ਪਰਮਾਣੂ ਸ਼ਕਤੀ ਬਣ ਜਾਂਦਾ ਹੈ ਤਾਂ ਇਜ਼ਰਾਈਲ ਤੇ ਅਮਰੀਕਾ ਲਈ ਉਹ ਵੱਡਾ ਖ਼ਤਰਾ ਬਣ ਜਾਵੇਗਾ। ਹਾਲਾਂਕਿ ਇਰਾਨ ਨੇ ਪਰਮਾਣੂ ਅਪਸਾਰ ਸੰਧੀ ’ਤੇ ਹਸਤਾਖ਼ਰ ਕੀਤੇ ਹੋਏ ਹਨ ਜਿਸ ਦਾ ਅਰਥ ਹੈ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾਏਗਾ ਅਤੇ ਨਾ ਹੀ ਇਨ੍ਹਾਂ ਹਥਿਆਰਾਂ ਲਈ ਲੋੜੀਂਦੇ ਯੂਰੇਨੀਅਮ ਦੀ ਸੋਧ ਕਰੇਗਾ। ਦੂਜੇ ਪਾਸੇ ਕੌਮਾਂਤਰੀ ਐਟਮੀ ਊਰਜਾ ਏਜੰਸੀ (ਆਈਏਈਏ) ਦੇ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਵੱਲੋਂ ਸੰਧੀ ਦੀਆਂ ਸ਼ਰਤਾਂ ਦਾ ਉਲੰਘਣ ਕਰ ਕੇ ਪਰਮਾਣੂ ਹਥਿਆਰਾਂ ਵਾਸਤੇ ਯੂਰੇਨੀਅਮ ਸੋਧਿਆ ਜਾ ਰਿਹਾ ਹੈ। ਇਸੇ ਨੂੰ ਆਧਾਰ ਬਣਾ ਕੇ ਇਜ਼ਰਾਈਲ ਨੇ ਇਰਾਨ ’ਤੇ ਹਮਲਾ ਕੀਤਾ ਸੀ।
ਜਦੋਂ ਇਰਾਨ ਨੇ ਇਜ਼ਰਾਈਲ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਇੱਕ ਵਾਰ ਤਾਂ ਸਾਰੀ ਦੁਨੀਆ ਹੈਰਾਨ ਰਹਿ ਗਈ। ਇਜ਼ਰਾਈਲ ਦੀ ਖ਼ਸਤਾ ਹਾਲਤ ਦੇਖਦਿਆਂ ਅਮਰੀਕਾ ਉਸ ਦੀ ਹਮਾਇਤ ’ਤੇ ਉਤਰ ਆਇਆ ਅਤੇ ਜੰਗ ਵਿੱਚ ਸ਼ਾਮਿਲ ਹੋ ਗਿਆ। ਇਸ ਜੰਗ ਦਾ ਮਕਸਦ ਕਿਉਂਕਿ ਇਰਾਨ ਦਾ ‘ਪਰਮਾਣੂ ਪ੍ਰੋਗਰਾਮ’ ਤਬਾਹ ਕਰਨਾ ਸੀ ਤਾਂ ਅਮਰੀਕੀ ਹਵਾਈ ਸੈਨਾ ਵੱਲੋਂ ਉਸ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਪਰ ਖ਼ੁਫ਼ੀਆ ਰਿਪੋਰਟਾਂ ਕੁਝ ਹੋਰ ਹੀ ਦੱਸਦੀਆਂ ਹਨ।
ਅਮਰੀਕਾ ਦੀਆਂ ਹੀ ਖ਼ੁਫ਼ੀਆ ਏਜੰਸੀਆਂ ਟਰੰਪ ਪ੍ਰਸ਼ਾਸਨ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਦੀਆਂ ਹਨ। ਇਨ੍ਹਾਂ ਰਿਪੋਰਟਾਂ ਮੁਤਾਬਿਕ ਅਮਰੀਕੀ ਹਵਾਈ ਹਮਲੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਨਹੀਂ ਕਰ ਸਕੇ। ਇਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਕੇਵਲ ਏਨਾ ਕੁ ਨੁਕਸਾਨ ਪੁੱਜਿਆ ਹੈ ਕਿ ਉਨ੍ਹਾਂ ਦਾ ਪ੍ਰੋਗਰਾਮ ਕੁਝ ਮਹੀਨਿਆਂ ਲਈ ਪਛੜ ਜਾਵੇਗਾ। ਇਸ ਤੋਂ ਵੱਧ ਕੋਈ ਅਸਰ ਨਹੀਂ ਪਵੇਗਾ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 30,000 ਪਾਊਂਡ ਦੇ ਬੰਬਾਂ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੀਆਂ ਧੱਜੀਆਂ ਉਡਾ ਦਿੱਤੀਆਂ ਪਰ ਖ਼ੁਫ਼ੀਆ ਏਜੰਸੀਆਂ ਵੱਲੋਂ ਕੀਤੀ ਜਾਂਚ ਅਨੁਸਾਰ ਇਹ ਦਾਅਵਾ ਮੁੱਢਲੇ ਤੌਰ ’ਤੇ ਝੂਠਾ ਸਿੱਧ ਹੋਇਆ ਹੈ। ਇਸ ਮਾਮਲੇ ਨਾਲ ਜੁੜੇ ਅਮਰੀਕੀ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਇਰਾਨ ਵੱਲੋਂ ਜੋ ਯੂਰੇਨੀਅਮ ਸੋਧਿਆ ਗਿਆ ਸੀ, ਉਹ ਸੁਰੱਖਿਅਤ ਹੈ ਅਤੇ ਹਮਲਿਆਂ ’ਚ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ। ਦੂਜਾ, ਇਰਾਨ ਦੇ ਪਰਮਾਣੂ ਟਿਕਾਣੇ ਧਰਤੀ ਦੇ ਹੇਠਾਂ ਡੂੰਘੇ ਤੇ ਮਜ਼ਬੂਤ ਬੰਕਰਾਂ ’ਚ ਹਨ ਤੇ ਅਮਰੀਕੀ ਹਮਲੇ ਉਨ੍ਹਾਂ ਨੂੰ ਵੀ ਕੋਈ ਖ਼ਾਸ ਨੁਕਸਾਨ ਨਹੀਂ ਪਹੁੰਚਾ ਸਕੇ। ਵੱਧ ਤੋਂ ਵੱਧ ਇੱਕ ਜਾਂ ਦੋ ਮਹੀਨੇ ਲਈ ਇਰਾਨ ਦਾ ਪ੍ਰੋਗਰਾਮ ਪਛੜ ਸਕਦਾ ਹੈ। ਇਸ ਤੋਂ ਵੱਧ ਕੋਈ ਫ਼ਰਕ ਨਹੀਂ ਪੈਣ ਵਾਲਾ।
ਦੂਜੇ ਪਾਸੇ ਵਾਈਟ ਹਾਊਸ ਵੱਲੋਂ ਇਹ ਦਾਅਵੇ ਨਕਾਰੇ ਜਾ ਰਹੇ ਹਨ। ਵਾਈਟ ਹਾਊਸ ਦਾ ਕਹਿਣਾ ਹੈ ਕਿ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਸਹੀ ਨਹੀਂ ਹਨ। ਅਮਰੀਕੀ ਫ਼ੌਜ ਦੀ ਰੱਖਿਆ ਏਜੰਸੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਹਵਾਈ ਹਮਲਿਆਂ ਨਾਲ ਇਰਾਨ ਦੇ ਪਰਮਾਣੂ ਟਿਕਾਣਿਆਂ ’ਚ ਦਾਖ਼ਲ ਹੋਣ ਵਾਲੇ ਦੁਆਰਾਂ ਨੂੰ ਜ਼ਰੂਰ ਨੁਕਸਾਨ ਪੁੱਜਿਆ ਸੀ ਪਰ ਅੰਡਰਗਾਊਂਡ ਬੰਕਰਾਂ ਤੱਕ ਇਹ ਬੰਬ ਮਾਰ ਨਹੀਂ ਕਰ ਸਕੇ। ਪਰਮਾਣੂ ਪ੍ਰੋਗਰਾਮਾਂ ਸਬੰਧੀ ਸੰਯੁਕਤ ਰਾਸ਼ਟਰ ਦੇ ਨਿਗਰਾਨ ਰਾਫ਼ੇਲ ਗਰੌਸੀ (Rafael Grossi) ਵੀ ਕੁਝ ਅਜਿਹਾ ਹੀ ਸੰਕੇਤ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਪਹਿਲੇ ਹਮਲੇ ਕੀਤੇ ਜਾਣ ਤੋਂ ਛੇਤੀ ਬਾਅਦ ਹੀ ਇਰਾਨ ਨੇ ਸੋਧਿਆ ਹੋਇਆ ਯੂਰੇਨੀਅਮ ਕਿੱਧਰੇ ਹੋਰ ਸੁਰੱਖਿਅਤ ਥਾਂ ’ਤੇ ਤਬਦੀਲ ਕਰ ਦਿੱਤਾ ਹੋਵੇਗਾ। ਜਿਸ ਕਾਰਨ ਉਹ ਅਮਰੀਕਾ ਤੇ ਇਜ਼ਰਾਈਲ ਵੱਲੋਂ ਬਾਅਦ ’ਚ ਕੀਤੇ ਗਏ ਵੱਡੇ ਹਮਲਿਆਂ ਤੋਂ ਬਚ ਗਿਆ।
ਇਸ 12 ਦਿਨ ਦੀ ਜੰਗ ਦੌਰਾਨ ਇਜ਼ਰਾਈਲ ਵੱਲੋਂ ਵਾਰ ਵਾਰ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਜਦੋਂਕਿ ਅਮਰੀਕੀ ਫ਼ੌਜਾਂ ਨੇ ਲੜਾਈ ਦੇ ਅੰਤਲੇ ਦਿਨਾਂ ’ਚ ਇਰਾਨ ਦੇ ਪਰਮਾਣੂ ਪ੍ਰੋਗਰਾਮਾਂ ਵਾਲੇ ਜ਼ਮੀਨਦੋਜ਼ ਟਿਕਾਣਿਆਂ ’ਤੇ ਬੰਬ ਸੁੱਟੇ। ਇਨ੍ਹਾਂ ਸਾਰੇ ਹਮਲਿਆਂ ਦੇ ਬਾਵਜੂਦ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਇਰਾਨ ਵੱਲੋਂ ਸੋਧ ਕੇ ਰੱਖਿਆ ਗਿਆ ਯੂਰੇਨੀਅਮ ਨਸ਼ਟ ਹੋ ਗਿਆ ਹੈ। ਕੌਮਾਂਤਰੀ ਐਟਮੀ ਊਰਜਾ ਏਜੰਸੀ ਦੇ ਮੁਖੀ ਗਰੌਸੀ ਨੇ ਹਫ਼ਤਾ ਕੁ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਇਰਾਨ ਨੇ ਹਮਲਿਆਂ ਦੇ ਪਹਿਲੇ ਦਿਨ 13 ਜੂਨ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੀ ਪਰਮਾਣੂ ਸਮੱਗਰੀ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕਰੇਗਾ। ਗਰੌਸੀ ਮੁਤਾਬਿਕ ਇਰਾਨ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਪਰ ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਕੋਲ ਯੂਰੇਨੀਅਮ ਸੁਰੱਖਿਅਤ ਹੈ।
ਇੱਥੇ ਗੱਲ ਇਕੱਲੇ ਯੂਰੇਨੀਅਮ ਜਾਂ ਪਰਮਾਣੂ ਪ੍ਰੋਗਰਾਮ ਦੀ ਨਹੀਂ ਹੈ। ਇਸ ਪਿੱਛੇ ਕੁਝ ਹੋਰ ਮੰਤਵ ਤੇ ਸਿਆਸੀ ਕਾਰਨ ਵੀ ਹਨ। ਰਿਪੋਰਟਾਂ ਮੁਤਾਬਿਕ ਇਰਾਨ ਕੋਲ 408 ਕਿਲੋ ਯੂਰੇਨੀਅਮ ਸੀ ਅਤੇ ਉਹ ਖ਼ੁਫ਼ੀਆ ਤੌਰ ’ਤੇ 1984 ਤੋਂ ਪਰਮਾਣੂ ਗਤੀਵਿਧੀਆਂ ਚਲਾ ਰਿਹਾ ਸੀ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਯੂਰੇਨੀਅਮ ਨੂੰ ਸਿਰਫ਼ 60 ਫ਼ੀਸਦੀ ਤਕ ਹੀ ਸੋਧ ਸਕਿਆ ਹੈ ਜਦੋਂਕਿ ਪਰਮਾਣੂ ਹਥਿਆਰ ਬਣਾਉਣ ਲਈ ਯੂਰੇਨੀਅਮ 90 ਫ਼ੀਸਦੀ ਸੋਧਿਆ ਜਾਣਾ ਜ਼ਰੂਰੀ ਹੈ। ਇਹੋ ਕਾਰਨ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀ ਦੀ ਮੁਖੀ ਤੁਲਸੀ ਗਬਾਰਡ ਨੇ ਕੁਝ ਸਮਾਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਇਰਾਨ ਹਾਲੇ ਪਰਮਾਣੂ ਹਥਿਆਰ ਬਣਾਉਣ ਤੋਂ ਕਾਫ਼ੀ ਦੂਰ ਹੈ ਪਰ ਬਾਅਦ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਕਾਰਨ ਉਹ ਇਸ ਬਿਆਨ ਤੋਂ ਪਲਟ ਗਈ। ਜ਼ਾਹਿਰ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਕੋਲ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਬੰਧੀ ਜਾਣਕਾਰੀ ਮੌਜੂਦ ਸੀ ਜਿਸ ’ਚ ਸਪੱਸ਼ਟ ਸੀ ਕਿ ਇਰਾਨ ਹਾਲੇ ਆਪਣ ਪਰਮਾਣੂ ਹਥਿਆਰਾਂ ਵਾਲੇ ਟੀਚੇ ਤੋਂ ਦੂਰ ਹੈ। ਹਮਲੇ ਤੋਂ ਪਹਿਲਾਂ ਇਰਾਨ ਅਤੇ ਅਮਰੀਕਾ ਦਰਮਿਆਨ ਇਹ ਵਾਰਤਾ ਵੀ ਚੱਲ ਰਹੀ ਸੀ ਕਿ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਮਨਾਇਆ ਜਾਵੇ ਅਤੇ ਦੋਹਾਂ ਮੁਲਕਾਂ ਵੱਲੋਂ ਕੋਈ ਸਮਝੌਤਾ ਕਰ ਲਿਆ ਜਾਵੇ। ਸਮਝੌਤੇ ਮੁਤਾਬਿਕ ਇਰਾਨ ਵੱਲੋਂ ਪਰਮਾਣੂ ਪ੍ਰੋਗਰਾਮ ਰੋਕੇ ਜਾਣ ਦੇ ਬਦਲੇ ਅਮਰੀਕਾ ਨੇ ਉਸ ’ਤੇ ਲਗਾਈਆਂ ਪਾਬੰਦੀਆਂ ’ਚ ਕੁਝ ਢਿੱਲ ਦੇਣੀ ਸੀ। ਇਹ ਮੀਟਿੰਗ ਹੋਣ ਹੀ ਵਾਲੀ ਸੀ ਕਿ ਉਸ ਤੋਂ ਇੱਕ ਦਿਨ ਪਹਿਲਾਂ ਅਚਾਨਕ ਹੀ ਇਜ਼ਰਾਈਲ ਨੇ ਹਮਲਾ ਕਰ ਦਿੱਤਾ। ਸਪੱਸ਼ਟ ਹੈ ਕਿ ਅਮਰੀਕਾ ਦੀ ਮਰਜ਼ੀ ਤੋਂ ਬਗ਼ੈਰ ਇਜ਼ਰਾਈਲ ਇਹ ਹਮਲਾ ਨਹੀਂ ਕਰ ਸਕਦਾ ਸੀ ਪਰ ਉਸ ਨੇ ਅਚਾਨਕ ਇਹ ਕਦਮ ਕਿਉਂ ਚੁੱਕਿਆ। ਇਸ ਤੋਂ ਪਹਿਲਾਂ ਟਰੰਪ ਨੂੰ ਇਰਾਨ ਵੱਲੋਂ ਯੂਰੇਨੀਅਮ ਸੋਧੇ ਜਾਣ ’ਤੇ ਇਤਰਾਜ਼ ਸੀ ਤੇ ਕੌਮਾਂਤਰੀ ਐਟਮੀ ਊਰਜਾ ਏਜੰਸੀ ਦੀ ਮੀਟਿੰਗ ’ਚ ਇਹੀ ਮੁੱਦਾ ਉੱਠਿਆ, ਪਰ ਫਿਰ ਉਨ੍ਹਾਂ ਇਸ ਦੀ ਥਾਂ ਇਰਾਨ ਦੇ ਪੂਰੇ ਪ੍ਰੋਗਰਾਮ ਨੂੰ ਤਬਾਹ ਕਰਨ ਦਾ ਫ਼ੈਸਲਾ ਕੀਤਾ। ਇਸ ਮੰਤਵ ਲਈ ਅਮਰੀਕਾ ਦੇ ਬੀ-2 ਜੰਗੀ ਜਹਾਜ਼ਾਂ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ’ਤੇ ਜੀਬੀਯੂ-57 ਨਾਮੀ ਬੰਕਰਤੋੜ 14 ਬੰਬ ਸੁੱਟੇ ਪਰ ਨਤੀਜਾ ਕੁਝ ਵੀ ਹਾਸਿਲ ਨਹੀਂ ਹੋਇਆ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਇਰਾਨ ਨੇ ਸੋਧਿਆ ਹੋਇਆ ਯੂਰੇਨੀਅਮ ਟਰੱਕਾਂ ਵਿੱਚ ਭਰ ਕੇ ਪਹਿਲਾਂ ਹੀ ਕਿੱਧਰੇ ਹੋਰ ਸੁਰੱਖਿਅਤ ਥਾਂ ’ਤੇ ਤਬਦੀਲ ਕਰ ਲਿਆ ਸੀ। ਫਿਰ ਇਸ ਜੰਗ ਨਾਲ ਕੀ ਹਾਸਲ ਹੋਇਆ?
ਸੰਪਰਕ: 98726-61846