DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮੇਂ ਤੋਂ ਅੱਗੇ ਦੀ ਸੋਚ ਵਾਲੇ ਸ. ਦਿਆਲ ਸਿੰਘ ਮਜੀਠੀਆ

ਸ. ਦਿਆਲ ਸਿੰਘ ਮਜੀਠੀਆ ਨੇ ਲਾਹੌਰ ਵਿੱਚ ਖੁੱਲ੍ਹੀ ਜ਼ਮੀਨ ਖ਼ਰੀਦ ਕੇ ਦਿਆਲ ਸਿੰਘ ਕਾਲਜ ਬਣਾਇਆ, ਜਿਹੜਾ ਅੱਜ ਵੀ ਉਸੇ ਨਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਾਲਜ ਦੇ ਨਾਲ ਇੱਕ ਪਬਲਿਕ ਲਾਇਬਰੇਰੀ ਖੋਲ੍ਹੀ। ਉਨ੍ਹਾਂ ਦੇ ਨਾਂ ’ਤੇ ਬਣੇ ਕਾਲਜ ਅਤੇ ਲਾਇਬ੍ਰੇਰੀ ਵਾਲੀ ਸਡ਼ਕ ਦਾ ਨਾਂ ਵੀ ਪਹਿਲਾਂ ਵਾਲਾ ਹੈ। ਸ. ਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਕਿਸੇ ਅਖ਼ਬਾਰ ਨਾਲ ਆਮ ਲੋਕਾਂ ਦੇ ਵਿਚਾਰਾਂ ਸਬੰਧੀ ਜਾਣਕਾਰੀ ਦੇਣ ਹਿੱਤ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ 2 ਫਰਵਰੀ 1881 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ, ਜੋ ਭਾਰਤ ਦੇ ਰਾਸ਼ਟਰੀ ਅਖ਼ਬਾਰਾਂ ਵਿੱਚੋਂ ਇੱਕ ਪ੍ਰਮੁੱਖ ਅਖ਼ਬਾਰ ਹੈ।
  • fb
  • twitter
  • whatsapp
  • whatsapp
Advertisement

ਸਰਦਾਰ ਦਿਆਲ ਸਿੰਘ ਮਜੀਠੀਆ ਪੰਜਾਬ ਵਿੱਚ ਮਜੀਠਾ ਕਸਬੇ ਨਾਲ ਸਬੰਧਿਤ ਸਨ। ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਪ੍ਰਮੁੱਖ ਪਰਿਵਾਰਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਨੇੜਤਾ ਰਹੀ। ਹਿੰਦੋਸਤਾਨ ’ਤੇ ਅੰਗਰੇਜ਼ਾਂ ਦੇ ਰਾਜ ਦੌਰਾਨ ਸੰਨ 1848 ’ਚ ਸ. ਦਿਆਲ ਸਿੰਘ ਦਾ ਜਨਮ 2 ਫਰਵਰੀ ਨੂੰ ਬਨਾਰਸ ਵਿੱਚ ਹੋਇਆ, ਜਿੱਥੇ ਪਰਿਵਾਰ ਕੋਲ ਵੱਡੀ ਅਸਟੇਟ ਸੀ। ਉਨ੍ਹਾਂ ਦੇ ਪਿਤਾ ਸ. ਲਹਿਣਾ ਸਿੰਘ ਸਨ। ਪਰਿਵਾਰ ਦੀ ਰਿਹਾਇਸ਼ ਅੰਮ੍ਰਿਤਸਰ ਵਿੱਚ ਸੀ। ਅੰਮ੍ਰਿਤਸਰ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਲਈ ਮਿਸ਼ਨ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਸਕੂਲੀ ਸਿੱਖਿਆ ਤੋਂ ਬਾਅਦ ਉਹ ਕਾਲਜ ਵਿੱਚ ਦਾਖ਼ਲ ਨਾ ਹੋ ਸਕੇ ਕਿਉਂ ਜੋ ਪੰਜਾਬ ਵਿੱਚ ਉਚੇਰੀ ਸਿੱਖਿਆ ਲਈ ਅਜੇ ਕਾਲਜ ਸਥਾਪਤ ਨਹੀਂ ਸਨ ਹੋਏ ਅਤੇ ਅਮੀਰ ਪਰਿਵਾਰਾਂ ਦੇ ਬੱਚੇ ਪੜ੍ਹਨ ਲਈ ਇੰਗਲੈਂਡ ਜਾਂਦੇ ਸਨ ਪਰ ਦਿਆਲ ਸਿੰਘ ਹੋਰਾਂ ਦੀ ਵੱਖ-ਵੱਖ ਵਿਸ਼ਿਆਂ ਵਿੱਚ ਬਹੁਤ ਦਿਲਚਸਪੀ ਸੀ ਅਤੇ ਪੁਸਤਕਾਂ ਹੀ ਉਨ੍ਹਾਂ ਦੀਆਂ ਦੋਸਤ ਸਨ। ਇਸ ਨਾਲ ਦਿਆਲ ਸਿੰਘ ਹੋਰਾਂ ਨੂੰ ਦੇਸ਼ ਦੇ ਪੱਛੜੇਪਣ ਦੇ ਕਾਰਨਾਂ ਦੀ ਸਮਝ ਆਈ ਅਤੇ ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਪੰਜਾਬ ਜਾਂ ਹਿੰਦੋਸਤਾਨ ਦੇ ਲੋਕਾਂ ਵਿੱਚ ਆਮ ਗਿਆਨ ਅਤੇ ਕੌਮਾਂਤਰੀ ਸਿਆਸਤ ਅਤੇ ਆਰਥਿਕਤਾ ਬਾਰੇ ਗਿਆਨ ਦੀ ਘਾਟ ਹੈ। ਸੰਨ 1868 ਤੋਂ ਬਾਅਦ ਉਹ ਬਹੁਤ

ਸਾਰੀਆਂ ਸਮਾਜਿਕ ਸੰਸਥਾਵਾਂ ਵਿੱਚ ਹਿੱਸਾ ਲੈਣ ਲੱਗੇ। ਉਹ ਸਿਆਸੀ ਮੈਦਾਨ ਵਿੱਚ ਨਹੀਂ ਨਿੱਤਰੇ ਪਰ ਉਨ੍ਹਾਂ ਦੇ ਬਹੁਤ ਸਾਰੇ ਸਿਆਸੀ ਆਗੂਆਂ ਨਾਲ ਚੰਗੇ ਸਬੰਧ ਸਨ। ਸ. ਦਿਆਲ ਸਿੰਘ ਦਾ ਵਿਆਹ ਰਾਣੀ ਭਗਵਾਨ ਕੌਰ ਨਾਲ ਹੋਇਆ, ਜੋ ਬਹੁਤ ਵੱਡੇ ਜਗੀਰਦਾਰ ਪਰਿਵਾਰ ਦੀ ਧੀ ਸੀ। ਉਨ੍ਹਾਂ ਦੇ ਘਰ ਕੋਈ ਔਲਾਦ ਨਾ ਹੋਈ।

Advertisement

ਉਹ ਸਮਾਜਿਕ ਕੰਮਾਂ ਅਤੇ ਖ਼ਾਸਕਰ ਵਿੱਦਿਆ ਲਈ ਖੁੱਲ੍ਹ ਕੇ ਜ਼ਮੀਨ ਅਤੇ ਪੈਸਾ ਦਿੰਦੇ ਸਨ। ਉਨ੍ਹਾਂ ਬਾਰੇ ਇੱਕ ਦਿਲਚਸਪ ਗੱਲ ਦੀ ਚਰਚਾ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ ਖ਼ਾਲਸਾ ਕਾਲਜ ਬਣ ਰਿਹਾ ਸੀ ਤਾਂ ਇਸ ਲਈ ਬਹੁਤ ਜ਼ਿਆਦਾ ਜ਼ਮੀਨ ਤੇ ਪੈਸੇ ਦੀ ਲੋੜ ਸੀ, ਜਿਸ ਵਿੱਚ ਉਸ ਵਕਤ ਦੇ ਮਹਾਰਾਜਿਆਂ ਨੇ ਵੀ ਵੱਡਾ ਹਿੱਸਾ ਪਾਇਆ ਸੀ। ਉਸ ਸਮੇਂ ਸ. ਦਿਆਲ ਸਿੰਘ ਨੇ ਕਾਲਜ ਦੀ ਮੈਨੇਜਿੰਗ ਕਮੇਟੀ ਕੋਲ ਜਾ ਕੇ ਪੇਸ਼ਕਸ਼ ਕੀਤੀ, ‘‘ਇਸ ਕਾਲਜ ਲਈ ਜਿੰਨਾ ਵੀ ਪੈਸਾ ਲੋੜੀਂਦਾ ਹੈ ਉਹ ਮੈਂ ਦਿਆਂਗਾ ਪਰ ਇਸ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਰੱਖ ਦਿੱਤਾ ਜਾਵੇ।’’ ਕਾਲਜ ਦੀ ਕਮੇਟੀ ਨੇ ਵਿਚਾਰ ਕਰਕੇ ਨਾਂਹ ਕਰ ਦਿੱਤੀ ਅਤੇ ਇਹ ਵਿਚਾਰ ਦਿੱਤਾ ਕਿ ਇਹ ਕਾਲਜ ਕਿਸੇ ਦੇ ਨਾਂ ’ਤੇ ਨਹੀਂ ਸਗੋਂ ਸਿਰਫ਼ ਖ਼ਾਲਸੇ ਦੇ ਨਾਂ ’ਤੇ ਖ਼ਾਲਸਾ ਕਾਲਜ ਹੀ ਹੋਵੇਗਾ। ਇਸ ਕਰਕੇ ਉਨ੍ਹਾਂ ਨੇ ਲਾਹੌਰ ਵਿੱਚ ਖੁੱਲ੍ਹੀ ਜ਼ਮੀਨ ਖ਼ਰੀਦ ਕੇ ਦਿਆਲ ਸਿੰਘ ਕਾਲਜ ਬਣਾਇਆ, ਜਿਹੜਾ ਅੱਜ ਵੀ ਉਸੇ ਨਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਾਲਜ ਦੇ ਨਾਲ ਇੱਕ ਪਬਲਿਕ ਲਾਇਬਰੇਰੀ ਖੋਲ੍ਹੀ ਤਾਂ ਕਿ ਕੋਈ ਵੀ ਉੱਥੇ ਆ ਕੇ ਪੜ੍ਹ ਸਕੇ। ਉਹ ਲਾਇਬ੍ਰੇਰੀ ਅਜੇ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ। ਸ. ਦਿਆਲ ਸਿੰਘ ਦੇ ਨਾਂ ’ਤੇ ਬਣੇ ਕਾਲਜ ਅਤੇ ਲਾਇਬ੍ਰੇਰੀ ਵਾਲੀ ਸੜਕ ਦਾ ਨਾਂ ਵੀ ਪਹਿਲਾਂ ਵਾਲਾ ਹੈ। ਉਨ੍ਹਾਂ ਦੇ ਨਾਂ ਅਜੇ ਵੀ ਉਹੋ ਹਨ ਅਤੇ ਬਦਲੇ ਨਹੀਂ ਗਏ। ਕਿਹਾ ਜਾਂਦਾ ਹੈ ਕਿ 1947 ਤੋਂ ਬਾਅਦ ਇਨ੍ਹਾਂ ਨਾਵਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਲਜ ਦੇ ਦੁਨੀਆ ਭਰ ਵਿੱਚ ਵਸਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਸੀ।

ਸਰਦਾਰ ਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਕਿਸੇ ਅਖ਼ਬਾਰ ਨਾਲ ਆਮ ਲੋਕਾਂ ਦੇ ਵਿਚਾਰਾਂ ਸਬੰਧੀ ਜਾਣਕਾਰੀ ਦੇਣ ਦੀ ਵੱਡੀ ਪਹਿਲ ਕੀਤੀ ਸੀ। ਇਸ ਤਹਿਤ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ 2 ਫਰਵਰੀ 1881 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ, ਜੋ ਭਾਰਤ ਦੇ ਰਾਸ਼ਟਰੀ ਅਖ਼ਬਾਰਾਂ ਵਿੱਚੋਂ ਇੱਕ ਪ੍ਰਮੁੱਖ ਅਖ਼ਬਾਰ ਹੈ। ਦੇਸ਼ ਵੰਡ ਮਗਰੋਂ ਇਹ ਅਖ਼ਬਾਰ ਪਹਿਲਾਂ ਸ਼ਿਮਲੇ ਤੇ ਅੰਬਾਲੇ ਛਪਦਾ ਰਿਹਾ ਅਤੇ ਫਿਰ ਆਖ਼ਰ ਚੰਡੀਗੜ੍ਹ ਤਬਦੀਲ ਹੋ ਗਿਆ। 1978 ਵਿੱਚ ਇਸ ਅੰਗਰੇਜ਼ੀ ਅਖ਼ਬਾਰ ਦੇ ਨਾਲ ਨਾਲ ਪੰਜਾਬੀ ਭਾਸ਼ਾ ’ਚ ‘ਪੰਜਾਬੀ ਟ੍ਰਿਬਿਊਨ’ ਅਤੇ ਹਿੰਦੀ ਭਾਸ਼ਾ ’ਚ ‘ਦੈਨਿਕ ਟ੍ਰਿਬਿਊਨ’ ਵੀ ਛਪਣ ਲੱਗੇ। ਸ. ਦਿਆਲ ਸਿੰਘ ਲਾਹੌਰ ਵਿੱਚ ਸਥਾਪਿਤ ਇੰਡੀਅਨ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਸਨ।

ਸ. ਦਿਆਲ ਸਿੰਘ ਨੇ ਕਈ ਤਰ੍ਹਾਂ ਦੇ ਵਪਾਰ ਸ਼ੁਰੂ ਕੀਤੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਸੀ ਜਾਇਦਾਦ ਅਤੇ ਹੀਰਿਆਂ ਦੀ ਖ਼ਰੀਦ ਵੇਚ ਦਾ ਵਪਾਰ। ਇਸ ਕਾਰੋਬਾਰ ਵਿੱਚੋਂ ਉਨ੍ਹਾਂ ਨੇ ਵੱਡਾ ਪੈਸਾ ਕਮਾਇਆ ਪਰ ਉਨ੍ਹਾਂ ਦਾ ਜੀਵਨ ਬਹੁਤ ਸਾਦਾ ਸੀ। ਉਹ ਦੇਸ਼ ਵਾਸੀਆਂ ਲਈ ਹਮਦਰਦੀ ਰੱਖਦੇ ਸਨ। ਇਸ ਲਈ ਬਹੁਤ ਸਾਰਾ ਪੈਸਾ ਦਾਨ ਪੁੰਨ ਦੇ ਕੰਮਾਂ ਵਿੱਚ ਲਾਇਆ। 23 ਮਈ 1894 ਨੂੰ ਸ਼ਾਮ ਦੇ 6:30 ਵਜੇ ਉਨ੍ਹਾਂ ਨੇ ਲਾਹੌਰ ਵਿੱਚ ਕੁਝ ਸਾਥੀਆਂ ਨਾਲ ਸਲਾਹ ਕਰਨ

ਲਈ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਖੋਲ੍ਹਣ ਦੀ ਸਲਾਹ ਕੀਤੀ। ਉਸ ਵਿੱਚ ਬੈਂਕ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਮਈ 1894 ’ਚ ਇਹ ਬੈਂਕ ਸਥਾਪਿਤ ਹੋਈ ਤਾਂ ਸਿਰਫ਼ 2 ਲੱਖ ਰੁਪਏ ਦੀ ਅਧਿਕਾਰਤ ਅਤੇ 20 ਹਜ਼ਾਰ ਰੁਪਏ ਚਾਲੂ ਪੂੰਜੀ ਨਾਲ ਇਹ ਬੈਂਕ ਖੋਲ੍ਹਿਆ ਗਿਆ ਸੀ ਪਰ ਹੁਣ ਇਸ ਨੇ ਤਰੱਕੀ ਕਰਦੇ ਹੋਏ ਲੱਖਾਂ ਕਰੋੜਾਂ ਰੁਪਏ ਦੀ ਪੂੰਜੀ ਲਾਈ ਹੋਈ ਹੈ। ਇਸ ਬੈਂਕ ਦੀਆਂ ਕੁੱਲ ਬਰਾਂਚਾਂ ਵਿੱਚ ਇੱਕ ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।

ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਇਸ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਦੇ 18 ਕਰੋੜ ਤੋਂ ਵੱਧ ਗਾਹਕਾਂ ਵਿੱਚ ਭਾਰਤ ਦੇ ਵੱਡੇ-ਵੱਡੇ ਉਦਯੋਗਪਤੀ, ਹੋਟਲਾਂ ਦੇ ਮਾਲਕ, ਟਰਾਂਸਪੋਰਟਰ ਅਤੇ ਕੌਮਾਂਤਰੀ ਵਪਾਰੀ ਸ਼ਾਮਿਲ ਹਨ। 1969 ਵਿੱਚ ਸਰਕਾਰ ਵੱਲੋਂ 14 ਵੱਡੀਆਂ ਨਿੱਜੀ ਬੈਂਕਾਂ ਦਾ ਰਾਸ਼ਟਰੀਕਰਣ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਵੀ ਸ਼ਾਮਿਲ ਸੀ। ਇਨ੍ਹਾਂ ਬੈਂਕਾਂ ਦਾ ਰਾਸ਼ਟਰੀਕਰਨ ਦਾ ਮੰਤਵ ਛੋਟੇ ਵਪਾਰੀਆਂ, ਛੋਟੇ ਕਿਸਾਨਾਂ ਅਤੇ ਲਘੂ ਉਦਯੋਗਿਕ ਇਕਾਈਆਂ ਚਲਾਉਣ ਵਾਲਿਆਂ ਨੂੰ ਸੌਖੇ ਕਰਜ਼ੇ ਦੇਣਾ ਸੀ। ਪੰਜਾਬ ਨੈਸ਼ਨਲ ਬੈਂਕ ਦੀਆਂ ਦੇਸ਼ ਅੰਦਰ ਸਾਰੀਆਂ ਬਰਾਂਚਾਂ ਨੇ ਇਸ ਮੰਤਵ ਲਈ ਵੱਧ ਤੋਂ ਵੱਧ ਗਾਹਕਾਂ ਨੂੰ ਕਰਜ਼ਾ ਦਿੱਤਾ ਅਤੇ ਸਰਕਾਰ ਵੱਲੋਂ ਸਾਹਮਣੇ ਰੱਖੇ ਉਦੇਸ਼ਾਂ ਦੀ ਪੂਰਤੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ।

ਸੰਨ 1894 ਵਿੱਚ ਬੈਂਕ ਨੂੰ ਸਥਾਪਤ ਕਰਨ ਮਗਰੋਂ ਸਿਰਫ਼ ਚਾਰ ਸਾਲ ਬਾਅਦ 9 ਸਤੰਬਰ 1898 ਨੂੰ ਸ. ਦਿਆਲ ਸਿੰਘ ਮਜੀਠੀਆ ਦਾ ਦੇਹਾਂਤ ਹੋ ਗਿਆ। ਉਸ ਵਕਤ ਉਨ੍ਹਾਂ ਦੀ ਉਮਰ ਸਿਰਫ਼ 50 ਸਾਲ ਸੀ, ਪਰ ਉਨ੍ਹਾਂ ਦੇ ਲਾਏ ਬੂਟੇ ਟ੍ਰਿਬਿਊਨ, ਪੰਜਾਬ ਨੈਸ਼ਨਲ ਬੈਂਕ ਅਤੇ ਦਿਆਲ ਸਿੰਘ ਕਾਲਜ ਸਫ਼ਲਤਾ ਨਾਲ ਚੱਲ ਰਹੇ ਹਨ, ਜਿਨ੍ਹਾਂ ਦਾ ਲਾਭ ਕਰੋੜਾਂ ਲੋਕਾਂ ਨੇ ਲਿਆ ਹੈ। ਇਸ ਮਹਾਨ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਕਿਉਂਕਿ ਦੇਸ਼ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਪਾਇਆ ਯੋਗਦਾਨ ਮਹੱਤਵਪੂਰਨ ਹੈ। 27 ਮਈ 1894 ਨੂੰ ਮੀਟਿੰਗ ਬੁਲਾ ਕੇ ਸ. ਦਿਆਲ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਸ ਦੇ ਨਾਲ ਲਾਲਾ ਹਰਕਿਸ਼ਨ ਨੂੰ ਬੋਰਡ ਦਾ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਬੈਂਕ ਨੇ ਉਦਯੋਗਾਂ ਅਤੇ ਵਪਾਰ ਲਈ ਕਰਜ਼ਾ ਦੇਣ ਵਿੱਚ ਬੜੀ ਉਦਾਰ ਨੀਤੀ ਅਪਣਾਈ ਅਤੇ 1898 ਤੱਕ ਹੀ ਇਸ ਦੀਆਂ ਕਈ ਬਰਾਂਚਾਂ ਖੁੱਲ੍ਹ ਗਈਆਂ। ਸਰਦਾਰ ਦਿਆਲ ਸਿੰਘ ਦੇ ਹੋਰ ਸਾਥੀਆਂ ਵਿੱਚ ਲਾਲਾ ਲਾਜਪਤ ਰਾਏ ਸਨ, ਜੋ ਇਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਵਾਲੇ ਪਹਿਲੇ ਵਿਅਕਤੀ ਸਨ। ਮੌਜੂਦਾ ਸਮੇਂ ਇਹ ਭਾਰਤ ਦੀ ਦੂਜੀ ਵੱਡੀ ਬੈਂਕ ਹੈ। ਇਸ ਬੈਂਕ ਦੀਆਂ 10,092 ਘਰੇਲੂ ਬਰਾਂਚਾਂ ਹਨ, ਜਦੋਂਕਿ ਇਸ ਬੈਂਕ ਨੇ 51,519 ਕੁੱਲ ਕੇਂਦਰ ਖੋਲ੍ਹੇ ਹੋਏ ਹਨ। ਇਸ ਦੀਆਂ ਦੋ ਅੰਤਰ-ਰਾਸ਼ਟਰੀ ਬਰਾਂਚਾਂ, 12,645 ਏ ਟੀ ਐੱਮ ਅਤੇ 28,782 ਵਪਾਰਕ ਕਾਰਸਪੋਡੈਂਟ ਹਨ।

ਦਿਆਲ ਸਿੰਘ ਮਜੀਠੀਆ 50 ਸਾਲ ਦੀ ਉਮਰ ਵਿੱਚ ਹੀ ਵਿਛੋੜਾ ਦੇ ਗਏ ਸਨ, ਪਰ ਉਨ੍ਹਾਂ ਦੇ ਕੀਤੇ ਕਾਰਜਾਂ ਨੇ ਸ. ਮਜੀਠੀਆ ਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਹੈ।

Advertisement
×