ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੌਣ

ਪੱਪੀ ਨੇ ਗੱਲ ਦੱਸਣੀ ਸ਼ੁਰੂ ਕੀਤੀ, ‘‘ਮੇਰਾ ਤਾਂ ਕਾਲਜਾ ਧੱਸ ਦੇਣੇ ਨਿਕਲ ਗਿਆ। ਨੀਂ ਭੈਣੇ, ਅੱਜ ਤੜਕੇ-ਤੜਕੇ ਤਾਂ ਸਾਡੇ ਜੱਗੇ ਦਾ ਪਿਉ ਬਾਹਲ਼ੀ ਮਾੜੀ ਖ਼ਬਰ ਸੁਣ ਕੇ ਆਇਆ। ਅਖੇ ਦੰਗਿਆਂ ਵਾਲਿਆਂ ਦੀ ਬੁੜ੍ਹੀ ਨੇ ਇਹ ਕੀ ਝਾਟੇ ਖੇਹ ਪਵਾਲੀ, ਹੈਂ!...
Advertisement

ਪੱਪੀ ਨੇ ਗੱਲ ਦੱਸਣੀ ਸ਼ੁਰੂ ਕੀਤੀ, ‘‘ਮੇਰਾ ਤਾਂ ਕਾਲਜਾ ਧੱਸ ਦੇਣੇ ਨਿਕਲ ਗਿਆ। ਨੀਂ ਭੈਣੇ, ਅੱਜ ਤੜਕੇ-ਤੜਕੇ ਤਾਂ ਸਾਡੇ ਜੱਗੇ ਦਾ ਪਿਉ ਬਾਹਲ਼ੀ ਮਾੜੀ ਖ਼ਬਰ ਸੁਣ ਕੇ ਆਇਆ। ਅਖੇ ਦੰਗਿਆਂ ਵਾਲਿਆਂ ਦੀ ਬੁੜ੍ਹੀ ਨੇ ਇਹ ਕੀ ਝਾਟੇ ਖੇਹ ਪਵਾਲੀ, ਹੈਂ! ਕਬਰਾਂ ’ਚ ਲੱਤਾਂ ਸੀ। ਪੁੱਛਣ ਵਾਲਾ ਹੋਵੇ, ਭਲਾ ਪੁੱਤਾਂ ਪੋਤਿਆਂ ਵਾਲੀ ਤੂੰ ਊਂ ਐਂ, ਤੈਨੂੰ ਸ਼ਰਮ ਨਾ ਆਈ ਇਹ ਕੰਮ ਕਰਦੀ ਨੂੰ!’’

‘‘ਨੀ ਭੈਣੇ ਤਾਹੀਓਂ, ਵੱਡੇ ਤੜਕੇ ਬਲਾਂ ਬਾਹਲ਼ਾ ਰੌਲ਼ਾ ਪਈ ਜਾਂਦਾ ਸੀ ਥੜ੍ਹੇ ਵੱਲ। ਪਹਿਲਾਂ ਤਾਂ ਕੁੱਤੇ ਉੱਚੀ ਉੱਚੀ ਬਹੁਤ ਭੌਂਕੇ। ਫਿਰ ਦਸਾਂ ਕੁ ਮਿੰਟਾਂ ਮਗਰੋਂ ਬੀਹੀ ਵਿੱਚ ਦਵੜ-ਦਵੜ ਦੀਆਂ ’ਵਾਜ਼ਾਂ ਵੀ ਆਈਆਂ। ਆਹ ਸਾਡੇ ਵੀ ਮੈਨੂੰ ਭਿੰਦੇ ਦਾ ਪਿਓ ਕਹਿੰਦਾ, ਭਲਾ ਤੂੰ ਉੱਠ ਕੇ ਬਿੜਕ ਤਾਂ ਲੈ। ਕੁੱਤੇ ਕਿਉਂ ਭੌਂਕੀ ਜਾਂਦੇ ਨੇ? ਮੈਂ ਕਿਹਾ, ਮੈਥੋਂ ਨੀ ਠੰਢ ’ਚ ਉੱਠਿਆ ਜਾਂਦਾ, ਦਫ਼ਾ ਹੋਣ ਕਤੀੜ੍ਹ ,ਆਪੇ ਭੌਂਕ ਕੇ ਹਟ ਜਾਣਗੇ। ਬਥੇਰਾ ਪਤਾ ਲੱਗਜੂ ਤੜਕੇ।’’

Advertisement

ਪੱਪੀ ਤੇ ਜੱਸੋ ਸਵੇਰੇ ਸਵੇਰੇ ਕੂੜੇ ਦੇ ਬੱਠਲ ਬਾਹਰ ਰੂੜੀ ’ਤੇ ਸੁੱਟਣ ਆਈਆਂ ਇੱਕ ਦੂਜੀ ਕੋਲ ਖੜ੍ਹ ਕੇ ਮੂੰਹ ਹਨੇਰੇ ਵਾਪਰੇ ਭਾਣੇ ਦੀਆਂ ਗੱਲਾਂ ਕਰ ਰਹੀਆਂ ਸਨ।

ਪੋਹ ਦਾ ਮਹੀਨਾ ਹੋਣ ਕਰਕੇ ਠੰਢ ਵੀ ਜ਼ੋਰਾਂ ’ਤੇ ਸੀ। ਸਵੇਰ ਦੇ ਨੌਂ ਵਜੇ ਦਾ ਸਮਾਂ ਹੋਵੇਗਾ। ਗਹਿਰੀ ਧੁੰਦ ਹੌਲ਼ੀ ਹੌਲ਼ੀ ਛਟ ਰਹੀ ਸੀ। ਸਕੂਲਾਂ ਵਿੱਚ ਵੱਡੇ ਦਿਨਾਂ ਦੀਆਂ ਛੁੱਟੀਆਂ ਹੋਣ ਕਰਕੇ ਘਰਾਂ ਵਿੱਚ ਬੱਚਿਆਂ ਦੀ ਚਹਿਲ ਪਹਿਲ ਨਹੀਂ ਸੀ। ਠੰਢ ਨਾਲ ਝੰਬਿਆ ਹੋਇਆ ਸਾਰਾ ਆਲਾ-ਦੁਆਲਾ ਤੇ ਦਰੱਖ਼ਤ ਬੀਆਬਾਨ ਵਾਂਗ ਲੱਗ ਰਹੇ ਸਨ। ਜੀਵਨ ਦੀ ਸੁਸਤਾਈ ਤੋਰ ਨੇ ਹੌਲ਼ੀ ਹੌਲ਼ੀ ਸਾਹ ਲੈਣਾ ਸ਼ੁਰੂ ਕੀਤਾ ਸੀ। ਚਿੜੀਆਂ ਦੀ ਚਿਰਚਿਰ ਨੈੱਟ ਦੇ ਉੱਚੇ ਟਾਵਰਾਂ ਨੇ ਜੀਵਨ ’ਚੋਂ ਖ਼ਤਮ ਕਰ ਦਿੱਤੀ ਸੀ। ਹੁਣ ਪਤਾ ਨਹੀਂ, ਉਨ੍ਹਾਂ ਚਿੜੀਆਂ ਨੇ ਕਿੱਥੇ ਆਪਣੇ ਆਲ੍ਹਣੇ ਬਣਾਏ ਹੋਣਗੇ।

ਭਿੰਦੇ ਦੇ ਸਿਰਹਾਣੇ ਪਏ ਫੋਨ ਦੀ ਰਿੰਗ ਵੱਜੀ। ਉਸ ਨੇ ਅੰਗੜਾਈ ਲੈ ਕੇ ਫੋਨ ਔਨ ਕੀਤਾ।

‘‘ਨਮਸਕਾਰ, ਆਪਕਾ ਪੈਕ ਸਮਾਪਤ ਹੋਨੇ ਵਾਲਾ ਹੈ, ਸੇਵਾਓਂ ਕੋ ਜਾਰੀ ਰੱਖਨੇ ਕੇ ਲੀਏ ਆਪ ਅਭੀ ਰੀਚਾਰਜ ਕਰੇਂ। ਪੈਕ ਕੀ ਅਧਿਕ ਜਾਨਕਾਰੀ ਕੇ ਲੀਏ ਆਪ ਹੈਸ਼ ਜ਼ੀਰੋ ਜ਼ੀਰੋ ਦਬਾਏਂ, ਯਾ ਹਮਾਰੇ ਕਸਟਮਰ ਕੇਅਰ ਸੈਂਟਰ ਮੇਂ ਕਾਲ ਕਰੇਂ।’’

‘‘ਕੀ ਯਾਰ, ਸਵੇਰੇ ਸਵੇਰੇ ਨੀਂਦ ਖ਼ਰਾਬ ਕਰਦੇ ਨੇ ਇਹ ਵੀ, ਸੌਣ ਨਹੀਂ ਦਿੰਦੇ। ਇੱਕ ਸਰਦੀਆਂ ਵਿੱਚ ਬਾਥਰੂਮ ਤੰਗ ਕਰਦੈ।’’

ਉਸ ਨੇ ਮੋਬਾਈਲ ਸਿਰਹਾਣੇ ਹੇਠਾਂ ਰੱਖ ਦਿੱਤਾ। ਫਿਰ ਮੰਜੇ ਹੇਠੋਂ ਚੱਪਲਾਂ ਕੱਢ ਕੇ ਪਾਈਆਂ ਅਤੇ ਵਾਸ਼ਰੂਮ ਚਲਾ ਗਿਆ।

ਉਸ ਨੇ ਕੋਸੇ ਜਿਹੇ ਪਾਣੀ ਨਾਲ ਮੂੰਹ ਧੋਤਾ। ਸਵੇਰ ਦਾ ਦਸ ਕੁ ਵਜੇ ਦਾ ਸਮਾਂ ਹੋਵੇਗਾ।

‘‘ਓ ਮਾਂ, ਜੇ ਚਾਹ ਬਣੀ ਆ ਤਾਂ ਫੜਾ ਜਾਹ ਯਾਰ।’’

‘‘ਲਿਆਈ ਪੁੱਤ।’’ ਜੱਸੋ, ਨਾਲੇ ਪਹਿਲਾਂ ਦੀ ਕੀਤੀ ਹੋਈ ਚਾਹ ਗਰਮ ਕਰੀ ਜਾਵੇ ਤੇ ਨਾਲੇ ਸੋਚ ਕੇ ਹੱਸੀ ਜਾਵੇ।

‘‘ਜ਼ਮਾਨਾ ਕਿੰਨਾ ਬਦਲ ਗਿਆ! ਸਾਡੇ ਵੇਲੇ ਤਾਂ ਬੇਬੇ ਬਾਪੂ ਨੂੰ ਇਉਂ ਨਹੀਂ ਸੀ ਬੋਲਦੇ ਹੁੰਦੇ। ਇੱਕ ਲੱਜ ਹੁੰਦੀ ਸੀ। ਬਾਪੂ ਮੂਹਰੇ ਤਾਂ ਕਦੇ ਸਿਰ ਤੋਂ ਚੁੰਨੀ ਨਹੀਂ ਸੀ ਲਾਹੀ। ਬੇਬੇ ਵੀ, ਜੇ ਉੱਚੀ ਬੋਲਦੇ, ਤਾਂ ਕਹਿ ਦਿੰਦੀ ਸੀ, ‘ਸੀਰਮੇ ਪੀਜੂੰ, ਜੇ ਮੇਰੇ ਮੂਹਰੇ ਬੋਲੇ ਓ ਤਾਂ। ਅੱਜ ਦੇ ਜਵਾਕ, ਮਾਂ ਨੂੰ ਵੀ ਯਾਰ ਹੀ ਕਹੀ ਜਾਂਦੇ ਆ। ਨਵੀਆਂ ਗੁੱਡੀਆਂ, ਨਵੇਂ ਪਟੋਲੇ ਭਾਈ।’

ਜੱਸੋ ਦਾ ਆਪਮੁਹਾਰਾ ਹਾਸਾ ਨਿਕਲ ਗਿਆ। ਉਸ ਨੇ ਸਟੀਲ ਦੇ ਗਿਲਾਸ ਵਿੱਚ ਚਾਹ ਪਾਈ ਤੇ ਭਿੰਦੇ ਕੋਲ ਲੈ ਤੁਰੀ।

‘‘‘ਲੈ ਪੁੱਤ, ਚਾਹ ਪੀ ਤੇ ਉੱਠ ਕੇ ਸੁਕੈਟੀ ਵਾਲਿਆਂ ਕੋਲ ਜਾ ਕੇ ਆ। ਤੇਰੇ ਪਿਓ ਨੂੰ ਤਾਂ ਗੌਲ਼ਦੇ ਨ੍ਹੀਂ, ਰੋਜ਼ ਈ ਕਹਿ ਦਿੰਦੇ ਨੇ ਕੱਲ੍ਹ ਨੂੰ ਆਇਓ ਰੇਹ ਲੈਣ, ਰਾਹ ਈ ਨ੍ਹੀਂ ਦਿੰਦੇ।’’

ਭਿੰਦੇ ਦਾ ਧਿਆਨ ਮਾਂ ਦੀ ਗੱਲ ਵੱਲ ਨਹੀਂ ਸੀ। ਉਸ ਨੇ ਮਾਂ ਦੀ ਕਹੀ ਹੋਈ ਗੱਲ ਅਣਸੁਣੀ ਕਰ ਦਿੱਤੀ। ਸਿਰਹਾਣੇ ਹੇਠੋਂ ਮੋਬਾਈਲ ਚੁੱਕ ਕੇ ਪਹਿਲਾਂ ਵੱਟਸਐਪ ਉੱਤੇ ਆਏ ਮੈਸੇਜ ਨੂੰ ਪੜ੍ਹਨ ਲੱਗਿਆ।

‘‘ਡਿੰਪੀ, ਵਾਹ ਮੇਰੀ ਜਾਨ! ਅੱਜ ਤਾਂ ਡਿੰਪੀ ਛੱਕਾ ਮਾਰ ਗਈ।’’

ਉਸ ਨੇ ਡਿੰਪੀ ਵਾਲੀ ਆਈਡੀ ਨੂੰ ਓਪਨ ਕੀਤਾ।

‘ਹੈਲੋ, ਪਿੰਕ, ਗੁਡ ਮੌਰਨਿੰਗ।’

‘ਵੈਰੀ ਗੁੱਡ ਮਾਰਨਿੰਗ ਸੋਹਣੀਏ।’ ਉਸ ਨੇ ਮੋਬਾਈਲ ਦੀ ਸਕਰੀਨ ਵੱਲ ਮੂੰਹ ਕਰਕੇ ਹੌਲੀ ਕੁ ਦੇਣੇ ਕਿਹਾ। ਭਿੰਦੇ ਦਾ ਚਿਹਰਾ ਇੱਦਾਂ ਖਿੜ ਗਿਆ, ਜਿਵੇਂ ਪੁਰਾਣੇ ਸਮਿਆਂ ਵਿੱਚ ਰੋਪਨਾ ਵੇਲੇ ਮੁੱਛ-ਫੁੱਟ ਗੱਭਰੂ ਦਾ ਚਿਹਰਾ ਹਥੇਲੀ ’ਤੇ ਰੁਪੀਆ ਧਰਨ ਵੇਲੇ ਖਿੜ ਜਾਂਦਾ ਸੀ। ਮਾਂ ਤੋਂ ਅੱਖ ਬਚਾ ਕੇ ਉਸ ਨੇ ਮੋਬਾਈਲ ਦੀ ਸਕਰੀਨ ਚੁੰਮ ਲਈ। ਡਿੰਪੀ ਉਸ ਦੀ ਫੇਸਬੁੱਕ ਫਰੈਂਡ ਸੀ। ਫੇਸਬੁੱਕ ਤੋਂ ਹੁੰਦੀ ਹੋਈ ਉਹ ਵਟਸਐਪ ’ਤੇ ਆ ਗਈ ਸੀ। ਬਿਨਾਂ ਨਾਗਾ ਉਹ ਭਿੰਦੇ ਨੂੰ ਗੁੱਡ ਮੌਰਨਿੰਗ ਦਾ ਮੈਸੇਜ ਭੇਜਦੀ। ਡਿੰਪੀ ਨੇ ਭਿੰਦੇ ਦਾ ਨਿਕਨੇਮ ‘ਪਿੰਕ’ ਰੱਖਿਆ ਹੋਇਆ ਸੀ। ਆਪਣਾ ਇਹ ਨਾਮ ਪੜ੍ਹ ਕੇ ਭਿੰਦੇ ਨੂੰ ਸਰੂਰ ਜਿਹਾ ਚੜ੍ਹ ਜਾਂਦਾ। ਉਸ ਨੂੰ ਆਪਣਾ ਆਪ ਕਿਸੇ ਹੋਰ ਗ੍ਰਹਿ ਦਾ ਵਾਸੀ ਲੱਗਦਾ।

‘‘ਉੱਠ ਖੜ੍ਹ ਹੁਣ, ਚਾਹ ਪੀਤੀ ਨੂੰ ਵੀ ਘੰਟਾ ਹੋ ਗਿਆ।’’

ਮਾਂ ਦੀ ਥੋੜ੍ਹੀ ਜਿਹੀ ਖਰਵੀ ਆਵਾਜ਼ ਨੇ ਭਿੰਦੇ ਦੀ ਲਿਵ ਤੋੜ ਦਿੱਤੀ। ਤੇਜ਼ੀ ਨਾਲ ਵੱਟਸਐਪ ਆਫ ਕਰਕੇ ਫੇਸਬੁੱਕ ਵਿਜ਼ਿਟ ਕਰਨ ਲੱਗ ਗਿਆ। ਮਾਂ ਦੀ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਉਸ ਨੇ ਮਨਬਚਨੀ ਕੀਤੀ, ‘ਹੈਂਅ! ਆਹ ਆਪਣੇ ਪਿੰਡ ਦੀ ਵੀਡੀਓ ਚੱਲੀ ਜਾਂਦੀ ਐ?’

ਫਿਰ ਬੋਲਿਆ, ‘‘ਓ ਮਾਂ, ਆਹ ਦੇਖ ਯਾਰ ਫੇਸਬੁੱਕ ’ਤੇ ਆਪਣੇ ਪਿੰਡ ਦੀ ਵੀਡੀਓ ਚੱਲੀ ਜਾਂਦੀ ਆ।’’

‘‘ਵੇ ਦੰਗਿਆਂ ਵਾਲਿਆਂ ਦੀ ਬੁੜ੍ਹੀ ਵਾਲੀ ਐ?’’

‘‘ਆਹੋ ,ਭੱਜ ਕੇ ਆ।’’

‘‘ਮਾਂ, ਤੈਨੂੰ ਕਿਵੇਂ ਪਤਾ?’’

‘‘ਤੜਕੇ ਜਦੋਂ ਮੈਂ ਰੂੜੀ ’ਤੇ ਕੂੜਾ ਸਿੱਟਣ ਗਈ ਸੀ, ਉਦੋਂ ਪੱਪੀ ਗੱਲ ਕਰਦੀ ਸੀ।’’

‘‘ਭੱਜ ਕੇ ਆ, ਉਦੋਂ ਨੂੰ ਲੰਘ ਜੂ।’’ ਭਿੰਦੇ ਨੇ ਮਾਂ ਨੂੰ ਉੱਚੀ ਦੇਣੇ ਹਾਕ ਮਾਰੀ।

‘‘ਆਉਂਦੀ ਆਂ, ਮੈਂ ਖੇਲ਼ ਤੋਂ ਹੱਥ ਧੋ ਆਵਾਂ।’’

‘‘ਦੋਸਤੋ, ਅਸੀਂ ਖੜ੍ਹੇ ਹਾਂ ਪਿੰਡ ਰਿਫਿਊਜੀ ਖਾਨੇ। ਇਹ ਪਿੰਡ ਪੰਜਾਬ ਦੇ ਫਿਰੋਜ਼ਪੁਰ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੋਲ਼ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਪਾਕਿਸਤਾਨ ਵਿੱਚੋਂ ਆਏ ਹੋਏ ਰਿਫਿਊਜੀਆਂ ਨੇ 1947 ਮਗਰੋਂ ਵਸਾਇਆ ਸੀ। ਉਸ ਸਮੇਂ ਇਸ ਪਿੰਡ ਵਿੱਚ ਬਹੁਤੀ ਗਿਣਤੀ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੀ ਸੀ। ਉਦੋਂ ਇੱਥੇ ਟੈਂਟ ਲੱਗੇ ਹੋਏ ਸੀ ਤੇ ਟੈਂਟਾਂ ਦੇ ਵਿੱਚ ਹੀ ਲੋਕ ਆ ਕੇ ਰਹਿਣ ਲੱਗ ਪਏ ਸਨ। ਹੌਲੀ ਹੌਲੀ ਇਹ ਜਗ੍ਹਾ ਪਿੰਡ ਦਾ ਰੂਪ ਧਾਰਨ ਕਰ ਗਈ। ਪੁਰਾਣੀਆਂ ਥੇਹਾਂ ਦੇ ਖੰਡਰਾਂ ਵਾਂਗੂੰ ਹੁਣ ਇਸ ਪਿੰਡ ਵਿੱਚ ਉਨ੍ਹਾਂ ਸਮਿਆਂ ਦੇ ਇੱਕਾ ਦੁੱਕਾ ਬਜ਼ੁਰਗ ਹੀ ਰਹਿ ਗਏ ਹਨ। ਅੱਜ ਸਵੇਰੇ ਸਵੇਰੇ ਇਸ ਪਿੰਡ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਮੁਹੱਬਤ ਚੈਨਲ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਲਵ ਆਜ਼ਾਦ, ਦੋਸਤੋ ਅਗਰ ਤੁਸੀਂ ਇਸ ਚੈਨਲ ’ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਇਸ ਚੈਨਲ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਹੀਂ ਭੁੱਲਣਾ। ਦੋਸਤੋ ਚੱਲਦੇ ਹਾਂ ਅੱਜ ਦੀ ਸਾਝਰੇ ਵਾਪਰੀ ਘਟਨਾ ਵੱਲ। ਮੇਰੇ ਨਾਲ ਨੇ ਕੈਮਰਾਮੈਨ ਰਵੀ। ਤੁਹਾਨੂੰ ਦੱਸਦੇ ਹਾਂ ਕਿ ਅੱਜ ਸਵੇਰੇ ਸਵੇਰੇ ਇਸ ਖੂਹ ਉੱਤੇ ਬਹੁਤ ਹੀ ਦਿਲ ਕੰਬਾਊ ਘਟਨਾ ਵਾਪਰੀ ਹੈ। ਅਸੀਂ ਉਸੇ ਹੀ ਖੂਹ ਦੀ ਮੌਣ ਉੱਤੇ ਖੜ੍ਹੇ ਹਾਂ, ਜਿੱਥੇ ਇਸੇ ਪਿੰਡ ਦੀ ਸਭ ਤੋਂ ਵੱਡੀ ਉਮਰ ਦੀ ਰਹਿਣ ਵਾਲੀ ਤਰੰਨਵੇਂ ਸਾਲਾ ਬਜ਼ੁਰਗ ਨੇ ਰਾਤੀਂ ਖੂਹ ਵਿੱਚ ਛਾਲ ਮਾਰ ਦਿੱਤੀ। ਪਿੰਡ ਵਾਲਿਆਂ ਨੂੰ ਸਵੇਰੇ ਪਤਾ ਲੱਗਿਆ। ਅਸੀਂ ਦੱਸ ਦਈਏ ਕਿ ਇਹ ਖੂਹ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਇੱਥੇ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਿਕ ਬਜ਼ੁਰਗ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦੇ ਦੋ ਪੋਤੇ ਹਨ। ਉਹ ਸ਼ਹਿਰ ਵਿੱਚ ਨੌਕਰੀ ਕਰਦੇ ਹਨ। ਬਜ਼ੁਰਗ ਬੀਬੀ ਦੇ ਇੱਕ ਮੁੰਡਾ ਸੀ। ਉਹ ਕੁਝ ਸਮਾਂ ਪਹਿਲਾਂ ਕਿਸੇ ਬਿਮਾਰੀ ਨਾਲ ਫੌਤ ਹੋ ਗਿਆ ਸੀ। ਉਸ ਦੀ ਨੂੰਹ ‍ਕਿਸੇ ਨਾਲ ਭੱਜ ਗਈ ਸੀ। ਲੋਕਾਂ ਦੇ ਕਹਿਣ ਅਨੁਸਾਰ ਉਸ ਦੇ ਪੋਤੇ ਇਸ ਬਜ਼ੁਰਗ ਬੀਬੀ ਨੂੰ ਕਈ ਵਾਰ ਆਪਣੇ ਕੋਲ ਸ਼ਹਿਰ ਲੈ ਕੇ ਗਏ ਸਨ, ਪਰ ਇਹ ਉੱਥੇ ਦਿਲ ਨਹੀਂ ਸੀ ਲਾਉਂਦੀ। ਪਿੰਡ ਰਹਿਣ ਦੀ ਹੀ ਜ਼ਿੱਦ ਕਰਦੀ ਸੀ। ਜਦੋਂ ਅਸੀਂ ਇਸ ਵਿਸ਼ੇ ਉੱਤੇ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਇਹ ਬਜ਼ੁਰਗ ਬੀਬੀ ਪਿੰਡ ਦੀ ਸਭ ਤੋਂ ਵਡੇਰੀ ਉਮਰ ਦੀ ਔਰਤ ਸੀ। ਕਈ ਵਾਰ ਯਭਲੀਆਂ ਵੀ ਮਾਰਨ ਲੱਗ ਜਾਂਦੀ ਸੀ। ਕੁਝ ਸਾਲਾਂ ਤੋਂ ਦਿਮਾਗ਼ ਵੀ ਬਹੁਤਾ ਠੀਕ ਨਹੀਂ ਸੀ। ਇਸ ਦਾ ਪਤੀ ਕੁਝ ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ। ਇਹ ਆਪਣਾ ਨਾਮ ਕਦੇ ਸ਼ਮੀਮਾ ਬੇਗਮ ਦੱਸਦੀ ਤੇ ਕਦੇ ਮੰਜੂ। ਨੱਬਿਆਂ ਤੋਂ ਪਾਰ ਉਮਰ ਹੋਣ ਦੇ ਬਾਵਜੂਦ ਵਧੀਆ ਤੁਰੀ ਫਿਰਦੀ ਸੀ। ਆਪਣੀ ਕਿਰਿਆ ਆਪ ਸੋਧ ਲੈਂਦੀ ਸੀ। ਉਰਦੂ ਪੜ੍ਹਨਾ ਤੇ ਲਿਖਣਾ ਆਉਂਦਾ ਸੀ। ਪੋਤਿਆਂ ਨੇ ਪਿੰਡ ’ਚੋਂ ਹੀ ਇੱਕ ਵਿਹੜੇ ਵਾਲ਼ਿਆਂ ਦੀ ਔਰਤ, ਇਹਦੇ ਰੋਟੀ ਪਾਣੀ ਅਤੇ ਸਾਂਭ ਸੰਭਾਲ ਉੱਤੇ ਰੱਖੀ ਹੋਈ ਸੀ। ਰਾਤ ਨੂੰ ਉਹਨੂੰ ਆਵਦੇ ਕੋਲ ਨਹੀਂ ਸੀ ਪਾਉਂਦੀ। ਆਥਣੇ ਉਹ ਔਰਤ ਆਵਦੇ ਘਰੇ ਆ ਜਾਂਦੀ ਸੀ। ਇਹ ਗੁਰਦੁਆਰੇ ਦੂਜੇ ਤੀਜੇ ਦਿਨ ਡੰਗੋਰੀ ਫੜ ਕੇ ਮੱਥਾ ਟੇਕਣ ਆਉਂਦੀ। ਰਾਤੀਂ ਪਤਾ ਨਹੀਂ ਕੀ ਮਨ ’ਚ ਆਇਆ ਕਿ ਸਿਆਣਿਆਂ ਦੇ ਕਹਿਣ ਵਾਂਗੂੰ, ਸੌਹਰੀ ਨੇ ਖੂਹ...। ਇਹ ਤਾਂ ਤੜਕੇ ਪਤਾ ਲੱਗਿਆ, ਬਈ ਖੂਹ ਵਿੱਚ ਕੁਝ ਤੈਰ ਰਿਹਾ ਹੈ। ਫਿਰ ਪੁਲੀਸ ਵਾਲਿਆਂ ਨੂੰ ਤੇ ਇਹਦੇ ਪੋਤਿਆਂ ਨੂੰ ਫੋਨ ਕੀਤਾ। ਉਹ ਉਦੋਂ ਹੀ ਆ ਗਏ। ਪੁਲੀਸ ਵੀ ਘੰਟੇ ਕੁ ਮਗਰੋਂ ਆ ਗਈ। ਹੁਣੇ ਖੂਹ ਵਿੱਚੋਂ ਦੋ ਨੌਜਵਾਨਾਂ ਨੇ ਲਾਸ਼ ਬਾਹਰ ਕੱਢੀ ਹੈ। ਠੰਢ ਹੋਣ ਕਰਕੇ ਲਾਸ਼ ਆਕੜੀ ਪਈ ਹੈ। ਤੁਸੀਂ ਲਗਾਤਾਰ ਦੇਖ ਰਹੇ ਹੋ ਮੁਹੱਬਤ ਚੈਨਲ ਤੇ ਮੈਂ ਤੁਹਾਡਾ ਦੋਸਤ ਲਵ ਆਜ਼ਾਦ। ਜੁੜੇ ਰਹਿਣਾ ਇਸ ਚੈਨਲ ਦੇ ਨਾਲ।’’

ਬਜ਼ੁਰਗ ਬੀਬੀ ਦੇ ਪੋਤਿਆਂ ਅਤੇ ਪਿੰਡ ਦੇ ਪਤਵੰਤਿਆਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ। ਅਗਲੇ ਦਿਨ ਉਸ ਦੇ ਫੁੱਲ ਚੁਗ ਕੇ ਸਤਲੁਜ ਦਰਿਆ ਵਿੱਚ ਤਾਰ ਦਿੱਤੇ। ਪੋਤਿਆਂ ਨੇ ਉਸੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾਇਆ, ਜਿਸ ਵਿੱਚ ਬਜ਼ੁਰਗ ਬੀਬੀ ਰਾਤ ਨੂੰ ਸੌਂਦੀ ਸੀ। ਉਸ ਕਮਰੇ ਵਿਚਲਾ ਕੁਝ ਸਾਮਾਨ ਦੋ ਟਰੰਕ, ਕੁਝ ਕਾਗਜ਼ ਪੱਤਰ ਨਾਲ ਦੀ ਝਲਾਨੀ ਵਿੱਚ ਰੱਖ ਦਿੱਤਾ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਾਲੇ ਅਤੇ ਪਿੰਡ ਵਿੱਚੋਂ ਲੋਕ ਅਫ਼ਸੋਸ ਕਰਨ ਆਉਂਦੇ। ਜਦੋਂ ਅਫ਼ਸੋਸ ਕਰਨ ਵਾਲੇ ਪੁੱਛਦੇ ਕਿ ਕੀ ਭਾਣਾ ਵਾਪਰਿਆ? ਤਾਂ ਪੋਤਿਆਂ ਕੋਲ ਕੋਈ ਜਵਾਬ ਨਾ ਹੁੰਦਾ। ਬਸ ਉਹ ਇੰਨਾ ਕਹਿ ਛੱਡਦੇ ਕਿ ਉਮਰ ਜ਼ਿਆਦਾ ਹੋ ਗਈ ਸੀ। ਬਜ਼ੁਰਗ ਬਹੁਤ ਸਨ। ਹੁਣ ਉਨ੍ਹਾਂ ਦਾ ਦਿਮਾਗ਼ ਵੀ ਟਿਕਾਣੇ ਨਹੀਂ ਸੀ। ਬਸ ਹੋਣੀ ਨੂੰ ਜੋ ਮਨਜ਼ੂਰ ਸੀ, ਹੋ ਗਿਆ। ਭੋਗ ਅਤੇ ਸ਼ਰਧਾਜਲੀ ਲਈ ਨੌਵਾਂ ਦਿਨ ਰੱਖਿਆ ਗਿਆ। ਉਸ ਤੋਂ ਇੱਕ ਦਿਨ ਪਹਿਲਾਂ ਉਸ ਬੀਬੀ ਦੇ ਪੋਤਿਆਂ ਨੇ ਰੱਖੇ ਟਰੰਕਾਂ ਦੀ ਸਫ਼ਾਈ ਕੀਤੀ। ਇੱਕ ਟਰੰਕ ਵਿੱਚ ਬੀਬੀ ਦੇ ਕੱਪੜੇ ਸਨ। ਵੱਡੇ ਟਰੰਕ ਵਿੱਚ ਇੱਕ ਛੋਟਾ ਜਿਹਾ ਟਰੰਕਨੁਮਾ ਬਕਸਾ ਰੱਖਿਆ ਹੋਇਆ ਸੀ। ਉਸ ਨੂੰ ਇੱਕ ਛੋਟੀ ਜਿਹੀ ਜਿੰਦੀ ਵੀ ਲੱਗੀ ਹੋਈ ਸੀ। ਜਿੰਦੀ ਦੇ ਕੋਲ਼ ਹੀ ਛੋਟੀ ਜਿਹੀ ਚਾਬੀ ਪਈ ਸੀ। ਜਿਉਂਦੇ ਜੀ ਬੀਬੀ ਨੇ ਉਸ ਟਰੰਕ ਨੂੰ ਕਿਸੇ ਨੂੰ ਵੀ ਹੱਥ ਨਹੀਂ ਸੀ ਲਾਉਣ ਦਿੱਤਾ। ਦੋਵੇਂ ਪੋਤਿਆਂ ਦੇ ਮਨ ਵਿੱਚ ਇਹ ਸੀ ਕਿ ਇਸ ਵਿੱਚ ਜ਼ਰੂਰ ਦਾਦੀ ਨੇ ਸੋਨੇ, ਚਾਂਦੀ ਦੇ ਗਹਿਣੇ ਰੱਖੇ ਹੋਣਗੇ। ਛੋਟੇ ਨੇ ਵੱਡੇ ਨੂੰ ਕਿਹਾ, ‘‘ਵੀਰੇ, ਤੂੰ ਦਾਦੀ ਦਾ ਇਹ ਬਕਸਾ ਪਹਿਲਾਂ ਦੇਖਿਆ ਕਦੇ?’’

‘‘ਮੈਂ ਤਾਂ ਇਹਨੂੰ ਕਦੇ ਨਹੀਂ ਦੇਖਿਆ। ਇੱਕ ਵਾਰ ਬਾਪੂ ਦੇ ਹੁੰਦਿਆਂ ਮੈਂ ਕਿਹਾ ਤਾਂ ਸੀ, ਦਾਦੀ, ਇਸ ਵਿੱਚ ਕੀ ਹੈ? ਮੈਨੂੰ ਖੋਲ੍ਹ ਕੇ ਦਿਖਾ ਦੇ ਤਾਂ ਦਾਦੀ ਨੇ ਮੈਨੂੰ ਝਿੜਕ ਦਿੱਤਾ ਕਿ ਇਸ ਨੂੰ ਹੱਥ ਨਹੀਂ ਲਾਉਣਾ, ਇਸ ਵਿੱਚ ਮਾਊਂ ਆਂ। ਉਸ ਮਗਰੋਂ ਮੈਂ ਕਦੇ ਨਹੀਂ ਸੀ ਕਿਹਾ।’’

‘‘ਚੱਲ ਵੀਰੇ ਜਲਦੀ ਖੋਲ੍ਹ, ਦੇਖਦੇ ਹਾਂ ਇਸ ਵਿੱਚ ਕੀ ਹੈ?’’

ਵੱਡੇ ਪੋਤੇ ਨੇ ਚਾਬੀ ਨਾਲ ਉਸ ਛੋਟੇ ਬਕਸੇ ਨੂੰ ਖੋਲ੍ਹਿਆ। ਛੋਟੀ ਜਿੰਦੀ ਇਕਦਮ ਖੁੱਲ੍ਹ ਗਈ। ਖੋਲ੍ਹਣ ’ਤੇ ਪਤਾ ਲੱਗਿਆ ਕਿ ਇਹ ਬਕਸਾ ਦਾਦੀ ਰੋਜ਼ ਖੋਲ੍ਹਦੀ ਸੀ।

‘‘ਹੈਂਅ! ਇਹ ਕੀ?’’

ਦੋਵੇਂ ਭਰਾ ਹੱਕੇ ਬੱਕੇ ਰਹਿ ਗਏ। ਬਕਸੇ ਵਿੱਚ ਇੱਕ ਕਾਪੀ ਅਤੇ ਕੁਝ ਉਰਦੂ ਵਿੱਚ ਲਿਖੀਆਂ ਹੋਈਆਂ ਖ਼ਸਤਾਹਾਲ ਚਿੱਠੀਆਂ ਸਨ। ਛੋਟੇ ਨੇ ਇੱਕ ਚਿੱਠੀ ਚੁੱਕੀ। ਉਸ ਨੂੰ ਪਲਟ ਕੇ ਦੇਖਿਆ। ਇਹ ਉਰਦੂ ਵਿੱਚ ਲਿਖੀ ਹੋਈ ਸੀ। ਦੋਵਾਂ ਨੂੰ ਉਰਦੂ ਪੜ੍ਹਨਾ ਨਹੀਂ ਸੀ ਆਉਂਦਾ। ਕਾਪੀ ਦੇ ਸਫ਼ਿਆਂ ਉੱਤੇ ਵੀ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀ।

‘‘ਵੀਰੇ ਆਪਾਂ ਇਉਂ ਕਰਦੇ ਆਂ, ਗੂਗਲ ਟਰਾਂਸਲੇਟਰ ’ਤੇ ਜਾ ਕੇ ਟਰਾਂਸਲੇਟ ਕਰਦੇ ਹਾਂ।’’

ਛੋਟੇ ਨੇ ਇਕਦਮ ਕਿਹਾ। ਉਨ੍ਹਾਂ ਇੱਕ ਕਾਪੀ ਦੇ ਸਫ਼ੇ ਦੀ ਫੋਟੋ ਖਿੱਚ ਕੇ ਟਰਾਂਸਲੇਟਰ ’ਤੇ ਅਪਲੋਡ ਕੀਤਾ। ਗੂਗਲ ਨੇ ਹੱਥ ਲਿਖਤ ਨਾ ਚੁੱਕੀ। ਦੋਵੇਂ ਭਰਾਵਾਂ ਦੀ ਉਤਸੁਕਤਾ ਵਧਦੀ ਜਾ ਰਹੀ ਸੀ ਕਿ ਕੀ ਲਿਖਿਆ ਹੋਇਆ ਹੈ? ਵੱਡੇ ਪੋਤੇ ਨੇ ਬਜ਼ੁਰਗ ਬੀਬੀ ਦੀ ਸਾਂਭ ਸੰਭਾਲ ਲਈ ਘਰ ਰੱਖੀ ਹੋਈ ਬਾਰੋ ਨੂੰ ਪੁੱਛਿਆ, ‘‘ਬਾਰੋ ਬੀਜੀ, ਆਪਣੇ ਪਿੰਡ ਕੋਈ ਉਰਦੂ ਪੜ੍ਹਨ ਜਾਣਦਾ ਹੈ?’’

‘‘ਕਾਕਾ ਜੀ, ਮਸਾਣਿਆਂ ਦਾ ਮੌਲਵੀ ਪੜ੍ਹ ਲੈਂਦਾ ਹੈ।’’

‘‘ਉਹ ਆਪਾਂ ਨੂੰ ਕਦੋਂ ਘਰ ਮਿਲੇਗਾ?’’

‘‘ਪੁੱਤ, ਆਥਣੇ ਉਹ ਘਰੇ ਹੀ ਹੋਵੇਗਾ। ਵੱਡੀ ਬੀਬੀ ਦੇ ਸਿਰਨਾਵੇਂ, ਚਿੱਠੀ ਪੱਤਰ ਦਿਖਾਉਣੇ ਹੋਣਗੇ?’’

‘‘ਹਾਂ ਜੀ ਬੀਜੀ, ਉਰਦੂ ਵਿੱਚ ਨੇ।’’

‘‘ਮੈਂ ਚਾਹ ਧਰਦੀ ਆਂ, ਆਪਾਂ ਹੁਣੇ ਚੱਲੇ ਚੱਲਦੇ ਆਂ।’’

ਦੋਵੇਂ ਭਰਾਵਾਂ ਨੇ ਉਸ ਬਕਸੇ ਨੂੰ ਇੱਕ ਬੈਗ ਵਿੱਚ ਸੰਭਾਲ ਕੇ ਪਾ ਲਿਆ। ਤਿੰਨੋ ਜਣੇ ਮੌਲਵੀ ਦੇ ਘਰ ਪਹੁੰਚ ਗਏ। ਮੌਲਵੀ ਦੀ ਉਮਰ ਵੀ ਅੱਸੀਆਂ ਦੇ ਨੇੜੇ ਢੁੱਕੀ ਹੋਈ ਸੀ।

‘‘ਬਾਈ, ਇਹ ਦੰਗਿਆਂ ਵਾਲਿਆਂ ਦੀ ਬੀਬੀ ਦੇ ਪੋਤੇ ਨੇ। ਇਨ੍ਹਾਂ ਨੇ ਚਿੱਠੀਆਂ ਪੜ੍ਹਾਉਣੀਆਂ ਨੇ, ਕਹਿੰਦੇ ਲਹਿੰਦੀ ਬੋਲੀ ’ਚ ਆ।’’

ਲਹਿੰਦੀ ਬੋਲੀ ਦਾ ਨਾਂ ਸੁਣ ਕੇ ਮੌਲਵੀ ਦੀਆਂ ਬੇਨੂਰ ਅੱਖਾਂ ਵਿੱਚ ਚਮਕ ਆ ਗਈ। ਉਸ ਨੂੰ ਅੱਜ ਵੀ ਯਾਦ ਸੀ ਕਿ ਕਿਵੇਂ ਉਹ ਫਿਰੋਜ਼ਪੁਰ ਤੋਂ ਪਾਕਿਸਤਾਨ ਜਾਣ ਲੱਗੇ ਸਨ। ਉਸ ਸਮੇਂ ਇੱਕ ਮੰਦਰ ਵਿੱਚ ਵੜ ਕੇ ਕਿਵੇਂ ਆਪਣੀ ਜਾਨ ਬਚਾਈ ਸੀ। ਫਿਰ ਉਹ ਇੱਥੇ ਲੱਗੇ ਕੈਂਪ ਵਿੱਚ ਰਹੇ ਤੇ ਫਿਰ ਹੌਲੀ ਹੌਲੀ ਇੱਥੇ ਹੀ ਵੱਸ ਗਏ।

ਮੌਲਵੀ ਨੇ ਕੰਬਦੇ ਹੱਥਾਂ ਨਾਲ ਵੱਡੇ ਪੋਤੇ ਤੋਂ ਕੁਝ ਖ਼ਤ ਫੜੇ ਅਤੇ ਪੜ੍ਹਨ ਲੱਗਿਆ,

‘ਪਿਆਰੀ ਸ਼ਮੀਮ,

ਮੈਨੂੰ ਇਲਮ ਹੈ ਕਿ ਹੁਣ ਤੂੰ ਮਿੱਠਾ ਜਿਹਾ ਖ਼ਫ਼ਾ ਹੋਵੇਂਗੀ। ਅਵਾਮ ਲਈ ਤੂੰ ਮੰਜੂ ਹੋ ਸਕਦੀ ਏਂ, ਪਰ ਮੇਰੇ ਲਈ ਮੇਰੀ ਪਿਆਰੀ ਸ਼ਮੀਮ। ਕਸਮ ਉਸ ਸੋਹਣੇ ਰੱਬ ਦੀ, ਬੇਪਨਾਹ ਮੁਹੱਬਤ ਹੈ ਆਪ ਸੇ। ਅੱਲਾ ਤਾਲਾ ਆਪਕੋ ਸਲਾਮਤ ਰੱਖੇ। ਵਾਲਿਦ ਤੇ ਭਾਈ ਜਾਨ ਜ਼ਰਾ ਲਾਮ ਹੈਂ, ਅੱਜ ਖੂਹ ’ਤੇ ਨਹੀਂ ਆ ਸਕਾਂਗਾ। ਰੱਬ ਸੋਹਣਾ ਸੁੱਖ ਰੱਖੇ, ਕੱਲ੍ਹ ਮਿਲਾਂਗਾ। ਆਪਣੀ ਹਿਫ਼ਾਜ਼ਤ ਰੱਖਣਾ।

ਤੇਰਾ ਹੁਸੈਨ।’

ਖ਼ਤ ਪੜ੍ਹਦੇ ਵਕਤ ਮੌਲਵੀ ਦੀਆਂ ਅੱਖਾਂ ਵਿੱਚ ਪਾਣੀ ਛਲਕਣ ਲੱਗਿਆ। ਉਸ ਨੂੰ ਪਾਕਿਸਤਾਨ ਵਿੱਚ ਰਹਿ ਗਈ ਆਪਣੀ ਜ਼ੀਨਤ ਦੀ ਯਾਦ ਆਈ।

ਛੋਟੇ ਪੋਤੇ ਨੇ ਬਕਸੇ ਵਾਲੀ ਕਾਪੀ ਮੌਲਵੀ ਅੱਗੇ ਕਰ ਦਿੱਤੀ। ਉਸ ਨੇ ਕਾਪੀ ਦੇ ਦੋ ਤਿੰਨ ਸਫ਼ੇ ਉਥੱਲ ਕੇ ਦੇਖੇ।

‘‘ਪੁੱਤਰ, ਇਹ ਤੇ ਬੀਬੀ ਸਾਹਿਬਾ ਨੇ ਆਪਣੇ ਜੀਵਨ ਦਾ ਅਫ਼ਸਾਨਾ ਲਿਖਿਆ ਹੈ।’’ ਮੌਲਵੀ ਦੀ ਆਵਾਜ਼ ਕੰਬ ਰਹੀ ਸੀ।

‘‘ਕਾਲੇ ਦਿਨਾਂ ਵਿੱਚ ਹੁਸੈਨ ਤੋਂ ਵਿਛੜਨਾ, ਉਸ ਖ਼ੁਦਾ ਅੱਲਾਹ ਸੋਹਣੇ ਤੋਂ ਵਿਛੜਨ ਦੇ ਬਰਾਬਰ ਸੀ। ਅੰਮੀ ਜਾਨ ਆਪਣਾ ਵਰੀ ਵਾਲਾ ਸੂਟ ਵੀ ਸੰਦੂਕ ਵਿੱਚੋਂ ਚੁੱਕ ਨਾ ਸਕੀ। ਸੂਟ ਨੂੰ ਯਾਦ ਕਰ ਸਿਸਕੀਆਂ ਭਰਦੀ ਰਹੀ।

ਮੌਤ ਦੇ ਸਾਏ ਹੇਠ ਲੁਕਦੇ ਲੁਕਾਉਂਦੇ ਅਸੀਂ ਹਿੰਦੁਸਤਾਨ ਦੀ ਸਰਜ਼ਮੀਂ ਦੇ ਕੋਲ ਪਹੁੰਚਣ ਹੀ ਵਾਲੇ ਸੀ, ਛੋਟੇ ਭਾਈ ਜਾਨ ਨੂੰ ਸਿਰ ਫਿਰੇ ਟੋਲੇ ਨੇ ਮੇਰੇ ਨੈਣਾਂ ਸਾਹਮਣੇ ਨੇਜ਼ੇ ’ਤੇ ਟੰਗ ਲਿਆ। ਅੱਬਾ ਜਾਨ ਨੂੰ ਕੁਝ ਜਣੇ ਫੜ ਕੇ ਖੂਹ ਵੱਲ ਲੈ ਗਏ। ਜਾਂਦੇ ਹੋਏ ਅੱਬਾ ਜਾਨ ਨੇ ਬਹੁਤ ਉੱਚੀ ਆਵਾਜ਼ ਵਿੱਚ ਕਿਹਾ ਸੀ, ‘‘ਆਪਣੀ ਇੱਜ਼ਤ ਦੀ ਰਾਖੀ ਕਰਨਾ, ਕਿਸੇ ਦੇ ਹੱਥ ਆਉਣ ਤੋਂ ਪਹਿਲਾਂ ਖੂਹ ਵਿੱਚ ਛਾਲ ਮਾਰ ਦੇਣਾ।’’

ਇਸ ਤੋਂ ਅੱਗੇ ਮੌਲਵੀ ਤੋਂ ਪੜ੍ਹਿਆ ਨਾ ਗਿਆ। ਉਸ ਨੇ ਕਾਪੀ ਬੰਦ ਕਰ ਦਿੱਤੀ। ਵੱਡੇ ਪੋਤੇ ਨੇ ਮੌਲਵੀ ਤੋਂ ਕਾਪੀ ਫੜ ਕੇ ਬਕਸੇ ਵਿੱਚ ਪਾਈ ਤੇ ਉਸ ਨੂੰ ਸੰਭਾਲ ਕੇ ਬੈਗ ਵਿੱਚ ਪਾ ਲਿਆ। ਮੌਲਵੀ ਨੇ ਐਨਕ ਦੇ ਸ਼ੀਸ਼ੇ ਤੋਂ ਹੰਝੂਆਂ ਨੂੰ ਸਾਫ਼ ਕੀਤਾ। ਐਨਕ ਦੇ ਦੋਵੇਂ ਸ਼ੀਸ਼ੇ ਧੁੰਦਲੇ ਹੋ ਚੁੱਕੇ ਸਨ।

ਸੰਪਰਕ: 86996-93680

Advertisement
Show comments