DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਤਾਬਾਂ ਦੇ ਢੇਰ ਦੀ ਇੱਕ ਉਹ ਕਿਤਾਬ

ਬਚਪਨ ’ਚ ਮੇਰੇ ਦੁਆਲੇ ਕਿਤਾਬਾਂ ਅਤੇ ਰਸਾਲਿਆਂ ਦਾ ਮਾਹੌਲ ਸੀ। ਉਸ ਮਾਹੌਲ ਨੇ ਮੈਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਦਸਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਅੰਮ੍ਰਿਤਸਰ ਸ਼ਹਿਰ ਦੇ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ ਸਾਂ। ਉਸ ਸ਼ਹਿਰ ਦੇ ਹਾਲ...
  • fb
  • twitter
  • whatsapp
  • whatsapp
Advertisement

ਬਚਪਨ ’ਚ ਮੇਰੇ ਦੁਆਲੇ ਕਿਤਾਬਾਂ ਅਤੇ ਰਸਾਲਿਆਂ ਦਾ ਮਾਹੌਲ ਸੀ। ਉਸ ਮਾਹੌਲ ਨੇ ਮੈਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਦਸਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਅੰਮ੍ਰਿਤਸਰ ਸ਼ਹਿਰ ਦੇ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ ਸਾਂ।

ਉਸ ਸ਼ਹਿਰ ਦੇ ਹਾਲ ਗੇਟ ਤੋਂ ਬਾਹਰ ਕਿਤਾਬਾਂ ਅਤੇ ਰਸਾਲੇ ਵੇਚਣ ਵਾਲਿਆਂ ਦੇ ਖੋਖੇ ਸਨ। ਉਨ੍ਹਾਂ ਵਿੱਚੋਂ ਕੁਝ ਖੋਖਿਆਂ ਦੇ ਅੱਗੇ ਪੁਰਾਣੀਆਂ ਕਿਤਾਬਾਂ ਦੇ ਢੇਰ ਲੱਗੇ ਹੋਏ ਹੁੰਦੇ ਸਨ। ਉਨ੍ਹਾਂ ਢੇਰਾਂ ਦੀਆਂ ਕਿਤਾਬਾਂ ਪੁਰਾਣੀਆਂ ਹੋਣ ਕਾਰਨ ਸਸਤੀਆਂ ਸਨ।

Advertisement

ਮੈਂ ਉਨ੍ਹਾਂ ਕਿਤਾਬਾਂ ਦਾ ਗਾਹਕ ਸਾਂ।

ਕਿਧਰੇ ਜਾਣ-ਆਉਣ ਲਈ ਉੱਥੇ ਮੇਰੇ ਕੋਲ ਪੁਰਾਣਾ ਸਾਈਕਲ ਸੀ। ਉਹ ਸਾਈਕਲ ਭਾਰਾ ਚੱਲਦਾ ਸੀ, ਢੀਚਕ ਤੋਰੇ ਤੁਰਦਾ ਸੀ ਤੇ ਛੇਤੀ ਹੀ ਥਕਾ ਦਿੰਦਾ ਸੀ, ਪਰ ਕਿਤਾਬਾਂ ਦੇ ਉਹ ਢੇਰ ਚੁੰਬਕੀ ਸਨ, ਮੇਰੇ ਸਾਈਕਲ ਦੀ ਮੁਹਾਰ ਹਾਲ ਗੇਟ ਵੱਲ ਮੋੜ ਦਿੰਦੇ ਸਨ।

ਪੁਰਾਣੀਆਂ ਕਿਤਾਬਾਂ ਫਰੋਲਣ ਦਾ ਆਨੰਦ ਹੀ ਕੁਝ ਹੋਰ ਸੀ।

ਕਾਲਜ ਛੱਡਣ ਤੋਂ ਬਾਅਦ ਵੀ ਕਿਤਾਬਾਂ ਦਾ ਉਹ ਢੇਰ ਫਰੋਲਣ ਦਾ ਸਬੱਬ ਕਈ ਵਾਰ ਬਣਿਆ ਸੀ।

ਉਨ੍ਹਾਂ ਖੋਖਿਆਂ ਦੀ ਇੱਕ ਫੇਰੀ ਵੇਲੇ ਮੈਨੂੰ ਉਹ ਅਲੋਕਾਰ ਨਾਵਲ ਲੱਭ ਪਿਆ ਜਿਸ ਬਾਰੇ ਬੜਾ ਕੁਝ ਸੁਣਿਆ ਹੋਇਆ ਸੀ। ‘ਨੇਕਡ ਕੇਮ ਦਾ ਸਟਰੇਂਜਰ’ (Naked came the stranger) ਉਸ ਨਾਵਲ ਦਾ ਨਾਮ ਸੀ।

ਅੰਗਰੇਜ਼ੀ ਭਾਸ਼ਾ ਦਾ ਉਹ ਨਾਵਲ ਮੈਂ ਪੜ੍ਹਨਾ ਚਾਹੁੰਦਾ ਸਾਂ, ਉਸ ਨਾਵਲ ਬਾਰੇ ਸੁਣੀਆਂ ਹੋਈਆਂ ਅਜੀਬੋ-ਗ਼ਰੀਬ ਗੱਲਾਂ ਕਰਕੇ। ਮੈਂ ਖੋਖੇ ਵਾਲੇ ਨੂੰ ਉਸ ਨਾਵਲ ਦਾ ਮੁੱਲ ਪੁੱਛਿਆ।

ਦੁਕਾਨਦਾਰ ਨੇ ਮੇਰੇ ਹੱਥੋਂ ਕਿਤਾਬ ਫੜ ਲਈ। ਉਸ ਨੇ ਕਿਤਾਬ ਨੂੰ ਪੁੱਠਾ-ਸਿੱਧਾ ਕਰ ਕੇ ਵੇਖਿਆ, ਕੁਝ ਵਰਕੇ ਫਰੋਲੇ ਤੇ ਕਿਤਾਬ ਮੇਰੇ ਵੱਲ ਕਰ ਦਿੱਤੀ, ‘‘ਦੋ ਰੁਪਏ ਦੇ ਦਿਉ।’’

ਨਾਵਲ ਦੀ ਦੋ ਰੁਪਏ ਕੀਮਤ ਬਹੁਤ ਜ਼ਿਆਦਾ ਸੀ। ਉਸ ਵੇਲੇ ਮੇਰੀ ਜੇਬ ਵਿੱਚ ਦੋ ਰੁਪਏ ਵੀ ਨਹੀਂ ਸਨ, ਭੰਨ-ਘੜ ਮਿਲਾ ਕੇ ਮਸਾਂ ਡੇਢ ਰੁਪਈਆ ਸੀ। ਮੈਂ ਚਾਹੁੰਦਾ ਸਾਂ ਖੋਖੇ ਵਾਲਾ ਡੇਢ ਰੁਪਏ ਵਿੱਚ ਉਹ ਕਿਤਾਬ ਦੇ ਦੇਵੇ।

ਖੋਖੇ ਵਾਲੇ ਨੂੰ ਉਹ ਭਾਅ ਪੁੱਗਿਆ ਨਹੀਂ ਸੀ।

ਮੈਂ ਉੱਥੋਂ ਨਿਰਾਸ਼ ਪਰਤ ਆਇਆ ਸਾਂ। ਕੁਝ ਦਿਨਾਂ ਬਾਅਦ ਮੈਂ ਮੁੜ ਉਸੇ ਖੋਖੇ ਉੱਤੇ ਗਿਆ ਸਾਂ। ਉਦੋਂ ਕਿਤਾਬ ਖਰੀਦਣ ਲਈ ਮੇਰੀ ਜੇਬ ਵਿੱਚ ਲੋੜੀਂਦੀ ਰਾਸ਼ੀ ਹੈ ਸੀ।

ਪੁਰਾਣੀਆਂ ਕਿਤਾਬਾਂ ਦਾ ਢੇਰ ਉੱਥੇ ਪਹਿਲਾਂ ਜਿੱਡਾ ਹੀ ਸੀ, ਪਰ ‘ਨੇਕਡ ਕੇਮ ਦਿ ਸਟਰੇਂਜਰ’ ਨਾਵਲ ਉਸ ਢੇਰ ਵਿੱਚ ਨਹੀਂ ਸੀ।

ਉਸ ਨਾਵਲ ਨੂੰ ਲੱਭਣ ਦੀਆਂ ਬਾਅਦ ਵਾਲੀਆਂ ਮੇਰੀਆਂ ਕੋਸ਼ਿਸ਼ਾਂ ਵੀ ਸਫ਼ਲ ਨਹੀਂ ਸਨ ਹੋਈਆਂ।

ਤੌਬਾ! ਏਨਾ ਤਰੱਦਦ!

ਉਸ ਨਾਵਲ ਲਈ ਮੇਰੀ ਇਹ ਕਿਹੋ ਜਿਹੀ ਸਨਕ ਸੀ। ਜਗਿਆਸਾ ਦੀ ਸਮਝ ਲਈ ਮੈਂ ਉਸ ਨਾਵਲ ਦੇ ਜਨਮ ਦਾ ਚਿੱਠਾ ਫਰੋਲ ਰਿਹਾ ਹਾਂ।

* * *

ਮਾਈਕ ਮੈਕਗਰਾਡੀ ‘ਨਿਊ ਡੇਅ’ ਅਖ਼ਬਾਰ ਦਾ ਕਾਲਮ-ਨਵੀਸ ਸੀ। ਉਹ ਉਹਦੀ ਛੁੱਟੀ ਦਾ ਦਿਨ ਸੀ। ਜਸ਼ਨ ਦੇ ਰੌਂਅ ਵਿੱਚ ਕੁਝ ਦੋਸਤ ਇਕੱਠੇ ਬੈਠੇ ਹੋਏ ਸਨ।

ਹਵਾ ਵਿੱਚ ਸਰੂਰ ਘੁਲਿਆ ਹੋਇਆ ਸੀ। ਗੱਲਾਂ ਨੇ ਕਈ ਮੋੜ ਕੱਟ ਲਏ।

... ਤੇ ਫਿਰ ਅਮਰੀਕੀ ਸਾਹਿਤ ਬਾਰੇ ਚਰਚਾ ਛਿੜ ਪਈ। ਗੱਲਾਂ ਗੱਲਾਂ ਵਿੱਚ ਉਨ੍ਹਾਂ ਨਾਵਲਾਂ ਦਾ ਜ਼ਿਕਰ ਵੀ ਆ ਗਿਆ ਜਿਹੜੇ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿੱਚ ਵਿਕੇ ਸਨ।

‘‘ਇਹੋ ਜਿਹੇ ਚੰਗੇ ਨਾਵਲ ਤਾਂ ਸਾਨੂੰ ਲੱਭ ਕੇ ਪੜ੍ਹਨੇ ਚਾਹੀਦੇ ਹਨ।’’ ਇੱਕ ਦੋਸਤ ਬੋਲਿਆ।

ਮੈਕਗਰਾਡੀ ਹੱਸਿਆ, ‘‘ਕੀ ਬਹੁਤੇ ਵਿਕਣ ਨਾਲ ਉਹ ਨਾਵਲ ਚੰਗੇ ਹੋ ਗਏ?’’

‘‘ਜੇ ਉਹ ਨਾਵਲ ਚੰਗੇ ਨਹੀਂ ਤਾਂ ਫਿਰ ਲੋਕ ਉਨ੍ਹਾਂ ਨਾਵਲਾਂ ਨੂੰ ਖਰੀਦ ਕੇ ਕਿਉਂ ਪੜ੍ਹਦੇ ਨੇ?’’ ਇੱਕ ਹੋਰ ਨੇ ਕਿਹਾ।

‘‘ਸਾਧਾਰਨਤਾ ਦਾ ਹਮੇਸ਼ਾ ਬੋਲਬਾਲਾ ਹੁੰਦਾ ਹੈ। ਲੋਕ ਤਾਂ ਹੀ ਉਹੋ ਜਿਹੇ ਨਾਵਲ ਪੜ੍ਹਦੇ ਨੇ।’’ ਮੈਕਗਰਾਡੀ ਨੇ ਸਾਫ਼ ਗੱਲ ਕਹੀ।

‘‘ਪਰ ਉਨ੍ਹਾਂ ਲੇਖਕਾਂ ਨੂੰ ਤਾਂ ਲੋਕਾਂ ਨੇ ਸਿਰ ਉੱਤੇ ਬਿਠਾਇਆ ਹੋਇਐ?’’

‘‘ਤਾਂਹੀ ਤਾਂ ਇਹੋ ਜਿਹੇ ਨਾਵਲ ਧੜਾਧੜ ਲਿਖੇ ਜਾ ਰਹੇ ਹਨ।’’ ਮਾਈਕ ਮੈਕਗਰਾਡੀ ਨੇ ਜ਼ੋਰ ਦੇ ਕੇ ਕਿਹਾ, ‘‘ਵੇਖੋ ਭਰਾਵੋ! ਹਰਮਨ ਪਿਆਰਤਾ ਦੀ ਹੋੜ ਵਿੱਚ ਅਮਰੀਕਾ ਦਾ ਲਿਟਰੇਰੀ ਕਲਚਰ ਅਸ਼ਲੀਲ ਹੋ ਗਿਆ ਹੈ। ਨਾਵਲ ਅਣਗਹਿਲੀ ਨਾਲ ਲਿਖੇ ਜਾ ਰਹੇ ਨੇ। ਭਾਸ਼ਾ ਨੂੰ ਖੁੱਲ੍ਹ-ਡੁੱਲ੍ਹ ਦਿੱਤੀ ਜਾ ਰਹੀ ਹੈ। ਬਿਰਤਾਂਤ ਵਿੱਚ ਕਾਮਵਾਸਨਾ ਘੋਲੀ ਜਾ ਰਹੀ ਹੈ। ਇਸ ਤਰ੍ਹਾਂ ਤਾਂ ਭਾਵੇਂ ਕਿਸੇ ਵੀ ਨਾਵਲ ਨੂੰ ਲੱਖਾਂ ਦੀ ਗਿਣਤੀ ਵਿੱਚ ਵਿਕਣ ਵਾਲਾ ਬਣਾ ਦਿਉ।’’

‘‘ਐਵੇਂ ਸ਼ੇਖੀ ਨਾ ਮਾਰ! ਕੀ ਤੂੰ ਲਿਖ ਸਕਦਾ ਏਂ ਇਹੋ ਜਿਹਾ ਬੈਸਟ ਸੈਲਰ ਨਾਵਲ?’’ ਇੱਕ ਚੁੱਪ ਬੈਠਾ ਦੋਸਤ ਹਰਖ ਗਿਆ।

‘‘ਹਾਂ, ਇਹ ਕੋਈ ਔਖਾ ਕੰਮ ਨਹੀਂ। ਥੋੜ੍ਹੀ ਜਿਹੀ ਪ੍ਰਤਿਭਾ ਵਾਲਾ ਕੋਈ ਜਣਾ ਵੀ ਲਿਖ ਸਕਦਾ ਹੈ ਇਹੋ ਜਿਹਾ ਨਾਵਲ। ਮੈਂ ਤਾਂ ਫਿਰ ਵੀ ਕਾਲਮ ਨਵੀਸ ਹਾਂ ਮੇਰੇ ਯਾਰ!’’

ਦੋਸਤਾਂ ਨੇ ਮੈਕਗਰਾਡੀ ਨੂੰ ਵੰਗਾਰਿਆ, ‘‘ਫਿਰ ਤੂੰ ਹੀ ਲਿਖ ਕੇ ਵਿਖਾ ਉਹੋ ਜਿਹਾ ਨਾਵਲ। ਚੈਲੰਜ ਰਿਹਾ।’’

ਮੈਕਗਰਾਡੀ ਨੇ ਵੰਗਾਰ ਕਬੂਲ ਕਰ ਲਈ ਤੇ ਮਹਿਫ਼ਿਲ ਵਿੱਚੋਂ ਉੱਠ ਕੇ ਘਰ ਆ ਗਿਆ।

ਉਹ ਆਪਣੇ ਆਪ ਉੱਤੇ ਖਿਝ ਗਿਆ। ਚਾਂਭਲੇ ਹੋਏ ਨੇ ਵੰਗਾਰ ਮੰਨ ਲਈ ਸੀ। ਉਹਨੇ ਆਪਣੇ ਪੈਰੀਂ ਆਪੇ ਹੀ ਕੁਹਾੜਾ ਮਾਰ ਲਿਆ ਸੀ। ਹੁਣ ਉਹ ਪੈਰ ਪਿਛਾਂਹ ਨਹੀਂ ਸੀ ਪੁੱਟ ਸਕਦਾ। ਇਹ ਆਪਣੀਆਂ ਹੀ ਨਜ਼ਰਾਂ ਵਿੱਚੋਂ ਡਿੱਗ ਪੈਣ ਵਾਲੀ ਗੱਲ ਸੀ।

ਮਾਈਕ ਮੈਕਗਰਾਡੀ ਸੋਚੀਂ ਲਹਿ ਗਿਆ।

* * *

ਉਹਦੀਆਂ ਰਾਤਾਂ ਹਨੇਰੀਆਂ ਸਨ।

ਮਨ ਦੇ ਹਨੇਰੇ ਵਿੱਚ ਇੱਕ ਦਿਨ ਲਿਸ਼ਕੋਰ ਜਿਹੀ ਹੋਈ। ਪਲ-ਛਿਣ ਦੇ ਉਸ ਚਾਨਣ ਵਿੱਚ ਮੈਕਗਰਾਡੀ ਨੂੰ ਰਾਹ ਦਿਸ ਪਿਆ।

ਉਹ ਵਰ੍ਹਾ 1966 ਦਾ ਸੀ।

ਮੈਕਗਰਾਡੀ ਨੇ ਆਪਣੇ ਪੱਤਰਕਾਰ ਭਾਈਚਾਰੇ ਵਿੱਚੋਂ ਅਤੇ ਕੁਝ ਬਾਹਰਲੇ ਮੁਹੱਬਤੀਆਂ ਵਿੱਚੋਂ ਚੌਵੀ ਜਣੇ ਚੁਣੇ। ਚੌਵੀ ਜਣਿਆਂ ਦੀ ਉਸ ਟੋਲੀ ਵਿੱਚ ਪੰਜ ਔਰਤਾਂ ਸਨ।

ਮਾਈਕ ਮੈਕਗਰਾਡੀ ਪੰਝੀਵਾਂ ਸੀ।

ਨਾਵਲ ਲਿਖਣ ਦੀ ਤਿਆਰੀ ਵੇਲੇ ਉਹ ਸਾਰੇ ਜਾਣਦੇ ਸਨ, ਉਨ੍ਹਾਂ ਮਿੱਥ ਕੇ ਇੱਕ ਭੈੜੇ ਨਾਵਲ ਨੂੰ ਜਨਮ ਦੇਣਾ ਸੀ ਜਿਸ ਵਿੱਚ ਕਾਮਵਾਸਨਾ ਦਾ ਤੜਕਾ ਲੱਗਾ ਹੋਇਆ ਹੋਵੇ ਅਤੇ ਬੇਪ੍ਰਵਾਹੀ ਨਾਲ ਲਿਖਿਆ ਗਿਆ ਹੋਵੇ।

ਉਨ੍ਹਾਂ ਬੈਠ ਕੇ ਤਹੱਮਲ ਨਾਲ ਨਾਵਲ ਦੀ ਬੁਣਤੀ ਬੁਣੀ, ਪਾਤਰਾਂ ਦੇ ਨਾਵਾਂ-ਥਾਵਾਂ ਅਤੇ ਹੋਰ ਵੇਰਵਿਆਂ ਬਾਰੇ ਨਿਰਣਾ ਲਿਆ ਅਤੇ ਨਾਵਲ ਦੀ ਕਹਾਣੀ ਨੂੰ ਕਾਂਡਾਂ ਵਿੱਚ ਵੰਡ ਦਿੱਤਾ।

ਨਾਵਲ ਦੇ ਉਨ੍ਹਾਂ ਪੰਝੀ ਲੇਖਕਾਂ ਨੇ ਆਪੋ-ਆਪਣੇ ਹਿੱਸੇ ਦਾ ਕਾਂਡ ਲਿਖਣ ਦੀ ਜ਼ਿੰਮੇਵਾਰੀ ਸੰਭਾਲ ਲਈ।

ਹਰ ਇੱਕ ਨੇ ਨਾਵਲ ਦਾ ਸਿਰਫ਼ ਇੱਕੋ ਕਾਂਡ ਲਿਖਣਾ ਸੀ। ਇਸ ਲਈ ਨਾਵਲ ਦੀ ਸਿਰਜਣਾ ਦਾ ਕੰਮ ਛੇਤੀ ਹੀ ਸਿਰੇ ਚੜ੍ਹ ਗਿਆ।

ਮਾਈਕ ਮੈਕਗਰਾਡੀ ਨੇ ਕਹਾਣੀ ਅਨੁਸਾਰ ਕਾਂਡਾਂ ਨੂੰ ਇੱਕ ਤਰਤੀਬ ਵਿੱਚ ਕਰ ਦਿੱਤਾ। ਇਕਾਗਰ ਚਿੱਤ ਹੋ ਕੇ ਉਸ ਨੇ ਨਾਵਲ ਮੁੱਢੋਂ ਪੜ੍ਹਿਆ। ਨਾਵਲ ਦੀ ਭਾਸ਼ਾ ਇਕਸਾਰ ਨਹੀਂ ਸੀ। ਚੰਗੇ-ਮਾੜੇ ਲਿਖੇ ਦੀ ਖਿਚੜੀ ਬਣੀ ਹੋਈ ਸੀ। ਕੁਝ ਕਾਂਡਾਂ ਦਾ ਮਿਆਰ ਉੱਚ ਕੋਟੀ ਦੇ ਸਾਹਿਤ ਵਾਲਾ ਸੀ। ਦਰਅਸਲ ਹੋਇਆ ਇਹ ਸੀ ਕਿ ਰੌਬਰਟ ਗਰੀਨ ਅਤੇ ਜੈਨੀ ਗੋਲਟਜ਼ ਨਾਂ ਦੇ ਦੋ ਨਾਮਵਰ ਨਾਵਲਕਾਰ ਅਤੇ ਮਾਰਲਿਨ ਬਰਜਰ ਵਰਗੇ ਜ਼ਹੀਨ ਪੱਤਰਕਾਰ ਵੀ ਇਸ ਪ੍ਰਾਜੈਕਟ ਦੇ ਸਹਿਯੋਗੀ ਸਨ। ਨਾਵਲ ਦੇ ਕੁਝ ਕਾਂਡਾਂ ਦੀ ਸ਼ੈਲੀ ਦੇ ਚੰਗੇ ਹੋਣ ਦਾ ‘ਵਿਗਾੜ’ ਉਨ੍ਹਾਂ ਕਰ ਕੇ ਹੀ ਹੋਇਆ ਸੀ।

ਖ਼ੈਰ, ਚੰਗੀ ਤਰ੍ਹਾਂ ਲਿਖੇ ਹੋਏ ਕਾਂਡਾਂ ਦੀ ਕਾਂਟ-ਛਾਂਟ ਹੋਈ। ਭਾਸ਼ਾ ਨੂੰ ਮਿਥੇ ਅਨੁਸਾਰ ਕੀਤਾ ਗਿਆ। ਕਹਾਣੀ ਵਿਚਲੇ ਖੱਪੇ ਪੂਰੇ ਗਏ।

ਉਦੋਂ ਤੱਕ ਨਾਵਲ ਦਾ ਕੋਈ ਨਾਮ ਨਹੀਂ ਸੀ। ਸੋਚ-ਵਿਚਾਰ ਤੋਂ ਬਾਅਦ ਨਾਵਲ ਦਾ ਇੱਕ ਚੰਗਾ ਨਾਮ ਵੀ ਲੱਭ ਪਿਆ। ਨੇਕਡ ਕੇਮ ਦਿ ਸਟਰੇਂਜਰ (Naked Came The Stranger) ਹੀ ਉਹ ਨਾਵਲ ਹੈ ਜੋ ਹੁਣ ਇਤਿਹਾਸ ਬਣਿਆ ਹੈ।

ਹੁਣ ਨਾਵਲ ਦੇ ਪੁਸਤਕ ਰੂਪ ਵਿੱਚ ਪੇਸ਼ ਹੋਣ ਦਾ ਵੇਲਾ ਸੀ। ਪੰਝੀ ਲੇਖਕਾਂ ਦੇ ਨਾਵਾਂ ਨਾਲ ਤਾਂ ਉਸ ਨਾਵਲ ਦਾ ਛਪਣਾ ਸੰਭਵ ਨਹੀਂ ਸੀ। ਲੇਖਕ ਤਾਂ ਇੱਕ ਹੀ ਹੋਣਾ ਚਾਹੀਦਾ ਸੀ।

ਉਦੋਂ ਮਾਈਕ ਮੈਕਗਰਾਡੀ ਨੂੰ ਆਪਣੀ ਕਜ਼ਨ ਬਿਲੀ ਯੰਗ ਯਾਦ ਆਈ ਸੀ। ਉਹ ਸੋਹਣੀ ਸੁਨੱਖੀ ਕੁੜੀ ਸੀ। ਕਿਤਾਬ ਦੇ ਕਵਰ ਦੇ ਪਿਛਲੇ ਪਾਸੇ ਉਹਦੀ ਤਸਵੀਰ ਸੋਹਣੀ ਲੱਗਣੀ ਸੀ। ਮੈਕਗਰਾਡੀ ਨੇ ਬਿਲੀ ਨੂੰ ਨਾਵਲ ‘ਨੇਕਡ ਕੇਮ ਦਿ ਸਟਰੇਂਜਰ’ ਦਾ ਲੇਖਕ ਹੋ ਜਾਣ ਲਈ ਮਨਾ ਲਿਆ।

ਜਦੋਂ ਨਾਵਲ ਛਪਿਆ ਤਾਂ ਕਿਤਾਬ ਦੇ ਪਿਛਲੇ ਕਵਰ ਉੱਤੇ ਬਿਲੀ ਯੰਗ ਦੀ ਤਸਵੀਰ ਹੀ ਛਪੀ ਹੋਈ ਸੀ। ਤਸਵੀਰ ਵਿੱਚ ਉਹਦੇ ਨਾਲ ਇੱਕ ਕੁੱਤਾ ਵੀ ਸੀ, ਪਰ ਲੇਖਕ ਦਾ ਨਾਂ ਬਿਲੀ ਯੰਗ ਦੀ ਥਾਵੇਂ ਪੈਨੀਲੋਪ ਆਸ਼ੇ ਛਪਿਆ ਹੋਇਆ ਸੀ। ਇਹ ਨਾਮ ਨਕਲੀ ਸੀ। ਇਸ ਨਾਮ ਦੀ ਕੋਈ ਔਰਤ ਨਹੀਂ ਸੀ।

* * *

‘ਨੇਕਡ ਕੇਮ ਦਿ ਸਟਰੇਂਜਰ’ ਨਾਵਲ ਬਾਜ਼ਾਰ ਵਿੱਚ ਆਇਆ ਤਾਂ ਉਸ ਦੀਆਂ ਵੀਹ ਹਜ਼ਾਰ ਪ੍ਰਤੀਆਂ ਝਟਪਟ ਹੀ ਵਿਕ ਗਈਆਂ। ਸਾਹਿਤ ਜਗਤ ਵਿੱਚ ਉਸ ਦੇ ਕਮਾਲ ਦਾ ਨਾਵਲ ਹੋਣ ਦੀ ਚਰਚਾ ਛਿੜ ਪਈ।

ਨਾਵਲ ਦਾ ਪ੍ਰਕਾਸ਼ਕ ਲਾਈਲ ਸਟੂਆਰਟ ਬਾਗ਼ੋ-ਬਾਗ ਹੋ ਗਿਆ। ਉਹ ਨਾਵਲ ਦੇ ਲਿਖੇ ਜਾਣ ਬਾਰੇ ਸਾਰੀ ਕਹਾਣੀ ਤੋਂ ਬੇਖ਼ਬਰ ਸੀ। ਨਾਵਲ ਦੀ ਵਿਕਰੀ ਜਾਰੀ ਸੀ।

ਪ੍ਰਕਾਸ਼ਕ ਲਾਈਲ ਸਟੂਆਰਟ ਨੇ ਬਿਲੀ ਯੰਗ ਨਾਲ ਸੰਪਰਕ ਕੀਤਾ। ਉਹਦੇ ਭਾਣੇ ਬਿਲੀ ਯੰਗ ਹੀ ਨਾਵਲ ਦੀ ਅਸਲੀ ਲੇਖਕਾ ਸੀ ਤੇ ਉਸੇ ਦਾ ਨਾਂ ਪੈਨੀਲੋਪ ਆਸ਼ੇ ਸੀ। ਸਟੂਆਰਟ ਨੇ ਇੱਕ ਵੱਡੀ ਰਕਮ ਦਾ ਚੈੱਕ ਬਿਲੀ ਯੰਗ ਨੂੰ ਅਗਾਊਂ ਦੇਣ ਦੀ ਪੇਸ਼ਕਸ਼ ਕੀਤੀ। ਉਸ ਉੱਤੇ ਜ਼ੋਰ ਪਾਇਆ ਕਿ ਬਿਲੀ ‘ਨੇਕਡ ਕੇਮ ਦਿ ਸਟਰੇਂਜਰ’ ਤੋਂ ਅਗਲਾ ਨਾਵਲ ਲਿਖੇ। ਪ੍ਰਕਾਸ਼ਕ ਨੇ ਉਸ ਦੂਸਰੇ ਨਾਵਲ ਦਾ ਨਾਮ ਵੀ ਸੁਝਾਇਆ। ਉਸ ਕਿਹਾ, ‘‘ਹੁਣ ਇਸ ਤੋਂ ਅਗਲੇ ਨਾਵਲ ਦਾ ਨਾਮ ਹੋਵੇਗਾ ‘ਨੇਕਡ ਕੇਮ ਦਿ ਸਨ ਆਫ ਸਟਰੇਂਜਰ’ (Naked Came The Son of Stranger)।’’

ਬਿਲੀ ਯੰਗ ਕੀ ਜੁਆਬ ਦੇਵੇ ਇਸ ਲੁਭਾ ਦੇਣ ਵਾਲੀ ਪੇਸ਼ਕਸ਼ ਦਾ? ਉਸ ਨੇ ਤਾਂ ਆਪਣੇ ਨਾਵਲ ਦੀ ਇੱਕ ਸਤਰ ਵੀ ਨਹੀਂ ਸੀ ਲਿਖੀ।

ਉਦੋਂ ਮਾਈਕ ਮੈਕਗਰਾਡੀ ਸਮੇਤ ਨਾਵਲ ਦੇ ਪੰਝੀ ਲੇਖਕਾਂ ਨੇ ਸੋਚਿਆ ਕਿ ਇਸ ਨਾਵਲ ਦੇ ਜਨਮ ਦੀ ਕਹਾਣੀ ਬਾਰੇ ਹੋਰ ਭੇਤ ਰੱਖਣਾ ਠੀਕ ਨਹੀਂ ਸੀ।

‘ਡੇਵਿਡ ਫਰੌਸਟ’ ਸਾਹਿਤਕ ਸਮਾਗਮ ਦੇ ਮੌਕੇ ਨਾਵਲ ਦੀ ਸਿਰਜਣਾ ਬਾਰੇ ਭੇਤ ਨਸ਼ਰ ਕਰ ਦਿੱਤਾ ਗਿਆ। ਉਦੋਂ ਉਨ੍ਹਾਂ ਪੰਝੀ ਲੇਖਕਾਂ ਦਾ ਇੱਕੋ ਨਾਮ ਹੋ ਗਿਆ। ਉਹ ਸਾਰੇ ਪੰਝੀ ਜਣੇ ਪੈਨੀਲੋਪ ਆਸ਼ੇ ਦੇ ਨਾਮ ਨਾਲ ਇੱਕ ਕਤਾਰ ਵਿੱਚ ਮੰਚ ਉੱਤੇ ਆਏ। ਪੈਨੀਲੋਪ ਕਹਿ ਕੇ ਉਨ੍ਹਾਂ ਪੰਝੀ ਲੇਖਕਾਂ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਾਈ ਗਈ।

ਹਾਲ ਤਾੜੀਆਂ ਨਾਲ ਗੂੰਜ ਉੱਠਿਆ।

ਉਹ ਵਰ੍ਹਾ 1969 ਦਾ ਸੀ। ਉਦੋਂ ਤਕ ਨਾਵਲ ਦੀਆਂ ਨੱਬੇ ਹਜ਼ਾਰ ਕਾਪੀਆਂ ਵਿਕ ਚੁੱਕੀਆਂ ਸਨ। ਵਿਕਰੀ ਅਜੇ ਜਾਰੀ ਸੀ।

ਨਾਵਲ ਅਮਰੀਕਾ ਦੇ ‘ਨਿਊ ਯਾਰਕ ਟਾਈਮਜ਼’ ਦੀ ਬੈੱਸਟ ਸੈਲਰ ਫਹਿਰਿਸਤ ਵਿੱਚ ਤੇਰਾਂ ਹਫ਼ਤੇ ਰਹਿ ਚੁੱਕਿਆ ਸੀ।

ਨਾਵਲ ਬਾਰੇ ਭੇਤ ਖੁੱਲ੍ਹਣ ਤੋਂ ਪਿੱਛੋਂ ਤਵੱਕੋ ਤਾਂ ਇਹ ਸੀ ਕਿ ਲੋਕਾਂ ਵਿੱਚ ‘ਨੇਕਡ ਕੇਮ ਦਿ ਸਟਰੇਂਜਰ’ ਪੜ੍ਹਨ ਦੀ ਇੱਛਾ ਮੁੱਕ ਜਾਵੇਗੀ, ਪਰ ਹੋਇਆ ਇਸ ਦੇ ਉਲਟ। ਨਾਵਲ ਪੜ੍ਹਨ ਦੀ ਤਾਂਘ ਹੋਰ ਵੀ ਤੀਬਰ ਹੋ ਗਈ।

2012 ਦੇ ਵਰ੍ਹੇ ਤਕ ਉਸ ਨਾਵਲ ਦੀਆਂ 4,00,000 ਤੋਂ ਵੀ ਵੱਧ ਪ੍ਰਤੀਆਂ ਵਿਕ ਚੁੱਕੀਆਂ ਸਨ। ਹੁਣ 2025 ਵਿੱਚ ਉਸ ਨਾਵਲ ਦੀ ਵਿਕਰੀ ਪਤਾ ਨਹੀਂ ਕਿੰਨੇ ਕੁ ਲੱਖ ਤਕ ਪਹੁੰਚ ਗਈ ਹੋਵੇਗੀ।

‘ਨੇਕਡ ਕੇਮ ਦਿ ਸਟਰੇਂਜਰ’ ਬਾਰੇ ਮੁੱਢਲਾ ਪ੍ਰਭਾਵ ਕੁਝ ਇਸ ਤਰ੍ਹਾਂ ਦਾ ਸੀ ਜਿਵੇਂ ਮਖੌਲ ਮਖੌਲ ਵਿੱਚ ਹੀ ਇਹ ਨਾਵਲ ਲਿਖ ਲਿਆ ਗਿਆ ਹੋਵੇ। ਪਰ ਉਸ ਵੇਲੇ ਦੇ ਬੈਸਟ ਸੈਲਰ ਨਾਵਲਾਂ ਬਾਰੇ ਮਾਈਕ ਮੈਕਗਰਾਡੀ ਦੇ ਪ੍ਰਭਾਵ ਸੱਚੇ ਸਾਬਤ ਹੋਏ ਸਨ।

ਪਰ ਨਾਵਲ ਦੇ ਲੁਕੇ ਹੋਏ ਗੁਣਾਂ ਬਾਰੇ ਕਦੀ ਚਰਚਾ ਨਹੀਂ ਹੋਈ।

ਨਾਵਲ ਬਾਰੇ ਜ਼ਿਹਨ ਵਿੱਚ ਖੌਰੂ ਪਾ ਰਹੇ ਸੁਆਲਾਂ ਦਾ ਜੁਆਬ ਵੀ ਮੇਰੇ ਕੋਲ ਨਹੀਂ।

ਉਸ ਨਾਵਲ ਨਾਲ ਮੇਰਾ ਰਿਸ਼ਤਾ ਬੱਸ ਏਨਾ ਕੁ ਹੀ ਹੈ ਕਿ ਮੈਂ ਉਸ ਨਾਵਲ ਨੂੰ ਛੋਹਿਆ ਵੀ ਸੀ ਤੇ ਫਰੋਲਿਆ ਵੀ ਸੀ। ਪਰ ‘ਨੇਕਡ ਕੇਮ ਦਿ ਸਟਰੇਂਜਰ’ ਦੇ ਹੋਂਦ ਵਿੱਚ ਆਉਣ ਦੇ ਉਨਾਹਟ ਵਰ੍ਹੇ ਪਿੱਛੋਂ ਵੀ ਮੈਂ ਉਹ ਨਾਵਲ ਲੱਭ ਕੇ ਪੜ੍ਹਨਾ ਚਾਹੁੰਦਾ ਹਾਂ।

ਮੈਂ ਅੱਜ ਵੀ ਹੈਰਾਨ ਹਾਂ, ਜਿਹੜੀ ਕਿਤਾਬ ਮੈਂ ਪੜ੍ਹੀ ਹੀ ਨਹੀਂ, ਉਹ ਮੇਰੇ ਚੇਤੇ ਦੀ ਕਿਤਾਬ ਕਿਵੇਂ ਹੋ ਗਈ। ਕਿਤੇ ਇਸ ਕਰਕੇ ਤਾਂ ਨਹੀਂ ਕਿ ਨਾਵਲ ਕੋਲ ਮੈਨੂੰ ਦੱਸਣ ਲਈ ਬੜਾ ਕੁਝ ਹੈ।

Advertisement
×