ਕਿੱਕਰ ਸਿੰਘ ਬਹੇੜਾ ਦੀ ਸੰਪਾਦਨ ਕਲਾ
ਸੁਖਦੇਵ ਸਿੰਘ ਔਲਖ
ਵਿਅੰਗ
ਕਿੱਕਰ ਸਿੰਘ ਨੇ ਆਪਣੇ ਮਹਿਕਮੇ ਵਿੱਚੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਆਪਣੀ ਸਾਰੀ ਕਬੀਲਦਾਰੀ (ਬੱਚਿਆਂ ਦੀ ਤਾਲੀਮ, ਨੌਕਰੀਆਂ ਦਾ ਪ੍ਰਬੰਧ ਤੇ ਵਿਆਹ ਸ਼ਾਦੀ ਕਰਨ) ਦਾ ਸਾਰਾ ਕੰਮ ਨਿਬੇੜ ਲਿਆ ਸੀ। ਰਿਹਾਇਸ਼ ਲਈ ਵਧੀਆ ਕੋਠੀ ਤੇ ਭਾਈ ਨੂੰ ਵੰਡ ’ਚ ਆਈ ਜ਼ਮੀਨ ਨਾਲ ਚਾਰ ਸਿਆੜ ਹੋਰ ਵੀ ਰਲਾ ਲਏ ਸਨ।
ਸਕੂਲ ਪੜ੍ਹਦੇ ਸਮੇਂ ਹੀ ਗਿਆਨੀ ਮਾਸਟਰ ਦੀ ਦਿੱਤੀ ਹੱਲਾਸ਼ੇਰੀ ਨੇ ਉਸ ਨੂੰ ਸਕੂਲ ਦੀ ਬਾਲ ਸਭਾ ਵਿੱਚ ਗੀਤ ਕਵਿਤਾ ਕਹਿਣ ਲਾ ਦਿੱਤਾ ਸੀ। ਗ਼ਲਾ ਸੁਰੀਲਾ ਹੋਣ ਕਰਕੇ ਉਹ ਆਪਣੀ ਇਸ ਕਲਾਕਾਰੀ ਦੇ ਸਿਰ ’ਤੇ ਮਹਿਕਮੇ ਵਾਲੇ ਸੰਗੀ-ਸਾਥੀਆਂ ਵੱਲੋਂ ਸਜਾਈ ਸ਼ਾਮ ਦੀ ਮਹਿਫ਼ਿਲ ਵਿੱਚ ਮਨੋਰੰਜਨ ਦੇ ਨਾਲ ਨਾਲ ਆਪਣਾ ਇਹ ਝੱਸ ਪੂਰਾ ਕਰ ਲੈਂਦਾ। ਉਹ ਬਹੁਤਾ ਤਾਂ ਦੂਜੇ ਲੇਖਕਾਂ ਤੇ ਗਾਇਕਾਂ ਦਾ ਗਾਇਆ ਮਸਾਲਾ ਹੀ ਪੇਸ਼ ਕਰਦਾ। ਕਦੇ ਕਦੇ ਆਪਣੇ ਵੱਲੋਂ ਕੀਤੀ ਤੁਕਬੰਦੀ ਸੁਣਾ ਕੇ ਵੀ ਡੰਗ ਟਪਾ ਲੈਂਦਾ।
ਜ਼ਿੰਦਗੀ ਦਾ ਬਹੁਤਾ ਸਮਾਂ ਉਸ ਨੂੰ ਮਹਿਕਮੇ ਵਿੱਚ ਨੌਕਰੀ ਕਰਨ ਕਾਰਨ ਪਿੰਡੋਂ ਬਾਹਰ ਰਹਿਣ ਕਰਕੇ ਉਸ ਦੀ ਪਿੰਡ ਦੇ ਆਮ ਲੋਕਾਂ ਨਾਲ ਸੱਥਰੀ ਘੱਟ ਹੀ ਪੈਂਦੀ ਕਿਉਂਕਿ ਉਹ ਲੋੜ (ਕੰਮ) ਤੋਂ ਬਿਨਾਂ ਕਿਸੇ ਨਾਲ ਘੱਟ ਹੀ ਮੇਲ-ਜੋਲ ਰੱਖਦਾ ਸੀ। ਕੁਝ ਤਾਂ ਉਸ ਦੀ ਪਿੱਠ ਪਿੱਛੇ ਇਹ ਵੀ ਕਹਿੰਦੇ ਸੁਣੇ ਜਾਂਦੇ ਸਨ ਕਿ ਇਹ ਮਹਿਕਮੇ ਵਿੱਚੋਂ ਜ਼ਿਆਦਾ ਹੀ ਰੱਜ ਕੇ ਆਇਐ, ਇਸ ਲਈ ਹਉਮੈਂ ਦਾ ਸ਼ਿਕਾਰ ਹੋ ਗਿਐ।
ਕਿੱਕਰ ਸਿੰਘ ਨੇ ਵਿਹਲੇ ਸਮੇਂ ਦਾ ਸਦ-ਉਪਯੋਗ ਕਰਨ ਦੀ ਮਨਸ਼ਾ ਨਾਲ ਟੱਚ ਮੋਬਾਈਲ ਚਲਾਉਣਾ ਸਿੱਖ ਹੀ ਨਹੀਂ ਲਿਆ ਸਗੋਂ ਵੱਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੀ ਤਾਂ ਉਹ ਇਉਂ ਰੇਲ ਬਣਾਉਣ ਦਾ ਮਾਹਿਰ ਹੋ ਗਿਆ ਕਿ ਨਵੀਂ ਪੀੜ੍ਹੀ ਨੂੰ ਵੀ ਪਿੱਛੇ ਛੱਡ ਗਿਆ।
ਫੇਸਬੁੱਕ ’ਤੇ ਬਣੀ ਮਿੱਤਰ ਮੰਡਲੀ ਦੇ ਸੁਨੇਹੇ ਪੜ੍ਹਨ ਤੇ ਲਿਖਣ ਦਾ ਉਸ ਨੂੰ ਪੂਰਾ ਤਜਰਬਾ ਹੋ ਗਿਆ, ਜਿਸ ਨਾਲ ਹੌਲੀ ਹੌਲੀ ਉਸ ਦੇ ਅੰਦਰ ਬੈਠੇ ਸ਼ਾਇਰ ਨੇ ਮੁੜ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ। ਨਵੇਂ ਲੇਖਕਾਂ ਵੱਲੋਂ ਛਪੀਆਂ ਜਾਂ ਛਾਪੀਆਂ ਜਾ ਰਹੀਆਂ ਪੁਸਤਕਾਂ ਦੀਆਂ ਸੂਚਨਾਵਾਂ ਵੀ ਉਸ ਦਾ ਧਿਆਨ ਆਪਣੇ ਵੱਲ ਖਿੱਚਣ ਲੱਗੀਆਂ।
ਇੱਕ ਦਿਨ ਉਸ ਨੇ ਸ਼ੁਗਲ ਸ਼ੁਗਲ ਵਿੱਚ ਹੀ ਇੱਕ ਸੂਚਨਾ ਆਪਣੇ ਨਾਂ ਹੇਠ ਪਾ ਦਿੱਤੀ ਕਿ “ਮੈਂ ਕਵਿਤਾ ਦੀ ਪੁਸਤਕ ‘ਵਕਤ ਦੇ ਰੰਗ’ ਸੰਪਾਦਿਤ ਕਰ ਰਿਹਾ ਹਾਂ। ਇਸ ਪੁਸਤਕ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ, ਆਪਣੀਆਂ ਸੱਜਰੀਆਂ ਪੰਜ ਰਚਨਾਵਾਂ, ਆਪਣੀ ਫੋਟੋ ਸਮੇਤ ਇੱਕ ਹਜ਼ਾਰ ਰੁਪਏ ਮੇਰੇ ਤੱਕ ਪਹੁੰਚਦੇ ਕਰਨ। ਹਰ ਲੇਖਕ ਨੂੰ ਪੁਸਤਕ ਦੀਆਂ ਪੰਜ ਕਾਪੀਆਂ ਦਿੱਤੀਆਂ ਜਾਣਗੀਆਂ। ਛੇਤੀ ਹੀ ਪੁਸਤਕ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ।”
ਦੋ ਹਫ਼ਤਿਆਂ ਵਿੱਚ ਹੀ ਵੀਹ ਪੰਝੀ ਲੇਖਕਾਂ ਨੇ ਰਕਮ ਸਮੇਤ ਰਚਨਾਵਾਂ ਭੇਜ ਦਿੱਤੀਆਂ। ਦੋ ਮਹੀਨਿਆਂ ਵਿੱਚ ਹੀ ਪੁਸਤਕ ਛਪ ਗਈ। ਕਿੱਕਰ ਸਿੰਘ ਨੂੰ ਦੂਹਰਾ ਤੀਹਰਾ ਫ਼ਾਇਦਾ ਹੋਇਆ। ਪਹਿਲਾ ਫ਼ਾਇਦਾ ਤਾਂ ਇਹ ਹੋਇਆ ਕਿ ਲੇਖਕਾਂ ਨੂੰ ਪੁਸਤਕਾਂ ਵੰਡਣ ਤੋਂ ਬਾਅਦ ਵੀ ਉਸ ਕੋਲ ਪੁਸਤਕਾਂ ਬਚ ਗਈਆਂ। ਦੂਜਾ ਫ਼ਾਇਦਾ ਇਹ ਹੋਇਆ ਕਿ ਕੁਝ ਨਕਦੀ ਵੀ ਬਚ ਗਈ। ਤੀਜਾ ਫ਼ਾਇਦਾ ਪੁਸਤਕ ਛਪਵਾਉਣ ਤੇ ਵੰਡਣ ਕਾਰਨ ਉਸ ਦਾ ਸਮਾਂ ਰੁਝੇਵੇਂ ਭਰਿਆ ਬਤੀਤ ਹੋਣਾ ਸੀ।
ਬਸ! ਫਿਰ ਕੀ ਸੀ ਉਸ ਦਾ ਇਹ ਯੱਕਾ ਵਧੀਆ ਰਿੜ੍ਹ ਪਿਆ। ਉਹ ਹਰ ਤਿੰਨ ਮਹੀਨਿਆਂ ਬਾਅਦ ਨਵੀਂ ਪੁਸਤਕ ਸੰਪਾਦਿਤ ਕਰਨ ਲੱਗਿਆ। ਇੱਕ ਨਵੇਂ ਪ੍ਰਕਾਸ਼ਕ ਜਿਸ ਨੂੰ ਪੁਸਤਕ ਬਿਜਨਸ ਦੇ ਨਾਲ ਨਾਲ ਸਾਹਿਤਕ ਮੱਸ ਵੀ ਸੀ, ਨੇ ਕਿੱਕਰ ਸਿੰਘ ਨਾਲ ਉਸ ਵੱਲੋਂ ਸੰਪਾਦਿਤ ਪੁਸਤਕਾਂ ਛਾਪਣ ਦੀ ਗੱਲ ਕੀਤੀ। ਨਾਲ ਇਹ ਵੀ ਸੁਝਾਅ ਦਿੱਤਾ ਕਿ ਤੁਸੀਂ ਸਿਰਫ਼ ਸੰਪਾਦਕ ਕਿੱਕਰ ਸਿੰਘ ਹੀ ਨਾ ਲਿਖਿਆ ਕਰੋ, ਆਪਣੇ ਨਾਂ ਨਾਲ ਕੋਈ ਉਪਨਾਮ, ਤਖੱਲਸ, ਆਪਣਾ ਗੋਤ ਜਾਂ ਪਿੰਡ ਦਾ ਨਾਂ ਜ਼ਰੂਰ ਲਾਇਆ ਕਰੋ ਤਾਂ ਕਿ ਤੁਹਾਡੀ ਸਾਹਿਤ ਜਗਤ ਵਿੱਚ ਪਛਾਣ ਬਣੇ। ਕਿੱਕਰ ਸਿੰਘ ਕਹਿੰਦਾ, “ਜਨਾਬ, ਮੇਰੇ ਪਿੰਡ ਦਾ ਨਾਂ ਤਾਂ ਕੁਝ ਝੱਲ-ਵਲੱਲਾ ਜਿਹਾ ਐ। ਰਹੀ ਗੱਲ ਮੇਰੇ ਗੋਤ ਦੀ ਉਹ ਤਾਂ ਦੱਸਦਿਆਂ ਨੂੰ ਵੀ ਸੰਗ ਜਿਹੀ ਆਉਂਦੀ ਐ।’’
“ਪਿੰਡ ਦੇ ਆਮ ਲੋਕ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਕਿਸੇ ਨਾਂ ਨਾਲ ਤਾਂ ਬੁਲਾਉਂਦੇ ਹੀ ਹੋਣਗੇ?” ਪ੍ਰਕਾਸ਼ਕ ਨੇ ਮੁੜ ਸਵਾਲ ਦਾਗਿਆ।
“ਜਨਾਬ ਸਾਡੇ ਘਰ ਦੇ ਵਿਹੜੇ ਵਿੱਚ ਬਹੇੜੇ ਦਾ ਦਰੱਖਤ ਐ। ਲੋਕ ਸਾਡੇ ਘਰ ਨੂੰ ਬਹੇੜੇ ਵਾਲਿਆਂ ਦਾ ਘਰ ਕਹਿੰਦੇ ਨੇ,” ਕਿੱਕਰ ਸਿੰਘ ਝਕਦਾ ਝਕਦਾ ਬੋਲਿਆ।
ਪ੍ਰਕਾਸ਼ਕ ਆਪਣੀਆਂ ਬਿੱਲੀਆਂ ਅੱਖਾਂ ਮਟਕਾਉਂਦਾ ਬੋਲਿਆ, “ਲਓ ਜੀ ਬਣ ਗਈ ਗੱਲ, ਹੁਣ ਤੁਹਾਡੀ ਅਗਲੀ ਸੰਪਾਦਿਤ ਪੁਸਤਕ ਅਸੀਂ ਛਾਪਾਂਗੇ ਤੇ ਤੁਹਾਡਾ ਯਾਨੀ ਸੰਪਾਦਕ ਦਾ ਨਾਂ ਹੋਵੇਗਾ ਕਿੱਕਰ ਸਿੰਘ ਬਹੇੜਾ।”
ਕਿੱਕਰ ਸਿੰਘ ਬਹੇੜਾ ਨੇ ਜਿੱਥੇ ਤਿੰਨ ਸਾਲਾਂ ਵਿੱਚ ਡੇਢ ਦਰਜਨ ਪੁਸਤਕਾਂ ਸੰਪਾਦਿਤ ਕਰ ਦਿੱਤੀਆਂ, ਉੱਥੇ ਹਰ ਪੁਸਤਕ ਦਾ ਮੋਬਾਇਲ ਰਾਹੀਂ ਪੂਰਾ ਪ੍ਰਚਾਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਹੁਣ ਕਿੱਕਰ ਸਿੰਘ ਬਹੇੜਾ ਦੀ ਪਛਾਣ ਇੱਕ ਸੰਪਾਦਕ ਵਜੋਂ ਬਣ ਚੁੱਕੀ ਸੀ। ਉਸ ਦੀ ਸਾਹਿਤਕ ਸਮਾਗਮਾਂ ਵਿੱਚ ਵੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ। ਜਿਹੜੇ ਲੇਖਕਾਂ ਦੀਆਂ ਰਚਨਾਵਾਂ ਉਸ ਨੇ ਕਿਸੇ ਸਮੇਂ ਸਾਂਝੇ ਸੰਗ੍ਰਹਿਆਂ ਵਿੱਚ ਛਾਪੀਆਂ ਸਨ, ਹੁਣ ਉਹ ਖ਼ੁਦ ਵੀ ਲੇਖਕ ਬਣਨ ਦੇ ਰਾਹ ਪੈ ਗਏ ਸਨ। ਉਨ੍ਹਾਂ ਦੀਆਂ ਪੁਸਤਕਾਂ ਦੀ ਸੰਪਾਦਨਾ ਵੀ ਕਿੱਕਰ ਸਿੰਘ ਹੀ ਕਰਦਾ। ਪੁਸਤਕ ਦੇ ਸਰਵਰਕ ’ਤੇ ਉੱਪਰਲੇ ਪਾਸੇ ਲੇਖਕ ਦਾ ਨਾਂ ਹੁੰਦਾ ਅਤੇ ਹੇਠਾਂ ਸੰਪਾਦਕ ਵਜੋਂ ਉਸ ਦਾ ਆਪਣਾ ਨਾਂ ਹੁੰਦਾ।
ਆਪਣੇ ਆਪ ਨੂੰ ਸੂਬਾ ਪੱਧਰ ਦਾ ਪ੍ਰਕਾਸ਼ਕ ਕਹਾਉਣ ਵਾਲੇ ਇੱਕ ਸ਼ਖ਼ਸ ਨੂੰ ‘ਲੇਖਕਾਂ ਦੀ ਮਾਂ’ ਦੇ ਨਾਂ ਨਾਲ ਪ੍ਰਚਾਰਿਆ ਜਾਂਦਾ ਸੀ। ਕਿੱਕਰ ਸਿੰਘ ਬਹੇੜਾ ਦੀ ਉਸ ਨਾਲ ਮੁਲਾਕਾਤ ਹੋਈ। ਪ੍ਰਕਾਸ਼ਕ ਕਹਿੰਦਾ, “ਤੁਸੀਂ ਸਾਡੀ ਸੰਸਥਾ ਨਾਲ ਜੁੜੋ। ਗੀਤ ਕਵਿਤਾ ਦੇ ਘੇਰੇ ਵਿੱਚੋਂ ਬਾਹਰ ਨਿਕਲ ਕੇ ਕਹਾਣੀ, ਵਿਅੰਗ, ਮਿੰਨੀ ਕਹਾਣੀ, ਨਿਬੰਧ ਤੇ ਗ਼ਜ਼ਲ ਵਰਗੇ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਸੰਪਾਦਿਤ ਕਰੋ। ਪੈਸੇ ਤੇ ਕਲਮ ਘਸਾਈ ਕਲਮਕਾਰਾਂ ਦੀ, ਮੁਨਾਫ਼ਾ ਆਪਣਾ ਹਿੱਸੇ ਬਹਿੰਦਾ। ਪਰ! ਹਾਂ, ਤੁਹਾਨੂੰ ਸਾਡੀ ਇੱਕ ਸ਼ਰਤ ਮੰਨਣੀ ਪਊ, ਤੁਹਾਡਾ ਨਾਂ ਸਾਹਿਤਕ ਨਹੀਂ, ਇਸ ਵਿੱਚ ਥੋੜ੍ਹਾ ਜਿਹਾ ਬਦਲਾਅ ਕਰਨਾ ਪਊ। ਇਹ ਕੀ ਨਾਂ ਹੋਇਆ ਕਿੱਕਰ ਸਿੰਘ ਬਹੇੜਾ? ਇਹ ਤਾਂ ਦੋਵੇਂ ਨਾਂ ਹੀ ਦਰੱਖਤਾਂ ਦੇ ਹੋਏ। ਕੋਈ ਗੱਲ ਜਿਹੀ ਨਹੀਂ ਬਣਦੀ। ਇਸ ਨਾਂ ਨੂੰ ਸਾਹਿਤਕ ਦਿੱਖ ਦਿਓ ਜੋ ਵੱਖਰੇ ਅੰਦਾਜ਼ ਦੀ ਹੋਵੇ। ਮੇਰਾ ਭਾਵ ਆਪਾਂ ਤੁਹਾਡੇ ਨਾਂ ਨਾਲੋਂ ਕਿੱਕਰ ਤੇ ਬਹੇੜਾ ਹਟਾ ਦੇਵਾਂਗੇ, ਵੱਡੇ ਸਾਹਿਤਕਾਰਾਂ ਵਾਂਗ ਤੁਹਾਡਾ ਕਲਮੀ ਨਾਂ ਹੋਵੇਗਾ ਸੰਪਾਦਕ ਸਿੰਘ।’’ ਪ੍ਰਕਾਸ਼ਕ, ਨਹੀਂ ਸੱਚ, ਲੇਖਕਾਂ ਦੀ ਮਾਂ ਦੀ ਗੱਲ ਮੰਨੀ ਗਈ। ਕਿੱਕਰ ਸਿੰਘ ਬਹੇੜਾ ਹੁਣ ‘ਸੰਪਾਦਕ ਸਿੰਘ’ ਬਣ ਗਿਆ ਤੇ ਸਾਹਿਤ ਦੀ ਹਰ ਵਿਧਾ ਦੀ ਪੁਸਤਕ ਸੰਪਾਦਿਤ ਕਰਨ ਲੱਗਿਆ। ਕਮਾਲ ਤਾਂ ਉਸ ਵਕਤ ਹੋਈ ਜਦੋਂ ਸੰਪਾਦਕ ਸਿੰਘ ਨੇ ਆਪਣੀ ਸੱਜਰੀ ਸੰਪਾਦਿਤ ਕੀਤੀ। ਪੁਸਤਕ ਡਾਕਟਰ ਕੁਹਾੜੇਵੱਢ ਨੂੰ ਭੇਟ ਕਰਨ ਸਮੇਂ ਆਪਣੇ ਮੋਬਾਇਲ ਨਾਲ ਸੈਲਫ਼ੀ ਲੈਂਦੇ ਨੇ ਬੇਨਤੀ ਕੀਤੀ ਕਿ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਵਿਚਾਰ...।’’
ਡਾਕਟਰ ਕੁਹਾੜੇਵੱਢ ਪੁਸਤਕ ਦੇ ਵਰਕੇ ਫਰੋਲਦਾ ਬੋਲਿਆ, ‘‘ਭਾਈ, ਇਹ ਪੁਸਤਕ ਕਿਸ ਵਿਸ਼ੇ ਨਾਲ ਸਬੰਧਿਤ ਐ?”
“ਜੀ, ਇਹ ਮੇਰੇ ਸ਼ਾਗਿਰਦ ਦਾ ਨਾਵਲ ਐ ਜੋ ਮੈਂ ਸੰਪਾਦਿਤ ਕੀਤੈ,” ਸੰਪਾਦਕ ਸਿੰਘ ਆਪਣੀ ਗਰਦਨ ਅਕੜਾਉਂਦਾ ਬੋਲਿਆ।
“ਅੱਛਾ! ਹੁਣ ਨਾਵਲ ਵੀ ਸੰਪਾਦਿਤ ਹੋਣ ਲੱਗ ਗਏ?” ਡਾਕਟਰ ਕੁਹਾੜੇਵੱਢ ਤਨਜ਼ੀਆ ਲਹਿਜੇ ਵਿੱਚ ਬੋਲਿਆ। “ਜੀ ਲੇਖਕ ਨੇ ਤਾਂ ਸ਼ੁਰੂ ਤੋਂ ਅੰਤ ਤੱਕ ਸਾਰੀ ਕਹਾਣੀ ਇੱਕੋ ਰਵਾਨੀ ਵਿੱਚ ਹੀ ਲਿਖ ਧਰੀ ਸੀ। ਮੈਂ ਹੀ ਕੁਝ ਘਟਨਾਵਾਂ ਅੱਗੇ ਪਿੱਛੇ ਕਰਕੇ ਉਨ੍ਹਾਂ ਨੂੰ ਤਰਤੀਬ ਦਿੱਤੀ ਤੇ ਕਾਂਡਾਂ ਵਿੱਚ ਵੰਡਿਆ,’’ ਸੰਪਾਦਕ ਸਿੰਘ ਨੇ ਨਾਵਲ ਦੀ ਵਿਉਂਤਬੰਦੀ ਬਾਰੇ ਆਪਣੇ ਵੱਲੋਂ ਜਾਣਕਾਰੀ ਦਿੱਤੀ।
ਡਾਕਟਰ ਕੁਹਾੜੇਵੱਢ ਨੇ ਸੰਪਾਦਕ ਸਿੰਘ ਨੂੰ ਨਾਵਲ ਵਾਪਸ ਮੋੜਦਿਆਂ ਕੁਸੈਲਾ ਜਿਹਾ ਮੂੰਹ ਬਣਾਉਂਦੇ ਨੇ ਕਿਹਾ, “ਅੱਛਾ ਹੁਣ ਫੇਸਬੁੱਕੀ ਵਿਦਵਾਨ ਪੰਜਾਬੀ ਮਾਂ ਬੋਲੀ ਦੀ ਇਉਂ ਵੀ ‘ਸੇਵਾ’ ਕਰਿਆ ਕਰਨਗੇ?” ਇਹ ਕਹਿ ਕੇ ਡਾਕਟਰ ਕੁਹਾੜੇਵੱਢ ਸਟੇਜ ਵੱਲ ਚਲਿਆ ਗਿਆ।
ਸੰਪਾਦਕ ਸਿੰਘ ਨੂੰ ਸਮਝ ਨਾ ਆਈ ਕਿ ਡਾਕਟਰ ਕੁਹਾੜੇਵੱਢ ਸਾਹਿਬ ਉਸ ਦੀ ਤਾਰੀਫ਼ ਕਰਕੇ ਗਏ ਨੇ ਜਾਂ...।
ਸੰਪਰਕ: 94647-70121, 94936-15000