ਉਲਝੀਆਂ ਤੰਦਾਂ
ਸ਼ਵਿੰਦਰ ਕੌਰ
ਕਥਾ ਪ੍ਰਵਾਹ
ਹਰਮੀਤ ਦਾ ਮਨ ਬੜਾ ਬੇਚੈਨ ਸੀ। ਸਾਰੀ ਰਾਤ ਉਸ ਨੇ ਸੌਣ ਦੀ ਥਾਂ ਪਾਸੇ ਬਦਲਦਿਆਂ ਲੰਘਾਈ ਸੀ। ਐਤਵਾਰ ਦਾ ਦਿਨ ਸੀ। ਸਾਰਿਆਂ ਨੂੰ ਛੁੱਟੀ ਹੋਣ ਕਾਰਨ ਉਹ ਦੇਰ ਨਾਲ ਉੱਠੇ ਸਨ। ਜਦੋਂ ਹਰਮੀਤ ਤੋਂ ਪਿਆ ਨਾ ਗਿਆ ਤਾਂ ਉਹ ਉੱਠੀ ,ਚਾਹ ਦਾ ਕੱਪ ਬਣਾਇਆ ਅਤੇ ਪੀਣ ਬੈਠ ਗਈ।
ਚਾਹ ਦੇ ਘੁੱਟ ਭਰਦਿਆਂ ਉਸ ਦਾ ਮਨ ਉਡਾਰੀ ਮਾਰ ਵਤਨ ਪਹੁੰਚ ਗਿਆ। ਮਨ ਬਿੰਦ ’ਚ ਬੜਾ ਕੁਝ ਚਿਤਵ ਗਿਆ। ਉਸ ਨੂੰ ਲੱਗਿਆ ਕਿ ਉਹ ਬਾਪੂ ਦੀ ਰੋਟੀ ਲੈ ਕੇ ਖੇਤ ਗਈ ਹੈ ਅਤੇ ਸਰ੍ਹੋਂ ਦੇ ਪੀਲੇ ਖਿੜੇ ਫੁੱਲਾਂ ਦੇ ਖੇਤ ਦੀ ਵੱਟ ’ਤੇ ਖੜ੍ਹੀ ਫੁੱਲਾਂ ਨਾਲ ਫੁੱਲ ਬਣ ਗਈ ਹੈ। ਕੋਇਲ ਦੀ ਕੂ ਕੂ ਉਸ ਨੂੰ ਕੰਨਾਂ ਵਿੱਚ ਮਿਠਾਸ ਘੋਲਦੀ ਜਾਪੀ। ਮੋਰਾਂ ਨੂੰ ਪੈਲਾਂ ਪਾਉਂਦਿਆਂ ਵੀ ਉਸ ਨੇ ਮਨ ਦੀਆਂ ਅੱਖਾਂ ਨਾਲ ਤੱਕ ਲਿਆ ਸੀ।
ਉਸ ਨੂੰ ਲੱਗਿਆ ਜਿਵੇਂ ਬਾਪੂ ਕਹਿ ਰਿਹਾ ਹੋਵੇ ਮੇਰੀ ਧੀ ਰਾਣੀ ਫੁੱਲਾਂ ਨੂੰ ਹੀ ਤੱਕੀ ਜਾਵੇਗੀ ਜਾਂ ਫਿਰ ਮੈਨੂੰ ਬਾਟੀ ਵਿੱਚ ਲੱਸੀ ਪਾ ਕੇ ਵੀ ਦੇਵੇਗੀ। ਉਹ ਇਕਦਮ ਤ੍ਰਭਕੀ। ਲੱਸੀ ਵਾਲੀ ਬਾਟੀ ਉਸ ਦੇ ਹੱਥੋਂ ਡਿੱਗਦੀ ਮਸਾਂ ਬਚੀ।
ਦੇਖਿਆ ਜਾਵੇ ਤਾਂ ਹਰਮੀਤ ਨੂੰ ਆਪਣੇ ਘਰ ਕੋਈ ਤੰਗੀ ਨਹੀਂ ਸੀ। ਉਸ ਦਾ ਪਤੀ ਹਮੇਸ਼ਾ ਉਸ ਨੂੰ ਕਹਿੰਦਾ, ‘‘ਮਨ ਭਾਉਂਦਾ ਖਾਇਆ ਕਰ। ਮਨ ਭਾਉਂਦਾ ਪਹਿਨਿਆ ਕਰ। ਆਪਣਾ ਦੇਸ਼ ਛੱਡ ਕੇ ਪਰਦੇਸ ਆਉਣ ਦਾ ਕੀ ਫ਼ਾਇਦਾ ਜੇ ਅਸੀਂ ਆਪਣੀਆਂ ਲੋੜਾਂ, ਰੀਝਾਂ ਅਤੇ ਸੁਪਨਿਆਂ ਨੂੰ ਵੀ ਪੂਰਾ ਨਾ ਕਰ ਸਕੇ।’’
ਹਰ ਕਦਮ ਨਾਲ ਰਲ ਕੇ ਚੱਲਣ ਵਾਲਾ ਪਤੀ ਤੇ ਘਰ ਦੀ ਰੌਣਕ ਦੋ ਸਿਹਤਮੰਦ ਪੁੱਤਰ। ਹੋਰ ਔਰਤ ਨੂੰ ਚਾਹੀਦਾ ਵੀ ਕੀ ਹੁੰਦਾ ਹੈ।
ਸਭ ਕੁਝ ਹੁੰਦਿਆਂ ਸੁੰਦਿਆਂ ਵੀ ਕਦੇ ਕਦੇ ਮੀਤ ਦਾ ਮਨ ਡਿੱਗੂੰ ਡਿੱਗੂੰ ਕਰਨ ਲੱਗਦਾ। ਉਸ ਦੇ ਅੰਦਰ ਖੋਹ ਜਿਹੀ ਪੈਣ ਲੱਗਦੀ। ਉਸ ਨੂੰ ਲੱਗਣ ਲੱਗਦਾ ਜਿਵੇਂ ਜ਼ਿੰਦਗੀ ਮਸ਼ੀਨੀ ਰੁਟੀਨ ਵਿੱਚ ਢਲ ਗਈ ਹੋਵੇ। ਸਵੇਰੇ ਜਲਦੀ ਉੱਠੋ। ਕਾਹਲੀ ਕਾਹਲੀ ਘਰ ਦਾ ਕੰਮ ਮੁਕਾ ਕੇ ਫੈਕਟਰੀ ਜਾਉ। ਮਸ਼ੀਨ ਨਾਲ ਮਸ਼ੀਨ ਬਣ ਕੇ ਕੰਮ ਕਰੋ। ਘਰੇ ਆਉ, ਬੱਚਿਆਂ ਨੂੰ ਦੇਖੋ, ਸ਼ਾਮ ਦਾ ਕੰਮ ਮੁਕਾਉ, ਫਿਰ ਥੱਕੇ ਟੁੱਟੇ ਸੌਂ ਜਾਉ। ਅਗਲੇ ਦਿਨ ਫਿਰ ਉਹੀ ਰੁਟੀਨ। ਜਿਵੇਂ ਉਹ ਇਨਸਾਨ ਨਹੀਂ ਕੋਈ ਮਸ਼ੀਨ ਹੀ ਹੋਣ।
ਅੱਜ ਉਸ ਦੀ ਪਰੇਸ਼ਾਨੀ ਦਾ ਕਾਰਨ ਰੱਖੜੀ ਦੇ ਤਿਉਹਾਰ ਨਾਲ ਜੁੜਿਆ ਹੋਇਆ ਸੀ। ਕੱਲ੍ਹ ਉਸ ਦੀਆਂ ਸਾਥਣਾਂ ਫੈਕਟਰੀ ਵਿਚ ਰੱਖੜੀ ਦੇ ਤਿਉਹਾਰ ਬਾਰੇ ਹੀ ਗੱਲਾਂ ਕਰਦੀਆਂ ਰਹੀਆਂ ਸਨ ਕਿ ਕਿਸ ਨੇ ਆਪਣੇ ਵੀਰ ਲਈ ਕਿਹੋ ਜਿਹੀ ਰੱਖੜੀ ਖਰੀਦੀ ਹੈ। ਗੱਲਾਂ ਕਰਦੀਆਂ ਉਹ ਉਦਾਸ ਵੀ ਹੋ ਜਾਂਦੀਆਂ ਕਿ ਉਹ ਪਰਦੇਸ ਬੈਠੀਆਂ ਹੋਣ ਕਰਕੇ ਮਾਂ ਜਾਏ ਵੀਰਾਂ ਦੇ ਗੁੱਟਾਂ ’ਤੇ ਰੱਖੜੀ ਨਹੀਂ ਬੰਨ੍ਹ ਸਕਣਗੀਆਂ। ਪੇਕੇ ਘਰ ਜਾਣ ਦੀ ਬਜਾਏ ਉਨ੍ਹਾਂ ਨੂੰ ਡਾਕ ਦਾ ਸਹਾਰਾ ਲੈਣਾ ਪੈਂਦਾ ਹੈ।
ਬਾਕੀ ਦਿਨਾਂ ਵਾਂਗ ਛੇਤੀ ਹੀ ਉਹ ਸੂਟਾਂ ਦੀਆਂ, ਗਹਿਣਿਆਂ ਦੀਆਂ ਗੱਲਾਂ ਵਿੱਚ ਰੁੱਝ ਗਈਆਂ। ਜਿਵੇਂ ਉਨ੍ਹਾਂ ਦੇ ਖ਼ਿਆਲਾਂ ’ਚ ਦੁਨੀਆ ਦੀ ਹੋਂਦ ਇੱਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੋਵੇ।
ਹਰਮੀਤ ਕੀ ਦੱਸਦੀ ਕਿ ਉਸ ਨੇ ਤਾਂ ਕਈ ਸਾਲਾਂ ਤੋਂ ਰੱਖੜੀ ਵਾਲੇ ਸਬੰਧ ਖ਼ਤਮ ਕੀਤੇ ਹੋਏ ਹਨ। ਉਸ ਨੂੰ ਰਹਿ ਰਹਿ ਕੇ ਆਪ ਤੋਂ ਛੋਟੇ ਵੀਰ ਦੀ ਯਾਦ ਆ ਰਹੀ ਸੀ ਜੋ ਉਸ ਦੇ ਸਾਹੀਂ ਸਾਹ ਲੈਂਦਾ ਸੀ। ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਕਿਵੇਂ ਉਹ ਮਹੀਨਾ ਪਹਿਲਾਂ ਹੀ ਪਿੰਡ ਪਹੁੰਚ ਗਈ ਸੀ। ਉਸ ਨੇ ਆਪਣਾ ਹਰ ਚਾਅ ਪੂਰਾ ਕੀਤਾ ਸੀ। ਵੀਰ ਦੀ ਪੁਸ਼ਾਕ, ਭਾਬੀ ਲਈ ਗਹਿਣੇ, ਵਰੀ ਅਤੇ ਰਿਸ਼ਤੇਦਾਰਾਂ ਲਈ ਕੱਪੜੇ ਸਭ ਉਸ ਨੇ ਆਪਣੀ ਪਸੰਦ ਦੇ ਖਰੀਦੇ ਸਨ। ਵਿਆਹ ਸਮੇਂ ਗੀਤ ਗਾਉਣ, ਗਿੱਧਾ ਪਾਉਣ ਅਤੇ ਹਰ ਸ਼ਗਨ ਸਮੇਂ ਉਹ ਮੋਹਰੀ ਰਹੀ ਸੀ।
ਦੋਵੇਂ ਬੇਟੇ ਉਸ ਦੇ ਨਾਲ ਆਏ ਸਨ। ਉਸ ਦਾ ਪਤੀ ਵੀ ਕੁਝ ਦਿਨ ਪਹਿਲਾਂ ਹੀ ਆ ਗਿਆ ਸੀ। ਉਸ ਦੀ ਭਾਬੀ ਵੀ ਬੜੇ ਨਿੱਘੇ ਅਤੇ ਹੱਸਮੁੱਖ ਸੁਭਾਅ ਦੀ ਸੀ ਜੋ ਛੇਤੀ ਹੀ ਉਨ੍ਹਾਂ ਨਾਲ ਰਚਮਿਚ ਗਈ। ਸਾਰਾ ਦਿਨ ਉਹ ਸਾਰੇ ਰਲ ਕੇ ਖ਼ੂੁਬ ਧਮੱਚੜ ਮਚਾਉਂਦੇ। ਘਰ ਵਿੱਚ ਹਾਸੇ ਡੁੱਲ੍ਹ ਡੁੱਲ੍ਹ ਪੈਂਦੇ। ਖ਼ੁਸ਼ੀਆਂ ਭਰੇ ਦਿਨ ਜਿਵੇਂ ਅੱਖ ਦੇ ਫੋਰ ਵਿੱਚ ਹੀ ਨਿਕਲ ਗਏ ਸਨ।
ਵਾਪਸ ਜਾਣ ਦਾ ਦਿਨ ਆ ਗਿਆ ਸੀ। ਉਹ ਛੋਟੇ ਜੀਤੇ ਦੇ ਵਿਆਹ ’ਤੇ ਆਉਣ ਦਾ ਵਾਅਦਾ ਕਰਕੇ ਭਰੇ ਮਨ ਨਾਲ ਆਪਣੇ ਪਰਿਵਾਰ ਨਾਲ ਅਮਰੀਕਾ ਪਰਤ ਆਈ ਸੀ।
ਦੋ ਸਾਲਾਂ ਬਾਅਦ ਉਸ ਦੇ ਵੀਰ ਭਾਬੀ ਦੇ ਘਰ ਬੇਟੀ ਨੇ ਜਨਮ ਲਿਆ ਸੀ। ਉਹ ਉਸ ਨੂੰ ਭਤੀਜੀ ਦੇਖਣ ਆਉਣ ਲਈ ਜ਼ੋਰ ਪਾ ਰਹੇ ਸਨ। ਉਸ ਦੇ ਬੇਟੇ ਪੜ੍ਹਦੇ ਹੋਣ ਕਾਰਨ ਉਸ ਦਾ ਆਉਣ ਦਾ ਸਬੱਬ ਨਹੀਂ ਸੀ ਬਣ ਸਕਿਆ।ਉਸ ਦਾ ਜੀਅ ਤਾਂ ਕਰਦਾ ਸੀ ਉੱਡ ਕੇ ਭਰਾ ਭਰਜਾਈ ਕੋਲ ਪਹੁੰਚ ਜਾਵੇ। ਨੰਨ੍ਹੀ ਨਾਲ ਲਾਡ ਲਡਾਵੇ। ਉਸ ਦੇ ਬੇਟੇ ਵੀ ਬੜੇ ਖ਼ੁਸ਼ ਸਨ ਕਿ ਉਨ੍ਹਾਂ ਦੇ ਰੱਖੜੀ ਬੰਨ੍ਹਣ ਵਾਲੀ ਭੈਣ ਆ ਗਈ ਹੈ। ਉਹ ਵੀ ਉਸ ਨੂੰ ਦੇਖਣ ਲਈ ਉਤਾਵਲੇ ਸਨ। ਦਿਲੋਂ ਚਾਹੁੰਦੀ ਹੋਈ ਵੀ ਉਹ ਨਹੀਂ ਸੀ ਜਾ ਸਕੀ।
ਛੋਟੇ ਵੀਰ ਦੇ ਵਿਆਹ ਦੀ ਖ਼ਬਰ ਸੁਣ ਕੇ, ਉਸ ਨੂੰ ਲੱਗਿਆ ਇਹ ਤਾਂ ਕੁਦਰਤ ਨੇ ਚੰਗਾ ਢੋਅ ਢੁਕਾਇਆ ਹੈ। ਵਿਆਹ ਦੇ ਨਾਲ ਭਤੀਜੀ ਨੂੰ ਵੀ ਦੇਖ ਆਵਾਂਗੇ। ਬੱਚੇ ਸਕੂਲ ਪੜ੍ਹਦੇ ਸਨ ਅਤੇ ਉਸ ਦੇ ਪਤੀ ਨੂੰ ਕੰਮ ਤੋਂ ਛੁੱਟੀ ਮਿਲਣੀ ਮੁਸ਼ਕਿਲ ਸੀ। ਫ਼ੈਸਲਾ ਇਹ ਹੋਇਆ ਕਿ ਉਹ ਇਕੱਲੀ ਹੀ ਵਿਆਹ ਦੇਖ ਆਵੇ। ਇਸ ਬਹਾਨੇ ਸਾਰਿਆਂ ਨੂੰ ਮਿਲ ਗਿਲ ਵੀ ਆਵੇਗੀ।
ਉਸ ਨੇ ਭਤੀਜੀ ਲਈ ਕੱਪੜੇ, ਖਿਡੌਣੇ ਅਤੇ ਪੈਰਾਂ ਵਿੱਚ ਪਾਉਣ ਲਈ ਛੁਣਕਣੀਆਂ ਖਰੀਦੀਆਂ। ਜਾਣ ਦੀ ਤਿਆਰੀ ਤਾਂ ਬੜੀ ਚਾਈਂ ਚਾਈਂ ਕਰ ਲਈ ਪਰ ਜਾਣ ਵਾਲੇ ਦਿਨ ਉਸ ਦਾ ਮਨ ਬੜਾ ਉਦਾਸ ਸੀ। ਪਤੀ ਅਤੇ ਬੱਚਿਆਂ ਨੂੰ ਛੱਡ ਕੇ ਜਾਣ ਲਈ ਉਸ ਦਾ ਦਿਲ ਨਹੀਂ ਸੀ ਕਰਦਾ।ਤੁਰਨ ਲੱਗਿਆਂ ਉਸ ਨੇ ਬੱਚਿਆਂ ਵੱਲ ਦੇਖਦਿਆਂ, ਨਾ ਦੇਖਣ ਦਾ ਨਾਟਕ ਕੀਤਾ। ਸਾਰੇ ਰਾਹ ’ਚ ਉਸ ਦਾ ਹਾਲ ਉਸ ਪੰਛੀ ਵਰਗਾ ਰਿਹਾ ਜੋ ਉੱਡ ਤਾਂ ਗਿਆ ਹੋਵੇ ਪਰ ਮਨ ਪਿੱਛੇ ਆਲ੍ਹਣੇ ’ਚ ਛੱਡੇ ਬੋਟਾਂ ਵਿੱਚ ਹੀ ਹੋਵੇ।
ਪਿੰਡ ਪਹੁੰਚ ਕੇ ਉਸ ਦਾ ਮਨ ਵਿਆਹ ਦੀਆਂ ਤਿਆਰੀਆਂ ’ਚ ਪਰਚ ਗਿਆ। ਭਾਬੀ ਸਾਰਾ ਦਿਨ ਬੀਬੀ ਬੀਬੀ ਕਰਦੀ ਉਸ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ। ਉਸ ਪ੍ਰਤੀ ਭਾਬੀ ਦੀ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਨੇ ਤਾਂ ਜਿਵੇਂ ਉਸ ਨੂੰ ਕੀਲ ਹੀ ਲਿਆ ਸੀ। ਉਸ ਨਾਲ ਉਸ ਦੀ ਪੂਰੀ ਦੋਸਤੀ ਹੋ ਗਈ ਸੀ। ਵਿਆਹ ਦੇ ਹਰ ਕੰਮ, ਹਰ ਸ਼ਗਨ ’ਚ ਉਹ ਇਕੱਠੀਆਂ ਵਿਚਰਦੀਆਂ। ਕਦੇ ਕਦੇ ਵੀਰ ਗਿਲਾ ਕਰਦਾ, “ਮੀਤ! ਆਪਣੀ ਭਾਬੀ ਨਾਲ ਰਲ ਕੇ ਤੂੰ ਸਾਨੂੰ ਤਾਂ ਭੁੱਲ ਹੀ ਗਈ ਐਂ।”
ਹਰ ਵਕਤ ਉਹ ਭਤੀਜੀ ਨੂੰ ਉਂਗਲ ਲਾਈ ਰੱਖਦੀ ਜਿਵੇਂ ਉਸ ਵਿੱਚੋਂ ਆਪਣੇ ਬੱਚਿਆਂ ਦਾ ਮੁਹਾਂਦਰਾ ਤੱਕਦੀ ਹੋਵੇ।
ਛੋਟਾ ਵੀਰ ਵੀ ਨਵੀਂ ਭਾਬੀ ਨੂੰ ਵਿਆਹ ਲਿਆਇਆ। ਉਸ ਨਾਲ ਵੀ ਉਸ ਨੂੰ ਕੁਝ ਦਿਨ ਰਹਿਣ ਦਾ ਮੌਕਾ ਮਿਲਿਆ ਪਰ ਉਸ ਦੇ ਸੁਭਾਅ ਵਿੱਚ ਵੱਡੀ ਭਾਬੀ ਵਰਗੀ ਮਿਠਾਸ ਤੇ ਅਪਣੱਤ ਨਹੀਂ ਸੀ।
ਪਰਿਵਾਰ ’ਚ ਵਿਚਰਦਿਆਂ ਉਸ ਨੂੰ ਦਿਨ ਲੰਘਦੇ ਦਾ ਪਤਾ ਹੀ ਨਾ ਲੱਗਦਾ ਪਰ ਰਾਤ ਨੂੰ ਪਤੀ ਅਤੇ ਬੱਚਿਆਂ ਦੇ ਚਿਹਰੇ ਯਾਦ ਆਉਂਦਿਆਂ ਹੀ ਉਸ ਦਾ ਮਨ ਉੱਡ ਕੇ ਘਰ ਜਾਣ ਨੂੰ ਕਰਦਾ।
ਵਾਪਸ ਜਾਣ ਦਾ ਦਿਨ ਆ ਗਿਆ ਸੀ। ਸਾਰਿਆਂ ਨਾਲ ਘੁੱਟ ਘੁੱਟ ਕੇ ਮਿਲਦਿਆਂ ਉਸ ਨੇ ਵਿਦਾਈ ਲਈ। ਵੀਰ ਏਅਰਪੋਰਟ ਤੋਂ ਚੜ੍ਹਾਅ ਕੇ ਗਿਆ। ਰਾਹ ਵਿੱਚ ਉਸ ਨੂੰ ਮਾਂ ਬਾਪ ਦੇ ਉਦਾਸ ਚਿਹਰੇ ਯਾਦ ਆਉਂਦੇ ਰਹੇ। ਇਹੀ ਜ਼ਿੰਦਗੀ ਹੈ ਕਿਤੇ ਵਿਛੋੜਾ ਅਤੇ ਕਿਤੇ ਵਸਲ ਨੂੰ ਹੰਢਾਉਣਾ ਪੈਂਦਾ ਹੈ। ਉਸ ਨੇ ਆਪਣੇ ਮਨ ਨੂੰ ਇਹ ਸੋਚ ਕੇ ਧੀਰਜ ਦਿੱਤਾ।
ਘਰ ਪਹੁੰਚ ਕੇ ਉਹ ਦੁਬਾਰਾ ਜ਼ਿੰਦਗੀ ਦੇ ਪਹਿਲੇ ਰਾਹ ’ਤੇ ਤੁਰ ਪਈ।
ਜ਼ਿੰਦਗੀ ਹਮੇਸ਼ਾ ਸਾਵੀ ਪੱਧਰੀ ਕਿੱਥੇ ਰਹਿੰਦੀ ਹੈ। ਇਸ ਵਿੱਚ ਆਉਂਦੇ ਉਤਰਾਅ ਚੜ੍ਹਾਅ ਬੰਦੇ ਦਾ ਇਮਤਿਹਾਨ ਲੈਂਦੇ ਰਹਿੰਦੇ ਹਨ। ਅਜਿਹਾ ਹੀ ਹਰਮੀਤ ਨਾਲ ਵਾਪਰਿਆ।
ਇੱਕ ਦਿਨ ਵਤਨੋਂ ਆਈ ਮਾੜੀ ਖ਼ਬਰ ਨੇ ਉਸ ਦੇ ਜਿਸਮ ਅਤੇ ਰੂਹ ਨੂੰ ਝੰਜੋੜ ਦਿੱਤਾ। ਵੱਡੇ ਵੀਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬੱਚਿਆਂ ਕੋਲ ਇੱਕ ਰਿਸ਼ਤੇਦਾਰ ਨੂੰ ਛੱਡ ਕੇ ਉਹ ਜਿੰਨੀ ਜਲਦੀ ਹੋ ਸਕਿਆ ਤੁਰ ਪਏ। ਘਰੇ ਪਹੁੰਚੇ ਤਾਂ ਪਰਿਵਾਰ ਦਾ ਬੁਰਾ ਹਾਲ ਸੀ। ਭਾਬੀ ਦੀ ਤਾਂ ਹਾਲਤ ਇਉਂ ਸੀ ਜਿਵੇਂ ਪੱਥਰ ਦਾ ਬੁੱਤ ਹੋਵੇ। ਉਸ ਤੋਂ ਭਾਬੀ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ। ਉਸ ਨੂੰ ਦੇਖ ਕੇ ਇਉਂ ਲੱਗਦਾ ਸੀ ਜਿਵੇਂ ਹਰੇ ਕਚੂਰ ਪੱਤਿਆਂ ਨੂੰ ਤੇਜ਼ ਝੱਖੜ ਨੇ ਝੰਬ ਸੁੱਟਿਆ ਹੋਵੇ। ਟਾਹਣੀ ਤੋਂ ਟੁੱਟੇ ਪੀਲੇ ਪੱਤੇ ਵਾਂਗ ਉਹ ਚਾਰ ਦਿਨਾਂ ਵਿੱਚ ਹੀ ਮੁਰਝਾ ਗਈ ਸੀ। ਆਪਣੇ ਜੀਵਨ ਸਾਥੀ ਤੋਂ ਵਿਛੜ ਜਾਣ ਦਾ ਦਰਦ, ਪੀੜ, ਤੜਪ ਦਾ ਅਹਿਸਾਸ ਤਾਂ ਜਿਸ ਦੇ ਤਨ ਨੂੰ ਲੱਗੀ ਹੋਵੇ ਉਹੀ ਜਾਣ ਸਕਦਾ ਹੈ। ਤਿੰਨ ਸਾਲ ਦੀ ਰਾਣੀ ਖ਼ੌਫ਼ ਨਾਲ ਹਰ ਇੱਕ ਦੇ ਮੂੰਹ ਵੱਲ ਤੱਕ ਰਹੀ ਸੀ।
ਜਦੋਂ ਉਹ ਤੇ ਉਸ ਦਾ ਪਤੀ ਭਾਬੀ ਨਾਲ ਸਾਰੀ ਉਮਰ ਨਿਭਣ, ਉਸ ਦਾ ਅਤੇ ਰਾਣੀ ਦਾ ਧਿਆਨ ਰੱਖਣ ਦਾ ਵਾਅਦਾ ਕਰਕੇ ਉਸ ਨੂੰ ਦੁੱਖ ਵਿੱਚੋਂ ਉਭਾਰਨ ਦਾ ਯਤਨ ਕਰ ਰਹੇ ਸਨ ਤਾਂ ਛੋਟੇ ਵੀਰ ਅਤੇ ਉਸ ਦੀ ਘਰਵਾਲੀ ਨੇ ਬਜ਼ੁਰਗਾਂ ਨੂੰ ਪਾਸੇ ਲਿਜਾ ਕੇ ਇਸ ਗੱਲ ਲਈ ਰਾਜ਼ੀ ਕਰ ਲਿਆ ਸੀ ਕਿ ਵੱਡੀ ਭਾਬੀ ਨੂੰ ਪੇਕੇ ਘਰ ਤੋਰ ਦਿੱਤਾ ਜਾਵੇ। ਰਾਣੀ ਨੂੰ ਰੱਖ ਲਿਆ ਜਾਵੇ। ਜੇ ਰਾਣੀ ਵੀ ਨਾਲ ਚਲੀ ਗਈ ਤਾਂ ਕਿਤੇ ਉਸ ਦੇ ਪੇਕੇ ਖਰਚੇ ਲਈ ਉਸ ਦੇ ਹਿੱਸੇ ਦੀ ਜ਼ਮੀਨ ਨਾ ਮੰਗ ਲੈਣ। ਜਦੋਂ ਨੂੰ ਰਾਣੀ ਵਿਆਹੁਣ ਯੋਗ ਹੋਵੇ ਉਸ ਤੋਂ ਪਹਿਲਾਂ ਹੀ ਜ਼ਮੀਨ ਛੋਟੇ ਦੇ ਨਾਂ ਕਰਵਾ ਦਿੱਤੀ ਜਾਵੇ।
ਭੋਗ ਤੋਂ ਦੋ ਦਿਨ ਪਹਿਲਾਂ ਜਦੋਂ ਭਾਬੀ ਦਾ ਬਾਪ ਅਤੇ ਨੇੜਲੇ ਰਿਸ਼ਤੇਦਾਰਾਂ ਨੇ ਆ ਕੇ ਆਪਣੀ ਧੀ ਦੀ ਭਰ ਜਵਾਨੀ ਦਾ ਵਾਸਤਾ ਪਾ ਕੇ ਗੱਲ ਤੋਰੀ ਸੀ, “ਜੇਕਰ ਅਮਨ ਨੂੰ ਵੀ ਛੋਟੇ ਜੀਤੇ ਦੇ ਲੜ ਲਾ ਦਿੱਤਾ ਜਾਵੇ ਤਾਂ ਦੋਵੇਂ ਭੈਣਾਂ ਰਲ ਮਿਲ ਕੇ ਗੁਜ਼ਰ ਬਸਰ ਕਰ ਲੈਣਗੀਆਂ। ਰਾਣੀ ਨੂੰ ਵੀ ਬਾਪ ਦਾ ਪਿਆਰ ਮਿਲ ਜਾਵੇਗਾ।’’
ਅਕਸਰ ਇਹੋ ਜਿਹੇ ਫ਼ੈਸਲੇ ਉਸ ਸਮੇਂ ਸਾਡੇ ਸਮਾਜ ਵਿੱਚ ਹੁੰਦੇ ਸਨ ਪਰ ਛੋਟੀ ਬਹੂ ਨੇ ਤਾਂ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਉਲਟਾ ਉਨ੍ਹਾਂ ਦੇ ਗਲ ਪੈ ਗਈ ਸੀ, “ਤੁਸੀਂ ਉਸ ਦੇ ਮਾਪੇ ਕਾਹਦੇ ਲਈ ਓਂ। ਕੀ ਤੁਸੀਂ ਉਸ ਦਾ ਵਕਤ ਨਹੀਂ ਕਟਾ ਸਕਦੇ?’’
ਉਹ ਛਿੱਥੇ ਜਿਹੇ ਪੈ ਕੇ ਮੁੜ ਗਏ ਸਨ।
ਉਸ ਸਮੇਂ ਤਾਂ ਹਰਮੀਤ ਅਸਲੀਅਤ ਤੋਂ ਅਣਜਾਣ ਇਹੀ ਸੋਚਦੀ ਰਹੀ ਸੀ, ‘‘ਵਾਹ ਨੀ ਔਰਤ! ਕੀ ਹੈ ਤੇਰੀ ਹੋਣੀ? ਕੱਲ੍ਹ ਤੱਕ ਵੀਰ ਦੇ ਸਿਰ ’ਤੇ ਭਾਬੀ ਇਸ ਘਰ ਦੀ ਮਲਕਾ ਸੀ ਤੇ ਅੱਜ ਇਹੋ ਸਭ ਨੂੰ ਫਾਲਤੂ ਦਾ ਬੋਝ ਦਿਸ ਰਹੀ ਹੈਂ।” ਔਰਤ ਦੀ ਆਪਣੀ ਹੋਂਦ ਕੁਝ ਵੀ ਨਹੀਂ।
ਫਿਰ ਵੀ ਉਸ ਨੇ ਘਰ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਬੀ ਅਤੇ ਬੱਚੀ ਨੂੰ ਘਰ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇ। ਜਦੋਂ ਉਹ ਇਸ ਦੁੱਖ ਤੋਂ ਉੱਭਰ ਜਾਵੇ ਤਾਂ ਉਸ ਦੀ ਜ਼ਿੰਦਗੀ ਦਾ ਫ਼ੈਸਲਾ ਉਸ ਦੀ ਮਰਜ਼ੀ ਮੁਤਾਬਿਕ ਕੀਤਾ ਜਾਵੇ।
ਸਾਰੇ ਉਸ ਦੀ ਹਾਂ ਵਿੱਚ ਹਾਂ ਮਿਲਾਈ ਗਏ। ਚਲਾਕੀ ਨਾਲ ਉਨ੍ਹਾਂ ਨੇ ਉਸ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਭੋਗ ਤੋਂ ਬਾਅਦ ਕੁਝ ਦਿਨਾਂ ਲਈ ਉਸ ਨੂੰ ਉਸ ਦੇ ਪੇਕੇ ਘਰ ਰਹਿਣ ਲਈ ਭੇਜ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਭੈਣ ਭਰਾਵਾਂ ਨਾਲ ਪਰਚ ਜਾਵੇ।
ਭੋਗ ਤੋਂ ਬਾਅਦ ਜਦੋਂ ਭਾਬੀ ਆਪਣੀ ਮਾਂ ਦੀ ਬਾਂਹ ਫੜੀ ਡਿੱਕ ਡੋਲੇ ਖਾਂਦੀ ਪੈਰ ਘਸੀਟਦੀ ਜਾ ਰਹੀ ਸੀ, ਜਿਸ ਹਸਰਤ ਨਾਲ ਉਸ ਨੇ ਉਸ ਨੂੰ ਅਤੇ ਘਰ ਵੱਲ ਤੱਕਿਆ ਸੀ, ਜਿਸ ਤਰ੍ਹਾਂ ਉਸ ਦਾ ਸਰੀਰ ਕੰਬੀ ਜਾ ਰਿਹਾ ਸੀ ਇੱਕ ਵਾਰ ਤਾਂ ਉਸ ਨੂੰ ਖ਼ੌਫ਼ ਜਿਹਾ ਆਇਆ ਕਿ ਕਹਾਣੀ ਕੁਝ ਹੋਰ ਤਾਂ ਨਹੀਂ ਪਰ ਉਸ ਨੇ ਆਪਣਾ ਵਹਿਮ ਸਮਝ ਕੇ ਆਪਣੀ ਸੋਚ ਨੂੰ ਪਰ੍ਹੇ ਝਟਕ ਦਿੱਤਾ। ਜਦੋਂ ਉਸ ਦੇ ਬਾਪੂ ਨੇ ਰਾਣੀ ਨੂੰ ਉਸ ਦੇ ਨਾਨੇ ਕੋਲੋਂ ਫੜ ਕੇ ਇਹ ਕਹਿੰਦਿਆਂ ਆਪਣੀ ਗੋਦੀ ਚੁੱਕ ਲਿਆ ਕਿ ਇਸ ਨਾਲ ਸਾਡਾ ਚਿੱਤ ਪਰਚਿਆ ਰਹੇਗਾ ਤਾਂ ਉਸ ਦੇ ਅੰਦਰ ਹੌਲ ਜਿਹਾ ਪਿਆ, ‘ਹੈਂ! ਇਹ ਤਾਂ ਭਾਬੀ ਨਾਲ ਸਰਾਸਰ ਅਨਿਆਂ ਹੈ। ਉਸ ਨੂੰ ਤਾਂ ਹੁਣ ਧੀ ਵਿਚਦੀ ਹੀ ਸਾਹ ਆਉਣਾ ਸੀ। ਬੱਚੀ ਨੂੰ ਗੋਦ ਵਿੱਚ ਲੈ ਕੇ ਪਿਆਰ ਕਰਨ ਨਾਲ ਉਸ ਨੂੰ ਸ਼ਾਂਤੀ ਮਿਲਣੀ ਸੀ।’ ਭਾਬੀ ਅਤੇ ਭਤੀਜੀ ਬਾਰੇ ਸੋਚਦਿਆਂ ਉਸ ਦਾ ਅੰਦਰ ਅਸਹਿ ਦਰਦ ਨਾਲ ਭਰ ਗਿਆ।
ਜਦੋਂ ਸ਼ਾਮ ਨੂੰ ਚਾਚੀ ਉਸ ਨੂੰ ਪਾਸੇ ਕਰਕੇ ਸਭ ਕੁਝ ਦੱਸ ਗਈ ਤਾਂ ਸੁਣ ਕੇ ਉਸ ਦੇ ਅੰਦਰ ਅੱਗ ਲੱਗ ਗਈ। ਉਸ ਨੇ ਪੂਰਾ ਕਲੇਸ਼ ਕੀਤਾ। ਮਾਂ ਬਾਪ ਤਾਂ ਆਪਣੀ ਬੇਵੱਸੀ ਜ਼ਾਹਰ ਕਰਦੇ ਰਹੇ। ਭਰਾ ਭਰਜਾਈ ਤਾਂ ਉਲਟਾ ਉਸ ਦੇ ਗਲ ਪੈ ਗਏ, “ਜੇ ਤੈਨੂੰ ਐਨੀ ਹਮਦਰਦੀ ਹੈ ਤਾਂ ਦੋਨਾਂ ਨੂੰ ਤੂੰ ਨਾਲ ਕਿਉਂ ਨਹੀਂ ਲੈ ਜਾਂਦੀ।”
ਉਸ ਨੇ ਕੁਝ ਵੀ ਨਾ ਖਾਧਾ ਪੀਤਾ ਤੇ ਨਾ ਕਿਸੇ ਨੂੰ ਬੁਲਾਇਆ। ਦੂਜੇ ਦਿਨ ਉਨ੍ਹਾਂ ਨੇ ਜਾਣਾ ਹੀ ਸੀ। ਉਸੇ ਤਰ੍ਹਾਂ ਭੁੱਖੇ ਤਿਹਾਏ ਘਰੋਂ ਬਾਹਰ ਆ ਗਏ। ਜਹਾਜ਼ ਚੜ੍ਹ ਵਾਪਸ ਘਰ ਨੂੰ ਵਾਪਸ ਚਾਲੇ ਪਾ ਦਿੱਤੇ।
ਤਿੰਨ ਸਾਲ ਲੰਘ ਗਏ, ਪਰ ਉਸ ਨੇ ਘਰਦਿਆਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਰੱਖਿਆ ਸੀ। ਇਸ ਰੱਖੜੀ ਤੋਂ ਵੀਰ ਦੀ ਯਾਦ ਦੇ ਨਾਲ ਉਸ ’ਤੇ ਇਹ ਸੋਚ ਭਾਰੀ ਪੈ ਰਹੀ ਸੀ ਜਿਵੇਂ ਵੱਡੇ ਵੀਰ ਦੀ ਰੂਹ ਉਸ ਨੂੰ ਕਹਿ ਰਹੀ ਹੋਵੇ, “ਮੈਂ ਤਾਂ ਤੇਰੇ ’ਤੇ ਜਾਨ ਛਿੜਕਦਾ ਸੀ ਪਰ ਤੂੰ ਤਾਂ ਮੇਰੇ ਪਰਿਵਾਰ ਦੀ ਸਾਰ ਹੀ ਨਹੀਂ ਲਈ। ਰਾਣੀ ਦਾ ਖ਼ਿਆਲ ਤੱਕ ਨਹੀਂ ਰੱਖਿਆ, ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ।”
ਆਪਣੇ ਅੰਦਰ ਉੱਠੇ ਭੂਚਾਲ ਨੂੰ ਠੱਲ੍ਹਣ ਲਈ ਉਸ ਨੇ ਮਨ ਵਿੱਚ ਇੱਕ ਫ਼ੈਸਲਾ ਕੀਤਾ। ਉਸ ਨੇ ਆਪਣਾ ਫ਼ੈਸਲਾ ਆਪਣੇ ਹਮਸਫ਼ਰ ਨਾਲ ਸਾਂਝਾ ਕੀਤਾ ਤਾਂ ਉਸ ਨੇ ਉਸ ਦੇ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਉਸ ਨੂੰ ਦੇਸ ਜਾਣ ਲਈ ਛੇਤੀ ਹੀ ਟਿਕਟ ਲੈ ਦਿੱਤੀ।
ਬਿਨਾਂ ਕਿਸੇ ਨੂੰ ਸੂਚਨਾ ਦਿੱਤਿਆਂ ਉਹ ਏਅਰਪੋਰਟ ਤੋਂ ਟੈਕਸੀ ਲੈ ਕੇ ਪੇਕੇ ਪਿੰਡ ਪਹੁੰਚ ਗਈ। ਟੈਕਸੀ ਉਸ ਨੇ ਪਿੱਛੇ ਹੀ ਰੋਕ ਦਿੱਤੀ। ਆਪੇ ਅਟੈਚੀ ਚੁੱਕ ਜਦੋਂ ਉਹ ਘਰ ਪਹੁੰਚੀ ਤਾਂ ਜੋ ਦ੍ਰਿਸ਼ ਉਸ ਨੇ ਦੇਖਿਆ ਉਸ ਨੂੰ ਤੱਕ ਕੇ ਉਸ ਦੇ ਅੰਦਰੋਂ ਦਰਦ ਵਿੰਨ੍ਹੀ ਹਾਅ ਨਿਕਲੀ। ਰਾਣੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਊਠ ਦੇ ਲੇਡੇ ਚੁੱਕ ਚੁੱਕ ਕੇ ਬੱਠਲ ਵਿੱਚ ਪਾ ਰਹੀ ਸੀ।
ਉਸ ਨੂੰ ਤੱਕ ਕੇ ਸਾਰੇ ਹੈਰਾਨ ਹੋ ਗਏ। ਜਦੋਂ ਘਰੇ ਉਸ ਨੇ ਆਪਣੇ ਆਉਣ ਦੀ ਮਨਸ਼ਾ ਦੱਸੀ ਤਾਂ ਅੰਦਰੋਂ ਅੰਦਰੀ ਸਾਰੇ ਖ਼ੁਸ਼ ਹੋ ਗਏ।
ਰਾਣੀ ਨੂੰ ਆਪਣੇ ਨਾਲ ਲੈ ਕੇ ਜਾਣ ਸਬੰਧੀ ਉਸ ਨੇ ਹਰ ਕਨੂੰਨੀ ਪ੍ਰਕਿਰਿਆ ਪੂਰੀ ਕਰ ਲਈ। ਕਾਗਜ਼ ਪੱਤਰ ਪੂਰੇ ਕਰਨ ਵਾਸਤੇ ਛੋਟੇ ਭਰਾ ਨੇ ਵੀ ਪੂਰਾ ਸਾਥ ਦਿੱਤਾ। ਇੱਕ ਦਿਨ ਉਹ ਰਾਣੀ ਨੂੰ ਨਾਲ ਲੈ ਕੇ ਵਾਪਸ ਅਮਰੀਕਾ ਆ ਗਈ।
ਉਸ ਨੂੰ ਪਾਲਣ-ਪੋਸ਼ਣ, ਪੜ੍ਹਾਉਣ ਅਤੇ ਆਪਣੇ ਪੈਰਾਂ ’ਤੇ ਖੜ੍ਹੀ ਕਰਨ ਵਿੱਚ ਉਸ ਨੇ ਕੋਈ ਕਸਰ ਨਾ ਛੱਡੀ। ਮਮਤਾ ਦੀ ਠੰਢੀ ਛਾਂ ਹਮੇਸ਼ਾ ਉਸ ਤੋਂ ਨਿਛਾਵਰ ਕਰਦੀ ਰਹੀ। ਉਸ ਦੇ ਪਤੀ ਨੇ ਹਮੇਸ਼ਾ ਉਸ ਦੇ ਹਰ ਫ਼ੈਸਲੇ ਵਿੱਚ ਉਸ ਦਾ ਪੂਰਾ ਸਾਥ ਦਿੱਤਾ। ਭਰਾਵਾਂ ਨੇ ਭੈਣ ਨੂੰ ਪੂਰਾ ਲਾਡ-ਪਿਆਰ ਦਿੱਤਾ। ਇੱਕ ਦਿਨ ਆਪਣਾ ਫ਼ਰਜ਼ ਪੂਰਾ ਕਰਦੇ ਹੋਏ ਉਸ ਨੂੰ ਇੱਕ ਅਤਿ ਸਾਊ ਅਤੇ ਮਿਲਾਪੜੇ ਪਰਿਵਾਰ ਵਿੱਚ ਵਿਆਹ ਦਿੱਤਾ।
ਵਿਆਹ ਤੋਂ ਬਾਅਦ ਭਤੀਜੀ ਰਾਣੀ ਦਾ ਸਹੁਰਾ ਪਰਿਵਾਰ ਇੱਕ ਨਜ਼ਦੀਕੀ ਸ਼ਾਦੀ ’ਤੇ ਦੇਸ਼ ਜਾ ਰਿਹਾ ਸੀ। ਜਾਣ ਤੋਂ ਪਹਿਲਾਂ ਰਾਣੀ ਆਪਣੀ ਭੂਆ ਨੂੰ ਮਿਲਣ ਆਈ। ਹਰਮੀਤ ਨੇ ਦਰਦ ਵਿੰਨ੍ਹੇ ਲਫ਼ਜ਼ਾਂ ਵਿੱਚ ਉਸ ਨੂੰ ਕਿਹਾ, ‘‘ਦੇਖ ਧੀਏ! ਮੈਂ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਤੈਨੂੰ ਆਪਣੀ ਪਲਕਾਂ ਦੀ ਛਾਵੇਂ ਪਾਲ਼ਿਆ ਹੈ। ਪਰ ਤੇਰੀ ਅਭਾਗਣ ਮਾਂ ਦੀਆਂ ਅੱਖਾਂ ਤਾਂ ਤੇਰੀ ਸੂਰਤ ਵੇਖਣ ਨੂੰ ਤਰਸ ਰਹੀਆਂ ਹੋਣਗੀਆਂ। ਮੈਂ ਤੇਰੇ ਸਹੁਰੇ ਪਰਿਵਾਰ ਨੂੰ ਸਾਰਾ ਕੁਝ ਦੱਸਿਆ ਹੋਇਐ। ਤੂੰ ਉਸ ਨੂੰ ਜ਼ਰੂਰ ਮਿਲ ਕੇ ਆਵੀਂ। ਮੇਰੇ ਵੱਲੋਂ ਕਹੀਂ, ਮੈਨੂੰ ਮਾਫ਼ ਕਰ ਦੇਵੇ। ਮੈਂ ਉਸ ਦੇ ਜ਼ਖ਼ਮਾਂ ਦੀ ਮੱਲ੍ਹਮ ਨਹੀਂ ਬਣ ਸਕੀ।’’
ਪਹਿਲੀ ਵਾਰ ਉਹ ਭਤੀਜੀ ਸਾਹਮਣੇ ਖੁੱਲ੍ਹ ਕੇ ਰੋਈ। ਉਸ ਨੇ ਰਾਣੀ ਨੂੰ ਨਾਨਕਿਆਂ ਦਾ ਪਿੰਡ ਅਤੇ ਸਾਰਾ ਅਤਾ ਪਤਾ ਦੱਸ ਦਿੱਤਾ।
ਵਿਆਹ ਤੋਂ ਵਿਹਲੀ ਹੋ ਕੇ ਰਾਣੀ ਆਪਣੇ ਪਤੀ ਨੂੰ ਨਾਲ ਲੈ ਕੇ ਨਾਨਕੇ ਘਰ ਪਹੁੰਚ ਗਈ। ਜਦੋਂ ਨਾਨੇ ਨਾਨੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਦੋਹਤੀ ਰਾਣੀ ਹੈ ਤਾਂ ਉਹ ਉਸ ਨੂੰ ਘੁੱਟ ਘੁੱਟ ਕੇ ਸੀਨੇ ਨਾਲ ਲਾਉਣ ਲੱਗ ਪਏ। ਸਾਰਾ ਟੱਬਰ ਇਕੱਠਾ ਹੋ ਗਿਆ।
ਪਰ ਰਾਣੀ ਦੀਆਂ ਅੱਖਾਂ ਤਾਂ ਮਾਂ ਨੂੰ ਭਾਲ ਰਹੀਆਂ ਸਨ। ਨਾਨੀ ਨੇ ਉਸ ਦੀਆਂ ਅੱਖਾਂ ਵਿਚਲਾ ਸਵਾਲ ਪੜ੍ਹ ਲਿਆ। ਉਹ ਬੋਲੀ, ‘‘ਬੱਚੀਏ! ਧੀਆਂ ਤਾਂ ਰਾਜੇ ਰਾਣੀਆਂ ਤੋਂ ਘਰੇ ਨੀ ਰੱਖੀਆਂ ਗਈਆਂ, ਅਸੀਂ ਕੀਹਦੇ ਪਾਣੀਹਾਰ ਹਾਂ। ਅਸੀਂ ਤਾਂ ਬਹੁਤ ਚਿਰ ਪਹਿਲਾਂ ਹੀ ਤੇਰੀ ਮਾਂ ਨੂੰ ਕੋਟਕਪੂਰੇ ਲਾਗੇ ਇੱਕ ਲੋੜਵੰਦ ਘਰ ਤੋਰ ਦਿੱਤਾ ਸੀ।’’
ਉਸ ਨੂੰ ਤਾਂ ਜਿਵੇਂ ਮਿੰਟ ਮਿੰਟ ਭਾਰੀ ਪੈ ਰਿਹਾ ਸੀ। ਉਹ ਉਸੇ ਸਮੇਂ ਨਾਨੇ ਨਾਨੀ ਨੂੰ ਕਾਰ ’ਚ ਬਿਠਾ ਆਪਣੇ ਪਤੀ ਨਾਲ ਕੋਟਕਪੂਰੇ ਵੱਲ ਨੂੰ ਚੱਲ ਪਈ। ਮਾਂ ਘਰ ਪਹੁੰਚੇ ਤਾਂ ਮਾਂ ਧੀ ਨੂੰ ਵੇਖਦਿਆਂ ਹੀ ਧਾਹ ਮਾਰ ਕੇ ਉਸ ਦੇ ਗਲ ਨੂੰ ਚਿੰਬੜ ਗਈ। ਜਾਣ ਪਛਾਣ ਕਰਾਉਣ ਦੀ ਨੌਬਤ ਹੀ ਨਾ ਆਈ। ਧੀ ਨੂੰ ਮਿਲ ਕੇ ਉਸ ਦੇ ਪੀਲੇ ਚਿਹਰੇ ’ਤੇ ਇਸ ਤਰ੍ਹਾਂ ਚਮਕ ਆ ਗਈ ਜਿਵੇਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਬੱਦਲਾਂ ਨੂੰ ਚਮਕਾ ਦਿੰਦੀਆਂ ਹਨ।
ਘਰ ਦੀ ਮੰਦੀ ਹਾਲਤ ਦੇਖ ਕੇ ਉਸ ਅੰਦਰ ਨਾਨੀ ਦੇ ਕਹੇ ਲਫ਼ਜ਼ ‘ਲੋੜਵੰਦ ਘਰ ਤੋਰ ਦਿੱਤਾ’ ਹਥੌੜੇ ਵਾਂਗ ਵੱਜ ਰਹੇ ਸਨ। ਇਹ ਹੈ ਇਸ ਸਮਾਜ ਦੀ ਔਰਤ ਪ੍ਰਤੀ ਸੋਚ। ਜੇ ਖਾਂਦੇ ਪੀਂਦੇ ਘਰ ਦੇ ਆਦਮੀ ਦੀ ਮੌਤ ਹੋ ਜਾਵੇ ਤਾਂ ਉਸ ਦੇ ਲੜ ਆਪਣੀ ਧੀ ਨੂੰ ਲਾਉਣ ਲਈ ਬਥੇਰੇ ਲੋਕ ਅੱਗੇ ਪਿੱਛੇ ਤੁਰੇ ਫਿਰਨਗੇ, ਪਰ ਜੇ ਇਹੋ ਘਟਨਾ ਔਰਤ ਨਾਲ ਵਾਪਰ ਜਾਵੇ ਤਾਂ ਉਸ ਦਾ ਹੱਥ ਕੋਈ ਰਿਹਾ ਖੁਹਾ ਹੀ ਫੜੇਗਾ।
ਉਸ ਦੇ ਉੱਖੜੇ ਮਨ ਨੂੰ ਕੁਝ ਸ਼ਾਂਤੀ ਮਿਲੀ ਜਦੋਂ ਮਾਂ ਲਾਗੇ ਖੜ੍ਹੇ ਉਸ ਦੇ ਪਤੀ ਨੇ ਉਸ ਦੇ ਸਿਰ ’ਤੇ ਮੋਹ ਭਰਿਆ ਹੱਥ ਰੱਖ ਕੇ ਕਿਹਾ, “ਜੀ ਆਈ ਨੂੰ ਧੀਏ!’’ ਉਸ ਨੂੰ ਉਸ ਵਿੱਚੋਂ ਆਪਣੇ ਬਾਪ ਦਾ ਝਾਉਲਾ ਪਿਆ। ਮਾਂ ਦੇ ਨਾਲ ਉਸ ਦੇ ਮਤਰੇਏ ਭਰਾ ਨੇ ਵੀ ਪੂਰਾ ਚਾਅ ਕੀਤਾ।
ਭਾਵੇਂ ਉਹ ਆਪਣਾ ਗੁਜ਼ਾਰਾ ਮੁਸ਼ਕਿਲ ਨਾਲ ਕਰ ਰਹੇ ਸਨ, ਫਿਰ ਵੀ ਉਸ ਨੇ ਰਾਣੀ ਨੂੰ ਧੀਆਂ ਵਾਂਗ ਸਰਦਾ ਪੁੱਜਦਾ ਲੀੜਾ ਕੱਪੜਾ ਦਿੱਤਾ। ਉਸ ਦੀ ਮਾਂ ਨੇ ਉਸ ਦੀ ਭੂਆ ਲਈ ਵੀ ਲੀੜੇ ਕੱਪੜੇ ਦਿੱਤੇ ਅਤੇ ਤਹਿ ਦਿਲੋਂ ਉਸ ਦੀ ਸ਼ੁਕਰਗੁਜ਼ਾਰ ਹੋਈ ਜਿਸ ਨੇ ਉਸ ਦੀ ਧੀ ਨੂੰ ਸੋਹਣੀ ਜ਼ਿੰਦਗੀ ਦਿੱਤੀ ਸੀ।
ਵਾਪਸ ਆ ਕੇ ਉਸ ਨੇ ਸਾਰਾ ਕੁਝ ਭੂਆ ਨੂੰ ਦੱਸਿਆ। ਉਸ ਨੇ ਘਰ ਦੀ ਮੰਦਹਾਲੀ ਦਾ ਵੀ ਜ਼ਿਕਰ ਕੀਤਾ। ਭੂਆ ਭਤੀਜੀ ਰਲ ਕੇ ਇਸ ਦਾ ਹੱਲ ਸੋਚਣ ਲੱਗੀਆਂ। ਉਹ ਅਮਰੀਕਾ ਦੀ ਨਾਗਰਿਕ ਹੋਣ ਕਰਕੇ ਆਪਣੀ ਮਾਂ ਨੂੰ ਮੰਗਵਾ ਤਾਂ ਸਕਦੀ ਸੀ, ਪਰ ਉਸ ਨੂੰ ਤਾਂ ਭੂਆ ਨੇ ਗੋਦ ਲੈ ਲਿਆ ਹੋਇਆ ਸੀ। ਇਸ ਲਈ ਉਸ ਦੀ ਭੂਆ ਹੀ ਉਸ ਦੀ ਮਾਂ ਸੀ।
ਹਰਮੀਤ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ। ਭਾਬੀ ਦੀ ਡਿੱਕ ਡੋਲੇ ਖਾਂਦੀ ਕਿਸ਼ਤੀ ਨੂੰ ਪਾਰ ਲਾਉਣ ਦਾ ਪੱਕਾ ਹੱਲ ਹਰਮੀਤ ਦੇ ਸੁੱਘੜ ਸਾਥੀ ਨੇ ਕੱਢਿਆ। ਉਸ ਨੇ ਰਾਣੀ ਦੇ ਮਾਂ ਜਾਏ ਭਰਾ ਨੂੰ ਆਪਣੇ ਜਾਣ ਪਛਾਣ ਦੇ ਅਮਰੀਕਾ ਰਹਿੰਦੇ ਪਰਿਵਾਰ ਵਿੱਚੋਂ ਰਿਸ਼ਤਾ ਕਰਵਾ ਦਿੱਤਾ। ਵਿਆਹ ਵਿੱਚ ਉਸ ਦਾ ਅਤੇ ਭਤੀਜੀ ਦਾ ਸਾਰਾ ਪਰਿਵਾਰ ਗਏ। ਭੂਆ ਭਤੀਜੀ ਖ਼ੂਬ ਨੱਚੀਆਂ, ਹਾਸੇ ਡੁੱਲ੍ਹੇ, ਸ਼ਗਨ ਹੋਏ। ਆਪਣੀ ਭਾਬੀ ਨੂੰ ਖ਼ੁਸ਼ ਦੇਖ ਕੇ ਉਸ ਨੂੰ ਲੱਗਿਆ ਜਿਵੇਂ ਉਸ ਦੇ ਸਿਰ ਤੋਂ ਮਣਾਂ ਮੂੰਹੀਂ ਬੋਝ ਲਹਿ ਗਿਆ ਹੋਵੇ। ਉਸ ਨੂੰ ਆਪਣੇ ਇਸ ਫ਼ੈਸਲੇ ਨਾਲ ਇਉਂ ਲੱਗਿਆ ਜਿਵੇਂ ਉਸ ਨੇ ਦੇਰ ਨਾਲ ਹੀ ਸਹੀ, ਆਪਣੇ ਤੁਰ ਗਏ ਵੀਰ ਦੇ ਪਰਿਵਾਰ ਪ੍ਰਤੀ ਬਣਦਾ ਫ਼ਰਜ਼ ਨਿਭਾ ਦਿੱਤਾ ਹੋਵੇ।
ਇੱਕ ਦਿਨ ਰਾਣੀ ਦਾ ਵੀਰ ਅਮਰੀਕਾ ਪਹੁੰਚ ਗਿਆ। ਸਮਾਂ ਪਾ ਕੇ ਉਸ ਦੀ ਮਾਂ ਵੀ ਆਪਣੇ ਪਤੀ ਨਾਲ ਅਮਰੀਕਾ ਨੂੰ ਰਵਾਨਾ ਹੋ ਗਈ। ਰਾਣੀ, ਉਸ ਦਾ ਜੀਵਨ ਸਾਥੀ, ਰਾਣੀ ਦੇ ਭਰਾ ਭਰਜਾਈ ਨਾਲ ਹਰਮੀਤ ਵੀ ਆਪਣੀ ਭਾਬੀ ਹੋਰਾਂ ਨੂੰ ਏਅਰਪੋਰਟ ’ਤੇ ਲੈਣ ਆਈ। ਸਾਰਿਆਂ ਨੂੰ ਇਕੱਠੇ ਦੇਖ ਕੇ ਹਰਮੀਤ ਨੇ ਤਸੱਲੀ ਭਰਿਆ ਸਾਹ ਲਿਆ। ਆਪਣੇ ਆਪ ਨੂੰ ਹੌਲੀ ਫੁੱਲ ਵਰਗੀ ਮਹਿਸੂਸ ਕਰਦਿਆਂ ਉਸ ਨੂੰ ਇਸ ਗੱਲ ਦੀ ਖ਼ੁਸ਼ੀ ਹੋਈ ਕਿ ਉਸ ਨੇ ਪਰਿਵਾਰ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾ ਕੇ ਫਿਰ ਇਕੱਠੀਆਂ ਕਰ ਦਿੱਤਾ ਸੀ।
ਸੰਪਰਕ: 76260-63596