DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਰਟ ਮੀਟਰ

ਸੋਹਣ ਲਾਲ ਗੁਪਤਾ ਆਪ ਬੀਤੀ ਜੁਲਾਈ 2007 ’ਚ ਮੇਰੀ ਪਤਨੀ ਸਰਲਾ ਦੇਵੀ ਸਦੀਵੀ ਵਿਛੋੜਾ ਦੇ ਗਈ ਸੀ। 2012 ’ਚ ਮੇਰੇ ਪੁੱਤਰ ਦੀ ਨੌਕਰੀ ਮਹਾਰਾਸ਼ਟਰ ਵਿੱਚ ਲੱਗਣ ਕਰਕੇ ਸਬੱਬ ਅਜਿਹਾ ਬਣਿਆ ਕਿ 12 ਸਾਲਾਂ ਤੋਂ ਹੀ ਮੈਂ ਪਟਿਆਲੇ ਆਪਣੇ ਘਰ ਲਗਾਤਾਰ...
  • fb
  • twitter
  • whatsapp
  • whatsapp
Advertisement

ਸੋਹਣ ਲਾਲ ਗੁਪਤਾ

ਆਪ ਬੀਤੀ

Advertisement

ਜੁਲਾਈ 2007 ’ਚ ਮੇਰੀ ਪਤਨੀ ਸਰਲਾ ਦੇਵੀ ਸਦੀਵੀ ਵਿਛੋੜਾ ਦੇ ਗਈ ਸੀ। 2012 ’ਚ ਮੇਰੇ ਪੁੱਤਰ ਦੀ ਨੌਕਰੀ ਮਹਾਰਾਸ਼ਟਰ ਵਿੱਚ ਲੱਗਣ ਕਰਕੇ ਸਬੱਬ ਅਜਿਹਾ ਬਣਿਆ ਕਿ 12 ਸਾਲਾਂ ਤੋਂ ਹੀ ਮੈਂ ਪਟਿਆਲੇ ਆਪਣੇ ਘਰ ਲਗਾਤਾਰ ਰਹਿਣ ਦੀ ਬਜਾਏ ਸਾਲ ’ਚ ਕੁਝ ਮਹੀਨੇ ਉਸ ਨਾਲ ਡਿਊਟੀ ਵਾਲੇ ਵੱਖ ਵੱਖ ਸ਼ਹਿਰਾਂ ਵਿੱਚ ਰਹਿੰਦਾ ਰਿਹਾ। ਦੋ ਕੁ ਮਹੀਨਿਆਂ ਤੋਂ ਮੈਂ ਪਟਿਆਲੇ ਹੀ ਹਾਂ।

ਪਟਿਆਲਾ ਵਿਖੇ ਮੇਰੇ ਘਰ ਦਾ ਬਿਜਲੀ ਦਾ ਮੀਟਰ ਆਪਣੇ ਅੱਠ-ਨੌਂ ਹੋਰ ‘ਸਾਥੀਆਂ’ ਵਾਂਗ ਕਾਫ਼ੀ ਸਾਲਾਂ ਤੋਂ ਗਲੀ ਵਿੱਚ ਖੰਬੇ ’ਤੇ ਲੱਗਿਆ ਹੋਇਆ ਸੀ। ਕੁਝ ਦਿਨ ਪਹਿਲਾਂ ਚਾਰ-ਪੰਜ ਬੰਦੇ ਮੇਰੇ ਮੀਟਰ ਵਾਲੇ ਬਕਸੇ ਨੂੰ ਖੋਲ੍ਹ ਰਹੇ ਸਨ। ਇੱਕ ਜਣੇ ਨੇ ਮੈਨੂੰ ਦੱਸਿਆ ਕਿ ਉਹ ਬਿਜਲੀ ਬੋਰਡ ਦੇ ਕਰਮਚਾਰੀ ਹਨ। ਉਹ ਮੇਰੇ ਮੀਟਰ ਦੀ ਵੀਡੀਓ ਬਣਾਉਣ ਲੱਗੇ। ਉਨ੍ਹਾਂ ਵੱਲੋਂ ਮੀਟਰ ਵਿੱਚ ਤਾਰ ਨਾਲ ਲਗਾਏ ਯੰਤਰ ਮੁਤਾਬਿਕ ਨਿਸ਼ਚਿਤ ਸਮੇਂ ਵਿੱਚ ਮੀਟਰ ਦੀ ਬੱਤੀ 40 ਵਾਰ ਜਗਣੀ-ਬੁਝਣੀ ਚਾਹੀਦੀ ਸੀ ਜਦੋਂਕਿ ਉਹ ਸਿਰਫ਼ 10 ਵਾਰ ਹੀ ਜਗੀ-ਬੁਝੀ। ਉਨ੍ਹਾਂ ਨੇ ਮਿੰਟ ’ਚ ਹੀ ਹਿਸਾਬ ਲਗਾ ਲਿਆ ਕਿ ਮੀਟਰ ਦੀ 80 ਫ਼ੀਸਦੀ ਸਪੀਡ ਘੱਟ ਹੈ। ਉਨ੍ਹਾਂ ਨੇ ਵੀਡੀਓ ਬਣਾਉਣ ਤੋਂ ਤੁਰੰਤ ਬਾਅਦ ਇੱਕ ਮੋਟੇ ਜਿਹੇ ਰਜਿਸਟਰ ’ਚ ਮੇਰੇ ਮੀਟਰ ਦਾ ‘ਆਲਸਪੁਣਾ’ ਦਰਜ ਕਰ ਦਿੱਤਾ। ਉਨ੍ਹਾਂ ਨੇ ਮੀਟਰ ਦੀ ਬਹੁਤ ਹੀ ਘੱਟ ਸਪੀਡ ਹੋਣ ਬਾਰੇ ਦੱਸਦੇ ਹੋਏ ਕਾਗਜ਼ ’ਤੇ ਮੇਰੇ ਦਸਤਖਤ ਕਰਵਾ ਲਏ। ਮੈਂ ਉਨ੍ਹਾਂ ਨੂੰ ਪਾਣੀ ਪਿਲਾ ਰਿਹਾ ਸੀ ਜਦੋਂਕਿ ਉਨ੍ਹਾਂ ਨੂੰ ਜਾਪਦਾ ਸੀ ਜਿਵੇਂ ਮੈਂ ਬਹੁਤ ਹੀ ਮਾਹਰ ਬਿਜਲੀ ਚੋਰ ਹੋਵਾਂ ਅਤੇ ਮੇਰਾ ਮੀਟਰ ਬਹੁਤ ਸਾਲਾਂ ਤੋਂ ਬਿਜਲੀ ਬੋਰਡ ਨਾਲ ਧੋਖਾ ਕਰ ਰਿਹਾ ਹੋਵੇ। ਇਉਂ ਚੋਰੀ ਫੜਨ ਲਈ ਆਪਣੇ ਆਪ ਨੂੰ ਜੇਤੂ ਸਮਝਣ ਵਾਲਾ ਬਿਜਲੀ ਬੋਰਡ ਦਾ ਉੱਡਣ ਦਸਤਾ ਉਡਾਰੀ ਮਾਰ ਗਿਆ।

ਉਸ ਤੋਂ ਅਗਲੇ ਦਿਨ ਐਤਵਾਰ ਸੀ। ਦੋ ਆਦਮੀ ਦੋ ਸਕੂਟਰਾਂ ’ਤੇ ਮੇਰੇ ਘਰ ਆਏ। ਉਨ੍ਹਾਂ ਨੇ ਮੇਰੇ ‘ਆਲਸੀ’ ਮੀਟਰ ਨੂੰ ਖੰਬੇ ਤੋਂ ਉਤਾਰ ਲਿਆ। ਉਸ ਨੂੰ ਪੈਕਟ ਵਿੱਚ ਲਪੇਟ ਕੇ ਚਾਰੋਂ ਪਾਸਿਉਂ ਚੰਗੀ ਤਰ੍ਹਾਂ ਟੇਪ ਲਗਾ ਕੇ ਉਸ ਦਾ ਸਾਹ ਘੁਟਣ ਵਾਲਾ ਕਰ ਦਿੱਤਾ। ਉਸ ਆਦਮੀ ਨੇ ਮੀਟਰ ਵਾਲੇ ਬੰਦ ਪੈਕਟ ਉੱਪਰ ਮੇਰੇ ਦਸਤਖਤ ਕਰਵਾ ਲਏ। ਦੂਜੇ ਬੰਦੇ ਨੇ ਖੰਬੇ ’ਤੇ ਮੇਰੇ ਪੁਰਾਣੇ ਮੀਟਰ ਦੀ ਥਾਂ ਨਵਾਂ-ਨਕੋਰ ਮੀਟਰ ਲਗਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨਵਾਂ ਮੀਟਰ ਸਮਾਰਟ ਮੀਟਰ ਹੈ। ਮੈਨੂੰ ਮਹਿਸੂਸ ਹੋਇਆ ਕਿ ਇਹ ਸਮਾਰਟ ਮੀਟਰ ਫੌਜਾ ਸਿੰਘ ਵਾਂਗ ਤੇਜ਼ ਦੌੜਨ ਵਾਲਾ ਹੁੰਦਾ ਹੋਵੇਗਾ।

ਮੈਂ ਘਰ ਬੈਠਾ ਪੁਰਾਣੇ ਮੀਟਰ ਦੀ ਘੱਟ ਸਪੀਡ ਬਾਰੇ ਆਪਣੇ ਆਪ ਨਾਲ ਗੱਲ ਕਰਨ ਲੱਗ ਪਿਆ, ‘ਮੀਟਰ ਵਿੱਚ ਕੋਈ ਧਾਗਾ ਜਾਂ ਤਾਰ ਫਸਾ ਕੇ ਸਪੀਡ ਘੱਟ ਕਰਨ ਵਰਗੇ ਮਾਮਲੇ ’ਚ ਮੈਂ ਅਗਿਆਨੀ ਅਤੇ ਬਹੁਤ ਹੀ ਕਮਜ਼ੋਰ ਦਿਲ ਦਾ ਮਾਲਕ ਹਾਂ। ਬਾਰ੍ਹਾਂ ਸਾਲਾਂ ਤੋਂ ਮੇਰਾ ਮੀਟਰ ਗਲੀ ਵਿੱਚ ਤੇਜ਼ ਧੁੱਪ, ਧੁੰਦ, ਠੰਢ, ਮੀਂਹ ਬਰਦਾਸ਼ਤ ਕਰਦਾ ਆ ਰਿਹਾ ਹੈ। ਘਰ ਵਿੱਚੋਂ ਲੰਮਾ ਸਮਾਂ ਮੇਰੇ ਗ਼ੈਰਹਾਜ਼ਰ ਰਹਿਣ ਕਰਕੇ ਸਿਰਫ਼ ਫਰਿਜ ਨੂੰ ਲੋਅ-ਮੋਡ ’ਤੇ ਲਾ ਕੇ ਛੱਡ ਜਾਣ ’ਤੇ ਵੋਲਟੇਜ ਦੀ ਘੱਟ ਖੁਰਾਕ ਮਿਲਣ ਦੇ ਬਾਵਜੂਦ ਇਹ ਚਲਦਾ ਰਿਹਾ। ਪੰਜਾਬ ’ਚ ਮੇਰੇ ਵਾਂਗ ਆਪਣੇ ਘਰ ਇਕੱਲੇ ਅਤੇ ਘੱਟ ਰਹਿਣ ਵਾਲੇ ਹੋਰ ਲੋਕ ਵੀ ਤਾਂ ਹੋਣਗੇ। ਸ਼ਾਇਦ ਉੱਡਣ ਦਸਤੇ ਨੂੰ ਕਾਫ਼ੀ ਚਿਰ ਤੋਂ ਮੇਰੇ ਘਰ ਬਿਜਲੀ ਦਾ ਬਿੱਲ ਬਹੁਤ ਘੱਟ ਆਉਣ ਕਰਕੇ ਸ਼ੱਕ ਹੋ ਗਿਆ ਹੋਵੇ। ਜਦੋਂ ਮੈਂ ਘਰ ਵਿੱਚ ਘੱਟ ਹੀ ਰਿਹਾ ਹਾਂ, ਬਿਜਲੀ-ਪਾਣੀ ਦੀ ਬੱਚਤ ਦਾ ਹਾਮੀ ਹੋਣ ਕਰਕੇ ਬਿਜਲੀ ਦੀ ਵਰਤੋਂ ਘੱਟ ਕੀਤੀ ਤਾਂ ਘੱਟ ਬਿਲ ਆਉਣ ਵਿੱਚ ਵਿਚਾਰੇ ਮੇਰੇ ਮੀਟਰ ਦਾ ਕੀ ਕਸੂਰ ਹੈ?’

ਐਤਵਾਰ ਉਸੇ ਸ਼ਾਮ ਮੈਨੂੰ ਫੋਨ ਆਇਆ ਕਿ ਅਗਲੇ ਦਿਨ ਭਾਵ ਸੋਮਵਾਰ ਨੂੰ ਬਿਜਲੀ ਦੇ ਮੀਟਰ ਵਿਭਾਗ ਦੀ ਲੈਬ ਵਿੱਚ ਹਾਜ਼ਰ ਹੋਣਾ ਹੈ। ਮੈਨੂੰ ਉਨ੍ਹਾਂ ਨੇ ਮਹਿਲਾ ਜੇਈਈ ਦਾ ਫੋਨ ਨੰਬਰ ਦੱਸ ਦਿੱਤਾ ਕਿ ਸਵੇਰੇ ਪਹੁੰਚ ਕੇ ਉਸ ਨੂੰ ਮਿਲ ਲੈਣਾ। ਅਗਲੇ ਦਿਨ ਮੈਨੂੰ ਜੇਈਈ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਮੀਟਰ ਮੇਰੇ ਸਾਹਮਣੇ ਹੀ ਖੋਲ੍ਹਣਾ ਹੈ। ਮੈਂ ਕਿਹਾ, ‘‘ਮੈਨੂੰ ਤਹਾਡੇ ’ਤੇ ਵਿਸ਼ਵਾਸ ਹੈ, ਆਪ ਹੀ ਖੋਲ੍ਹ ਲਵੋ।’’ ਉਹ ਇਹ ਗੱਲ ਨਾ ਮੰਨੇ। ਮੈਨੂੰ ਸ਼ਾਮ ਨੂੰ ਪੰਜ ਵਜੇ ਜੇਈਈ ਦਾ ਫੋਨ ਆਇਆ ਕਿ ਮੰਗਲਵਾਰ ਦੀ ਛੁੱਟੀ ਹੋਣ ਕਰਕੇ ਬੁੱਧਵਾਰ ਨੂੰ ਸਵੇਰੇ 10 ਵਜੇ ਹਰ ਹਾਲਤ ਵਿੱਚ ਪਹੁੰਚ ਜਾਣਾ। ਮੈਂ ਭਾਸ਼ਾ ਤੋਂ ਸਮਝ ਗਿਆ ਕਿ ਮਰੀਜ਼ ਵੱਲੋਂ ਬਿਲ ਨਾ ਦੇਣ ਕਰਕੇ ਹਸਪਤਾਲ ਵਾਲੇ ਉਸ ਦੇ ਖ਼ੂਨ ਦੀ ਸਪਲਾਈ ਬੰਦ ਨਹੀਂ ਕਰ ਸਕਦੇ, ਪਰ ਬਿਜਲੀ ਬੋਰਡ ਵਾਲੇ ਤਾਂ ਬਿਨਾਂ ਕਿਸੇ ਠੋਸ ਗੱਲ ਤੋਂ ਬਿਜਲੀ ਦਾ ਕੁਨੈਕਸ਼ਨ ਹੀ ਕੱਟ ਦਿੰਦੇ ਹੋਣਗੇ। ਮੈਂ ਬੁੱਧਵਾਰ ਨੂੰ ਹਾਜ਼ਰ ਹੋਣ ਲਈ ਪੱਕਾ ਮਨ ਬਣਾ ਲਿਆ ਸੀ।

ਬੁੱਧਵਾਰ ਨੂੰ ਮੈਂ ਅੱਧਾ ਘੰਟਾ ਪਹਿਲਾਂ ਹੀ ਮੀਟਰ ਚੈੱਕ ਕਰਨ ਵਾਲੇ ਵਿਭਾਗ ਦੇ ਸਾਹਮਣੇ ਪਹੁੰਚ ਗਿਆ। ਚਾਰੇ ਪਾਸੇ ਲੋਹੇ ਦੀਆਂ ਅਲਮਾਰੀਆਂ ਪਈਆਂ ਸਨ। ਮੈਨੂੰ ਲੱਗਿਆ ਕਿ ਬੱਚਿਆਂ ਨੇ ਲੁਕਣ-ਮੀਟੀ ਦੀ ਖੇਡ ਖੇਡਣੀ ਹੋਵੇ ਤਾਂ ਇਨ੍ਹਾਂ ਅਲਮਾਰੀਆਂ ਨਾਲੋਂ ਵਧੀਆਂ ਥਾਂ ਕੋਈ ਹੋਰ ਨਹੀਂ ਹੋਵੇਗੀ।

ਤਕਰੀਬਨ ਸਾਢੇ 10 ਕੁ ਵਜੇ ਮੇਰੇ ਮੀਟਰ ਦਾ ਨਿਰੀਖਣ ਕਰਨ ਦਾ ਸਮਾਂ ਆ ਗਿਆ। ਮੇਰੇ ਦਸਤਖਤ ਕਰਵਾ ਲਏ ਗਏ। ਪੈਕਟ ਤੋਂ ਮੀਟਰ ਦਾ ਨੰਬਰ ਬੋਲ ਕੇ ਦੱਸ ਦਿੱਤਾ ਗਿਆ। ਮੋਬਾਈਲ ’ਤੇ ਵੀਡੀਓ ਬਣਾਉਣ ਵਾਲੇ ਤਿਆਰ ਸਨ। ਹੱਥ ਵਿੱਚ ਹਥੌੜੀ, ਛੈਣੀ ਤੇ ਪਲਾਸ ਫੜੀ ਵਿਅਕਤੀ ਹਾਜ਼ਰ ਸੀ। ਸੱਤ-ਅੱਠ ਜਣਿਆਂ ਸਾਹਮਣੇ ਪੈਕਟ ਖੋਲ੍ਹਿਆ ਗਿਆ। ਮੀਟਰ ਦੀ ਸੀਲ ਸਮੇਤ ਚਾਰੇ ਪਾਸੇ ਤੋਂ ਵੀਡੀਓ ਬਣਨ ਲੱਗੀ। ਮੈਨੂੰ ਖ਼ੁਦ ਵੀ ਇਸ ਮੀਟਰ ਦੇ ਖੁੱਲ੍ਹੇ ਅਤੇ ਅਸਲੀ ਦਰਸ਼ਨ ਉਸ ਵੇਲੇ ਹੀ ਹੋਏ ਸਨ। ਮੈਨੂੰ ਅਫ਼ਸੋਸ ਵੀ ਹੋ ਰਿਹਾ ਸੀ ਕਿ ਉਹ ਇਸ ਦੇ ਆਖ਼ਰੀ ਦਰਸ਼ਨ ਹੀ ਸਨ। ਮੀਟਰ ਦੇ ਅੰਦਰ ਉਂਗਲਾਂ ਪਾ ਕੇ ਉਹ ‘ਸ਼ੈਤਾਨ’ ਯੰਤਰ ਜਾਂ ਇਸ ਵਿੱਚ ਫਸਾਇਆ ਕੋਈ ਹੋਰ ਯੰਤਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਅਜਿਹਾ ਕੁਝ ਵੀ ਨਾ ਮਿਲਣ ’ਤੇ ਕੋਲ ਖੜ੍ਹੇ ਮੁਲਾਜ਼ਮਾਂ ਨੂੰ ਚੰਗਾ ਲੱਗਿਆ ਹੋਵੇ ਜਾਂ ਨਾ, ਪਰ ਮੈਨੂੰ ਜ਼ਰੂਰ ਚੰਗਾ ਲੱਗਿਆ। ਉਨ੍ਹਾਂ ਨੇ ਹਥੌੜੀ ਮਾਰ ਕੇ ਕੁਝ ਹੋਰ ਪੁਰਜ਼ੇ ਵੱਖ ਕਰ ਲਏ। ਮੀਟਰ ਦੀ ਹਾਲਤ ‘ਇਸ ਦਿਲ ਕੇ ਟੁਕੜੇ ਹਜ਼ਾਰ ਹੂਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ’ ਵਰਗੀ ਕਰ ਦਿੱਤੀ ਸੀ। ਹੁਣ ਉਨ੍ਹਾਂ ਨੇ ਮੀਟਰ ਦੀ ਸਪੀਡ ਜਾਂਚਣ ਲਈ ਕੰਪਿਊਟਰ ਲੈਬ ਵਿੱਚ ਜਾਣਾ ਸੀ।

ਮੈਂ ਨਾਲ ਦੇ ਕਮਰੇ ’ਚ ਬੈਠ ਗਿਆ। ਦੋ ਵਾਰ ਮੈਨੂੰ ਪਾਣੀ ਪਿਲਾਉਣ ਵਾਲੀ ਕਰਮਚਾਰਨ ਵੀ ਆਈ। ਮੈਂ ਚੈੱਕ ਕੱਢ ਲਿਆ ਸੀ ਕਿ ਜਿੰਨੀ ਰਕਮ ਬਣਾਉਣਗੇ, ਮੈਂ ਉਸੇ ਵੇਲੇ ਦੇ ਦਿਆਂਗਾ। ਮੈਂ ਆਪਣਾ ਅਖ਼ਬਾਰ ਪੜ੍ਹਨ ਲੱਗਿਆ। 45 ਕੁ ਮਿੰਟ ਬਾਅਦ ਮੀਟਰ ਚੈੱਕ ਕਰਨ ਵਾਲਾ ਮੁੱਖ ਅਧਿਕਾਰੀ ਮੇਰੇ ਕੋਲ ਆਇਆ ਅਤੇ ਦੱਸਿਆ ਕਿ ਮੀਟਰ ਦੀ ਸਪੀਡ ਬਿਲਕੁਲ ਠੀਕ ਸੀ। ਉਨ੍ਹਾਂ ਨੇ ਮੇਰੇ ਪ੍ਰੇਸ਼ਾਨ ਹੋਣ ਸਬੰਧੀ ਅਫ਼ਸੋਸ ਵੀ ਪ੍ਰਗਟਾਇਆ। ਮੈਂ ਉਨ੍ਹਾਂ ਦਾ ਧੰਨਵਾਦ ਕਰਕੇ ਅਲਮਾਰੀਆਂ ਵਿਚਦੀ ਲੰਘਦਾ ਹੋਇਆ ਵਾਪਸ ਆ ਗਿਆ।

ਮੈਨੂੰ 72-73 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਪਤਾ ਲੱਗਿਆ ਕਿ ਮੀਟਰਾਂ ਦੀ ਅਜਿਹੀ ਚੈਕਿੰਗ ਵੀ ਹੁੰਦੀ ਹੈ। ਕੁੰਡੀਆਂ ਤਾਂ ਬਹੁਤ ਵਾਰ ਸੁਣਿਆ ਸੀ, ਪਰ ਡਿਵਾਈਸ ਲਫ਼ਜ਼ ਪਹਿਲੀ ਵਾਰ ਸੁਣਿਆ। ਚਾਲੀ ਵਾਰ ਦੀ ਬਜਾਏ 10 ਵਾਰ ਬੱਤੀ ਜਗਣ-ਬੁਝਣ ਰਾਹੀਂ ਮੇਰੇ ਚੰਗੇ, ਭਲੇ, ਤੰਦਰੁਸਤ ਮੀਟਰ ਦੀ 20 ਫ਼ੀਸਦੀ ਸਪੀਡ ਦੱਸਣ ਵਾਲਾ ਢੰਗ ਵੀ ਕਿੰਨਾ ਗ਼ਲਤ ਸਿੱਧ ਹੋਇਆ। ਮੇਰੇ ਪੁਰਾਣੇ ਮੀਟਰ ਦਾ ਨਾਂ ਭਾਵੇਂ ਸਮਾਰਟ ਨਹੀਂ ਸੀ ਪਰ ਸਹੀ ਮਾਅਨਿਆਂ ਵਿੱਚ ਉਹ ਬਹੁਤ ਸਮਾਰਟ, ਆਖ਼ਰੀ ਦਮ ਤੱਕ ਸਹੀ ਸਪੀਡ ਨਾਲ ਚੱਲਣ ਵਾਲਾ ਹੀ ਸੀ। ਉਸ ਦੀ ਸਪੀਡ ’ਤੇ ਸ਼ੱਕ ਕਰਨ ਵਾਲੇ ਉੱਡਣ ਦਸਤੇ ਨੂੰ ਗਲਤ ਸਿੱਧ ਕਰਨ ਦੇ ਨਾਲ ਮੇਰਾ ਇਮਾਨਦਾਰ ਮੀਟਰ ਮੈਨੂੰ ਵੀ ਇਮਾਨਦਾਰ ਸਿੱਧ ਕਰਨ ਵਿੱਚ ਸਫਲ ਰਿਹਾ।

ਸੰਪਰਕ: 98144-84161

Advertisement
×