ਰੂਹ ਦਾ ਰਿਸ਼ਤਾ
‘‘ਕੀਹਨੂੰ ਫੋਨ ਕਰੀ ਜਾਨੈ ਬਾਪੂ?’’ ‘‘ਆਪਣੀ ਕੁੜੀ ਨੂੰ ਫੋਨ ਕਰਦਾਂ।’’ ‘‘ਕਿਉਂ?’’ ‘‘ਮਿਲਣੈ ਉਹਨੂੰ। ਮਿਲਾ ਕੇ ਦੇ ਫੋਨ।’’ ‘‘ਸ਼ਿਕਾਇਤਾਂ ਲਾਉਣੀਆਂ ਨੇ ਸਾਡੀਆਂ।’’ ‘‘ਫੋਨ ਮਿਲਾ ਕੇ ਦੇਣ ਨੂੰ ਕਹਿੰਨਾ ਮੈਂ ਤੈਨੂੰ। ਆਪਣੀ ਧੀ ਨਾਲ ਗੱਲ ਨ੍ਹੀਂ ਕਰ ਸਕਦਾ ਮੈਂ?’’ ਸੁੱਚਾ ਸਿੰਘ ਨੇ...
‘‘ਕੀਹਨੂੰ ਫੋਨ ਕਰੀ ਜਾਨੈ ਬਾਪੂ?’’
‘‘ਆਪਣੀ ਕੁੜੀ ਨੂੰ ਫੋਨ ਕਰਦਾਂ।’’
‘‘ਕਿਉਂ?’’
‘‘ਮਿਲਣੈ ਉਹਨੂੰ। ਮਿਲਾ ਕੇ ਦੇ ਫੋਨ।’’
‘‘ਸ਼ਿਕਾਇਤਾਂ ਲਾਉਣੀਆਂ ਨੇ ਸਾਡੀਆਂ।’’
‘‘ਫੋਨ ਮਿਲਾ ਕੇ ਦੇਣ ਨੂੰ ਕਹਿੰਨਾ ਮੈਂ ਤੈਨੂੰ। ਆਪਣੀ ਧੀ ਨਾਲ ਗੱਲ ਨ੍ਹੀਂ ਕਰ ਸਕਦਾ ਮੈਂ?’’ ਸੁੱਚਾ ਸਿੰਘ ਨੇ ਜੀਤ ਤੋਂ ਆਪਣਾ ਮੋਬਾਈਲ ਫੜਿਆ ਤੇ ਅੱਖਾਂ ’ਤੇ ਲਾਈ ਐਨਕ ਠੀਕ ਕਰਦਾ ਹੋਇਆ ਬਾਹਰ ਨੂੰ ਤੁਰ ਪਿਆ। ਉਹ ਆਪੇ ਨਾਲ ਗੱਲਾਂ ਕਰਦਾ ਤੁਰਿਆ ਜਾ ਰਿਹਾ ਸੀ।
‘‘ਆਪਣੇ ਆਪ ਨੂੰ ਨਾਢੂ ਸਮਝਦੈ। ਕੰਮ ਦਾ ਡੱਕਾ ਨ੍ਹੀਂ ਤੋੜਨਾ। ਅਜੇ ਤਾਂ ਬੈਠਿਆਂ ਨੂੰ ਥੱਬਾ ਨੋਟਾਂ ਦਾ ਦਿੰਨਾ ਮੈਂ। ਚੌਂਤੀ ਸਾਲ ਨੌਕਰੀ ਕੀਤੀ ਐ। ਮੇਰੇ ਪੜ੍ਹਾਏ ਹੋਏ ਅਫ਼ਸਰ ਲੱਗੇ ਹੋਏ ਨੇ।’’ ਤੁਰਦਾ-ਤੁਰਦਾ ਉਹ ਬਾਹਰਲੇ ਘਰ ਪਹੁੰਚ ਗਿਆ। ਉਸ ਨੂੰ ਦੇਖ ਕੇ ਮੱਝ ਰਿੰਗੀ। ਮੱਝ ਨੇ ਸਿਰ ਹਿਲਾਇਆ ਜਿਵੇਂ ਪੱਠੇ ਮੰਗਦੀ ਹੋਵੇ।
‘‘ਬਾਲਟੀ ਲੈ ਕੇ ਹੇਠਾਂ ਬੈਠਣਾ ਆਉਂਦੈ। ਪੱਠੇ ਇਨ੍ਹਾਂ ਦਾ ਬਾਪ ਪਾਊ।’’
ਸੁੱਚਾ ਸਿੰਘ ਨਿੰਮ ਕੋਲ ਜਾ ਖੜ੍ਹਿਆ। ਇਹ ਨਿੰਮ ਉਸ ਨੇ ਆਪਣੇ ਹੱਥੀਂ ਲਾਇਆ ਸੀ। ਆਪਣੇ ਪੁੱਤਾਂ ਵਾਂਗ ਪਾਲਿਆ ਸੀ ਇਹ ਨਿੰਮ। ਜੀਤ ਨੇ ਕਈ ਵਾਰੀ ਨਿੰਮ ਦਾ ਸੌਦਾ ਕੀਤਾ ਪਰ ਸੁੱਚਾ ਸਿੰਘ ਝੱਟ ਅੱਗੇ ਆ ਖੜ੍ਹਦਾ। ਅਖੇ, ਮੈਥੋਂ ਲੈ ਲਾ ਨੋਟ ਜਿੰਨੇ ਚਾਹੀਦੇ ਨੇ ਪਰ ਮੈਂ ਨਿੰਮ ਨਹੀਂ ਵੱਢਣ ਦੇਣਾ। ਧੀਆਂ ਪੁੱਤ ਤਾਂ ਹੁਣ ਨਾਂ ਦੇ ਈ ਐ। ਰਤਾ ਵਡੇਰੀ ਉਮਰ ਹੋਈ ਤਾਂ ਮੰਜਾ ਵਿਹਲਾ ਭਾਲਦੇ ਐ। ਸਹਿਜ ਸੁਭਾਅ ਹੀ ਉਸ ਦਾ ਸਿਰ ਨਿੰਮ ਨਾਲ ਜਾ ਲੱਗਿਆ। ਅੱਖਾਂ ਸਿੰਮ ਆਈਆਂ ਕਿ ਮੈਨੂੰ ਕੋਈ ਗੌਲਦਾ ਈ ਨ੍ਹੀਂ ਘਰ ਵਿੱਚ। ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵੇਲੇ ਜੀ ਜੀ ਹੁੰਦੀ ਐ।
‘‘ਬਾਪੂ, ਤੂੰ ਏਥੇ ਕੀ ਕਰਦੈਂ ਨਿੰਮ ਕੋਲ?’’
‘‘ਕੁਸ਼ ਨ੍ਹੀਂ ਪੁੱਤ... ਕੁਸ਼ ਨ੍ਹੀਂ, ਜੀਤੋ ਐ! ਤੂੰ ਕਦ ਆਈ ਸਹੁਰਿਆਂ ਤੋਂ। ਮੈਂ ਤਾਂ ਯਾਦ ਕਰਦਾ ਸੀ। ਫੋਨ ਮਿਲਾਉਂਦਾ ਸੀ, ਲੱਗਿਆ ਈ ਨ੍ਹੀਂ।’’
‘‘ਬਾਪੂ, ਮੈਂ ਬਸ ਤੋਂ ਉੱਤਰ ਕੇ ਤੁਰੀ ਆਉਂਨੀ ਆਂ ਅਜੇ। ਸਰਸਰੀ ਬਾਹਰਲੇ ਵਿਹੜੇ ਵਿੱਚ ਨਜ਼ਰ ਮਾਰੀ ਤਾਂ ਤੂੰ ਦਿਸ ਪਿਆ। ਹੈਂ... ਕਿਸੇ ਨੇ ਕੁਸ਼ ਕਿਹਾ ਤੈਨੂੰ?’’ ਜੀਤੋ ਨੇ ਬਾਪੂ ਨੂੰ ਬੁੱਕਲ ਵਿੱਚ ਲੈ ਲਿਆ। ਜੀਤੋ ਨੇ ਉਸ ਦੀਆਂ ਸਿੱਲੀਆਂ ਅੱਖਾਂ ਦੇਖ ਲਈਆਂ ਸਨ।
‘‘ਧੱਤੜੇ ਕਰਦਾ... ਕੀਹਨੇ ਕਹਿਣਾ ਇਹਨੂੰ ਕੁਸ਼! ਜੀਤ ਦੀ ਤਾਂ ਬਾਪੂ-ਬਾਪੂ ਕਰਦੇ ਦੀ ਜ਼ੁਬਾਨ ਸੁੱਕਦੀ ਐ।’’ ਕੰਤੋ ਮੱਝ ਵੱਲ ਨੂੰ ਜਾਂਦੀ-ਜਾਂਦੀ ਜੀਤੋ ਕੋਲ ਆ ਗਈ।
‘‘ਸੁੱਖ ਐ ਜੀਤੋ? ਗਿਆਨ ਸਿਓਂ ਠੀਕ ਐ? ਨਿਆਣੇ...ਹੋਰ ਪਰਿਵਾਰ।’’ ਕੰਤੋ ਨੇ ਜੀਤੋ ਨੂੰ ਬੁਕਲ ਵਿੱਚ ਘੁੱਟਿਆ।
‘‘ਭਾਬੀ, ਹੁਣ ਤੁਸੀਂ ਬਾਪੂ ਦਾ ਖ਼ਿਆਲ ਰੱਖਿਆ ਕਰੋ। ਬੇਬੇ ਦੇ ਜਾਣ ਤੋਂ ਬਾਅਦ ਇਹ ਓਦਰਿਆ ਜਿਹਾ ਫਿਰਦੈ।’’ ਜੀਤੋ ਤੇ ਕੰਤੋ ਗੱਲਾਂ ਕਰਨ ਲੱਗ ਪਈਆਂ।
‘ਕੁਲਵੰਤ ਹੁਣ ਕੁੜੀ ਨੂੰ ਮੇਰੇ ਬਾਰੇ ਇੱਕ ਦੀਆਂ ਸੌ ਸੁਣਾਊ’ ਇਹ ਸੋਚਦਾ ਉਹ ਚੁੱੱਪ-ਚਾਪ ਬਾਹਰਲੇ ਘਰ ਤੋਂ ਆਪਣੇ ਖੇਤਾਂ ਵਾਲੀ ਪਹੀ ਪੈ ਗਿਆ। ਜਦੋਂ ਦੀ ਧੰਨ ਕੌਰ ਵਿਛੜੀ ਸੀ ਉਹ ਅਤੀਤ ਦੇ ਪਰਛਾਵੇਂ ਫੜਦਾ ਰਹਿੰਦਾ ਸੀ। ਅੱਜ ਉਸ ਨੂੰ ਲੱਗਿਆ ਜਿਵੇਂ ਉਹ ਬਲਦਾਂ ਦੀ ਜੋੜੀ ਲਈ ਜਾ ਰਿਹਾ ਹੋਵੇ। ਟਾਹਲੀ ਵਾਲੇ ਖੇਤ ਵਿੱਚ ਦੋਹਰ ਲਾਉਣੀ ਸੀ। ਜਿੰਨੀ ਵਾਹ, ਓਨੀ ਗਾਹ। ਬਾਪੂ ਚਾਰ ਦੋਹਰਾਂ ਲਵਾ ਦਿੰਦਾ ਸੀ। ਫ਼ਸਲ ਵੀ ਥਾਲੀ ਮਾਰਵੀਂ ਹੁੰਦੀ ਸੀ। ਉਹ ਖ਼ਿਆਲਾਂ ਦੀ ਦੁਨੀਆ ’ਚ ਧੰਨ ਕੌਰ ਨਾਲ ਗੱਲਾਂ ਕਰਨ ਲੱਗਾ।
‘‘ਹੁਣ... ਹੁਣ ਤਾਂ ਮੁੰਡੇ ਨੇ ਪਹਿਲਾਂ ਦਸ ਸਾਲ ਕੰਮ ਲਈ ਪਰਵਾਸੀ ਰੱਖਿਆ, ਫੇਰ ਠੇਕੇ ’ਤੇ ਦੇਤੀ। ਮੁੰਡੇ ਆਪ ਨ੍ਹੀਂ ਕਰਦੇ ਖੇਤੀ। ਪਰਵਾਸੀ ਮਜ਼ਦੂਰਾਂ ’ਤੇ ਛੱਡ ਦਿੱਤਾ ਸਭ ਕੁਝ।’’
‘‘ਕਿਉਂ ਆਪ ਨੀ ਕਰਦਾ ਖੇਤੀ ਜੀਤਾ?’’
‘‘ਹੁਣ ਨ੍ਹੀਂ ਕਰਦਾ ਖੇਤੀ ਤੇਰਾ ਲਾਡਲਾ ਧੰਨ ਕੁਰੇ।’’
‘‘ਕਿਉਂ? ਉਹਦੇ ਹੱਥ ਟੁੱਟੇ ਹੋਏ ਆ? ਤੂੰ ਆਪ ਨਾਲ ਡੱਕਾ ਚੁਕਾਈ ਜਾਂਦਾ।’’ ਧੰਨ ਕੌਰ ਗੁੱਸੇ ਵਿੱਚ ਬੋਲੀ।
‘‘ਜਿੰਨਾ ਚਿਰ ਪੁੱਗਦੀ ਸੀ, ਮੈਂ ਹੱਥੀਂ ਖੇਤੀ ਕੀਤੀ ਐ। ਕੇਵਲ ਸਿੰਘ ਸੀਰੀ ਸੀ ਮੇਰੇ ਨਾਲ, ਬੜੀ ਨਿਭਾਈ ਉਹਨੇ। ਭਰਾਵਾਂ ਆਂਗੂ ਰਹੇ ਅਸੀਂ। ... ਧੰਨ ਕੁਰੇ ਤੈਨੂੰ ਤਾਂ ਪਤਾ ਈ ਐ।’’
‘‘ਊਂ ਪਿੱਠ ਸੁਣਦੀ ਐ ਕੇਵਲ ਦੀ... ਸੁਖ-ਦੁੱਖ ਵਿੱਚ ਭਾਈਆਂ ਵਾਂਗੂ ਖੜ੍ਹਦਾ ਸੀ। ਜਦ ਵੱਡੇ ਭਰਾ ਪੂਰਨ ਸਿੰਹੁ ਦਾ ਕਤਲ ਹੋਇਆ, ਤਰੀਕ ’ਤੇ ਉਹ ਨਾਲ ਜਾਂਦਾ ਸੀ। ਤੈਨੂੰ ਤਾਂ ਮੈਂ ਬਥੇਰਾ ਕਿਹਾ ਸੀ ਚਾਰ ਮੁੰਡੇ ਜੰਮ ਲੈ। ਕਰਨਗੇ... ਖਾਣਗੇ। ਆਹ ਦੇਖ ਪਰਵਾਸੀਆਂ ਦੇ ਅੱਠ-ਅੱਠ ਨਿਆਣੇ ਐ। ਆਪਣੇ ਸਾਰੇ ਪਿੰਡ ਦੀ ਖੇਤੀ ਉਹੀ ਸਾਂਭੀ ਫਿਰਦੇ ਐ ਹੁਣ।’’
‘‘ਤੂੰ ਮੈਨੂੰ ਇਹ ਦੱਸ, ਹੁਣ ਖੇਤਾਂ ’ਚ ਕਾਹਤੋਂ ਭਟਕਦਾ ਫਿਰਦੈਂ? ਕੁੜੀ ਆਈ ਸੀ, ਉਹਦਾ ਦੁੱਖ-ਸੁਖ ਸੁਣਦਾ।’’
‘‘ਸੱਚੀ ਗੱਲ ਐ ਧੰਨ ਕੁਰੇ ਤੇਰੇ ਬਿਨਾਂ ਹੁਣ ਮੈਂ ਭਟਕਦਾ ਫਿਰਦੈਂ। ਨਾ ਅੰਦਰਲੇ ਘਰ ਚੈਨ, ਨਾ ਬਾਹਰਲੇ। ਤੇਰੇ ਬਿਨਾਂ ਚੱਜ ਨਾਲ ਕੋਈ ਰੋਟੀ ਵੀ ਨ੍ਹੀਂ ਪੁੱਛਦਾ। ਜਦੋਂ ਮਨ ਜ਼ਿਆਦਾ ਖਰਾਬ ਹੁੰਦੈ ਤਾਂ ਖੇਤਾਂ ਵੱਲ ਨੂੰ ਆ ਜਾਨਾਂ। ਹੁਣ ਤਾਂ ਖੇਤ ਵੀ ਮੇਰੇ ਵਾਂਗੂੰ ਉਦਾਸ-ਉਦਾਸ ਲੱਗਦੇ ਨੇ। ... ਆਪਣੇ ਖੇਤ ਕਿੱਥੋਂ ਰਹੇ। ਠੇਕੇ ਆਲਾ ਵਾਹੂ ਤਾਂ ਖੇਤ ਤਾਂ ਉਹਦੇ ਹੋਏ ਧੰਨ ਕੁਰੇ।’’
‘‘ਦੁਪਹਿਰ ਦੀ ਰੋਟੀ ਖਾਧੀ?’’
‘‘ਤੂੰ ਲਿਆਉਂਦੀ ਸੀ ਖੇਤਾਂ ਵਿੱਚ ਰੋਟੀ। ਟਾਹਲੀ ਦੀ ਛਾਵੇਂ ਬੈਠ ਕੇ ਖਾਂਦੇ ਸੀ। ਬਰਾਬਰ ਕਿਆਰਾ ਲਾ ਦਿੰਦੀ ਸੀ ਤੂੰ ਕਣਕ ਦੀ ਵਾਢੀ ਵੇਲੇ... ਜੀਅ ਕਰਦਾ ਸੀ ਤੇਰੀ ਦਾਤੀ ਨੂੰ ਘੁੰਗਰੂ ਲਵਾ ਦਿਆਂ। ਤੈਨੂੰ ਤਾਂ ਪਤਾ ਆਪਣੇ ਖੂਹ ਦੇ ਮੁੱਢ ਰੁੱਖਾਂ ਦੀ ਝਿੜੀ ਹੁੰਦੀ ਸੀ। ਸਾਰਾ ਪਿੰਡ ਆਪਣੇ ਖੂਹ ਨੂੰ ਝਿੜੀ ਆਲਾ ਖੂਹ ਆਖਦਾ ਸੀ। ... ਧੰਨ ਕੁਰੇ...ਧੰਨ ਕੁਰੇ...’’
‘‘ਤਾਇਆ, ਮੈਂ ਆਂ ਕਰਤਾਰਾ...।’’ ਇਹ ਸੁਣ ਕੇ ਉਹ ਖ਼ਿਆਲਾਂ ਦੀ ਦੁਨੀਆ ’ਚੋਂ ਬਾਹਰ ਆਇਆ।
‘‘ਅੱਛਾ...ਅੱਛਾ... ਤੂੰ ਇਧਰ ਕਿਵੇਂ ਕਰਤਾਰਿਆ?’’
‘‘ਮੇਰੇ ਕੋਲ ਨੇ ਖੇਤ ਠੇਕੇ ’ਤੇ।’’
‘‘ਆਹ ਨਾਲ ਕੌਣ ਐ... ਤੇਰਾ ਮੁੰਡਾ?’’
‘‘ਕਾਹਨੂੰ ਕੰਮ ਕਰਦੇ ਨੇ ਮੁੰਡੇ। ਇੱਕ ਪਰਵਾਸੀ ਰੱਖਿਆ। ਇਹੀ ਦੇਖਦੈ ਮੇਰੀ ਸਾਰੀ ਖੇਤੀ।’’
‘‘ਮੈਂ ਸੋਚਿਆ ਪਤਾ ਨ੍ਹੀਂ ਮੋਟਰ ’ਤੇ ਪਾਣੀ ਦੇ ਚਬੱਚੇ ਦੀ ਬੰਨੀ ’ਤੇ ਕੌਣ ਬੈਠੈ? ਦੂਰ ਤੋਂ ਝਾਉਲਾ ਪਿਆ, ਮੈਨੂੰ ਲੱਗਿਆ ਰੋਡਾ ਜਿਹਾ ਪਿੰਡ ਦਾ ਤਾਂ ਹੈ ਨ੍ਹੀਂ ਇਹ ਮੁੰਡਾ।’’
‘‘ਆਪਣੇ ਪਿੰਡ ਵਿਹੜੇ ਆਲੇ। ਹੁਣ ਉਹ ਕੰਮ ਨ੍ਹੀਂ ਕਰਦੇ। ...ਹੁਣ ਤਾਂ ਇਹੀ ਸਸਤੇ ਪੈਂਦੇ ਐ।’’
‘‘ਕਰਤਾਰਿਆ, ਬੁਰਾ ਤਾਂ ਨਾ ਮਨਾਈਂ। ਪਿੰਡ ਦੇ ਕਾਮਿਆਂ ਨਾਲ ਪੁਰਖਿਆਂ ਤੋਂ ਵਰਤਦੇ ਆਉਂਦੇ ਸੀ ਅਸੀਂ। ਉਨ੍ਹਾਂ ਨੂੰ ਧੀ, ਭੈਣ ਦੀ ਸੌ ਸ਼ਰਮ ਸੀ। ਸਾਡੇ ਪੁਰਖਿਆਂ ਨੇ ਜਦੋਂ ਪਿੰਡ ਵਸਾਏ ਸੀ ਤਾਂ ਖੇਤੀ ਦੀ ਮੱਦਦ ਲਈ ਬੱਤੀ ਦਸਤਕਾਰੀ ਵਾਲੇ ਹੱਥ ਦੇ ਕਾਰੀਗਰ ਤੇ ਕੰਮ ਦੇ ਕਰਿੰਦੇ ਪਰਿਵਾਰ ਨਾਲ ਲਿਆਂਦੇ ਸੀ। ਇਨ੍ਹਾਂ ਬਿਗਾਨਿਆਂ ਨੇ ਸਾਡੇ ਧੀਆਂ ਪੁੱਤਰਾਂ ਨਾਲ ਖ਼ੈਰ ਨ੍ਹੀਂ ਗੁਜ਼ਾਰਨੀ। ਸੁਣੀਆਂ ਨ੍ਹੀਂ ਤੂੰ ਖ਼ਬਰਾਂ।’’
‘‘ਚੱਲ ਚੱਲੀਏ ਬਈ... ਤਾਇਆ ਤਾਂ ਸ਼ੁਰੂ ਹੋ ਗਿਆ। ਤਾਏ ਨੂੰ ਕੀ ਪਤਾ... ਹੁਣ ਸਾਡੇ ਜੰਮੇ ਤਾਂ ਜੀਨਾਂ ਜੈਕਟਾਂ ਪਾ ਕੇ ਸ਼ਹਿਰ ਤੁਰੇ ਰਹਿੰਦੇ ਆ। ਆਪਣੇ ਮੁੰਡੇ ਅਜੀਤ ਸਿੰਹੁ ਨੂੰ ਦੇਖ ਲਵੇ। ਖੇਤ ਠੇਕੇ ’ਤੇ ਦੇ ਕੇ ਘਰਵਾਲੀ ਨੂੰ ਸ਼ਹਿਰ ਛੱਡ ਆਉਂਦੈ। ਆਥਣੇ ਲੈ ਆਉਂਦੈ। ਆਹੀ ਕੰਮ ਐ ਉਹਦਾ। ਅਗਲੀਆਂ ਤਵਾ ਨ੍ਹੀਂ ਚੜ੍ਹਾਉਂਦੀਆਂ, ਪੀਜ਼ੇ ਦਾ ਆਡਰ ਕਰਦੀਆਂ ਨੇ ਸਿੱਧਾ।’’
‘‘ਹੈਂ...ਹੈਂ... ਕੀ ਕਹਿੰਨੈਂ ਤੂੰ।’’
‘‘ਛੱਡ ਬਾਬਾ... ਤੇਰੇ ਨਾਲ ਕਿਹੜਾ ਮਗਜ਼ ਮਾਰੇ! ਸੁਣਦਾ ਤੈਨੂੰ ਹੈ ਨ੍ਹੀਂ।’’
ਇਹ ਕਹਿੰਦਾ ਕਰਤਾਰਾ ਪਰਵਾਸੀ ਮਜ਼ਦੂਰ ਦੇ ਪਿੱਛੇ-ਪਿੱਛੇ ਖੇਤ ਦੇ ਦੂਜੇ ਬੰਨੇ ਵੱਲ ਚਲਾ ਗਿਆ।
ਉਹ ਫਿਰ ਧੰਨ ਕੌਰ ਨਾਲ ਗੱਲੀਂ ਲੱਗ ਗਿਆ, ‘‘ਚਾਰ ਕਿੱਲਿਆਂ ਦਾ ਇਕੱਠਾ ਟੱਕ ਸੀ। ਕੋਈ ਸਮਾਂ ਸੀ ਜਦ ਝਿੜੀ ਵਾਲੇ ਖੂਹ ਨੂੰ ਹਰ ਕੋਈ ਸਵਰਗ ਆਖਦਾ ਸੀ। ਪਿੰਡ ਦੇ ਬਹੁਤੇ ਬਜ਼ੁਰਗ ਜੇਠ - ਹਾੜ੍ਹ ਦੇ ਦੁਪਹਿਰੇ ਇੱਥੇ ਹੀ ਕੱਟਦੇ। ਪਿੰਡ ਦੀ ਨਿਆਈਂ ਵਿੱਚ ਸੀ ਇਹ ਖੂਹ। ਹੁਣ ਤਾਂ ਇੱਥੇ ਇੱਕ ਵੀ ਰੁੱਖ ਨ੍ਹੀਂ। ਪੰਜ ਕੁ ਸਾਲ ਪਹਿਲਾਂ ਝਿੜੀ ਦੇ ਸਾਰੇ ਰੁੱਖ ਵਢਵਾ ਕੇ ਜੀਤੇ ਨੇ ਬੈਠਕ ਪਾ ਲਈ ਸੀ।’’
‘‘ਤੂੰ ਹੁਣ ਘਰ ਨ੍ਹੀਂ ਜਾਣਾ। ਇੱਥੇ ਈ ਯਭਕਦਾ ਫਿਰਦੈਂ। ਮਿੱਟੀ ਫਰੋਲਿਆਂ ਕੀ ਥਿਆ ਜੂ ਹੁਣ। ਘਰ ਕੁੜੀ ਆਈ ਐ। ਉਹਦਾ ਦੁੱਖ-ਸੁੱਖ ਸੁਣ ਜਾ ਕੇ। ਗੱਲ ਸੁਣ ਮੇਰੀ... ਕੁੜੀ ਨੂੰ ਖਾਲੀ ਹੱਥ ਨਾ ਤੋਰੀਂ। ਬਹੂ, ਮੁੰਡੇ ਤੋਂ ਪਰਦੇ ਨਾਲ ਹਜ਼ਾਰ ਦੋ ਹਜ਼ਾਰ ਹੱਥ ’ਤੇ ਧਰ ਦੀਂ। ਨਿਆਣਿਆਂ ਆਲੀ ਆਸ ਨਾਲ ਆਉਂਦੀ ਐ, ਝੱਗਾ ਚੁੰਨੀ ਲੈ ਲਊ।’’
‘‘ਕਿਹੜੇ ਘਰ ਜਾਵਾਂ ਧੰਨ ਕੁਰੇ। ਨਾ ਮੇਰੇ ਖੇਤ ਰਹੇ, ਨਾ ਘਰ। ਬਹੂ ਪੰਜ ਕਰੇ, ਪੰਜਾਹ ਕਰੇ। ਤੇਰੇ ਜਾਣ ਤੋਂ ਬਾਅਦ ਉਹ ਘਰ ਮੈਨੂੰ ਆਪਦਾ ਘਰ ਈ ਨ੍ਹੀਂ ਲੱਗਦਾ।’’
‘‘ਪਿਲਸ਼ਣ ਆਪਣੇ ਕੋਲ ਰੱਖਿਆ ਕਰ।’’
‘‘ਧੰਨ ਕੁਰੇ ਤੇਰੇ ਦੋ ਪੋਤੇ ਸ਼ਹਿਰ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ ਐ। ਉਨ੍ਹਾਂ ਦੀ ਫੀਸ ਤਾਂ ਮੈਂ ਭਰਦਾਂ। ਘਰ ਪੈਨਸ਼ਨ ਦੇ ਸਿਰ ’ਤੇ ਈ ਚੱਲਦੈ ਹੁਣ ਤਾਂ।’’
‘‘ਕੁੜੀਆਂ ਕਿਹੜਾ ਹਿੱਸਾ ਵੰਡਾ ਕੇ ਲੈ ਜਾਂਦੀਆਂ ਨੇ। ਮਰਨ ਤੋਂ ਪਹਿਲਾਂ ਉਹਦੀ ਧੀ ਦੀ ਤਣੀ ਲਈ ਦੋ-ਚਾਰ ਲੱਖ ਰੁਪੱਈਆ ਉਹਦੇ ਖਾਤੇ ਪਾ ਦੀਂ। ਤੇਰੇ ਤੋਂ ਬਾਅਦ ਬਹੂ ਧੇਲੀ ਲਾਊ, ਪਤਾ ਨਹੀਂ, ... ਖੌਰੇ ਰੁੱਸ ਕੇ ਬਹਿ ਜੂ।’’
‘‘ਧੰਨ ਕੁਰੇ... ਤੈਨੂੰ ਕੀ ਦੱਸਾਂ?’’
‘‘ਵੇ ਆਹ ਤੇਰਾ ਤਾਂ ਗੀਝਾ ਵੀ ਪਾਟਿਆ ਪਿਐ। ਦੋ ਸੂਟ ਨਵੇਂ ਸੰਵਾ ਲੈ।’’
‘‘ਬਹੂ ਦੇ ਸੂਟ ਪੂਰੇ ਨ੍ਹੀਂ ਹੁੰਦੇ। ... ਮੇਰੀ ਵਾਰੀ ਤਾਂ ਆਉਂਦੀ ਨ੍ਹੀਂ ਧੰਨ ਕੁਰੇ।’’
ਇੰਨੇ ਨੂੰ ਆਵਾਜ਼ ਸੁਣੀ, ‘‘ਬਾਪੂ, ਤੂੰ ਖੇਤਾਂ ਵਿੱਚ ਤੁਰਿਆ ਫਿਰਦੈਂ। ਮੈਂ ਘਰ ’ਡੀਕਦੀ ਆਂ। ਕੰਤੋ ਭਾਬੀ ਕਹਿੰਦੀ ਸਾਗ ਲੈ ਆ।’’
‘‘ਕੀ ਦੱਸਾਂ ਕੁੜੀਏ... ਤੈਨੂੰ ਮਿਲਣ ਨੂੰ ਫੋਨ ਕਰਦਾ ਰਿਹਾ ਅੱਜ। ਰੱਬ ਨੇ ਨੇੜੇ ਹੋ ਕੇ ਸੁਣ ਲੀ... ਤੂੰ ਆਪ ਈ ਆ ਗੀ।’’
‘‘ਕੱਲ੍ਹ ਨੂੰ ਤੂੰ ਮੇਰੇ ਨਾਲ ਈ ਚੱਲ। ਚਾਰ ਦਿਨ ਮੇਰੇ ਕੋਲ ਰਹੀਂ। ਤੇਰਾ ਜੀਅ ਲੱਗ ਜੂ।’’
‘‘ਗਿਆਨ ਸਿੰਹੁ ਕਰਦਾ ਖੇਤੀ?’’
‘‘ਕਾਹਨੂੰ... ਬਾਪੂ... ਇੱਕ ਪਰਵਾਸੀ ਮਜ਼ਦੂਰ ਨੇ ਠੇਕੇ ਲੈ ਲਈ।’’
‘‘ਪਰਵਾਸੀ ਨੇ...? ਕਿਸੇ ਆਪਣੇ ਜ਼ਿਮੀਂਦਾਰ ਭਾਈ ਨੂੰ ਦੇ ਦਿੰਦੇ।’’
‘‘ਆਪਣੇ ਤਾਂ ਕਨੇਡਾ ਜਾ ਵੜੇ। ਸਾਡੇ ਪਿੰਡ ਤਾਂ ਉਹੀ ਖੇਤੀ ਕਰਦੇ ਨੇ। ਚੱਲ ਘਰ ਨੂੰ... ਅੱਜ ਮੈਂ ਸਾਗ ਬਣਾ ਕੇ ਖਵਾਊਂ ਤੈਨੂੰ, ਜਿਹੋ ਜਿਹਾ ਬੇਬੇ ਬਣਾਉਂਦੀ ਹੁੰਦੀ ਸੀ। ਬਾਪੂ, ਪਿੰਡ ਤਾਂ ਜਮ੍ਹਾਂ ਈ ਬਦਲ ਗਿਆ। ਜਿਧਰ ਦੇਖੋ ਪਰਵਾਸੀ ਮਜ਼ਦੂਰ ਦਿਸਦੇ ਨੇ। ਆਹ ਤਾਂ ਦੇਖੋ... ਟੋਲੀਆਂ ਬੰਨ੍ਹੀ ਫਿਰਦੇ ਨੇ। ਇਨ੍ਹਾਂ ਦੀ ਇੱਕ ਸਿਫ਼ਤ ਐ... ਕੱਠੇ ਹੋ ਰਹਿੰਦੇ ਨੇ। ਪੰਜਾਬੀ ਦਾਣਾ- ਦਾਣਾ ਹੋਏ ਪਏ ਐ। ਤਾਹੀਓਂ ਮਾਰ ਖਾਂਦੇ ਨੇ।’’
‘‘ਕਿਹੜਾ ਮਾਰੂ ਸਾਨੂੰ...? ਭਲਾ ਕੌਣ ਮਾਰੂ।’’ ਜੀਤ ਬੂਹਾ ਖੋਲ੍ਹਣ ਸਾਰ ਗਰਜਿਆ।
‘‘ਲੈ ਵੀਰ ਆਹ ਕੀ? ਅਸੀਂ ਤਾਂ ਸਰਸਰੀ ਗੱਲਾਂ ਕਰਦੇ ਆਉਂਦੇ ਆਂ। ਤੈਨੂੰ ਥੋੜ੍ਹੀ ਕਿਹਾ ਬਾਪੂ ਨੇ ਕੁਸ਼।’’
‘‘ਕੀ ਕਹਿ ਦੂ ਮੈਨੂੰ ਇਹ... ਕੀ ਕਹਿ ਦੂ। ਨਾ ਦੱਸ ਤੂੰ... ਸਿਖਾ-ਪੜ੍ਹਾ ਕੇ ਲੈ ਆਈ! ਮੈਂ ਨ੍ਹੀਂ ਦਵਾਲ ਕੁਸ਼ ਥੋਨੂੰ।’’
ਜੀਤੋ ਚੁੱਪ ਕਰ ਕੇ ਰਸੋਈ ਵਿੱਚ ਬਹਿ ਗਈ। ਸੁੱਚਾ ਸਿੰਘ ਪੇਟੀਆਂ ਵਾਲੇ ਕਮਰੇ ਵਿੱਚ ਜਾ ਬੈਠਾ। ਜੀਤਾ ਵਿਹੜੇ ਵਿੱਚ ਘੁੰਮਦਾ ਡਾਂਗ ਖੜਕਾਉਂਦਾ ਰਿਹਾ। ਜੱਸਾ ਤੇ ਪ੍ਰੀਤ ਕਮਰੇ ਵਿੱਚ ਬੈਠ ਕੇ ਪੜ੍ਹ ਰਹੇ ਸਨ। ਉਨ੍ਹਾਂ ਦੀ ਮੰਮੀ ਦਲਜੀਤ ਉਨ੍ਹਾਂ ਨੂੰ ਪੜ੍ਹਾ ਰਹੀ ਸੀ। ਜੀਤੋ ਨੇ ਸਾਗ ਬਣਾਇਆ। ਮੱਕੀ ਦੀ ਰੋਟੀ ਪਕਾਈ। ਉਹ ਸੋਚਦੀ ਸੀ ਬਾਪੂ ਅਜਿਹੇ ਮਾਹੌਲ ’ਚ ਕਿੰਨਾ ਕੁ ਚਿਰ ਰਹੂ? ਅਜੇ ਤਾਂ ਬੇਬੇ ਮਰੀ ਨੂੰ ਸਾਲ ਵੀ ਪੂਰਾ ਨਹੀਂ ਹੋਇਆ। ਘਰ ਦਾ ਬਦਲਿਆ ਮਾਹੌਲ ਦੇਖ ਕੇ ਉਸ ਦੀਆਂ ਅੱਖਾਂ ਸਿੰਮ ਆਈਆਂ ਸਨ ਪਰ ਉਹ ਕਰ ਕੁਝ ਨਹੀਂ ਸਕਦੀ ਸੀ। ਬਹੁਤ ਰੀਝ ਨਾਲ ਉਸ ਨੇ ਸਾਗ ਬਣਾਇਆ। ਉਹ ਭਾਬੀ ਕੋਲ ਗਈ ਤੇ ਬੱਚਿਆਂ ਨੂੰ ਬੁਲਾਇਆ, ‘‘ਆ ਜੋ ਭੂਆ ਦੇ ਹੱਥਾਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਓ।’’
‘‘ਭੂਆ ਜੀ, ਅਸੀਂ ਤਾਂ ਪੀਜ਼ਾ ਆਰਡਰ ਕੀਤੈ।’’ ਪ੍ਰੀਤ ਬੇਝਿਜਕ ਬੋਲੀ।
‘‘ਸਿਆਲ ਵਿੱਚ ਸਾਗ ਤਾਂ ਪੀਜ਼ੇ ਤੋਂ ਜ਼ਿਆਦਾ ਸੁਆਦ ਲਗਦਾ ਹੁੰਦਾ। ਲਓ ਦੋਵੇਂ ਭੈਣ ਭਾਈ ਖਾ ਕੇ ਦੇਖੋ।’’ ਜੀਤੋ ਨੇ ਮੱਖਣੀ ਪਾ ਕੇ ਸਾਗ ਦੀ ਵੱਡੀ ਬਾਟੀ ਤੇ ਮੱਕੀ ਦੀਆਂ ਰੋਟੀਆਂ ਰੱਖ ਦਿੱਤੀਆਂ।
‘‘ਆ ਜੋ ਆਪਾਂ ਪਿਓ-ਧੀ ਚੌਕੇ ਵਿੱਚ ਬੈਠ ਕੇ ਖਾਵਾਂਗੇ। ਜੀਤ ਵੀਰ, ਤੂੰ ਵੀ ਇੱਥੇ ਈ ਆ ਜਾ।’’ ਉਸ ਨੇ ਦੇਖਿਆ ਅਜੀਤ ਮੰਜੇ ’ਤੇ ਡਿੱਗਿਆ ਪਿਆ ਸੀ।
‘‘ਭਾਬੀ, ਵੀਰ ਏਨੀ ਪੀਂਦਾ ਐ। ਇਹਨੂੰ ਸਮਝਾਇਆ ਕਰ।’’
‘‘ਤੂੰ ਆ ਗੀ ਹੁਣ, ਤੂੰ ਸਮਝਾ ਲੈ।’’ ਕੁਲਵੰਤ ਕੌਰ ਦਾ ਜਵਾਬ ਰੁੱਖਾ ਜਿਹਾ ਸੀ।
ਘਰ ਦੇ ਬਦਲੇ ਹੋਏ ਮਾਹੌਲ ਵਿੱਚ ਉਹ ਬਾਪੂ ਨੂੰ ਚੌਂਕੇ ਵਿੱਚ ਲੈ ਆਈ। ਉਸ ਨੇ ਥਾਲੀ ਵਿੱਚ ਮੱਕੀ ਦੀ ਰੋਟੀ ਰੱਖੀ ਤੇ ਬਾਟੀ ਵਿੱਚ ਸਾਗ ਪਾ ਕੇ ਮੱਖਣ ਪਾ ਦਿੱਤਾ। ਬੇਬੇ ਵੀ ਇੰਝ ਹੀ ਕਰਦੀ ਸੀ। ਸਾਰੇ ਟੱਬਰ ਨੂੰ ਚੌਂਕੇ ਵਿੱਚ ਬਿਠਾ ਕੇ ਆਪ ਰੋਟੀ ਪਰੋਸਦੀ। ਛਿੱਟੀਆਂ ਤੇ ਪਾਥੀਆਂ ਦੀ ਅੱਗ ਦੇ ਸੇਕ ਵਿੱਚ ਸਾਰਾ ਟੱਬਰ ਬੈਠ ਕੇ ਰੋਟੀ ਖਾਂਦਾ। ਉਹ ਵੀ ਦਿਨ ਸਨ। ਯਾਦ ਕਰਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਬਾਪੂ ਰੋਟੀ ਖਾ ਰਿਹਾ ਸੀ। ਜੀਤ ਨੂੰ ਉਸ ਨੇ ਕੋਲ ਜਾ ਕੇ ਉਠਾਇਆ, ਉਹ ਸੌਂ ਗਿਆ ਸੀ।
‘‘ਧੀਏ, ਆ ਜਾ ਤੂੰ ਵੀ। ਮੇਰੇ ਕੋਲ ਬੈਠ ਕੇ ਰੋਟੀ ਖਾ।’’ ਸੁੱਚਾ ਸਿੰਘ ਰੋਟੀ ਖਾਂਦਾ ਬੋਲਿਆ, ‘‘ਸਾਗ ਬਹੁਤ ਸੁਆਦ ਐ। ਜਮਾਂ ਤੇਰੀ ਬੇਬੇ ਆਲਾ ਹੱਥ ਐ।’’ ਜੀਤੋ ਜਦੋਂ ਰਸੋਈ ਵਧਾ ਕੇ ਅੰਦਰ ਗਈ ਤਾਂ ਪ੍ਰੀਤ ਤੇ ਜੱਸਾ ਪੀਜ਼ਾ ਖਾ ਰਹੇ ਸਨ। ਅਜੀਤ ਬੈੱਡ ’ਤੇ ਪਿਆ ਸੀ। ‘‘ਲਗਦਾ ਵੀਰ ਤਾਂ ਸੌਂ ਗਿਆ ਭਾਬੀ।’’ ਜੀਤੋ ਬੈੱਡ ਦੇ ਕੋਲ ਪਏ ਮੇਜ਼ ਤੋਂ ਥਾਲੀ ਤੇ ਬਾਟੀ ਚੁੱਕ ਕੇ ਇਹ ਸੋਚਦੀ ਹੋਈ ਮੁੜ ਚੌਂਕੇ ਵਿੱਚ ਚਲੀ ਗਈ ਕਿ ਚੰਗਾ ਹੋਇਆ ਵੀਰ ਤੇ ਭਾਬੀ ਨੇ ਰੋਟੀ ਖਾ ਲਈ।
‘‘ਆਹ ਵਧੀਆ ਬਾਪੂ... ਇੱਥੇ ਸ਼ਾਂਤੀ ਐ। ਨਾਲੇ ਕਮਰਾ ਵੀ ਨਿੱਘਾ ਐ। ਬੇਬੇ ਤਾਂ ਸਾਰੀ ਉਮਰ ਇੱਥੇ ਸੌਂਦੀ ਰਹੀ ਐ।’’
‘‘ਆਹ ਬੈਗ ਤੇਰਾ ਜੀਤੋ?’’
‘‘ਹਾਂ ਬਾਪੂ।’’
‘‘ਆਪਣੀ ਪਰਮਜੀਤ ਕੀ ਕਰਦੀ ਐ ਹੁਣ?’’
‘‘ਉਹ ਪੜ੍ਹਾਉਂਦੀ ਐ ਬਾਪੂ। ਅਗਲੇ ਸਾਲ ਵਿਆਹ ਕਰਾਂਗੇ ਉਹਦਾ।
ਸੁਖਵਿੰਦਰ ਸੁੱਖ ਨਾਲ ਸੱਤ ਬੈਂਡ ਲੈ ਕੇ ਆਈਲੈਟ ਕਰ ਗਿਆ। ਉਹ ਤਾਂ ਕਨੇਡਾ ਪੜ੍ਹਨ ਜਾਊ।’’
‘‘ਅੱਛਾ! ਐਂ ਕਰ... ਆਹ ਕਾਗਜ਼ ਜਿਹਾ ਬੈਗ ਵਿੱਚ ਸੰਭਾਲ ਲੈ... ਅਪਣੀ ਪਰਮ ਦੇ ਵਿਆਹ ਲਈ... ਉਦੋਂ ਤੱਕ ਮੈਂ ਹੋਵਾਂ ਨਾ ਹੋਵਾਂ।’’
‘‘ਓ...ਹੋ ਬਾਪੂ... ਕਿਹੋ ਜਿਹੀਆਂ ਗੱਲਾਂ ਕਰਦੈਂ। ਆਪਣੇ ਹੱਥੀਂ ਕਰੀਂ ਸਾਰਾ ਕੁਝ।’’
‘‘ਜੀਤੋ, ਤੇਰੀ ਬੇਬੇ ਦਾ ਹੁਕਮ ਐ। ਇਨ੍ਹਾਂ ਦਾ ਤਾਂ ਤੂੰ ਦੇਖ ਲਿਆ।’’ ਸੁੱਚਾ ਸਿੰਘ ਨੇ ਚੈੱਕ ਬੈਗ ਦੀ ਅੰਦਰਲੀ ਜੇਬ ਵਿੱਚ ਪਾ ਕੇ ਲੰਮਾ ਸਾਹ ਲਿਆ।
‘‘ਐਂ ਸਿਰ ਸਿੱਟ ਲਿਆ ਧੀਏ?’’
‘‘ਬੇਬੇ ਯਾਦ ਆ ਗੀ।’’
‘‘ਲੈ ਉਹ ਗਈ ਕਿੱਥੇ ਐ!’’
ਸੁੱਚਾ ਸਿੰਘ ਨੇ ਮੂੰਹ ’ਤੇ ਰਜਾਈ ਖਿੱਚ ਲਈ।
‘‘ਬੜੀ ਗੂੜ੍ਹੀ ਨੀਂਦ ਆਈ ਰਾਤ... ਬਾਪੂ ਲੈ ਚਾਹ ਪੀ।’’ ਅੰਮ੍ਰਿਤ ਵੇਲੇ ਚਾਹ ਬਣਾ ਕੇ ਜੀਤੋ ਨੇ ਬਾਪੂ ਨੂੰ ਜਗਾਇਆ।
ਬਾਪੂ ਉੱਥੇ ਹੈ ਈ ਨਹੀਂ ਸੀ। ਰਾਤ ਨੂੰ ਬੇਬੇ ਉਸ ਨੂੰ ਆਪਣੇ ਨਾਲ ਹੀ ਲੈ ਗਈ ਸੀ।

