ਪਰਜਾਤ
ਦਫ਼ਤਰ ਅੰਦਰ ਵੜਨ ਤੋਂ ਪਹਿਲਾਂ ਅਚਾਨਕ ਉਸ ਦੀ ਨਜ਼ਰ ਪਿਉ ਪੁੱਤ ’ਤੇ ਪੈ ਗਈ ਸੀ। ਦੋਵੇਂ ਲੰਮੀ ਕਤਾਰ ਦੇ ਅਖ਼ੀਰ ਵਿੱਚ ਖੜ੍ਹੇ ਸਨ। ਸੁਰੱਖਿਆ ਕਰਮੀ ਗੇਟ ’ਤੇ ਰੁਕ ਗਿਆ ਅਤੇ ਅੰਜਲੀ ਆਪਣੀ ਉੱਚੀ ਕੁਰਸੀ ’ਤੇ ਜਾ ਬਿਰਾਜੀ। ਬਾਬੂ ਲੋਕ ਅਦਬ ਨਾਲ ਆਪਣੀਆਂ ਸੀਟਾਂ ਤੋਂ ਉੱਠ ਖੜ੍ਹੇ ਹੋਏ ਅਤੇ ਫਿਰ ਆਪੋ-ਆਪਣੇ ਕੰਮਾਂ ਵਿੱਚ ਰੁੱਝ ਗਏ। ਉਸ ਪਰਸ ਵਿੱਚੋਂ ਛੋਟਾ ਜਿਹਾ ਸ਼ੀਸ਼ਾ ਕੱਢ ਆਪਣਾ ਚਿਹਰਾ ਨਿਹਾਰਿਆ। ਸਾਹਮਣੇ ਮੇਜ਼ ’ਤੇ ਰੱਖੇ ਗਲਾਸ ਵਿੱਚੋਂ ਪਾਣੀ ਦੀ ਘੁੱਟ ਬੁੱਲ੍ਹਾਂ ਨੂੰ ਛੁਹਾਈ। ਮਨ ਕਿਸੇ ਤਲਖ਼ੀ ਵਿੱਚ ਸੀ। ਉਸ ਨੂੰ ਜਾਪਿਆ, ਜਿਵੇਂ ਉਹ ਇਸੇ ਕਿਆਮਤ ਵਾਲੇ ਦਿਨ ਦੇ ਇੰਤਜ਼ਾਰ ਵਿੱਚ ਜੀਅ ਰਹੀ ਹੋਵੇ।
ਤਕਰੀਬਨ ਦੋ ਕੁ ਮਹੀਨੇ ਪਹਿਲਾਂ ਮੈਡਮ ਅੰਜਲੀ ਸਹੋਤਾ ਦੀ ਬਠਿੰਡਾ ਸ਼ਹਿਰ ਵਿੱਚ ਤਹਿਸੀਲਦਾਰ ਵਜੋਂ ਪੋਸਟਿੰਗ ਹੋਈ ਸੀ। ਦਫ਼ਤਰ ਦੇ ਮੁਲਾਜ਼ਮਾਂ ਅਤੇ ਆਮ ਜਨਤਾ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਇਸ ਕੁਰਸੀ ਉੱਤੇ ਬੈਠਣ ਵਾਲਾ ਕੋਈ ਮਾੜਾ-ਧੀੜਾ ਅਫ਼ਸਰ ਨਹੀਂ ਹੁੰਦਾ। ਇਹਦੇ ਪਿੱਛੇ ਕਿਸੇ ਧੜੱਲੇਦਾਰ ਹਸਤੀ ਦਾ ਹੱਥ ਜ਼ਰੂਰ ਹੋਵੇਗਾ ਪਰ ਇਹ ਅਜੇ ਤੱਕ ਭੇਤ ਹੀ ਬਣਿਆ ਹੋਇਆ ਸੀ। ਉਸ ਦੇ ਸਮੇਂ ਦੀ ਪਾਬੰਦ ਅਤੇ ਅਸੂਲਾਂ ਦੀ ਪੱਕੀ ਹੋਣ ਕਾਰਨ ਦਫ਼ਤਰ ਵਿੱਚ ਅਨੁਸ਼ਾਸਨ ਫਿਰ ਪਰਤ ਆਇਆ ਸੀ। ਪਰਜਾ ਵੀ ਡਾਢੀ ਖ਼ੁਸ਼ ਸੀ ਕਿ ਬਿਨਾਂ ਰਿਸ਼ਵਤ ਤੋਂ ਸਮੇਂ ਸਿਰ ਕੰਮ ਹੋਣ ਲੱਗੇ ਸਨ।
ਘੜੀ ਨੇ ਦਸ ਵਜਾਏ ਤਾਂ ਉਸ ਨੇ ਘੰਟੀ ਮਾਰ ਕੇ ਸੇਵਾਦਾਰ ਨੂੰ ਬਾਹਰ ਕਤਾਰ ਵਿੱਚ ਖੜ੍ਹੇ ਵਿਅਕਤੀਆਂ ਨੂੰ ਇੱਕ ਇੱਕ ਕਰਕੇ ਅੰਦਰ ਬੁਲਾਉਣ ਲਈ ਇਸ਼ਾਰਾ ਕਰ ਦਿੱਤਾ। ਦਫ਼ਤਰ ਦਾ ਕਲਰਕ ਉਸ ਦੇ ਸਾਹਮਣੇ ਫਾਈਲ ਰੱਖਦਾ, ਉਹ ਸਰਸਰੀ ਜਿਹੀ ਨਜ਼ਰ ਮਾਰਦੀ, ਫੋਟੋਗ੍ਰਾਫਰ ਸਾਰੀਆਂ ਧਿਰਾਂ ਦੀ ਫੋਟੋ ਖਿੱਚਦਾ ਅਤੇ ਉਹ ਦਸਤਖ਼ਤ ਕਰਕੇ ਕੰਮ ਨਿਪਟਾ ਦਿੰਦੀ।
ਲੰਚ ਦਾ ਸਮਾਂ ਹੋ ਗਿਆ ਸੀ। ਅਜੇ ਵੀ ਕਾਫ਼ੀ ਲੋਕ ਵਾਰੀ ਦੀ ਉਡੀਕ ਵਿੱਚ ਖੜ੍ਹੇ ਸਨ। ਅੰਜਲੀ ਆਪਣੇ ਰਿਟਾਇਰਿੰਗ ਰੂਮ ਵਿੱਚ ਚਲੀ ਗਈ। ਸੇਵਾਦਾਰ ਨੇ ਖਾਣਾ ਟੇਬਲ ਉੱਤੇ ਲਗਾ ਦਿੱਤਾ, ਪਰ ਉਸ ਨੂੰ ਭੁੱਖ ਹੀ ਨਹੀਂ ਸੀ। ਮਨ ਸੁਸਤਾਉਣ ਲੱਗਿਆ ਅਤੇ ਅਤੀਤ ਦੀਆਂ ਯਾਦਾਂ ਘੇਰਨ ਲੱਗੀਆਂ।
ਮਾਂ ਕਈ ਵਰ੍ਹੇ ਪਹਿਲਾਂ ਜਹਾਨੋਂ ਤੁਰ ਗਈ ਸੀ, ਛੋਟੀ ਭੈਣ ਨੂੰ ਜਨਮ ਦੇਣ ਸਮੇਂ। ਘਰ ਵਿੱਚ ਤਿੰਨੇ ਹੀ ਜੀਅ ਸਨ। ਪਿਉ ਨੇ ਰੱਜਵਾਂ ਪਿਆਰ ਦਿੱਤਾ। ਬਸਤੀ ਦੀ ਤੰਗ ਜਿਹੀ ਗਲ਼ੀ ਵਿੱਚ ਦੋ ਕਮਰਿਆਂ ਦਾ ਨਿੱਕਾ ਜਿਹਾ ਘਰ ਸੀ ਉਨ੍ਹਾਂ ਦਾ। ਗਲ਼ੀ ਦੀ ਨੁੱਕਰੇ ਲੱਗਦੀ ਬੈਠਕ ਵਿੱਚ ਰੱਖਾ ਰਾਮ ਜੁੱਤੀਆਂ ਗੰਢਦਾ। ਨਰਮ ਦਿਲ ਇਨਸਾਨ ਨੇ ਕਦੇ ਕਿਸੇ ਦੇ ਮਨ ਨੂੰ ਠੇਸ ਨਹੀਂ ਸੀ ਪਹੁੰਚਾਈ। ਗ਼ਰੀਬ-ਗੁਰਬੇ ਦੇ ਨੰਗੇ ਪੈਰ ਦੇਖਦਾ ਤਾਂ ਉਸ ਨੂੰ ਜੁੱਤੀ-ਜੋੜਾ ਪਹਿਨਾ ਕੇ ਤੋਰਦਾ। ਮਨ ਵਿੱਚ ਖ਼ਿਆਲ ਆਉਂਦਾ ‘ਜ਼ਰੂਰ ਕਿਸਮਤ ਦਾ ਮਾਰਿਆ ਹੋਣੈ...।’ ਆਲੇ-ਦੁਆਲੇ ਨਵੇਂ ਪੁਰਾਣੇ ਜੋੜੇ, ਰੰਬੀ, ਧਾਗਾ, ਪਤਾਵੇ, ਪਾਲਿਸ਼ ਦੀਆਂ ਡੱਬੀਆਂ ਅਤੇ ਹੋਰ ਨਿੱਕ-ਸੁੱਕ ਖਿਲਰਿਆ ਰਹਿੰਦਾ। ਘਰ ਦਾ ਪਿਛਲਾ ਕਮਰਾ ਡਰਾਇੰਗ ਰੂਮ ਵੀ ਸੀ ਤੇ ਬੈੱਡਰੂਮ ਵੀ।
ਤਿਆਰ ਹੋਈ ਅੰਜਲੀ ਨੂੰ ਦੇਖ ਰੱਖਾ ਰਾਮ ਨੂੰ ਹੌਲ ਪੈਣ ਲੱਗਦੇ, “...ਦੇਖ ਅੰਜੂ... ਤੂੰ ਹੀ ਮੇਰੀ ਧੀ ਏਂ... ਤੂੰ ਹੀ ਪੁੱਤ... ਜ਼ਮਾਨਾ ਖ਼ਰਾਬ ਐ...। ਤੇਰੀ ਮਾਂ ਦੀ ਇੱਕੋ ਰੀਝ ਸੀ... ਮੇਰੀਆਂ ਧੀਆਂ ਪੜ੍ਹ ਕੇ ਵੱਡੀਆਂ ਅਫ਼ਸਰ ਬਣਨ...।” ਅੰਜਲੀ ਨੇ ਬਾਪ ਦਾ ਹੱਥ ਆਪਣੇ ਸਿਰ ’ਤੇ ਰੱਖ ਕਹਿਣਾ, “ਮੈਂ ਤੇਰਾ ਪੁੱਤ ਬਣ ਕੇ ਦਿਖਾਊਂ... ਬਾਪੂ।”
ਲੰਮ-ਸਲੰਮੀ, ਗੋਰੀ ਨਿਛੋਹ ਅੰਜਲੀ ਜਦੋਂ ਸਕੂਲ ਜਾਂਦੀ ਤਾਂ ਬਸਤੀ ਵਿੱਚੋਂ ਕਨਸੋਆਂ ਕੰਨੀਂ ਪੈਣੀਆਂ: “ਪਤਾ ਨੀ ਇੰਨਾ ਰੂਪ ਕਿੱਥੋਂ ਚੜ੍ਹਿਆ ਚੰਦਰੀ ਨੂੰ...?” ਉਸ ਨੂੰ ਕੁਝ ਸਮਝ ਨਾ ਲੱਗਦੀ। ਕਈ ਵਾਰ ਬੈਂਚ ’ਤੇ ਨਾਲ ਬੈਠੀ ਆਰਤੀ ਆਪਣੇ ਸਾਂਵਲੇ ਰੰਗ ਵੱਲ ਦੇਖ ਸ਼ਰਾਰਤ ਕਰਦੀ, “ਭੈਣੇ... ਤੂੰ ਤਾਂ ਸੱਚੀਂ ਮੇਮਾਂ ਵਰਗੀ ਐਂ...।” ਅੰਜਲੀ ਮਿੱਠੀ ਜਿਹੀ ਝਿੜਕ ਦੇ ਦਿੰਦੀ। ਉਸ ਨੂੰ ਵੀ ਆਪਣੇ ਗੋਰੇ ਰੰਗ ਦਾ ਥੋੜ੍ਹਾ ਅਹਿਸਾਸ ਹੋਣ ਲੱਗਿਆ ਸੀ, ‘ਲੋਕੀਂ ਰੰਗਾਂ ’ਤੇ ਕਿਉਂ ਝੂਰਦੇ ਨੇ... ਦੋ ਹੀ ਤਾਂ ਹੁੰਦੇ ਨੇ...।’ ਆਪਾ ਚੰਗਾ ਚੰਗਾ ਲੱਗਦਾ। ਹੱਦ ਤਾਂ ਉਸ ਦਿਨ ਹੋਈ, ਜਦੋਂ ਕੋਲੋਂ ਲੰਘਦੇ ਦੋ ਮਾਸਟਰਾਂ ਦੀ ਕਾਨਾਫ਼ੂਸੀ ਨੇ ਉਸ ਨੂੰ ਸੁੰਨ ਜਿਹੀ ਕਰ ਦਿੱਤਾ, “ਕੁੜੀ ਕਾਹਦੀ ਐ... ਨਿਰੀ ਦੁੱਧ ਪਥਰੀ ਆ...।” ਕਈ ਵਾਰ ਉਸ ਦਾ ਮਨ ਡਿੱਕਡੋਲੇ ਖਾਣ ਲੱਗਦਾ। ਉਸ ਨੂੰ ਲੱਗਦਾ, ਜਿਵੇਂ ਕੋਈ ਉਸ ਦਾ ਪਿੱਛਾ ਕਰ ਰਿਹਾ ਹੋਵੇ। ਉਹ ਪਿੱਛੇ ਮੁੜ ਕੇ ਵੇਖਦੀ, ਪਰ ਉੱਥੇ ਕੁਝ ਵੀ ਨਾ ਹੁੰਦਾ। ‘ਇਹ ਸਫ਼ੈਦ ਚਮੜੀ ਕਿਤੇ ਸਰਾਪ ਨਾ ਬਣ ਜਾਵੇ।’ ਮਾਂ ਦੀ ਖ਼ਾਹਿਸ਼ ਨਾਲ ਹੋ ਤੁਰਦੀ ਤਾਂ ਡਰ ਉਸ ਤੋਂ ਕੋਹਾਂ ਦੂਰ ਭੱਜ ਗਿਆ ਜਾਪਦਾ।
ਯੂਨੀਵਰਸਿਟੀ ਲਾਅ ਡਿਪਾਰਟਮੈਂਟ ਵਿੱਚ ਦਾਖਲਾ ਲਿਆ ਤਾਂ ਅੰਕੁਰ ਚੰਗਾ ਲੱਗਿਆ। ਸੰਜੀਦਾ, ਪੜ੍ਹਾਕੂ ਰੂਹ... ਬਠਿੰਡੇ ਦੇ ਬਾਣੀਆਂ ਦਾ ਮੁੰਡਾ... ਰੰਗ ਦਾ ਪੱਕਾ। ਦੋਸਤ ਗੱਲਾਂ ਕਰਦੇ, “ਕਈ ਸ਼ੈਲਰਾਂ ਦਾ ਮਾਲਕ ਆ... ਇੱਕ ਤੋਂ ਇੱਕ ਮਹਿੰਗੀ ਕਾਰ ਦਾ ਸ਼ੁਦਾਈ...।” ਪਰ ਅੰਜਲੀ ਨੂੰ ਉਸ ਵਿੱਚ ਕਦੇ ਕੋਈ ਅਮੀਰਜ਼ਾਦਾ ਨਜ਼ਰ ਨਹੀਂ ਆਇਆ। ਵਿੱਦਿਅਕ ਟੂਰ ’ਤੇ ਇਕੱਠੇ ਗਏ। ਅੰਜਲੀ ਦਾ ਪੈਰ ਕਿਸੇ ਚੱਟਾਨ ਦੀ ਨੁੱਕਰੇ ਧਰਿਆ ਗਿਆ ਸੀ। ਡਿੱਗਣੋਂ ਬਚਾਉਣ ਲੱਗੇ ਅੰਕੁਰ ਨੇ ਉਸ ਦੇ ਹੱਥ ਨੂੰ ਘੁੱਟ ਕੇ ਫੜ ਲਿਆ ਸੀ। ਜਮਾਤੀਆਂ ਨੇ ਟੇਢੀਆਂ ਨਜ਼ਰਾਂ ਨਾਲ ਦੇਖਿਆ, ਪਰ ਸ਼ਿਸ਼ਟਾਚਾਰ ਨਾਤੇ ਅੰਜਲੀ ਨੇ ਉਸ ਨੂੰ ‘ਥੈਂਕ ਯੂ’ ਕਹਿ ਦਿੱਤਾ ਸੀ। ਉਸ ਪਿੱਛੋਂ ਲਾਅਨ ਵਿੱਚ ਬੈਠਿਆਂ ਗੱਲਾਂ ਮੁੱਕਣ ਵਿੱਚ ਹੀ ਨਾ ਆਉਂਦੀਆਂ।
ਘਰ ਦੀ ਆਰਥਿਕ ਹਾਲਤ ਅੰਜਲੀ ਨੂੰ ਭੁੱਲੀ ਥੋੜ੍ਹੋ ਸੀ। ਇੱਕ ਜਨੂੰਨ ਸੀ, ਜੋ ਪੜ੍ਹਨ ਦੇ ਰਸਤੇ ਤੋਰ ਰਿਹਾ ਸੀ। ਛੋਟੀ ਨਿਸ਼ਾ ਸਕੂਲ ਟਾਈਮ ਤੋਂ ਬਾਅਦ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਨੌਕਰੀ ਕਰਦੀ ਤਾਂ ਅੰਜਲੀ ਸ਼ਾਮੀਂ ਸੀਨੀਅਰ ਵਕੀਲ ਦੇ ਘਰ ਟਿਊਸ਼ਨ ਕਲਾਸ ਲਗਾਉਂਦੀ ਅਤੇ ਟਾਈਪਿਸਟ ਬਣ ਜਾਂਦੀ। ਕਈ ਵਾਰ ਦੇਰ ਰਾਤ ਤੱਕ ਰੁਕਣਾ ਵੀ ਪੈਂਦਾ। ਵਕੀਲ ਨੇ ਇੱਕ ਦੋ ਵਾਰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਪਰ ਅੰਜਲੀ ਨੂੰ ਕੋਈ ਅਹਿਸਾਨ ਲੈਣਾ ਕਮਜ਼ੋਰੀ ਦੀ ਨਿਸ਼ਾਨੀ ਲੱਗਦਾ। ਅੰਕੁਰ ਨੇ ਵੀ ਕਈ ਵਾਰ ਹਮਦਰਦੀ ਜਤਾਈ ਸੀ, “ਅੰਜਲੀ, ਤੂੰ ਉਸ ਵਕੀਲ ਦੀ ਨੌਕਰੀ ਛੱਡ ਦੇ... ਜਿੰਨੀ ਕੁ ਤਨਖ਼ਾਹ ਉਹ ਮਹੀਨੇ ਪਿੱਛੋਂ ਦਿੰਦੈ... ਅਸੀਂ ਲੇਬਰ ਨੂੰ ਹਫ਼ਤੇ ਮਗਰੋਂ ਦੇ ਦਿੰਦੇ ਹਾਂ...।” ਅੰਜਲੀ ਨੂੰ ਉਸ ਦਾ ਇਹ ਕਹਿਣਾ ਖੁੜਕਿਆ ਸੀ।
“ਦੇਖ ਅੰਕੁਰ... ਘਰੋਂ ਮਿਹਨਤ ਦੀ ਕਮਾਈ ਕਰਨ ਦੀ ਗੁੜ੍ਹਤੀ ਮਿਲੀ ਹੋਈ ਆ... ਜਦੋਂ ਜ਼ਰੂਰਤ ਪਈ, ਦੱਸ ਦਿਆਂਗੀ... ਸ਼ੁਕਰੀਆ...।” ਖ਼ੁਦਦਾਰੀ ਸਾਹਮਣੇ ਆ ਖਲੋਤੀ ਸੀ।
“ਚੱਲ ਇੰਨੀ ਕੁ ਗੱਲ ਮੰਨ ਲੈ... ਕਦੇ ਕਦੇ ਤੈਨੂੰ ਘਰ ਤੱਕ ਕਾਰ ’ਤੇ ਛੱਡ ਦਿਆ ਕਰਾਂ... ਯੂਨੀਵਰਸਿਟੀ ਬੱਸ ਵਿੱਚ ਲੋਹੜਿਆਂ ਦੀ ਭੀੜ ਹੁੰਦੀ ਆ...।” ਪਤਾ ਨਹੀਂ ਕੀ ਸੋਚ ਕੇ ਅੰਜਲੀ ਨੇ ‘ਹਾਂ’ ਕਰ ਦਿੱਤੀ ਸੀ ਪਰ ਉਹ ਘਰ ਤੋਂ ਕਈ ਕਦਮ ਦੂਰ ਹੀ ਕਾਰ ਵਿੱਚੋਂ ਉਤਰ ਜਾਂਦੀ। ਅੰਕੁਰ ਨੂੰ ਘਰ ਆਉਣ ਲਈ ਉਸ ਨੇ ਕਦੇ ਸੁਲ੍ਹਾ ਵੀ ਨਹੀਂ ਸੀ ਮਾਰੀ।
ਕਦੇ ਕਦੇ ਅੰਜਲੀ ਦਾ ਮਨ ਉਬਾਲ਼ਾ ਖਾ ਉੱਠਦਾ। ‘ਕਿਉਂ ਨਾ ਉਸ ਨੂੰ ਆਪਣੇ ਘਰ ਦੀ ਹਾਲਤ ਬਾਰੇ ਦੱਸ ਦਿਆਂ?’ ਫਿਰ ਕੁਝ ਸੋਚਾਂ ਘੇਰ ਲੈਂਦੀਆਂ, ‘ਹੋ ਸਕਦੈ, ਉਸ ਦੇ ਮਨ ਵਿੱਚ ਇਹ ਵਿਚਾਰ ਕਦੇ ਆਇਆ ਹੀ ਨਾ ਹੋਵੇ... ਤੂੰ ਤਾਂ ਐਵੇਂ ਫਜ਼ੂਲ ਖ਼ਿਆਲਾਂ ਦੇ ਵੱਸ ਪਈ ਰਹਿਨੀ ਐਂ...।’ ਸ਼ਸ਼ੋਪੰਜ ਵਿੱਚ ਕਈ ਦਿਨ ਹੋਰ ਲੰਘ ਗਏ। ਅੱਜ ਉਸ ਨੇ ਪੱਕਾ ਮਨ ਬਣਾ ਲਿਆ ਸੀ। ‘ਦੱਸ ਹੀ ਦੇਣਾ... ਜੋ ਹੋਊ ਦੇਖੀ ਜਾਊ...।’
ਡਿਪਾਰਟਮੈਂਟ ਦੇ ਬਾਹਰ ਅੰਕੁਰ ਇੰਤਜ਼ਾਰ ਕਰ ਰਿਹਾ ਸੀ। “ਚੱਲ ਕੌਫ਼ੀ ਹਾਊਸ ਚੱਲਦੇ ਹਾਂ... ਅੱਜ ਕਲਾਸ ਦਾ ਮੂਡ ਨਹੀਂ...।” “ਕੀ ਗੱਲ ਜਨਾਬ... ਅੱਜ ਚਿਹਰਾ ਉਤਰਿਆ ਲੱਗਦੈ...?” ਦੋਵੇਂ ਨਾਲ ਨਾਲ ਚੱਲ ਰਹੇ ਸਨ। ਚੁੱਪ ਵੀ ਉਨ੍ਹਾਂ ਦਾ ਸਾਥ ਦੇ ਰਹੀ ਸੀ। ਵੇਟਰ ਸ਼ਰਾਰਤੀ ਜਿਹਾ ਝਾਕਦਾ ਕੌਫ਼ੀ ਦੇ ਕੱਪ ਟੇਬਲ ’ਤੇ ਰੱਖ ਗਿਆ ਸੀ-ਚਾਕਲੇਟੀ ਜਿਹੀ ਝੱਗ ਉੱਤੇ ਦਿਲ ਦਾ ਅਕਸ ਬਣਿਆ ਹੋਇਆ! “ਅੰਕੁਰ, ਅੱਜ ਮੈਂ ਤੈਨੂੰ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ...।” ਉਸ ਦਾ ਹੁੰਗਾਰਾ ਉਡੀਕੇ ਬਿਨਾਂ ਉਹ ਅੱਗੇ ਬੋਲ ਪਈ, “ਮੈਂ ਇੱਕ ਗ਼ਰੀਬ ਪਿਓ ਦੀ ਧੀ... ਛੋਟੀ ਭੈਣ ਆਪਣੀ ਪੜ੍ਹਾਈ ਦਾ ਖ਼ਰਚਾ ਆਪ ਚੁੱਕਦੀ ਆ... ਤੂੰ ਤਕੜੇ ਘਰੋਂ ਐਂ... ਤੇ ਮੈਂ ਨੀਵੀਂ ਜਾ...।” ਉਹ ਅੱਜ ਕੋਈ ਵੀ ਭੁਲੇਖਾ ਨਹੀਂ ਸੀ ਰੱਖਣਾ ਚਾਹੁੰਦੀ।
“ਤੁਸੀਂ ਤਾਂ ਸੀਰੀਅਸ ਹੋ ਗਏ ਬਾਦਸ਼ਾਹੋ... ਦੋਸਤੀ ਵਿੱਚ ਕੋਈ ਜਾਤ ਪਾਤ ਨਹੀਂ ਹੁੰਦੀ... ਸਿਰਫ਼ ਮੁਹੱਬਤ ਹੁੰਦੀ ਏ... ਸੱਚੀ ਮੁਹੱਬਤ... ਆਪਾਂ ਤਾਂ ਲੰਮੇ ਪੈਂਡਿਆਂ ਦੇ ਹਮਸਫ਼ਰ ਹਾਂ...।” ਅੰਕੁਰ ਵੱਡੀ ਗੱਲ ਕਹਿ ਗਿਆ ਸੀ।
ਦੋਵਾਂ ਨੂੰ ਇਕੱਠਿਆਂ ਘੁੰਮਦਿਆਂ ਦੇਖ ਮਨਚਲਿਆਂ ਦੀਆਂ ਟਕੋਰਾਂ ਠਾਹ ਸੀਨੇ ਵੱਜਦੀਆਂ।
“ਪਤਾ ਨੀ ਬਾਣੀਏ ਨੇ ਕਿਹੜੇ ਚਿੱਟੇ ਚੌਲ ਪੁੰਨ ਕੀਤੇ ਹੋਣੈ ਆ... ਬਾਈ ਕਲਜੁਗ ਆ ਕਲਜੁਗ...।”
“ਇਉਂ ਲੱਗਦੈ ਜਿਵੇਂ ਚੰਨ ਨੂੰ ਗ੍ਰਹਿਣ ਲੱਗਿਆ ਹੋਵੇ...।” ਕੋਈ ਦੂਜਾ ਆਹਾਂ ਭਰਦਾ।
ਉਹ ਮੁਸਕੜੀਂਏ ਹੱਸਦੇ। ਅੰਕੁਰ ਦੇ ਯਾਰਾਂ ਦੀ ਢਾਣੀ ਵੀ ਉਸ ਦੀ ਕਿਸਮਤ ਉੱਤੇ ਰਸ਼ਕ ਕਰਨ ਲੱਗੀ ਸੀ।
“ਪਤੰਦਰਾ, ਹੱਥ ਵੀ ਟੀਸੀ ਵਾਲੇ ਬੇਰ ਨੂੰ ਪਾਇਐ... ਪੜ੍ਹਾਈ ’ਚ ਵੀ ਟੌਪਰ ਤੇ ਹੁਸਨ...।” ਇੱਕ ਦਿਨ ਨਸ਼ੇ ਦੀ ਲੋਰ ਵਿੱਚ ਆਏ ਰਜਨੀਸ਼ ਦਾ ਅੰਦਰਲਾ ਦਰਦ ਬਾਹਰ ਆ ਗਿਆ ਸੀ।
“...ਚਲੋ ਜਾਤ ਪਾਤ ਤਾਂ ਬੰਦੇ ਦੀ ਆਪਣੀ ਬਣਾਈ ਹੋਈ ਐ ...ਵੈਸੇ ਭਾਬੀ ਹੈ ਨਿਰੀ ਬਰੇਲੀ ਦੀ ਬਰਫ਼ੀ...।” ਅੰਕੁਰ ਨੂੰ ਜਾਪਿਆ, ਜਿਵੇਂ ਜਸਮੀਤ ਨੇ ਕਸੂਤੀ ਜਿਹੀ ਗਾਲ੍ਹ ਕੱਢ ਦਿੱਤੀ ਹੋਵੇ।
ਮਹਿਫ਼ਿਲ ਖ਼ਤਮ ਹੋਈ ਤਾਂ ਅੰਕੁਰ ਦੇ ਅੰਦਰ ਕੋਈ ਤੂਫ਼ਾਨ ਉੱਠ ਖੜ੍ਹਾ ਹੋਇਆ। ‘ਇਸ ਵਾਰ ਘਰ ਜਾ ਕੇ ਗੱਲ ਕਰੂੰ... ਵੈਸੇ ਪਹਿਲਾਂ ਤਾਂ ਘਰਦਿਆਂ ਨੇ ਕਦੇ ਮੋੜੀ ਨੀ...।’ ਗੱਲ ਹੈ ਵੀ ਸੱਚੀ ਸੀ। ਇਕਲੌਤੀ ਔਲਾਦ... ਚੋਖੀ ਜ਼ਮੀਨ ਜਾਇਦਾਦ... ’ਕੱਲਮ ’ਕੱਲਾ ਵਾਰਸ! ਲਾਲਾ ਬ੍ਰਿਜ ਭੂਸ਼ਣ ਦਾ ਸੁਭਾਅ ਥੋੜ੍ਹਾ ਰੁੱਖਾ ਸੀ, ਪਰ ਸਵਿੱਤਰੀ ਦੇਵੀ ਤਾਂ ਨਿਰੀ ਮਮਤਾ ਦੀ ਮੂਰਤ ਸੀ। ਜੇ ਕਦੇ ਤਲਖ਼-ਮਿਜਾਜ਼ੀ ਦੀ ਨੌਬਤ ਆ ਜਾਂਦੀ ਤਾਂ ਉਹ ਚੱਟਾਨ ਵਾਂਗਰਾਂ ਅੰਕੁਰ ਦੇ ਹੱਕ ਵਿੱਚ ਆ ਖਲੋਂਦੀ। “ਚਿੰਟੂ ਦੇ ਪਾਪਾ... ਆਪਾਂ ਨੂੰ ਤਾਂ ਲੈ ਦੇ ਕੇ ਇਹੀ ਸਭ ਕੁਸ਼ ਆ... ਕਰਮਾਂ ਵਾਲਾ... ਤੂੰ ਦਿਲ ਛੋਟਾ ਨਾ ਕਰਿਆ ਕਰ... ਜਿਵੇਂ ਕਹਿੰਦੈ ਮੰਨ ਲੈ... ਜਵਾਨ ਖ਼ੂਨ ਆ...।” ਵਾਰੀ ਅੰਕੁਰ ਦੇ ਹੱਕ ਵਿੱਚ ਭੁਗਤ ਜਾਂਦੀ।
ਛੁੱਟੀਆਂ ਤੋਂ ਬਾਅਦ ਘਰੋਂ ਮੁੜਿਆ ਉਹ ਅੰਜਲੀ ਦੀਆਂ ਨਜ਼ਰਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗਾ। ਕਲਾਸ ਸ਼ੁਰੂ ਹੋਣ ਪਿੱਛੋਂ ਪਹੁੰਚਦਾ ਅਤੇ ਪੀਰੀਅਡ ਖ਼ਤਮ ਹੋਣ ਸਾਰ ਬਾਹਰ ਨਿਕਲ ਜਾਂਦਾ। ਫੋਨ ਸਵਿੱਚ ਔਫ ਹੁੰਦਾ। ਅੰਜਲੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ‘ਸ਼ਾਇਦ ਆਉਣ ਵਾਲੇ ਫਾਈਨਲ ਪੇਪਰਾਂ ਨੂੰ ਲੈ ਕੇ ਚਿੰਤਾਤੁਰ ਹੋਵੇ... ਸਿਹਤ ਦੀ ਕੋਈ ਸਮੱਸਿਆ ਨਾ ਹੋਵੇ...।’ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਉੱਠ ਰਹੇ ਸਨ। ਉਸ ਨੇ ਰਜਨੀਸ਼ ਤੋ ਜਾਣਨਾ ਚਾਹਿਆ, ਪਰ ਉਹ ਵੀ ਕਿਸੇ ਹਕੀਕਤ ਤੋਂ ਅਣਜਾਣ ਸੀ। ਅੰਜਲੀ ਦੇ ਜ਼ੋਰ ਦੇਣ ’ਤੇ ਉਹ ਅੰਕੁਰ ਦੇ ਹੋਸਟਲ ਜਾ ਪਹੁੰਚਿਆ।
ਅੰਕੁਰ ਮੰਜੇ ’ਤੇ ਮੂਧੇ ਮੂੰਹ ਪਿਆ ਸੀ। ਅੱਖਾਂ ਰੋ ਕੇ ਸੁੱਜੀਆਂ ਹੋਈਆਂ। ਰਜਨੀਸ਼ ਡਰ ਗਿਆ। ਅਖੀਰ ਹੁਬਕੀਂ ਰੋਂਦੇ ਨੇ ਦੱਸਿਆ, “ਯਾਰ ਕੀ ਦੱਸਾਂ... ਡੈਡ ਨੇ ਤਾਂ ਇਸ ਵਾਰ ਕਲਾਸ ਹੀ ਲਗਾਤੀ। ਅੰਜਲੀ ਨਾਲ ਵਿਆਹ ਦੀ ਗੱਲ ਹੀ ਤੋਰੀ ਸੀ... ਭੁੜਕ ਉੱਠਿਆ... ਅਖੇ, ਹੈ ਕੋਈ ਆਪਣਾ ਮੇਲ ਉਨ੍ਹਾਂ ਨਾਲ... ਸੁਸਾਇਟੀ ਵਿੱਚ ਰੁਤਬਾ... ਖ਼ਾਨਦਾਨ...! ਜੇ ਜ਼ਿੱਦ ਕੀਤੀ ਤਾਂ ਬੇਦਖ਼ਲ ਕਰ ਕੇ ਘਰੋਂ ਬਾਹਰ ਕੱਢ ਦੇਊਂਗਾ...।” ਇਸ ਵਾਰ ਮਾਤਾ ਦੀ ਵਕਾਲਤ ਵੀ ਕੰਮ ਨਹੀਂ ਸੀ ਆਈ।
“ਹੁਣ ਤੂੰ ਦੱਸ... ਮੈਂ ਕੀ ਕਰਾਂ...?” ਅੰਕੁਰ ਦਾ ਦਿਮਾਗ਼ ਸਾਥ ਨਹੀਂ ਸੀ ਦੇ ਰਿਹਾ।
“ਅੰਜਲੀ ਲੱਖਾਂ ’ਚੋਂ ਇੱਕ ਹੈ... ਹੁਸ਼ਿਆਰ... ਸੋਹਣੀ ਸੁਨੱਖੀ... ਭਰੋਸੇਯੋਗ... ਫਿਰ ਉਹ ਤੇਰੇ ’ਤੇ ਜਾਨ ਦਿੰਦੀ ਆ... ਜੇ ਇੱਥੇ ਪਹੁੰਚ ਕੇ ਵੀ ਆਪਾਂ ਇਨ੍ਹਾਂ ਦਕੀਆਨੂਸੀ ਵਿਚਾਰਾਂ ਵਿੱਚ ਫਸੇ ਰਹੇ ਤਾਂ ਕੋਈ ਫ਼ਾਇਦਾ ਨਹੀਂ ਪੜ੍ਹੇ ਲਿਖੇ ਹੋਣ ਦਾ...।”
ਜਸਮੀਤ ਨਾਲ ਸਲਾਹ ਕੀਤੀ। ਉਹ ਬੋਲਿਆ, “ਕੀ ਗ਼ਲਤ ਕਿਹਾ ਬਾਪੂ ਨੇ...? ਰਹਿਣਾ ਤਾਂ ਇਸੇ ਧਰਤੀ ’ਤੇ ਐ... ਦੁਨੀਆ ਦਾ ਸਾਹਮਣਾ ਕਰ ਲਵੇਂਗਾ? ਵੱਡਿਆਂ ਨੇ ਕੁਝ ਸੋਚ ਵਿਚਾਰ ਕੇ ਹੀ ਜਾਤਾਂ ਬਣਾਈਆਂ ਸਨ... ਉਹਦਾ ਰੰਗ ਹੀ ਗੋਰਾ... ਬੱਸ... ਤੈਨੂੰ ਕੁੜੀਆਂ ਦਾ ਘਾਟਾ...।”
ਮਸਲਾ ਹੋਰ ਗੁੰਝਲਦਾਰ ਹੋ ਗਿਆ ਸੀ। ‘ਕੀ ਕਸੂਰ ਐ ਜੇ ਉਹ ਲਿੱਸੇ ਘਰੋਂ ਹੈ... ਉਹਨੇ ਰੱਬ ਜਿੱਡਾ ਵਿਸ਼ਵਾਸ਼ ਕੀਤਾ ਤੇਰੇ ’ਤੇ... ਜਿਹੜੀਆਂ ਕਸਮਾਂ ਖਾਧੀਆਂ ਤੋੜ ਨਿਭਾਉਣ ਦੀਆਂ... ਸੱਚੀ ਮੁਹੱਬਤ ਦੀਆਂ...।’ ‘...ਫਿਰ ਕੀ ਹੋਇਆ ...ਕੀ ਘਟ ਗਿਆ ਉਹਦਾ, ਜੇ ਚਾਰ ਦਿਨ ’ਕੱਠੇ ਘੁੰਮ ਲਏ? ਕੀ ਦੱਸੇਂਗਾ ਜ਼ਮਾਨੇ ਨੂੰ ਕਿ ਕਿਹੜੇ ਨਾਮੀ ਖ਼ਾਨਦਾਨ ਦੀ ਧੀ ਐ... ਮਾਪਿਆਂ ਤੋਂ ਅੱਡ ਟੁੱਟ ਬਹੇਂਗਾ...।” ਦੂਜਾ ਅੰਕੁਰ ਸਾਹਮਣੇ ਆ ਖਲੋਤਾ ਸੀ।
ਮਨ ਨੂੰ ਇੱਕ ਤਰਕੀਬ ਸੁੱਝੀ। ‘ਸੱਪ ਵੀ ਮਰਜੇ, ਲਾਠੀ ਵੀ ਨਾ ਟੁੱਟੇ।’ ਅੰਜਲੀ ਨੂੰ ਕਾਰ ਵਿੱਚ ਬਿਠਾਇਆ।
“ਚੱਲ ਕਿਤੇ ਪਹਾੜਾਂ ਵੱਲ ਨਿਕਲ ਚੱਲੀਏ..।” “ਕਿਉਂ...?” ਅੰਜਲੀ ਨੂੰ ਕੋਈ ਤੌਖ਼ਲਾ ਸਤਾ ਰਿਹਾ ਸੀ। “ਮੌਜ ਮਸਤੀ... ਫ਼ਨ-ਸ਼ਨ... ਪੈੱਗ-ਸ਼ੈਗ...।” ਅੰਕੁਰ ਇੱਕ ਪਾਸਾ ਕਰਨ ਲਈ ਕਾਹਲ਼ਾ ਸੀ। “ਅੰਕੁਰ... ਕੀ ਹੋ ਗਿਆ ਤੈਨੂੰ... ਕਿਹੋ ਜਿਹੀਆਂ ਪਾਗਲਾਂ ਵਾਂਗ ਗੱਲਾਂ ਕਰਦੈਂ...!” ਅੰਜਲੀ ਨੂੰ ਅਜੇ ਵੀ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ।
“ਹਸਬੈਂਡ ਵਾਈਫ ਤਾਂ ਆਪਾਂ ਬਣ ਹੀ ਜਾਣੈ... ਅੱਜ ਨਹੀਂ ਤਾਂ ਕੱਲ੍ਹ... ਫਿਰ ਕੀ ਇਤਰਾਜ਼ ਐ...।” ਕਹਿੰਦਿਆਂ ਅੰਕੁਰ ਨੇ ਉਸ ਨੂੰ ਆਪਣੇ ਵੱਲ ਖਿੱਚਿਆ।
“...ਮਾਣ ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ ...ਮੋਰਉਵਰ ਵੀ ਆਰ ਨਾਟ ਐਡੋਲਸੰਟਸ ...ਸੌਰੀ।” ਅੰਜਲੀ ਨੇ ਝਟਕੇ ਨਾਲ ਬਾਂਹ ਛੁਡਾ ਲਈ।
“ਤੇਰੀ ਇਹ ਮਜਾਲ... ਤੂੰ ਜਵਾਬ ਦੇਵੇਂ ਮੈਨੂੰ! ਤੇਰੀ ਔਕਾਤ ਕੀ ਐ? ਕੀ ਸੁਪਨੇ ਸਿਰਜੀ ਬੈਠੀ ਹੈਂ? ਮਹਿਲਾਂ ਦੇ ਖ਼ੁਆਬ? ਜਾਤ ਦੀ ਕੋੜ੍ਹ ਕਿਰਲੀ ਸ਼ਤੀਰਾਂ ਨੂੰ ਜੱਫ਼ੇ...।” ਅੰਕੁਰ ਫੁੰਕਾਰੇ ਮਾਰ ਰਿਹਾ ਸੀ। “ਹੁਣ ਮੈਂ ਦਿਖਾਊਂ ਆਪਣੀ ਔਕਾਤ... ਯਾਦ ਰੱਖੀਂ... ਇਹ ਅੰਜਲੀ ਦਾ ਵਾਅਦਾ ਰਿਹਾ ਤੇਰੇ ਨਾਲ।” ਕਾਰ ’ਚੋਂ ਉਤਰ ਉਹ ਜ਼ਖ਼ਮੀ ਸ਼ੇਰਨੀ ਵਾਂਗ ਦਹਾੜ ਰਹੀ ਸੀ।
ਅੰਜਲੀ ਦੇ ਦਿਲੋ-ਦਿਮਾਗ਼ ’ਤੇ ਇੱਕੋ ਧੁਨ ਸਵਾਰ ਸੀ ਕਿ ਕਿਵੇਂ ਸਿਵਿਲ ਸਰਵਿਸਜ਼ ਪਾਸ ਕਰਨਾ ਹੈ। ਅੱਜ ਤੱਕ ਬੜੇ ਤਾਹਨੇ ਮਿਹਣੇ ਸੁਣੇ ਸਨ, ਕਿਸੇ ਦੀ ਪਰਵਾਹ ਨਹੀਂ ਸੀ ਕੀਤੀ। ਅੰਕੁਰ ਨੇ ਤਾਂ ਕਮੀਣ ਕਹਿ ਕੇ ਉਸ ਨੂੰ ਡੂੰਘੇ ਪਤਾਲੀਂ ਸੁੱਟ ਦਿੱਤਾ ਸੀ। ਕਿੰਨੇ ਵੱਡੇ ਘਰਾਂ ਦੇ ਸ਼ਹਿਜ਼ਾਦਿਆਂ ਨੇ ਉਸ ਨੂੰ ਜੀਵਨ ਸਾਥੀ ਬਣਾਉਣ ਲਈ ਹਾੜ੍ਹੇ ਕੱਢੇ ਸਨ, ਪਰ ਉਸ ਇੱਕੋ ਗੱਲ ਪੱਲੇ ਬੰਨ੍ਹ ਰੱਖੀ ਸੀ ਕਿ ਵਫ਼ਾ ਨਿਭਾਉਣੀ ਹੈ।
ਅੰਜਲੀ ਦਾ ਰਿਜ਼ਲਟ ਆ ਗਿਆ ਸੀ- ਨਾਲ ਹੀ ਆਏ ਸਨ ਉੱਚ ਘਰਾਣਿਆਂ ਦੇ ਰਿਸ਼ਤੇ। ਸ਼ਾਇਦ ਰੁਤਬੇ ਅੱਗੇ ਵਰਣ-ਵਰਗ ਵੀ ਫਿੱਕਾ ਪੈ ਜਾਂਦਾ ਹੈ। ਐਮ.ਐਲ.ਏ. ਸਰਬਜਿੰਦਰ ਸਿੰਘ ਬਰਾੜ ਨੇ ਆਪਣੇ ਫ਼ਰਜ਼ੰਦ ਵਾਸਤੇ ਰੱਖਾ ਰਾਮ ਦੇ ਘਰ ਆ ਆਪਣੀ ਝੋਲੀ ਅੱਡੀ ਸੀ। ਗੁਲਨੀਤ ਯੂਨੀਵਰਸਿਟੀ ਵਿੱਚ ਅੰਜਲੀ ਤੋਂ ਇੱਕ ਸਾਲ ਸੀਨੀਅਰ ਸੀ। ਚਾਹੁੰਦਾ ਹੋਇਆ ਵੀ ਉਸ ਨਾਲ ਗੱਲ ਨਹੀਂ ਸੀ ਕਰ ਸਕਿਆ। ਸ਼ਾਇਦ ਅੰਜਲੀ ਤੇ ਅੰਕੁਰ ਦੇ ਰਿਸ਼ਤੇ ਦੀ ਪਾਕੀਜ਼ਗੀ ਆੜੇ ਆ ਜਾਂਦੀ ਸੀ।
ਰੱਖਾ ਰਾਮ ਦੇ ਨਿਰਮਲਾ ਦੇਵੀ ਦੀ ਫੋਟੋ ਨਾਲ ਗੱਲਾਂ ਕਰਦਿਆਂ ਪਰਲ ਪਰਲ ਹੰਝੂ ਵਗ ਰਹੇ ਸਨ, “ਦੇਖ ਲੈ... ਅੰਜਲੀ ਦੀ ਮਾਂ... ਮੈਂ ਤੇਰਾ ਵਾਅਦਾ ਪੁਗਾ’ਤਾ... ਤੇਰੀ ਧੀ ਅੱਜ ਚੋਟੀ ਦੀ ਅਫ਼ਸਰ ਬਣੀ ਐ...।”
ਟੇਬਲ ’ਤੇ ਰੱਖਿਆ ਖਾਣਾ ਠੰਢਾ ਹੋ ਗਿਆ ਸੀ। ਸੇਵਾਦਾਰ ਨੇ ਚਾਹ ਸਾਹਮਣੇ ਲਿਆ ਕੇ ਰੱਖੀ ਤਾਂ ਅੰਜਲੀ ਨੇ ਆਪਣੇ ਆਪ ਨੂੰ ਸੰਭਾਲਿਆ। ਫਿਰ ਤੋਂ ਦਫ਼ਤਰੀ ਕੰਮ ਸ਼ੁਰੂ ਹੋ ਗਿਆ। ਬਾਬੂ ਚਮਨ ਲਾਲ ਮੈਡਮ ਅੱਗੇ ਰਜਿਸਟਰੀ ਦੇ ਪੇਪਰ ਪੇਸ਼ ਕਰਦਿਆਂ ਦੱਸ ਰਿਹਾ ਸੀ, “ਸਮਾਂ ਬੜਾ ਬਲਵਾਨ ਹੈ ਮੈਡਮ ਜੀ... ਸਾਡੇ ਸ਼ਹਿਰ ਦੇ ਸਭ ਤੋਂ ਵੱਡੇ ਸੇਠ ਲਾਲਾ ਬ੍ਰਿਜ ਭੂਸ਼ਣ ਨੂੰ ਕੰਮਕਾਰ ਵਿੱਚ ਕਰੋੜਾਂ ਦਾ ਘਾਟਾ ਪੈ ਗਿਐ... ਹੁਣ ਜਾਇਦਾਦਾਂ ਵੇਚ ਕੇ ਦੇਣਦਾਰੀਆਂ ਨਿਪਟਾ ਰਿਹਾ... ਕਿਸੇ ਵੇਲੇ ਏਸੇ ਦਫ਼ਤਰ ਵਿੱਚ ਸਲੂਟਾਂ ਵੱਜਦੀਆਂ ਸਨ... ਹੁਣ ਲਾਈਨ ਵਿੱਚ ਖੜ੍ਹੇ ਦੇ ਮੂੰਹ ਤੋਂ ਮੱਖੀ ਨੀ ਉੱਡਦੀ...।”
ਗੰਨਮੈਨ ਨੇ ਅਖੀਰਲੇ ਵਿਅਕਤੀ ਨੂੰ ਆਵਾਜ਼ ਮਾਰੀ। ਅੰਦਰ ਪੈਰ ਪਾਉਂਦਿਆਂ ਹੀ ਪਿਉ-ਪੁੱਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅੰਜਲੀ ਨੇ ਸਾਹਮਣੇ ਪਏ ਪੇਪਰਾਂ ’ਤੇ ਨਜ਼ਰ ਮਾਰੀ, “ਸਟੈਂਪ ਡਿਊਟੀ ਦੀ ਚੋਰੀ ਕਰਦੇ ਓ... ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਦਿਖਾ ਕੇ...।” ਕੋਲ ਖੜ੍ਹਾ ਖ਼ਰੀਦਦਾਰ ਵੀ ਇਹ ਸੁਣ ਕੇ ਦਹਿਲ ਗਿਆ ਸੀ।
ਸੇਠ ਬ੍ਰਿਜ ਭੂਸ਼ਣ ਅਤੇ ਅੰਕੁਰ ਨੀਵੀਂ ਪਾਈ ਹੱਥ ਜੋੜੀ ਖੜ੍ਹੇ ਸਨ। ਗਲ਼ੇ ਵਿੱਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਹੌਸਲਾ ਜਿਹਾ ਇਕੱਠਾ ਕਰ ਲਾਲਾ ਜੀ ਨੇ ਅਰਜ਼ ਕੀਤੀ, “ਪਹਿਲਾਂ ਹੀ ਬਰਬਾਦ ਹੋ ਚੁੱਕੇ ਹਾਂ ਬੀਬਾ ਜੀ... ਸਭ ਕੁਝ ਵਿਕ...।”
ਅੰਜਲੀ ਕਿਸੇ ਜਕੋਤਕੀ ਵਿੱਚ ਸੀ ਕਿ ਬਾਪੂ ਰੱਖਾ ਰਾਮ ਦਾ ਚਿਹਰਾ ਸਾਹਮਣੇ ਆ ਖਲੋਤਾ। ਉਸ ਨੂੰ ਜਾਪਿਆ ਜਿਵੇਂ ਲਾਲਾ ਬ੍ਰਿਜ ਭੂਸ਼ਣ ਦੇ ਪੈਰ ਜੋੜਿਆਂ ਤੋਂ ਸੱਖਣੇ ਹੋਣ! ਉਸ ਨੇ ਰਜਿਸਟਰੀ ਉੱਤੇ ਆਪਣੇ ਦਸਤਖ਼ਤ ਕੀਤੇ ਅਤੇ ਬਾਹਰ ਨੀਲੀ ਬੱਤੀ ਵਾਲੀ ਕਾਰ ਵਿੱਚ ਜਾ ਬੈਠੀ।
ਸੰਪਰਕ: 89684-33500