DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਾਦ ਆਇਆ ਹਜ਼ਾਰਾ ਸਿੰਘ ਰਮਤਾ

ਅਸੀਂ ਉਹਦੇ ਬੂਹਿਓਂ ਬਾਹਰ ਹੋਏ... ਉਹ ਵਿਦਾ ਕਰਕੇ ਪਿੱਛੇ ਖਲੋ ਗਿਆ। ਆਵਾਜ਼ ਮਾਰੀ, ‘‘ਓ ਭਾਈ, ਆਪਣੀ ਇੱਕ ਚੀਜ਼ ਮੇਰੇ ਕੋਲ ਛੱਡ ਚੱਲੇ ਓ।’’ ਮੈਂ ਪਿੱਛੇ ਭਉਂ ਕੇ ਪੁੱਛਿਆ, ‘‘ਕੀ?’’ ਉਹਨੇ ਮਜ਼ਾਹੀਆ ਲਹਿਜੇ ’ਚ ਆਖਿਆ, ‘‘ਆਪਣਾ ਦਿਲ।’’ ...ਤੇ ਮਿੰਨਾ-ਮਿੰਨਾ ਮੁਸਕਰਾਉਣ ਲੱਗਿਆ......

  • fb
  • twitter
  • whatsapp
  • whatsapp
Advertisement

ਅਸੀਂ ਉਹਦੇ ਬੂਹਿਓਂ ਬਾਹਰ ਹੋਏ... ਉਹ ਵਿਦਾ ਕਰਕੇ ਪਿੱਛੇ ਖਲੋ ਗਿਆ। ਆਵਾਜ਼ ਮਾਰੀ, ‘‘ਓ ਭਾਈ, ਆਪਣੀ ਇੱਕ ਚੀਜ਼ ਮੇਰੇ ਕੋਲ ਛੱਡ ਚੱਲੇ ਓ।’’

ਮੈਂ ਪਿੱਛੇ ਭਉਂ ਕੇ ਪੁੱਛਿਆ, ‘‘ਕੀ?’’ ਉਹਨੇ ਮਜ਼ਾਹੀਆ ਲਹਿਜੇ ’ਚ ਆਖਿਆ, ‘‘ਆਪਣਾ ਦਿਲ।’’ ...ਤੇ ਮਿੰਨਾ-ਮਿੰਨਾ ਮੁਸਕਰਾਉਣ ਲੱਗਿਆ... ਬੁੱਢਾ ਤੇ ਮੌਜੀ ਫ਼ਨਕਾਰ ਹਜ਼ਾਰਾ ਸਿੰਘ ਰਮਤਾ!

Advertisement

ਜਦ ਉਹ ਕਿਸੇ ਨੂੰ ਮਜ਼ਾਕ ਕਰਦਾ ਤਾਂ ਉਹਦੀਆਂ ਕੱਚ ਦੇ ਬੰਟਿਆਂ ਵਰਗੀਆਂ ਨਿੱਕੀਆਂ-ਨਿੱਕੀਆਂ ਅੱਖਾਂ ਚਮਕਣ ਲਗਦੀਆਂ। ਆਸਾ ਸਿੰਘ ਮਸਤਾਨਾ ਨੂੰ ਤਾਂ ਉਹ ਏਨਾ ਛੇੜਦਾ ਰਹਿੰਦਾ ਸੀ ਕਿ ਖਿਝ ਕੇ ਮਸਤਾਨਾ ਉਹਨੂੰ ਸਖ਼ਤੀ ਨਾਲ ਝਾੜਦਾ, ‘‘ਓ ਬਸ ਵੀ ਕਰ ਜਾ ਹੁਣ ਤੇ ... ... ... ਹੱਦ ਈ ਕਰੀ ਜਾਨਾ ਏਂ... ਕਦੀ ਚੁੱਪ ਵੀ ਰਹਿਆ ਕਰ।’’

Advertisement

ਮਸਤਾਨੇ ਦੇ ਪਿੰਡੇ ’ਤੇ ਵਾਲ ਬਹੁਤ ਸਨ। ਇਸ ਕਰਕੇ ਵੀ ਉਹ ਆਪਣੇ ਸਮਕਾਲੀ ਗਾਇਕ-ਗਾਇਕਾਵਾਂ ਵਿੱਚ ਹਾਸੇ ਦਾ ਪਾਤਰ ਬਣਿਆ ਰਹਿੰਦਾ। ਰਮਤੇ ਨੇ ਗੱਲ ਸੁਣਾਈ, ‘‘ਇੱਕ ਵੇਰਾਂ ਅਸੀਂ ਸਾਰੇ ’ਕੱਠੇ ਸਾਂ... ਸ਼ਿਮਲੇ ਵੱਲ ਕਿਸੇ ਥਾਂ ’ਤੇ ਪ੍ਰੋਗਰਾਮ ਸੀ... ਰਾਹ ਵਿੱਚ ਇੱਕ ਢਾਬੇ ’ਤੇ ਚਾਹ-ਪਾਣੀ ਪੀਣ ਲਈ ਰੁਕ ਗਏ... ਉੱਥੇ ਲਾਗੇ ਈ ਇੱਕ ਮਦਾਰੀ ਰਿੱਛ ਤੇ ਰਿੱਛਣੀ ਦਾ ਤਮਾਸ਼ਾ ਦਿਖਾ ਰਿਹਾ ਸੀ... ਸੁਰਿੰਦਰ ਕੌਰ ਕਹਿੰਦੀ, ਅਖੇ, ਤਮਾਸ਼ਾ ਦੇਖ ਲਈਏ। ਮੈਂ ਮਦਾਰੀ ਨੂੰ ਪੁੱਛਿਆ ਕਿ ਬਈ ਕਿੰਨੇ ਪੈਸੇ ਲਏਂਗਾ? ਮਦਾਰੀ ਨੇ ਪੰਜ ਰੁਪਏ ਮੰਗੇ। ਮੈਂ ਮਦਾਰੀ ਨੂੰ ਕਿਹਾ ਕਿ ਤੂੰ ਦੋ ਰੁਪਏ ਕੱਢ... ਤੈਨੂੰ ਅਸੀਂ ਤਮਾਸ਼ਾ ਦਿਖਾ ਦਿੰਦੇ ਆਂ। ਲਾਹ ਬਈ ਮਸਤਾਨਿਆਂ ਲਾਹ ਕੱਪੜੇ ਤੇ ਦਿਖਾ ਤਮਾਸ਼ਾ। ਇਹ ਸੁਣ ਮਸਤਾਨਾ ਬੜਾ ਭੁੜਕਿਆ ਤੇ ਬੁੜ-ਬੁੜ ਕਰਦਾ ਢਾਬੇ ਅੰਦਰ ਵੜ ਗਿਆ।’’

ਸਾਲ 2008 ਵਿੱਚ ਕੀਤੀ ਟੋਰਾਂਟੋ ਦੀ ਯਾਤਰਾ ਇਸ ਲਈ ਵੀ ਭਾਗਭਰੀ ਰਹੀ ਕਿ ਹਜ਼ਾਰਾ ਸਿੰਘ ਰਮਤਾ ਦੇ ਦਰਸ਼ਨ ਹੋ ਗਏ ਸਨ ਅਤੇ ਉਸ ਨਾਲ ਖੁੱਲ੍ਹੀਆਂ ਗੱਲਾਂ-ਬਾਤਾਂ ਕਰਨ ਦਾ ਸਮਾਂ ਵੀ ਲੱਭ ਪਿਆ ਸੀ। ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਹੋਇਆ ਕਿ ਕਦੇ ਹਜ਼ਾਰਾ ਸਿੰਘ ਰਮਤੇ ਦੇ ਬਹੁਤ ਨੇੜੇ ਜਾ ਕੇ ਬੈਠਾਂਗਾ... ਗੱਲਾਂ ਕਰਾਂਗਾ।

ਇਕਬਾਲ ਮਾਹਲ ਦੀ ਕਿਤਾਬ ‘ਸੁਰਾਂ ਦੇ ਸੌਦਾਗਰ’ ਵਿੱਚ ਰਮਤੇ ਬਾਰੇ ਲਿਖਿਆ ਲੰਮਾ ਰੇਖਾ-ਚਿੱਤਰ ਨੁਮਾ ਲੇਖ ਪੜ੍ਹਿਆ ਤਾਂ ਇਉਂ ਲੱਗਿਆ ਸੀ ਜਿਵੇਂ ਰਮਤੇ ਦੇ ਦੀਦਾਰ ਹੋ ਗਏ ਹੋਣ।

ਸਾਡੇ ਪਿੰਡ ਦੇ ਬੌਰੀਏ ਵਿਆਹ-ਸ਼ਾਦੀ ਸਮੇਂ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਬੰਨ੍ਹਦੇ ਤੇ ਰਮਤੇ ਦੇ ਬੋਲ ਗੂੰਜਦੇ। ਰਮਤੇ ਦੇ ਨਾਂ ’ਤੇ ਅਣਗਿਣਤ ਰੁਪੱਈਆਂ ਦੀਆਂ ਵੇਲਾਂ ਹੋਈ ਜਾਂਦੀਆਂ ਦਿਨ-ਰਾਤ। ਜਦ ਉਹਦੇ ਰਿਕਾਰਡਾਂ ਦੇ ਤਵੇ ਬਣੇ... ਉਦੋਂ ਤਾਂ ਮੈਂ ਜੰਮਿਆ ਵੀ ਨਹੀਂ ਸਾਂ। ਸੁਰਤ ਸੰਭਲਣ ’ਤੇ ਜਦ ਰਮਤੇ ਦੀ ਆਵਾਜ਼ ਕੰਨੀਂ ਪਈ ਤਾਂ ਸੋਚਣ ਲੱਗਿਆ ਸਾਂ ਕਿ ਇਹ ਕੌਣ ਹੋਊ? ਕਿੱਥੇ ਰਹਿੰਦਾ ਹੋਊ? ਏਹ ਤਾਂ ਮੇਮਾਂ ਦੀਆਂ ਗੱਲਾਂ ਕਰਦੈ... ਮੇਮਾਂ ਦੇ ਹੀ ਕਿਸੇ ਮੁਲਕ ਵਿੱਚ ਰਹਿੰਦਾ ਹੋਣੈ! ਪਿੰਡਾਂ ਵਿੱਚ ਵਿਆਹ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਹਫ਼ਤਾ-ਹਫ਼ਤਾ ਭਰ ਰਮਤੇ ਦੇ ਤਵੇ ਗੂੰਜਦੇ ਰਹਿੰਦੇ। ਕਦੇ ਉਹ ਕੈਨੇਡਾ ਦੀ ਸੈਰ ਕਰਵਾਉਂਦਾ... ਕਦੇ ਵਲੈਤ ਦੀ... ਕਦੇ ਅਮਰੀਕਾ ਦੀ ਤੇ ਕਦੇ ਸਾਊਥ ਅਫ਼ਰੀਕਾ ਦੀ...। ਉਹਦਾ ਤੂੰਬਾ ਟੁਣਕਦਾ ਹੀ ਰਹਿੰਦਾ ਆਏ ਦਿਨ।

ਟੋਰਾਂਟੋ ਰਹਿੰਦਾ ਗਾਇਕ ਮਨਜੀਤ ਉੱਪਲ ਉੱਥੇ (ਬਰੈਂਪਟਨ) ਮੈਨੂੰ ਮਿਲਣ ਆਉਂਦਾ ਤਾਂ ਦੱਸਦਾ, ‘‘ਹੁਣੇ ਪਾਪਾ ਜੀ ਨੂੰ ਮਿਲ ਕੇ ਆਇਆਂ। ਉਨ੍ਹਾਂ ਨੇ ਮੂਵ ਹੋਣੈ। ਹੁਣ ਨਿੱਕਾ ਘਰ ਲਿਐ। ਵੱਡਾ ਘਰ ਸੰਭਦਾ ਨਹੀਂ ਸੀ। ਦੋਵੇਂ ਜੀਅ ਨੇ ਪਾਪਾ ਜੀ ਤੇ ਬੀਜੀ... ਬੁੱਢੇ ਨੇ... ਜੁਆਕ ਕੋਲ ਨਹੀਂ ਰਹਿੰਦੇ। ਜੁਆਕ ਵੀ ਸਾਰੇ ਏਧਰ ਦੇ ਜੰਮਪਲ ਨੇ। ਤੈਨੂੰ ਪਤਾ ਈ ਐ ਏਧਰਲੇ ਜੁਆਕ...।’’

ਮਨਜੀਤ ਰਮਤੇ ਨੂੰ ਪਾਪਾ ਜੀ ਤੇ ਉਸ ਦੀ ਪਤਨੀ ਨੂੰ ਬੀਜੀ ਕਹਿੰਦਾ। ਰੋਜ਼ ਵਾਂਗ ਹੀ ਉਨ੍ਹਾਂ ਨੂੰ ਮਿਲਣ ਜਾਂਦਾ ਤੇ ਉਨ੍ਹਾਂ ਦੇ ਅੰਦਰ-ਬਾਹਰ ਦੇ ਨਿੱਕੇ-ਮੋਟੇ ਕੰਮ ਧੰਦੇ ਵੀ ਨਿਪਟਾ ਦੇਂਦਾ। ਮੈਂ ਮਨਜੀਤ ਨੂੰ ਰਮਤੇ ਦੇ ਜੁਆਕਾਂ ਬਾਰੇ ਪੁੱਛਦਾ ਤਾਂ ਉਹ ਗੱਲ ਟਾਲ ਕੇ ਹੋਰ ਪਾਸੇ ਲੈ ਜਾਂਦਾ। ਇੱਕ ਦਿਨ ਆਣ ਕੇ ਕਹਿਣ ਲੱਗਿਆ, ‘‘ਪਾਪਾ ਜੀ ਤੇਰਾ ਏਧਰ ਛਪਦਾ ਕਾਲਮ ਐਵਰੀ ਵੀਕ ਪੜ੍ਹਦੇ ਨੇ... ਮੈਨੂੰ ਕਹਿੰਦੇ ਨੇ ਕਿ ਉਹਨੂੰ ਘਰ ਲੈ ਕੇ ਆ। ਚੱਲੇਂਗਾ ਮੇਰੇ ਨਾਲ?’’

ਰਮਤੇ ਬਾਰੇ ਗੱਲਾਂ ਕਰ-ਸੁਣ ਕੇ ਟੋਰਾਂਟੋ ਦੀ ਧਰਤੀ ’ਤੇ ਬੈਠੇ ਮੈਨੂੰ ਆਪਣਾ ਪਿੰਡ ਚੇਤੇ ਆ ਜਾਂਦਾ ਸੀ ਤੇ ਰਮਤੇ ਦੇ ਰਿਕਾਰਡ ਕੰਨਾਂ ਵਿੱਚ ਗੂੰਜਦੇ ਪ੍ਰਤੀਤ ਹੁੰਦੇ ਸਨ। ਮਨਜੀਤ ਨਾਲ ਰਮਤੇ ਦੇ ਘਰ ਜਾਣ ਦਾ ਤੈਅ ਹੋਇਆ ਪ੍ਰੋਗਰਾਮ ਨਿੱਤ ਹੀ ਅੱਗੇ ਪੈ ਜਾਂਦਾ ਸੀ। ਬੜੇ ਦਿਨ ਇਉਂ ਹੀ ਹੁੰਦੀ ਰਹੀ ਸੀ। ਇੱਕ ਦਿਨ ਮਨਜੀਤ ਕਹਿੰਦਾ, ‘‘ਪਾਪਾ ਜੀ ਕਹਿੰਦੇ ਨੇ ਕਿ ਕੱਲ੍ਹ ਦਾ ਮੁੰਡਾ ਸਾਡੇ ਨਾਲ ਵਾਅਦਾ ਕਰਕੇ ਆਉਂਦਾ ਨਹੀਂ। ਮਖੌਲ ਕਰਦੈ ਜਾਂ ਸਾਨੂੰ ਕੁਝ ਸਮਝਦਾ ਈ ਨਹੀਂ? ਆਹ ਗੱਲ ਠੀਕ ਨ੍ਹੀ ਲੱਗੀ ਉਹਦੀ।’’

ਮਨਜੀਤ ਨੇ ਸੱਚੀ ਗੱਲ ਆਖ ਸੁਣਾਈ ਸੀ। ‘‘ਹੁਣ ਤਾਂ ਭਾਵੇਂ ਸੌ ਰੁਝੇਵੇਂ ਵੀ ਛੱਡਣੇ ਪੈ ਜਾਣ... ਜਾਣਾ ਹੀ ਹੈ ਕੱਲ੍ਹ ਆਪਾਂ।’’ ਮੈਂ ਕਿਹਾ।

ਗ੍ਰਾਮੋਫੋਨ ਦੇ ਤਵਿਆਂ ਉੱਤੇ ਤੁਰ੍ਹਲੇ ਵਾਲੀ ਪੱਗ ਤੇ ਹੱਥ ਵਿੱਚ ਤੂੰਬੀ ਫੜੀ ਖਲੋਤਾ ਫੋਟੋ ਵਾਲਾ ਰਮਤਾ ਸਵੇਰ ਤੋਂ ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਸੀ, ਅੱਜ ਉਹਨੂੰ ਮਿਲਣ ਜੁ ਜਾਣਾ ਸੀ। ਮੇਰੇ ਟਿਕਾਣੇ ਤੋਂ ਪੌਣੇ ਕੁ ਘੰਟੇ ਦੀ ਵਾਟ ਨਿਬੇੜ ਕੇ ਮਨਜੀਤ ਤੇ ਮੈਂ ਉਹਦੇ ਬੂਹੇ ਮੂਹਰੇ ਖੜ੍ਹੇ ਸਾਂ। ਬੂਹਾ ਠੋਕਰਨ ’ਤੇ ਤੁਰ੍ਹਲੇ ਵਾਲੀ ਪੱਗ ਵਾਲਾ ਰਮਤਾ ਨਹੀਂ ਸੀ ਆਇਆ ਸਗੋਂ ਮੇਰੇ ਦਾਦਾ ਅੰਮ੍ਰਿਤ ਲਾਲ ਵਰਗਾ ਪੱਕੇ ਰੰਗਾ ਬੁੱਢਾ ਮੁਸਕਰਾਉਂਦਾ ਹੋਇਆ ਬੂਹੇ ਪਿੱਛਿਓਂ ਆਣ ਪ੍ਰਗਟ ਹੋਇਆ ਸੀ, ‘‘ਆਓ ਜੀ... ਆਓ ਜੀ... ਆਓ ਜੀ... ਬੜੇ ਤਰਸਾ-ਤਰਸਾ ਕੇ ਆਏ ਜੇ। ਕੀ ਗੱਲ... ਹੈਂਅ...? ਏਨੇ ਦਿਨਾਂ ਦੇ ਉਡੀਕਣ ਡਹੇ ਆਂ ਅਸੀਂ...!’’

ਬੀਬੀ ਨੇ ਵੀ ਆਣ ਸਾਡੇ ਸਿਰ ਪਲੋਸੇ ਤੇ ਲਾਗੇ ਬਹਿ ਕੇ ਹਾਲ-ਚਾਲ ਪੁੱਛਣ ਲੱਗੀ। ਮਨਜੀਤ ਕੈਮਰਾ ਚਲਾਉਣ ਲੱਗਿਆ ਤਾਂ ਰਮਤੇ ਨੇ ਮੋਹ ਨਾਲ ਘੂਰਿਆ, ‘‘ਕਿਉਂ... ਕਿਤੇ ਭੱਜਣਾ ਏਂ...? ਬਹੁ ਰਮਾਨ ਨਾਲ... ਚਾਹ-ਪਾਣੀ ਪੀ... ਫਿਰ ਖਿੱਚ ਲਵੀਂ ਫੋਟੋਆਂ...।’’

ਮੈਂ ਤਾਂ ਉੱਕਾ ਨਹੀਂ ਸਾਂ ਜਾਣਦਾ ਕਿ ਏਨਾ ਠੇਠ ਤੇ ਸਿੱਧਾ-ਸਾਦਾ (ਫੋਕ) ਗਾਉਣ ਵਾਲਾ ਰਮਤਾ ਕਲਾਸੀਕਲ ਦਾ ਵੀ ਉਸਤਾਦ ਹੈ। ਉਹ ਤਾਂ ਸੋਫ਼ੇ ’ਤੇ ਬੈਠਾ ਹੀ ਪੱਕੇ ਰਾਗ ਅਲਾਪਣ ਲੱਗਿਆ ਹੋਇਆ ਸੀ ਤੇ ਨਾਲੋ-ਨਾਲ ਆਪਣੇ ਵੱਖ-ਵੱਖ ਤਵੇ ਤੇ ਕੈਸੇਟਾਂ ਵੀ ਕੱਢ-ਕੱਢ ਦਿਖਾਈ ਜਾਂਦਾ ਸੀ। ਉਹਨੇ ਮੈਨੂੰ ਆਪਣੀਆਂ ਕਿਤਾਬਾਂ ਦਾ ਸੈੱਟ ਦਿੰਦਿਆਂ ਕਿਹਾ, ‘‘ਲੈ ਅਹਿ ਵੀ ਲੈ... ਨਾਲ ਲੈ ਕੇ ਜਾਣੀਆਂ ਇੰਡੀਆ। ਐਥੇ ਨਾ ਛੱਡ ਜਾਈ,’’ ਤਾਂ ਇਕਦਮ ਯਾਦ ਆਇਆ ਕਿ ਰਮਤੇ ਦੀਆਂ ਛਪੀਆਂ ਕਿਤਾਬਾਂ ਤਾਂ ਮੈਂ ਕਿੰਨੇ ਸਾਲ ਪਹਿਲਾਂ ਫ਼ਰੀਦਕੋਟ ਘੰਟਾਘਰ ਨੇੜੇ ਗਿਆਨੀ ਕਿਤਾਬਾਂ ਵਾਲੇ ਦੀ ਦੁਕਾਨ ’ਤੇ ਪਈਆਂ ਦੇਖੀਆਂ ਸਨ। ਇਹ ਉਹੀ ਕਿਤਾਬਾਂ ਸਨ: ‘ਰਮਤੇ ਦੇ ਹਾਸੇ’, ‘ਪਰਦੇਸੀ ਰਮਤਾ’, ‘ਰਮਤਾ ਦਰੇ ਮੈਖ਼ਾਨਾ’, ‘ਰਮਤਾ ਮੇਮਾਂ ਵਿੱਚ’।

ਕਿਤਾਬਾਂ ਫੜਦਿਆਂ ਮੈਂ ਪੁੱਛਿਆ, ‘‘ਇਹ ਕਦੋਂ-ਕਦੋਂ ਛਪੀਆਂ ਸਨ? ਬੜੇ ਸਾਲ ਪਹਿਲਾਂ ਤਾਂ ਮੈਂ ਦੇਖੀਆਂ ਸਨ... ਜਦੋਂ ਨਿਆਣਾ ਸਾਂ।’’

‘‘ਭਾਪਾ ਜੀ ਨੇ ਛਾਪੀਆਂ ਸਨ... ਭਾਪਾ ਪ੍ਰੀਤਮ ਸਿੰਘ ਜੀ... ਨਵਯੁਗ ਪਬਲਿਸ਼ਰਜ਼ ਵਾਲਿਆਂ ਨੇ। ਇਕਬਾਲ ਮਾਹਲ ਨੇ ਮੈਨੂੰ ਭਾਪਾ ਜੀ ਨਾਲ ਮਿਲਵਾਇਆ ਸੀ। ਬਸ ਖਰੜਾ ਬਣਾ ਕੇ ਉਨ੍ਹਾਂ ਨੂੰ ਭੇਜ ਦੇਂਦਾ ਸਾਂ ਤੇ ਕਿਤਾਬ ਛਪ ਕੇ ਆ ਜਾਣੀ। ਕੁਝ ਖਰਚਾ ਵੀ ਭੇਜ ਦੇਣਾ ਛਪਵਾਈ ਦਾ। ਤਿੰਨੋਂ ਕਿਤਾਬਾਂ ਦਾ ਪੰਜਾਬੀ ਤੋਂ ਹਿੰਦੀ ਵਿੱਚ ਲਿਪੀਅੰਤਰ ਵੀ ਹੋਇਆ। ਲਾਹੌਰ ਵਿੱਚ ਵੀ ਇਹਦਾ ਉਰਦੂ ਵਿੱਚ ਤਰਜਮਾ ਕੀਤਾ ਕਿਸੇ ਨੇ। ਮੇਰੇ ਹਾਸੇ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਖ਼ਤ ਆਣੇ ਕਰਨੇ ਮੈਨੂੰ। ਹੁਣ ਨਹੀਂ ਆਏ ਕਦੇ ਖ਼ਤ। ਹੁਣ ਤੇ ਜ਼ਮਾਨਾ ਹੋ ਗਿਆ ਏ ਫ਼ੋਨ ਦਾ, ਕੰਪਿਊਟਰ ਦਾ...। ਓ ਭਾਈ ਮੈਂ ਵੀ ਬੀ.ਐੱਸਸੀ, ਬੀ.ਐੱਡ. ਆਂ...ਐਵੇਂ ਨਾ ਸਮਝੀਂ ਮੈਨੂੰ ਅਨਪੜ੍ਹ ਜਿਹਾ ਬੁੜ੍ਹਾ...।’’

ਅਸੀਂ ਸਾਰੇ ਹੱਸ ਪਏ।

ਰਮਤੇ ਨੇ ਆਖਿਆ, ‘‘ਮੈਂ ਤੈਨੂੰ ਮੋਟੀਆਂ-ਮੋਟੀਆਂ ਕੁਝ ਗੱਲਾਂ ਦਸਨਾ ਵਾਂ ਆਪਣੇ ਬਾਰੇ। ਏਹ ਨੋਟ ਕਰ ਲੈ। ਮੈਂ ਅਲੀਗੜ੍ਹ ਯੂਨੀਵਰਸਿਟੀ ਤੋਂ ਬੀ.ਐੱਸਸੀ. ਕੀਤੀ। ਸੱਚ ਯਾਰ, ਮੈਂ ਆਪਣਾ ਜਨਮ ਦੱਸਣਾ ਭੁੱਲ ਈ ਗਿਆ... ਲਿਖ ਲੈ... ਇੱਕ ਅਗਸਤ ਤੇ ਸੰਨ ਉੱਨੀ ਸੌ ਛੱਬੀ। ਪਿੰਡ ਸਾਡਾ ਸੀ ਗਿੱਲ ਚੱਕ ਤੇ ਜ਼ਿਲ੍ਹਾ ਮਿੰਟਗੁਮਰੀ। ਜ਼ਿਮੀਂਦਾਰ ਫੈਮਿਲੀ। ਗਿੱਲ ਸਾਡਾ ਗੋਤ ਏ। ਬਨਾਰਸ ਤੋਂ ਮੈਂ ਸੰਗੀਤ ਦੀ ਬੀ.ਏ. ਕੀਤੀ। ਫ਼ੌਜ ਵਿੱਚ ਵੀ ਸੇਵਾ ਕੀਤੀ ਏ। ਇਰਾਨ ’ਚ ਕਈ ਸਾਲ ਰਿਹਾ। ਜਦੋਂ ਮੁਲਕ ਵੰਡੀਜਿਆ ਏ ਤਾਂ ਲੁਧਿਆਣਾ ਨੇੜੇ ਪਿੰਡ ਜਮਾਲਪੁਰ ਵਿੱਚ ਸਾਨੂੰ ਜ਼ਮੀਨ ਅਲਾਟ ਹੋਈ। ਮੈਂ ਦਿੱਲੀ ਰਿਹਾ ਬਹੁਤਾ। ਬਹੁਤ ਕੰਮ ਕੀਤੇ। ਬਰਕਤ ਪੰਜਾਬੀ ਤੇ ਤੇਜਾ ਸਿੰਘ ਸਾਬਰ ਮੇਰੇ ਦੋਸਤ ਸਨ। ਗੱਲ ਲੰਮੀ ਨਾ ਕਰਾਂ ਤੇ ਸੰਨ 1963 ਦੀ ਗੱਲ ਏ... ਮੈਂ ਆਪਣੇ ਨਿੱਕੇ ਭਰਾ ਤੇ ਮਾਂ ਨਾਲ ਵਲੈਤ ਆਇਆ ਸਾਂ। ਸੰਨ ਉੱਨੀ ਸੌ ਉਨੱਤ੍ਵਰ ਸੀ... ਮੈਂ ਟੋਰਾਂਟੋ ਆਇਆ ਗਾਉਣ ਲਈ। ਬਸ ਏਥੇ ਈ ਰਹਿ ਪਿਆ ਤੇ ਹੁਣ ਤੀਕ ਬੈਠਾ ਵਾਂ ਟੋਰਾਂਟੋ। ਸ਼ੁਰੂ-ਸ਼ੁਰੂ ਦੀ ਗੱਲ ਏ। ਇੱਕ ਮਿੱਤਰ ਨੇ ਮੈਨੂੰ ਪੈਟਰੋਲ ਪੰਪ ’ਤੇ ਕੰਮ ਦਿਵਾ ਦਿੱਤਾ... ਸਟ੍ਰਗਲ ਬਹੁਤ ਕੀਤੀ ਏ... ਸਾਰੀ ਜ਼ਿੰਦਗੀ ਸਟ੍ਰਗਲ ’ਚ ਈ ਬੀਤੀ ਏ... ਹੁਣ ਕਿਹੜਾ ਨਹੀਂ ਸਟ੍ਰਗਲ... ਹੁਣ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਨੇ...।’’

ਜਦ ਉਸ ਨੂੰ ਪੁੱਛਿਆ ਕਿ ਆਪਣੀ ਸੰਗੀਤ ਯਾਤਰਾ ਬਾਰੇ ਕੁਝ ਚਾਨਣਾ ਪਾਉ ਤਾਂ ਉਸ ਨੇ ਦੱਸਿਆ, ‘‘ਬੇਟੇ, ਸੰਗੀਤ ਯਾਤਰਾ ਬਹੁਤ ਲੰਮੀ ਏ। ਬਹੁਤ ਗਾਇਆ, ਨਾਮਣਾ ਵੀ ਖੱਟਿਆ ਤੇ ਨਾਵਾਂ ਵੀ। ਇਕਬਾਲ ਮਾਹਲ ਨੇ ਮੈਨੂੰ ਚਮਕਾਉਣ ਵਿੱਚ ਬਹੁਤ ਸਹਿਯੋਗ ਦਿੱਤਾ। ਮਾਹਲ ਨੂੰ ਮੈਂ ਪਹਿਲੀ ਵਾਰੀ ਸੰਨ ਉੱਨੀ ਸੌ ਕਹੱਤ੍ਵਰ ਵਿੱਚ ਮਾਲਟਨ ਗੁਰੂਘਰ ’ਚ ਮਿਲਿਆ ਸਾਂ। ਜਦੋਂ ਸੰਨ ਉੱਨੀ ਸੌ ਪੈਂਹਟ ਵਿੱਚ ਮੇਰਾ ਪਹਿਲਾ ਰਿਕਾਰਡ ਭਰਿਆ ਸੀ ਐੱਚ.ਐੱਮ. ਵੀ ਵਾਲਿਆਂ ਨੇ ‘ਲੰਡਨ ਦੀ ਸੈਰ’ ਤਾਂ ਇੱਥੋਂ ਮੇਰੀ ਤਰੱਕੀ ਤੇ ਮਸ਼ਹੂਰੀ ਹੋਣ ਲੱਗੀ। ਪਰਕਾਸ਼ ਕੌਰ ਨਾਲ ਵੀ ਗਾਇਆ ਮੈਂ। ਉਹਦਾ ਆਪਣਾ ਰਾਗ ਤੇ ਰੰਗ ਸੀ। ਤੂੰਬੀ ਮੈਂ ਉਸਤਾਦ ਯਮਲਾ ਜੀ ਨੂੰ ਦੇਖ ਕੇ ਫੜੀ ਸੀ... ਇਹ ਗੱਲ ਸੰਨ ਉੱਨੀ ਸੌ ਚੁਰੰਜਾ ਦੀ ਏ... ਜਦ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਗਾਉਂਦੇ ਦੇਖਿਆ ਸੀ। ਮੈਂ ਪਹਿਲੀ ਵਾਰ ਦਿੱਲੀ ਰੇਡੀਓ ਉੱਤੋਂ ‘ਜੁਗਨੀ’ ਗਾਈ ਸੀ। ਵੀਹ ਸਾਲ ਮੈਂ ਏਥੇ ਟੈਕਸੀ ਚਲਾਉਂਦਾ ਤੇ ਗਾਉਂਦਾ ਵੀ ਰਿਹਾ। ਸੰਨ ਉੱਨੀ ਸੌ ਬਾਨਵੇਂ ਦੀ ਗੱਲ ਏ... ਮੇਰੇ ਸਿਰ ਵਿੱਚ ਬਲੱਡ ਕਲੌਟ ਹੋ ਗਿਆ। ਮੇਰਾ ਚੇਤਾ ਖੋਣ ਲੱਗਿਆ। ਹਾਂ ਸੱਚ... ਦੱਸਾਂ ਕਿ ਉੱਨੀ ਸੌ ਚੁਰਾਸੀ ਦੀ ਘਟਨਾ ਨੇ ਮੇਰਾ ਦਿਲ ਵਿੰਨ੍ਹ ਛੱਡਿਆ ਤੇ ਮੈਂ ਤੱਤੀ ਸੋਚ ਵਾਲਾ ਬਣ ਗਿਆ... ਚਲੋ ਛੱਡੋ ਏਹ ਗੱਲਾਂ...।’’

ਗੱਲਾਂ ਕਰਦੇ-ਕਰਦੇ, ਮੈਂ ਬਾਹਰ ਦੇਖਿਆ। ਮੀਂਹ ਲੱਥ ਪਿਆ ਸੀ। ਰਮਤਾ ਕਹਿੰਦਾ, ‘‘ਲੈ ਦੇਖ ਲਓ... ਹੁਣੇ ਧੁੱਪ ਸੀ ਤੇ ਝੱਟ ’ਚ ਕਣੀਆਂ ਆ ਗਈਆਂ ਨੇ। ਬੇਟੇ, ਇੱਥੇ ਤਿੰਨ ਡਬਲਿਯੂ ਗਿਣੀਆਂ ਜਾਂਦੀਆਂ ਨੇ... ਜਿਨ੍ਹਾਂ ਦਾ ਕੋਈ ਇਤਬਾਰ ਨਹੀਂ ਜਿਵੇਂ ਪਹਿਲੀ ਡਬਲਿਯੂ ਏ ‘ਵੈਦਰ’... ਇਹ ਪਤਾ ਨਹੀਂ ਕਦੋਂ ਵਿਗੜ ਜਾਵੇ... ਦੂਜੀ ਏ ‘ਵਾਈਫ’ ... ਇਹ ਪਤਾ ਨਹੀਂ ਕਦੋਂ ਭੱਜ ਜਾਵੇ ਤੇ ਤੀਜਾ ਏ ‘ਵਰਕ’ ... ਇਹ ਪਤਾ ਨਹੀਂ ਕਦੋਂ ਛੁੱਟ ਜਾਵੇ...।’’

ਉਹ ਹੱਸਿਆ। ਲਗਦਾ ਸੀ... ਉਹ ਹੋਰ ਹੱਸਣਾ-ਹਸਾਉਣਾ ਚਾਹੁੰਦਾ ਸੀ। ਟੋਟਕੇ ’ਤੇ ਟੋਟਕਾ ਸੁਣਾਈ ਜਾਂਦਾ ਸੀ। ਏਧਰ ਮਨਜੀਤ ਵੀ ਕਾਹਲ਼ਾ ਪਿਆ ਹੋਇਆ ਸੀ। ਉਸ ਨੇ ਮੈਨੂੰ ਮੇਰੇ ਟਿਕਾਣੇ ’ਤੇ ਛੱਡ ਕੇ ਆਪ ਕੰਮ ’ਤੇ ਲੱਗਣਾ ਸੀ। ਰਮਤਾ ਜੀ ਆਖ ਰਹੇ ਸਨ, ‘‘ਨਹੀਂ ਅੱਜ ਸਾਡੇ ਕੋਲ ਰਹਿ... ਹੋਰ ਗੱਲਾਂ ਬਹੁਤ ਨੇ ਸੁਨਾਣ ਵਾਲੀਆਂ... ਭਾਵੇਂ ਦਸ ਕਿਤਾਬਾਂ ਲਿਖ ਲਓ। ਮੈਂ ਆਪਣੀ ਜੀਵਨੀ ਬਾਰੇ ਕਿਤਾਬ ਲਿਖਣੀ ਏਂ। ਇਹੋ ਜਿਹੀ ਲਿਖਣੀ ਏਂ ਜਿਹੜੀ ਕਦੇ ਕਿਸੇ ਨੇ ਲਿਖੀ ਨਾ ਹੋਵੇ... ਪਰ ਮੈਨੂੰ ਕੁਝ ਘਰੇਲੂ ਹਾਲਾਤ ਲਈ ਬੈਠੇ ਨੇ... ਮੈਂ ਕੀ ਕਰਾਂ? ਲੋਕਾਂ ਨੇ ਰੱਜਵਾਂ ਮਾਣ ਦਿੱਤਾ ਏ। ਮੈਂ ਦੁਨੀਆ ਭਰ ਵਿੱਚ ਜਾ ਕੇ ਗਾਇਆ ਏ। ਹੁਣ ਫਿਰ ਵਲੈਤੋਂ ਸੱਦਾ ਆਇਆ ਪਿਆ... ਜਾਵਾਂਗਾ... ਸੰਨ ਉਨੀ ਸੌ ਪਚਾਨਵੇਂ ’ਚ ਮੈਨੂੰ ਮੋਹਨ ਸਿੰਘ ਮੇਲੇ ਵਾਲਿਆਂ ਸਨਮਾਨਿਆ ਸੀ। ਮੇਰੇ ਨਾਲ ਮਾਹਲ ਵੀ ਗਿਆ ਸੀ ਇੰਡੀਆ। ਮੇਲਾ ਪੰਜਾਬੀ ਭਵਨ ਵਾਲਾ। ਮੈਂ ਬਹੁਤ ਦੇਰ ਪਿੱਛੋਂ ਇੰਡੀਆ ਗਿਆ ਸਾਂ। ਸਾਰਾ ਪੰਜਾਬ ਈ ਢੁੱਕਿਆ ਪਿਆ ਸੀ ਉੱਥੇ। ਸਾਰੇ ਪੰਜਾਬ ਦੇ ਦਰਸ਼ਨ ਕਰਕੇ ਮੈਂ ਬਾਗੋਬਾਗ ਹੋਇਆ। ਤਿਲ ਸੁੱਟ੍ਹਣ ਨੂੰ ਥਾਂ ਨਾ। ਠਾਠਾਂ ਮਾਰਦਾ ਹਜੂਮ। ਮੈਂ ਗਾਇਆ ਲੋਕ ਖ਼ੁਸ਼ ਕੀਤੇ। ਪਿੰਡਾਂ ਦੇ ਬੁੜ੍ਹੇ, ਮੇਰੇ ਹਾਣੀ ਜੱਫ਼ੀਆਂ ਪਾ-ਪਾ ਮਿਲੇ। ਅਖੇ, ਤੂੰ ਜਿਊਨੈ ਅਜੇ ਰਮਤਿਆ! ਅਸੀਂ ਤੇ ਸੋਚਦੇ ਸੀ ਮਰ ਮੁੱਕ ਗਿਆ ਕਿਤੇ ਰਮਤਾ ਸਾਡਾ। ਏਸੇ ਉਤਸ਼ਾਹ ਕਰਕੇ ਫੇਰ ਦੋ ਹਜ਼ਾਰ ਸੱਤ ’ਚ ਵੀ ਮੈਂ ਗਿਆ ਸਾਂ। ਹੁਣ ਦੇਖੋ ਕਦੋਂ ਫੇਰਾ ਪਵੇ...।’’

ਇਹ ਗੱਲ ਕਰਦਿਆਂ ਉਹਦੀਆਂ ਅੱਖਾਂ ਨਮ ਹੋ ਗਈਆਂ। ਉਹਨੇ ਮੇਜ਼ ’ਤੇ ਪਏ ਡੱਬੇ ’ਚੋਂ ਨੈਪਕਿਨ ਕੱਢਿਆ ਤੇ ਹੰਝੂ ਪੂੰਝੇ। ਅਸੀਂ ਜਾਣ ਲਈ ਉੱਠ ਖਲੋਤੇ।

ਛੇ ਸਤੰਬਰ 2017 ਦਾ ਦਿਨ ਸੀ। ਟੋਰਾਂਟੋ ਤੋਂ ਇਕਬਾਲ ਮਾਹਲ ਦਾ ਫੋਨ ਆਇਆ, ਉਹ ਭਰੇ ਗਲੇ ’ਚੋਂ ਬੋਲਿਆ, ‘‘ਰਮਤਾ ਜੀ ਚਲੇ ਗਏ।’’ ਫੋਨ ਬੰਦ ਹੋ ਗਿਆ ਤੇ ਮੈਂ ਰਮਤੇ ਦੀਆਂ ਯਾਦਾਂ ਵਿੱਚ ਖੋ ਗਿਆ।

ਸੰਪਰਕ: 94174-21700

Advertisement
×