ਸੋਭਾ ਸਿੰਘ ਦਾ ਚਿੱਤਰ ‘ਗੁਰੂ ਤੇਗ ਬਹਾਦਰ’
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਹਰ ਸਮਾਗਮ ਦੌਰਾਨ ਧਿਆਨ ਦੀ ਮੁਦਰਾ ’ਚ ਬੈਠੇ ਗੁਰੂ ਸਾਹਿਬ ਦਾ ਇੱਕ ਹੀ ਚਿੱਤਰ ਹਰ ਥਾਂ ਦਿਸਦਾ ਹੈ। ਨੌਵੇਂ ਗੁਰੂ ਦੀ ਇਹੋ ਤਸਵੀਰ ਲੋਕ ਮਨਾਂ ’ਚ ਵਸੀ ਹੋਈ ਹੈ। ਦਰਅਸਲ, ਇਹ ਚਿੱਤਰ ਉੱਘੇ ਚਿੱਤਰਕਾਰ ਸ. ਸੋਭਾ ਸਿੰਘ ਵੱਲੋਂ ਬਣਾਏ ਗਏ ਸਿੱਖ ਗੁਰੂ ਸਾਹਿਬਾਨ ਦੇ ਚਿੱਤਰਾਂ ’ਚੋਂ ਇੱਕ ਹੈ। ਇਸ ਚਿੱਤਰ ਅਤੇ ਇਸ ਦੀ ਸਿਰਜਣ ਪ੍ਰਕਿਰਿਆ ਬਾਰੇ ਸੋਭਾ ਸਿੰਘ ਹੋਰਾਂ ਦੇ ਦੋਹਤੇ (ਡਾ. ਹਿਰਦੇਪਾਲ ਸਿੰਘ) ਦਾ ਇਹ ਲੇਖ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਸੋਭਾ ਸਿੰਘ ਦੀ ਕਲਾ ਦੀ ਖ਼ੂਬੀ ਇਸ ਦਾ ਸਦਾਬਹਾਰ ਹੋਣਾ ਹੈ। ਇਹ ਕਲਾ ਸਮੇਂ, ਭੂਗੋਲ ਅਤੇ ਪੀੜ੍ਹੀਆਂ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਦਿਲਾਂ ਨੂੰ ਛੂਹ ਲੈਂਦੀ ਹੈ। ਗੁਰਪੁਰਬਾਂ ਤੋਂ ਲੈ ਕੇ ਰਾਸ਼ਟਰੀ ਯਾਦਗਾਰੀ ਸਮਾਗਮਾਂ ਤੱਕ ਉਨ੍ਹਾਂ ਦੇ ਚਿੱਤਰ ਅਖ਼ਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਹਰ ਥਾਂ ਨਜ਼ਰ ਆਉਂਦੇ ਹਨ। ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਮੁਖੀ ਤੇ ਮੰਤਰੀ, ਸੱਭਿਆਚਾਰਕ ਸੰਸਥਾਵਾਂ ਤੇ ਸਿੱਖ ਸੰਸਥਾਵਾਂ ਸੋਭਾ ਸਿੰਘ ਦੇ ਬਣਾਏ ਚਿੱਤਰਾਂ ਰਾਹੀਂ ਸ਼ਰਧਾਂਜਲੀਆਂ ਭੇਟ ਕਰਦੀਆਂ ਹਨ। ਇਹ ਉਨ੍ਹਾਂ ਦੀ ਅਦਭੁੱਤ ਕਲਾਤਮਕਤਾ ਦਾ ਪ੍ਰਤੱਖ ਪ੍ਰਮਾਣ ਹੈ।
ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਇੱਕ ਵਾਰ ਫਿਰ ਸੋਭਾ ਸਿੰਘ ਦਾ ਬਣਾਇਆ ਗੁਰੂ ਸਾਹਿਬ ਦਾ ਪ੍ਰਸਿੱਧ ਚਿੱਤਰ ਹੀ ਹਰ ਪਾਸੇ ਨਜ਼ਰ ਆ ਰਿਹਾ ਹੈ। ਛਾਪੇਖਾਨਿਆਂ ਤੋਂ ਡਿਜੀਟਲ ਪਲੈਟਫਾਰਮਾਂ ਤੇ ਜਨਤਕ ਪ੍ਰਦਰਸ਼ਨਾਂ ਤੱਕ ਇਹ ਰੂਹਾਨੀ ਚਿੱਤਰ ਗੁਰੂ ਸਾਹਿਬ ਦੀ ਸ਼ਾਂਤੀ, ਤਿਆਗ ਅਤੇ ਦਲੇਰੀ ਦਾ ਸਭ ਤੋਂ ਉੱਘੜਵਾਂ ਦਰਸ਼ਨ ਬਣ ਕੇ ਉੱਭਰਦਾ ਹੈ।
ਇਸ ਸ਼ਾਹਕਾਰ ਦੀ ਕਹਾਣੀ 1974 ਤੋਂ ਸ਼ੁਰੂ ਹੁੰਦੀ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਨੇ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਮਿਊਜ਼ੀਅਮ ਲਈ ਇੱਕ ਵਿਲੱਖਣ ਚਿੱਤਰ ਦੀ ਲੋੜ ਮਹਿਸੂਸ ਕੀਤੀ। ਸੋਭਾ ਸਿੰਘ ਨੇ ਇਸ ਤਸਵੀਰ ਦੀ ਤਿਆਰੀ ਅੰਦਰੇਟਾ, ਹਿਮਾਚਲ ਪ੍ਰਦੇਸ਼ ਦੇ ਆਪਣੇ ਸਟੂਡੀਓ ਵਿੱਚ ਸ਼ੁਰੂ ਕੀਤੀ ਅਤੇ ਮਹੀਨਿਆਂ ਤੱਕ ਹਰ ਰੇਖਾ ਤੇ ਰੰਗ ਨੂੰ ਨਿੱਜੀ ਧਿਆਨ ਨਾਲ ਘੜਿਆ। ਅੱਜ ਇਹ ਜੀਵੰਤ-ਆਕਾਰ ਚਿੱਤਰ ਅੰਦਰੇਟਾ ਦੀ ਸੋਭਾ ਸਿੰਘ ਆਰਟ ਗੈਲਰੀ ਵਿੱਚ ਪ੍ਰਦਰਸ਼ਿਤ ਹੈ ਅਤੇ ਉਨ੍ਹਾਂ ਦੇ ਸਭ ਤੋਂ ਉੱਤਮ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਸ ਕਲਾ ਰਚਨਾ ਦਾ ਕੇਂਦਰ ਡੂੰਘੀ ਰੂਹਾਨੀ ਪ੍ਰਤੀਕਾਤਮਕਤਾ ਹੈ। ਧਿਆਨ ਮਗਨ ਗੁਰੂ ਸਾਹਿਬ ਦੇ ਸਾਹਮਣੇ ਰੱਖੀ ਕਿਰਪਾਨ ਨੂੰ ਨੌਂ ਜੋਤਾਂ ਨੇ ਘੇਰਿਆ ਹੋਇਆ ਹੈ। ਇਹ ਨੌਂ ਜੋਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੀ ਅਟੱਲ ਰੂਹਾਨੀ ਰੀਤ ਦਾ ਰੂਪਕ ਹਨ।
ਗੁਰੂ ਸਾਹਿਬ ਨੂੰ ਚਿੱਤਰ ਵਿੱਚ ਧਿਆਨ ਲਗਾਈ ਬੈਠੇ ਦਰਸਾਇਆ ਗਿਆ ਹੈ। ਚਿੱਟੇ ਬਸਤਰ, ਪੀਲੇ ਸ਼ਾਲ ਦੀ ਨਰਮ ਲਪੇਟ ਅਤੇ ਸਾਹਮਣੇ ਰੱਖੇ ਬਹੁ-ਜੋਤੀ ਦੀਵੇ ਦੀਆਂ ਕਿਰਨਾਂ ਉਨ੍ਹਾਂ ਦੇ ਚਿਹਰੇ ’ਤੇ ਰੂਹਾਨੀ ਚਮਕ ਪੈਦਾ ਕਰਦੀਆਂ ਹਨ। ਸੋਭਾ ਸਿੰਘ ਨੇ ਚਾਰੇ ਪਾਸੇ ਦੇ ਰੰਗਾਂ ਨੂੰ ਏਦਾਂ ਸੁਹਜ ਨਾਲ ਵਰਤਿਆ ਕਿ ਦਰਸ਼ਕ ਦੀ ਨਿਗਾਹ ਸਿਰਫ਼ ਕੇਂਦਰੀ ਆਕਰਸ਼ਣ, ਗੁਰੂ ਸਾਹਿਬ ਦੇ ਮੁਖ ’ਤੇ ਟਿਕੀ ਰਹੇ। ਰੌਸ਼ਨੀ ਤੇ ਛਾਂ ਦਾ ਇਹ ਸੰਤੁਲਨ ਇੱਕ ਧਿਆਨ ਮਗਨ ਮਾਹੌਲ ਰਚਦਾ ਹੈ, ਜਿਸ ਨੂੰ ਵੇਖਣ ਵਾਲੇ ਅਕਸਰ ਦਿਲ ਦੀ ਗਹਿਰਾਈ ਤੱਕ ਮਹਿਸੂਸ ਕਰਦੇ ਹਨ।
ਇਸ ਚਿੱਤਰ ਨੂੰ ਪੂਰਾ ਕਰਨ ਤੋਂ ਪਹਿਲਾਂ ਕਲਾਕਾਰ ਨੇ ਇਤਿਹਾਸਕ ਤੇ ਹੋਰ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖ਼ਾਸ ਕਰਕੇ ਡਾ. ਤ੍ਰਿਲੋਚਨ ਸਿੰਘ ਦੀ ਲਿਖੀ ਜੀਵਨੀ ‘ਗੁਰੂ ਤੇਗ ਬਹਾਦਰ’ ਨੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਜੀਵਨ, ਚਿੰਤਨ ਅਤੇ ਸ਼ਹਾਦਤ ਦੀ ਡੂੰਘਾਈ ਤੱਕ ਪਹੁੰਚਾਇਆ। ਇਹ ਸਾਰਾ ਆਤਮਿਕ ਅਧਿਐਨ ਰੰਗ ਤੇ ਰੇਖਾ ਵਿੱਚ ਉਤਰੇ ਬਿਨਾਂ ਕਲਾ ਰਚਨਾ ਸੰਭਵ ਨਹੀਂ ਸੀ। ਇਹ ਚਿੱਤਰ ਗੁਰੂ ਸਾਹਿਬਾਨ ਦੀ ਪ੍ਰਤਿਮਾ ਮਿਆਰੀਕਰਨ ਦੀ ਉਸ ਲੰਮੀ ਕੋਸ਼ਿਸ਼ ਦਾ ਹਿੱਸਾ ਵੀ ਹੈ, ਜਿਸ ਦੀ ਸ਼ੁਰੂਆਤ 1945 ਵਿੱਚ ਪ੍ਰੋਫੈਸਰ ਨਿਰੰਜਨ ਸਿੰਘ, ਸਿੱਖ ਨੈਸ਼ਨਲ ਕਾਲਜ, ਲਾਹੌਰ ਨੇ ਕੀਤੀ ਸੀ ਅਤੇ ਜਿਸ ਨੂੰ ਡਾ. ਮਹਿੰਦਰ ਸਿੰਘ ਰੰਧਾਵਾ, ਆਈ ਸੀ ਐੱਸ ਨੇ ਅੱਗੇ ਵਧਾਇਆ। ਉਹ ਦੋਵੇਂ ਚਾਹੁੰਦੇ ਸਨ ਕਿ ਗੁਰੂ ਸਾਹਿਬਾਨ ਦੇ ਚਿੱਤਰਾਂ ਦਾ ਇੱਕ ਮਿਆਰ ਬਣਨਾ ਚਾਹੀਦਾ ਹੈ, ਜਿਸ ਲਈ ਕਲਾਕਾਰ ਵੱਲੋਂ ਉਸ ਵੇਲੇ ਦੇ ਗ੍ਰੰਥਾਂ ਦਾ ਅਧਿਐਨ ਅਤੇ ਖੋਜ ਕਰਕੇ ਹੀ ਚਿੱਤਰ ਬਣਾਏ ਜਾਣ। ਇਹ ਸਮਰਪਣ, ਅਨੁਸ਼ਾਸਨ ਅਤੇ ਰੂਹਾਨੀ ਸੂਝ ਨਾਲ ਭਰਪੂਰ ਯਾਤਰਾ ਸਿਰਫ਼ ਸੋਭਾ ਸਿੰਘ ਨੇ ਜ਼ਿੰਦਗੀ ਭਰ ਜਾਰੀ ਰੱਖੀ। ਅੱਜ ਉਨ੍ਹਾਂ ਦੇ ਬਣਾਏ ਚਿੱਤਰ ਸਿੱਖ ਰੂਹਾਨੀ ਚਿੱਤਰਕਲਾ ਦਾ ਮਾਣਯੋਗ ਰੂਪ ਬਣ ਚੁੱਕੇ ਹਨ।
ਸੋਭਾ ਸਿੰਘ ਲਈ ਗੁਰਾਂ ਨੂੰ ਚਿਤਰਨਾ ਸਿਰਫ਼ ਕਲਾ ਨਹੀਂ ਸੀ। ਇਹ ਇੱਕ ਉਪਾਸਨਾ ਸੀ। ਉਹ ਮੰਨਦੇ ਸਨ ਕਿ ਦਿਵਯਤਾ ਨੂੰ ਚਿੱਤਰਿਤ ਕਰਨ ਲਈ ਕਲਾਕਾਰ ਦਾ ਮਨ, ਚਰਿੱਤਰ ਅਤੇ ਆਤਮਾ ਸ਼ੁੱਧ ਹੋਣੇ ਚਾਹੀਦੇ ਹਨ। ਉਹ ਅਕਸਰ ਕਹਿੰਦੇ ਸਨ, “ਪੇਂਟਿੰਗ ਮੇਰੀ ਜ਼ਿੰਦਗੀ ਹੈ ਅਤੇ ਗੁਰੂ ਮੇਰਾ ਲਹੂ ਹਨ।” ਉਨ੍ਹਾਂ ਦਾ ਉਦੇਸ਼ ਸਿਰਫ਼ ਬਾਹਰਲੀ ਆਕ੍ਰਿਤੀ ਬਣਾਉਣਾ ਨਹੀਂ ਸਗੋਂ ਗੁਰੂ ਸਾਹਿਬ ਦੀ ਅੰਦਰਲੀ ਜੋਤ ਨੂੰ ਕੈਨਵਸ ’ਤੇ ਰੂਪਮਾਨ ਕਰਨਾ ਸੀ।
ਇਹ ਚਿੱਤਰ 1975 ਵਿੱਚ ਮੁਕੰਮਲ ਹੋਇਆ ਅਤੇ ਪਹਿਲੀਆਂ 25,000 ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਯਾਨੀ ਪ੍ਰਿੰਟ ਮਦਰਾਸ ਦੀ ਪ੍ਰਸਾਦ ਪ੍ਰੈੱਸ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਧੀ ਦੀ ਨਿਗਰਾਨੀ ਹੇਠ ਛਾਪੀਆਂ ਗਈਆਂ। ਛੇਤੀ ਹੀ ਇਹ ਚਿੱਤਰ ਘਰ ਘਰ ਪ੍ਰਸਿੱਧ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੌਰਾਨ ਵੀ ਸਭ ਤੋਂ ਵੱਧ ਵਰਤੇ ਜਾਣ ਵਾਲੇ ਚਿੱਤਰਾਂ ਵਿੱਚ ਇਹੀ ਚਿੱਤਰ ਸਿਰਮੌਰ ਰਿਹਾ।
ਸੋਭਾ ਸਿੰਘ ਨੇ ਜ਼ਿੰਦਗੀ ਭਰ ਬੇਸ਼ੁਮਾਰ ਚਿੱਤਰ ਬਣਾਏ, ਪਰ ਸਿੱਖ ਗੁਰੂ ਸਾਹਿਬਾਨ ਉਨ੍ਹਾਂ ਦੀ ਕਲਾ ਦਾ ਕੇਂਦਰ ਰਹੇ। ਗੁਰੂ ਨਾਨਕ ਦੇਵ ਜੀ ਦੀ ਸ਼ਾਂਤੀ ਦਾ ਉਪਦੇਸ਼ ਦਿੰਦੀ ਤਸਵੀਰ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਦੀ ਰੂਹਾਨੀ ਤਸਵੀਰ, ਸੋਭਾ ਸਿੰਘ ਦੇ ਬਣਾਏ ਚਿੱਤਰ ਕਲਾ ਕੁਸ਼ਲਤਾ ਅਤੇ ਰੂਹਾਨੀ ਅਹਿਸਾਸ ਦਾ ਨਿਰਾਲਾ ਮੇਲ ਹਨ। ਉਹ ਧਰਮ ਨੂੰ ਮਨੁੱਖਤਾ ਦੀ ਵੱਡੀ ਛਤਰ ਛਾਇਆ ਵਜੋਂ ਦੇਖਦੇ ਸਨ। ਸੱਚ, ਪ੍ਰੇਮ ਅਤੇ ਆਨੰਦ ਦੀ ਅਖੰਡ ਧਾਰਾ।
ਉਹ ਕਹਿੰਦੇ ਸਨ ਕਿ ਜੇਕਰ ਉਨ੍ਹਾਂ ਦੀ ਕਲਾ ਭਵਿੱਖੀ ਪੀੜ੍ਹੀਆਂ ਵਿੱਚ ਰੂਹਾਨੀ ਜਾਗਰੂਕਤਾ ਦਾ ਬੀਜ ਬੀਜ ਸਕੇ ਤਾਂ ਉਨ੍ਹਾਂ ਦੀ ਕਲਾਤਮਕ ਜ਼ਿੰਮੇਵਾਰੀ ਪੂਰੀ ਹੋ ਜਾਂਦੀ ਹੈ। ਹਲਕੇ ਰੰਗਾਂ ਅਤੇ ਗਹਿਰੇ ਚਿੱਤਰ ਨਾਲ ਉਨ੍ਹਾਂ ਨੇ ਜੋ ਵਿਰਾਸਤ ਰਚੀ ਹੈ, ਉਹ ਅੱਜ ਵੀ ਸੰਸਾਰ ਭਰ ਵਿੱਚ ਪ੍ਰੇਰਣਾ ਦਾ ਸਰੋਤ ਹੈ।
ਇਹ ਕਾਪੀਰਾਈਟ ਸੁਰੱਖਿਅਤ ਚਿੱਤਰ ਵੀ ਕਈ ਕਲਾਕਾਰਾਂ, ਸੰਸਥਾਵਾਂ ਅਤੇ ਸੰਗਠਨਾਂ ਦੁਆਰਾ ਅਨੇਕਾਂ ਵਾਰ ਨਕਲ ਕੀਤਾ ਗਿਆ ਹੈ। ਪਰਿਵਾਰ ਨੇ ਇਸ ਨੂੰ ਧਾਰਮਿਕ ਸੇਵਾ ਸਮਝਦਿਆਂ ਇਸ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਜੋ ਭਾਈਚਾਰੇ, ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੇ ਸੁਨੇਹੇ ਦਾ ਵੱਧ ਤੋਂ ਵੱਧ ਨਿਰਵਿਘਨ ਪ੍ਰਚਾਰ ਹੋ ਸਕੇ।
ਕਲਾ ਮੇਰੀ ਨਹੀਂ...
ਕਲਾ ਮੇਰੀ ਨਹੀਂ ਸਗੋਂ ਵਾਹਿਗੁਰੂ ਦੀ ਹੈ। ਮੈਂ ਇਸ ਰੂਹਾਨੀ ਸ਼ਕਤੀ ਦਾ ਹਥਿਆਰ ਹਾਂ। ਗੁਰੂ ਸਾਹਿਬਾਨ ਦੇ ਗੁਣਾਂ ਨੂੰ ਚਿੱਤਰਾਂ ਰਾਹੀਂ ਸਾਕਾਰ ਕਰਨਾ ਕੋਈ ਆਸਾਨ ਕੰਮ ਨਹੀਂ ਸਗੋਂ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਤੋਂ ਘੱਟ ਨਹੀਂ।
ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਲੱਗਿਆਂ ਮੇਰੇ ਦਿਲ ਵਿੱਚ ਇੱਕ ਭਗਤ ਦੀ ਅਰਾਧਨਾ, ਇੱਕ ਕਲਾਕਾਰ ਦੀ ਰੀਝ ਅਤੇ ਇੱਕ ਗੁਰਸਿੱਖ ਦੀ ਸ਼ਰਧਾ ਹੁੰਦੀ ਹੈ। ਇਸ ਆਸ ’ਤੇ ਕਿ ਕਦੀ ਨਾ ਕਦੀ ਉਹ ਸੁਲੱਖਣੀ ਘੜੀ ਜ਼ਰੂਰ ਆਵੇਗੀ ਜਦ ਮੇਰੇ ਵਿੱਚੋਂ ‘ਮੈਂ’ ਨਿਕਲ ਕੇ ਗੁਰੂ ਆ ਵਸਣਗੇ ਅਤੇ ਫਿਰ ਜੋ ਕੁਝ ਹੋਵੇਗਾ ਉਹ ਕਲਾ ਦੀ ਕ੍ਰਿਤ ਹੋਵੇਗੀ। ਮੇਰਾ ਤਰਲਾ ਹੁੰਦਾ ਹੈ ਕਿ ਜੋ ਮੇਰੇ ਅੰਦਰ ਬਚਪਨ ਤੋਂ ਸਾਖੀਆਂ ਦੁਆਰਾ ਸੁਣਿਆ ਜਾਂ ਪੜ੍ਹਿਆ ਹੋਇਆ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਸਮਾਏ ਹੋਏ ਹਨ ਉਹ ਕੈਨਵਸ ’ਤੇ ਉੱਘੜ ਆਉਣ। ਪਰ ਇਹ ਮੇਰਾ ਤਰਲਾ ਹੀ ਹੁੰਦਾ ਹੈ ਜ਼ੋਰ ਨਹੀਂ। ਜ਼ਰੂਰੀ ਹੈ ਕਿ ਤਸਵੀਰ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਨਾਲ ਮੇਲ ਖਾਂਦੀ ਹੋਵੇ।
ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਸੰਬੰਧੀ ਬੇਨਤੀ ਹੈ ਕਿ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਦੇ ਸਰੀਰਕ ਚਿੱਤਰ ਹੀ ਬਣਾਈਏ ਸਗੋਂ ਉਨ੍ਹਾਂ ਦੇ ਗੁਣਾਂ ਨੂੰ ਆਪਣੀ ਸ਼ਰਧਾ ਭਰੀ ਚਿੱਤਰ ਸ਼ੈਲੀ ਵਿੱਚ ਚਿਤਰਨਾ ਹੈ ਜਿਸ ਨਾਲ ਸਾਡੇ ਅੰਦਰਲਾ ਸੰਤ ਤੁੰਬਿਆ ਜਾਏ। ਕੋਈ ਆਦਮੀ ਆਪਣੇ ਪਿਤਾ ਦੇ ਪ੍ਰਭਾਵਸ਼ਾਲੀ ਚਿਹਰੇ ਦੇ ਬਾਰੇ ਭਾਵੇਂ ਸ਼ਬਦਾਵਲੀ ਰਾਹੀਂ ਸ਼ਬਦ ਚਿੱਤਰ ਬਣਾਉਂਦਾ ਰਹੇ, ਠੀਕ ਤਸਵੀਰ ਨਹੀਂ ਬਣੇਗੀ। ਪਰ ਜੇ ਤੁਹਾਡੇ ਸਾਹਮਣੇ ਤਸਵੀਰ ਜਾਂ ਫੋਟੋਗ੍ਰਾਫ ਰੱਖ ਦੇਵੇ ਤਾਂ ਇੱਕੋ ਨਜ਼ਰ ਨਾਲ ਉਸ ਦੇ ਪਿਤਾ ਦੀ ਤਸਵੀਰ ਤੁਹਾਡੇ ਸਾਹਮਣੇ ਆ ਜਾਵੇਗੀ।
ਮੈਂ ਗੁਰੂ ਸਾਹਿਬਾਨ ਦੇ ਆਦਰਸ਼ਕ ਗੁਣਾਂ ਨੂੰ ਸਾਕਾਰ ਕਰਕੇ ਲੋਕਾਈ ਨੂੰ ਉੱਚ ਜੀਵਨ ਲਈ ਪ੍ਰੇਰਿਤ ਕਰਨਾ ਆਪਣਾ ਧਰਮ ਸਮਝਦਾ ਹਾਂ। ਮੇਰਾ ਕੋਈ ਦਾਅਵਾ ਨਹੀਂ ਕਿ ਇਹ ਚਿੱਤਰ ਗੁਰੂ ਸਾਹਿਬਾਨ ਦਾ ਸਰੀਰਕ ਰੂਪ ਹਨ ਪਰ ਮੇਰਾ ਤਰਲਾ ਉਨ੍ਹਾਂ ਦੇ ਦੈਵੀ ਗੁਣਾਂ ਨੂੰ ਸਾਕਾਰ ਕਰਨ ਦਾ ਜ਼ਰੂਰ ਹੈ।
- ਸੋਭਾ ਸਿੰਘ ਦੀ ਕਿਤਾਬ ‘ਕਲਾ ਵਾਹਿਗੁਰੂ’ ਵਿੱਚੋਂ
ਸੋਭਾ ਸਿੰਘ ਨੇ ਦਰਸ਼ਨ ਨੂੰ ਰੰਗਾਂ ’ਚ ਸਜੀਵ ਕੀਤਾ
ਕਲਾ ਇਤਿਹਾਸਕਾਰ ਡਾ. ਕੰਵਰਜੀਤ ਸਿੰਘ ਕੰਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛਾਪੀ ਇੱਕ ਕਿਤਾਬ ’ਚ ਆਪਣੇ ਲੇਖ ’ਚ ਲਿਖਿਆ ਹੈ ਕਿ ‘‘ਸਿੱਖ ਧਰਮ ਵਿੱਚ ਬੁੱਤ ਪੂਜਾ ਦੀ ਨਿਖੇਧੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਇਸ ਵਿੱਚ ਤਸਵੀਰ ਕਲਾ ਦੀ ਕੋਈ ਥਾਂ ਨਹੀਂ। ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਜਦੋਂ ਸਿੱਖ ਗੁਰੂ ਸਾਹਿਬਾਨ ਨੇ ਨਿੱਜੀ ਰੂਪ ਵਿੱਚ ਚਿਤਰਕਾਰੀ ਦੀ ਕਲਾ ਦੀ ਸਰਪ੍ਰਸਤੀ ਕੀਤੀ। ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ ਚਿੱਤਰ ਬਣਵਾਏ ਸਨ। ਸੋ ਗੁਰੂਆਂ ਰਾਹੀਂ ਹੀ ਗੁਰੂ ਦੇ ਚਿੱਤਰਾਂ ਦਾ ਮੁੱਢ ਬੰਨ੍ਹਿਆ ਗਿਆ। 19ਵੀਂ ਸਦੀ ਵਿੱਚ ਸਿੱਖਾਂ ਦੇ ਬਲਵਾਨ ਹੋ ਜਾਣ ਨਾਲ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕੰਧਾਂ ਤੇ ਕਾਗਜ਼ ਦੋਹਾਂ ’ਤੇ ਹੀ ਆਮ ਬਣਾਉਣੀਆਂ ਆਰੰਭ ਹੋ ਗਈਆਂ।
ਗੁਰੂ ਜੀ ਦੇ ਚਿੱਤਰਾਂ ਸਬੰਧੀ ਇਹ ਵਿਰਸਾ ਸੋਭਾ ਸਿੰਘ ਨੂੰ ਪ੍ਰਾਪਤ ਹੋਇਆ ਸੀ। ਗੁਰੂ ਸਾਹਿਬਾਨ ਸਬੰਧੀ ਸੋਭਾ ਸਿੰਘ ਰਾਹੀਂ ਉਲੀਕੇ ਗਏ ਚਿੱਤਰਾਂ ਅਤੇ ਹੋਰ ਚਿੱਤਰਕਾਰਾਂ ਰਾਹੀਂ ਉਲੀਕੇ ਚਿੱਤਰਾਂ ਵਿੱਚ ਵੱਡੀ ਭਿੰਨਤਾ ਜੋ ਬਹੁਤ ਹੀ ਸਪੱਸ਼ਟ ਹੈ, ਉਹ ਇਹ ਹੈ ਕਿ ਜਿੱਥੇ ਦੂਜੇ ਚਿੱਤਰਕਾਰਾਂ ਨੇ ਗੁਰੂਆਂ ਦੇ ਬਾਹਰੀ ਰੂਪ ਨੂੰ ਉਲੀਕਣ ਦਾ ਯਤਨ ਕੀਤਾ ਹੈ, ਸ. ਸੋਭਾ ਸਿੰਘ ਨੇ ਉਨ੍ਹਾਂ ਦੇ ਪ੍ਰਤੱਖ ਰੂਪ ਨੂੰ ਦਰਸਾਉਣ ਦੇ ਨਾਲ ਨਾਲ ਉਨ੍ਹਾਂ ਦੀ ਰੂਹ ਨੂੰ ਵੀ ਰੰਗਾਂ ਵਿੱਚ ਸਾਕਾਰ ਕੀਤਾ ਹੈ, ਜਿਸ ਦੇ ਫਲਸਰੂਪ ਗੁਰੂਆਂ ਦੇ ਚਿਹਰੇ ਤੋਂ ਅਜਿਹਾ ਨੂਰ ਫੁੱਟਦਾ ਪ੍ਰਤੀਤ ਹੁੰਦਾ ਹੈ ਜੋ ਵਾਸਤਵ ਵਿੱਚ ਹੀ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਰੂਪ ਤੋਂ ਝਲਕਦਾ ਰਿਹਾ ਹੋਵੇਗਾ। ਸੋਭਾ ਸਿੰਘ ਨੇ ਇਨ੍ਹਾਂ ਗੁਰੂ ਸਾਹਿਬਾਨ ਦੇ ਬਾਹਰੀ ਰੂਪ ਤੋਂ ਹੀ ਝਾਤ ਨਹੀਂ ਮਾਰੀ ਸਗੋਂ ਉਨ੍ਹਾਂ ਦੇ ਧੁਰ ਅੰਦਰ ਉਨ੍ਹਾਂ ਦੀ ਸੋਚਣੀ ਅਤੇ ਕਰਨੀ ਅਤੇ ਉਨ੍ਹਾਂ ਦੇ ਦਰਸ਼ਨ ਨੂੰ ਰੰਗਾਂ ਵਿੱਚ ਸਜੀਵ ਕਰਨ ਦਾ ਉਪਰਾਲਾ ਵੀ ਕੀਤਾ ਹੈ ਅਤੇ ਇਸ ਵਿੱਚ ਸੰਪੂਰਨ ਸਫਲਤਾ ਪ੍ਰਾਪਤ ਕੀਤੀ ਹੈ।’’
ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਲਈ ਪ੍ਰੇਰਨਾ ਦਾ ਇੱਕ ਕਾਰਨ ਉਨ੍ਹਾਂ ਦਾ ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ ਅਤੇ ਹੀਰਾ ਸਿੰਘ ਦਰਦ ਵਰਗੇ ਸੂਝਵਾਨ ਸਿੱਖਾਂ ਨਾਲ ਸੰਪਰਕ ਵੀ ਸੀ।
ਸੰਪਰਕ: 94180-97070

