ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਪਾ ਦੀ ਸਿਉਂਤੀ ਉਹ ਦੋ ਰੰਗੀ ਸ਼ਰਟ

ਬਚਪਨ ’ਚ ਜਦੋਂ ਕਦੇ ਮੇਰੀ ਛਾਤੀ ਵਿੱਚ ਬਲਗਮ ਜੰਮ ਜਾਣੀ ਤਾਂ ਮੇਰੀ ਬੀਬੀ ਨੇ ਡਾਕਟਰ ਛੱਜੂ ਜਾਂ ਫਿਰ ਸ਼ੀਸ਼ ਮਹਿਲ ਨੇੜਲੇ ਦਇਆ ਕਿਸ਼ਨ ਦੇ ਹਸਪਤਾਲ ’ਚੋਂ ਦਵਾਈ ਲਿਆ ਕੇ ਦੇਣੀ ਤੇ ਮੇਰੀ ਆਪਾ ਨੇ ਮਸੀਤ ਵਾਲੇ ਮੌਲਵੀ ਕੋਲੋਂ ਹਥੌਲਾ ਕਰਵਾ...
Advertisement

ਬਚਪਨ ’ਚ ਜਦੋਂ ਕਦੇ ਮੇਰੀ ਛਾਤੀ ਵਿੱਚ ਬਲਗਮ ਜੰਮ ਜਾਣੀ ਤਾਂ ਮੇਰੀ ਬੀਬੀ ਨੇ ਡਾਕਟਰ ਛੱਜੂ ਜਾਂ ਫਿਰ ਸ਼ੀਸ਼ ਮਹਿਲ ਨੇੜਲੇ ਦਇਆ ਕਿਸ਼ਨ ਦੇ ਹਸਪਤਾਲ ’ਚੋਂ ਦਵਾਈ ਲਿਆ ਕੇ ਦੇਣੀ ਤੇ ਮੇਰੀ ਆਪਾ ਨੇ ਮਸੀਤ ਵਾਲੇ ਮੌਲਵੀ ਕੋਲੋਂ ਹਥੌਲਾ ਕਰਵਾ ਕੇ ਲਿਆਉਣਾ। ਮੁਸਲਿਮ ਪਰਿਵਾਰਾਂ ’ਚ ਵੱਡੀਆਂ ਭੈਣਾਂ ਨੂੰ ਆਪਾ ਆਖਦੇ ਨੇ। ਮੇਰੀ ਆਪਾ ਸਾਡੇ ਸਾਰੇ ਭੈਣ-ਭਰਾਵਾਂ ’ਚੋਂ ਵੱਡੇ ਸਨ। ਆਪਾ ਦਾ ਸਾਡੇ ’ਤੇ ਇੱਕ ਥਾਣੇਦਾਰ ਜਿੰਨਾ ਰੋਅਬ ਸੀ, ਜੋ ਅੱਜ ਵੀ ਹੈ। ਇਹੋ ਵਜ੍ਹਾ ਹੈ ਕਿ ਅਸੀਂ ਸਾਰੇ ਭੈਣ-ਭਰਾ ਬਚਪਨ ਵਿੱਚ ਆਪਾ ਦੇ ਡਰੋਂ ਗ਼ਲਤੀ ਨਾਲ ਵੀ ਗ਼ਲਤੀ ਨਹੀਂ ਸਾਂ ਕਰਦੇ। ਮੈਂ ਪਰਿਵਾਰ ’ਚ ਸਭ ਤੋਂ ਛੋਟਾ ਸਾਂ ਸ਼ਾਇਦ ਇਸੇ ਕਰਕੇ ਆਪਾ ਨੇ ਮੈਨੂੰ ਕਦੇ ਨਹੀਂ ਝਿੜਕਿਆ। ਆਪਾ ਜਿੰਨਾ ਸਫ਼ਾਈ ਪਸੰਦ ਇਨਸਾਨ ਮੈਂ ਕੋਈ ਹੋਰ ਨਹੀਂ ਦੇਖਿਆ। ਸਾਡੀਆਂ ਬੈਠਕਾਂ ਵਿਚਕਾਰਲੇ ਵਰਾਂਡੇ ਵਾਲੇ ਫਰਸ਼ ਨੂੰ ਆਪਾ ਨਲਕੇ ਤੋਂ ਪਾਣੀ ਗੇੜ ਗੇੜ ਐਸਾ ਧੋਂਦੇ ਕਿ ਫਰਸ਼ ਦੀਆਂ ਇੱਟਾਂ ਦਾ ਲਾਲ ਸੁਰਖ ਰੰਗ ਨਿਖਰ ਜਾਂਦਾ।

ਆਪਾ ਸ਼ਾਨਦਾਰ ਦਰਜ਼ੀ ਸਨ ਤੇ ਅਕਸਰ ਬਾਜ਼ਾਰ ਦੇ ਟੇਲਰ ਸਿਲਾਈ ਲਈ ਲੇਡੀਜ਼ ਸੂਟ ਉਨ੍ਹਾਂ ਕੋਲ ਭੇਜਦੇ ਸਨ। ਇਸ ਦੇ ਨਾਲ ਹੀ ਆਪਾ ਇੱਕ ਵਧੀਆ ਕੁੱਕ ਵੀ ਹਨ। ਅੱਜ ਵੀ ਉਹ ਹਰ ਪਕਵਾਨ ਬਹੁਤ ਰੀਝ ਨਾਲ ਬਣਾਉਂਦੇ ਹਨ। ਦਰੀਆਂ ਉਹ ਬੜੇ ਕਮਾਲ ਦੇ ਡਿਜ਼ਾਈਨ ਵਾਲੀਆਂ ਬਣਾਉਂਦੇ। ਦਰਅਸਲ ਬੀਬੀ ਨੇ ਆਪਾ ਨੂੰ ਘਰ ਦੇ ਕੰਮ ਸੁਚੱਜੇ ਢੰਗ ਨਾਲ ਸਿਖਾਉਣ ਦੇ ਲਾਲਚ ਵੱਸ ਪੰਜਵੀਂ ਜਮਾਤ ’ਚ ਹੀ ਸਕੂਲੋਂ ਹਟਾ ਲਿਆ ਸੀ। ਪੜ੍ਹਾਈ ਵਿੱਚ ਆਪਾ ਬਹੁਤ ਹੁਸ਼ਿਆਰ ਸੀ, ਇੱਕ ਸਾਲ ਵਿੱਚ ਦੋ ਜਮਾਤਾਂ ਪਾਸ ਕੀਤੀਆਂ ਸਨ ਉਸ ਨੇ। ਆਪਾ ਦੀ ਅਧਿਆਪਕਾ, ਜਿਸ ਨੂੰ ਅਸੀਂ ਲਿਲੀ ਆਂਟੀ ਆਖਦੇ ਸਾਂ, ਵਿਆਹ ਮਗਰੋਂ ਸਾਡੇ ਘਰ ਦੇ ਪਿੱਛੇ ਪਾਸੇ ਆ ਕੇ ਵਸ ਗਏ ਸਨ। ਉਹ ਆਪਾ ਦੀ ਕਾਬਲੀਅਤ ਤੇ ਲਿਆਕਤ ਦੀ ਤਾਰੀਫ਼ ਕਰਦੇ ਨਹੀਂ ਸਨ ਥੱਕਦੇ। ਆਪਾ ਨੂੰ ਬੀਬੀ ਤੋਂ ਅਖੀਰ ਤੱਕ ਇਹੋ ਸ਼ਿਕਵਾ ਰਿਹਾ ਕਿ ਉਨ੍ਹਾਂ ਕੰਮ ਦੇ ਲਾਲਚ ਵਿੱਚ ਪੜ੍ਹਨੋਂ ਹਟਾ ਕੇ ਉਸ ਨਾਲ ਧੱਕਾ ਕੀਤਾ ਸੀ। ਮਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਸਨ। ਵੈਸੇ ਵੀ ਉਨ੍ਹਾਂ ਦਿਨਾਂ ’ਚ ਲੜਕੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਾਂਹ ਦੇ ਬਰਾਬਰ ਹੀ ਸੀ।

Advertisement

ਮੈਂ ਆਪਣੇ ਦਾਦੇ ਨੂੰ ਨਹੀਂ ਵੇਖਿਆ, ਮੇਰੀ ਪੈਦਾਇਸ਼ ਉਨ੍ਹਾਂ ਦੀ ਮੌਤ ਤੋਂ ਕਈ ਸਾਲ ਬਾਅਦ ਹੋਈ। ਪਰ ਦਾਦੇ ਦੇ ਦੋਸਤ-ਮਿੱਤਰ ਤੇ ਨੇੜਲੇ ਰਿਸ਼ਤੇਦਾਰ ਅਕਸਰ ਆਖਦੇ ਹਨ ਕਿ ਉਨ੍ਹਾਂ ਦੇ ਜਿਊਂਦੇ ਜੀਅ ਘਰ ’ਚ ਖੁੱਲ੍ਹੀ ਦੌਲਤ ਸੀ, ਪਰ ਜਿਵੇਂ ਹੀ ਦਾਦਾ ਜੀ ਫੌਤ ਹੋਏ, ਜਿਵੇਂ ਘਰ ਦੀਆਂ ਖੁਸ਼ੀਆਂ ਤੇ ਦੌਲਤ ਵੀ ਉਨ੍ਹਾਂ ਦੇ ਨਾਲ ਹੀ ਚਲੀ ਗਈ। ਦਾਦੇ ਨੇ ਵੀ ਗਰੀਬੀ ਦਾ ਦੌਰ ਵੇਖਿਆ ਸੀ ਪਰ ਆਪਣੀ ਮਿਹਨਤ ਨਾਲ ਉਨ੍ਹਾਂ ਹਰ ਉਹ ਖੁਸ਼ੀ ਹਾਸਲ ਕੀਤੀ ਸੀ, ਜਿਸ ਦੀ ਕੋਈ ਤਮੰਨਾ ਕਰ ਸਕਦਾ ਹੈ। ਦਾਦਾ ਜੀ ਨੂੰ ਜਾਣਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਬਹੁਤ ਅਗਾਂਹ ਵਧੂ ਸੋਚ ਦੇ ਮਾਲਕ ਸਨ। ਪਰ ਮੇਰੇ ਅੱਬਾ ਪੁਰਾਣੇ ਖਿਆਲਾਂ ਵਾਲੇ ਹਨ ਜੋ ਅੱਜ ਵੀ ਪੁਰਾਣੀਆਂ ਰਵਾਇਤਾਂ ’ਤੇ ਪਹਿਰਾ ਦੇ ਰਹੇ ਹਨ।

ਕਹਿੰਦੇ ਨੇ ਦਾਦਾ ਜੀ ਨੇ ਆਪਣੇ ਸਮੇਂ ਦੌਰਾਨ ਕਹਿੰਦਾ-ਕਹਾਉਂਦਾ ਘਰ ਬਣਵਾਇਆ। ਘਰ ਦੇ ਅੱਗੇ ਵੱਡਾ ਵਿਹੜਾ ਤੇ ਵਿਚਕਾਰ ਦੋ ਵੱਡੀਆਂ ਬੈਠਕਾਂ ਦਰਮਿਆਨ ਕਰੀਬ ਗਿਆਰਾਂ ਫੁੱਟ ਚੌੜਾ ਤੇ ਬਾਰਾਂ ਫੁੱਟ ਉੱਚਾ ਦਰਵਾਜ਼ਾ ਬਣਵਾਇਆ, ਜਿਸ ਵਿੱਚੋਂ ਦੀ ਊਠ ਲੰਘ ਕੇ ਆਸਾਨੀ ਨਾਲ ਅੰਦਰਲੇ ਵਿਹੜੇ ’ਚ ਜਾਂਦੇ ਸਨ। ਕਿਉਂਕਿ ਸਾਡੇ ਵਡੇਰੇ ਊਠ ਰੱਖਿਆ ਕਰਦੇ ਸਨ, ਇਸ ਲਈ ਅੱਜ ਵੀ ਲੋਕ ਸਾਡੇ ਪਰਿਵਾਰ ਨੂੰ ਊਠਾਂ ਆਲੇ ਆਖਦੇ ਹਨ। ਦਾਦੇ ਦੇ ਬਣਾਏ ਘਰ ਨੂੰ ਵੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ। ਪੈਰ ਭਾਵੇਂ ਦਾਦੇ ਦੇ ਵਿੰਗੇ ਸਨ ਪਰ ਰੱਬ ਨੇ ਉਨ੍ਹਾਂ ਦੇ ਲੇਖ ਬਹੁਤ ਸਿੱਧੇ ਲਿਖੇ ਸਨ। ਦਾਦਾ ਜੀ ਊਠਾਂ ਦੇ ਡਾਕਟਰ ਵੀ ਸਨ ਤੇ ਲੋੜ ਪੈਣ ’ਤੇ ਛੋਟੀ-ਮੋਟੀ ਸਰਜਰੀ ਵੀ ਕਰ ਲੈਂਦੇ ਸਨ। ਆਪਣੇ ਬਿਮਾਰ ਊਠਾਂ ਦਾ ਇਲਾਜ ਕਰਵਾਉਣ ਲਈ ਲੋਕ ਆਉਂਦੇ ਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ। ਮੁੱਖ ਕਿੱਤੇ ਵਜੋਂ ਦਾਦਾ ਤੇ ਅੱਬਾ ਲਕੜੀ ਦੀ ਟਾਲ ਕਰਦੇ ਸਨ। ਉਹ ਖੜ੍ਹੇ ਦਰੱਖ਼ਤ ਖਰੀਦ ਲੈਂਦੇ ਤੇ ਮਗਰੋਂ ਉਨ੍ਹਾਂ ਦੇ ਬਾਲੇ ਤੇ ਫੱਟੇ ਤਿਆਰ ਕਰਵਾ ਕੇ ਵੇਚਦੇ। ਕਈ ਵਾਰ ਦਰੱਖ਼ਤਾਂ ਦੀਆਂ ਵੱਡੀਆਂ ਗੇਲੀਆਂ ਬਰਨਾਲੇ ਆਰਾ ਮਸ਼ੀਨ ਵਾਲਿਆਂ ਨੂੰ ਵੇਚ ਆਉਂਦੇ। ਇਸ ਤਰ੍ਹਾਂ ਦਾਦਾ ਜੀ ਦਾ ਵੱਡਾ ਕਾਰੋਬਾਰ ਸੀ।

ਅੱਬੇ ਅਤੇ ਦਾਦੇ ਦੀ ਸੋਚ ਦਾ ਫਰਕ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਦਾਦੇ ਨੇ ਨਵੇਂ ਘਰ ਵਿੱਚ ਫਿਟਿੰਗ ਲਈ ਬਿਜਲੀ ਦਾ ਸਾਮਾਨ ਮੰਗਵਾਇਆ ਤਾਂ ਅੱਬੇ ਨੇ ਇਹ ਕਹਿ ਕੇ ਫਿਟਿੰਗ ਨਾ ਹੋਣ ਦਿੱਤੀ ਕਿ ਕਰੰਟ ਲੱਗਣ ਨਾਲ ਘਰ ’ਚ ਕਿਸੇ ਜੀਅ ਦੀ ਜਾਨ ਜਾ ਸਕਦੀ ਹੈ। ਕਹਿੰਦੇ ਨੇ ਛੇ ਮਹੀਨੇ ਬਿਜਲੀ ਦਾ ਸਾਮਾਨ ਪਿਆ ਰਿਹਾ, ਪਰ ਜਦੋਂ ਅੱਬੇ ਨੇ ਬਿਜਲੀ ਲੱਗਣ ਨਾ ਦਿੱਤੀ ਤਾਂ ਅਖੀਰ ਦਾਦੇ ਨੂੰ ਨਾ ਚਾਹੁੰਦੇ ਹੋਏ ਵੀ ਸਾਰਾ ਸਾਮਾਨ ਸਾਵੇਂ ਚੁਕਾਉਣਾ ਪਿਆ। ਉਸ ਵੇਲੇ ਅਜਿਹਾ ਸਾਮਾਨ ਚੁਕਾਇਆ ਕਿ ਮਗਰੋਂ ਕਈ ਦਹਾਕਿਆਂ ਤੱਕ ਘਰ ਵਿਚ ਬਿਜਲੀ ਨਾ ਆਈ। ਮੈਂ ਵੀ ਆਪਣੀ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਦੀਵਾ ਤੇ ਲਾਲਟੈਣ ਦੀ ਰੋਸ਼ਨੀ ਵਿੱਚ ਕੀਤੀ।

ਦਾਦੇ ਦੇ ਚਲੇ ਜਾਣ ਮਗਰੋਂ ਅੱਬਾ ਅਜਿਹੇ ਮੁਕੱਦਮਿਆਂ ’ਚ ਉਲਝੇ ਕਿ ਘਰ ਦਾ ਪਿੱਛਾ ਆ ਗਿਆ। ਸਿਆਣੇ ਸੱਚ ਆਖਦੇ ਨੇ ਕਿ ਰੱਬ ਕਿਸੇ ਦੁਸ਼ਮਣ ਨੂੰ ਵੀ ਕਚਹਿਰੀਆਂ, ਥਾਣੇ ਤੇ ਹਸਪਤਾਲਾਂ ਦੇ ਰਾਹ ਨਾ ਪਾਵੇ। ਦਾਦੇ ਦਾ ਬਣਾਇਆ ਲੱਕੜ ਦਾ ਕਾਰੋਬਾਰ ਇਨ੍ਹਾਂ ਮੁਕੱਦਮਿਆਂ ਦੀ ਭੇਟ ਚੜ੍ਹ ਗਿਆ ਤੇ ਨਕਦੀ ਵੀ ਸਾਰੀ ਵਕੀਲਾਂ ਦੀਆਂ ਫੀਸਾਂ ’ਚ ਚਲੀ ਗਈ। ਦਰਅਸਲ ਅੱਬਾ ਬਹੁਤ ਜ਼ਿੱਦੀ ਤੇ ਵਹਿਮੀ ਸਨ। ਰਤਾ ਸ਼ੱਕ

ਪੈਣ ’ਤੇ ਹੀ ਉਹ ਵਕੀਲ ਬਦਲ ਲੈਂਦੇ ਫਿਰ ਅਗਲੇ ਵਕੀਲ

ਨੂੰ ਨਵੇਂ ਸਿਰੇ ਤੋਂ ਫੀਸਾਂ ਦੀ ਅਦਾਇਗੀ ਕਰਨੀ ਪੈਂਦੀ। ਇਸ

ਸਭ ਤੋਂ ਤੰਗ ਆ ਕੇ ਅਖੀਰ ਅੱਬਾ ਨੇ ਵਕੀਲ ਕਰਨੇ ਹੀ

ਛੱਡ ਦਿੱਤੇ ਤੇ ਸੈਸ਼ਨ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ

ਖ਼ੁਦ ਆਪਣੇ ਕੇਸ ਦੀ ਪੈਰਵੀ ਕੀਤੀ। ਉਨ੍ਹਾਂ ਕੇਸ ਜਿੱਤ ਵੀ

ਲਏ ਪਰ ਇਸ ਦੌਰਾਨ ਘਰ ਦੀ ਆਰਥਿਕ ਹਾਲਤ ਇੰਨੀ ਨਿੱਘਰੀ ਕਿ ਮੁੜ ਲੰਬਾ ਸਮਾਂ ਕਾਬੂ ਹੇਠ ਨਾ ਆਈ। ਜਦੋਂ ਤੋਂ ਮੇਰੀ ਸੁਰਤ ਸੰਭਲੀ, ਮੈਂ ਆਪਣੇ ਪਰਿਵਾਰ ਨੂੰ ਗਰੀਬੀ ਨਾਲ ਲੜਦਿਆਂ ਹੀ ਵੇਖਿਆ।

ਮੈਨੂੰ ਯਾਦ ਹੈ ਈਦ ਮੌਕੇ ਆਂਢ-ਗੁਆਂਢ ਦੇ ਸਾਰੇ ਬੱਚਿਆਂ ਨੂੰ ਡਾਢਾ ਚਾਅ ਚੜ੍ਹ ਜਾਣਾ। ਇੱਕ ਵਾਰ ਈਦ ਮੌਕੇ ਮੈਂ ਨਵੇਂ ਕੱਪੜੇ ਸਿਲਾਉਣ ਦੀ ਜ਼ਿੱਦ ਕੀਤੀ ਤਾਂ ਆਪਾ ਨੇ ਕੱਪੜੇ ਦੇ ਦੋ ਬਚੇ ਹੋਏ ਪੀਸਾਂ (ਨੀਲਾ ਤੇ ਸਫੈਦ) ਦਾ ਸ਼ਰਟ ਸਿਉਂ ਕੇ ਦਿੱਤਾ, ਜਿਸ ਦੀਆਂ ਬਾਹਾਂ ਤੇ ਜੇਬਾਂ ਸਫੈਦ ਅਤੇ ਸੀਨਾ ਤੇ ਪਿੱਠ ਨੀਲੀ ਸੀ। ਭਾਵੇਂ ਅੱਜ ਕਈ ਰੰਗਾਂ ਦੇ ਬਣੇ ਕੱਪੜੇ ਪਾਉਣ ਦਾ ਰਿਵਾਜ਼ ਤੁਰ ਪਿਆ ਹੈ ਪਰ ਉਸ ਵੇਲੇ ਉਹ ਰਿਵਾਜ਼ ਨਹੀਂ, ਮਜਬੂਰੀ ਸੀ। ਤੇ ਹਾਂ ਸਿਲਾਈ ਦੇ ਮਿਹਨਤਾਨੇ ਵਜੋਂ ਆਪਾ ਨੂੰ ਨੇੜਲੀ ਮਿਰਜ਼ੇ ਦੀ ਦੁਕਾਨ ਤੋਂ ਪੰਦਰਾਂ-ਵੀਹ ਪੈਸੇ ਦੇ ਪਕੌੜੇ ਲਿਆ ਕੇ ਵੀ ਖੁਆਏ ਸਨ। ਅੱਜ ਰੱਬ ਦਾ ਦਿੱਤਾ ਬਹੁਤ ਕੁੱਝ ਹੈ ਤੇ ਕੱਪੜਿਆਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਹਨ ਪਰ ਜੋ ਖੁਸ਼ੀ ਉਸ ਡੱਬ-ਖੜੱਬੇ ਸ਼ਰਟ ਨੂੰ ਪਾ ਕੇ ਮਿਲਦੀ ਸੀ ਉਹ ਅੱਜ ਥ੍ਰੀ-ਪੀਸ ਸੂਟ ਪਾ ਕੇ ਵੀ ਨਹੀਂ ਮਿਲਦੀ।

ਉਸ ਵੇਲੇ ਸਕੂਲੇ ਪੜ੍ਹਨ ਜਾਣ ਲਈ ਮੈਨੂੰ ਸਾਲ ਵਿੱਚ ਇੱਕ ਕੁੜਤਾ-ਪਜਾਮਾ ਮਿਲਦਾ। ਉਨ੍ਹਾਂ ਦਿਨਾਂ ਵਿੱਚ ਸਕੂਲਾਂ ਵਿੱਚ ਵੰਨ ਸੁਵੰਨੀਆਂ ਵਰਦੀਆਂ ਦਾ ਫਿਤੂਰ ਨਹੀਂ ਸੀ। ਦਰਅਸਲ ਉਨ੍ਹਾਂ ਸਮਿਆਂ ਵਿੱਚ ਸਕੂਲ ਵਪਾਰਕ ਸੰਸਥਾਵਾਂ ਨਹੀਂ ਸਨ ਬਣੇ, ਸਗੋਂ ਅਸਲ ਅਰਥਾਂ ਵਿੱਚ ਵਿਦਿਆ ਦੇ ਮੰਦਿਰ ਸਨ। ਸਕੂਲ ’ਚ ਵਧੇਰੇ ਕਰਕੇ ਬੱਚਿਆਂ ਨੇ ਕੁੜਤੇ-ਪਜਾਮੇ ਹੀ ਪਾਏ ਹੁੰਦੇ, ਕਿਸੇ-ਕਿਸੇ ਨੇ ਹੀ ਪੈਂਟ-ਸ਼ਰਟ ਪਾਈ ਹੁੰਦੀ। ਆਪਣੇ ਹਾਣੀਆਂ ਦੇ ਜਦੋਂ ਪੈਂਟ-ਸ਼ਰਟ ਪਾਈ ਵੇਖਦਾ ਤਾਂ ਮੈਂ ਵੀ ਕਈ ਵਾਰ ਪੈਂਟ-ਸ਼ਰਟ ਸਿਲਾਉਣ ਦੀ ਜ਼ਿੱਦ ਕਰਦਾ ਤੇ ਘਰ ਦੇ ਇਹੋ ਕਹਿ ਕੇ ਮੈਨੂੰ ਟਰਕਾ ਛੱਡਦੇ ਕਿ ਤੇਰਾ ਤਾਂ ਹਾਲੇ ਲੱਕ ਪਤਲਾ ਹੈ ਹਾਲੇ ਇਸ ’ਤੇ ਪੈਂਟ ਨਹੀਂ ਟਿਕਣੀ।

ਬਚਪਨ ’ਚ ਮੇਰੀ ਬਹੁਤ ਖਾਹਿਸ਼ ਹੁੰਦੀ ਕਿ ਮੈਂ ਇਕ ਸਾਈਕਲੀ ਲਵਾਂ ਪਰ ਇਸ ’ਤੇ ਵੀ ਘਰ ਦਿਆਂ ਨੇ, ‘ਤੂੰ ਥੋੜ੍ਹਾ ਵੱਡਾ ਹੋ, ਤੈਨੂੰ ਬਾਈ ਇੰੰਚੀ ਸਾਈਕਲ ਲੈ ਕੇ ਦਿਆਂਗੇ’ ਆਖ ਲਾਰਾ ਲਾ ਦਿੱਤਾ। ਮੈਂ ਸੱਤਵੀਂ ਜਮਾਤ ਦੌਰਾਨ ਆਪਣੇ ਇੱਕ ਸਾਥੀ ਦੀ ਸਾਈਕਲ ਚਲਾਉਣੀ ਸਿੱਖੀ। ਕੈਂਚੀ ਨਹੀਂ ਸਿੱਖਣੀ ਪਈ, ਸਿੱਧਾ ਕਾਠੀ ’ਤੇ ਬੈਠ ਕੇ ਹੀ ਚਲਾਈ। ਅੱਜ ਵੀ ਜਦੋਂ ਬਚਪਨ ਦੇ ਉਹ ਦਿਨ ਯਾਦ ਆਉਂਦੇ ਹਨ ਤਾਂ ਬੀਤੇ ਦਿਨਾਂ ਦੀ ਇਕ-ਇਕ ਤਸਵੀਰ ਅੱਖਾਂ ਸਾਹਮਣਿਓਂ ਕਿਸੇ ਫਿਲਮ ਵਾਂਗ ਲੰਘ ਜਾਂਦੀ ਹੈ।

ਬੇਸ਼ੱਕ ਆਪਾ ਅੱਜ ਪੋਤੇ-ਪੋਤੀਆਂ ਵਾਲੇ ਹਨ ਪਰ ਉਹ ਸਾਂਝ ਤੇ ਪਿਆਰ ਜੋ ਦਹਾਕਿਆਂ ਪਹਿਲਾਂ ਸਾਡੇ ਵਿਚਕਾਰ ਸੀ, ਅੱਜ ਵੀ ਮੌਜੂਦ ਹੈ। ਆਪਾ ਅੱਜ ਵੀ ਮੇਰੇ ਨਾਲ ਆਪਣੇ ਤਮਾਮ ਦੁੱਖ-ਦਰਦ ਸਾਂਝੇ ਕਰ ਲੈਂਦੀ ਹੈ ਤੇ ਮੈਂ ਵੀ ਜਦੋਂ ਕਦੀ ਪ੍ਰੇਸ਼ਾਨੀ ਹੋਵੇ ਤਾਂ ਉਸ ਨੂੰ ਹੀ ਆਪਣਾ ਦੁਖੜਾ ਸੁਣਾਉਂਦਾ ਹਾਂ...।

ਸੰਪਰਕ: 95309-50053

Advertisement
Show comments