ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਸ਼ੀਦ ਕੀਤੀ ਹੋਈ ਓਪਰੀ ਹਵਾ

ਜਸਬੀਰ ਭੁੱਲਰ ਮੇਰੇ ਕਰੀਬੀ ਰਿਸ਼ਤੇਦਾਰਾਂ ਵਿੱਚੋਂ ਬਹੁਤੇ ਜਣੇ ਅਮਰੀਕਾ ਜਾ ਕੇ ਵੱਸ ਗਏ ਸਨ। ਇੱਕ ਮੈਂ ਹੀ ਭਾਰਤ ਵਿੱਚ ਸਾਂ। ਅਮਰੀਕਾ ਵਾਲੇ ਨੇੜਲਿਆਂ ਵੱਲੋਂ ਮੇਰੇ ਉੱਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਟੱਬਰ ਸਮੇਤ ਉੱਥੇ ਪਹੁੰਚ ਜਾਵਾਂ। ਫ਼ੌਜ ਦੀ ਨੌਕਰੀ...
Advertisement

ਜਸਬੀਰ ਭੁੱਲਰ

ਮੇਰੇ ਕਰੀਬੀ ਰਿਸ਼ਤੇਦਾਰਾਂ ਵਿੱਚੋਂ ਬਹੁਤੇ ਜਣੇ ਅਮਰੀਕਾ ਜਾ ਕੇ ਵੱਸ ਗਏ ਸਨ। ਇੱਕ ਮੈਂ ਹੀ ਭਾਰਤ ਵਿੱਚ ਸਾਂ। ਅਮਰੀਕਾ ਵਾਲੇ ਨੇੜਲਿਆਂ ਵੱਲੋਂ ਮੇਰੇ ਉੱਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਟੱਬਰ ਸਮੇਤ ਉੱਥੇ ਪਹੁੰਚ ਜਾਵਾਂ।

Advertisement

ਫ਼ੌਜ ਦੀ ਨੌਕਰੀ ਦੌਰਾਨ ਇਮੀਗਰੇਸ਼ਨ ਦੇ ਕਾਗਜ਼ ਪੱਤਰ ਆਏ ਵੀ ਸਨ, ਪਰ ਮੈਂ ਅਗਲੀ ਕਾਰਵਾਈ ਤੋਂ ਮੁਨਕਰ ਹੋ ਗਿਆ ਸਾਂ।

ਨਾਂਹ-ਨੁੱਕਰ ਕਰਦਿਆਂ ਆਖ਼ਰਕਾਰ ਮੈਨੂੰ ਹੁੰਗਾਰਾ ਭਰਨਾ ਪਿਆ ਸੀ।

ਅਸੀਂ ਦੋਵੇਂ ਜੀਅ ਸਾਂ-ਫਰਾਂਸਿਸਕੋ ਦੇ ਹਵਾਈ ਅੱਡੇ ਉੱਤੇ ਉੱਤਰੇ ਤੇ ਕੈਲੀਫੋਰਨੀਆ ਦੇ ਸ਼ਹਿਰ ਫਰੈਜ਼ਨੋ ਪਹੁੰਚ ਗਏ।

ਉੱਥੇ ਓਪਰੀ ਜਿਹੀ ਮਿੱਟੀ ਸੀ ਤੇ ਅਜਨਬੀ ਜਿਹਾ ਵਣ-ਤ੍ਰਿਣ।

ਉੱਥੋਂ ਦੀ ਹਵਾ ਮੈਨੂੰ ਨਹੀਂ ਸੀ ਪਛਾਣਦੀ।

ਸਬੱਬ ਨਾਲ ਇੱਕ ਅਮਰੀਕੀ ਪੱਤਰਕਾਰ ਕੁੜੀ ਮਿਲੀ। ਉਹ ਉੱਥੋਂ ਦੇ ਅਖ਼ਬਾਰ ‘ਫਰੈਜ਼ਨੋ ਬੀਅ’ ਲਈ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕਾਲਮ ਲਿਖਦੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪੰਜਾਬੀ ਸਾਹਿਤ ਬਾਰੇ ਵੀ ਆਪਣੇ ਕਾਲਮ ਵਿੱਚ ਲਿਖਣਾ ਚਾਹੇਗੀ?

ਉਸ ਕੁੜੀ ਦੀ ਅਜਿਹੀ ਕੋਈ ਦਿਲਚਸਪੀ ਨਹੀਂ ਸੀ।

ਮੇਰੇ ਨਾਲੋਂ ਉਸੇ ਪਲ ਸਾਰੇ ਹਿੰਦਸੇ ਝੜ ਗਏ ਸਨ ਤੇ ਇੱਕ ਸਿਫ਼ਰ ਬਾਕੀ ਰਹਿ ਗਿਆ ਸੀ।

ਜਿੰਨਾ ਕੁ ਚਿਰ ਮੈਂ ਉੱਥੇ ਰਿਹਾ ਸਾਂ, ਕਦੇ ਕਿਸੇ ਅਖ਼ਬਾਰ ਵਿੱਚ ਪੰਜਾਬੀ ਅਤੇ ਪੰਜਾਬੀਅਤ ਦਾ ਜ਼ਿਕਰ ਨਹੀਂ ਸੀ ਪੜ੍ਹਿਆ। ਹਾਲਾਂਕਿ ਪੰਜਾਬੀਆਂ ਦੀ ਆਬਾਦੀ ਉੱਥੇ ਬਹੁਤ ਸੰਘਣੀ ਸੀ। ਉਹ ਰਹਿਤਲ ਜਿਵੇਂ ਨਜ਼ਰਾਂ ਤੋਂ ਪਰ੍ਹਾਂ ਵਸਦੇ ਕਿਸੇ ਕਬੀਲੇ ਦੀ ਸੀ।

ਇੱਕ ਗੱਲ ਬੜੀ ਸੁਖਾਵੀਂ ਸੀ। ਕੈਲੀਫੋਰਨੀਆ ਦੇ ਪੰਜਾਬੀ ਆਪਣੀ ਭਾਸ਼ਾ ਅਤੇ ਪੰਜਾਬੀਅਤ ਦੀ ਪਛਾਣ ਦੇ ਅੱਖਰ ਖ਼ੁਦ ਲਿਖ ਰਹੇ ਸਨ ਅਤੇ ਉਨ੍ਹਾਂ ਅੱਖਰਾਂ ਨੂੰ ਗੂੜ੍ਹਾ ਵੀ ਕਰ ਰਹੇ ਸਨ।

* * *

ਫਰੈਜ਼ਨੋ ਵਿੱਚ ਇੱਕ ਰਿਸ਼ਤੇਦਾਰ ਰਾਹੀਂ ਮੈਂ ਛੇ-ਸੱਤ ਦੋਸਤਾਂ ਦੇ ਇੱਕ ਟੋਲੇ ਨੂੰ ਮਿਲਿਆ ਸਾਂ। ਉਨ੍ਹਾਂ ਵਿੱਚ ਇੱਕ ਅਮਰੀਕਨ ਲੇਖਕ ਵੀ ਸੀ। ਜਦੋਂ ਉਹਨੂੰ ਮੇਰੇ ਲੇਖਕ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਪੁੱਛਿਆ ਸੀ, ‘‘ਤੂੰ ਕੀ ਲਿਖਦਾ ਹੈਂ?’’

‘‘ਫਿਕਸ਼ਨ!’’

ਮੇਰਾ ਜੁਆਬ ਉਸ ਅਮਰੀਕਨ ਲੇਖਕ ਲਈ ਕੁਝ ਵਧੇਰੇ ਹੀ ਸੰਖੇਪ ਸੀ। ਉਸ ਨੇ ਫਿਰ ਪੁੱਛਿਆ ਸੀ, ‘‘ਫਿਕਸ਼ਨ ਵਿੱਚ ਕੀ?’’

‘‘ਨਾਵਲ ਵੀ, ਕਹਾਣੀ ਵੀ, ਬਾਲ ਸਾਹਿਤ ਵੀ ਅਤੇ...।’’

ਉਹ ਹੈਰਾਨ ਹੋਇਆ ਸੀ ਜਿਵੇਂ ਕਹਿ ਰਿਹਾ ਹੋਵੇ, ਇਸ ਤਰ੍ਹਾਂ ਵੀ ਭਲਾ ਕੋਈ ਕਰਦਾ ਏ। ਉਸ ਨੂੰ ਪਤਾ ਨਹੀਂ ਸੀ ਕਿ ਪੰਜਾਬੀ ਵਿੱਚ ਅਸੀਂ ਬਹੁਤੇ ਜਣੇ ਇਸ ਤਰ੍ਹਾਂ ਹੀ ਕਰਦੇ ਸਾਂ। ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਖਬੀਰ, ਸੰਤੋਖ ਸਿੰਘ ਧੀਰ, ਗੁਰਬਚਨ ਭੁੱਲਰ, ਸਵਰਨ ਚੰਦਨ ਅਤੇ ਕਈਆਂ ਹੋਰਾਂ ਨੂੰ ਵੀ ਜੇ ਇਹੋ ਸਵਾਲ ਪੁੱਛਿਆ ਜਾਂਦਾ ਤਾਂ ਉਨ੍ਹਾਂ ਦਾ ਜੁਆਬ ਵੀ ਮੇਰੇ ਵਾਲਾ ਹੀ ਹੋਣਾ ਸੀ।

ਪਰ ਇਹੋ ਜਿਹਾ ਜੁਆਬ ਉਸ ਅਮਰੀਕਨ ਲੇਖਕ ਦੇ ਮੰਨਣ ਵਿੱਚ ਆਉਣ ਵਾਲਾ ਨਹੀਂ ਸੀ।

ਕਿਸੇ ਸਿਨਫ਼ ਨੂੰ ਅਪਨਾਉਣ ਤੋਂ ਪਹਿਲਾਂ ਅਮਰੀਕਨ ਲੇਖਕ ਬਹੁਤ ਸਾਰੇ ਫ਼ੈਸਲੇ ਲੈਂਦੇ ਸਨ।

ਕੋਈ ਵੀ ਲੇਖਕ ਆਪਣੇ ਅੰਦਰ ਝਾਤੀ ਮਾਰ ਕੇ ਪੁੱਛਦਾ ਸੀ, ਕੀ ਉਹਦੇ ਅੰਦਰ ਲਿਖਣ ਦੀ ਪ੍ਰਤਿਭਾ ਹੈ?

ਉਹਦਾ ਸੁਭਾਅ ਕਿਹੜੀ ਸਿਨਫ਼ ਲਈ ਵਧੇਰੇ ਯੋਗ ਹੈ? ਕੀ ਉਹਨੂੰ ਕਵਿਤਾ ਲਿਖਣੀ ਚਾਹੀਦੀ ਹੈ? ਵਾਰਤਕ, ਨਾਵਲ ਕਿ ਕਹਾਣੀ?

ਇਹੋ ਜਿਹੇ ਸਵਾਲਾਂ ਨੂੰ ਘੋਖ ਕੇ ਹੀ ਉਸ ਅਮਰੀਕਨ ਲੇਖਕ ਨੇ ਨਾਵਲਕਾਰੀ ਨੂੰ ਆਪਣਾ ਕਿੱਤਾ ਬਣਾਉਣ ਦਾ ਫ਼ੈਸਲਾ ਲੈ ਲਿਆ ਸੀ।

ਪਰ ਏਨੇ ਕੁ ਨਾਲ ਉਸ ਅਮਰੀਕਨ ਦੇ ਨਾਵਲ ਲਿਖਣ ਦੀ ਸ਼ੁਰੂਆਤ ਨਹੀਂ ਸੀ ਹੋਈ। ਇਸ ਨਿਰਣੇ ਤੋਂ ਪਿੱਛੋਂ ਇਹ ਫ਼ੈਸਲਾ ਲੈਣਾ ਵੀ ਜ਼ਰੂਰੀ ਸੀ ਕਿ ਉਸ ਨੇ ਕਿਸ ਤਰ੍ਹਾਂ ਦੇ ਨਾਵਲ ਲਿਖਣ ਨੂੰ ਅਪਨਾਉਣਾ ਹੈ। ਮਸਲਨ ਸਮਾਜਿਕ, ਰੁਮਾਨੀ, ਰੋਮਾਂਚਿਕ, ਜਾਸੂਸੀ, ਇਤਿਹਾਸਕ, ਮਨੋਵਿਗਿਆਨਕ ਥ੍ਰਿਲਰ ਜਾਂ ...। ਉਹ ਵਰਗੀਕਰਨ ਪਤਾ ਨਹੀਂ ਕਿੰਨੀ ਕੁ ਭਾਂਤ ਦਾ ਸੀ।

ਆਪਣੇ ਸੁਭਾਅ ਨੂੰ ਧਿਆਨ ਵਿੱਚ ਰੱਖ ਕੇ ਉਸ ਅਮਰੀਕਨ ਲੇਖਕ ਨੇ ਜਾਸੂਸੀ ਨਾਵਲ ਲਿਖਣ ਨੂੰ ਤਰਜੀਹ ਦਿੱਤੀ ਹੋਈ ਸੀ। ਉਮਰ ਭਰ ਉਹਨੇ ਜਾਸੂਸੀ ਨਾਵਲ ਹੀ ਲਿਖਣੇ ਸਨ। ਉਹਨੇ ਆਪਣੇ ਲਈ ਚੁਣੀ ਹੋਈ ਵੰਨਗੀ ਤੋਂ ਬਾਹਰ ਨਹੀਂ ਸੀ ਜਾਣਾ। ਉਸ ਅਮਰੀਕਨ ਲੇਖਕ ਨੇ ਮੈਨੂੰ ਕੁਝ ਵੀ ਗ਼ਲਤ ਨਹੀਂ ਸੀ ਦੱਸਿਆ। ਅਮਰੀਕਨ ਸਾਹਿਤ ਦੀ ਵਿਸ਼ਾਲਤਾ ਵਿੱਚ ਜੇ ਲੇਖਕ ਨੇ ਆਪਣੀ ਥਾਂ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਦੀ ਚੋਣ ਲਾਜ਼ਮੀ ਸੀ।

ਪੰਜਾਬੀ ਸਾਹਿਤ ਦੇ ਘੇਰੇ ਦਾ ਸੀਮਤ ਹੋਣਾ ਵੀ ਸਾਨੂੰ ਖੰਭ ਖਿਲਾਰਨ ਦਾ ਅਵਸਰ ਦਿੰਦਾ ਸੀ।

ਉੱਥੇ ਇੱਕ ਹੋਰ ਗੱਲ ਵੀ ਸਾਡੇ ਸਾਹਿਤਕ ਦ੍ਰਿਸ਼ ਤੋਂ ਵੱਖਰੀ ਦਿਸੀ ਸੀ। ਅਸੀਂ ਜੇ ਲੇਖਕ ਬਣਨਾ ਹੋਵੇ ਤਾਂ ਏਨਾ ਕੁ ਕਰਦੇ ਸਾਂ ਕਿ ਪੈੱਨ ਅਤੇ ਕਾਗਜ਼ ਲੈ ਕੇ ਲਿਖਣ ਲੱਗ ਪੈਂਦੇ ਸਾਂ। ਲੇਖਕ ਹੋਣ ਲਈ ਕੋਈ ਵਿਸ਼ੇਸ਼ ਤਿਆਰੀ ਨਹੀਂ ਸਾਂ ਕਰਦੇ।

ਅਮਰੀਕਾ ਵਿੱਚ ਜੰਮਿਆ-ਪਲਿਆ ਮੇਰਾ ਭਣੇਵਾਂ ਦੀਪਸ਼ (ਨਵਦੀਪ ਸਿੰਘ ਢਿੱਲੋਂ) ਆਪਣੇ ਰਹਿਣ-ਸਹਿਣ ਵੱਲੋਂ ਵੀ ਪੂਰਾ ਅਮਰੀਕਨ ਹੀ ਹੈ। ਮੈਂ ਉਹਨੂੰ ਪੁੱਛਿਆ ਸੀ, ‘‘ਦੀਪਸ਼! ਤੂੰ ਕੀ ਕਰ ਰਿਹਾ ਏਂ ਅੱਜਕੱਲ੍ਹ?’’

‘‘ਮੈਂ ਯੂਨੀਵਰਸਿਟੀ ਵਿੱਚ ਕਰੀਏਟਿਵ ਰਾਈਟਿੰਗ ਦੀ ਪੋਸਟ ਗਰੈਜੂਏਸ਼ਨ ਕਰ ਰਿਹਾ ਵਾਂ।’’ ਉਸ ਦੱਸਿਆ ਸੀ।

ਭਾਰਤ ਵਿੱਚ ਇਹੋ ਜਿਹੀ ਪੜ੍ਹਾਈ ਕਰਦਿਆਂ ਮੈਂ ਕੋਈ ਵੇਖਿਆ-ਸੁਣਿਆ ਨਹੀਂ ਸੀ। ਸ਼ਾਇਦ ਇਹੋ ਜਿਹੀਆਂ ਸੰਸਥਾਵਾਂ ਹੁੰਦੀਆਂ ਵੀ ਹੋਣ, ਪਰ ਮੈਂ ਉਨ੍ਹਾਂ ਬਾਰੇ ਨਹੀਂ ਸਾਂ ਜਾਣਦਾ।

ਮੈਂ ਦੀਪਸ਼ ਕੋਲੋਂ ਉਹਦੀਆਂ ਕਿਤਾਬਾਂ ਲੈ ਕੇ ਫਰੋਲੀਆਂ ਸਨ। ਮੈਨੂੰ ਇਹੋ ਜਾਪਿਆ ਸੀ ਕਿ ਸਾਡੇ ਲੇਖਕਾਂ ਲਈ ਬੜਾ ਕੁਝ ਸਿੱਖਣ ਦੀ ਗੁੰਜਾਇਸ਼ ਸੀ।

* * *

ਫਰੈਜ਼ਨੋ ਤੋਂ ਆਪਣੇ ਲੇਖਕ ਦੋਸਤ ਡਾ. ਗੁਰੂਮੇਲ ਨਾਲ ਮੈਂ ਕੁਝ ਦਿਨਾਂ ਲਈ ਕੈਨੇਡਾ ਦੇ ਸ਼ਹਿਰ ਵੈਨਕੂਵਰ ਵੀ ਗਿਆ ਸਾਂ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਮੈਨੂੰ ਕੈਨੇਡਾ ਵਸਦੇ ਪੰਜਾਬੀਆਂ ਦਾ ਸਰੋਕਾਰ ਪ੍ਰਤੀਤ ਹੋਇਆ ਸੀ। ਵੈਨਕੂਵਰ ਤੇ ਸਰੀ ਵਿੱਚ ਮੈਂ ਦੁਕਾਨਾਂ ਦੇ ਮੱਥੇ ਉੱਤੇ ਲਟਕਦੇ ਹੋਏ ਬੋਰਡ ਪੰਜਾਬੀ ਵਿੱਚ ਲਿਖੇ ਹੋਏ ਵੇਖੇ ਸਨ। ‘ਭੈਣਾਂ ਦੀ ਹੱਟੀ’ ਤੇ ‘ਫਗਵਾੜੇ ਵਾਲਿਆਂ ਦੀ ਕਰਿਆਨੇ ਦੀ ਦੁਕਾਨ’ ਵਰਗੇ ਬੋਰਡ ਹੁਣ ਪੰਜਾਬ ਵਿੱਚ ਨਹੀਂ ਸਨ ਦਿਸਦੇ। ਸ਼ਰੇਆਮ ਰੱਸੀਆਂ ਉੱਤੇ ਪੱਗਾਂ ਸੁਕਾਉਂਦੇ ਲਲਾਰੀ ਮੈਂ ਸਰੀ ਅਤੇ ਵੈਨਕੂਵਰ ਵਿੱਚ ਵੇਖੇ ਸਨ। ਉਹ ਲਲਾਰੀ ਹੁਣ ਵਾਲੇ ਪੰਜਾਬ ਵਿੱਚੋਂ ਲਗਭਗ ਲੁਪਤ ਹੋ ਗਏ ਸਨ।

ਉੱਥੇ ਪੰਜਾਬੀ ਦੀਆਂ ਅਖ਼ਬਾਰਾਂ ਮੈਂ ਦੁਕਾਨਾਂ ਉੱਤੇ ਆਮ ਪਈਆਂ ਹੋਈਆਂ ਵੇਖੀਆਂ ਸਨ। ਬਹੁਤੀਆਂ ਅਖ਼ਬਾਰਾਂ ਦੇ ਨਾਂ ਏਧਰ ਦੀਆਂ ਅਖ਼ਬਾਰਾਂ ਵਾਲੇ ਹੀ ਸਨ। ਅਖ਼ਬਾਰ ਦੇ ਨਾਂ ਦੀ ਅੱਖਰਕਾਰੀ ਵੀ ਉਨ੍ਹਾਂ ਸਿੱਧੀ ਹੀ ਚੁੱਕੀ ਹੋਈ ਸੀ। ਤੁਸੀਂ ਕਿਸੇ ਵੀ ਦੁਕਾਨ ਤੋਂ ਭਾਵੇਂ ਕਿੰਨੀਆਂ ਵੀ ਅਖ਼ਬਾਰਾਂ ਚੁੱਕ ਲਵੋ, ਅਖ਼ਬਾਰਾਂ ਦਾ ਮੁੱਲ ਨਹੀਂ ਸੀ ਤਾਰਨਾ ਪੈਂਦਾ।

ਕੈਨੇਡਾ ਵਿੱਚ ਪੰਜਾਬੀ ਅਖ਼ਬਾਰਾਂ ਦੀ ਗਿਣਤੀ ਵੀਹ, ਬਾਈ ਤੋਂ ਵੀ ਟੱਪੀ ਹੋਈ ਸੀ।

ਮੈਨੂੰ ਉੱਥੇ ਇੱਕ ਅਖ਼ਬਾਰ ਦੇ ਸੰਪਾਦਕ ਦੇ ਘਰ ਜਾਣ ਦਾ ਅਵਸਰ ਮਿਲਿਆ ਸੀ। ਉਸ ਅਖ਼ਬਾਰ ਦਾ ਦਫ਼ਤਰ ਉਸ ਸੰਪਾਦਕ ਦੇ ਘਰ ਦੇ ਗੈਰਾਜ ਵਿੱਚ ਸੀ। ਉਹ ਇਕੱਲਾ ਹੀ ਅਖ਼ਬਾਰ ਦਾ ਸਾਰਾ ਕੁਝ ਸੀ। ਖ਼ਬਰਾਂ ਤੇ ਮਜ਼ਮੂਨ ਉਹਨੂੰ ਕੰਪਿਊਟਰ ਤੋਂ ਮਿਲ ਜਾਂਦੇ ਸਨ, ਕਿਧਰੇ ਵੀ ਬਾਹਰ ਨਹੀਂ ਸੀ ਜਾਣਾ ਪੈਂਦਾ।

ਮੇਰਾ ਲੇਖਕ ਹੋਣਾ ਸੰਪਾਦਕ ਨੂੰ ਲਾਹੇਵੰਦਾ ਜਾਪਿਆ ਸੀ। ਉਸ ਪੁੱਛਿਆ ਸੀ, ‘‘ਫਰੈਜ਼ਨੋ ਵਿੱਚ ਕੋਈ ਪੰਜਾਬੀ ਦਾ ਅਖ਼ਬਾਰ ਹੈਗਾ ਏ?’’

‘‘ਨਹੀਂ, ਕੋਈ ਵੀ ਨਹੀਂ।’’ ਮੈਂ ਆਪਣੀ ਜਾਣਕਾਰੀ ਅਨੁਸਾਰ ਦੱਸਿਆ ਸੀ।

‘‘ਤਾਂ ਫਿਰ ਆਪਾਂ ਫਰੈਜ਼ਨੋ ਤੋਂ ਪੰਜਾਬੀ ਦਾ ਇੱਕ ਹੋਰ ਅਖ਼ਬਾਰ ਸ਼ੁਰੂ ਕਰ ਸਕਦੇ ਹਾਂ। ਪੈਸਾ ਮੈਂ ਲਾਵਾਂਗਾ। ਤੂੰ ਐਡੀਟਰ ਬਣੀਂ। ਤਨਖ਼ਾਹ ਦਾ ਫ਼ੈਸਲਾ ਆਪਾਂ ਕਰ ਲੈਨੇ ਆਂ। ਜੇ ਅਖ਼ਬਾਰ ਭਾਈਵਾਲੀ ਵਿੱਚ ਸ਼ੁਰੂ ਕਰਨਾ ਹੋਵੇ ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ।’’

ਉਹ ਪੇਸ਼ਕਸ਼ ਚੰਗੀ ਸੀ, ਪਰ ਮੇਰੇ ਸੁਭਾਅ ਨਾਲ ਮੇਲ ਨਹੀਂ ਸੀ ਖਾਂਦੀ।

* * *

ਫਰੈਜ਼ਨੋ ਰਹਿੰਦਿਆਂ ਮੈਂ ਗੁਰੂਮੇਲ ਨਾਲ ਕਿਤਾਬਾਂ ਦੀ ਇੱਕ ਦੁਕਾਨ ਉੱਤੇ ਵੀ ਗਿਆ ਸਾਂ। ਉਹ ਸਟੋਰ ਏਡਾ ਕੁ ਵੱਡਾ ਸੀ ਕਿ ਮਾੜਾ-ਧੀੜਾ ਤਾਂ ਤੁਰਦਾ ਤੁਰਦਾ ਥੱਕ ਜਾਵੇ।

ਉੱਥੇ ਕੰਧਾਂ ਉੱਤੇ ਮਹਾਨ ਲੇਖਕਾਂ ਅਤੇ ਮਹਾਨ ਪੁਸਤਕਾਂ ਦੇ ਵੱਡੇ ਵੱਡੇ ਚਿੱਤਰ ਲਟਕ ਰਹੇ ਸਨ। ਪੁਸਤਕਾਂ ਦੇ ਵਰਗੀਕਰਨ ਅਨੁਸਾਰ ਖੇਤਰ ਸਨ। ਥਾਂ ਥਾਂ ਸੋਫ਼ੇ ਡੱਠੇ ਹੋਏ ਸਨ। ਕੁਝ ਲੋਕ ਤੁਰਦੇ-ਫਿਰਦੇ ਕਿਤਾਬਾਂ ਵੇਖ ਰਹੇ ਸਨ। ਕੁਝ ਸੋਫ਼ਿਆਂ ’ਤੇ ਬੈਠੇ ਕਿਤਾਬ ਫਰੋਲ ਰਹੇ ਸਨ, ਪੜ੍ਹ ਰਹੇ ਸਨ। ਉੱਥੇ ਕੋਈ ਬੰਦਿਸ਼ ਨਹੀਂ ਸੀ ਕਿ ਦੇਰ ਤਕ ਬੈਠ ਕੇ ਕਿਤਾਬ ਨਹੀਂ ਪੜ੍ਹਨੀ।

ਦੁਕਾਨ ਦਾ ਗੇੜਾ ਲਾਉਂਦਿਆਂ ਮੈਂ ਥੱਕ ਗਿਆ ਸਾਂ। ਗੁਰੂਮੇਲ ਨੇ ਆਖਿਆ, ‘‘ਚੱਲ ਆਪਾਂ ਬਹਿ ਕੇ ਕੌਫ਼ੀ ਪੀਵੀਏ ਨਾਲੇ ਕਿਤਾਬਾਂ ਫਰੋਲੀਏ!’’

‘‘ਕੌਫ਼ੀ... ਇੱਥੇ?’’

ਮੈਂ ਹੈਰਾਨ ਹੋਇਆ ਸਾਂ। ਕੌਫ਼ੀ ਸ਼ਾਪ ਦੁਕਾਨ ਦੇ ਅੰਦਰ ਹੀ ਸੀ। ਕੌਫ਼ੀ ਸ਼ਾਪ ਵਿੱਚ ਬੈਠਿਆਂ, ਕੌਫ਼ੀ ਦੀਆਂ ਘੁੱਟਾਂ ਭਰਦਿਆਂ ਵੀ ਅਸੀਂ ਦੋਵੇਂ ਉਸ ਦੁਕਾਨ ਦੀਆਂ ਕਿਤਾਬਾਂ ਦਾ ਜਾਇਜ਼ਾ ਲੈਂਦੇ ਰਹੇ ਸਾਂ। ਕੌਫ਼ੀ ਦਾ ਇੱਕ ਇੱਕ ਕੱਪ ਹੋਰ ਪੀਣ ਦਾ ਅਸੀਂ ਮਨ ਬਣਾ ਲਿਆ।

ਕੌਫ਼ੀ ਦਾ ਦੂਸਰਾ ਕੱਪ ਪੀਣ ਵੇਲੇ ਮੈਂ ਕੋਈ ਵੀ ਕਿਤਾਬ ਨਹੀਂ ਸਾਂ ਫਰੋਲ ਰਿਹਾ। ਬੱਸ ਕੌਫ਼ੀ ਦੀਆਂ ਘੁੱਟਾਂ ਭਰ ਰਿਹਾ ਸਾਂ ਤੇ ਲੇਖਕਾਂ ਨੂੰ ਜਾਣਨ ਅਤੇ ਸੁਣਨ ਦੀ ਆਮ ਲੋਕਾਂ ਦੀ ਜਗਿਆਸਾ ਦੀ ਬਾਤ ਗੁਰੂਮੇਲ ਦੇ ਮੂੰਹੋਂ ਸੁਣ ਰਿਹਾ ਸਾਂ।

ਕਿਸੇ ਅਮਰੀਕਨ ਲੇਖਕ ਨੇ ਪਾਠਕਾਂ ਦੇ ਸਨਮੁੱਖ ਹੋਣਾ ਸੀ, ਆਪਣੇ ਜੀਵਨ ਅਤੇ ਸਿਰਜਣਾਤਮਿਕਤਾ ਬਾਰੇ ਗੱਲਾਂ ਕਰਨੀਆਂ ਸਨ। ਦਾਖ਼ਲੇ ਦੀ ਟਿਕਟ ਤੀਹ ਡਾਲਰ ਸੀ। ਜਦੋਂ ਗੁਰੂਮੇਲ ਪਹੁੰਚਿਆ, ਉੱਥੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਹਾਲ ਪੂਰਾ ਭਰ ਚੁੱਕਿਆ ਸੀ।

ਟਿਕਟ ਖਿੜਕੀ ਬੰਦ ਹੋ ਚੁੱਕੀ ਸੀ।

ਉਸ ਲੇਖਕ ਦੇ ਪ੍ਰਸੰਸਕਾਂ ਨੇ ਜ਼ੋਰ ਪਾਇਆ ਤਾਂ ਟਿਕਟ ਖਿੜਕੀ ਮੁੜ ਖੋਲ੍ਹ ਦਿੱਤੀ ਗਈ। ਪ੍ਰਬੰਧਕਾਂ ਨੂੰ ਬਾਹਰੋਂ ਹੋਰ ਕੁਰਸੀਆਂ ਲਿਆ ਕੇ ਹਾਲ ਵਿੱਚ ਰੱਖਣੀਆਂ ਪਈਆਂ।

* * *

ਇੱਕ ਦਿਨ ‘ਫਰੈਜ਼ਨੋ ਬੀਅ’ ਨੇ ਖ਼ਬਰ ਨਸ਼ਰ ਕੀਤੀ ਕਿ ਕਿਤਾਬਾਂ ਦੀ ਉਸ ਦੁਕਾਨ ਅੰਦਰ ਲੇਖਿਕਾ ਜੇ.ਕੇ. ਰੌਲਿੰਗ ਦੀ ਹੈਰੀ ਪੌਟਰ ਸੀਰੀਜ਼ ਦੀ ਨਵੀਂ ਕਿਤਾਬ ਰਿਲੀਜ਼ ਕੀਤੀ ਜਾਣੀ ਸੀ। ਕਿਤਾਬ ਦਾ ਉਹ ਰਿਲੀਜ਼ ਪੂਰੇ ਅਮਰੀਕਾ ਵਿੱਚ ਕਿਤਾਬ ਵੇਚਣ ਲਈ ਨਹੀਂ ਸੀ। ਪੁਸਤਕ ਸਿਰਫ਼ ਤੇ ਸਿਰਫ਼ ਫਰੈਜ਼ਨੋ ਅਤੇ ਉਸ ਸ਼ਹਿਰ ਦੀ ਨੇੜਲੀ ਆਬਾਦੀ ਲਈ ਸੀ। ਕਿਤਾਬ ਦੇ ਰਿਲੀਜ਼ ਦਾ ਵਕਤ ਰਾਤ ਦੇ ਬਾਰਾਂ ਵਜੇ ਦਾ ਸੀ। ਮੈਂ ਸੋਚਦਾ ਸਾਂ, ਗੂੜ੍ਹੀ ਨੀਂਦ ਦੇ ਉਸ ਵੇਲੇ ਕੌਣ ਕੰਬਖ਼ਤ ਰਿਲੀਜ਼ ਸਮਾਗਮ ਉੱਤੇ ਪਹੁੰਚੂ ਭਲਾ!

ਕਿਤਾਬ ਦੇ ਰਿਲੀਜ਼ ਦੀ ਰਾਤ ਆਈ ਤੇ ਲੰਘ ਗਈ।

ਅਖ਼ਬਾਰਾਂ ਦੀਆਂ ਖ਼ਬਰਾਂ ਨੇ ਮੈਨੂੰ ਹੈਰਾਨ ਕੀਤਾ ਸੀ।

ਜੇ.ਕੇ. ਰੌਲਿੰਗ ਦੀ ਉਸ ਕਿਤਾਬ ਦੇ ਰਿਲੀਜ਼ ਸਮਾਗਮ ਉੱਤੇ ਲੋਕਾਂ ਦਾ ਹੜ੍ਹ ਆ ਗਿਆ ਸੀ। ਕਿਤਾਬ ਦੀ ਸਾਰੀ ਐਡੀਸ਼ਨ ਰਾਤ ਦੇ ਦੋ-ਢਾਈ ਵਜੇ ਤੱਕ ਮੁੱਕ ਗਈ ਸੀ। ਜਿਨ੍ਹਾਂ ਨੂੰ ਕਿਤਾਬ ਦੀ ਪ੍ਰਤੀ ਨਹੀਂ ਸੀ ਮਿਲ ਸਕੀ ਉਹ ਨਿਰਾਸ਼ ਹੋਏ ਸਨ, ਪਰ ਉਹ ਘਰਾਂ ਨੂੰ ਨਹੀਂ ਸਨ ਪਰਤੇ। ਉਨ੍ਹਾਂ ਉੱਥੇ ਹੀ ਲੰਮੀਆਂ ਕਤਾਰਾਂ ਬੰਨ੍ਹ ਲਈਆਂ ਸਨ। ਉਹ ਕਿਤਾਬ ਹਾਸਿਲ ਕਰਨ ਲਈ ਪੂਰੀ ਕੀਮਤ ਅਗਾਊਂ ਜਮ੍ਹਾਂ ਕਰਾਉਣ ਲੱਗ ਪਏ ਸਨ ਤਾਂ ਕਿ ਜਦੋਂ ਮੁੜ ਉਹ ਕਿਤਾਬ ਉਸ ਦੁਕਾਨ ਉੱਤੇ ਆਵੇ ਤਾਂ ਦੂਸਰੀ ਵਾਰ ਨਿਰਾਸ਼ ਨਾ ਹੋਣਾ ਪਵੇ। ਪਹੁਫੁਟਾਲੇ ਤਕ ਉਸ ਕਿਤਾਬ ਦੇ ਮੁਹੱਬਤੀ ਕਤਾਰ ਵਿੱਚ ਖਲੋਤੇ ਕਿਤਾਬ ਦੇ ਮੁੱਲ ਦੀ ਰਾਸ਼ੀ ਜਮ੍ਹਾਂ ਕਰਵਾਉਂਦੇ ਰਹੇ ਸਨ।

* * *

ਕਰੀਏਟਿਵ ਲੇਖਣ ਦੀ ਪੋਸਟ ਗਰੈਜੂਏਸ਼ਨ ਤੋਂ ਪਿੱਛੋਂ ਦੀਪਸ਼ ਉਰਫ਼ ਨਵਦੀਪ ਸਿੰਘ ਢਿੱਲੋਂ ਲੇਖਕ ਹੋ ਗਿਆ। ‘Sunny G’s Series Of Rash Decisions’ ਉਹਦੇ ਪਹਿਲੇ ਨਾਵਲ ਦਾ ਨਾਂ ਸੀ। ਇਸ ਇੱਕ ਕਿਤਾਬ ਲਈ ਉਹਨੂੰ ਡਾਇਲ ਬੁਕਸ ਵੱਲੋਂ ਰਾਇਲਟੀ ਵਜੋਂ ਲਗਭਗ ਇੱਕ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ।

ਪੰਜਾਬੀ ਪੁਸਤਕਾਂ ਦੇ ਛਪਣ-ਛਪਵਾਉਣ ਦੀ ਬਦਹਾਲੀ ਦਾ ਵਰਤਾਰਾ ਮੇਰੇ ਸਾਹਵੇਂ ਪੱਸਰ ਗਿਆ ਸੀ।

ਪੰਜਾਬੀ ਪੁਸਤਕਾਂ ਦਾ ਪ੍ਰਕਾਸ਼ਨ ਦੁਨੀਆ ਦਾ ਇੱਕੋ ਇੱਕ ਅਜਿਹਾ ਵਿਓਪਾਰ ਹੋ ਗਿਆ ਸੀ ਜਿਸ ਵਿੱਚ ਵਿਓਪਾਰੀ (ਪ੍ਰਕਾਸ਼ਕ) ਨੂੰ ਕੱਚਾ ਮਾਲ (ਪੁਸਤਕ ਦਾ ਖਰੜਾ) ਮੁਫ਼ਤ ਮਿਲਦਾ ਸੀ। ਏਨਾ ਹੀ ਨਹੀਂ, ਪੁਸਤਕ ਛਾਪਣ ਲਈ ਲੇਖਕ, ਪ੍ਰਕਾਸ਼ਕ ਨੂੰ ਬੁੱਕ ਭਰ ਰੁਪਏ ਵੀ ਦਿੰਦਾ ਸੀ। ਇਵਜ਼ ਵਿੱਚ ਲੇਖਕ ਨੂੰ ਕਿਤਾਬ ਛਪਣ ਪਿੱਛੋਂ ਕੁਝ ਕਿਤਾਬਾਂ ਮਿਲ ਜਾਂਦੀਆਂ ਸਨ। ਲੇਖਕਾਂ ਨਾਲ ਇਹੋ ਕੁਝ ਵਾਰ ਵਾਰ ਵਾਪਰਦਾ ਸੀ।

ਇਸ ਘੁੱਪ ਹਨੇਰੇ ਵਿੱਚ ਬੇਸ਼ੱਕ ਕੁਝ ਮੋਮਬੱਤੀਆਂ ਦੀ ਲੋਅ ਵੀ ਹੈ, ਪਰ ਥੋੜ੍ਹੀ ਹੈ ਓਨੀ ਕੁ ਰੌਸ਼ਨੀ।

ਦੀਪਸ਼ ਨੇ ਸੋਨਾ ਚਰਾਈਪੋਤਰਾ ਨਾਂ ਦੀ ਪੱਤਰਕਾਰ ਕੁੜੀ ਨਾਲ ਵਿਆਹ ਕਰ ਲਿਆ। ਵਿਆਹ ਤੋਂ ਪਿੱਛੋਂ ਸੋਨਾ ਨੇ ਆਪਣੀ ਇੱਕ ਸਹੇਲੀ ਢੋਨੀਐਲੀ ਕਲੇਟਨ ਨਾਲ ਰਲ਼ ਕੇ ਨਾਵਲ ਲਿਖਣ ਦਾ ਨਿਰਣਾ ਲੈ ਲਿਆ। ਦੋਵੇਂ ਸਹੇਲੀਆਂ ਲੇਖਕ ਹੋ ਗਈਆਂ।

‘Tiny Pretty Things’ ਉਨ੍ਹਾਂ ਦਾ ਪਹਿਲਾ ਨਾਵਲ ਸੀ। ਪ੍ਰਕਾਸ਼ਕ ਨੇ ਇੱਕ ਵੱਡੀ ਰਕਮ ਦਾ ਚੈੱਕ ਅਗਾਊਂ ਦੇ ਕੇ ਸੋਨਾ ਅਤੇ ਕਲੇਟਨ ਨੂੰ ਉਸੇ ਤਰਜ਼ ਉੱਤੇ ਅਗਲਾ ਨਾਵਲ ਲਿਖਣ ਲਈ ਆਖਿਆ। ਉਹਨੇ ਦੋਹਾਂ ਲੇਖਿਕਾਵਾਂ ਨੂੰ ਇੱਕ ਵੱਡੀ ਸਹੂਲਤ ਵੀ ਦੇ ਦਿੱਤੀ ਕਿ ਨਾਵਲ ਲਿਖਣ ਦੀ ਤੇਜ਼ ਰਫ਼ਤਾਰੀ ਲਈ ਉਹ ਕੁਝ ਲੇਖਕ-ਮੁਲਾਜ਼ਮ ਵੀ ਰੱਖ ਲੈਣ। ਉਨ੍ਹਾਂ ਮੁਲਾਜ਼ਮ ਲੇਖਕਾਂ ਨੂੰ ਤਨਖ਼ਾਹ ਦੇਣ ਦੀ ਜ਼ਿੰਮੇਵਾਰੀ ਵੀ ਪ੍ਰਕਾਸ਼ਕ ਨੇ ਆਪਣੇ ਸਿਰ ਲੈ ਲਈ। ਇਸ ਤੋਂ ਪਿੱਛੋਂ ਨਾਵਲ ਘੜਨ ਦਾ ਕੰਮ ਸ਼ੁਰੂ ਹੋਇਆ ਸੀ।

ਦੋਵੇਂ ਸਹੇਲੀਆਂ ਬਹਿ ਕੇ ਕਹਾਣੀ ਦੀ ਬੁਣਤੀ ਬੁਣਦੀਆਂ ਸਨ। ਉਸ ਕਹਾਣੀ ਦੇ ਨਿੱਕੇ ਨਿੱਕੇ ਟੁਕੜੇ ਬਣਾ ਕੇ ਮੁਲਾਜ਼ਮ ਲੇਖਕਾਂ ਨੂੰ ਵੰਡ ਦਿੰਦੀਆਂ ਸਨ। ਕੁਝ ਵੇਰਵੇ ਵੀ ਉਨ੍ਹਾਂ ਲੇਖਕਾਂ ਨੂੰ ਮੁਹੱਈਆ ਕਰ ਦਿੱਤੇ ਜਾਂਦੇ ਸਨ। ਮੁਲਾਜ਼ਮ ਲੇਖਕ ਆਪਣੇ ਹਿੱਸੇ ਦੇ ਕਹਾਣੀ ਦੇ ਟੁਕੜੇ ਨੂੰ ਕਲਪਨਾ ਦੇ ਬਲਬੂਤੇ ਪੂਰਾ ਕਾਂਡ ਬਣਾ ਦਿੰਦੇ ਸਨ। ਮਿੱਥੇ ਹੋਏ ਦਿਨ ਉਹ ਕਾਂਡ ਨਾਵਲ ਦੀਆਂ ਲੇਖਕਾਵਾਂ ਕੋਲ ਜਮ੍ਹਾਂ ਹੋ ਜਾਂਦੇ ਸਨ।

ਉਨ੍ਹਾਂ ਕਾਂਡਾਂ ਨੂੰ ਤਰਤੀਬ ਦੇ ਕੇ ਸੋਨਾ ਅਤੇ ਕਲੇਟਨ ਖੱਪੇ ਪੂਰ ਦਿੰਦੀਆਂ ਸਨ, ਭਾਸ਼ਾ ਨੂੰ ਰਵਾਂ ਕਰਦੀਆਂ ਸਨ, ਉਕਾਈਆਂ ਦੀ ਤਰਮੀਮ ਹੋ ਜਾਂਦੀ ਸੀ। ਨਾਵਲ ਛਪਣ ਲਈ ਤਿਆਰ ਹੋ ਜਾਂਦਾ ਸੀ।

ਨਾਵਲ ਲਿਖਣ ਦਾ ਇਹ ਤਰੀਕਾ ਸਬਜ਼ੀ ਭਾਜੀ ਬਣਾਉਣ ਵਰਗਾ ਸੀ। ਨਵਦੀਪ ਢਿੱਲੋਂ ਵੀ ਸੋਨਾ ਅਤੇ ਕਲੇਟਨ ਦੇ ਕੁਝ ਨਾਵਲਾਂ ਦਾ ਮੁਲਾਜ਼ਮ ਲੇਖਕ ਬਣਿਆ ਸੀ। ਦੀਪਸ਼ ਅਤੇ ਸੋਨਾ ਦੇ ਕਰੀਬੀ ਹੋਣ ਕਰਕੇ ਮੇਰੇ ਲਈ ਵੀ ਸੁਨਹਿਰਾ ਅਵਸਰ ਮੁਹੱਈਆ ਹੋ ਗਿਆ ਸੀ ਕਿ ਇਸ ਤਰ੍ਹਾਂ ਦੇ ਨਾਵਲ ਲਿਖ ਕੇ ਚੰਗੇ ਚੋਖੇ ਡਾਲਰ ਕਮਾਵਾਂ।

ਉਸ ਤਰ੍ਹਾਂ ਦਾ ਲੇਖਕ ਹੋ ਕੇ ਜਿਊਣਾ ਮੇਰਾ ਜਿਊਣਾ ਨਹੀਂ ਸੀ। ਮੈਂ ਆਪਣੀ ਸਿਰਜਣਾ, ਵਿਵੇਕ ਅਤੇ ਮਨ ਦੀ ਮੌਜ ਨੂੰ ਕਿਉਂ ਫਾਹੇ ਲਾ ਦੇਵਾਂ?

ਮੇਰੇ ਕੋਲ ਆਪਣੇ ਖੰਭਾਂ ਦੀ ਉਡਾਣ ਸੀ। ਸਿਰਜਣਾ ਦੇ ਖੰਭ ਕੁਤਰ ਕੇ ਕਿਉਂ ਬੈਠ ਜਾਵਾਂ?

ਇਸ ਤਰ੍ਹਾਂ ਦੇ ਵਰਤਾਰੇ ਵਿੱਚ ਲੇਖਕ ਦਾ ਸੰਵੇਦਨ, ਸਿਰਜਣਾ ਅਤੇ ਮਨ ਵਰਗਾ ਜਿਊਣਾ ਕਿੱਥੇ ਸੀ?

ਲਿਖਣਾ ਮੇਰੀ ਇਬਾਦਤ ਸੀ, ਈਮਾਨ ਸੀ। ਆਪਣੇ ਈਮਾਨ ਨੂੰ ਤਿਲਾਂਜਲੀ ਦੇ ਕੇ ਕਿਵੇਂ ਜੀਵਾਂਗਾ ਮੈਂ?

ਮੇਰੇ ਆਪਣੇ ਮੇਰੇ ਲਈ ਨਿੱਤ ਨਵੇਂ ਬੂਹੇ ਖੋਲ੍ਹਦੇ ਰਹੇ ਸਨ। ਇੱਕ ਨੇ ਕਿਹਾ, ਟਰਾਲੇ ਚਲਾਉਣ ਦਾ ਕਿੱਤਾ ਮੇਰੇ ਲਈ ਮੁਨਾਸਿਬ ਸੀ ਅਤੇ ਆਮਦਨ ਦਾ ਵੱਡਾ ਜ਼ਰੀਆ ਵੀ। ਇੱਕ ਹੋਰ ਨੇ ਕਿਹਾ, ਸਾਬਕਾ ਸੈਨਿਕ ਹੋਣ ਕਾਰਨ ਸਕਿਉਰਿਟੀ ਗਾਰਡ ਦਾ ਕੰਮ ਮੈਨੂੰ ਝੱਟ ਮਿਲ ਜਾਣਾ ਸੀ।

ਉਸ ਹਵਾ ਦੀ ਤਾਸੀਰ ਕੁਝ ਹੋਰ ਸੀ। ਉਸ ਹਵਾ ਦੇ ਰੰਗਾਂ ਵਿੱਚ ਮੈਥੋਂ ਭਿੱਜਿਆ ਨਹੀਂ ਸੀ ਜਾ ਸਕਿਆ। ਅਸੀਂ ਦੋਹਾਂ ਜੀਆਂ ਨੇ ਵਾਪਸ ਜਾਣ ਦਾ ਮਨ ਬਣਾ ਲਿਆ। ਪੰਜਾਬ ਦੀ ਮਿੱਟੀ ਨਾਲ ਮੇਰਾ ਕਈ ਪੁਸ਼ਤਾਂ ਦਾ ਰਿਸ਼ਤਾ ਸੀ। ਉੱਥੋਂ ਦੀ ਹਵਾ ਨੂੰ ਵੀ ਮੇਰੀ ਪਛਾਣ ਸੀ।

ਉੱਥੇ ਸਾਡੇ ਬੱਚੇ ਸਾਡੀ ਰਾਹ ਵੇਖ ਰਹੇ ਸਨ।

ਸਾਡਾ ਅਮਰੀਕਾ ਜਾਣ ਦਾ ਉਹ ਵਰ੍ਹਾ 2003 ਦਾ ਸੀ। ਉੱਥੋਂ ਵਾਪਸ ਆਉਣ ਦਾ ਵਰ੍ਹਾ 2003 ਤੋਂ ਅਗਾਂਹ ਨਹੀਂ ਸੀ ਸਰਕਿਆ।

ਅਮਰੀਕਾ ਨੂੰ ਆਖੀ ਹੋਈ ਉਹ ਸਲਾਮ ਆਖ਼ਰੀ ਸੀ।

Advertisement