ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ ਗੋਆ ਵਿਚ ਆਖ਼ਰੀ ਘੜੀਆਂ
ਸੁਭਦਰਾ ਸਾਗਰ ਦੇ ਜ਼ਖ਼ਮੀ ਹੱਥ ਵਿਚ ਝੰਡਾ ਡੋਲਣ-ਡਿੱਗਣ ਲੱਗਿਆ, ਕਰਨੈਲ ਸਿੰਘ ਨੇ ਭੱਜ ਕੇ ਜਾ ਸੰਭਾਲਿਆ। ਉਹਨੇ ਝੰਡਾ ਉੱਚਾ ਕੀਤਾ ਤੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ। ਉਹ ਆਪ ਹਿੱਕ ਵਿਚ ਲੱਗੀ ਗੋਲ਼ੀ ਨਾਲ ਡਿੱਗਿਆ ਤਾਂ ਜਿਥੇ ਉਹਦਾ ਝੰਡੇ ਵਾਲ਼ਾ ਹੱਥ ਟਿਕਿਆ, ਉਥੇ ਕੱਚੀ ਧਰਤੀ ਵਿਚ ਖੱਡ ਵਰਗਾ ਇਕ ਭੀੜਾ ਟੋਆ ਸੀ। ਝੰਡੇ ਦੀ ਡਾਂਗ ਦਾ ਹੇਠਲਾ ਸਿਰਾ ਕੁਦਰਤੀ ਹੀ ਉਸ ਟੋਏ ਵਿਚ ਪੈ ਗਿਆ ਤੇ ਉਹ ਗੋਆ ਦੀ ਧਰਤੀ ਉੱਤੇ ਉੱਚਾ ਝੁੱਲਣ ਲੱਗਿਆ।
ਪੰਜਾਬ ਤੋਂ ਡੇਢ ਹਜ਼ਾਰ ਮੀਲ ਦੂਰ ਜਾ ਕੇ ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਨੌਜਵਾਨ ਕਰਨੈਲ ਸਿੰਘ ਈਸੜੂ ਦੀਆਂ ਆਖ਼ਰੀ ਘੜੀਆਂ ਦਾ ਵੇਰਵਾ ਤੇ ਸਮੁੱਚੇ ਜਥੇ ਦਾ ਹਾਲ ਜਥੇ ਵਿਚ ਸ਼ਾਮਲ ਸਾਥੀਆਂ ਨੇ ਹੀ ਬੜੇ ਵਿਸਤਾਰ ਵਿਚ ਲਿਖਿਆ ਹੋਇਆ ਹੈ। ਪੰਦਰਾਂ ਅਗਸਤ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਜੋਗਿੰਦਰ ਸਿੰਘ ਓਬਰਾਏ ਦਾ ਕਰਨੈਲ ਸਿੰਘ ਬਾਰੇ ਲੇਖ ਉਹਦੇ ਪਹਿਲੇ ਜੀਵਨ ਦੀ ਤਾਂ ਖਾਸੀ ਜਾਣਕਾਰੀ ਦਿੰਦਾ ਹੈ, ਪਰ ਸਿਰਫ਼ ਦੋ ਵਾਕਾਂ ਵਿਚ ਪੇਸ਼ ਕੀਤੀ ਸ਼ਹੀਦੀ ਦੀ ਘਟਨਾ ਦਾ ਅਸਲੀਅਤ ਨਾਲ ਕੋਈ ਮੇਲ ਨਹੀਂ। ਓਬਰਾਏ ਲਿਖਦਾ ਹੈ: ‘‘ਗੋਆ ਪੁੱਜ ਕੇ ਦੇਸ ਦੇ ਮਰਜੀਵੜਿਆਂ ਨੇ ਪੁਰਤਗਾਲੀਆਂ ਨੂੰ ਉਥੋਂ ਭਜਾ ਦਿੱਤਾ; ਇਸੇ ਦੌਰਾਨ ਕਰਨੈਲ ਸਿੰਘ ਉੱਥੇ ਜਦੋਂ ਤਿਰੰਗਾ ਝੰਡਾ ਝੁਲਾਉਣ ਲਈ ਮਿਨਾਰ ’ਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿਤੀ। ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ਉੱਤੇ ਹੀ ਸ਼ਹੀਦ ਹੋ ਗਏ।’’ ਲਿਖਤ ਵਿਚ ਲਿਆਂਦੀ ਕਿਸੇ ਵੀ ਇਤਿਹਾਸਕ ਘਟਨਾ ਦਾ ਹੋਰ ਲੇਖਕਾਂ ਦੀ ਕਲਮੋਂ ਅੱਗੇ ਦੀ ਅੱਗੇ ਤੁਰ ਜਾਣਾ ਸੁਭਾਵਿਕ ਹੁੰਦਾ ਹੈ। ਇਸ ਕਰਕੇ ਇਤਿਹਾਸਕ ਤੱਥ ਖੋਜ-ਲੱਭ ਕੇ ਸਹੀ ਹੀ ਲਿਖੇ ਜਾਣੇ ਚਾਹੀਦੇ ਹਨ।
ਯਾਦ ਰਹੇ, ਸੱਤਿਆਗ੍ਰਹੀ ਆਪਣੇ ਆਗੂਆਂ ਦੇ ਕਹੇ ਅਨੁਸਾਰ ਬਿਲਕੁਲ ਨਿਹੱਥੇ ਸਨ। ਪੁਰਤਗਾਲੀ ਪਹਿਲਾਂ ਅੰਗਰੇਜ਼ਾਂ ਤੋਂ ਤੇ ਫੇਰ ਭਾਰਤ ਸਰਕਾਰ ਤੋਂ ਨਾਬਰ ਹੋ ਕੇ ਸਦੀਆਂ ਤੋਂ ਗੋਆ ਵਿਚ ਜੰਮੇ ਬੈਠੇ ਸੀ। ਸੱਤਿਆਗ੍ਰਹੀ ਏਨੇ ਭੋਲ਼ੇ ਨਹੀਂ ਸਨ ਕਿ ਖਾਲੀ ਹੱਥ ਉਹਨਾਂ ਨੂੰ ਭਜਾਉਣ ਗਏ ਹੋਣ ਤੇ ਉਹ ਭੱਜ ਗਏ ਹੋਣ। ਉਹ ਰਾਜ ਕਰਨ ਦੇ ਢੰਗ-ਤਰੀਕਿਆਂ ਦੇ ਪੱਖੋਂ ਵੀ ਅੰਗਰੇਜ਼ਾਂ ਨਾਲੋਂ ਵੱਧ ਕਰੂਰ ਤੇ ਵਹਿਸ਼ੀ ਸਨ। ਇਥੇ ਵੀ ਉਹਨਾਂ ਨੇ ਜਿਹੜੀਆਂ ਗੋਲ਼ੀਆਂ ਚਲਾਈਆਂ, ਉਹ ਕੌਮਾਂਤਰੀ ਨੇਮਾਂ-ਕਾਨੂੰਨਾਂ ਦੇ ਵਿਰੁੱਧ ਅੱਗੋਂ ਘਸਾ ਕੇ ਵੱਧ ਕਸ਼ਟਦਾਇਕ ਤੇ ਘਾਤਕ ਬਣਾਈਆਂ ਹੋਈਆਂ ਸਨ। ਹਾਂ, ਗੋਆ ਭਾਵੇਂ ਇਸ ਸਤਿਆਗ੍ਰਹਿ ਨਾਲ ਆਜ਼ਾਦ ਤਾਂ ਨਹੀਂ ਸੀ ਹੋਣਾ ਤੇ ਨਾ ਹੀ ਹੋਇਆ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਸਤਿਆਗ੍ਰਹਿ ਉਹ ਮਜ਼ਬੂਤ ਬੁਨਿਆਦ ਬਣਿਆ ਜਿਸ ਉੱਤੇ ਗੋਆ ਦੀ ਆਜ਼ਾਦੀ ਦੀ ਲਹਿਰ ਉੱਸਰੀ। ਨਤੀਜੇ ਵਜੋਂ ਭਾਰਤ ਨੇ 1961 ਵਿਚ ਫ਼ੌਜੀ ਕਾਰਵਾਈ ਕਰ ਕੇ ਗੋਆ ਨੂੰ ਆਜ਼ਾਦ ਕਰਵਾ ਲਿਆ। ਘਟਨਾ ਵਾਲ਼ੀ ਥਾਂ ਉੱਤੇ ਕੋਈ ਮੀਨਾਰ ਨਹੀਂ ਤੇ ਪੁਰਤਗਾਲੀ ਤਾਂ ਉਥੋਂ ਦੇ ਮਾਲਕ ਸਨ, ਉਹਨਾਂ ਨੂੰ ਨਿਹੱਥਿਆਂ ਉੱਤੇ ਗੋਲ਼ੀ ਚਲਾਉਣ ਲਈ ਛੁਪਣ ਦੀ ਕੀ ਲੋੜ ਸੀ!
ਮੈਂ ਉਹ ਥਾਂ 2022 ਵਿਚ ਅੱਖੀਂ ਦੇਖੀ ਹੋਈ ਹੈ। ਇਸ ਆਯੂ ਵਿਚ ਏਨੀ ਦੂਰ ਜਾ ਪਹੁੰਚਣ ਦਾ ਵੀ ਇਕ ਅਨੋਖਾ ਸਬੱਬ ਬਣ ਗਿਆ ਸੀ। ਕਰਨੈਲ ਸਿੰਘ ਦਾ ਵਿਆਹ ਉਹਦੀ ਸ਼ਹੀਦੀ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ, ਮਈ 1955 ਵਿਚ ਉਹਦੀ ਭਾਬੀ ਦੀ ਭੈਣ, 17 ਸਾਲ ਦੀ ਚਰਨਜੀਤ ਕੌਰ ਨਾਲ ਹੋਇਆ ਸੀ। ਮੁਕਲਾਵਾ ਅਜੇ ਲਿਆਂਦਾ ਨਹੀਂ ਸੀ। ਤਾਂ ਵੀ ਕੁੜੀ ਨੇ ਹੋਰ ਵਿਆਹ ਕਰਾਉਣ ਤੋਂ ਨਾਂਹ ਕਰ ਦਿੱਤੀ ਤੇ ਪੇਕੇ ਪਿੰਡ, ਅੰਬਾਲੇ ਕੋਲ ਬੜੌਲਾ ਰਹਿੰਦੀ ਰਹੀ ਹੈ। ਮੈਂ ਆਪਣੇ ਇਕ ਲੇਖ ਵਿਚ ਲਿਖਿਆ ਸੀ, ‘‘ਧੰਨ ਹੈ ਬੀਬੀ ਚਰਨਜੀਤ ਕੌਰ ਜਿਸ ਨੇ ਸਦੀਆਂ ਵਰਗੀ ਲੰਮੀ ਉਮਰ ਕਰਨੈਲ ਸਿੰਘ ਦੇ ਨਾਂ ਨਾਲ ਜੁੜ ਕੇ ਹੀ ਲੰਘਾ ਲਈ! ... ਪੰਜਾਬ ਨੂੰ ਚਾਹੀਦਾ ਹੈ ਕਿ ਅਜੇ ਵੀ, ਉਹਦੀ ਬਿਰਧ ਅਵਸਥਾ ਵਿਚ ਯੋਗ ਸਤਿਕਾਰ ਕਰ ਕੇ ਉਹਦਾ ਰਿਣ ਉਤਾਰੇ। ਇਸ ਗੱਲ ਦਾ ਮਹੱਤਵ ਬਹੁਤ ਵੱਡਾ ਹੈ ਕਿ ਕਰਨੈਲ ਸਿੰਘ ਨੇ ਤਾਂ 15 ਅਗਸਤ 1955 ਦੇ ਦਿਨ ਹੀ ਸੰਪੂਰਨ ਸ਼ਹੀਦੀ ਪਾ ਲਈ ਸੀ ਪਰ ਬੀਬੀ ਚਰਨਜੀਤ ਕੌਰ ਦੀ ਸ਼ਹੀਦੀ ਪਿਛਲੇ 64 ਸਾਲਾਂ ਤੋਂ ਚੱਲ ਰਹੀ ਹੈ!’’ ਪੰਜਾਬ ਨੇ ਤਾਂ ਮੇਰੀ ਗੱਲ ਨਾ ਸੁਣੀ, ਪਰ ਇਹਦੀ ਥਾਂ ਜਿਵੇਂ ਗੋਆ ਨੇ ਸੁਣ ਲਈ ਹੋਵੇ। 2022 ਵਿਚ ਗੋਆ ਦੇ ਮੁੱਖ ਮੰਤਰੀ ਨੇ ਆਪ ਬੜੌਲਾ ਪਹੁੰਚ ਕੇ ਬੀਬੀ ਨੂੰ ਸਨਮਾਨਿਤ ਕੀਤਾ ਤੇ ਸ਼ਹੀਦ ਨਾਲ ਸੰਬੰਧਿਤ ਹੋਰ ਕਈ ਐਲਾਨ ਕੀਤੇ।
ਮੇਰਾ ਬੇਟਾ ਦਿੱਲੀ ਤੋਂ ਤੇ ਬੇਟੀਆਂ ਅਹਿਮਦਾਬਾਦ ਤੇ ਅਮਰੀਕਾ ਤੋਂ ਪਰਿਵਾਰਾਂ ਸਮੇਤ ਦੀਵਾਲੀ ਦੇ ਨੇੜੇ ਹਫ਼ਤਾ, ਦਸ ਦਿਨ ਕਿਸੇ ਸੋਹਣੀ ਥਾਂ ਇਕੱਠੇ ਰਹਿੰਦੇ ਹਨ। ਬੀਬੀ ਚਰਨਜੀਤ ਕੌਰ ਦੇ ਸਨਮਾਨ ਵਾਲੀ ਘਟਨਾ ਨਾਲ ਮੇਰੇ ਮਨ ਵਿਚ ਕਰਨੈਲ ਦੀ ਯਾਦ ਨਵਿਆਈ ਜਾਣੀ ਕੁਦਰਤੀ ਸੀ। ਇਸ ਕਰਕੇ ਉਸ ਸਾਲ ਮੈਂ ਬੱਚਿਆਂ ਨੂੰ ਗੋਆ ਚੱਲਣ ਲਈ ਆਖ ਦਿੱਤਾ। ਇਉਂ ਮੈਨੂੰ ਘਟਨਾ ਵਾਲ਼ੀ ਥਾਂ ਅੱਖੀਂ ਦੇਖਣ ਦਾ ਮੌਕਾ ਮਿਲਿਆ। ਇਹ ਸਾਰਾ ਇਲਾਕਾ ਨੀਵੀਆਂ ਹਰਿਆਲੀਆਂ ਪਹਾੜੀਆਂ ਦਾ ਹੈ। ਉਸ ਸਮੇਂ ਪੁਰਤਗਾਲੀ ਗੋਆ ਤੇ ਹਿੰਦੋਸਤਾਨੀ ਮਹਾਰਾਸ਼ਟਰ ਨੂੰ ਇਕ ਕੱਚਾ-ਪੱਕਾ ਜਿਹਾ ਰਾਹ ਜੋੜਦਾ ਸੀ। ਸਰਹੱਦ ਉੱਤੇ ਕੁਦਰਤੀ ਹੀ ਪਹਾੜੀਆਂ ਕੁਛ ਪਿੱਛੇ ਹਟਵੀਆਂ ਹਨ ਤੇ ਕੁਛ ਥਾਂ ਪੱਧਰੇ ਮੈਦਾਨ ਵਾਂਗ ਬਣ ਗਈ ਹੈ। ਜਥੇ ਦੀ ਪਹਿਲੀ ਪੰਗਤ ਨੇ ਜਿਸ ਥਾਂ ਸਰਹੱਦ ਤੋਂ ਅੱਗੇ ਗੋਆ ਵਿਚ ਪੈਰ ਰੱਖਣੇ ਸਨ, ਉਹਦੇ ਐਨ ਸਾਹਮਣੇ ਕੁਛ ਹੀ ਗ਼ਜ਼ ਦੂਰ ਗੋਆ ਦੀ ਪੁਲਿਸ ਨੇ ਬੰਦੂਕਾਂ ਸੇਧੀਆਂ ਹੋਈਆਂ ਸਨ। ਉਹਨਾਂ ਨੇ ਚਿਤਾਵਨੀ ਦਿੱਤੀ ਹੋਈ ਸੀ ਕਿ ਜੋ ਕੋਈ ਗੋਆ ਦੀ ਧਰਤੀ ਉੱਤੇ ਪੈਰ ਰੱਖੇਗਾ, ਗੋਲੀ ਸਿੱਧੀ ਉਹਦੀ ਹਿੱਕ ਵੱਲ ਆਵੇਗੀ! ਉਹਨਾਂ ਦੀ ਇਹ ਚਿਤਾਵਨੀ ਆਜ਼ਾਦੀ ਦੇ ਮਤਵਾਲਿਆਂ ਦੇ ਜੋਸ਼ ਨੂੰ ਠੰਢਾ ਨਹੀਂ ਸੀ ਕਰ ਸਕੀ।
ਰਾਹ ਭੁੱਲ ਕੇ ਅਮਰੀਕਾ ਜਾ ਪਹੁੰਚੇ ਤੇ ਮਰਨ ਤੱਕ ਉਸੇ ਨੂੰ ਹਿੰਦੁਸਤਾਨ ਸਮਝਦੇ ਰਹੇ ਕੋਲੰਬਸ ਤੋਂ ਛੇ ਸਾਲ ਮਗਰੋਂ, 1498 ਵਿਚ ਇਥੇ ਆ ਪਹੁੰਚਣ ਵਾਲ਼ਾ ਪਹਿਲਾ ਯੂਰਪੀ ਯਾਤਰੀ ਪੁਰਤਗਾਲ ਦਾ ਹੀ ਵਾਸਕੋ-ਡਿ-ਗਾਮਾ ਸੀ। ਜਿਉਂ ਹੀ ਇਥੋਂ ਦੀਆਂ ਭਾਂਤ-ਸੁਭਾਂਤੀਆਂ ਦੌਲਤਾਂ ਦੀ, ਖਾਸ ਕਰ ਕੇ ਗਰਮ ਮਸਾਲਿਆਂ ਦੀ ਸੋਅ ਯੂਰਪ ਪਹੁੰਚੀ, ਪੁਰਤਗਾਲ, ਫ਼ਰਾਂਸ, ਹਾਲੈਂਡ ਤੇ ਇੰਗਲੈਂਡ ਨੇ ਆਪਣੀਆਂ-ਆਪਣੀਆਂ ਈਸਟ ਇੰਡੀਆ ਕੰਪਨੀਆਂ ਬਣਾ ਕੇ ਹਿੰਦੁਸਤਾਨ ਨਾਲ ਵਪਾਰ ਸ਼ੁਰੂ ਕਰ ਦਿੱਤਾ। ਵਪਾਰ ਨਾਲ ਸਬਰ ਨਾ ਕਰਦਿਆਂ ਇਹ ਕੰਪਨੀਆਂ ਛੇਤੀ ਹੀ ਇਲਾਕਿਆਂ ਉੱਤੇ ਕਬਜ਼ੇ ਕਰਨ ਲੱਗੀਆਂ। ਧਰਤੀ ਹਿੰਦੁਸਤਾਨ ਦੀ ਸੀ ਪਰ ਉਸ ਉੱਤੇ ਕਬਜ਼ੇ ਲਈ ਸਥਾਨਕ ਰਾਜਿਆਂ ਤੇ ਹਾਕਮਾਂ ਵਿਰੁੱਧ ਲੜਨ ਦੇ ਨਾਲ-ਨਾਲ ਇਹ ਕੰਪਨੀਆਂ ਇਕ ਦੂਜੀ ਵਿਰੁੱਧ ਵੀ ਲੜ ਰਹੀਆਂ ਸਨ। ਆਖ਼ਰ ਨੂੰ ਭਾਰੂ ਰਹੇ ਅੰਗਰੇਜ਼ਾਂ ਨੇ ਹਾਲੈਂਡੀਏ ਪੂਰੀ ਤਰ੍ਹਾਂ ਭਜਾ ਦਿੱਤੇ ਅਤੇ ਪੁਰਤਗਾਲੀ ਤੇ ਫ਼ਰਾਂਸੀਸੀ ਏਨੇ ਵੱਡੇ ਦੇਸ ਦੇ ਚੂਰ-ਭੂਰ ਤੱਕ ਸਿਮਟ ਕੇ ਰਹਿ ਗਏ। ਪੁਰਤਗਾਲੀਆਂ ਅਧੀਨ ਗੋਆ ਸਮੇਤ 1,619 ਵਰਗ ਮੀਲ ਅਤੇ ਫ਼ਰਾਂਸੀਸੀਆਂ ਅਧੀਨ 197 ਵਰਗ ਮੀਲ ਇਲਾਕੇ ਬਚੇ ਸਨ।
1947 ਵਿਚ ਅੰਗਰੇਜ਼ਾਂ ਦੇ ਜਾਣ ਮਗਰੋਂ ਭਾਰਤ ਸਰਕਾਰ ਨੇ ਫ਼ਰਾਂਸੀਸੀਆਂ ਤੇ ਪੁਰਤਗਾਲੀਆਂ ਨਾਲ ਇਹ ਕਬਜ਼ੇ ਖ਼ਤਮ ਕਰਵਾਉਣ ਲਈ ਗੱਲਬਾਤ ਸ਼ੁਰੂ ਕੀਤੀ। ਫ਼ਰਾਂਸੀਸੀ ਸਿਆਣੇ ਰਹੇ ਤੇ ਬਦਲੇ ਹੋਏ ਹਾਲਾਤ ਨੂੰ ਦੇਖਦਿਆਂ ਕਿਸੇ ਲੜਾਈ-ਝਗੜੇ ਤੋਂ ਬਿਨਾਂ ਭਾਰਤ ਨਾਲ ਸਮਝੌਤਿਆਂ ਰਾਹੀਂ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਤੁਰਦੇ ਬਣੇ। ਪਰ ਪੁਰਤਗਾਲੀ ਨਵੇਂ ਹਾਲਾਤ ਨੂੰ ਪਰਵਾਨ ਕਰਨ ਤੋਂ ਨਾਬਰ ਰਹੇ। ਆਖ਼ਰ ਭਾਰਤੀਆਂ ਨੇ ਪੁਰਤਗਾਲੀਆਂ ਨੂੰ ਉਹਨਾਂ ਦੇ ਟਿਕੇ ਰਹਿਣ ਦੀ ਅਸੰਭਵਤਾ ਦਾ ਅਹਿਸਾਸ ਕਰਵਾਉਣ ਲਈ ਸ਼ਾਂਤਮਈ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਅੰਗਰੇਜ਼ਾਂ ਤੋਂ ਆਜ਼ਾਦੀ ਜਿੱਤਣ ਵਾਲ਼ੇ ਸੰਗਰਾਮੀਏ ਇਸ ਸੱਤਿਆਗ੍ਰਹਿ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਸਨ। ‘ਗੋਆ ਵਿਮੋਚਨ ਸਹਾਇਕ ਸੰਮਤੀ’ ਨੇ ਆਜ਼ਾਦੀ ਦੀ ਅੱਠਵੀਂ ਵਰ੍ਹੇਗੰਢ, 15 ਅਗਸਤ 1955 ਵਾਲ਼ੇ ਦਿਨ ਵੱਡੇ ਸੱਤਿਆਗ੍ਰਹਿ ਦਾ ਐਲਾਨ ਕਰ ਦਿੱਤਾ। ‘15 ਅਗਸਤ ਨੂੰ ਗੋਆ ਚੱਲੋ’ ਦਾ ਨਾਅਰਾ ਦੇਸ ਭਰ ਵਿਚ ਗੂੰਜਣ ਲਗਿਆ। ਪੰਜਾਬ ਤੋਂ ਵੀ ਕਾਫ਼ੀ ਗਿਣਤੀ ਵਿਚ ਲੋਕ ਚੱਲ ਪਏ। ਅਧਿਆਪਕ ਕਰਨੈਲ ਸਿੰਘ ਈਸੜੂ ਉਹਨਾਂ ਵਿਚ ਸ਼ਾਮਲ ਸੀ। ਉਹ ਪ੍ਰਾਇਮਰੀ ਸਕੂਲ ਬੰਬਾਂ ਵਿਚ ਅਧਿਆਪਕ ਸੀ ਤੇ ਉਸ ਸਮੇਂ ਸਿਖਲਾਈ ਕੋਰਸ ਕਰ ਰਿਹਾ ਸੀ। ਅਧਿਆਪਕ ਯੂਨੀਅਨ ਉਹਦੀਆਂ ਸਰਗਰਮੀਆਂ ਦਾ ਇਕ ਹੋਰ ਖੇਤਰ ਸੀ।
ਕਰਨੈਲ ਸਿੰਘ ਨੂੰ ਪੜ੍ਹਾਈ-ਸਿਖਲਾਈ ਵਿਚ ਵੱਡੇ ਭਰਾ, ਕਵੀ ਤਖ਼ਤ ਸਿੰਘ ਦੀ ਅਗਵਾਈ ਤੇ ਸਰਪਰਸਤੀ ਦੀ ਓਬਰਾਏ ਦੀ ਗੱਲ ਵੀ ਅਸਲੀਅਤ ਨਾਲ ਮੇਲ ਨਹੀਂ ਖਾਂਦੀ। ਪਰਿਵਾਰ ਵਿਚੋਂ ਕਰਨੈਲ ਸਿੰਘ ਦਾ ਆਦਰਸ਼ ਉਹਦੇ ਚਾਚਾ ਜੀ, ਜਵਾਹਰ ਸਿੰਘ ਸਨ ਜੋ ਲੋਕ-ਹਿਤੈਸ਼ੀ ਮਾਰਗ ਦੇ ਅਡੋਲ ਯਾਤਰੀ ਸਨ। ਉਹ ਗ਼ਦਰ ਲਹਿਰ ਤੋਂ ਸ਼ੁਰੂ ਕਰ ਕੇ ਪੰਜਾਬ ਵਿਚ ਸਮੇਂ-ਸਮੇਂ ਉੱਠੀਆਂ ਅੰਗਰੇਜ਼-ਵਿਰੋਧੀ ਲਹਿਰਾਂ ਦੇ ਸਰਗਰਮ ਭਿਆਲ ਰਹੇ ਸਨ। ਜਦੋਂ ਕਮਿਊਨਿਸਟ ਪਾਰਟੀ ਜਥੇਬੰਦ ਹੋਈ ਸੀ, ਉਹ ਉਸ ਵਿਚ ਸ਼ਾਮਲ ਹੋ ਗਏ ਸਨ। ਸੂਝ-ਸਮਝ ਦੀ ਉਮਰ ਨੂੰ ਪਹੁੰਚਦਿਆਂ ਕਰਨੈਲ ਸਿੰਘ ਵੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਤਖ਼ਤ ਸਿੰਘ ਚਾਚਾ ਜੀ ਨੂੰ ਤਾਂ ਕੁਛ ਕਹਿ ਨਹੀਂ ਸੀ ਸਕਦਾ, ਪਰ ਕਰਨੈਲ ਸਿੰਘ ਨੂੰ ਰਾਜਨੀਤਕ ਰਾਹ ਛੱਡਣ ਲਈ ਜ਼ੋਰ ਪਾਉਂਦਾ ਰਹਿੰਦਾ। ਉਹਦਾ ਕਹਿਣਾ ਸੀ, ‘‘ਤੂੰ ਆਪਣਾ ਭਵਿੱਖ ਤਾਂ ਖ਼ਰਾਬ ਕਰ ਹੀ ਰਿਹਾ ਹੈਂ, ਤੇਰਾ ਕਮਿਊਨਿਸਟ ਹੋਣਾ ਮੇਰੀ ਹੈੱਡਮਾਸਟਰੀ ਲਈ ਵੀ ਖ਼ਤਰਾ ਹੈ।’’ ਉਧਰੋਂ ਫ਼ੀਸ ਮਿਲਣ ਦੀ ਵੀ ਉਮੀਦ ਨਾ ਰਹਿਣ ਕਾਰਨ ਕਰਨੈਲ ਸਿੰਘ ਸਵੇਰੇ-ਸਵੇਰੇ ਗਾਹਕਾਂ ਦੇ ਘਰ ‘ਨਵਾਂ ਜ਼ਮਾਨਾ’ ਵੰਡਦਾ ਤੇ ਟਿਊਸ਼ਨਾਂ ਪੜ੍ਹਾਉਂਦਾ। ਉਹਦੀ ਮਾਇਕ ਹਾਲਤ ਅਜਿਹੀ ਸੀ ਕਿ ਸ਼ਹੀਦੀ ਗਾਨਾ ਬੰਨ੍ਹ ਕੇ ਗੋਆ ਪਹੁੰਚਣ ਵਾਸਤੇ ਜੇਬ ਵਿਚ ਪੈਸੇ ਨਹੀਂ ਸਨ। ਉਹ ਗੋਆ ਲਈ ਗੱਡੀ ਦੋਸਤਾਂ ਤੇ ਸਾਥੀਆਂ ਦੀ ਮਾਇਕ ਮਦਦ ਨਾਲ ਟਿਕਟ ਲੈ ਕੇ ਚੜ੍ਹਿਆ ਜਿਸ ਗੱਲ ਦਾ ਜ਼ਿਕਰ ਉਹ ਰਾਹ ਵਿਚੋਂ ਲਿਖੀਆਂ ਆਪਣੀਆਂ ਚਿੱਠੀਆਂ ਵਿਚ ਕਰਦਾ ਹੈ। ਉਹਨੇ ਨਿੱਤ-ਵਰਤੋਂ ਦੀਆਂ ਚੀਜ਼ਾਂ ਵਾਲੇ ਦੁਕਾਨਦਾਰ ਦੇ ਵੀ ਪੈਸੇ ਦੇਣੇ ਸਨ। ਭਾਵੇਂ ਸੰਬੰਧ ਚੰਗੇ ਹੋਣ ਕਾਰਨ ਉਹਨੇ ਮੰਗੇ ਨਹੀਂ ਸਨ, ਪਰ ਕਰਨੈਲ ਸਿੰਘ ਸ਼ਹੀਦੀ ਦਾ ਪਤਾ ਹੋਣ ਵਾਂਗ ਹਿਸਾਬ ਨਿਬੇੜ ਕੇ ਹੀ ਜਾਣਾ ਚਾਹੁੰਦਾ ਸੀ। ਹੋਰ ਕੋਈ ਵਸੀਲਾ ਹੈ ਨਹੀਂ ਸੀ ਤੇ ਆਪਣੇ ਕੋਲ ਵਿਕਣ ਵਾਲੀ ਚੀਜ਼ ਸਿਰਫ਼ ਇਕ ਸਾਈਕਲ ਸੀ। ਉਹੋ ਵੇਚ ਕੇ ਉਹ ਦੁਕਾਨਦਾਰ ਦੇ ਹੁਧਾਰ ਤੋਂ ਵੀ ਸੁਰਖ਼ਰੂ ਹੋ ਕੇ ਤੁਰਿਆ ਸੀ।
ਤਖ਼ਤ ਸਿੰਘ ਨੂੰ ਲਿਖੀ ਜਿਸ ਚਿੱਠੀ ਦਾ ਜ਼ਿਕਰ ਓਬਰਾਏ ਨੇ ਕੀਤਾ ਹੈ, ਇਕ ਤਾਂ ਉਹਦਾ ਅਸਲ ਰੂਪ ਉਹਦੇ ਵਾਲ਼ਾ ਨਹੀਂ। ਦੂਜੇ ਇਹ ਚਿੱਠੀ ਵਿਛੋੜੇ ਦਾ ਦਰਦ ਨਹੀਂ ਦਸਦੀ, ਤਖ਼ਤ ਸਿੰਘ ਦੇ ਨੌਕਰੀ ਜਾਣ ਦੇ ਡਰ ਦੇ ਮੁਕਾਬਲੇ ਸਭ ਕੁਝ ਛੱਡ ਕੇ ਜਾ ਰਿਹਾ ਹੋਣ ਦਾ ਵਿਅੰਗ ਕਰਦੀ ਹੈ ਅਤੇ ਇਹ ਮਿਹਣਾ ਵੀ ਮਾਰਦੀ ਹੈ ਕਿ ਤੁਸੀਂ ਤਾਂ ਚਿਰਾਂ ਤੋਂ ਮੇਰੇ ਨਾਲ ਕੋਈ ਮੇਲਜੋਲ ਤੱਕ ਨਹੀਂ ਸੀ ਰੱਖਿਆ ਹੋਇਆ! ਚਿੱਠੀ ਦੇ ਅੰਤ ਵਿਚ ਉਹ ‘‘ਤੁਹਾਡਾ ਛੋਟਾ ਵੀਰ’’ ਜਾਂ ‘‘ਤੁਹਾਡਾ ਪਿਆਰਾ ਵੀਰ’’ ਜਿਹਾ ਕੁਛ ਲਿਖਣ ਦੀ ਥਾਂ ਸਿਰਫ਼ ਉਹੋ ‘ਤੁਹਾਡਾ’ ਲਿਖਦਾ ਹੈ ਜਿਸ ਨਾਲ ਹਰ ਕੋਈ ਕਿਸੇ ਓਪਰੇ-ਅਨਜਾਣੇ ਨੂੰ ਲਿਖੀ ਚਿੱਠੀ ਦਾ ਅੰਤ ਕਰਦਾ ਹੈ। ਅਸਲ ਚਿੱਠੀ ਇਉਂ ਹੈ: ‘‘ਪਿਆਰੇ ਭਰਾਤਾ ਜੀ, ਤੁਹਾਨੂੰ ਇਹ ਸੁਣ ਕੇ ਦੁੱਖ ਹੋਵੇਗਾ ਕਿ ਮੈਂ ਅੱਜ ਤੋਂ ਟਰੇਨਿੰਗ, ਨੌਕਰੀ ਤੇ ਹੋਰ ਸਭ ਕੁਝ ਛੱਡ ਕੇ ਗੋਆ ਜਾ ਰਿਹਾ ਹਾਂ। ਪਤਾ ਨਹੀਂ, ਉਥੋਂ ਵਾਪਸ ਮੁੜਾਂ ਕਿ ਨਾ ਮੁੜਾਂ! ਖ਼ੈਰ, ਮੈਂ ਸਮਝਦਾ ਹਾਂ ਕਿ ਮੇਰਾ ਗੋਆ ਜਾਣਾ ਜ਼ਰੂਰੀ ਹੈ ਤੇ ਜਾ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਹਾਨੂੰ ਬੜਾ ਰੰਜ ਹੋਵੇਗਾ ਪਰ ਦੇਸ ਤੇ ਕੌਮ ਵੱਲ ਵੀ ਸਾਡਾ ਕੋਈ ਫ਼ਰਜ਼ ਬਣਦਾ ਹੈ। ਆਸ ਹੈ, ਖਿਮਾ ਕਰੋਗੇ। ਮੈਨੂੰ ਦੁੱਖ ਹੈ ਕਿ ਮੈਂ ਤੁਹਾਨੂੰ ਢੇਰ ਚਿਰ ਤੋਂ ਮਿਲ ਨਹੀਂ ਸਕਿਆ।
- ਤੁਹਾਡਾ, ਕਰਨੈਲ ਸਿੰਘ’’
ਕਰਨੈਲ ਸਿੰਘ ਸੱਚਮੁੱਚ ਹੀ ਦੇਸ-ਪ੍ਰੇਮ ਵਿਚ ਰੰਗਿਆ ਹੋਇਆ ਸੀ। ਉਹਨੂੰ ਪਤਾ ਸੀ ਕਿ ਉਹ ਜਿਸ ਰਾਹ ਤੁਰਿਆ ਹੈ, ਉਹਦੀ ਮੰਜ਼ਿਲ ਮੌਤ ਹੀ ਹੋ ਸਕਦੀ ਹੈ। ਤਾਂ ਵੀ ਉਹ ਆਪਣੇ ਜਜ਼ਬਿਆਂ ਦੇ ਏਨੇ ਨਰੋਏ ਤੇ ਜਿਉਂਦੇ-ਜਾਗਦੇ ਹੋਣ ਦਾ ਸਬੂਤ ਦਿੰਦਾ ਹੈ ਕਿ ਜਗਰਾਉਂ ਤੋਂ ਤੁਰਨ ਤੋਂ ਲੈ ਕੇ ਗੋਆ ਦੀ ਹੱਦ ਦੇ ਨੇੜੇ ਪਹੁੰਚਣ ਤੱਕ ਦੋਸਤਾਂ-ਮਿੱਤਰਾਂ ਨੂੰ ਲਗਾਤਾਰ ਚਿੱਠੀਆਂ ਲਿਖਦਾ ਜਾਂਦਾ ਹੈ। ਹਰ ਚਿੱਠੀ ਵਿਚ ਉਹ ਗੱਡੀ ਵਿਚੋਂ ਦਿਸਦੇ ਆਪਣੇ ਦੇਸ ਦੇ ਹਰ ਨਜ਼ਾਰੇ ਬਾਰੇ ਲ਼ਿਖਦਾ ਹੈ, ਖੇਤ, ਕਾਮੇ, ਫ਼ਸਲਾਂ, ਬਿਰਛ, ਮੈਦਾਨ, ਪਸੂ, ਪੰਛੀ, ਪਹਾੜ, ਨਦੀਆਂ, ਝਰਨੇ! ਹਰ ਚੀਜ਼ ਬਾਰੇ ਉਹਨੇ ਅਪਣੱਤ ਨਾਲ ਲਿਖਿਆ। ਇਹੋ ਅਪਣੱਤ ਸੀ ਜਿਸ ਨੇ ਉਹਦੇ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ।
14 ਅਗਸਤ ਨੂੰ ਜਥਾ ਮਹਾਰਾਸ਼ਟਰ ਵਿਚ ਗੋਆ ਦੀ ਹੱਦ ਤੋਂ ਸਿਰਫ਼ ਇਕ ਮੀਲ ਦੂਰ ਦੇ ਨਗਰ ਬਾਂਦਾ ਪਹੁੰਚ ਗਿਆ। ਉਥੋਂ ਉਹਨੇ ਚਿੱਠੀ ਲਿਖੀ, ‘‘ਬਾਂਦਾ ਨੂੰ ਜਾਣ ਲਈ ਇਕ ਨਦੀ ਕਿਸ਼ਤੀਆਂ ਨਾਲ ਲੰਘਣੀ ਪੈਂਦੀ ਹੈ। ਇਹ ਵੀ ਮੇਰਾ ਪਹਿਲਾ ਮੌਕਾ ਸੀ। ਇਕ ਅਮਰੀਕਨ ਅਖ਼ਬਾਰ ਦੇ ਆਦਮੀ ਨੇ ਸਾਡੀਆਂ ਫੋਟੋ ਲਈਆਂ।’’ 15 ਅਗਸਤ ਨੂੰ ਸਵੇਰੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਪਿੱਛੋਂ ਪੰਜਾਬ ਅਤੇ ਦਿੱਲੀ ਦੇ ਸਤਿਆਗ੍ਰਹੀਆਂ ਨੇ ਕਰਨੈਲ ਸਿੰਘ ਦੀ ਅਗਵਾਈ ਵਿਚ ਭੰਗੜਾ ਪਾਇਆ। ਅਮਰੀਕਨ ਅਖ਼ਬਾਰੀ ਫੋਟੋਗ੍ਰਾਫਰ ਭੰਗੜੇ ਦੀਆਂ ਤਸਵੀਰਾਂ ਲੈਂਦੇ ਰਹੇ। ਇਸ ਗੱਲੋਂ ਨਿਸਚਿੰਤ ਕਿ ਕੁਝ ਹੀ ਘੰਟਿਆਂ ਵਿਚ ਪੁਰਤਗਾਲੀ ਗੋਲੀਆਂ ਉਹਨਾਂ ਦੇ ਕਾਲਜੇ ਛਾਨਣੀ ਕਰ ਸਕਦੀਆਂ ਹਨ, ਪੰਜਾਬੀ ਸਤਿਆਗ੍ਰਹੀ ਮੌਜ ਨਾਲ ਪੰਜਾਬ ਤੋਂ 1,500 ਮੀਲ ਦੂਰ ਭੰਗੜਾ ਪਾ ਰਹੇ ਸਨ। ਭੰਗੜੇ ਦੇ ਨਾਲ-ਨਾਲ ਵੀਹ-ਸਾਲਾ ਗੱਭਰੂ ਕਰਨੈਲ ਸਿੰਘ ਸਭ ਦੇ ਅੱਗੇ ਬੋਲਦਾ ਸੀ:
ਬੋਲ ਪੰਜਾਬੀ ਹੱਲਾ ਬੋਲ!
ਬੋਲ ਜਵਾਨਾ ਹੱਲਾ ਬੋਲ!
ਗੋਆ ਉੱਤੇ ਹੱਲਾ ਬੋਲ!
ਬੋਲ ਭਾਰਤੀ ਹੱਲਾ ਬੋਲ!
ਜਥੇ ਦੇ ਆਗੂ ਸ਼੍ਰੀ ਵਿਸ਼ਨੂੰ ਪੰਤ ਚਿਤਲੇ ਨੇ ਆਖ਼ਰੀ ਹਦਾਇਤਾਂ ਦਿੱਤੀਆਂ ਅਤੇ ਜਥਾ ਸਰਹੱਦ ਵੱਲ ਵਧਿਆ। ਸ਼੍ਰੀ ਚਿਤਲੇ ਤੇ ਸ਼੍ਰੀ ਓਕ ਦੇ ਪਿੱਛੇ ਚਾਰ-ਚਾਰ ਦੀਆਂ ਕਤਾਰਾਂ ਵਿਚ 910 ਦੇ ਲਗਭਗ ਸਤਿਆਗ੍ਰਹੀ ਸਨ। ਪੰਜਾਬ ਤੇ ਦਿੱਲੀ ਦੇ ਜਥੇ ਸਭ ਤੋਂ ਅੱਗੇ ਸਨ। ਗਿਆਰਾਂ ਬਜੇ ਸਤਿਆਗ੍ਰਹੀ ਸਰਹੱਦ ਉੱਤੇ ਬਣੀ ਭਾਰਤੀ ਚੌਕੀ ਪਹੁੰਚ ਗਏ। ਇਥੇ ਗੋਆ ਵਿਮੋਚਨ ਸਹਾਇਕ ਸੰਮਤੀ ਦੇ ਅਹੁਦੇਦਾਰ, ਬਾਂਦਾ ਦੀ ਜਨਤਾ ਅਤੇ ਭਾਰਤੀ ਤੇ ਬਦੇਸੀ ਅਖ਼ਬਾਰਾਂ ਦੇ ਪ੍ਰਤੀਨਿਧ ਹਾਜ਼ਰ ਸਨ। ਸਤਿਆਗ੍ਰਹੀਆਂ ਦੇ ਦੇਸ-ਪਿਆਰ ਤੇ ਜੋਸ਼ ਨੂੰ ਅਤੇ ਅੱਗੇ ਖੜ੍ਹੀ ਮੌਤ ਨੂੰ ਦੇਖ ਕੇ ਇਕ ਬਦੇਸੀ ਰਿਪੋਰਟਰ ਤਾਂ ਆਪਣਾ ਕੈਮਰਾ ਸੁੱਟ ਕੇ ‘‘ਸੱਚ ਬਰੇਵਰੀ!’’ (ਏਨੀ ਬਹਾਦਰੀ!) ਕਹਿੰਦਿਆਂ ਰੋ ਪਿਆ!
ਜਥੇ ਵਿਚ ਸ਼ਾਮਲ ਸ਼੍ਰੀ ਮਹਾਂਬੀਰ ਪ੍ਰਸ਼ਾਦ ਨੇ ਮਗਰੋਂ ਲਿਖਿਆ ਸੀ, ‘‘ਜਥੇ ਨੇ ਗੋਆ ਦੀ ਸਰਹੱਦ ਉੱਤੇ ਪੈਰ ਰੱਖਿਆ ਹੀ ਸੀ ਕਿ ਪੁਰਤਗਾਲੀ ਪੁਲਿਸ ਨੇ ਬਿਨਾਂ ਚਿਤਾਵਣੀ ਗੋਲ਼ੀ ਚਲਾ ਦਿੱਤੀ। ਸਾਥੀ ਚਿਤਲੇ, ਸ਼੍ਰੀ ਓਕ ਤੇ ਸ਼੍ਰੀ ਤਿਵਾੜੀ ਨੂੰ ਗੋਲ਼ੀਆਂ ਆ ਲੱਗੀਆਂ। ਸ਼੍ਰੀ ਮਧੂਕਰ ਚੌਧਰੀ ਅੱਗੇ ਵਧੇ ਤੇ ਉਹ ਸ਼ਹੀਦ ਹੋ ਗਏ। ਸ਼੍ਰੀਮਤੀ ਸੁਭਦਰਾ ਸਾਗਰ ਪਿੱਛੋਂ ਦੌੜ ਕੇ ਆਈ ਅਤੇ ਉਹਨੇ ਕੌਮੀ ਝੰਡਾ ਚੁੱਕ ਲਿਆ। ਉਹਨੇ ਹੱਥ ਉੱਚਾ ਕਰ ਕੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ ਤਾਂ ਗੋਲ਼ੀ ਆ ਕੇ ਉਹਦੇ ਹੱਥ ’ਤੇ ਲੱਗੀ। ਸੁਭਦਰਾ ਸਾਗਰ ਨੂੰ ਡਿਗਦਿਆਂ ਦੇਖ ਪੰਜਾਬ ਦਾ ਬਹਾਦਰ ਸਪੂਤ ਕਾਮਰੇਡ ਕਰਨੈਲ ਸਿੰਘ ਪਾਰਲੀਮੈਂਟ ਦੇ ਮੈਂਬਰ ਸ਼੍ਰੀ ਲੰਕਾਸੁੰਦਰਮ ਦੇ ਰੋਕਦਿਆਂ-ਰੋਕਦਿਆਂ ਅੱਗੇ ਵਧਿਆ ਤੇ ਸ਼ਹੀਦ ਹੋ ਗਿਆ!’’ ਜਥੇ ਦੀ ਚੌਥੀ ਕਤਾਰ ਵਿਚ ਸ਼ਾਮਲ ਸ਼ਹੀਦ ਭਗਤ ਸਿੰਘ ਦੇ ਸਾਥੀ, ਮਹਾਨ ਦੇਸਭਗਤ ਪੰਡਿਤ ਕਿਸ਼ੋਰੀ ਲਾਲ ਨੇ ਵੀ ਲਿਖਿਆ: ‘‘ਜਦੋਂ ਮਧੂਕਰ ਚੌਧਰੀ ਦੇ ਲੱਗੀਆਂ ਸੱਤ ਗੋਲ਼ੀਆਂ ਕਾਰਨ ਉਸ ਦਾ ਸਰੀਰ ਲੜਖੜਾਉਣ ਲਗਿਆ ਤਾਂ ਸ਼੍ਰੀਮਤੀ ਸੁਭਦਰਾ ਸਾਗਰ ਅੱਗੇ ਵਧੀ ਪਰ ਦੋ ਗੋਲ਼ੀਆਂ ਨੇ ਉਸ ਨੂੰ ਵੀ ਘਾਇਲ ਕਰ ਦਿੱਤਾ। ਕਰਨੈਲ ਸਿੰਘ ਬਾਰਾਂ ਟੋਲੀਆਂ ਪਿੱਛੇ ਛਡਦਾ ਹੋਇਆ ਛਾਲਾਂ ਮਾਰਦਾ ਅੱਗੇ ਵਧਿਆ। ... ਸ਼੍ਰੀ ਲੰਕਾਸੁੰਦਰਮ ਮੈਂਬਰ ਪਾਰਲੀਮੈਂਟ ਨੇ ਕਰਨੈਲ ਸਿੰਘ ਨੂੰ ਰੋਕਿਆ ਪਰ ਉਹ ਤਾਂ ਸ਼੍ਰੀ ਚਿਤਲੇ ਤੱਕ ਅੱਗੇ ਪਹੁੰਚ ਗਿਆ। ਇਕ ਗੋਲ਼ੀ ਜੋ ਸ਼੍ਰੀ ਚਿਤਲੇ ਵੱਲ ਸਿੱਧੀ ਆ ਰਹੀ ਸੀ, ਉਹ ਕਰਨੈਲ ਸਿੰਘ ਦੀ ਛਾਤੀ ਵਿਚ ਲੱਗੀ ਤੇ ਉਹ ਸ਼ਹੀਦ ਹੋ ਗਿਆ।’’
ਮੈਨੂੰ ਉਸ ਸਮੇਂ ਦੇ ਅਖ਼ਬਾਰਾਂ ਵਿਚ ਛਪਿਆ ਇਹ ਵੇਰਵਾ ਵੀ ਚੰਗੀ ਤਰ੍ਹਾਂ ਚੇਤੇ ਹੈ ਕਿ ਜਦੋਂ ਸੁਭਦਰਾ ਸਾਗਰ ਦੇ ਜ਼ਖ਼ਮੀ ਹੱਥ ਵਿਚ ਝੰਡਾ ਡੋਲਣ-ਡਿੱਗਣ ਲੱਗਿਆ, ਕਰਨੈਲ ਸਿੰਘ ਨੇ ਭੱਜ ਕੇ ਜਾ ਸੰਭਾਲਿਆ। ਉਹਨੇ ਝੰਡਾ ਉੱਚਾ ਕੀਤਾ ਤੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ। ਜਦੋਂ ਉਹ ਆਪ ਹਿੱਕ ਵਿਚ ਲੱਗੀ ਗੋਲ਼ੀ ਨਾਲ ਡਿੱਗਿਆ ਤਾਂ ਜਿਥੇ ਉਹਦਾ ਝੰਡੇ ਵਾਲ਼ਾ ਹੱਥ ਟਿਕਿਆ, ਐਨ ਉਥੇ ਕੱਚੀ ਧਰਤੀ ਵਿਚ ਖੱਡ ਵਰਗਾ ਇਕ ਭੀੜਾ ਟੋਆ ਸੀ। ਝੰਡੇ ਦੀ ਡਾਂਗ ਦਾ ਹੇਠਲਾ ਸਿਰਾ ਕੁਦਰਤੀ ਹੀ ਉਸ ਟੋਏ ਵਿਚ ਪੈ ਗਿਆ ਤੇ ਉਹ ਗੋਆ ਦੀ ਧਰਤੀ ਉੱਤੇ ਉੱਚਾ ਝੁੱਲਣ ਲੱਗਿਆ। ਇਸੇ ਪਲ ਆਗੂਆਂ ਨੇ ਜਥੇ ਨੂੰ ਸਭ ਜ਼ਖ਼ਮੀ ਚੁੱਕ ਕੇ ਭਾਰਤ ਦੀ ਹੱਦ ਵਿਚ ਲੈ ਆਉਣ ਲਈ ਕਹਿ ਦਿੱਤਾ। ਪੰਡਿਤ ਕਿਸ਼ੋਰੀ ਲਾਲ ਨੇ ਦੱਸਿਆ, ‘‘ਜਦੋਂ ਸ਼ਹੀਦ ਕਰਨੈਲ ਸਿੰਘ ਦਾ ਸਰੀਰ ਲੈ ਕੇ ਅਸੀਂ ਪੂਨੇ ਪਹੁੰਚੇ ਤਾਂ ਉਥੇ ਉਹ ਮਾਤਮੀ ਇਕੱਠ ਹੋਇਆ ਕਿ ਲਾਲਾ ਲਾਜਪਤ ਰਾਇ ਦੇ ਮਾਤਮੀ ਜਲੂਸ ਤੋਂ ਮਗਰੋਂ ਅਜਿਹਾ ਭਾਰੀ ਮਾਤਮੀ ਇਕੱਠ ਕਦੇ ਨਹੀਂ ਸੀ ਦੇਖਿਆ ਗਿਆ।’’ ਇਕੱਲਾ ਪੂਨਾ ਹੀ ਕੀ, ਜਿਥੇ ਜਿਥੇ ਵੀ ਉਹਦੀ ਦੇਹ ਅਤੇ ਮਗਰੋਂ ਉਹਦੇ ਫੁੱਲ ਪਹੁੰਚੇ, ਹਰ ਥਾਂ ਭਾਰੀ ਸੋਗੀ ਭੀੜਾਂ ਜੁੜਦੀਆਂ ਰਹੀਆਂ।
ਕਰਨੈਲ ਸਿੰਘ ਨੂੰ ਠੀਕ ਹੀ ‘ਅਣਗੌਲਿਆ ਨਾਇਕ’ ਲਿਖਿਆ ਜਾਂਦਾ ਸੀ। ਜਿੰਨੀ ਵੱਡੀ ਉਹਦੀ ਕੁਰਬਾਨੀ ਸੀ, ਉਸ ਪੱਧਰ ਉੱਤੇ ਉਹਦੀਆਂ ਯਾਦਗਾਰਾਂ ਨਹੀਂ ਸਨ ਬਣੀਆਂ। ਜਿਸ ਗੋਆ ਦੀ ਆਜ਼ਾਦੀ ਲਈ ਉਹਨੇ ਡੇਢ ਹਜ਼ਾਰ ਮੀਲ ਦੂਰੋਂ ਜਾ ਕੇ ਜਾਨ ਵਾਰ ਦਿੱਤੀ, ਉਥੋਂ ਦੀ ਸਰਕਾਰ ਨੇ ਉਹਨੂੰ ਕਦੀ ਯਾਦ ਤੱਕ ਨਹੀਂ ਸੀ ਕੀਤਾ, ਭਾਰਤ ਸਰਕਾਰ ਨੇ ਤਾਂ ਕਰਨਾ ਹੀ ਕੀ ਹੋਇਆ। ਫੇਰ ਚੰਗੀ ਗੱਲ ਇਹ ਹੋਈ ਕਿ ਗੋਆ ਦੇ ਇਕ ਕਾਲਜ ਦੇ ਇਤਿਹਾਸ ਦੇ ਪ੍ਰੋਫ਼ੈਸਰ, ਸ਼੍ਰੀ ਪ੍ਰਜਲ ਸ਼ਖ਼ਰਡੰਡੇ ਨੇ ਗੋਆ ਦੀ ਆਜ਼ਾਦੀ ਵਿਚ ਕਰਨੈਲ ਸਿੰਘ ਦੀ ਭੂਮਿਕਾ ਨੂੰ ਪਛਾਣਿਆ ਅਤੇ ‘ਮਿਸ਼ਨ ਕਰਨੈਲ’ ਬਣਾ ਕੇ ਉਹਨੂੰ ਇਤਿਹਾਸ ਵਿਚ ਬਣਦਾ ਸਥਾਨ ਦੁਆਉਣ ਦਾ ਉੱਦਮ ਸ਼ੁਰੂ ਕੀਤਾ। ਪਹਿਲੇ ਕਦਮ ਵਜੋਂ ਉਹ ਗੋਆ ਦੀ ਹੱਦ ਦੇ ਅੰਦਰਲੇ ਪਿੰਡ ਪਤਰਾਦੇਵੀ ਦੇ ਪ੍ਰਾਇਮਰੀ ਸਕੂਲ ਵਿਚ ਕਰਨੈਲ ਸਿੰਘ ਦੀ ਸ਼ਹੀਦੀ ਤੋਂ ਪੂਰੇ 60 ਸਾਲ ਮਗਰੋਂ, 15 ਅਗਸਤ 2015 ਨੂੰ ਉਹਦਾ ਅਰਧ-ਬੁੱਤ ਲੁਆਉਣ ਵਿਚ ਸਫਲ ਹੋਇਆ। 15 ਅਗਸਤ 1955 ਦੀ ਘਟਨਾ ਇਸ ਪਿੰਡ ਦੀ ਜੂਹ ਵਿਚ ਹੀ ਵਾਪਰੀ ਸੀ। ਇਹ ਬੁੱਤ ਪ੍ਰਸਿੱਧ ਬੁੱਤਕਾਰ ਸਚਿਨ ਮੈਗੜੇ ਨੇ ਕੋਈ ਮਿਹਨਤਾਨਾ ਲੈਣ ਤੋਂ ਬਿਨਾਂ ਸਿਰਜਿਆ ਸੀ। ਹੁਣ ‘ਮਿਸ਼ਨ ਕਰਨੈਲ’ ਨੇ ਮੁਹਿੰਮ ਚਲਾਈ ਹੋਈ ਹੈ ਕਿ ਕਰਨੈਲ ਸਿੰਘ ਦੀ ਜ਼ਿੰਦਗੀ ਤੇ ਕੁਰਬਾਨੀ ਨੂੰ ਪਾਠ-ਪੁਸਤਕਾਂ ਦਾ ਅੰਗ ਬਣਾਇਆ ਜਾਵੇ। ਸਾਨੂੰ ਪੰਜਾਬੀਆਂ ਨੂੰ ਜ਼ਰੂਰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਪੰਜਾਬ ਦੇ ਪਾਠ-ਪੁਸਤਕਾਂ ਤਿਆਰ ਕਰਨ ਵਾਲ਼ਿਆਂ ਨੂੰ ਚਾਹੀਦਾ ਹੈ ਕਿ ਉਹ ਸ਼ਹੀਦਾਂ ਨੂੰ ਉਹਨਾਂ ਦੀ ਬਣਦੀ ਸਤਿਕਾਰਜੋਗ ਥਾਂ ਜ਼ਰੂਰ ਦੇਣ। ਬੀਬੀ ਚਰਨਜੀਤ ਕੌਰ ਨੂੰ ਸਨਮਾਨਣ ਲਈ ਮੁੱਖ ਮੰਤਰੀ ਦਾ ਆਉਣਾ ਪ੍ਰੋ. ਸ਼ਖ਼ਰਡੰਡੇ ਦੀ ਮੁਹਿੰਮ ਦਾ ਹੀ ਨਤੀਜਾ ਸੀ।
ਮੈਨੂੰ ਇਹ ਜਾਣਕਾਰੀ ਹੈ ਸੀ ਕਿ ਪਤਰਾਦੇਵੀ ਨਾਂ ਦੇ ਪਿੰਡ ਦੇ ਸਕੂਲ ਵਿਚ ਉਹਦੀ ਯਾਦਗਾਰ ਬਣੀ ਹੋਈ ਹੈ। ਗੂਗਲ ਨੇ ਇਹ ਵੀ ਦੱਸ ਦਿੱਤਾ ਕਿ ਜਿਥੇ ਸਮੁੰਦਰ ਕਿਨਾਰੇ ਅਸੀਂ ਠਹਿਰੇ ਹੋਏ ਸੀ, ਪਤਰਾਦੇਵੀ ਉਥੋਂ ਸੌ ਕਿਲੋਮੀਟਰ ਤੋਂ ਕੁਛ ਵੱਧ ਦੂਰ ਸੀ। ਉਥੋਂ ਲੰਘਦਾ 1955 ਦਾ ਕੱਚਾ-ਪੱਕਾ ਰਾਹ ਹੁਣ ‘ਗੋਆ-ਮੁੰਬਈ ਜਰਨੈਲੀ ਸੜਕ 66’ ਬਣ ਗਿਆ ਹੈ। ਵੱਡੀ ਸੜਕ ਤੋਂ ਪਤਰਾਦੇਵੀ ਵਿਚ ਉੱਤਰਦਿਆਂ ਹੀ ਖੱਬੇ ਹੱਥ ਇਮਾਰਤ ਉੱਤੇ ਸਕੂਲ ਦਾ ਨਾਂ ਦੇਖ ਕੇ ਹੇਠ ਨਜ਼ਰ ਮਾਰੀ ਤਾਂ ਸਾਹਮਣੇ ਕਰਨੈਲ ਦਾ ਬੁੱਤ ਸੀ! ਸਕੂਲ ਦੀਵਾਲੀ ਦੀਆਂ ਛੁੱਟੀਆਂ ਕਾਰਨ ਬੰਦ ਸੀ ਪਰ ਫਾਟਕ ਨੂੰ ਤਾਲਾ ਨਹੀਂ ਸੀ ਲਗਿਆ ਹੋਇਆ। ਭਾਵੇਂ ਸਾਡੀ ਸਿੱਧੀ ਜਾਣ-ਪਛਾਣ ਨਹੀਂ ਸੀ ਪਰ 1950ਵਿਆਂ ਵਿਚ ਪੰਜਾਬ ਵਿਚ ਟੀਚਰਜ਼ ਯੂਨੀਅਨ ਜਥੇਬੰਦ ਕੀਤੇ ਜਾਣ ਸਮੇਂ ਉਹ ਜ਼ਿਲ੍ਹਾ ਲੁਧਿਆਣਾ ਵਿਚ ਸਰਗਰਮ ਸੀ ਅਤੇ ਅਸੀਂ ਕੁਛ ਅਧਿਆਪਕ ਜ਼ਿਲ੍ਹਾ ਬਠਿੰਡਾ ਵਿਚ ਕੰਮ ਕਰ ਰਹੇ ਸੀ। ਹਰ ਜ਼ਿਲ੍ਹੇ ਦੇ ਮੋਹਰੀ ਅਧਿਆਪਕ ਆਗੂਆਂ ਦਾ ਇਕ ਦੂਜੇ ਦੇ ਨਾਵਾਂ ਤੋਂ ਜਾਣੂ ਹੋਣਾ ਕੁਦਰਤੀ ਸੀ। ਇਸੇ ਸਾਂਝ ਸਦਕਾ ਉਹਦੀ ਸ਼ਹੀਦੀ ਤੋਂ ਤੁਰਤ ਮਗਰੋਂ ਪਹਿਲਾ ਲੇਖ ਵੀ ‘ਅੱਜ ਦਾ ਅਧਿਆਪਕ’ ਨਾਂ ਦੇ ਮਾਸਕ ਵਿਚ ਮੇਰਾ ਹੀ ਛਪਿਆ ਸੀ। ਉਹਦੀ ਯਾਦਗਾਰ ਕੋਲ ਮੇਰਾ ਜਜ਼ਬਾਤੀ ਹੋਣਾ ਸੁਭਾਵਿਕ ਸੀ। ਮੈਂ ਬੁੱਤ ਨੂੰ ਪਿਆਰ ਨਾਲ ਪਲੋਸਿਆ ਅਤੇ ਇਕ ਹਾਰ ਆਪਣੇ ਵੱਲੋਂ ਤੇ ਪੰਜਾਬ ਦੇ ਅਧਿਆਪਕਾਂ ਵਲੋਂ ਭੇਟ ਕੀਤਾ ਅਤੇ ਦੂਜਾ ਹਾਰ, ਉਹਦੇ ਸਰਗਰਮ ਕਮਿਊਨਿਸਟ ਹੋਣ ਸਦਕਾ, ਕਮਿਊਨਿਸਟ ਪਾਰਟੀ ਤੇ ਪੰਜਾਬ ਦੀ ਜਨਤਾ ਵਲੋਂ ਭੇਟ ਕੀਤਾ।
ਸਕੂਲ ਦੀ ਥਾਂ ਤਾਂ ਖੁੱਲ੍ਹੀ ਤੇ ਸਾਫ਼-ਸੁਥਰੀ ਸੀ ਪਰ ਕਮਰਾ ਇਕੋ ਸੀ ਜੋ ਬਾਹਰੋਂ ਵੀ ਤੇ ਖਿੜਕੀ ਵਿਚੋਂ ਦਿਸਦੇ ਅਨੁਸਾਰ ਅੰਦਰੋਂ ਵੀ ਬਹੁਤ ਸੁਚੱਜਤਾ ਨਾਲ ਸੰਵਾਰਿਆ-ਸਜਾਇਆ ਹੋਇਆ ਸੀ। ਗੁਸਲਖਾਨੇ ਵਿਚ ਵੀ ਮੁਕੰਮਲ ਸਫ਼ਾਈ ਸੀ। ਬੂਟਿਆਂ-ਵੇਲਾਂ ਦੀ ਛੋਟੀ ਜਿਹੀ ਬਗੀਚੀ ਸੀ ਜਿਸ ਵਿਚ ਤੁਲਸੀ ਦੇ ਬੂਟੇ ਲਹਿੰਬਰੇ ਹੋਏ ਸਨ। ਅਸੀਂ ਕਰਨੈਲ ਸਿੰਘ ਦੀ ਯਾਦਗਾਰ ਦੇ ਪ੍ਰਸਾਦਿ ਵਜੋਂ ਤੁਲਸੀ ਦੇ ਪੱਤੇ ਮੂੰਹਾਂ ਵਿਚ ਪਾ ਲਏ। ਅਸਲ ਵਿਚ ਮਹਾਰਾਸ਼ਟਰ ਦੇ ਨਾਲ ਲਗਦਾ ਇਲਾਕਾ ਹੋਣ ਕਰਕੇ ਇਹ ਮਰਾਠੀ ਮਾਧਿਅਮ ਵਾਲਾ ਸਕੂਲ ਹੈ। ਸ਼ਾਇਦ ਗੋਆ ਦੀ ਸਰਕਾਰੀ ਭਾਸ਼ਾ ਕੋਂਕਨੀ ਇਹਦਾ ਮਾਧਿਅਮ ਨਾ ਹੋਣ ਕਾਰਨ ਹੀ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਇਕੋ ਅਧਿਆਪਕ ਸੀ ਤੇ ਇਮਾਰਤ ਦੇ ਨਾਂ ਨੂੰ ਇਕੋ ਕਮਰਾ ਸੀ।
ਸਾਨੂੰ ਪੰਜਾਬੀ ਦੇਖ ਕੇ ਇਕ ਆਦਮੀ ਸਾਈਕਲ ਰੋਕ ਕੇ ਖਲੋ ਗਿਆ। ਉਹਤੋਂ ਪਤਾ ਲਗਿਆ, ਅਧਿਆਪਕ ਦੀ ਰਿਹਾਇਸ਼ ਕਿਸੇ ਹੋਰ ਪਿੰਡ ਵਿਚ ਸੀ। ਉਹਨੇ ਇਹ ਵੀ ਦੱਸਿਆ ਕਿ ਪਿੰਡ ਵਿਚ ਅੱਗੇ ਬਿਲਕੁਲ ਹੀ ਨੇੜੇ ਸ਼ਹੀਦਾਂ ਦੀ ਪੁਰਾਣੀ ਯਾਦਗਾਰ ਹੈ ਤੇ ਹੁਣ ਸਰਕਾਰ ਵੱਡੀ ਸੜਕ ਉਤੇ ਘਟਨਾ ਵਾਲੀ ਥਾਂ ਵੱਡੀ ਯਾਦਗਾਰ ਬਣਾ ਰਹੀ ਹੈ। ਪੁਰਾਣੀ ਯਾਦਗਾਰ ਸੀ ਤਾਂ ਇਸ ਅੰਦਰਲੀ ਸੜਕ ਦੇ ਸੱਜੇ ਕਿਨਾਰੇ, ਕਿਸੇ ਚਾਰ-ਦੀਵਾਰੀ ਵਗ਼ੈਰਾ ਤੋਂ ਬਿਨਾਂ, ਖੁੱਲ੍ਹੇ ਥਾਂ ਹੀ, ਪਰ ਵਧੀਆ ਸੰਭਾਲੀ ਹੋਈ ਸਾਫ਼-ਸੁਥਰੀ ਹਾਲਤ ਵਿਚ ਸੀ। ਇਹ ਗੱਲ ਬੜੀ ਅਜੀਬ ਲੱਗੀ ਕਿ ਦਰਸ਼ਕ ਨੂੰ ਜਾਣਕਾਰੀ ਦੇਣ ਲਈ ਉਸ ਉੱਤੇ ਕਿਤੇ ਕੁਛ ਵੀ ਉੱਕਰਿਆ-ਲਿਖਿਆ ਹੋਇਆ ਨਹੀਂ ਸੀ। ਸੜਕ ਦੇ ਦੂਜੇ ਪਾਸੇ ਪੰਜ-ਸੱਤ ਬੰਦੇ ਬੈਠੇ-ਖੜ੍ਹੇ ਹੋਏ ਸਨ। ਉਹਨਾਂ ਨੂੰ ਪੁੱਛਿਆ ਤਾਂ ਉੱਤਰ ਮਿਲਿਆ, ‘‘ਇਹਦੇ ਬਣਨ ਦਾ ਤਾਂ ਸਾਨੂੰ ਪਤਾ ਨਹੀਂ। ਅਸੀਂ ਤਾਂ ਇਉਂ ਹੀ ਦੇਖਦੇ ਆਏ ਹਾਂ!’’ ਅਗਲੀਆਂ ਪੀੜ੍ਹੀਆਂ ਦੇ ਉਹਨਾਂ ਲੋਕਾਂ ਦੀ ਗੱਲ ਸਮਝ ਪੈਂਦੀ ਸੀ। ਇਹ ਯਾਦਗਾਰ ਕਿਸੇ ਜਨਤਕ ਸੰਸਥਾ ਨੇ 1961 ਵਿਚ ਗੋਆ ਦੀ ਆਜ਼ਾਦੀ ਤੋਂ ਛੇਤੀ ਹੀ ਮਗਰੋਂ ਬਣਾ ਦਿੱਤੀ ਹੋਵੇਗੀ। ਅਸੀਂ ਜਰਨੈਲੀ ਸੜਕ ਉੱਤੇ ਘਟਨਾ ਵਾਲੀ ਥਾਂ ਪਹੁੰਚੇ ਤੇ ਉਸ ਥਾਂ ਸ਼ਰਧਾ ਭੇਟ ਕੀਤੀ ਜਿਥੇ ਜਥੇ ਨੇ ਗੋਆ ਦੀ ਧਰਤੀ ਉੱਤੇ ਪੈਰ ਧਰੇ ਸਨ। ਸੜਕ ਦੇ ਕਿਨਾਰੇ ਇਕ ਉੱਚੇ ਟਿੱਲੇ ਉੱਤੇ ਵੱਡੀ ਸ਼ਹੀਦੀ ਯਾਦਗਾਰ ਬਣ ਰਹੀ ਸੀ ਜੋ ਸ਼ਾਇਦ ਹੁਣ ਤੱਕ ਮੁਕੰਮਲ ਹੋ ਚੁੱਕੀ ਹੋਵੇ!
ਸੰਪਰਕ: 80763-63058