ਕਾਕੋਰੀ ਦੇ ਸ਼ਹੀਦਾਂ ਦੀ ਫਾਂਸੀ ਦੇ ਹਾਲਾਤ
ਕਾਕੋਰੀ ਵਾਰਦਾਤ ਨੂੰ 9 ਅਗਸਤ 2025 ਨੂੰ ਪੂਰੇ ਸੌ ਸਾਲ ਹੋ ਗਏ ਹਨ। ਸਰਬਜੀਤ ਸਿੰਘ ਵਿਰਕ (ਸੰਪਰਕ: 94170-72314) ਵੱਲੋਂ ਸੰਪਾਦਿਤ ਪੁਸਤਕ ‘ਕੌਮੀ ਸ਼ਹੀਦਾਂ ਅਤੇ ਦੇਸ਼ ਭਗਤਾਂ ਉੱਤੇ ਸ਼ਹੀਦ ਭਗਤ ਸਿੰਘ ਦੇ ਲੇਖ’ ਵਿੱਚੋਂ ਇਹ ਲੇਖ ਜਿਉਂ ਦਾ ਤਿਉਂ ਭਗਤ ਸਿੰਘ ਦੀ ਭਾਸ਼ਾ-ਸ਼ੈਲੀ ਵਿੱਚ ਹੀ ਛਾਪ ਰਹੇ ਹਾਂ।
ਸੰਨ 1923 ਵਿੱਚ ਸਚਿੰਦਰ ਨਾਥ ਸਨਿਆਲ, ਰਾਮ ਪ੍ਰਸਾਦ ਬਿਸਮਿਲ ਅਤੇ ਯੋਗੇਸ਼ ਚੰਦਰ ਚੈਟਰਜੀ ਨੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ‘ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ’ ਨਾਂ ਦੀ ਪਾਰਟੀ ਬਣਾਈ, ਜਿਸ ਦਾ ਉਦੇਸ਼ ਸੰਯੁਕਤ ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਨਾਲ ਆਜ਼ਾਦ ਸਰਕਾਰ ਕਾਇਮ ਕਰਨਾ ਸੀ। ਭਗਤ ਸਿੰਘ ਅਤੇ ਉਸ ਦੇ ਬਹੁਤ ਸਾਰੇ ਕ੍ਰਾਂਤੀਕਾਰੀ ਸਾਥੀ ਛੇਤੀ ਹੀ ਇਸ ਦੇ ਮੈਂਬਰ ਬਣ ਗਏ। 1925 ਵਿੱਚ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਹਥਿਆਰਾਂ ਦੀ ਥੁੜ੍ਹ ਹੋ ਗਈ। ਸੂਹ ਮਿਲੀ ਕਿ ਜਰਮਨੀ ਤੋਂ ਮਾਊਜ਼ਰ ਪਿਸਤੌਲਾਂ ਦੀ ਖੇਪ ਕਲਕੱਤੇ ਪਹੁੰਚ ਰਹੀ ਹੈ। ਐਸੋਸੀਏਸ਼ਨ ਨੇ ਇਹ ਹਥਿਆਰ ਖਰੀਦਣ ਦਾ ਮਨ ਬਣਾਇਆ। ਐਸੋਸੀਏਸ਼ਨ ਦੇ ਯੂ.ਪੀ. ਦੇ ਆਗੂ ਰਾਮ ਪ੍ਰਸਾਦ ਬਿਸਮਿਲ ਨੇ ਪੈਸੇ ਦੀ ਘਾਟ ਰੇਲਵੇ ਦਾ ਖ਼ਜ਼ਾਨਾ ਖੋਹ ਕੇ ਪੂਰੀ ਕਰਨ ਦੀ ਯੋਜਨਾ ਬਣਾਈ। ਇਸ ਲਈ ਉਨ੍ਹਾਂ 9 ਅਗਸਤ 1925 ਨੂੰ ਹਰਦੋਈ ਤੇ ਲਖਨਊ ਵਿਚਕਾਰ ਪੈਂਦੇ ਕਾਕੋਰੀ ਸਟੇਸ਼ਨ ਨੇੜੇ ਰੇਲਗੱਡੀ ਰੋਕ ਕੇੇ ਖ਼ਜ਼ਾਨਾ ਲੁੱਟਿਆ। ਇਸ ਪਿੱਛੋਂ ਪੁਲੀਸ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰਾਂ ਆਦਿ ਨੂੰ ਫੜਨ ਲੱਗੀ। ਇਸ ਡਾਕੇ ਦੀ ਸੂਹ ਲਾਉਣ ਲਈ ਹਿਰਾਸਤ ਵਿੱਚ ਲਏ 40 ਬੰਦਿਆਂ ਵਿੱਚੋਂ 29 ਉੱਤੇ ਮੁਕੱਦਮਾ ਚਲਾਇਆ। ਇਸ ਵਿੱਚ 6 ਅਪਰੈਲ 1927 ਨੂੰ ਤਿੰਨ ਇਨਕਲਾਬੀਆਂ- ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ ਅਤੇ ਰਾਜੇਂਦਰ ਨਾਥ ਲਾਹਿਰੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਮਗਰੋਂ ਅਸ਼ਫ਼ਾਕਉੱਲਾ ਦੀ ਗ੍ਰਿਫ਼ਤਾਰੀ ਪਿੱਛੋਂ ਉਸ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ 11 ਅਗਸਤ 1927 ਨੂੰ ਦੁਬਾਰਾ ਸਜ਼ਾਵਾਂ ਐਲਾਨੀਆਂ ਅਤੇ ਤਿੰਨਾਂ ਦੇ ਨਾਲ ਅਸ਼ਫ਼ਾਕਉੱਲਾ ਨੂੰ ਵੀ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਬਾਕੀ ਇਨਕਲਾਬੀਆਂ ਵਿੱਚੋਂ ਸਚਿੰਦਰ ਨਾਥ ਸਾਨਿਆਲ, ਸਚਿੰਦਰ ਬਖ਼ਸ਼ੀ, ਗੋਵਿੰਦ ਚਰਨਕਰ, ਯੋਗੇਸ਼ ਚੈਟਰਜੀ ਅਤੇ ਮੁਕੰਦੀ ਲਾਲ ਨੂੰ ਉਮਰ ਕੈਦ ਕਾਲੇਪਾਣੀ, ਮਨਮੱਥ ਗੁਪਤਾ ਨੂੰ 14 ਅਤੇ ਹੋਰਾਂ ਨੂੰ 10 ਸਾਲ ਜਾਂ ਇਸ ਤੋਂ ਘੱਟ ਸਮਾਂ ਬਾਮੁਸ਼ੱਕਤ ਜੇਲ੍ਹ ਦੀ ਸਜ਼ਾ ਦਿੱਤੀ ਗਈ।
ਕਾਕੋਰੀ ਕੇਸ ਵਿੱਚ ਹੋ ਰਹੀਆਂ ਇਨਕਲਾਬੀਆਂ ਦੀਆਂ ਗ੍ਰਿਫ਼ਤਾਰੀਆਂ ਸਮੇਂ ਸਰਕਾਰ ਵਿਰੁੱਧ ਖੁੱਲ੍ਹੀ ਬਗ਼ਾਵਤ ਕਰਦਿਆਂ ਭਗਤ ਸਿੰਘ ਤੇ ਉਸ ਦੇ ਸਾਥੀ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਗਤ ਸਿੰਘ ਨੇ ਨਵੰਬਰ 1925 ਅਤੇ ਜਨਵਰੀ/ਫਰਵਰੀ 1926 ਵਿੱਚ ਕਾਨਪੁਰ ਜਾ ਕੇ ਕਾਕੋਰੀ ਡਾਕੇ ਵਿੱਚ ਸ਼ਾਮਲ ਇਨਕਲਾਬੀਆਂ ਨੂੰ ਜੇਲ੍ਹ ਤੋਂ ਛੁਡਾਉਣ ਦੇ ਯਤਨਾਂ ਵਿੱਚ ਹਿੱਸਾ ਵੀ ਲਿਆ ਸੀ, ਉਂਜ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਸਨ ਹੋ ਸਕੇ।
ਇਸ ਪਿੱਛੋਂ ਸਾਰੇ ਹਿੰਦੋਸਤਾਨ ਵਿੱਚ ਰੋਹ ਜਾਗ ਪਿਆ ਕਿਉਂਕਿ ਕਾਕੋਰੀ ਮੁਕੱਦਮੇ ਵਿੱਚ ਹਕੂਮਤ ਨੇ ਸਾਜ਼ਿਸ਼ ਤਹਿਤ ਜਾਣ-ਬੁੱਝ ਕੇ ਮਿਸਾਲੀ ਸਜ਼ਾਵਾਂ ਦਿਵਾਈਆਂ ਸਨ। ਇਨ੍ਹਾਂ ਸਖ਼ਤ ਸਜ਼ਾਵਾਂ ਨੂੰ ਭਗਤ ਸਿੰਘ ਨੇ ਅੰਗਰੇਜ਼ਾਂ ਦੀ ਇਤਿਹਾਸਕ ਗ਼ਲਤੀ ਕਰਾਰ ਦਿੱਤਾ ਸੀ।
ਭਗਤ ਸਿੰਘ ਦਾ ‘ਵਿਦਰੋਹੀ’ ਨਾਂ ਹੇਠਾਂ ਲਿਖਿਆ ਲੇਖ ‘ਕਾਕੋਰੀ ਦੇ ਸ਼ਹੀਦਾਂ ਦੇ ਫਾਂਸੀ ਦੇ ਹਾਲਾਤ’ ਅੰਮ੍ਰਿਤਸਰ ਤੋਂ ਪੰਜਾਬੀ ਅਤੇ ਉਰਦੂ ਵਿੱਚ ਨਿਕਲਦੇ ਮਾਸਿਕ ਰਸਾਲੇ ‘ਕਿਰਤੀ’ ਨੇ ਜਨਵਰੀ 1928 ਦੇ ਅੰਕ ਵਿੱਚ ਛਾਪਿਆ। ਭਗਤ ਸਿੰਘ ਨੇ ਪੰਜਾਬੀ ਵਿੱਚ ਲਿਖਣਾ-ਪੜ੍ਹਨਾ ਸਕੂਲ ਤੋਂ ਨਹੀਂ ਸਗੋਂ ਆਪਣੀਆਂ ਕੋਸ਼ਿਸ਼ਾਂ ਨਾਲ ਹੀ ਸਿੱਖਿਆ ਸੀ, ਇਸ ਕਰਕੇ ਉਨ੍ਹਾਂ ਦੀ ਪੰਜਾਬੀ ਲੇਖਣੀ ਵਿੱਚ ਕਈ ਸ਼ਬਦਜੋੜਾਂ ਦੀ ਇਕਸਾਰਤਾ ਨਹੀਂ ਅਤੇ ਕਈ ਥਾਵਾਂ ਉੱਤੇ ਹਿੰਦੀ ਦੇ ਸ਼ਬਦ ਵਰਤੋਂ ਵਿੱਚ ਆਏ ਹਨ, ਪਰ ਇਨ੍ਹਾਂ ਗੱਲਾਂ ਦਾ ਇਸ ਗੰਭੀਰ ਲਿਖਤ ਦੇ ਸਾਰ ਤੱਤ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਲੇਖ ਜਿਉਂ ਦਾ ਤਿਉਂ ਭਗਤ ਸਿੰਘ ਦੀ ਭਾਸ਼ਾ-ਸ਼ੈਲੀ ਵਿੱਚ ਹੀ ਦਿੱਤਾ ਜਾ ਰਿਹਾ ਹੈ।
ਭਗਤ ਸਿੰਘ ਨੇ ਇਨ੍ਹਾਂ ਚਾਰਾਂ ਸ਼ਹੀਦਾਂ ਬਾਰੇ ਲੇਖ ਕੁਝ ਇਉਂ ਸ਼ੁਰੂ ਕੀਤਾ ਹੈ:
‘ਕਿਰਤੀ’ ਦੇ ਪਾਠਕਾਂ ਨੂੰ ਪਹਿਲੋਂ ਕਿਸੇ ਪਰਚੇ ਵਿਚ ਅਸੀਂ ਕਾਕੋਰੀ ਦੇ ਮੁਕੱਦਮੇ ਦੇ ਹਾਲਾਤ ਦੱਸ ਚੁੱਕੇ ਹਾਂ। ਹੁਣ ਇਨ੍ਹਾਂ ਚਾਰ ਵੀਰਾਂ ਦੇ ਫਾਂਸੀ ਦਿੱਤੇ ਜਾਣ ਦੇ ਹਾਲ ਦੱਸਦੇ ਹਾਂ। 17 ਦਸੰਬਰ 1927 ਨੂੰ ਸ੍ਰੀ ਰਾਜੇਂਦਰਨਾਥ ਲਾਹਿਰੀ ਨੂੰ ਗੋਂਡਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਅਤੇ 19 ਦਸੰਬਰ 1927 ਨੂੰ ਸ੍ਰੀ ਰਾਮ ਪ੍ਰਸਾਦ ਜੀ ‘ਬਿਸਮਿਲ’ ਨੂੰ ਗੋਰਖਪੁਰ ਜੇਲ੍ਹ ਵਿਚ, ਸ੍ਰੀ ਅਸ਼ਫ਼ਾਕਉੱਲਾ ਨੂੰ ਫ਼ੈਜ਼ਾਬਾਦ ਜੇਲ੍ਹ ਵਿਚ ਅਤੇ ਸ੍ਰੀ ਰੌਸ਼ਨ ਸਿੰਘ ਜੀ ਨੂੰ ਇਲਾਹਾਬਾਦ ਜੇਲ੍ਹ ਵਿਚ ਫਾਂਸੀ ਚਾਹੜ ਦਿੱਤਾ ਗਿਆ।
ਏਸ ਮੁਕੱਦਮੇ ਦੇ ਸੈਸ਼ਨ ਜੱਜ ਮਿਸਟਰ ਹੈਮਿਲਟਨ ਨੇ ਫੈਸਲਾ ਦੇਂਦਿਆਂ ਹੋਇਆਂ ਕਿਹਾ ਸੀ ਕਿ ਏਹ ਨੌਜਵਾਨ ਦੇਸ਼ ਭਗਤ ਹਨ, ਅਤੇ ਇਹਨਾਂ ਅਪਨੇ ਕਿਸੇ ਫ਼ਾਇਦੇ ਵਾਸਤੇ ਕੁਝ ਵੀ ਨਹੀਂ ਕੀਤਾ। ਅਤੇ ਜੇਕਰ ਉਹ ਆਪਣੇ ਕੀਤੇ ਤੇ ਪਸ਼ਚਾਤਾਪ ਕਰਨ ਤਾਂ ਉਹਨਾਂ ਦੀਆਂ ਸਜ਼ਾਵਾਂ ਵਿਚ ਰਿਐਤ ਕੀਤੀ ਜਾ ਸਕੇਗੀ। ਉਹਨਾਂ ਚਾਰੇ ਵੀਰਾਂ ਵੱਲੋਂ ਇਸ ਮਤਲਬ ਦੇ ਐਲਾਨ ਵੀ ਨਿਕਲ ਗਏ ਪਰ ਉਹਨਾਂ ਨੂੰ ਫਾਂਸੀ ਦਿੱਤਿਆਂ ਬਿਨਾਂ ਡਾਇਣ ਨੌਕਰਸ਼ਾਹੀ ਨੂੰ ਠੰਡ ਕਿਵੇਂ ਪੈਂਦੀ। ਅਪੀਲ ਵਿਚ ਬਹੁਤ ਸਾਰਿਆਂ ਦੀਆਂ ਸਜ਼ਾਵਾਂ ਵਧਾ ਦਿੱਤੀਆਂ ਗਈਆਂ। ਫੇਰ ਨਾ ਤਾਂ ਗਵਰਨਰ ਤੇ ਨਾ ਵਾਇਸਰਾਏ ਨੇ ਹੀ ਉਹਨਾਂ ਦੀਆਂ ਜਵਾਨੀਆਂ ਵੱਲ ਧਿਆਨ ਦਿੱਤਾ ਅਤੇ ਪ੍ਰਿਵੀ ਕੌਂਸਲ ਨੇ ਉਹਨਾਂ ਦੀ ਅਪੀਲ ਸੁਣਨ ਤੋਂ ਪਹਿਲੇ ਹੀ ਖ਼ਾਰਜ ਕਰ ਦਿੱਤੀ। ਯੂ.ਪੀ. ਦੀ ਕੌਂਸਲ ਦੇ ਬਹੁਤ ਸਾਰੇ ਮੈਂਬਰਾਂ, ਅਸੈਂਬਲੀ ਅਤੇ ਕੌਂਸਲ ਆਫ ਸਟੇਟ ਦੇ ਬਹੁਤ ਸਾਰੇ ਮੈਂਬਰਾਂ ਨੇ ਵਾਇਸਰਾਏ ਨੂੰ ਉਹਨਾਂ ਦੀ ਜਵਾਨੀ ਤੇ ਤਰਸ ਖਾਣ ਦੀ ਦਰਖ਼ਾਸਤ ਦਿੱਤੀ, ਪਰ ਕੀ ਹੋਣਾ ਸੀ? ਉਹਨਾਂ ਦੇ ਏਨੇ ਹੱਥ ਪੈਰ ਮਾਰਨ ਦਾ ਕੋਈ ਨਤੀਜਾ ਨਾ ਨਿਕਲਿਆ।
ਯੂ.ਪੀ. ਦੀ ਕੌਂਸਲ ਵਿਚ ਸ੍ਵਰਾਜਿਸਟ ਆਗੂਆਂ ਸ੍ਰੀ ਗੋਵਿੰਦ ਵੱਲਭ ਪੰਤ ਹੋਰੀਂ ਉਹਨਾਂ ਦੇ ਮਾਮਲੇ ਤੇ ਬਹਿਸ ਵਾਸਤੇ ਅਤੇ ਆਪਣਾ ਮਤ ਵਾਇਸਰਾਏ ਅਤੇ ਲਾਟ ਨੂੰ ਭੇਜਣ ਵਾਸਤੇ ਰੌਲਾ ਪਾਉਂਦੇ ਸਨ, ਅਤੇ ਪਹਿਲੋਂ ਤਾਂ ਪ੍ਰੈਜ਼ੀਡੈਂਟ ਸਾਹਿਬ ਹੀ ਆਗਿਆ ਨਹੀਂ ਦੇਂਦੇ ਸਨ, ਪਰ ਫੇਰ ਬਹੁਤ ਸਾਰੇ ਮੈਂਬਰਾਂ ਨੇ ਰਲ ਕੇ ਕਿਹਾ, ਤਾਂ ਸੋਮਵਾਰ ਨੂੰ ਬਹਿਸ ਵਾਸਤੇ ਮਨਜ਼ੂਰੀ ਮਿਲੀ। ਪਰ ਫੇਰ ਅੰਗਰੇਜ਼ ਛੋਟੇ ਪ੍ਰਧਾਨ (ਡਿਪਟੀ ਪ੍ਰੈਜ਼ੀਡੈਂਟ), ਜੋ ਕਿ ਉਸ ਵੇਲੇ ਪ੍ਰਧਾਨ ਦਾ ਕੰਮ ਕਰ ਰਿਹਾ ਸੀ, ਸੋਮਵਾਰ ਨੂੰ ਕੌਂਸਲ ਦੀ ਹੀ ਛੁੱਟੀ ਕਰ ਦਿੱਤੀ। ਹੋਮ ਮੈਂਬਰ ਨਵਾਬ ਛਤਾਰੀ ਦੇ ਬੂਹੇ ’ਤੇ ਜਾ ਪਿੱਟੇ, ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਵੀ ਨ ਸਿਰਕੀ। ਅਤੇ ਕੌਂਸਲ ਵਿਚ ਉਹਨਾਂ (ਇਨਕਲਾਬੀ ਵੀਰਾਂ) ਦੇ ਸੰਬੰਧ ਵਿਚ ਇਕ ਸ਼ਬਦ ਵੀ ਨ ਕਿਹਾ ਜਾ ਸਕਿਆ ਅਤੇ ਓਹ ਫਾਂਸੀ ਲਟਕਾ ਹੀ ਦਿੱਤੇ ਗਏ। ਇਸੇ ਗੁੱਸੇ ਨਾਲ, ਇਸੇ ਨੀਚਤਾ ਨਾਲ ਰੂਸੀ ਜ਼ਾਰ ਅਤੇ ਫਰਾਂਸੀ ਲੂਇਸ ਬਾਦਸ਼ਾਹ ਹੋਨਹਾਰ ਨੌਜਵਾਨਾਂ ਨੂੰ ਫਾਹੇ ਲਾ ਲਾ ਕੇ ਦਿਲਾਂ ਦੇ ਮੱਤੜੇ ਕੱਢਦੇ ਰਹੇ, ਪਰ ਉਨ੍ਹਾਂ ਦੇ ਰਾਜਾਂ ਦੀਆਂ ਨੀਹਾਂ ਖੋਖਲੀਆਂ ਹੋ ਗਈਆਂ ਤੇ ਤਖਤ ਉਲਟ ਗਏ। ਇਸੇ ਗ਼ਲਤ ਤਰੀਕੇ ਦਾ ਅੱਜ ਫੇਰ ਇਸਤੇਮਾਲ ਹੋ ਰਿਹਾ ਹੈੈ। ਦੇਖੀਏ ਜੇ ਐਤਕੀਂ ਇਨ੍ਹਾਂ ਦੀਆਂ ਹੀ ਮੁਰਾਦਾਂ ਬਰ ਆ ਸਕਣ। ਅਸੀਂ ਹੇਠਾਂ ਉਨ੍ਹਾਂ ਚੌਹਾਂ ਵੀਰਾਂ ਦੇ ਹਾਲਾਤ ਸੰਖੇਪ ਨਾਲ ਲਿਖਦੇ ਹਾਂ ਜਿਸ ਤੋਂ ਪਤਾ ਚੱਲੇਗਾ ਕਿ ਏਹ ਅਮੁੱਲੇ ਰਤਨ ਮੌਤ ਦੇ ਸਾਹਮਣੇ ਖਲੋ ਕੇ ਵੀ ਕਿਸ ਬਹਾਦੁਰੀ ਨਾਲ ਹੱਸ ਰਹੇ ਸਨ।
ਸ੍ਰੀ ਰਾਜੇਂਦਰ ਨਾਥ ਲਾਹਿਰੀ: ਆਪ ਹਿੰਦੂ ਯੂਨੀਵ੍ਰਸਟੀ ਬਨਾਰਸ ਦੇ ਐਮ.ਏ. ਦੇ ਵਿਦਿਯਾਰਥੀ ਸਨ। 1925 ਵਿਚ ਜੋ ਕਲਕੱਤੇ ਕੋਲ ਦਾਖਿਨੇਸ਼ਵਰ ਬੰਮ ਫੈਕਟਰੀ ਪਕੜੀ ਗਈ ਸੀ, ਉਸ ਵਿਚ ਆਪ ਭੀ ਫੜੇ ਗਏ ਸਨ ਅਤੇ ਆਪ ਨੂੰ ਸੱਤ ਸਾਲਾਂ ਦੀ ਕੈਦ ਹੋ ਗਈ ਸੀ। ਉਥੋਂ ਆਪ ਹੋਰਾਂ ਨੂੰ ਲਖਨਊ ਲਿਆਂਦਾ ਗਿਆ ਅਤੇ ਕਾਕੋਰੀ ਕੇਸ ਵਿਚ ਆਪ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਬਾਰਾਂਬੰਕੀ ਜੇਲ੍ਹ ਅਤੇ ਗੋਂਡਾ ਜੇਲ੍ਹ ਵਿਚ ਆਪ ਨੂੰ ਰੱਖਿਆ ਗਿਆ ਸੀ। ਆਪ ਮੌਤ ਨੂੰ ਸਾਹਮਣੇ ਖਲੋਤੀ ਵੇਖ ਕੇ ਘਬਰਾਏ ਨਹੀਂ ਬਲਕਿ ਸਦਾ ਹੱਸਦੇ ਰੈਂਹਦੇ ਸਨ। ਆਪਦਾ ਸੁਭਾਵ ਬੜਾ ਹਾਸੇ ਦਾ ਅਤੇ ਨਿਰਭਯ ਸੀ। ਆਪ ਮੌਤ ਦਾ ਮਜ਼ਾਕ ਕਰਦੇ ਹੁੰਦੇ ਸਨ। ਆਪ ਦੇ ਦੋ ਪੱਤ੍ਰ ਸਾਡੇ ਸਾਹਮਣੇ ਹਨ। ਇਕ 6 ਅਕਤੂਬਰ ਨੂੰ ਉਦੋਂ ਲਿਖਿਆ ਸੀ ਜਦੋਂ ਵਾਇਸਰਾਏ ਨੇ ਰੈਹਮ ਦੀ ਦਰਖ਼ਾਸਤ ਨਾਮਨਜ਼ੂਰ ਕੀਤੀ ਸੀ। ਆਪ ਲਿਖਦੇ ਹਨ- ‘ਛੇ ਮਹੀਨੇ ਬਾਰਾਂਬੰਕੀ ਅਤੇ ਗੋਂਡਾ ਜੇਲ੍ਹ ਦੀਆਂ ਕਾਲ-ਕੋਠੜੀਆਂ ਵਿਚ ਬੰਦ ਰੈਹਨ ਤੋਂ ਬਾਅਦ ਅੱਜ ਮੈਨੂੰ ਦੱਸਿਆ ਗਿਆ ਹੈ ਕਿ ਇਕ ਹਫਤੇ ਦੇ ਅੰਦਰ ਅੰਦਰ ਫਾਂਸੀ ਦੇ ਦਿੱਤੀ ਜਾਵੇਗੀ, ਕਿਉਂਕਿ ਵਾਇਸਰਾਇ ਨੇ ਦਰਖ਼ਾਸਤ ਨਾਮਨਜ਼ੂਰ ਕਰ ਦਿੱਤੀ ਹੈ। ਹੁਣ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਆਪਣੇ ਇਨ੍ਹਾਂ ਮਿੱਤਰਾਂ ਦਾ (ਇੱਥੇ ਉਨ੍ਹਾਂ ਦੇ ਨਾਮ ਹਨ) ਧੰਨਵਾਦ ਕਰ ਜਾਵਾਂ, ਜਿਨ੍ਹਾਂ ਮੇਰੇ ਵਾਸਤੇ ਬਹੁਤ ਸਾਰੀ ਕੋਸ਼ਿਸ਼ ਕੀਤੀ। ਤੁਸੀਂ ਮੇਰਾ ਆਖ਼ਰੀ ਨਮਸਕਾਰ ਕਬੂਲ ਕਰੋ। ਸਾਡੇ ਵਾਸਤੇ ਮਰਨਾ ਪੁਰਾਣੇ ਕੱਪੜੇ ਬਦਲਣ ਤੋਂ ਵਧੀਕ ਕੁਝ ਵੀ ਨਹੀਂ। (ਇੱਥੇ ਜੇਲ੍ਹ ਵਾਲਿਆਂ ਨੇ ਕੁਝ ਕੱਟ-ਵੱਢ ਕੀਤੀ ਹੈ ਜੋ ਬਿਲਕੁਲ ਪੜ੍ਹ ਨਹੀਂ ਹੁੰਦਾ)। ਮੌਤ ਆ ਰਹੀ ਹੈ। ਹੱਸਦਾ ਹੱਸਦਾ ਬੜੀ ਖ਼ੁਸ਼ੀ ਤੇ ਚਾਵ ਦੇ ਨਾਲ ਮੈਂ ਓਸ ਨੂੰ ਘੁੱਟ ਕੇ ਜੱਫੀ ਪਾ ਲਵਾਂਗਾ। ਜੇਲ੍ਹ ਦੇ ਕਾਨੂੰਨ ਦੇ ਮੁਤਾਬਿਕ ਹੋਰ ਨਹੀਂ ਲਿਖ ਸਕਦਾ। ਤੁਹਾਨੂੰ ਨਮਸਕਾਰ, ਦੇਸ ਦੇ ਦਰਦਮੰਦਾਂ ਨੂੰ ਨਮਸਕਾਰ, ਵੰਦੇ ਮਾਤਰਮ! ਆਪਦਾ ਰਾਜੇਂਦ੍ਰ ਨਾਥ ਲਾਹਿਰੀ’
ਫੇਰ ਏਸ ਖ਼ਤ ਦੇ ਬਾਅਦ ਹੀ ਫਾਂਸੀ ਨਹੀਂ ਹੋ ਸਕੀ ਕਿਉਂਕਿ ਪ੍ਰੀਵੀ ਕੌਂਸਲ ਵਿਚ ਅਪੀਲ ਕੀਤੀ ਗਈ ਸੀ। ਦੂਜਾ ਪੱਤ੍ਰ ਆਪ ਨੇ 14 ਦਸੰਬਰ (1927) ਨੂੰ ਇਕ ਮਿੱਤਰ ਦੇ ਨਾਉਂ ਲਿਖਿਆ ਸੀ- ‘ਕੱਲ੍ਹ ਮੈਨੂੰ ਪਤਾ ਲੱਗਾ ਹੈ ਕਿ ਪ੍ਰੀਵੀ ਕੌਂਸਲ ਨੇ ਮੇਰੀ ਅਪੀਲ ਖ਼ਾਰਜ ਕਰ ਦਿੱਤੀ ਹੈ। ਤੁਸੀਂ ਸਾਨੂੰ ਬਚਾਉਣ ਦਾ ਬੜਾ ਯਤਨ ਕੀਤਾ ਪਰ ਮਾਲੂਮ ਹੁੰਦਾ ਹੈ ਕਿ ਦੇਸ਼ ਦੀ ਯਗਵੇਦੀ ’ਤੇ ਸਾਡੇ ਪ੍ਰਾਣਾਂ ਦੀ ਕੁਰਬਾਨੀ ਦੀ ਹੀ ਲੋੜ ਹੈ। ਮੌਤ ਕੀ ਹੈ? ਜੀਵਨ ਦੀ ਦੂਜੀ ਦਿਸ਼ਾ ਦੇ ਸਿਵਾਏ ਕੁਸ਼ ਨਹੀਂ। ਜੀਵਨ ਕੀ ਹੈ? ਮੌਤ ਦੀ ਦੂਜੀ ਦਿਸ਼ਾ ਦਾ ਹੀ ਨਾਉਂ ਹੈੈ। ਫੇਰ ਡਰਨ ਦੀ ਕੀ ਲੋੜ ਹੈ? ਏਹ ਤਾਂ ਕੁਦਰਤੀ ਗੱਲ ਹੈ, ਉਨੀ ਹੀ ਕੁਦਰਤੀ ਜਿੰਨੀ ਕਿ ਸਵੇਰੇ ਸੂਰਜ ਦਾ ਉੱਗਣਾ। ਜੇ ਏਹ ਗੱਲ ਸੱਚ ਹੈ ਕਿ ਇਤਿਹਾਸ ਪਲਟਾ ਖਾਇਆ ਕਰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਸਾਡੀ ਕੁਰਬਾਨੀ ਐਵੇਂ ਨਹੀਂ ਜਾਂਦੀ। ਮੇਰਾ ਨਮਸਕਾਰ ਸਭ ਨੂੰ - ਅੰਤਮ ਨਮਸਕਾਰ! ਆਪਦਾ ਰਾਜੇਂਦਰ ਨਾਥ ਲਾਹਿਰੀ’
ਕਿੰਨਾ ਭੋਲਾ, ਕਿੰਨਾ ਸੋਹਣਾ ਅਤੇ ਨਿਰਭੈਤਾ ਭਰਿਆ ਖ਼ਤ ਹੈ ਅਤੇ ਕਿੰਨਾ ਭੋਲਾ ਇਹਨਾਂ ਦਾ ਲੇਖਕ ਹੈ? ਫੇਰ ਇਹਨਾਂ ਨੂੰ ਹੀ ਦੂਜਿਆਂ ਕੋਲੋਂ ਦੋ ਦਿਨ ਪਹਿਲੋਂ ਫਾਂਸੀ ਦੇ ਦਿੱਤੀ ਗਈ! ਫਾਂਸੀ ਦੇ ਵੇਲੇ ਆਪਦੇ ਹੱਥਕੜੀ ਪਹਿਨੌਣ ਦਾ ਬੰਦੋਬਸਤ ਕੀਤਾ ਜਾਣ ਲੱਗਾ ਤੇ ਆਪ ਨੇ ਕਿਹਾ, ‘ਕੀ ਲੋੜ ਹੈ! ਤੁਸੀਂ ਮੈਨੂੰ ਰਾਹ ਦੱਸੀ ਜਾਉ, ਮੈਂ ਆਪ ਹੀ ਉਧਰ ਨੂੰ ਚੱਲ ਪੈਂਦਾ ਹਾਂ।’
ਸ੍ਰੀ ਰੋਸ਼ਨ ਸਿੰਘ ਜੀ: ਆਪ ਨੂੰ 19 ਦਸੰਬਰ (1927) ਨੂੰ ਅਲ੍ਹਾਬਾਦ ਫਾਂਸੀ ਦਿੱਤੀ ਗਈ। ਉਨ੍ਹਾਂ ਦਾ ਇਕ ਆਖ਼ਰੀ ਖ਼ਤ 13 ਦਸੰਬਰ ਦਾ ਲਿਖਿਆ ਹੋਇਆ ਹੈ। ਆਪ ਲਿਖਦੇ ਹਨ- ‘ਇਸ ਹਫਤੇ ਵਿਚ ਫਾਂਸੀ ਹੋ ਜਾਵੇਗੀ। ਈਸ਼ਵਰ ਅੱਗੇ ਬੇਨਤੀ ਹੈ ਕਿ ਤੁਹਾਡੇ ਪ੍ਰੇਮ ਦਾ ਤੁਹਾਨੂੰ ਬਦਲਾ ਦੇਵੇ। ਤੁਸੀਂ ਮੇਰੇ ਲਈ ਕੋਈ ਗ਼ਮ ਨ ਕਰਨਾ। ਮੇਰੀ ਮੌਤ ਤਾਂ ਖ਼ੁਸ਼ੀ ਵਾਲੀ ਹੈ। ਚਾਹੀਦਾ ਤਾਂ ਇਹ ਹੈ ਕਿ ਕੋਈ ਬਦਫ਼ੈਲੀ ਕਰਕੇ ਬਦਨਾਮ ਹੋ ਕੇ ਨਾ ਮਰੇ ਅਤੇ ਅੰਤ ਵੇਲੇ ਈਸ਼ਵਰ ਯਾਦ ਰਹੇ। ਸੋ ਏਹ ਦੋਨੋਂ ਗੱਲਾਂ ਹਨ। ਇਸ ਲਈ ਕੋਈ ਗ਼ਮ ਨਹੀਂ ਕਰਨਾ ਚਾਹੀਦਾ। ਦੋ ਸਾਲ ਬਾਲ-ਬੱਚਿਆਂ ਤੋਂ ਅਲੱਗ ਰਿਹਾ ਹਾਂ। ਈਸ਼ਵਰ ਦੇ ਭਜਨ ਦਾ ਖ਼ੂਬ ਮੌਕਾ ਮਿਲਿਆ, ਏਸ ਕਰਕੇ ਮੋਹ-ਮਾਇਆ ਸਭ ਹਟ ਗਈ। ਹੁਣ ਕੋਈ ਚਾਹ ਬਾਕੀ ਨਹੀਂ। ਮੈਨੂੰ ਯਕੀਨ ਹੈ ਕਿ ਜੀਵਨ ਦੀ ਦੁੱਖ ਭਰੀ ਯਾਤ੍ਰਾ ਖ਼ਤਮ ਕਰਕੇ ਸੁੱਖ ਦੇ ਥਾਓਂ ਜਾ ਰਿਹਾ ਹਾਂ। ਸ਼ਾਸਤਰਾਂ ਵਿਚ ਲਿਖਿਆ ਹੈ ਕਿ ਯੁੱਧ ਵਿਚ ਮਰਨ ਵਾਲਿਆਂ ਦੀ ਰਿਸ਼ੀਆਂ ਵਰਗੀ ਹੀ ਰਹਿਤ ਹੁੰਦੀ ਹੈ। (ਇੱਥੋਂ ਕੱਟਿਆ ਹੋਇਆ ਹੈ।)
ਜ਼ਿੰਦਗੀ ਜ਼ਿੰਦਾਦਿਲੀ ਕੋ ਜਾਨਿਐ ਰੋਸ਼ਨ,
ਵਰਨਾ ਕਿਤਨੇ ਮਰੇ ਔਰ ਪੈਦਾ ਹੋਤੇ ਜਾਤੇ ਹੈਂ।
ਆਖ਼ਰੀ ਨਮਸਤੇ!
ਸ੍ਰੀ ਰੋਸ਼ਨ ਸਿੰਘ ਰਾਏਬ੍ਰੇਲੀ ਦੇ ਕੰਮ ਕਰਨ ਵਾਲਿਆਂ ਵਿਚੋਂ ਸਨ। ਕ੍ਰਿਸਾਨ ਏਜੀਟੇਸ਼ਨ (ਅੰਦੋਲਨ) ਵਿਚ ਜੇਲ੍ਹ ਜਾ ਚੁੱਕੇ ਸਨ। ਸਭ ਨੂੰ ਯਕੀਨ ਸੀ ਕਿ ਹਾਈਕੋਰਟ ਵਿਚ ਆਪ ਦੀ ਮੌਤ ਦੀ ਸਜ਼ਾ ਹਟ ਜਾਵੇਗੀ ਕਿਉਂਕਿ ਆਪ ਦੇ ਖ਼ਿਲਾਫ ਕੁਝ ਭੀ ਨਹੀਂ ਸੀ। ਫੇਰ ਵੀ ਉਹ ਅੰਗਰੇਜ਼-ਸ਼ਾਹੀ ਦੇ ਸ਼ਿਕਾਰ ਹੋ ਹੀ ਗਏ ਅਤੇ ਫਾਂਸੀ ਲਟਕਾ ਦਿੱਤੇ ਗਏ। ਤਖ਼ਤੇ ਤੇ ਖਲੋਣ ਪੁਰ ਆਪ ਦੇ ਮੂੰਹ ਤੋਂ ਜੋ ਆਵਾਜ਼ ਨਿਕਲੀ, ਓਹ ਇਹ ਸੀ- ‘ਵੰਦੇ ਮਾਤਰਮ’
ਆਪ ਦੀ ਅਰਥੀ ਦਾ ਜਲੂਸ ਨਾ ਕੱਢਣ ਦਿੱਤਾ ਗਿਆ। ਲਾਸ਼ ਦੀ ਫੋਟੋ ਲੈ ਕੇ ਦੋਪੈਹਿਰ ਨੂੰ ਆਪ ਦਾ ਦਾਹ ਸੰਸਕਾਰ ਕੀਤਾ ਗਿਆ।
ਸ੍ਰੀ ਅਸ਼ਫ਼ਾਕਉੱਲਾ: ਏਹ ਮਸਤਾਨਾ ਕਵੀ ਵੀ ਹੈਰਾਨ ਕਰਨ ਵਾਲੀ ਖ਼ੁਸ਼ੀ ਨਾਲ ਫਾਂਸੀ ਚੜਿਆ! ਬੜਾ ਸੋਹਣਾ ਅਤੇ ਲੰਬਾ ਚੌੜਾ ਜਵਾਨ ਸੀ। ਤਕੜਾ ਬੜਾ ਸੀ। ਜੇਹਲ ਵਿਚ ਕੁਝ ਮਾੜਾ ਹੋ ਗਿਆ ਸੀ। ਆਪ ਨੇ ਮੁਲਾਕਾਤ ਵੇਲੇ ਦੱਸਿਆ, ਕਿ ਮਾੜਾ ਹੋਣ ਦਾ ਕਾਰਨ ਗ਼ਮ ਫਿਕਰ ਨਹੀਂ ਬਲਕਿ ਰੱਬ ਦੀ ਯਾਦ ਵਿਚ ਮਸਤ ਰੈਹਣ ਖ਼ਾਤਰ ਰੋਟੀ ਬਹੁਤ ਥੋੜ੍ਹੀ ਖਾਂਦਾ ਹਾਂ। ਫਾਂਸੀ ਤੋਂ ਇਕ ਦਿਨ ਪਹਿਲੋਂ ਆਪ ਦੀ ਮੁਲਾਕਾਤ ਹੋਈ। ਆਪ ਖ਼ੂਬ ਸਜੇ ਧਜੇ ਸਨ। ਬੜੇ ਬੜੇ ਵਾਲ ਵਾਹੇ ਹੋਏ ਖ਼ੂਬ ਸਜਦੇ ਸਨ। ਬੜੇ ਹੱਸ ਹੱਸ ਕੇ ਗੱਲਾਂ ਕਰਦੇ ਰਹੇ। ਆਪ ਨੇ ਕਿਹਾ, ਕੱਲ੍ਹ ਮੇਰੀ ਸ਼ਾਦੀ ਹੋਣ ਵਾਲੀ ਹੈ। ਦੂਜੇ ਦਿਨ ਸੁਵੇਰੇ ਛੇ ਬਜੇ ਆਪ ਨੂੰ ਫਾਂਸੀ ਦਿੱਤੀ ਗਈ। ਕੁਰਾਨ ਸ਼ਰੀਫ ਦਾ ਬਸਤਾ ਲਟਕਾਕੇ, ਹਾਜੀਆਂ ਦੀ ਤਰ੍ਹਾਂ ਵਜ਼ੀਫਾ ਪੜ੍ਹਦੇ ਹੋਏ ਬੜੇ ਹੌਸਲੇ ਨਾਲ ਤੁਰ ਪਏ। ਅੱਗੇ ਜਾ ਕੇ ਤਖਤੇ ਅਤੇ ਰੱਸੀ ਨੂੰ ਚੁਮ ਲਿਆ। ਆਪ ਨੇ ਓਥੇ ਕਿਹਾ- ‘‘ਮੈਂ ਕਦੇ ਕਿਸੇ ਆਦਮੀ ਦੇ ਖ਼ੂਨ ਨਾਲ ਆਪਣੇ ਹੱਥ ਨਹੀਂ ਰੰਗੇ ਅਤੇ ਮੇਰਾ ਇਨਸਾਫ਼ ਖ਼ੁਦਾ ਦੇ ਸਾਹਮਣੇ ਹੋਵੇਗਾ। ਮੇਰੇ ਉਤੇ ਲਾਏ ਗਏ ਸਭੇ ਇਲਜ਼ਾਮ ਗ਼ਲਤ ਹਨ।’’
ਖ਼ੁਦਾ ਦਾ ਨਾਮ ਲੈਂਦਿਆਂ ਰੱਸੀ ਖਿਚ ਗਈ। ਅਤੇ ਉਹ ਕੂਚ ਕਰ ਗਏ। ਉਹਨਾਂ ਦੇ ਰਿਸ਼ਤੇਦਾਰਾਂ ਨੇ ਬੜੀ ਮਿੰਨਤ ਤਰਲੇ ਕਰਕੇ ਉਹਨਾਂ ਦੀ ਲਾਸ਼ ਲਈ ਅਤੇ ਉਹਨੂੰ ਸ਼ਾਹ ਜਹਾਨ ਪੁਰ ਨੂੰ ਲਿਆਏ। ਲਖਨਊ ਸਟੇਸ਼ਨ ਤੇ ਮਾਲਗੱਡੀ ਦੇ ਇਕ ਡੱਬੇ ਵਿਚ ਉਹਨਾਂ ਦੀ ਲਾਸ਼ ਨੂੰ ਦੇਖਣ ਦਾ ਮੌਕਿਆ ਕੁਝ ਸਜਨਾਂ ਨੂੰ ਮਿਲਿਆ ਸੀ। ਫਾਂਸੀ ਦੇ ਦਸ ਘੰਟੇ ਬਾਦ ਭੀ ਚੇਹਰੇ ਤੇ ਓਸੇ ਤਰ੍ਹਾਂ ਰੌਨਕ ਸੀ। ਏਹ ਮਾਲੂਮ ਹੁੰਦਾ ਸੀ ਹੁਣੇ ਜਹੇ ਹੀ ਸੌਂ ਗਏ ਹਨ। ਪਰ ਅਸ਼ਫ਼ਾਕ ਹੋਰੀਂ ਤਾਂ ਐਸੀ ਨੀਂਦ ਸੌਂ ਚੁੱਕੇ ਸਨ, ਜਿਥੋਂ ਉਨ੍ਹਾਂ ਕਦੇ ਭੀ ਨਹੀਂ ਜਾਗਣਾਂ। ਅਸ਼ਫ਼ਾਕ ਸ਼ਾਇਰ ਸੀ, ਉਨ੍ਹਾਂ ਦਾ ਤਖ਼ਲੁਸ ‘ਹਸਰਤ’ ਸੀ। ਮਰਨ ਤੋਂ ਪਹਿਲੋਂ ਆਪ ਨੇ ਦੋ ਸ਼ਿਅਰ ਕਹੇੇ ਸਨ-
‘ਫ਼ਨ੍ਹਾ ਹੈ ਸਬਕੇ ਲੀਏ, ਹਮ ਪੈ ਕੁਛ ਨਹੀਂ ਮੌਕੂਫ!
ਬਕਾ ਹੈ ਏਕ ਫਕਤ ਜ਼ਾਤ-ਇ-ਕਿਬ੍ਰਿਆ ਕੇ ਲੀਏ॥
(ਨਾਸ਼ ਤਾਂ ਸਭ ਦਾ ਹੀ ਹੋਣਾ ਹੈ, ਕੋਈ ਸਾਡੇ ਕੱਲਿਆਂ ਵਾਸਤੇ ਹੀ ਥੋੜਾ ਹੈ। ਨਾ ਮਰਨ ਵਾਲਾ ਤਾਂ ਕੇਵਲ ਇਕ ਪਰਮਾਤਮਾ ਹੈ) ਅਤੇ
ਤੰਗ ਆਕਰ ਹਮ ਭੀ ਓਨਕੇ ਜ਼ੁਲਮ ਸੇ, ਬੇਦਾਦ ਸੇ,
ਚਲ ਦੀਏ ਸੂਏ ਅਦਮ ਜਿੰਦਾਨੇ ਫੈਜ਼ਾਬਾਦ ਸੇ।
(ਅਸੀਂ ਉਨ੍ਹਾਂ ਦੇ ਲਗਾਤਾਰ ਜ਼ੁਲਮ ਤੇ ਸਿਤਮ ਤੋਂ ਤੰਗ ਆ ਕੇ ਫੈਜ਼ਾਬਾਦ ਤੋਂ ਦੂਰ ਦੀ ਯਾਤਰਾ ਉਤੇ ਚੱਲੇ ਹਾਂ)
ਸ੍ਰੀ ਅਸ਼ਫ਼ਾਕ ਵੱਲੋਂ ਇਕ ਮਾਫ਼ੀਨਾਮਾ ਛਪਿਆ ਸੀ, ਉਸਦੇ ਸੰਬੰਧ ਵਿਚ ਸ੍ਰੀ ਰਾਮ ਪ੍ਰਸਾਦ (ਬਿਸਮਿਲ) ਜੀ ਨੇ ਆਪਣੇ ਆਖ਼ਰੀ ਐਲਾਨ ਵਿਚ ਇਨ੍ਹਾਂ ਦੀ ਪੋਜ਼ੀਸ਼ਨ ਸਾਫ਼ ਕਰ ਦਿੱਤੀ ਹੈ। ਆਪ ਕੈਂਹਦੇ ਹਨ ਕਿ ਅਸ਼ਫ਼ਾਕ ਮਾਫ਼ੀਨਾਮਾ ਤਾਂ ਕੀ ਅਪੀਲ ਵਾਸਤੇ ਵੀ ਰਾਜ਼ੀ ਨਹੀਂ ਸਨ। ਆਪ ਨੇ ਕਿਹਾ ਸੀ, ਮੈਂ ਖ਼ੁਦਾ ਤੋਂ ਸਿਵਾ ਕਿਸੇ ਅੱਗੇ ਝੁਕਣਾ ਨਹੀਂ ਚਾਹੁੰਦਾ। ਪਰੰਤੂ ਰਾਮ ਪ੍ਰਸਾਦ ਹੋਰਾਂ ਦੇ ਕੈਹਣ ਸੁਣਨ ਤੇ ਆਪ ਹੋਰਾਂ ਓਹ ਸਭ ਕੁਝ ਲਿਖਿਆ ਸੀ। ਵਰਨਾ ਮੌਤ ਦਾ ਉਨ੍ਹਾਂ ਨੂੰ ਕੋਈ ਡਰ ਯਾ ਭਯ ਨਹੀਂ ਸੀ। ਉਪਰ ਲਿਖਿਆ ਹਾਲ ਪੜ੍ਹਕੇ ਵੀ ਪਾਠਕ ਏਹ ਗੱਲ ਸਮਝ ਸਕਦੇ ਹਨ। ਆਪ ਸ਼ਾਹਜਹਾਨ ਪੁਰ ਦੇ ਰੈਹਣ ਵਾਲੇ ਸਨ ਅਤੇ ਆਪ ਸ੍ਰੀ ਰਾਮ ਪ੍ਰਸਾਦ ਜੀ ਦੇ ਸੱਜੇ ਹੱਥ ਸਨ। ਮੁਸਲਮਾਨ ਹੋਣ ਦੇ ਬਾਵਜੂਦ ਆਪ ਦਾ ਕੱਟਰ ਆਰੀਯਾ ਸਮਾਜੀ ਧਰਮੀ ਨਾਲ ਹੱਦ ਦਰਜੇ ਦਾ ਪ੍ਰੇਮ ਸੀ। ਦੋਨੋਂ ਪ੍ਰੇਮੀ ਇਕੋ ਬੜੇ ਕੰਮ ਵਾਸਤੇ ਆਪਣੇ ਪ੍ਰਾਣ ਤਿਆਗ ਕੇ ਅਮਰ ਹੋ ਗਏ।
ਸ੍ਰੀ ਰਾਮ ਪ੍ਰਸਾਦ ‘ਬਿਸਮਿਲ’: ਸ੍ਰੀ ਰਾਮ ਪ੍ਰਸਾਦ ‘ਬਿਸਮਿਲ’ ਬੜੇ ਹੋਣਹਾਰ ਨੌਜਵਾਨ ਸਨ। ਬਹੁਤ ਵਧੀਆ ਸ਼ਾਇਰ ਸਨ। ਦੇਖਣ ਨੂੰ ਭੀ ਡਾਢੇ ਸੋਹਣੇ ਸਨ। ਲਾਇਕ ਬਹੁਤ ਸਨ। ਜਾਣਨ ਵਾਲੇ ਕਹਿੰਦੇ ਹਨ (ਕਿ ਉਹ ਜੇਕਰ) ਕਿਸੇ ਹੋਰ ਥਾਂ, ਕਿਸੇ ਹੋਰ ਦੇਸ਼ ਯਾ ਕਿਸੇ ਹੋਰ ਵੇਲੇ ਪੈਦਾ ਹੋਏ ਹੁੰਦੇ ਤਾਂ ਫੌਜਾਂ ਦੇ ਜਰਨੈਲ ਬਣਦੇ। ਆਪ ਨੂੰ ਸਾਰੀ ਸਾਜ਼ਸ਼ ਦਾ ਨੇਤਾ ਮੰਨਿਆ ਗਿਆ ਹੈ। ਬਹੁਤ ਜ਼ਿਆਦਾ ਭਾਵੇਂ ਨਹੀਂ ਸੀ ਪੜ੍ਹੇ ਹੋਏ ਪਰ ਫੇਰ ਭੀ ਪੰਡਿਤ ਜਗਤ ਨਾਰਾਇਣ ਵਰਗੇ ਸਰਕਾਰੀ ਵਕੀਲ ਦੀ ਸੁੱਧ-ਬੁੱਧ ਭੁਲਾ ਦਿੰਦੇ ਸਨ। ਚੀਫ ਕੋਰਟ ਵਿਚ ਆਪਣੀ ਅਪੀਲ ਆਪ ਹੀ ਲਿਖੀ ਸੀ, ਜਿਸ ਤੋਂ ਕਿ ਜੱਜਾਂ ਨੂੰ ਕਹਿਣਾ ਪਿਆ ਕਿ ਇਸ ਦੇ ਲਿਖਣ ਵਿਚ ਜ਼ਰੂਰ ਹੀ ਕਿਸੇ ਸਿਆਣੇ ਅਤੇ ਲਾਇਕ ਆਦਮੀ ਦਾ ਹੱਥ ਹੈ। ਆਪ ਨੂੰ 19 ਤਾਰੀਖ (ਦਸੰਬਰ 1927) ਫਾਂਸੀ ਲਟਕਾਇਆ ਗਿਆ ਸੀ। 12 (ਦਸੰਬਰ) ਦੀ ਸ਼ਾਮ ਨੂੰ ਹੀ ਆਪ ਨੂੰ ਜਦੋਂ ਦੁੱਧ ਦਿੱਤਾ ਗਿਆ ਤਾਂ ਆਪ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਹੁਣ ਮੈਂ ਮਾਂ ਦਾ ਦੁੱਧ ਹੀ ਪੀਵਾਂਗਾ।18 (ਦਸੰਬਰ) ਨੂੰ ਆਪ ਦੀ ਮੁਲਾਕਾਤ ਹੋਈ। ਮਾਂ ਨੂੰ ਮਿਲਣ ਵੇਲੇ ਆਪ ਦੀਆਂ ਅੱਖੀਆਂ ਵਿਚੋਂ ਅਥਰੂ ਕਿਰ ਪਏ। ਮਾਂ ਇਕ ਬੜੇ ਹੌਸਲੇ ਵਾਲੀ ਦੇਵੀ ਸੀ। ਆਪ ਨੂੰ ਕਹਿਣ ਲੱਗੀ- ‘ਹਰੀਸ਼ ਚੰਦਰ, ਦਧੀਚੀ ਆਦਿ ਬਜ਼ੁਰਗਾਂ ਵਾਂਗੂੰ ਬੀਰਤਾ ਨਾਲ ਧਰਮ ਅਤੇ ਦੇਸ਼ ਵਾਸਤੇ ਜਾਨ ਦੇਹ। ਚਿੰਤਾ ਕਰਨ ਅਤੇ ਪਛਤੌਣ ਦੀ ਲੋੜ ਨਹੀਂ।’
ਆਪ ਹੱਸ ਪਏ। ਕਿਹਾ ‘ਮਾਂ! ਮੈਨੂੰ ਚਿੰਤਾ ਕਾਹਦੀ ਅਤੇ ਪਛਤਾਵਾ ਕਾਹਦਾ। ਮੈਂ ਕੋਈ ਪਾਪ ਨਹੀਂ ਕੀਤਾ। ਮੈਂ ਮੌਤ ਤੋਂ ਨਹੀਂ ਡਰਦਾ। ਪਰ ਮਾਂ! ਅੱਗ ਕੋਲ ਰੱਖਿਆ ਘਿਓ ਪੰਘਰ ਹੀ ਪੈਂਦਾ ਹੈ। ਤੇਰਾ ਮੇਰਾ ਸੰਬੰਧ ਹੀ ਕੁਝ ਐਸਾ ਹੈ ਕਿ ਪਾਸ ਹੁੰਦਿਆਂ ਸਾਰ ਹੀ ਅੱਖਾਂ ਵਿਚੋਂ ਹੰਝੂ ਡਿਗ ਪਏ। ਨਹੀਂ ਤਾਂ ਮੈਂ ਤਾਂ ਬੜਾ ਖ਼ੁਸ਼ ਹਾਂ।’
ਫਾਂਸੀ ਵਾਸਤੇ ਲਿਜਾਣ ਵੇਲੇ ਆਪ ਨੇ ਜ਼ੋਰ ਨਾਲ ਕਿਹਾ- ਵੰਦੇ-ਮਾਤ੍ਰਮ, ਭਾਰਤ ਮਾਤਾ ਕੀ ਜੈ ਅਤੇ ਸ਼ਾਂਤੀ ਨਾਲ ਚਲਦਿਆਂ ਹੋਇਆਂ ਕਿਹਾ- ‘ਮਾਲਕ ਤੇਰੀ ਰਜ਼ਾ ਰਹੇ ਔਰ ਤੂ ਹੀ ਤੂ ਰਹੇ, ਬਾਕੀ ਨ ਮੈਂ ਰਹੂੰ, ਨ ਮੇਰੀ ਆਰਜ਼ੂ ਰਹੇ। ਜਬ ਤਕ ਕਿ ਤਨ ਮੇਂ ਜਾਨ, ਰਗੋਂ ਮੇਂ ਲਹੂ ਰਹੇ, ਤੇਰਾ ਹੀ ਜ਼ਿਕ੍ਰ ਯਾਰ, ਤੇਰੀ ਹੀ ਜੁਸਤਜੂ ਰਹੇ।’
ਫਾਂਸੀ ਦੇ ਤਖ਼ਤੇ ਉਤੇ ਖਲੋ ਕੇ ਆਪਨੇ ਕਿਹਾ- ‘I wish the downfall of the British Empire’
ਫੇਰ ਇਹ ਸ਼ੇਅਰ ਪੜ੍ਹਿਆ-
‘ਅਬ ਨ ਅਹਲੇ ਵਲਵਲੇ ਹੈਂ, ਔਰ ਨ ਅਰਮਾਨੋਂ ਕੀ ਭੀੜ!
ਏਕ ਮਿਟ ਜਾਨੇ ਕੀ ਹਸਰਤ, ਅਬ ਦਿਲੇ-ਬਿਸਮਿਲ ਮੇਂ ਹੈ!’
(ਭਾਵ ਮੇਰੇ ਦਿਲ ਵਿਚ ਹੁਣ ਦੇਸ਼ ਲਈ ਕੁਰਬਾਨ ਹੋ ਜਾਣ ਦੀ ਇੱਛਾ ਤੋਂ ਇਲਾਵਾ ਹੋਰ ਕੋਈ ਚਾਹਤ ਨਹੀਂ)
ਫੇਰ ਈਸ਼੍ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਫੇਰ ਇਕ ਮੰਤ੍ਰ ਪੜ੍ਹਨਾ ਸ਼ੁਰੂ ਕੀਤਾ। ਰੱਸੀ ਖਿੱਚੀ ਗਈ। ਰਾਮ ਪ੍ਰਸਾਦ ਜੀ ਫਾਂਸੀ ਲਟਕ ਗਏ। ਅੱਜ ਉਹ ਵੀਰ ਇਸ ਸੰਸਾਰ ਵਿਚ ਨਹੀਂ। ਉਸਨੂੰ ਅੰਗਰੇਜ਼ੀ ਸਰਕਾਰ ਨੇ ਆਪਣਾ ਖੌਫ਼ਨਾਕ ਦੁਸ਼ਮਣ ਸਮਝਿਆ। ਆਮ ਖਿਆਲ ਹੈ ਕਿ ਉਸ ਦਾ ਕਸੂਰ ਏਹੋ ਸੀ ਕਿ ਉਹ ਏਸ ਗ਼ੁਲਾਮ ਦੇਸ਼ ਵਿਚ ਜੰਮ ਕੇ ਭੀ ਇਕ ਬੜਾ ਭਾਰੀ ਯੋਧਾ ਬਣ ਗਿਆ ਸੀ, ਅਤੇ ਲੜਾਈ ਦੇ ਸਾਰੇ ਇਲਮ ਤੋਂ ਖ਼ੂਬ ਵਾਕਿਫ਼ ਸੀ। ਆਪ ਨੂੰ ਮੈਨਪੁਰੀ ਸਾਜ਼ਸ਼ ਦੇ ਲੀਡਰ ਸ੍ਰੀ ਗੇਂਦਾ ਲਾਲ ਦੀਖਸ਼ਿਤ ਜਿਹੇ ਸੂਰਬੀਰ ਨੇ ਖ਼ਾਸ ਤੌਰ ਤੇ ਸਿੱਖਿਆ ਦੇ ਕੇ ਤਯਾਰ ਕੀਤਾ ਹੋਇਆ ਸੀ। ਮੈਨਪੁਰੀ ਦੇ ਮੁਕੱਦਮੇ ਦੇ ਵੇਲੇ ਆਪ ਦੌੜ ਕੇ ਨੇਪਾਲ ਚਲੇ ਗਏ ਸਨ। ਹੁਣ ਉਹੋ ਵਿਦਿਯਾ ਹੀ ਆਪ ਦੀ ਮੌਤ ਦੀ ਇਕ ਬੜੀ ਵਜ੍ਹਾ ਹੋ ਗਈ।
ਸੱਤ ਵਜੇ ਆਪ ਦੀ ਲਾਸ਼ ਮਿਲੀ ਤੇ ਬੜਾ ਭਾਰੀ ਜਲੂਸ ਨਿਕਲਿਆ। ਸਵਦੇਸ਼ ਪ੍ਰੇਮ ਵਿਚ ਆਪ ਦੀ ਮਾਤਾ ਨੇ ਕਿਹਾ- ‘ਮੈਂ ਆਪਣੇ ਪੁੱਤ੍ਰ ਦੀ ਏਸ ਮੌਤ ਤੋਂ ਖ਼ੁਸ਼ ਹਾਂ, ਦੁਖੀ ਨਹੀਂ। ਮੈਂ ਸ੍ਰੀ ਰਾਮਚੰਦਰ ਜੀ ਵਰਗਾ ਹੀ ਪੁੱਤ੍ਰ ਚਾਹੁੰਦੀ ਸਾਂ। ਬੋਲੋ ਸ੍ਰੀ ਰਾਮ ਚੰਦਰ ਜੀ ਕੀ ਜੈ।’
ਇਤਰ ਫੁਲੇਲ ਅਤੇ ਫੁੱਲਾਂ ਦੀ ਵਰਖਾ ਵਿਚ ਉਨ੍ਹਾਂ ਦੀ ਲਾਸ਼ ਦਾ ਜਲੂਸ ਜਾ ਰਿਹਾ ਸੀ। ਦੁਕਾਨਦਾਰਾਂ ਨੇ ਉਨ੍ਹਾਂ ਉਤੋਂ ਦੀ ਪੈਸੇ ਸੁੱਟੇ। ਗਿਆਰਾਂ ਬਜੇ ਆਪ ਦੀ ਲਾਸ਼ ਸ਼ਮਸ਼ਾਨ ਭੂਮੀ ਵਿਖੇ ਪੁੱਜੀ ਅਤੇ ਅੰਤਿਮ ਕ੍ਰਿਆ ਸਮਾਪਤ ਕੀਤੀ ਗਈ। ਆਪ ਦੇ ਆਖਰੀ ਪੱਤ੍ਰ ਦਾ ਕੁਝ ਹਿੱਸਾ ਆਪ ਦੀ ਭੇਟਾ ਕੀਤਾ ਜਾਂਦਾ ਹੈ- ‘ਮੈਂ ਖ਼ੂਬ ਸੁਖੀ ਹਾਂ। 19 ਤਾਰੀਖ ਨੂੰ ਸਵੇਰੇ ਜੋ ਹੋਣਾ ਹੈ ਉਸ ਵਾਸਤੇ ਤਯਾਰ ਹਾਂ। ਪ੍ਰਮਾਤਮਾ ਕਾਫੀ ਸ਼ਕਤੀ ਬਖਸ਼ਣਗੇ। ਮੇਰਾ ਯਕੀਨ ਹੈ ਕਿ ਮੈਂ ਲੋਕਾਂ ਦੀ ਸੇਵਾ ਲਈ ਫੇਰ ਜਲਦੀ ਹੀ ਜਨਮ ਲਵਾਂਗਾ। ਸਭਨਾਂ ਨੂੰ ਮੇਰਾ ਨਮਸਤੇ ਕਹਿ ਦੇਣਾ। ਦਯਾ ਕਰਕੇ ਇਤਨਾ ਕੰੰਮ ਹੋਰ ਵੀ ਕਰਨਾ ਕਿ ਮੇਰਾ ਪੰਡਿਤ ਜਗਤ ਨਾਰਾਇਣ (ਸ੍ਰਕਾਰੀ ਵਕੀਲ ਜਿਸ ਇਹਨਾਂ ਨੂੰ ਫਾਂਸੀ ਦੁਆਣ ਲਈ ਬੜਾ ਜ਼ੋਰ ਲਾਇਆ ਸੀ) ਨੂੰ ਅੰਤਮ ਨਮਸਕਾਰ ਕਹਿ ਦੇਣਾ। ਉਹਨਾਂ ਨੂੰ ਸਾਡੇ ਲਹੂ ਭਰੇ ਰੁਪਏ ਨਾਲ ਚੈਨ ਦੀ ਨੀਂਦ ਆਵੇ। ਬੁਢਾਪੇ ਵਿਚ ਪਰਮਾਤਮਾ ਉਹਨਾਂ ਨੂੰ ਸੁਮੱਤ ਦੇਵੇ।’
ਰਾਮ ਪ੍ਰਸਾਦ ਜੀ ਦੀਆਂ ਸਾਰੀਆਂ ਹਸਰਤਾਂ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ। ਆਪ ਨੇ ਇਕ ਲੰਮਾ ਚੌੜਾ ਐਲਾਨ ਕੀਤਾ ਹੈ, ਜਿਸਦਾ ਸੰਖੇਪ ਅਸੀਂ ਦੂਜੀ ਥਾਂ ਦਿੰਦੇ ਹਾਂ।
ਫਾਂਸੀ ਤੋਂ ਦੋ ਦਿਨ ਪਹਿਲੋਂ ਸੀ.ਆਈ.ਡੀ. ਦੇ ਮਿਸਟਰ ਹੈਮਿਲਟਨ ਆਪ ਹੋਰਾਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਤੁਸੀਂ ਜ਼ਬਾਨੀ ਸਭ ਕੁਸ਼ ਦਸ ਦੇਵੋ ਅਤੇ ਤੁਸਾਂ ਨੂੰ ਪੰਜ ਹਜ਼ਾਰ ਨਕਦ ਦੇ ਦਿੱਤਾ ਜਾਵੇਗਾ ਅਤੇ ਸਰਕਾਰੀ ਖਰਚ ਤੇ ਵਲੈਤ ਭੇਜ ਕੇ ਬੈਰਿਸਟਰੀ ਪੜ੍ਹਾਈ ਜਾਵੇਗੀ। ਪਰ ਆਪ ਇਨ੍ਹਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ। ਆਪ ਹਕੂਮਤਾਂ ਨੂੰ ਠੁਕਰਾਉਣ ਵਾਲੇ ਕਦੇ-ਕਦੇ ਜਨਮ ਲੈਣ ਵਾਲੇ ਵੀਰਾਂ ਚੋਂ ਸਨ। ਮੁਕੱਦਮੇ ਦੇ ਦਿਨਾਂ ਵਿਚ ਆਪ ਨੂੰ ਜੱਜ ਨੇ ਪੁਛਿਆ ਸੀ, ‘ਤੁਹਾਡੇ ਪਾਸ ਕੀ ਡਿਗਰੀ ਹੈ?’ ਤਾਂ ਆਪ ਨੇ ਹੱਸ ਕੇ ਜਵਾਬ ਦਿੱਤਾ ਸੀ, ‘ਸ਼ਾਹਨਸ਼ਾਹ ਬਣਾਉਣ ਵਾਲਿਆਂ ਨੂੰ ਡਿਗਰੀਆਂ ਦੀ ਕੋਈ ਲੋੜ ਨਹੀਂ ਹੁੰਦੀ, ਕਲਾਇਵ ਪਾਸ ਭੀ ਕੋਈ ਡਿਗ੍ਰੀ ਨਹੀਂ ਸੀ।’ ਅੱਜ ਉਹ ਵੀਰ ਸਾਡੇ ਵਿਚ ਨਹੀਂ ਹਨ! ਆਹ!!