ਭਾਸ਼ਾ ਅਤੇ ਸ਼ਨਾਖਤ ਦੀ ਲੜਾਈ
ਨਿਸ਼ਠਾ ਸੂਦ
‘‘ਜੇ ਮੇਰੀ ਮਾਂ ਬੋਲੀ ਤੁਹਾਡੀ ਰਿਆਸਤ ਦੀਆਂ ਬੁਨਿਆਦਾਂ ਹਿਲਾ ਰਹੀ ਹੈ, ਤਾਂ ਸਾਫ਼ ਹੈ ਕਿ ਤੁਸੀਂ ਆਪਣੀ ਰਿਆਸਤ ਮੇਰੀ ਧਰਤੀ ਉੱਤੇ ਬਣਾਈ ਹੋਈ ਹੈ।’’ - ਮੂਸਾ ਏਂਟਰ
ਭਾਸ਼ਾ ਸਿਰਫ਼ ਸੰਚਾਰ ਦਾ ਢੰਗ ਨਹੀਂ ਸਗੋਂ ਇਹ ਪਛਾਣ, ਇਤਿਹਾਸ ਅਤੇ ਹੱਕ ਦੀ ਲੜਾਈ ਵੀ ਹੈ। 21 ਫਰਵਰੀ 1952 ਨੂੰ ਢਾਕਾ (ਉਸ ਵੇਲੇ ਪੂਰਬੀ ਪਾਕਿਸਤਾਨ) ਵਿੱਚ ਵਿਦਿਆਰਥੀਆਂ ਨੇ ਇਕੱਲੀ ਉਰਦੂ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਪੁਲੀਸ ਨੇ ਗੋਲੀਆਂ ਚਲਾਈਆਂ ਤਾਂ ਅਬਦੁਸ ਸਲਾਮ, ਰਫ਼ੀਕ-ਉਦ-ਦੀਨ ਅਹਿਮਦ, ਅਬੁਲ ਬਰਕਤ ਅਤੇ ਅਬਦੁਲ ਜੱਬਾਰ ਸ਼ਹੀਦ ਹੋ ਗਏ। ਇਹ ਉਹ ਘਟਨਾ ਸੀ ਜਿਸ ਨਾਲ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਮੁੱਢ ਬੱਝਿਆ।
ਭਾਸ਼ਾ ਸਿਰਫ਼ ਸ਼ਬਦਾਂ ਦੀ ਵਰਤੋਂ ਨਹੀਂ ਸਗੋਂ ਸਾਡੀ ਪਛਾਣ ਨਾਲ ਜੁੜੀ ਸ਼ਕਤੀਸ਼ਾਲੀ ਜ਼ੁਬਾਨੀ ਵਿਧੀ ਵੀ ਹੈ। ਮੈਨੂੰ ਇਹ ਅਹਿਸਾਸ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਹੋਇਆ, ਖ਼ਾਸਕਰ ਕੇ ਉਸ ਵੇਲੇ ਜਦ ਮੈਂ ਬੰਗਾਲੀਆਂ ਨੂੰ ਬੰਗਾਲੀ, ਤਾਮਿਲ ਨਾਡੂ ਦੇ ਵਾਸੀਆਂ ਨੂੰ ਤਾਮਿਲ ਪਰ ਪੰਜਾਬੀਆਂ ਨੂੰ ਅਕਸਰ ਹਿੰਦੀ ਵਿੱਚ ਗੱਲਬਾਤ ਕਰਦੇ ਹੋਏ ਵੇਖਿਆ।
ਮੈਂ, ਪੰਜਾਬ ਅਤੇ ਭਾਸ਼ਾ ਦਾ ਹਸ਼ਰ
ਮੇਰਾ ਪਾਲਣ ਪੋਸ਼ਣ ਝਾਰਖੰਡ ਵਿੱਚ ਹੋਇਆ, ਪਰ ਅਜੀਬ ਗੱਲ ਇਹ ਹੈ ਕਿ ਮੈਂ ਉੱਥੋਂ ਦੀ ਕੋਈ ਵੀ ਮੂਲ ਭਾਸ਼ਾ ਨਹੀਂ ਜਾਣਦੀ। ਨਾ ਸੰਥਾਲੀ, ਨਾ ਮੁੰਡਾਰੀ, ਨਾ ਹੋ, ਨਾ ਖੜੀਆ। ਸਾਡੀ ਸਿੱਖਿਆ ਪ੍ਰਣਾਲੀ ਅਤੇ ਆਰਥਿਕ ਸੰਰਚਨਾ ਨੇ ਮੂਲ ਭਾਸ਼ਾਵਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ, ਜੋ ਉਨ੍ਹਾਂ ਭਾਸ਼ਾਵਾਂ ਨਾਲ ਜ਼ਿਆਦਤੀ ਹੈ।
ਮੈਂ ਇੱਕ ਲੇਖ ਪੜ੍ਹਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ 85 ਫ਼ੀਸਦੀ ਕ੍ਰੋ ਲੋਕ (ਇੱਕ ਅਮਰੀਕੀ ਮੂਲ ਵਾਸੀ ਕਬੀਲਾ) ਆਪਣੀ ਪਹਿਲੀ ਭਾਸ਼ਾ ਅਪਸਾਲੂਕੇ ਬੋਲਦੇ ਹਨ, ਪਰ ਕਈ ਲੋਕ ਇਸ ਭਾਸ਼ਾ ਨੂੰ ਭੁੱਲ ਚੁੱਕੇ ਹਨ। ਅਜਿਹਾ ਖ਼ਾਸਕਰ ਗੋਰੇ ਬਾਸ਼ਿੰਦਿਆਂ ਦੇ ਮੁੱਢਲੇ ਯਤਨਾਂ ਕਾਰਨ ਹੋਇਆ, ਜਿਨ੍ਹਾਂ ਨੇ ਇਸ ਭਾਸ਼ਾ ਦੀ ਵਰਤੋਂ ’ਤੇ ਰੋਕ ਲਗਾਈ ਸੀ। 19ਵੀਂ ਸਦੀ ਦੇ ਦੂਜੇ ਹਿੱਸੇ ਤੋਂ ਲੈ ਕੇ 1930ਵਿਆਂ ਦੇ ਦਹਾਕੇ ਤੱਕ ਹਜ਼ਾਰਾਂ ਮੂਲਵਾਸੀ ਬੱਚਿਆਂ ਨੂੰ ਬੋਰਡਿੰਗ ਸਕੂਲਾਂ ਵਿੱਚ ਭੇਜਿਆ ਗਿਆ। ਉੱਥੇ ਉਨ੍ਹਾਂ ਨੂੰ ਯੂਰਪੀ ਸੱਭਿਆਚਾਰ ਦੇ ਅਨੁਕੂਲ ਬਣਾਇਆ ਗਿਆ, ਉਨ੍ਹਾਂ ਦੇ ਅਸਲੀ ਕਬਾਇਲੀ ਨਾਮ ਬਦਲ ਕੇ ਅੰਗਰੇਜ਼ੀ ਨਾਮ ਦਿੱਤੇ ਗਏ ਅਤੇ ਆਪਣੀ ਮਾਤ ਭਾਸ਼ਾ ਬੋਲਣ ’ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਲੰਮੇ ਵਾਲ ਵੀ ਮੁੰਨ ਦਿੱਤੇ ਜਾਂਦੇ ਸਨ ਜੋ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਸਨ। ਉਸ ਲੇਖ ਵਿਚ ਇੱਕ ਕਿਰਦਾਰ ਲੂਸੀ ਰੀਅਲ ਬਰਡ ਨੇ ਇਸ ਬਾਰੇ ਕਿਹਾ, ‘‘ਬਸਤੀਕਰਨ ਸਿਰਫ਼ ਜ਼ਮੀਨ ’ਤੇ ਨਹੀਂ ਹੋਇਆ ਸਗੋਂ ਸਾਡੀ ਸੋਚ ਦਾ ਵੀ ਬਸਤੀਕਰਨ ਹੋ ਗਿਆ।’’
ਇੱਕ ਵਾਰ ਮੈਂ ਰੇਲ ਗੱਡੀ ਵਿੱਚ ਤਿੰਨ ਭੈਣ-ਭਰਾਵਾਂ ਨਾਲ ਇੱਕ ਹੀ ਡੱਬੇ ਵਿੱਚ ਸਫ਼ਰ ਕਰ ਰਹੀ ਸੀ। ਭਰਾ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ, ਪਰ ਭੈਣ ਹਿੰਦੀ ਵਿੱਚ। ਜਦੋਂ ਭੈਣ ਨੇ ਭਰਾ ਨੂੰ ਕਿਹਾ, ‘‘ਪੰਜਾਬੀ ਸੀਖ ਕੇ ਕਯਾ ਕਰਨਾ, ਯੇ ਪੰਜਾਬ ਸੇ ਬਾਹਰ ਨਹੀਂ ਬੋਲੀ ਜਾਤੀ।’’ ਤਾਂ ਇਹ ਗੱਲ ਮੇਰੇ ਮਨ ਵਿੱਚ ਘੁੰਮਦੀ ਰਹੀ। ਉਸ ਲਈ ਪੰਜਾਬੀ ਵਰਤਣ ਯੋਗ ਨਹੀਂ ਸੀ। ਇਸ ਨੂੰ ਹੀ ਅੰਗਰੇਜ਼ੀ ਵਿੱਚ ਕਲੋਨਾਈਜੇਸ਼ਨ ਭਾਵ ਬਸਤੀਕਰਨ ਕਹਿੰਦੇ ਹਨ। ਸਭ ਤੋਂ ਵੱਡੀ ਸਿਤਮਜ਼ਰੀਫ਼ੀ ਇਹ ਸੀ ਕਿ ਰੇਲਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਦਾ ਨਾਂ ਚਾਰ ਭਾਸ਼ਾਵਾਂ ਵਿੱਚ ਲਿਖਿਆ ਸੀ: ਅੰਗਰੇਜ਼ੀ, ਹਿੰਦੀ, ਉਰਦੂ, ਪੰਜਾਬੀ। ਇਹ ਦੱਸਦਾ ਹੈ ਕਿ ਪੰਜਾਬੀ ਸਰਕਾਰੀ ਤੌਰ ’ਤੇ ਮੌਜੂਦ ਤਾਂ ਹੈ, ਪਰ ਅਸਲ ਜ਼ਿੰਦਗੀ ਵਿੱਚ ਆਮ ਲੋਕਾਂ ਦੀ ਗੱਲਬਾਤ ’ਚ ਮੌਜੂਦ ਨਹੀਂ। ਇਹ ਭਾਸ਼ਾ ਤੇ ਪਛਾਣ ਦੀ ਹਾਰ ਨਹੀਂ ਤਾਂ ਹੋਰ ਕੀ ਹੈ? ਅੱਜ ਪਾਕਿਸਤਾਨ ਵਿੱਚ ਉਰਦੂ ਦੇ ਭਾਰ ਹੇਠ ਨੱਪੀ ਪੰਜਾਬੀ ਦਾ ਵਜੂਦ ਬਚਾਉਣ ਲਈ ਇਕੱਠ ਹੋ ਰਹੇ ਹਨ। ਭਾਰਤ ਵਿੱਚ ਕਰਨਾਟਕ ’ਚ ਹਿੰਦੀ ਖ਼ਿਲਾਫ਼ ਅੰਦੋਲਨ ਕੀਤੇ ਜਾ ਰਹੇ ਹਨ। ਮੈਨੂੰ 1972 ਦੀ ਇੱਕ ਦਾਸਤਾਨ ਚੇਤੇ ਆ ਰਹੀ ਹੈ ਜਦੋਂ ਪਾਕਿਸਤਾਨ ਵਿੱਚ ਸਿੰਧੀ ਜ਼ੁਬਾਨ ਦੇ ਮੁੱਦੇ ’ਤੇ ਹੋਏ ਦੰਗਿਆਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦਰਅਸਲ, 7 ਜੁਲਾਈ 1972 ਨੂੰ ਸਿੰਧ ਦੀ ਸੂਬਾਈ ਅਸੈਂਬਲੀ ਨੇ ਸਿੰਧੀ ਸਿੱਖਿਆ, ਉੱਥਾਨ ਅਤੇ ਭਾਸ਼ਾ ਦੀ ਵਰਤੋਂ ਲਈ ਬਿੱਲ ਪਾਸ ਕੀਤਾ, ਜਿਸ ਨਾਲ ਸਿੰਧੀ ਭਾਸ਼ਾ ਨੂੰ ਸਿੰਧ ਦੀ ਇਕਮਾਤਰ ਅਧਿਕਾਰਕ ਭਾਸ਼ਾ ਵਜੋਂ ਕਾਇਮ ਕੀਤਾ ਗਿਆ। ਇਸ ਦਾ ਨਤੀਜਾ ਸਿੰਧ ਵਿੱਚ ਭਾਸ਼ਾ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੇ ਰੂਪ ਵਿੱਚ ਨਿਕਲਿਆ।
ਸਿੰਧੀ ਨੂੰ ਸਿੰਧ ਦੀ ਅਧਿਕਾਰਕ ਭਾਸ਼ਾ ਐਲਾਨੇ ਜਾਣ ’ਤੇ ਉਰਦੂ ਅਖ਼ਬਾਰ ‘ਡੇਅਲੀ ਜੰਗ’ ਨੇ ਆਪਣੇ ਪੂਰੇ ਮੁੱਖ ਪੰਨੇ ’ਤੇ ਇੱਕ ਵੱਡੀ ਖ਼ਬਰ ਪ੍ਰਕਾਸ਼ਿਤ ਕੀਤੀ ਜਿਸ ਵਿੱਚ ‘‘ਉਰਦੂ ਕਾ ਜਨਾਜ਼ਾ ਹੈ ਜ਼ਰਾ ਧੂਮ ਸੇ ਨਿਕਲੇ’’ ਰੈਸ ਅਮਰੋਹਵੀ ਵੱਲੋਂ ਛਾਪਿਆ ਗਿਆ ਸੀ। ਇਹ ਘਟਨਾ ਸਾਬਤ ਕਰਦੀ ਹੈ ਕਿ ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ, ਸਗੋਂ ਲੋਕਾਂ ਦੀ ਪਛਾਣ ਅਤੇ ਸੱਭਿਆਚਾਰ ਦਾ ਹਿੱਸਾ ਵੀ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਭਾਸ਼ਾ ਕੀ ਹੈ? ਸਿਰਫ਼ ਗੱਲਬਾਤ ਦਾ ਇੱਕ ਸਾਧਨ? ਆਪਣੇ ਮਨ ਦੇ ਵਲਵਲਿਆਂ, ਵਿਚਾਰਾਂ ਨੂੰ ਪ੍ਰਗਟ ਕਰਨ ਦਾ ਜ਼ਰੀਆ ਜਾਂ ਕੁਝ ਹੋਰ?
ਭਾਸ਼ਾ ਦਾ ਦਾਇਰਾ
ਆਪਣੇ ਜੀਵਨ ਦੇ ਹੁਣ ਤੱਕ ਦੇ ਤਜਰਬੇ ਤੋਂ ਇਕ ਗੱਲ ਜ਼ਰੂਰ ਪਤਾ ਲੱਗੀ ਹੈ ਕਿ ਭਾਸ਼ਾ ਦਾ ਦਾਇਰਾ ਏਨਾ ਛੋਟਾ ਨਹੀਂ ਕਿ ਇਹ ਵਿਅਕਤੀ ਦੇ ਜੀਵਨ ਦੇ ਸਿਰਫ਼ ਇੱਕ ਹਿੱਸੇ ਨੂੰ ਹੀ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਸ ਤੋਂ ਬਾਅਦ ਇਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ।
ਫਿਰ ਭਾਸ਼ਾ ਦਾ ਦਾਇਰਾ ਹੈ ਕੀ?
ਭਾਸ਼ਾ ਇਨਸਾਨ ਦੀ ਪਛਾਣ ਹੈ। ਉਸ ਦੀ ਸ਼ਖ਼ਸੀਅਤ ਨੂੰ ਸਮਾਜ ਸਾਹਮਣੇ ਰੱਖਦੀ ਹੈ। ਜੇਕਰ ਭਾਸ਼ਾ ਨਾਲ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਪਤਾ ਲਗਾਈ ਜਾ ਸਕਦੀ ਹੈ ਤਾਂ ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਲਓ ਕਿ ਭਾਸ਼ਾ ਦਾ ਦਾਇਰਾ ਕਿੰਨਾ ਵਿਸ਼ਾਲ ਹੈ।
ਮੈਂ ਇੱਕ ਲੇਖ ਪੜ੍ਹਿਆ ਜਿਸ ਅਨੁਸਾਰ ਹਿੰਦੀ, ਸੰਸਕ੍ਰਿਤ ਤੇ ਦੇਵਨਾਗਰੀ ਲੌਬੀ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਸਕ੍ਰਿਤ, ਜੋ ਸਿਰਫ਼ ਕੁਝ ਸੈਂਕੜੇ ਲੋਕਾਂ ਦੀ ਮਾਂ ਬੋਲੀ ਮੰਨੀ ਜਾਂਦੀ ਹੈ, ਭਾਰਤ ਦੇ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਸ਼ਾਮਲ ਹੈ, ਜਿੱਥੇ ਭਾਰਤ ਦੀਆਂ ਸਾਰੀਆਂ ਪਛਾਣੀਆਂ ਭਾਸ਼ਾਵਾਂ ਦੀ ਸੂਚੀ ਹੈ, ਜਦੋਂਕਿ ਕਈ ਆਦਿਵਾਸੀ ਮਾਂ ਬੋਲੀਆਂ ਜਿਵੇਂ ਭੀਲੀ (12.5 ਲੱਖ) ਅਤੇ ਲਾਮੀ (12 ਲੱਖ) ਆਦਿ ਨੂੰ ਸੰਵਿਧਾਨਕ ਤੌਰ ’ਤੇ ਮਾਨਤਾ ਨਹੀਂ ਦਿੱਤੀ ਗਈ।
ਰਾਜਸਥਾਨੀ ਨੂੰ ਆਪਣੀ ਵੱਖਰੀ ਲਿਪੀ ਨਾ ਹੋਣ ਦਾ ਖਮਿਆਜ਼ਾ ਇਸ ਕਦਰ ਭੁਗਤਣਾ ਪਿਆ ਕਿ ਅੱਜ ਉਸ ਦੀ ਥਾਂ ਹਿੰਦੀ ਨੇ ਨੱਪ ਲਈ ਅਤੇ ਰਾਜਸਥਾਨੀ ਮਹਿਜ਼ ਇੱਕ ਅੰਕੜਾ ਬਣ ਕੇ ਰਹਿ ਗਈ। ਪਰ ਪੰਜਾਬੀ, ਬੰਗਾਲੀ, ਕਸ਼ਮੀਰੀ ਜ਼ਬਾਨਾਂ ਦੀ ਜੰਗ ਹਾਲੇ ਵੀ ਜਾਰੀ ਹੈ ਕਿਉਂਕਿ ਉਨ੍ਹਾਂ ਦੀਆਂ ਆਪਣੀਆਂ ਵੱਖਰੀਆਂ ਲਿਪੀਆਂ ਹਨ।
ਨਗੂਗੀ ਵਾ ਥਿਓਂਗੋ ਕੀਨੀਆ ਦੇ ਪ੍ਰਸਿੱਧ ਲੇਖਕ, ਨਾਟਕਕਾਰ ਅਤੇ ਵਿਦਵਾਨ ਹਨ। ਉਨ੍ਹਾਂ ਨੇ ਅਫ਼ਰੀਕੀ ਭਾਸ਼ਾਵਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਤਰੀਕਾ ਨਹੀਂ, ਸਗੋਂ ਇੱਕ ਸਭਿਆਚਾਰ ਅਤੇ ਪਛਾਣ ਦਾ ਮੁੱਖ ਹਿੱਸਾ ਹੈ। ਉਨ੍ਹਾਂ ਨੇ ਆਪਣੇ ਲੇਖਾਂ ਅਤੇ ਕਾਵਿ ਵਿੱਚ ਬਸਤੀਵਾਦ ਅਤੇ ਨਵ-ਬਸਤੀਵਾਦੀ ਹਾਲਾਤ ਦਾ ਵਿਸ਼ਲੇਸ਼ਣ ਕੀਤਾ ਹੈ। ‘ਡਿਕੋਲੋਨਾਈਜ਼ਿੰਗ ਦਿ ਮਾਈਂਡ’ ਵਿੱਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਫ਼ਰੀਕੀ ਲੇਖਕਾਂ ਨੂੰ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਲਿਖਣਾ ਚਾਹੀਦਾ ਹੈ, ਜਿਸ ਨਾਲ ਉਹ ਆਪਣੀ ਪਛਾਣ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰ ਸਕਦੇ ਹਨ।
ਉਨ੍ਹਾਂ ਦਾ ਇਹ ਪ੍ਰਸਿੱਧ ਕਥਨ ਭਾਸ਼ਾ ਅਤੇ ਆਜ਼ਾਦੀ ਦੇ ਆਪਸੀ ਰਿਸ਼ਤੇ ਬਾਰੇ ਸਾਨੂੰ ਸਮਝਉਂਦਾ ਹੈ:
‘‘ਜੇ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਆਉਂਦੀਆਂ ਹਨ ਅਤੇ ਤੁਹਾਨੂੰ ਆਪਣੀ ਮਾਂ ਬੋਲੀ ਜਾਂ ਆਪਣੇ ਸੱਭਿਆਚਾਰ ਦੀ ਭਾਸ਼ਾ ਨਹੀਂ ਆਉਂਦੀ ਤਾਂ ਇਸ ਨੂੰ ਗ਼ੁਲਾਮੀ ਕਹਿੰਦੇ ਹਨ।’’