DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਇਲਾਂ ਬੋਲਦੀਆਂ

ਰਣਜੀਤ ਆਜ਼ਾਦ ਕਾਂਝਲਾ ਸੁਣੋ! ਕੋਇਲਾਂ ਕੀ ਬੋਲਦੀਆਂ? ਦੁੱਖ-ਸੁੱਖ ਅਪਣਾ ਫੋਲਦੀਆਂ। ਅੰਬੀ ਦੇ ਬੂਟੇ ਆਇਆ ਬੂਰ ਕੁੜੇ। ਨਾ ਹੁਣ ਤੂੰ ਬਹੁਤਾ ਝੂਰ ਕੁੜੇ। ਮਨ ’ਚ ਖੌਰੂ ਪਾਉਣ ਯਾਦਾਂ ਢੋਲ ਦੀਆਂ...! ਸੁਹਾਵਣੇ ਮੌਸਮ ਦੀ ਕੇਹੀ ਸ਼ੈਤਾਨੀ। ਅਸਲੀ ਗੱਲ ਮੈਂ ਕੋਈ ਨਾ ਜਾਣੀ।...
  • fb
  • twitter
  • whatsapp
  • whatsapp
Advertisement

ਰਣਜੀਤ ਆਜ਼ਾਦ ਕਾਂਝਲਾ

ਸੁਣੋ! ਕੋਇਲਾਂ ਕੀ ਬੋਲਦੀਆਂ?

Advertisement

ਦੁੱਖ-ਸੁੱਖ ਅਪਣਾ ਫੋਲਦੀਆਂ।

ਅੰਬੀ ਦੇ ਬੂਟੇ ਆਇਆ ਬੂਰ ਕੁੜੇ।

ਨਾ ਹੁਣ ਤੂੰ ਬਹੁਤਾ ਝੂਰ ਕੁੜੇ।

ਮਨ ’ਚ ਖੌਰੂ ਪਾਉਣ ਯਾਦਾਂ ਢੋਲ ਦੀਆਂ...!

ਸੁਹਾਵਣੇ ਮੌਸਮ ਦੀ ਕੇਹੀ ਸ਼ੈਤਾਨੀ।

ਅਸਲੀ ਗੱਲ ਮੈਂ ਕੋਈ ਨਾ ਜਾਣੀ।

ਵਿੱਚੇ ਵਿੱਚ ਰਹੀ ਵਿਹੁ ਘੋਲਦੀਆਂ...!

ਪਰਾਇਆ ਦੇਸ਼ ਹੈ ਪਰਾਈ ਧਰਤੀ।

ਮੇਰੇ ਨਾਲ ਤਾਂ ਜੱਗੋਂ ਤੇਰ੍ਹਵੀਂ ਕਰ ’ਤੀ।

ਰਹੀ ਝੂਰ ਤੇੇ ਜਵਾਨੀ ਮੈਂ ਰੋੋਲਦੀਆਂ...!

ਬਿਨ ਪੀਆ ਨਾ ਮਨ ਹੈ ਲਗਦਾ।

ਪ੍ਰੀਤ ਦਾ ਦੀਵਾ ਲਟ ਲਟ ਬਲਦਾ।

ਉਡਾਰੀ ਲਾਉਣ ਲਈ ਪਰ ਤੋਲਦੀਆਂ...!

ਰੰਗ ਦੀ ਕਾਲੀ ਪਰ ’ਵਾਜ਼ ਪਿਆਰੀ।

ਸਵਰ ਪੱਖੋਂ ਗਈ ਹਰ ਥਾਂ ਸਤਿਕਾਰੀ।

ਪੀਆ ਵਿਛੋੜਾ ਡਾਢਾ, ਧੁਰ ਅੰਦਰੋਂ ਬੋਲਦੀਆਂ...!

ਰੰਗ-ਢੰਗ ਦੀ ਦੁਨੀਆ ਨਿਆਰੀ।

ਠੱਗ ਬੈਠੀ ਸੋਹਣੀ ਸ਼ਕਲ ਪਿਆਰੀ।

ਇਹ ਦਿਲ ਦੀ ਘੁੰਡੀ ਖੋਲ੍ਹਦੀਆਂ...!

‘ਅਜ਼ਾਦ’ ਤਰਾਨੇ ਤਿਰੇ ਪ੍ਰੀਤ ਅਫ਼ਸਾਨੇ।

ਮਨ ਵਿੱਚ ਲਹਿ ਗਏ ਮਿੱਠੇ ਤਰਾਨੇ।

ਮਿੱਠੀ ਆਵਾਜ਼ ਕੰਨਾਂ ’ਚ ਰਸ ਘੋਲਦੀਆਂ।

ਸੁਣੋ! ਕੋਇਲਾਂ ਕੀ ਬੋਲਦੀਆਂ...?

ਸੰਪਰਕ: 94646-97781

* * *

ਪਾਣੀ

ਕਰਨੈਲ ਅਟਵਾਲ

ਪੰਜਾਬ ਸਿਆਂ ਖ਼ਤਮ ਕਹਾਣੀ।

ਜੇ ਤੇਰਾ ਨਾ ਸੰਭਾਲਿਆ ਪਾਣੀ।

ਗੁਰੂ ਪਿਤਾ ਕਹਿ ਵਡਿਆਇਆ,

ਲਿਖਿਆ ਹੈ ਵਿੱਚ ਗੁਰਬਾਣੀ।

ਪਾਣੀ-ਪਾਣੀ ਕਰਦੇ ਇੱਕ ਦਿਨ,

ਤੂੰ ਮਰ-ਮਿਟ ਜਾਣਾ ਹੈ ਪ੍ਰਾਣੀ।

ਰੱਬ ਨੇ ਤੈਨੂੰ ਦਿੱਤੀ ਨਿਆਮਤ,

ਤੂੰ ਨਹੀਂ ਕੋਈ ਕਦਰ ਜਾਣੀ।

ਕੁਦਰਤ ਨਾਲ ਮਿਲਕੇ ਚੱਲੀਏ,

ਚੱਲਣੀ ਨਹੀਂ ਕੋਈ ਮਨਮਾਨੀ।

ਫੁੱਲਾ ਤੇਰੇ ’ਚੋਂ ਖੁਸ਼ਬੂ ਉੱਡਣੀ,

ਮੁਰਝਾਉਣਾ ਚਿਹਰਾ ਨੂਰਾਨੀ।

ਸਭ ਪਦਾਰਥ ਮੁੱਕ ਜਾਣਗੇ,

ਕਿੱਥੋਂ ਪੈਣੀ ਦੁੱਧ ’ਚ ਮਧਾਣੀ।

ਪਸ਼ੂ-ਪੰਛੀ ਰੁੱਖ-ਬੂਟਿਆਂ ਸਾਂਝਾ,

ਕੁਦਰਤ ਨਾ ਕਰਦੀ ਵੰਡ ਕਾਣੀ।

ਪੰਜ-ਆਬਾਂ ਦਿਆ ਰਾਜਿਆ,

ਨਾ ਮੁੱਲ ਰਹਿਣਾ ਤੇਰਾ ਦੁਆਨੀ।

‘ਅਟਵਾਲ’ ਰਹੇ ਤਰਲੇ ਪਾਉਂਦਾ,

ਸੁਣਦਾ ਨਾ ਕੋਈ ਰਾਜਾ-ਰਾਣੀ।

ਸੰਪਰਕ: 75082-75052

* * *

ਮੈਨਾ ਦੀ ਬੇਨਤੀ!

ਸਰਬਜੀਤ ਸਿੰਘ ਜਰਮਨੀ

ਮੈਨਾ ਆਖਣ ਲੱਗੀ ਤੋਤੇ ਨੂੰ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ,

ਪੰਜਾਬ ’ਚ ਸਾਨੂੰ ਟਿਕਣ ਨਾ ਦਿੰਦੇ ,

ਵਿਦੇਸ਼ੀਂ ਰੁੱਖਾਂ ’ਤੇ ਜਾ ਆਲ੍ਹਣੇ ਪਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਕਿੱਕਰਾਂ, ਤੂਤ, ਜਾਮਣਾਂ ਤੇ ਨਾ ਰਹੀਆਂ ਨਿੰਮਾਂ ਵੇ,

ਨਾ ਹੁਣ ਸਾਨੂੰ ਚੋਗਾ ਮਿਲਦਾ,

ਢਿੱਡ ਭਰਨ ਲਈ ਆਪਣਾ,

ਢਿੱਡ ਭਰਨ ਲਈ ਕਿਸ ਦਰ ਜਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਪਿੱਪਲ ਬੋਹੜ ਟਾਹਲੀਆਂ ਸਾਡੇ ਪੱਕੇ ਟਿਕਾਣੇ ਸੀ,

ਜਿੱਥੇ ਪਲਦੇ ਸਾਡੇ ਨਿਆਣੇ ਸੀ,

ਤੇ ਕੋਠੀ ਰੱਜ ਕੇ ਦਾਣੇ ਸੀ,

ਦਾਣੇ ਤਾਂ ਇੱਕ ਪਾਸੇ

ਹੁਣ ਕੋਠੀ ਕਿੱਥੇ ਬਣਾਈਏ ਵੇ?

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਅੰਬ, ਢੇਊ, ਪੀਲੂ, ਕਟਹਲ, ਰੀਠੇ,

ਜਿੱਥੇ ਸਾਡੇ ਬੱਚਿਆਂ ਕਦੇ ਖੇਡੇ ਗੀਟੇ,

ਹੁਣ ਗੀਟੇ ਕਿਵੇਂ ਬਣਾਈਏ,

ਕਿੰਝ ਬਾਲਾਂ ਦਾ ਚਿੱਤ ਪਰਚਾਈਏ ਵੇ?

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਇਮਲੀ, ਜੰਡ, ਅਰਜਨ, ਲਸੂੜ੍ਹੇ ਨਾ,

ਖੇਡਣ ਬੈਠਣ ਲਈ ਹੁਣ ਬਣਦੇ ਮੂੜ੍ਹੇ ਨਾ,

ਚੱਲ ਆਪਣੇ ਬੈਠਣ ਖੇਡਣ ਦਾ,

ਆਪੇ ਈ ਕੋਈ ਜੁਗਾੜ ਬਣਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਸਿੰਬਲ, ਹਰੜ, ਆਂਵਲਾ, ਅੰਜੀਰਾਂ ਨਾ,

ਦੁੱਧ ਰਿੜਕਣ ਵਾਲੀਆਂ ਰਹੀਆਂ ਹੀਰਾਂ ਨਾ,

ਰੀਲਾਂ ਤੇ ਫੈਸ਼ਨ ਨੇ ਬੇੜਾ ਗ਼ਰਕ ਕਰ ਦਿੱਤਾ ਵੇ,

ਚੱਲ ਆਪਾਂ ਆਪਣੀ ਜਾਨ ਬਚਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਸੁਣਿਆ ਬਾਹਰ ਦੇ ਮੁਲਕਾਂ ਵਿੱਚ,

ਕੋਈ ਤੀਲ੍ਹੀ ਲਾਵੇ ਨਾ,

ਘਰ ਕਿਸੇ ਦਾ ਜਾਲ਼ ਕੇ

ਕੋਈ ਜਸ਼ਨ ਮਨਾਵੇ ਨਾ,

ਇਨ੍ਹਾਂ ਜ਼ਾਲਮਾਂ ਤੋਂ ਕਿਤੇ ਦੂਰ ਚਲੇ ਜਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਪਾਣੀ ਗੰਧਲੇ ਕਰ ਛੱਡੇ,

ਠੰਢੀਆਂ ਛਾਵਾਂ ਤੋਂ ਵਾਂਝੇ ਹੋਏ ਪਿੰਡਾਂ ਦੇ ਅੱਡੇ,

ਹੋ ਸਕਦਾ ਨਵੇਂ ਜ਼ਮਾਨੇ ’ਚ,

ਪਾਣੀ ਖੁਣੋਂ ਵੀ ਮਰ ਜਾਈਏ ਵੇ,

ਚੱਲ ਬਾਹਰ ਦਾ ਵੀਜ਼ਾ ਲਵਾਈਏ ਵੇ।

ਅੱਗੋ ਤੋਤੇ ਦਾ ਜੁਆਬ!

ਬੰਗਲਾ, ਟਟੀਹਰੀ, ਚਿੜੀ, ਸਾਰਖ਼, ਕੁੱਕੜ,

ਬੱਤਖ਼, ਇੱਲ, ਕਾਂ, ਘੁੱਗੀ, ਕਬੂਤਰ,

ਮੋਰ, ਮੋਰਨੀ, ਹੰਸ, ਬੁਲਬੁਲ, ਚੀਲ,

ਸ਼ਤਰ-ਮੁਰਗ, ਬਟੇਰਾ, ਤਿੱਤਰ, ਬਾਜ਼,

ਕੋਇਲ, ਉੱਲੂ, ਸਾਰਸ, ਚੱਕੀਰਾਹਾ, ਕਠਫੋੜਾ,

ਮੁਰਗ਼ਾ, ਮੁਰਗੀ, ਰਾਮਚਿੜੀ ਤੇ ਬਿਜੜੇ ਨੂੰ ਲੈ

ਕੋਈ ਬਣਦੀ ਜੁਗਤ ਬਣਾਈਏ,

ਬੇਦਰਦ ਇਨਸਾਨ ਨੂੰ ਜ਼ਰਾ ਨੱਥ ਤਾਂ ਪਾਈਏ,

ਬਾਬੇ ਨਾਨਕ ਦੇ ਪੰਜਾਬ ਨੂੰ ਰਹਿਣ ਯੋਗ ਬਣਾਈਏ,

ਆਪਾਂ ਬਾਹਰ ਦਾ ਵੀਜ਼ਾ ਕਿਉਂ ਲਵਾਈਏ ?

* * *

ਗਰਮੀ ਦੀ ਲੂ

ਹਰਪ੍ਰੀਤ ਪੱਤੋ

ਸੂਰਜ ਤਪਦਾ ਧਰਤੀ ਨੂੰ ਅੱਗ ਲੱਗੀ,

ਪਾਰਾ ਗਿਆ ਪੰਜਾਹ ਦੇ ਨੇੜ ਬਾਬਾ।

ਖੁਰਾਕਾਂ ਮਾੜੀਆਂ ਸਰੀਰ ਕਮਜ਼ੋਰ ਹੋ ਗਏ,

ਝੱਲੀ ਜਾਂਦੀ ਨਹੀਂ ਹੁਣ ਧੰਗੇੜ ਬਾਬਾ।

ਪਾਣੀ ਮੁੱਕ ਚੱਲਿਆ ਰੁੱਖ ਵੀ ਵੱਢ ਸੁੱਟੇ,

ਮੁਸੀਬਤ ਆਪੇ ਲਈ ਆਪਾਂ ਸਹੇੜ ਬਾਬਾ।

ਬਾਹਰ ਨਿਕਲੀਏ ਤਾਂ ਲੂ ਮੂੰਹ ਸਾੜੇ,

ਗਰਮ ਹਵਾ ਜਿਉਂ ਮਾਰੇ ਚਪੇੜ ਬਾਬਾ।

ਦੋਸ਼ ਦੇਈਏ ਕੁਦਰਤ ਨੂੰ ਹੁਣ ਕਿਉਂ ਆਪਾਂ,

ਫ਼ਲ ਮਿਲਦਾ ਕੀਤੀ ਜੋ ਛੇੜ ਬਾਬਾ।

ਇੱਕੋ ਰਾਹਤ ਮਿਲੀ ਮੱਖੀ ਮੱਛਰਾਂ ਤੋਂ,

ਅੱਗੇ ਫਿਰਦੇ ਸੀ ਬਣ ਕੇ ਹੇੜ ਬਾਬਾ।

ਜਿੰਨਾ ਚਿਰ ਰੁੱਖ ਤੇ ਪਾਣੀ ਨਹੀਂ ਬਚਾਏ ਜਾਂਦੇ,

‘ਪੱਤੋ’ ਨਹੀਂ ਮੁੱਕਣਾ ਇਹ ਗੇੜ ਬਾਬਾ।

ਸੰਪਰਕ: 94658-21417

* * *

ਨਸ਼ਾ

ਸੁਖਵਿੰਦਰ ਸਿੰਘ ਮੁੱਲਾਂਪੁਰ

ਵੋਟਾਂ ਆਉਂਦੀਆਂ ਨੇ ਤੇ ਜਾਣ ਚਲੀਆਂ,

ਕੀਤੇ ਵਾਅਦੇ ਕੋਈ ਪੂਰੇ ਕਰਦਾ ਨਈਂ।

ਨਸ਼ਾ ਬੰਦ ਕਰਨ ਦਾ ਹਰ ਲੀਡਰ ਕਹਿੰਦਾ,

ਪਰ ਇੱਧਰ ਧਿਆਨ ਕੋਈ ਧਰਦਾ ਨਈਂ।

ਕਈ ਸਰਕਾਰਾਂ ਬਦਲਦੀਆਂ ਮੈਂ ਵੇਖੀਆਂ,

ਚਿੱਟਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਈਂ,

ਸਰਕਾਰ ਆਪਣੇ ਰਿਕਾਰਡ ’ਚ ਬੁਲਾ ਲੈਂਦੀ,

ਇੱਥੇ ਕੋਈ ਵੀ ਨਸ਼ੇ ਦੇ ਨਾਲ ਮਰਦਾ ਨਈਂ।

ਮੈਨੂੰ ਚੋਰਾਂ ਦੇ ਸੰਗ ਕੁੱਤੀ ਰਲ ਗਈ ਲੱਗਦੀ,

ਤਾਂ ਹੀ ਨਸ਼ਾ ਵੇਚਣ ਦਾ ਕੰਮ ਠੱਲਦਾ ਨਈਂ।

ਮੁੱਲਾਂਪੁਰ ਨਸ਼ਾ ਕਮਾਈ ਦਾ ਸਾਧਨ ਬਣ ਚੁੱਕਾ,

ਇਹਨੂੰ ਵੇਚਿਆਂ ਬਿਨਾਂ ਕੰਮ ਚਲਦਾ ਨਈਂ।

ਸੰਪਰਕ: 99141-84794

* * *

ਘੜੇ ਦਾ ਪਾਣੀ

ਸਰੂਪ ਚੰਦ ਹਰੀਗੜ੍ਹ

ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਰੱਖੀਏ,

ਸਾਦਾ ਖਾਓ ਬਹੁਤੇ ਨਾ ਸੁਆਦ ਚੱਖੀਏ।

ਕੱਚੇ ਨਾਲੋਂ ਫ਼ਾਇਦਾ ਵੱਧ ਦੁੱਧ ਖੜ੍ਹੇ ਦਾ,

ਪੀਆ ਕਰੋ ਸੱਜਣੋ ਤੁਸੀਂ ਪਾਣੀ ਘੜੇ ਦਾ।

ਆਲੂ ਦਾ ਪਰੌਂਠਾ ਗਰਮੀ ’ਚ ਬੰਦ ਜੀ,

ਦਹੀਂ, ਲੱਸੀ ਪੀ ਕੇ ਮਾਣ ਲਓ ਅਨੰਦ ਜੀ।

ਘੀਆ, ਤੋਰੀ ਸੁਆਦ ਲਓ ਫੁਲਕੇ ਰੜ੍ਹੇ ਦਾ,

ਪੀਆ ਕਰੋ ਸੱਜਣੋ ਤੁਸੀਂ ਪਾਣੀ ਘੜੇ ਦਾ।

ਖੀਰੇ ਦਾ ਸਲਾਦ ਪਾਣੀ ਪੂਰਾ ਕਰਦਾ,

ਠੰਢਾ ਤਰਬੂਜ਼ ਨਵਾਂ ਜੋਸ਼ ਭਰਦਾ।

ਨਿੰਬੂ ਹੈ ਇਲਾਜ ਤਾਪ ਗਰਮੀ ’ਚ ਚੜ੍ਹੇ ਦਾ,

ਪੀਆ ਕਰੋ ਸੱਜਣੋ ਤੁਸੀਂ ਪਾਣੀ ਘੜੇ ਦਾ।

ਬੇਹੀਆਂ ਚੀਜ਼ਾਂ ਤੋਂ ਰੱਖੋ ਪਰਹੇਜ਼ ਜੀ,

ਸਰੂਪ ਚੰਦਾ ਖਾਓ ਨਾ ਮਸਾਲੇ ਤੇਜ਼ ਜੀ।

ਫ਼ਾਇਦਾ ਕੀ ਏ ਨਹੀਂ ਰਚਨਾ ਨੂੰ ਪੜ੍ਹੇ ਦਾ,

ਪੀਆ ਕਰੋ ਸੱਜਣੋ ਤੁਸੀਂ ਪਾਣੀ ਘੜੇ ਦਾ।

ਸੰਪਰਕ: 99143-85202

* * *

ਪਾਣੀ ਬਚਾਓ

ਗੁਰਿੰਦਰ ਸਿੰਘ ਸੰਧੂਆਂ

ਬੜਾ ਕੀਮਤੀ ਵੀਰਨੋ ਪਾਣੀ ਬਚਾਓ।

ਵਾਧੂ ਜੋ ਵੀ ਵਗਦਾ ਠੱਲ੍ਹ ਉਸਨੂੰ ਪਾਓ।

ਕੁਦਰਤ ਰਾਣੀ ਨਾਲ ਨਾ, ਕਰੋ ਛੇੜਖਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਪੱਤਣ ਵੀਰੋ ਜਲ ਦਾ, ਹੈ ਘਟਦਾ ਜਾਵੇ।

ਫ਼ਸਲੀ ਚੱਕਰ ਵਿਗੜਿਆ, ਜੋ ਖਪਤ ਵਧਾਵੇ।

ਪਾਣੀ ਨਾਲ ਹੀ ਚੱਲਦੀ, ਸਾਡੀ ਜ਼ਿੰਦਗਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਮੋਟਰ ਕਾਰਾਂ ਧੋਣ ਦੀ ਆਦਤ ਨੂੰ ਘਟਾਓ।

ਜਲ ਆਰਓ ਵਾਲੜਾ ਵਿੱਚ ਵਰਤੋਂ ਲਿਓ।

ਕਹਿ ਕਹਿ ਸਾਨੂੰ ਥੱਕ ਗਏ, ਸਭ ਗੁਣੀ ਗਿਆਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਕੂੜਾ ਕਰਕਟ ਕਦੇ ਨਾ, ਜਲ ਵਿੱਚ ਵਗਾਵੋ।

ਨਸ਼ਟ ਉਸ ਨੂੰ ਕਰਕੇ, ਤੁਸੀਂ ਖਾਦ ਬਣਾਵੋ।

ਨ ਵਗਦੇ ਸ਼ੀਤਲ ਜਲ ਨੂੰ, ਪਹੁੰਚਾਵੋ ਹਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਪਰਬਤ ਝਰਨੇ ਚੀਰ ਕੇ ਹਨ ਮਹਿਲ ਉਸਾਰੇ।

ਕੁਦਰਤੀ ਰਾਣੀ ਨਾਲ ਕਿਉਂ, ਤੂੰ ਕਹਿਰ ਗੁਜ਼ਾਰੇ।

ਪੈਂਦੀ ਉਸ ਦੀ ਮਾਰ ਤਾਂ ਚੇਤੇ ਆਊ ਨਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਪਾਣੀ ਪਿਤਾ ਦੱਸਿਆ ਹੈ ਵਿੱਚ ਗੁਰਬਾਣੀ।

ਜੇ ਨਾ ਪਾਣੀ ਸਾਂਭਿਆ ਹੋਊ ਖ਼ਤਮ ਕਹਾਣੀ।

ਕਰ ਲਓ ਬੱਚਤ ਏਸਦੀ ਨਾ ਲੱਗੇ ਦੁਆਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਜੁੱਗ ਮਸ਼ੀਨੀ ਆ ਗਿਆ ਕੰਮ ਘਟਦਾ ਜਾਵੇ।

ਹੱਥੀਂ ਕੰਮ ਨੂੰ ਅੱਜ ਕੋਈ ਨਾ ਹੱਥ ਲਗਾਵੇ।

ਬੰਦਾ ਬਣਕੇ ਚੱਲ ਤੂੰ, ਓਏ ਵਿੱਚ ਜਹਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਪੜ੍ਹ ਕੇ ਵਿੱਦਿਆ ਵੀਰਨੋ ਜੇ ਸਮਝ ਨਾ ਆਈ।

ਤਨ ਨੂੰ ਸੁਖੀ ਕਰਨ ਲਈ ਜਾਵੋ ਰੁੱਖ ਕਟਾਈ।

ਦੱਸ ਕੀ? ਤੇਰਾ ਬਣਨ ਦਾ ਵੱਡਾ ਵਿਗਿਆਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਹੈ ਅੰਡਜ ਜੇਰਜ ਸੇਤਜ ਉਤਭੁਜ ਬਣਾਈ।

ਚਾਰ ਖਾਣੀਆਂ ਵੰਡ ਕੇ ਇੱਕ ਖੇਡ ਰਚਾਈ।

ਰੁੱਖ ਨੇ ਘਟੀ ਜਾਂਵਦੇ ਹੋਵੇ ਹੈਰਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਪੈਸੇ ਪਿੱਛੇ ਲੱਗ ਕੇ ਤੂੰ ਸ਼ੌਕ ਪੁਗਾਉਂਦਾ

ਛੱਡਕੇ ਸਭਿਆਚਾਰ ਨੂੰ ਹੈ ਮੌਜ ਮਨਾਉਂਦਾ।

ਜੇ ਤਨ ਦਾ ਰੋਗੀ ਹੋ ਗਿਆ, ਨਾ ਫੱਬਣੀ ਗਾਨੀ।

ਹੁਣ ਵੀ ਵੀਰੋ ਸੰਭਲ ਜਾਓ, ਛੱਡ ਕੇ ਨਾਦਾਨੀ।

ਹੁਣ ਤਾਂ ਇਹ ਗੱਲ ਜਾਪਦੀ ਤੁਸਾਂ ਨੂੰ ਨਿਆਰੀ

ਭਰਨਾ ਪੈਣਾ ਏਸਦਾ ਹਰਜਾਨਾ ਭਾਰੀ।

ਸੰਧੂਆਂ ਮੰਨ ਲੈ ਗੁਰੂ ਦਾ ਕੋਈ ਬਚਨ ਰੂਹਾਨੀ।

ਹੁਣ ਵੀ ਵੀਰੋ ਸੰਭਲ ਜੋ, ਛੱਡ ਕੇ ਨਾਦਾਨੀ।

ਸੰਪਰਕ: 94630-27466

* * *

ਫੁੱਲ

ਸਤਨਾਮ ਸਿੰਘ

ਝਿਜਕ ਕੇ ਮਾਲੀ ਕਹਿੰਦਾ ਮਾਲਕ ਨੂੰ।

ਫੁੱਲ ਹੁੰਦਾ ਬਾਦਸ਼ਾਹ ਬਾਗ਼ ਦਾ।

ਜਦ ਜੀਅ ਕੀਤਾ ਟਾਹਣੀਓਂ ਤੋੜ ਦਿੱਤਾ।

ਵੈਸੇ ਵੱਡੀ ਗੱਲ ਛੋਟਾ ਮੂੰਹ ਦਾਸ ਦਾ।

ਚੱਲੋ ਛੱਡੋ ਰਾਤ ਗਈ ਬਾਤ ਗਈ।

ਹੋ ਗਿਆ ਸਵੇਰਾ, ਤੂੰ ਕਿਉਂ ਨ੍ਹੀਂ ਜਾਗਦਾ।

ਕੋਸ਼ਿਸ਼ ਕਰੋ ਮਾਲਕੋ, ਹੱਕਾਂ ਲਈ ਲੜੋ ਮਾਲਕੋ।

ਖੋਲ੍ਹੋ ਤੀਜਾ ਨੇਤਰ, ਸੁਸਤ ਦਿਮਾਗ਼ ਦਾ।

ਧਰਤੀ ਸਿੰਜਦਾ ਮਜ਼ਦੂਰ ਪਸੀਨੇ ਨਾਲ।

ਸਿਰ ਨੱਪਕੇ ਸੱਪ-ਸਲੂਟੀ ਨਾਗ ਦਾ।

ਮਹਿਲਾਂ ਨੂੰ ਆਸਰਾ ਸ਼ੌਹਰਤ ਦਾ।

ਕੁੱਲੀ ਨੂੰ ਆਸਰਾ, ਕੁਦਰਤ ਦੇ ਰਾਗ ਦਾ।

ਜ਼ਿੰਦਗੀ ਜਿੰਨ ਜਾਪਦੀ ਕਦੇ-ਕਦੇ।

ਮੈਂ ਮਾਲਕ ਚਾਹਤਾਂ ਦੇ ਚਿਰਾਗ਼ ਦਾ।

ਮੈਲਾ ਨਾ ਹੋਵੇ ਕਿਰਦਾਰ ਕਿਧਰੇ।

ਹੱਲ ਹੈ ਕੱਪੜੇ ਨੂੰ, ਲੱਗੇ ਦਾਗ ਦਾ।

ਕਹਿਣ ਕੰਡੇ ਕਿੰਨਾ ਸੋਹਣਾ ਖਿੜਿਆ ਸੀ।

ਮੁਰਝਾ ਗਿਆ ਕੀ ਕਸੂਰ ਗੁਲਾਬ ਦਾ।

ਝਿਜਕ ਕੇ ਮਾਲੀ ਕਹਿੰਦਾ ਮਾਲਕ ਨੂੰ।

ਫੁੱਲ ਹੁੰਦਾ ਬਾਦਸ਼ਾਹ ਬਾਗ ਦਾ।

ਸੰਪਰਕ: 98787-15593

* * *

ਕਿਸਾਨ ਦੀ ਕੈਨਵਸ

ਰਘੁਵੀਰ ਸਿੰਘ ਕਲੋਆ

ਉਹ ਮੈਨੂੰ ਆਖਦਾ,

‘‘ਤੂੰ ਤਾਂ ਨਿਰਾ ਖੂਹ ਦਾ ਡੱਡੂ

ਤੇਰਾ ਨਿੱਕਾ ਜਿਹਾ ਘੇਰਾ

ਘਰ ਤੋਂ ਖੇਤ ਤੇ ਖੇਤ ਤੋਂ ਘਰ

ਬੱਸ ਇੰਨਾ ਕੁ ਗੇੜਾ।

ਹਿੱਲ ਸਟੇਸ਼ਨ ਕਿਸੇ, ਤੂੰ ਗਿਆ ਕਦੇ ਨਾ

ਹੋਟਲ ਪੰਜ ਤਾਰੇ, ਤੂੰ ਰਿਹਾ ਕਦੇ ਨਾ

ਬਹਿ ਉੱਡਣ ਖਟੋਲੇ, ਨਾ ਉੱਡਿਆ ਆਕਾਸ਼ੀਂ

ਕੋਈ ਬੀਚ ਨਜ਼ਾਰਾ, ਤੂੰ ਲਿਆ ਕਦੇ ਨਾ।

ਨਵਾਂ ਨਿੱਤ ਲੋਚਦੀ, ਉੱਡਦਿਆਂ ਨੂੰ ਬੋਚਦੀ

ਇਹ ਦੁਨੀਆ ਚੰਨ ਤੀਕ ਜਾ ਪੁੱਜੀ

ਹੋ ਮਿੱਟੀ ਸੰਗ ਮਿੱਟੀ, ਤੇਰੀ ਕਾਲੀ ਹੋਈ ਚਿੱਟੀ

ਵਹਾਈ ਤੋਂ ਗਹਾਈ, ਤੇਰੀ ਮੁੱਕੀ ਨਹੀਂਓ ਬੁੱਤੀ।

ਟੱਪ ਆਪਣੀ ਇਹ ਵਲਗਣ, ਉੱਡ ਉੱਚੇ ਆਸਮਾਨ

ਇਹ ਰੰਗ, ਇਹ ਨਜ਼ਾਰੇ, ਕਦੇ ਤੂੰ ਵੀ ਤਾਂ ਮਾਣ।’’

ਸੁਣਦਾ ਰਿਹਾ ਇਹ ਸਭ, ਮੈਂ ਚੁੱਪ ਕਰਕੇ

ਲਾਈ ਫਿਰ ਹੇਕ, ਮੈਂ ਕੰਨੀਂ ਹੱਥ ਧਰ ਕੇ,

‘‘ਮਸਤ ਮੌਲਾ ਮੈਂ, ਵੰਝਲੀ ਵਜਾਉਣ ਵਾਲਾ

ਧਰਤੀ ਦੀ ਕੈਨਵਸ ’ਤੇ ਰੰਗਾਂ ਨੂੰ ਸਜਾਉਣ ਵਾਲਾ

ਕਿਰਤ ਰਹਾਂ ਕਰਦਾ, ਧੁੱਪਾਂ ਵਿੱਚ ਸੜਦਾ

ਝੱਖੜ ਝੋਲੇ, ਵਾ-ਵਰੋਲੇ, ਕਦੀ ਕੱਕਰਾਂ ’ਚ ਠਰਦਾ

ਸਿਰੜ ਤੇ ਸਿਦਕ ਮੇਰਾ, ਰੰਗ ਵਿਖਾਉਂਦੇ ਨੇ

ਇਹ ਰੰਗ, ਇਹ ਰੁੱਤਾਂ, ਤਾਹੀਂਓ ਪਿੱਛੇ ਮੇਰੇ ਆਉਂਦੇ ਨੇ।

ਹਰੇ ਹਰੇ ਖੇਤੀਂ ਕਦੇ ਸੋਨਾ ਹੈ ਵਿਛਦਾ

ਕੱਤਕ ਨੂੰ ਕਪਾਹਾਂ ਵਿੱਚੋਂ ਚੰਨ ਇੱਥੇ ਖਿੜਦਾ

ਰੰਗ ਬਸੰਤੀ ਕਦੇ ਆਉਂਦਾ ਗੁਲਜ਼ਾਰ ਬਣ

ਮਾਣਾਂ ਹਰ ਰੁੱਤ ਮੈਂ, ਕੁਦਰਤ ਦਾ ਯਾਰ ਬਣ।

ਨਿੱਕਾ ਜਿਹਾ ਆਖੇਂ ਜਿਹਨੂੰ, ਘੇਰਾ ਇਸ ਦਾ ਵਿਸ਼ਾਲ ਹੈ

ਮੇਰੀ ਇਸ ਕੈਨਵਸ ’ਤੇ, ਹਰ ਰੰਗ ਮੇਰੇ ਨਾਲ ਹੈ।’’

ਸੰਪਰਕ: 98550-24495

* * *

ਭਾਵੇਂ ਔਖਾ ਸਾਹ ਹੁੰਦਾ ਹੈ

ਹਰਦੀਪ ਬਿਰਦੀ

ਭਾਵੇਂ ਔਖਾ ਸਾਹ ਹੁੰਦਾ ਹੈ।

ਮੇਰਾ ਅਪਣਾ ਰਾਹ ਹੁੰਦਾ ਹੈ।

ਅੰਨ ਦਾਤੇ ਦਾ ਟੱਬਰ ਜਾਣੇ

ਕੀ ਸ਼ੈਅ ਆਤਮਦਾਹ ਹੁੰਦਾ ਹੈ।

ਜੇਕਰ ਰੱਜਦੈਂ ਤਾਂ ਲਾਹ ਲੈ ਫਿਰ

ਤੈਥੋਂ ਜੋ ਕੁਝ ਲਾਹ ਹੁੰਦਾ ਹੈ।

ਜ਼ੁਲਮੀ ਬਾਰੇ ਓਹੀ ਜਾਣੇ

ਜਿਸਦਾ ਪੈਂਦਾ ਵਾਹ ਹੁੰਦਾ ਹੈ।

ਉਸਨੂੰ ਇਹ ਸਭ ਸੋਂਹਦਾ ਨਹੀਓਂ

ਗੁੱਸੇ ਖ਼ਾਹਮਖਾਹ ਹੁੰਦਾ ਹੈ।

ਪਿਆਰ ਮੁਹੱਬਤ ਅਸਲੀ ਜੀਵਨ

ਬਾਕੀ ਤਾਂ ਸਭ ਗਾਹ ਹੁੰਦਾ ਹੈ।

ਗੱਲ ਘੁਮਾਕੇ ਨਹੀਓਂ ਹੁੰਦੀ

ਅਪਣਾ ਸੋਟਾ ਠਾਹ ਹੁੰਦਾ ਹੈ।

ਓਹੀ ਵ੍ਹਾ ਦੀ ਕੀਮਤ ਜਾਣੇ

ਜਿਸਦਾ ਰੁਕਦਾ ਸਾਹ ਹੁੰਦਾ ਹੈ।

ਆਖੇ ਕੱਚਾ ਘਰ ਤੂੰ ਢਾਹ ਦੇ

ਮੈਥੋਂ ਨਾ ਪਰ ਢਾਹ ਹੁੰਦਾ ਹੈ।

ਸੰਪਰਕ: 90416-00900

* * *

Advertisement
×