DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਕਾ ਸਰਹਿੰਦ: ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਲਾਸਾਨੀ ਅਤੇ ਵਿਲੱਖਣ ਹੈ। ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ...

  • fb
  • twitter
  • whatsapp
  • whatsapp
Advertisement

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਲਾਸਾਨੀ ਅਤੇ ਵਿਲੱਖਣ ਹੈ। ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ ਉਹ ਘਟਨਾ ਹੈ ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਰੋਹ ਦੀ ਅੱਗ ਹੋਰ ਤਿੱਖੀ ਕੀਤਾ ਅਤੇ ਇਸ ਤੋਂ ਸ਼ਕਤੀ ਤੇ ਪ੍ਰੇਰਨਾ ਲੈ ਕੇ ਜ਼ਾਲਮ ਹਕੂਮਤ ਨਾਲ ਜ਼ਬਰਦਸਤ ਟੱਕਰ ਲਈ। ਜਿਸ ਸਮੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਉਨ੍ਹਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਦ੍ਰਿੜਤਾ ਪ੍ਰੌੜ ਉਮਰ ਤੋਂ ਘੱਟ ਨਹੀਂ ਸੀ। ਸਾਹਿਬਜ਼ਾਦਿਆਂ ਨੇ ਜਿਸ ਦਲੇਰੀ ਅਤੇ ਸਿਦਕਦਿਲੀ ਨਾਲ ਸੂਬੇ ਦੀ ਕਚਹਿਰੀ ਵਿਚ ਸਵਾਲਾਂ ਦੇ ਜਵਾਬ ਦਿੱਤੇ, ਉਸ ਵੱਲੋਂ ਧਰਮ ਛੱਡਣ ਖਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਅਤੇ ਸ਼ਹਾਦਤ ਕਬੂਲ ਕੀਤੀ, ਉਸ ਦਾ ਧਰਮ ਇਤਿਹਾਸ ਅੰਦਰ ਕੋਈ ਮੁਕਾਬਲਾ ਨਹੀਂ ਮਿਲਦਾ। ਇਹ ਚੜ੍ਹਦੀ ਕਲਾ ਦੀ ਜੀਵਤ ਮਿਸਾਲ ਹੈ। ਇਸੇ ਲਈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਖ ਅਤੇ ਗੈਰ-ਸਿੱਖ ਇਤਿਹਾਸਕਾਰਾਂ ਨੇ ਅਦੁੱਤੀ ਕਿਹਾ ਹੈ।

Advertisement

ਕਹਿਰ ਦੀ ਠੰਢੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਸਮੇਤ ਸ੍ਰੀ ਅਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ ਖੇਰੂੰ ਹੋਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਸਿੱਖ ਇਤਿਹਾਸ ਦੇ ਵੱਡੇ ਪਹਿਲੂ ਹਨ। ਸਰਸਾ ਪਾਰ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਦੇ ਮਾਤਾ ਜੀ, ਸਾਹਿਬਜ਼ਾਦੇ ਅਤੇ ਆਪ ਜੀ ਦੇ ਮਹਿਲ ਸਭ ਵਿਛੜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਆ ਗਏ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਦੇਖ ਅਤੇ ਸਰਕਾਰੀ ਇਨਾਮ ਦੇ ਲਾਲਚ ਵਿਚ ਗੰਗੂ ਡੋਲ ਗਿਆ। ਗੰਗੂ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਵਿਸ਼ਵਾਸਘਾਤ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ:

Advertisement

ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ।

ਟੁਕੜੋਂ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।

ਦੁਨੀਆ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ।

ਦੁਸ਼ਮਨ ਭੀ ਜੁ ਨ ਕਰਤਾ ਵਹੁ ਯਿ ਕਾਮ ਕਰ ਗਿਆ।

ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖ਼ਬਰ ਮੋਰਿੰਡੇ ਥਾਣੇ ਜਾ ਦਿੱਤੀ ਜਿਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਗ੍ਰਿਫਤਾਰ ਕਰ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹਵਾਲੇ ਕੀਤਾ ਗਿਆ। ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ। ਕਹਿਰ ਦੀ ਸੀਤ ਵਿਚ ਭੁੱਖੇ ਭਾਣੇ ਸਾਹਿਬਜ਼ਾਦੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿਚ ਬੈਠੇ ਗੁਰੂ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ ਸਿੱਖੀ ਅਸੂਲਾਂ ’ਤੇ ਦ੍ਰਿੜ ਰਹਿਣ ਲਈ ਸਿੱਖਿਆ ਲੈਂਦੇ ਰਹੇ। ਦਿਨ ਚੜ੍ਹਦਿਆਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦੇ ਬੁਲੰਦ ਹੌਸਲੇ ਵਿਚ ਸਨ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ। ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਧਨ, ਦੌਲਤ, ਜਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦੇ ਕੇ ਇਸਲਾਮ ਧਾਰਨ ਲਈ ਕਿਹਾ ਗਿਆ, ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ ਗਏ ਪਰ ਕੋਮਲ ਜਿੰਦਾਂ ਦੇ ਚਿਹਰਿਆਂ ’ਤੇ ਸਿੱਖੀ ਪਿਆਰ, ਬੀਰਤਾ ਤੇ ਜੁਰਅਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਦੇ ਅਡੋਲ ਚਿਤ ਰਹਿੰਦਿਆਂ ਰੋਅਬ ਭਰੇ ਜਵਾਬਾਂ ਨੇ ਸਭ ਨੂੰ ਕੰਬਣੀ ਛੇੜ ਦਿੱਤੀ।

ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਲਈ ਲਾਲਚ, ਡਰਾਵੇ ਅਤੇ ਧਮਕੀਆਂ ਦਾ ਦੌਰ ਚਲਦਾ ਰਿਹਾ। ਪੇਸ਼ ਨਾ ਜਾਂਦੀ ਦੇਖ ਕੇ ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਤੈਅ ਕਰਨ ਲਈ ਕਿਹਾ ਗਿਆ ਜਿਸ ’ਤੇ ਉਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਇੰਝ ਦੋਹਾਂ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਕੇ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲਾ ਪੰਨਾ ਸਿਰਜਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਜਿਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ। ਦਸਮੇਸ਼ ਪਿਤਾ ਜੀ ਦਾ ਥਾਪੜਾ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲ ਪੁਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ। ਸਿੱਖ ਯੋਧਿਆਂ ਨੇ ਹੈਂਕੜਬਾਜ਼ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਕੀਤੀ, ਉਹ ਇਤਿਹਾਸ ਬਣ ਗਿਆ।

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖਾਂ ਲਈ ਮਾਰਗ ਦਰਸ਼ਕ ਹੈ। ਇਹ ਸ਼ਹਾਦਤਾਂ ਸਾਨੂੰ ਸਿੱਖ ਧਰਮ ਦੀਆਂ ਉਚੀਆਂ-ਸੁੱਚੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਪ੍ਰੇਰ ਰਹੀਆਂ ਹਨ। ਆਓ, ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਦਿਆਂ ਸਿੱਖ ਨੌਜਵਾਨੀ ਅਤੇ ਬੱਚਿਆਂ ਨੂੰ ਆਪਣੇ ਇਤਿਹਾਸ, ਪ੍ਰੰਪਰਾਵਾਂ, ਸਿਧਾਂਤਾਂ ਅਤੇ ਗੁਰਬਾਣੀ ਦੀ ਅੰਮ੍ਰਿਤਮਈ ਵਿਚਾਰਧਾਰਾ ਨਾਲ ਜੋੜੀਏ ਤਾਂ ਜੋ ਭਵਿੱਖ ਅੰਦਰ ਸਿੱਖ ਸਮਾਜ ਸਿੱਖ ਵਿਰਸੇ ਦੀ ਰੌਸ਼ਨੀ ਵਿਚ ਅੱਗੇ ਵਧ ਸਕੇ।

*ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ।

Advertisement
×