ਕਹਾਣੀ
ਸਰਪ੍ਰਾਈਜ਼
ਡਾ. ਇਕਬਾਲ ਸਿੰਘ ਸਕਰੌਦੀ
ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਸਨ। ਇੰਦਰਜੀਤ ਅਤੇ ਵੀਰਪਾਲ ਦੋਵੇਂ ਸਕੇ ਭੈਣ ਭਰਾ ਸਨ। ਇੰਦਰਜੀਤ ਦਸ ਸਾਲਾਂ ਦਾ ਸੀ ਅਤੇ ਭੈਣ ਛੇ ਸਾਲਾਂ ਦੀ। ਦੋਵਾਂ ਨੇ ਪਹਿਲੀਆਂ ਚਾਰ ਛੁੱਟੀਆਂ ਵਿੱਚ ਹੀ ਸਕੂਲੋਂ ਮਿਲਿਆ ਸਾਰਾ ਲਿਖਤੀ ਕੰਮ ਮੁਕਾ ਲਿਆ ਸੀ। ਦੋਵਾਂ ਭੈਣ ਭਰਾਵਾਂ ਨੇ ਸ਼ਾਮ ਦੀ ਰੋਟੀ ਵਾਣ ਦੇ ਮੰਜੇ ’ਤੇ ਬਹਿ ਕੇ ਇਕੱਠਿਆਂ ਖਾਧੀ। ਭੈਣ ਨੇ ਵੀਰੇ ਨੂੰ ਅੱਖਾਂ ਵਿੱਚੋਂ ਹੀ ਕੋਈ ਗੱਲ ਯਾਦ ਕਰਵਾਈ। ਮੁੰਡਾ ਬਹੁਤ ਹੀ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ, ‘‘ਬੀਜੀ, ਅਸੀਂ ਦੋਵਾਂ ਨੇ ਆਪਣਾ ਛੁੱਟੀਆਂ ਦਾ ਸਾਰਾ ਕੰਮ ਮੁਕਾ ਲਿਆ ਹੈ। ਸਾਨੂੰ ਹੁਣ ਧੂਰੀ ਰਹਿੰਦੀ ਸਾਡੀ ਮਾਸੀ ਕੋਲ ਭੇਜ ਦਿਓ ਜੀ।’’
‘‘ਹੂੰ... ਊਂ...! ਦੋਵੇਂ ਭੈਣ ਭਰਾ ਪਹਿਲਾਂ ਹੀ ਸਲਾਹ ਕਰੀ ਬੈਠੇ ਓ। ਠੀਕ ਐ! ਤੁਸੀਂ ਆਪਣੇ ਕੱਪੜੇ, ਕਿਤਾਬਾਂ, ਕਾਪੀਆਂ ਇੱਕ ਥੈਲੇ ਵਿੱਚ ਪਾ ਲਉ। ਕੱਲ੍ਹ ਨੂੰ ਮੈਂ ਛੀਂਟਾਂ ਆਲੇ ਤੋਂ ਗੱਡੀ ’ਤੇ ਜਾ ਕੇ ਥੋਨੂੰ ਧੂਰੀ ਛੱਡ ਆਊਂਗੀ।’’ ਪੁੱਤ ਦੀ ਗੱਲ ਸੁਣ ਕੇ ਮਾਂ ਨੇ ਕਿਹਾ।
ਅਗਲੇ ਦਿਨ ਸਵੇਰੇ ਸੱਤ ਵੱਜਦੇ ਨਾਲ ਉਹ ਤਿੰਨੇਂ ਪਿੰਡੋਂ ਤੁਰ ਪਏ। ਸਾਢੇ ਨੌਂ ਵੱਜਦੇ ਨੂੰ ਉਹ ਛੀਂਟਾਂ ਆਲੇ ਦੇ ਸਟੇਸ਼ਨ ’ਤੇ ਅੱਪੜ ਗਏ। ਗੱਡੀ ਦੇ ਆਉਣ ਵਿੱਚ ਅਜੇ ਅੱਧਾ ਘੰਟਾ ਬਾਕੀ ਸੀ। ਦੋਵੇਂ ਭੈਣ ਭਰਾ ਨੇ ਨਲਕਾ ਗੇੜ ਕੇ ਠੰਢਾ ਪਾਣੀ ਪੀਤਾ। ਦਸ ਵਜੇ ਗੱਡੀ ਆ ਗਈ। ਉਹ ਉੱਥੋਂ ਗੱਡੀ ਉੱਤੇ ਚੜ੍ਹ ਗਏ। ਗਿਆਰਾਂ ਵਜੇ ਉਹ ਧੂਰੀ ਮਾਸੀ ਦੇ ਘਰ ਪਹੁੰਚ ਗਏ ਸਨ।
ਭਾਵੇਂ ਮਾਸੜ ਸਾਧੂ ਸਿੰਘ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਫਿਰ ਵੀ ਪਿੰਡ ਵਿੱਚ ਰਹਿੰਦੇ ਦੋਵੇਂ ਭੈਣ ਭਰਾ ਨੂੰ ਆਪਣੀ ਧੂਰੀ ਵਾਲੀ ਮਾਸੀ ਬਚਨ ਕੌਰ ਦੇ ਘਰ ਆ ਕੇ ਇੱਕ ਅਨੋਖੀ ਖ਼ੁਸ਼ੀ ਮਿਲਦੀ ਸੀ। ਉਨ੍ਹਾਂ ਨੂੰ ਇੱਕ ਵੱਖਰੇ ਆਨੰਦ ਅਤੇ ਹੁਲਾਸ ਦਾ ਅਨੁਭਵ ਹੁੰਦਾ ਸੀ। ਮਾਸੀ ਦੇ ਚਾਰ ਪੁੱਤਰ ਸਨ- ਪ੍ਰਸ਼ੋਤਮ, ਦਵਿੰਦਰ, ਨਰਿੰਦਰ ਅਤੇ ਜਸਵਿੰਦਰ। ਜਸਵਿੰਦਰ ਸਭ ਤੋਂ ਛੋਟਾ ਸੀ। ਬਹੁਤ ਹੀ ਸੋਹਣਾ ਸੁਨੱਖਾ, ਗੋਰਾ ਨਿਛੋਹ ਰੰਗ, ਘੁੰਗਰਾਲੇ ਵਾਲ, ਗੋਭਲਾ ਜਿਹਾ ਅਤੇ ਬਹੁਤ ਹੀ ਪਿਆਰਾ ਲੱਗਣ ਕਰਕੇ ਸਾਰੇ ਉਸ ਨੂੰ ਛਿੰਦੀ ਕਹਿ ਕੇ ਬੁਲਾਉਂਦੇ ਸਨ। ਦੋਵਾਂ ਭੈਣ ਭਰਾ ਦਾ ਸਭ ਤੋਂ ਵੱਧ ਪਿਆਰ ਵੀ ਉਸੇ ਨਾਲ ਸੀ। ਛਿੰਦੀ ਵੀ ਦੋਵਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਜਦੋਂ ਵੀ ਸਕੂਲਾਂ ਵਿੱਚ ਗਰਮੀ ਸਰਦੀ ਦੀਆਂ ਛੁੱਟੀਆਂ ਹੋਣੀਆਂ। ਉਨ੍ਹਾਂ ਪਹਿਲੇ ਚਾਰ ਪੰਜ ਦਿਨਾਂ ਵਿੱਚ ਛੁੱਟੀਆਂ ਦਾ ਕੰਮ ਮੁਕਾ ਕੇ ਧੂਰੀ ਜ਼ਰੂਰ ਜਾਣਾ ਹੁੰਦਾ ਸੀ। ਉਹ ਜਦੋਂ ਵੀ ਧੂਰੀ ਆਉਂਦੇ ਤਾਂ ਛਿੰਦੀ ਦੋਵਾਂ ਨੂੰ ਚੁੱਕ ਕੇ ਆਪਣੇ ਸੱਜੇ ਖੱਬੇ ਮੋਢੇ ਉੱਤੇ ਬਿਠਾ ਲੈਂਦਾ ਸੀ। ਉਹ ਨੱਚਦਾ ਹੱਸਦਾ ਤੇ ਖ਼ੁਸ਼ੀ ਵਿੱਚ ਝੂਮਦਾ ਹੋਇਆ ਘਰ ਦੇ ਅੰਦਰ ਬਾਹਰ ਗੇੜੇ ਕੱਢਦਾ ਰਹਿੰਦਾ।
ਜਿਉਂ ਹੀ ਸ਼ਾਮ ਢਲਦੀ ਉਨ੍ਹਾਂ ਤਿੰਨਾਂ ਨੇ ਰਲ਼ ਕੇ ਘਰ ਦੇ ਕੱਚੇ ਵਿਹੜੇ ਵਿੱਚ ਪਾਣੀ ਛਿੜਕਣ ਲੱਗ ਪੈਣਾ। ਫਿਰ ਉਨ੍ਹਾਂ ਨੇ ਵਾਣ ਦੀਆਂ ਮੰਜੀਆਂ ਡਾਹ ਲੈਣੀਆਂ। ਉੱਤੇ ਬੈਠ ਕੇ ਰੋਟੀ ਖਾਣੀ। ਉਹ ਤਿੰਨੋਂ ਸ਼ਾਮ ਨੂੰ ਰੋਟੀ ਖਾ ਕੇ ਮੰਜੇ ਛੱਤ ਉੱਤੇ ਚੜ੍ਹਾ ਲੈਂਦੇ। ਛਿੰਦੀ ਦੋਵਾਂ ਨੂੰ ਕਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਸੁਣਾਉਂਦਾ ਅਤੇ ਕਦੇ ਰਾਮਾਇਣ, ਭਗਵਤ ਗੀਤਾ, ਮਹਾਂਭਾਰਤ ਧਾਰਮਿਕ ਗ੍ਰੰਥਾਂ ਵਿੱਚੋਂ ਕੋਈ ਨਾ ਕੋਈ ਭਾਗ ਸੁਣਾਉਂਦਾ ਸੀ, ਜਿਸ ਨੂੰ ਉਹ ਦੋਵੇਂ ਬੜੀ ਰੀਝ ਅਤੇ ਲਗਨ ਨਾਲ ਹੁੰਗਾਰਾ ਭਰਦੇ ਸੁਣਦੇ ਸਨ। ਅਕਸਰ ਦੁਪਹਿਰ ਢਲੇ ਤੋਂ ਉਹ ਤਿੰਨੋਂ ਕੁਲਫ਼ੀ, ਦਹੀਂ ਭੱਲੇ, ਗੋਲਗੱਪੇ ਆਦਿ ਖਾਣ ਲਈ ਬਾਜ਼ਾਰ ਚਲੇ ਜਾਂਦੇ।
ਹਰੇਕ ਸਾਲ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਜਾਂ ਤਾਂ ਉਹ ਦੋਵੇਂ ਧੂਰੀ ਆ ਜਾਂਦੇ ਜਾਂ ਫਿਰ ਛਿੰਦੀ ਉਨ੍ਹਾਂ ਕੋਲ ਪਿੰਡ ਚਲਾ ਜਾਂਦਾ। ਕਹਿਣ ਨੂੰ ਤਾਂ ਉਹ ਇੱਕ ਦੂਜੇ ਦੀ ਮਾਸੀ ਦੇ ਧੀ ਪੁੱਤਰ ਸਨ, ਪਰ ਉਨ੍ਹਾਂ ਵਿੱਚ ਪਿਆਰ ਦੀ ਸਾਂਝ ਇੰਨੀ ਪੀਢੀ ਸੀ ਕਿ ਬਹੁਤਿਆਂ ਨੂੰ ਉਹ ਇੱਕੋ ਮਾਂ ਦੀ ਔਲਾਦ, ਸਕੇ ਭੈਣ ਭਰਾ ਲੱਗਦੇ ਸਨ।
ਜਦੋਂ ਉਹਨੂੰ ਤੇਰ੍ਹਵਾਂ ਵਰ੍ਹਾ ਲੱਗਾ ਸੀ ਤਾਂ ਉਸ ਦੇ ਬੀਜੀ ਨੇ ਉਸ ਨੂੰ ਰੋਟੀ ਟੁੱਕ ਦੇ ਕੰਮ ਲਾ ਲਿਆ ਸੀ। ਪੜ੍ਹਾਈ, ਲਿਖਾਈ, ਕਢਾਈ ਵਿੱਚ ਪ੍ਰਵੀਨ ਧੀ ਨੇ ਚੁੱਲ੍ਹੇ ਚੌਂਕੇ ਵਿੱਚ ਵੀ ਬਹੁਤ ਜਲਦੀ ਮੁਹਾਰਤ ਹਾਸਲ ਕਰ ਲਈ ਸੀ। ਆਲੂਆਂ ਵਾਲੇ ਪਰੌਂਠੇ ਤਾਂ ਉਹ ਬੜੀ ਰੀਝ ਨਾਲ ਬਣਾਉਂਦੀ ਸੀ। ਜਦੋਂ ਵੀ ਉਸ ਦੇ ਛਿੰਦੀ ਵੀਰੇ ਨੇ ਧੂਰੀ ਤੋਂ ਉਨ੍ਹਾਂ ਕੋਲ ਪਿੰਡ ਆਉਣਾ ਤਾਂ ਉਸ ਨੇ ਆਲੂਆਂ ਵਾਲੇ ਪਰੌਂਠੇ ਬੜਾ ਖ਼ੁਸ਼ ਹੋ ਕੇ ਖਾਣੇ। ਅਕਸਰ ਪਰੌਂਠੇ ਖਾਣ ਉਪਰੰਤ ਉਹਨੇ ਕਹਿਣਾ, ‘‘ਭੈਣੇ, ਪਰੌਂਠੇ ਤਾਂ ਮੇਰੀ ਬੀਬੀ ਵੀ ਬਣਾਉਂਦੀ ਹੈ ਪਰ ਤੇਰੇ ਹੱਥਾਂ ਦੇ ਬਣੇ ਪਰੌਂਠਿਆਂ ਦਾ ਕੋਈ ਜਵਾਬ ਨਹੀਂ।’’
ਆਪਣੇ ਵੀਰੇ ਮੂੰਹੋਂ ਆਪਣੇ ਹੱਥਾਂ ਦੇ ਬਣੇ ਪਰੌਂਠਿਆਂ ਦੀ ਇੰਨੀ ਪ੍ਰਸ਼ੰਸਾ ਸੁਣ ਕੇ ਉਸ ਨੂੰ ਬਹੁਤ ਚੰਗਾ ਲੱਗਦਾ ਸੀ।
ਛਿੰਦੀ ਘਰ ਦੇ ਕੰਮਕਾਰ ਨੂੰ ਜਿੱਥੇ ਛੋਹਲਾ ਸੀ, ਉੱਥੇ ਉਹ ਪੜ੍ਹਾਈ ਲਿਖਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਉਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ. ਦੀ ਡਿਗਰੀ ਕੀਤੀ ਸੀ। ਭਾਵੇਂ ਉਸ ਨੂੰ ਪੰਚਕੂਲਾ, ਗੁੜਗਾਓਂ ਦੀਆਂ ਕਈ ਫਰਮਾਂ ਵੱਲੋਂ ਚੰਗੀ ਨੌਕਰੀ ਲਈ ਸੱਦਾ ਪੱਤਰ ਆਇਆ ਸੀ ਪਰ ਉਹ ਅਮਰੀਕਾ ਚਲਾ ਗਿਆ ਸੀ। ਉੱਥੇ ਰਹਿ ਕੇ ਉਸ ਨੇ ਦਸ ਵਰ੍ਹੇ ਤਾਂ ਇੱਕ ਅਮਰੀਕੀ ਕੰਪਨੀ ਵਿੱਚ ਜੌਬ ਕੀਤੀ ਸੀ। ਫਿਰ ਉਸ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀ। ਹੌਲੀ-ਹੌਲੀ ਉਸ ਨੇ ਆਪਣਾ ਬਿਜ਼ਨਸ ਬਹੁਤ ਵਧਾ ਲਿਆ ਸੀ।
ਇੰਦਰਜੀਤ ਵੀ ਪੜ੍ਹਨ ਵਿੱਚ ਬਹੁਤ ਲਾਇਕ ਸੀ। ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜ਼ੀ ਵਿਸ਼ੇ ਵਿੱਚ ਪੀ-ਐੱਚ.ਡੀ. ਕੀਤੀ ਸੀ। ਉਸ ਨੇ ਚਾਰ ਸਾਲ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਇਆ ਸੀ। ਫਿਰ ਉਹ ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਪੱਕੇ ਤੌਰ ’ਤੇ ਅੰਗਰੇਜ਼ੀ ਦਾ ਲੈਕਚਰਰ ਲੱਗ ਗਿਆ ਸੀ। ਵੀਰਪਾਲ ਭਾਵੇਂ ਪੜ੍ਹਨ ਲਿਖਣ ਵਿੱਚ ਬਹੁਤ ਲਾਇਕ ਕੁੜੀ ਸੀ ਪਰ ਗ੍ਰੈਜੂਏਸ਼ਨ ਕਰਦਿਆਂ ਹੀ ਉਸ ਦਾ ਵਿਆਹ ਵੱਡੀ ਟਰੈਕਟਰ ਫਰਮ ਵਿੱਚ ਇੰਜੀਨੀਅਰ ਲੱਗੇ ਮੁੰਡੇ ਗੁਰਲਾਲ ਸਿੰਘ ਨਾਲ ਕਰ ਦਿੱਤਾ ਸੀ। ਵਿਆਹ ਤੋਂ ਪੰਦਰਾਂ ਸਾਲ ਬਾਅਦ ਉਹ ਕੈਨੇਡਾ ਚਲੇ ਗਏ ਸਨ।
ਵੀਹ ਅਗਸਤ ਦੀ ਰਾਤ ਸੀ। ਸਾਢੇ ਅੱਠ ਵੱਜ ਚੁੱਕੇ ਸਨ। ਇੰਦਰਜੀਤ ਸਿੰਘ ਰੋਟੀ ਖਾ ਕੇ ਹੱਥ ਧੋ ਰਿਹਾ ਸੀ। ਉਸੇ ਵੇਲੇ ਟ੍ਰਨ ਟ੍ਰਨ ਕਰਕੇ ਉਸ ਦੇ ਮੋਬਾਈਲ ਫੋਨ ਦੀ ਘੰਟੀ ਵੱਜ ਉੱਠੀ। ਤੌਲੀਏ ਨਾਲ ਹੱਥ ਪੂੰਝਦਿਆਂ ਉਹਨੇ ਆਪਣੇ ਫੋਨ ਉੱਤੇ ਨਜ਼ਰ ਮਾਰੀ। ਅਮਰੀਕਾ ਤੋਂ ਛਿੰਦੀ ਵੀਰੇ ਦੀ ਕਾਲ ਸੀ।
‘‘ਹੈਲੋ।’’
‘‘ਇੰਦਰਜੀਤ ਵੀਰੇ, ਸਤਿ ਸ੍ਰੀ ਅਕਾਲ। ਮੈਂ ਤੇਰਾ ਵੀਰ ਛਿੰਦੀ ਬੋਲ ਰਿਹਾਂ। ਹੋਰ ਸੁਣਾਓ, ਸਾਡੀ ਮਾਸੀ ਜੀ ਦਾ, ਤੁਹਾਡਾ, ਭਾਬੀ ਵੀਰਾਂ ਵਾਲੀ ਦਾ, ਭਤੀਜੇ ਭਤੀਜੀ ਦਾ ਕੀ ਹਾਲ ਐ?’’
‘‘ਵੀਰ ਜੀ, ਸਤਿ ਸ੍ਰੀ ਅਕਾਲ। ਵੀਰੇ! ਅਸੀਂ ਸਾਰੇ ਰਾਜ਼ੀ ਖ਼ੁਸ਼ੀ ਹਾਂ। ਤੁਸੀਂ ਸੁਣਾਓ! ਮੇਰੇ ਭਾਬੀ ਜੀ, ਭਤੀਜੀਆਂ, ਭਤੀਜਾ ਸਭ ਰਾਜ਼ੀ ਖ਼ੁਸ਼ੀ ਹੋ?’’ ਉਸ ਨੇ ਬਹੁਤ ਹੀ ਖ਼ੁਸ਼ੀ ਅਤੇ ਚਾਅ ਨਾਲ ਪੁੱਛਿਆ।
‘‘ਹਾਂ ਵੀਰ, ਸਭ ਰਾਜ਼ੀ ਖ਼ੁਸ਼ੀ ਹਨ। ਅੱਛਾ ਵੀਰੇ, ਮੈਂ ਅਗਲੇ ਹਫ਼ਤੇ ਕੈਨੇਡਾ ਜਾਣਾ ਹੈ। ਛੋਟੀ ਭੈਣ ਵੀਰਪਾਲ, ਪ੍ਰਾਹੁਣਾ, ਭਾਣਜਾ ਕੈਲਗਰੀ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਮੋਬਾਈਲ ਨੰਬਰ ਤਾਂ ਮੇਰੇ ਕੋਲ ਹੈ ਪਰ ਉਨ੍ਹਾਂ ਦਾ ਰਿਹਾਇਸ਼ੀ ਪਤਾ ਮੇਰੇ ਕੋਲ ਨਹੀਂ ਹੈ। ਤੁਸੀਂ ਮੈਨੂੰ ਵੱਟਸਐਪ ’ਤੇ ਉਨ੍ਹਾਂ ਦਾ ਰਿਹਾਇਸ਼ੀ ਪਤਾ ਲਿਖ ਕੇ ਭੇਜ ਦੇਣਾ। ਇਹ ਗੱਲ ਮੈਂ ਤੁਹਾਡੇ ਨਾਲ ਸਰਸਰੀ ਤੌਰ ’ਤੇ ਹੀ ਸਾਂਝੀ ਕੀਤੀ ਹੈ ਪਰ ਤੁਸੀਂ ਛੋਟੀ ਭੈਣ ਨੂੰ ਇਹ ਗੱਲ ਬਿਲਕੁਲ ਨਹੀਂ ਦੱਸਣੀ ਕਿ ਮੈਂ ਅਗਲੇ ਹਫ਼ਤੇ ਕੈਨੇਡਾ ਜਾਣਾ ਹੈ। ਮੈਂ ਅਚਾਨਕ ਉਹਦੇ ਕੋਲ ਪਹੁੰਚ ਕੇ ਉਹ ਨੂੰ ਸਰਪ੍ਰਾਈਜ਼ ਦਿਆਂਗਾ। ਚਲੋ ਠੀਕ ਹੈ ਵੀਰੇ! ਮੈਂ ਆਪਣੇ ਆਫਿਸ ਪਹੁੰਚ ਗਿਆ ਹਾਂ। ਹੁਣ ਤੋਂ ਲੈ ਕੇ ਦੇਰ ਰਾਤ ਤੱਕ ਤੇਰੇ ਛਿੰਦੀ ਵੀਰੇ ਦੀ ਹੁਣ ਪੂਰੀ ਦੌੜ ਲੱਗਣੀ ਹੈ। ਓ ਕੇ ਵੀਰ, ਸਤਿ ਸ੍ਰੀ ਅਕਾਲ।’’ ‘‘ਸਤਿ ਸ੍ਰੀ ਅਕਾਲ।’’ ਇੰਦਰਜੀਤ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਫੋਨ ਬੰਦ ਕਰ ਦਿੱਤਾ।
ਸਤਾਈ ਅਗਸਤ ਦਾ ਐਤਵਾਰ ਸੀ। ਇਸ ਸਾਲ ਰੱਖੜੀ ਦਾ ਤਿਉਹਾਰ ਐਤਵਾਰ ਵਾਲੇ ਦਿਨ ਆ ਗਿਆ ਸੀ। ਛਿੰਦੀ ਨੇ ਅਮਰੀਕਾ ਤੋਂ ਕੈਲਗਰੀ ਦੀ ਫਲਾਈਟ ਲਈ। ਉਹ ਸਵੇਰੇ ਸਾਢੇ ਨੌਂ ਵਜੇ ਕੈਲਗਰੀ ਏਅਰਪੋਰਟ ’ਤੇ ਜਾ ਉੱਤਰਿਆ ਸੀ। ਉਸ ਨੇ ਆਪਣੇ ਦਸਤਾਵੇਜ਼ ਚੈੱਕ ਕਰਵਾਏ। ਕਿਰਾਏ ਦੀ ਗੱਡੀ ਕੀਤੀ। ਉਹ ਆਪਣੀ ਮਾਸੀ ਦੀ ਧੀ ਵੀਰਪਾਲ ਦੇ ਫਲੈਟ ਦੇ ਸਾਹਮਣੇ ਪਹੁੰਚ ਗਿਆ ਸੀ। ਟੈਕਸੀ ਵਿੱਚ ਬੈਠੇ ਹੀ ਉਸ ਨੇ ਵੀਰਪਾਲ ਦਾ ਫੋਨ ਮਿਲਾਇਆ। ਭੈਣ ਨੂੰ ਆਪਣੇ ਛਿੰਦੀ ਵੀਰੇ ਦਾ ਨੰਬਰ ਵੇਖ ਕੇ ਚਾਅ ਹੀ ਚੜ੍ਹ ਗਿਆ। ਉਹ ਫੋਨ ਨੂੰ ਕੰਨ ਨਾਲ ਲਾਉਂਦਿਆਂ ਬੋਲੀ, ‘‘ਮੇਰੇ ਪਿਆਰੇ ਵੀਰ ਜੀ, ਸਤਿ ਸ੍ਰੀ ਅਕਾਲ। ਅੱਜ ਤਾਂ ਤੁਸੀਂ ਰੱਖੜੀ ਵਾਲੇ ਦਿਨ ਫੋਨ ਕਰਕੇ ਆਪਣੀ ਛੋਟੀ ਭੈਣ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ। ਵੀਰ ਜੀ, ਮੈਂ ਤੁਹਾਨੂੰ ਦੱਸ ਨੀਂ ਸਕਦੀ ਕਿ ਤੁਹਾਡਾ ਫੋਨ ਆਉਣ ’ਤੇ ਮੈਂ ਕਿੰਨੀ ਖ਼ੁਸ਼ ਆਂ। ਅੱਛਾ, ਮੇਰੀ ਪਿਆਰੀ ਪਿਆਰੀ ਭਾਬੀ ਜੀ ਦਾ ਕੀ ਹਾਲ ਐ? ਮੇਰੀਆਂ ਭਤੀਜੀਆਂ ਅਤੇ ਭਤੀਜੇ ਦਾ ਕੀ ਹਾਲ ਐ?’’
ਛੋਟੀ ਭੈਣ ਦੀ ਖ਼ੁਸ਼ੀ ਨੂੰ ਅਨੁਭਵ ਕਰਕੇ ਵੀਰ ਨੂੰ ਵੀ ਬਹੁਤ ਜ਼ਿਆਦਾ ਚਾਅ ਚੜ੍ਹਿਆ। ਉਸ ਨੇ ਆਪਣੇ ਹਾਸੇ ਨੂੰ ਮਸਾਂ ਮਸਾਂ ਰੋਕਿਆ ਤੇ ਬੋਲਿਆ, ‘‘ਛੋਟੀ ਭੈਣ ਦੀਆਂ ਦੁਆਵਾਂ ਸਦਕਾ ਸਭ ਰਾਜ਼ੀ ਖ਼ੁਸ਼ੀ ਆਂ। ਭੈਣੇ! ਤੇਰੀਆਂ ਭੇਜੀਆਂ ਰੱਖੜੀਆਂ ਮੈਨੂੰ ਪਿਛਲੇ ਹਫ਼ਤੇ ਹੀ ਮਿਲ ਗਈਆਂ ਸੀ। ਇੰਨੀਆਂ ਸੋਹਣੀਆਂ ਰੱਖੜੀਆਂ ਵੇਖ ਕੇ ਤੁਹਾਡੇ ਭਾਬੀ ਜੀ ਵੀ ਬਹੁਤ ਜ਼ਿਆਦਾ ਖ਼ੁਸ਼ ਹੋਏ। ਹੋਰ ਭੈਣ ਤੁਸੀਂ, ਪ੍ਰਾਹੁਣਾ ਗੁਰਲਾਲ ਸਿੰਘ ਅਤੇ ਬੱਚੇ ਰਾਜ਼ੀ ਖ਼ੁਸ਼ੀ ਹੋ?’’
‘‘ਹਾਂ ਜੀ ਵੀਰੇ! ਸਭ ਰਾਜੀ ਬਾਜੀ ਆਂ ਤੇ ਚੜ੍ਹਦੀ ਕਲਾ ’ਚ ਆਂ।’’
‘‘ਭੈਣ ਤੁਹਾਨੂੰ ਯਾਦ ਹੈ! ਜਦੋਂ ਮੈਂ ਥੋਡੇ ਕੋਲ ਪਿੰਡ ਆਉਂਦਾ ਹੁੰਦਾ ਸੀ। ਤੁਸੀਂ ਕਿੰਨੀਂ ਰੀਝ ਨਾਲ ਆਲੂਆਂ ਆਲੇ ਪਰੌਂਠੇ ਬਣਾ ਕੇ ਖੁਆਉਂਦੇ ਸੀ। ਭੈਣ ਅਮਰੀਕਾ ਵਿੱਚ ਤੁਹਾਡੇ ਛਿੰਦੀ ਵੀਰੇ ਨੂੰ ਹੋਰ ਤਾਂ ਸਭ ਕੁਝ ਮਿਲ ਜਾਂਦਾ ਹੈ ਪਰ ਆਪਣੀ ਛੋਟੀ ਭੈਣ ਦੇ ਹੱਥਾਂ ਦੇ ਬਣੇ ਆਲੂ ਆਲੇ ਪਰੌਂਠੇ ਨਹੀਂ ਮਿਲਦੇ। ਭੈਣੇ! ਸੱਚੀਂ, ਬਹੁਤ ਮਨ ਕਰਦੈ, ਤੇਰੇ ਹੱਥ ਦੇ ਆਲੂਆਂ ਵਾਲੇ ਪਰੌਂਠੇ ਖਾਣ ਨੂੰ।’’
ਆਪਣੇ ਵੀਰੇ ਦੀਆਂ ਗੱਲਾਂ ਸੁਣ ਕੇ ਉਹ ਖ਼ੁਸ਼ੀ ਵਿੱਚ ਖੀਵੀ ਹੁੰਦੀ ਹੋਈ ਬੋਲੀ, ‘‘ਲਉ ਵੀਰ ਜੀ, ਇਹ ਕਿਹੜਾ ਵੱਡੀ ਗੱਲ ਐ! ਮੈਂ ਤਾਂ ਹੁਣ ਵੀ ਆਲੂਆਂ ਆਲੇ ਪਰੌਂਠੇ ਹੀ ਬਣਾਉਣ ਲੱਗੀ ਆਂ। ਜੇ ਤੁਸੀਂ ਕਹੋਂ ਤਾਂ ਪਰੌਂਠੇ ਤਿਆਰ ਕਰਕੇ, ਪੈਕ ਕਰਕੇ ਤੁਹਾਡੇ ਤੇ ਭਾਬੋ ਲਈ ਅਮਰੀਕਾ ਭੇਜ ਦਿੰਦੀ ਆਂ ਜਾਂ ਫਿਰ ਵੀਰ ਜੀ, ਤੁਸੀਂ ਫਲਾਈਟ ਲੈ ਕੇ ਕੈਲਗਰੀ ਆ ਜਾਉ। ਤੁਸੀਂ ਵੱਡੇ ਵੀਰ ਜੀ ਓ। ਤੁਸੀਂ ਦੱਸੋ, ਕੀ ਕਰਾਂ?’’
‘‘ਚੱਲ ਫਿਰ ਮੇਰੀ ਛੋਟੀ ਜਿਹੀ, ਪਿਆਰੀ ਜਿਹੀ ਭੈਣ ਕਹਿੰਦੀ ਹੈ ਤਾਂ ਮੈਂ ਹੀ ਤੁਹਾਡੇ ਕੋਲ ਆ ਜਾਂਦਾ ਹਾਂ। ਚਲੋ ਫਿਰ ਗੇਟ ਖੋਲ੍ਹੋ। ਮੈਂ ਤੁਹਾਡੇ ਫਲੈਟ ਦੇ ਬਾਹਰ ਹੀ ਖੜ੍ਹਾ ਹਾਂ।’’ ਵੀਰ ਨੇ ਉੱਚੀ-ਉੱਚੀ ਹੱਸਦਿਆਂ ਕਿਹਾ।
‘‘ਵੀਰ ਜੀ, ਤੁਸੀਂ ਕੀ ਕਿਹਾ? ਤੁਸੀਂ ਇੱਥੇ? ਕੈਲਗਰੀ? ਸਾਡੇ ਫਲੈਟ ਦੇ ਬਾਹਰ ਖੜ੍ਹੇ ਓ?’’ ਵੀਰਪਾਲ ਨੇ ਇੰਨੀ ਗੱਲ ਕਹੀ। ਉਹ ਦੌੜ ਕੇ ਮੁੱਖ ਦਰਵਾਜ਼ੇ ਕੋਲ ਗਈ। ਕਾਹਲੀ ਨਾਲ ਬੂਹਾ ਖੋਲ੍ਹਿਆ। ਸਾਹਮਣੇ ਛਿੰਦੀ ਵੀਰੇ ਨੂੰ ਖੜ੍ਹਾ ਵੇਖ ਕੇ ਉਸ ਨੂੰ ਬਹੁਤ ਜ਼ਿਆਦਾ ਅਚੰਭਾ ਤੇ ਖ਼ੁਸ਼ੀ ਭਰੀ ਹੈਰਾਨੀ ਹੋਈ। ਉਸ ਨੇ ਦੌੜ ਕੇ ਆਪਣੇ ਵੀਰ ਨੂੰ ਬਾਹਵਾਂ ਵਿੱਚ ਘੁੱਟ ਲਿਆ। ਦੋਵੇਂ ਭੈਣ ਭਰਾਵਾਂ ਦੀਆਂ ਅੱਖਾਂ ਨੇ ਜਿਵੇਂ ਹੰਝੂਆਂ ਦੀ ਝੜੀ ਲਾ ਦਿੱਤੀ ਹੋਵੇ। ਦੋਵਾਂ ਭੈਣ ਭਰਾਵਾਂ ਨੂੰ ਸਾਰਾ ਕੁਝ ਬਹੁਤ ਹੀ ਚੰਗਾ-ਚੰਗਾ ਲੱਗ ਰਿਹਾ ਸੀ।
ਉਹ ਆਪਣੇ ਵੀਰ ਦਾ ਹੱਥ ਫੜ ਕੇ ਉਸ ਨੂੰ ਫਲੈਟ ਦੇ ਅੰਦਰ ਲੈ ਗਈ। ਗੁਰਲਾਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਨੇ ਉਸ ਦਾ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ। ਗੁਰਲਾਲ ਬੋਲਿਆ, ‘‘ਜਦੋਂ ਵੀ ਤੁਹਾਡਾ ਫੋਨ ਆਉਂਦਾ, ਸਾਨੂੰ ਚਾਅ ਚੜ੍ਹ ਜਾਂਦਾ ਸੀ। ਪਰ ਅੱਜ ਤੁਸੀਂ ਰੱਖੜੀ ਦੇ ਇਸ ਪਾਵਨ ਤਿਉਹਾਰ ’ਤੇ ਅਚਾਨਕ ਆਏ ਹੋ। ਇਸ ਮੌਕੇ ਅਚਾਨਕ ਆ ਕੇ ਜਿਹੜਾ ਸਰਪ੍ਰਾਈਜ਼ ਤੁਸੀਂ ਦਿੱਤਾ ਹੈ, ਉਹ ਅਸੀਂ ਸਾਰੀ ਜ਼ਿੰਦਗੀ ਆਪਣੇ ਚੇਤੇ ਵਿੱਚ ਵਸਾ ਕੇ ਰੱਖਾਂਗੇ।’’
ਛਿੰਦੀ ਨੇ ਛੋਟੀ ਭੈਣ, ਪ੍ਰਾਹੁਣੇ ਅਤੇ ਭਾਣਜੇ ਵੱਲ ਵੇਖਿਆ ਤੇ ਕਿਹਾ, ‘‘ਜੀਜਾ ਜੀ, ਆਪਾਂ ਸਾਰੇ ਜਾਣਦੇ ਆਂ ਕਿ ਕੋਈ ਵੀ ਬੱਚਾ ਜਨਮ ਸਮੇਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਉਂਦਾ। ਇਸੇ ਤਰ੍ਹਾਂ ਇਸ ਸੰਸਾਰ ਵਿੱਚੋਂ ਜਾਣ ਸਮੇਂ ਵੀ ਸਭ ਕੁਝ ਇੱਥੇ ਹੀ ਛੱਡ ਕੇ ਖ਼ਾਲੀ ਹੱਥ ਵਾਪਸ ਚਲੇ ਜਾਣਾ ਹੈ। ਇਹ ਤਿੱਥ-ਤਿਉਹਾਰ ਤਾਂ ਰਿਸ਼ਤੇਦਾਰੀਆਂ, ਭੈਣਾਂ ਭਰਾਵਾਂ ਦੇ ਮੇਲ ਮਿਲਾਪ ਦੇ ਵਸੀਲੇ ਨੇ। ਇਨ੍ਹਾਂ ਰਿਸ਼ਤਿਆਂ ਨਾਲ ਹੀ ਸਾਡੀ ਪਛਾਣ ਬਣੀ ਹੋਈ ਐ। ਨਾਲੇ ਵੀਰਪਾਲ ਭੈਣ ਨੂੰ ਤਾਂ ਮੈਂ ਬਚਪਨ ਤੋਂ ਗੋਦੀ ਚੁੱਕ ਕੇ ਖਿਡਾਇਆ ਹੈ। ਇਸ ਨੂੰ ਆਪਣੇ ਮੋਢਿਆਂ ਉੱਤੇ ਬਿਠਾ ਕੇ ਅਤੇ ਇਸ ਦਾ ਘੋੜਾ ਬਣ ਕੇ ਜਿਹੜੀ ਖ਼ੁਸ਼ੀ ਮੈਨੂੰ ਮਿਲਦੀ ਸੀ, ਉਹ ਮੈਂ ਹੀ ਜਾਣਦਾ ਹਾਂ। ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।’’
ਉਸੇ ਵੇਲੇ ਵੀਰਪਾਲ ਨੇ ਬਹੁਤ ਹੀ ਚਾਅ ਅਤੇ ਮੋਹ ਨਾਲ ਆਪਣੇ ਵੱਡੇ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਦਿੱਤੀ। ਵੀਰ ਨੇ ਆਪਣੀ ਛੋਟੀ ਭੈਣ ਨੂੰ ਸ਼ਗਨ ਦਿੱਤਾ। ਉਸ ਦੇ ਸਿਰ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਰੱਖੜੀ ਬੰਨ੍ਹਾਉਣ ਉਪਰੰਤ ਮੂੰਹ ਮਿੱਠਾ ਕੀਤਾ। ਫਿਰ ਆਲੂਆਂ ਵਾਲੇ ਪਰੌਂਠੇ ਖਾਂਦਿਆਂ ਉਹ ਬੋਲਿਆ, ‘‘ਭੈਣੇ, ਮੁੱਦਤਾਂ ਬੀਤ ਗਈਆਂ ਤੇਰੇ ਹੱਥ ਦੇ ਬਣੇ ਪਰੌਂਠੇ ਖਾਧਿਆਂ ਨੂੰ। ਅੱਜ ਫਿਰ ਛੋਟੀ ਭੈਣ ਦੇ ਹੱਥ ਦੇ ਬਣੇ ਪਰੌਂਠੇ ਖਾ ਕੇ ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਹਨ, ਜਦੋਂ ਮੈਂ ਪਿੰਡ ਜਾਂਦਾ ਸੀ। ਵੀਰਪਾਲ ਭੈਣ ਜੀ, ਆਪਣੇ ਵੱਡੇ ਵੀਰ ਦਾ ਸਰਪ੍ਰਾਈਜ਼ ਕਿਵੇਂ ਲੱਗਾ?’’
‘‘ਵੀਰ ਜੀ, ਇੰਨਾ ਵੱਡਾ ਸਰਪ੍ਰਾਈਜ਼ ਮੇਰਾ ਵੀਰਾ ਹੀ ਦੇ ਸਕਦੈ। ਮੇਰੇ ਵੀਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਆਖ਼ਰ ਮੈਂ ਵੀ ਤਾਂ ਆਪਣੇ ਵੀਰ ਜੀ ਦੀ ਲਾਡਲੀ ਭੈਣ ਹਾਂ।’’ ਇਹ ਕਹਿੰਦਿਆਂ ਉਸ ਨੇ ਗਰਮ ਗਰਮ ਰੜ੍ਹਿਆ ਇੱਕ ਹੋਰ ਪਰੌਂਠਾ ਵੀਰ ਦੀ ਥਾਲੀ ਵਿੱਚ ਰੱਖ ਦਿੱਤਾ।
ਸੰਪਰਕ: 84276-85020