DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਨੂੰ ਅਣਗੌਲਿਆਂ ਕਰ ਰਹੇ ਪੰਜਾਬੀ

ਬਲਜਿੰਦਰ ਮਾਨ ਜੇਕਰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਸਾਡੀ ਹੋਂਦ ਕਾਇਮ ਹੈ ਤਾਂ ਉਹ ਸਾਡੀ ਮਾਤ ਭਾਸ਼ਾ ਪੰਜਾਬੀ ਕਰਕੇ ਹੀ ਕਾਇਮ ਹੈ। ਜਦੋਂ ਅਸੀਂ ਆਪਣੇ ਇਤਿਹਾਸ ’ਤੇ ਝਾਤ ਮਾਰਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਮਾਂ...
  • fb
  • twitter
  • whatsapp
  • whatsapp
Advertisement

ਬਲਜਿੰਦਰ ਮਾਨ

ਜੇਕਰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਸਾਡੀ ਹੋਂਦ ਕਾਇਮ ਹੈ ਤਾਂ ਉਹ ਸਾਡੀ ਮਾਤ ਭਾਸ਼ਾ ਪੰਜਾਬੀ ਕਰਕੇ ਹੀ ਕਾਇਮ ਹੈ। ਜਦੋਂ ਅਸੀਂ ਆਪਣੇ ਇਤਿਹਾਸ ’ਤੇ ਝਾਤ ਮਾਰਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਮਾਂ ਬੋਲੀ ਨੂੰ ਰੁਤਬਾ ਦਿਵਾਉਣ ਵਾਸਤੇ ਗੁਰੂ ਸਾਹਿਬਾਨ, ਪੀਰਾਂ ਫ਼ਕੀਰਾਂ ਅਤੇ ਸਿੱਧ ਜੋਗੀਆਂ ਦੁਆਰਾ ਦਿੱਤਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਵਿਦਵਾਨਾਂ ਅਨੁਸਾਰ ਇਸ ਭਾਸ਼ਾ ਦਾ ਰਿਸ਼ਤਾ ਸਭ ਤੋਂ ਪੁਰਾਣੇ ਵੇਦ ਰਿਗਵੇਦ ਨਾਲ ਵੀ ਜੁੜਦਾ ਹੈ। ਇੱਥੋਂ ਸਿੱਧ ਹੁੰਦਾ ਹੈ ਕਿ ਇਹ ਬੋਲੀ ਮਹਾਨ ਅਤੇ ਮਹਾਨ ਕੌਮ ਦੀ ਜਨਮਦਾਤੀ ਹੈ। ਜੇਕਰ ਪੰਜਾਬੀ ਅਜਿਹੀ ਅਮੀਰ ਵਿਰਾਸਤ ਦੇ ਮਾਲਕ ਹਨ, ਫਿਰ ਉਹ ਆਪਣੀ ਮਾਂ ਬੋਲੀ ਨੂੰ ਤ੍ਰਿਸਕਾਰ ਦਾ ਪਾਤਰ ਕਿਉਂ ਬਣਾ ਰਹੇ ਹਨ। ਅਜੋਕੇ ਸਮੇਂ ਵਿੱਚ ਇਹ ਮਸਲਾ ਗੰਭੀਰ ਤੋਂ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਅਸੀਂ ਆਮ ਤੌਰ ’ਤੇ ਗੱਲਾਂ ਕਰਦੇ ਹਾਂ ਕਿ ਸ਼ਹਿਰਾਂ ਵਿੱਚੋਂ ਪੰਜਾਬੀ ਗਾਇਬ ਹੋ ਗਈ ਹੈ, ਪਰ ਹੁਣ ਤਾਂ ਇਸ ਦੀ ਹਾਲਤ ਪਿੰਡਾਂ ਵਿੱਚ ਵੀ ਤਰਸਯੋਗ ਬਣ ਰਹੀ ਹੈ।

Advertisement

ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸਬੰਧੀ ਏਐੱਸਈਆਰ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਵੀ ਪੰਜਾਬੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਜੋ ਬਹੁਤ ਚਿੰਤਾਜਨਕ ਮਸਲਾ ਹੈ। ਰਿਪੋਰਟ ਵਿੱਚ ਸਥਿਤੀ ਇਹ ਦਰਸਾਈ ਗਈ ਹੈ ਕਿ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 40 ਫ਼ੀਸਦੀ ਬੱਚੇ ਪੰਜਾਬੀ ਦਾ ਇੱਕ ਪੈਰ੍ਹਾ ਪੜ੍ਹਨ ਦੇ ਯੋਗ ਵੀ ਨਹੀਂ ਹਨ। ਭਾਵੇਂ ਕਿ ਗਣਿਤ ਵਿੱਚ ਇਹ ਸਥਿਤੀ ਸਰਕਾਰੀ ਸਕੂਲਾਂ ਦੀ ਬਿਹਤਰ ਦਿਖਾਈ ਦਿੱਤੀ ਹੈ। ਹੈਰਾਨ ਕਰਨ ਵਾਲਾ ਖੁਲਾਸਾ ਇਹ ਵੀ ਹੋਇਆ ਹੈ ਕਿ ਪ੍ਰਾਈਵੇਟ ਸਕੂਲਾਂ ਦੇ 15 ਫ਼ੀਸਦੀ ਤੋਂ ਵੱਧ ਬੱਚੇ ਸਿਰਫ਼ ਅੱਖਰ ਗਿਆਨ ਹੀ ਰੱਖਦੇ ਹਨ ਜਦੋਂਕਿ ਉਨ੍ਹਾਂ ਨੂੰ ਸ਼ਬਦ ਦਾ ਕੋਈ ਗਿਆਨ ਨਹੀਂ ਹੈ। 4.6 ਫ਼ੀਸਦੀ ਬੱਚੇ ਤਾਂ ਅੱਖਰਾਂ ਦੀ ਪਛਾਣ ਵੀ ਨਹੀਂ ਕਰ ਸਕਦੇ। ਦਿਹਾਤੀ ਪੰਜਾਬ ਵਿੱਚ ਸਿੱਖਿਆ ਪੱਧਰ ਦੇ ਹੋਏ ਅਧਿਐਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪੰਜਾਬ ਦੇ ਪੇਂਡੂ ਸਕੂਲਾਂ ਦੇ ਤੀਜੀ ਜਮਾਤ ਦੇ 28 ਫ਼ੀਸਦੀ ਬੱਚੇ ਸਿਰਫ਼ ਪਹਿਲੀ ਜਮਾਤ ਦੀ ਪੁਸਤਕ ਪੜ੍ਹ ਸਕਦੇ ਹਨ। ਭਾਵੇਂ ਪੜ੍ਹਨ ਦੀ ਸਮਰੱਥਾ ਵਿੱਚ 3.4 ਫ਼ੀਸਦੀ ਦਾ ਸੁਧਾਰ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਵਿੱਚ ਲਗਭਗ ਇੱਕ ਫ਼ੀਸਦੀ ਦਾ ਨਿਘਾਰ ਦਰਜ ਕੀਤਾ ਗਿਆ ਹੈ। ਕੁੜੀਆਂ ਦੀ ਪੜ੍ਹਨ ਦੀ ਸਮਰੱਥਾ ਮੁੰਡਿਆਂ ਨਾਲੋਂ ਕਿਤੇ ਬਿਹਤਰ ਦਿਸੀ ਹੈ। 29.5 ਤੋਂ ਉਨ੍ਹਾਂ ਦੀ ਸਥਿਤੀ 31.9 ਤੱਕ ਬਿਹਤਰ ਹੋਈ ਹੈ। ਜਦੋਂਕਿ ਅੱਠਵੀਂ ਜਮਾਤ ਦੇ ਮੁੰਡਿਆਂ ਨੇ ਇਸ ਖੇਤਰ ਵਿੱਚ 2022 ਦੇ ਮੁਕਾਬਲੇ 81.2 ਫ਼ੀਸਦੀ ਤੋਂ 2024 ਵਿੱਚ ਘਟ ਕੇ 71 ਫ਼ੀਸਦੀ ਨਾਲ ਗਿਰਾਵਟ ਦਰਜ ਕਰਵਾਈ ਹੈ।

ਅਜਿਹੀ ਚਿੰਤਾਜਨਕ ਸਥਿਤੀ ਪੈਦਾ ਹੋਣ ਦੇ ਕਾਰਨਾਂ ’ਤੇ ਵੀ ਝਾਤੀ ਮਾਰਨ ਦੀ ਲੋੜ ਹੈ। ਪੰਜਾਬ ਦੇ 1992 ਸਕੂਲਾਂ ਵਿੱਚ ਸਿਰਫ਼ ਇੱਕ ਇੱਕ ਅਧਿਆਪਕ ਪੜ੍ਹਾਈ ਕਰਵਾ ਰਿਹਾ ਹੈ। ਇਨ੍ਹਾਂ ਸਕੂਲਾਂ ਵਿੱਚ 69,532 ਵਿਦਿਆਰਥੀ ਪੜ੍ਹ ਰਹੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ-ਇੱਕ ਅਧਿਆਪਕ ਇਨ੍ਹਾਂ ਵਿਦਿਆਰਥੀਆਂ ਨਾਲ ਕਿਵੇਂ ਨਜਿੱਠਦਾ ਹੋਵੇਗਾ। ਸਕੂਲਾਂ ਵਿੱਚ ਵਿਦਿਆਰਥੀ ਅਧਿਆਪਕ ਦਾ ਅਨੁਪਾਤ ਤਰਕਸੰਗਤ ਨਾ ਹੋਣ ਕਰਕੇ ਵੀ ਸਾਡੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਇੱਕ ਹੋਰ ਰਿਪੋਰਟ ਅਨੁਸਾਰ 81 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ 178 ਅਧਿਆਪਕ ਪੜ੍ਹਾ ਰਹੇ ਹਨ ਜਦੋਂਕਿ ਵਿਦਿਆਰਥੀ ਇੱਕ ਵੀ ਨਹੀਂ ਹੈ। ਜਦੋਂ ਸਕੂਲ ਮੁਖੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ 44 ਫ਼ੀਸਦੀ ਸਕੂਲ, ਸਕੂਲ ਮੁਖੀਆਂ ਤੋਂ ਸੱਖਣੇ ਪਏ ਹਨ। ਇੱਕ ਪ੍ਰਿੰਸੀਪਲ ਨੂੰ ਪੰਜ ਪੰਜ ਸਕੂਲਾਂ ਦਾ ਕਾਰਜ ਭਾਰ ਦਿੱਤਾ ਹੋਇਆ ਹੈ। ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਅਜਿਹੇ ਹਾਲਾਤ ਵਿੱਚ ਸਕੂਲ ਮੁਖੀ ਆਪਣੀ ਜ਼ਿੰਮੇਵਾਰੀ ਨੂੰ ਸਫ਼ਲਤਾ ਨਾਲ ਕਿਵੇਂ ਨਿਭਾ ਸਕਦਾ ਹੈ? ਬਰਨਾਲਾ ਜ਼ਿਲ੍ਹੇ ਦੇ 73 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿਰਫ਼ 13 ਪ੍ਰਿੰਸੀਪਲ ਮੌਜੂਦ ਹਨ। ਅਜਿਹਾ ਹਾਲ ਹੀ ਬਾਕੀ ਜ਼ਿਲ੍ਹਿਆਂ ਦਾ ਹੈ ਜਦੋਂਕਿ ਮੁਹਾਲੀ ਜ਼ਿਲ੍ਹੇ ਦੇ 47 ਸਕੂਲਾਂ ਵਿੱਚੋਂ 38 ਵਿੱਚ ਉੱਚ ਅਧਿਕਾਰੀਆਂ ਦੀਆਂ ਪਤਨੀਆਂ ਪ੍ਰਿੰਸੀਪਲ ਹਨ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਖ਼ੁਦ ਪੰਜਾਬੀ ਵਿੱਚ ਰੁਚੀ ਨਹੀਂ ਹੁੰਦੀ। ਉਹ ਸਿਲੇਬਸ ਤੋਂ ਇਲਾਵਾ ਵਾਧੂ ਕਿਤਾਬਾਂ ਨੂੰ ਕਦੇ ਹੱਥ ਨਹੀਂ ਲਾਉਂਦੇ ਅਤੇ ਨਾ ਹੀ ਆਪਣੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਜਾਣ ਲਈ ਪ੍ਰੇਰਿਤ ਕਰਦੇ ਹਨ। ਜੇਕਰ ਉਹ ਖ਼ੁਦ ਸਾਹਿਤ ਦੇ ਪ੍ਰੇਮੀ ਨਹੀਂ ਹਨ ਤਾਂ ਉਹ ਆਪਣੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਸਰਗਰਮ ਕਿਵੇਂ ਕਰ ਸਕਦੇ ਹਨ।ਉਨ੍ਹਾਂ ਤਾਂ ਇੱਕੋ ਇੱਕ ਟੀਚਾ ਮਿਥਿਆ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਸਿਲੇਬਸ ਪੜ੍ਹਾ ਕੇ ਪਾਸ ਕਰਵਾਇਆ ਜਾਵੇ। ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਪਿਆਰ, ਸਤਿਕਾਰ ਅਤੇ ਮੁਹੱਬਤ ਅਜੇ ਪੈਦਾ ਨਹੀਂ ਹੋਈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਾਸਤੇ ਪੰਜਾਬੀ ਅਧਿਆਪਕਾਂ ਦਾ ਯੋਗਦਾਨ ਸਭ ਤੋਂ ਉੱਤਮ ਹੋ ਸਕਦਾ ਹੈ। ਜੇਕਰ ਉਹ ਇਸ ਦੀ ਅਣਦੇਖੀ ਕਰਦੇ ਹਨ ਤਾਂ ਮਾਤ ਭਾਸ਼ਾ ਦਾ ਅੱਲ੍ਹਾ ਬੇਲੀ ਹੈ।

ਦਿਹਾਤੀ ਇਲਾਕਿਆਂ ਵਿੱਚ ਵਸਦੀਆਂ ਜਵਾਨ ਮਾਵਾਂ ਆਪਣੇ ਬੱਚਿਆਂ ਨਾਲ ਹਿੰਦੀ ਅੰਗਰੇਜ਼ੀ ਵਿੱਚ ਗੱਲ ਕਰਨ ਨੂੰ ਤਰਜੀਹ ਦੇ ਰਹੀਆਂ ਹਨ। ਜਦੋਂ ਵਿਦਿਆਰਥੀ ਸਕੂਲਾਂ ਵਿੱਚੋਂ ਪੜ੍ਹ ਕੇ ਘਰ ਪੁੱਜਦੇ ਹਨ ਤਾਂ ਉਨ੍ਹਾਂ ਨਾਲ ਉਹ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਨ ’ਚ ਹੇਠੀ ਸਮਝਦੀਆਂ ਹਨ। ਸਾਡੇ ਘਰ ਜਾਂ ਖੇਤਾਂ ਵਿੱਚ ਆਇਆ ਪਰਵਾਸੀ ਸਾਨੂੰ ਆਪਣੀ ਭਾਸ਼ਾ ਸਿਖਾ ਦਿੰਦਾ ਹੈ ਜਦੋਂਕਿ ਅਸੀਂ ਘਰ ਦੇ ਪੰਜ ਸੱਤ ਜੀਅ ਉਸ ਇੱਕ ਨੂੰ ਆਪਣੀ ਪੰਜਾਬੀ ਭਾਸ਼ਾ ਸਿਖਾਉਣ ਤੋਂ ਅਸਮਰੱਥ ਹਾਂ। ਇੱਥੋਂ ਇਹ ਸਿੱਧ ਹੋ ਰਿਹਾ ਹੈ ਕਿ ਸਾਡੀ ਮਾਤ ਭਾਸ਼ਾ ਪਿੰਡਾਂ ਵਿੱਚੋਂ ਵੀ ਗਾਇਬ ਹੋ ਰਹੀ ਹੈ। ਇਨ੍ਹਾਂ ਅਹਿਮ ਮਸਲਿਆਂ ਬਾਰੇ ਸਾਡੀਆਂ ਸਰਕਾਰਾਂ ਅਤੇ ਸਾਹਿਤਕਾਰਾਂ ਨੂੰ ਸਿਰ ਜੋੜ ਵਿਚਾਰਨ ਦੀ ਲੋੜ ਹੈ। ਅਸੀਂ ਸਟੇਜਾਂ ’ਤੇ ਖੜ੍ਹ ਕੇ ਫੜਾਂ ਮਾਰਦੇ ਹਾਂ ਜਦੋਂਕਿ ਅਸਲੀਅਤ ਤੋਂ ਕੋਹਾਂ ਦੂਰ ਬੈਠੇ ਹਾਂ। ਅਸੀਂ ਪੰਜਾਬੀ ਇਸ ਗੱਲ ’ਤੇ ਫ਼ਖ਼ਰ ਮਹਿਸੂਸ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਗੁਰਮੁਖੀ ਲਿਪੀ ਵਿੱਚ ਹੋਈ ਹੈ। ਇਸ ਕਰਕੇ ਮਾਤ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ ਜਦੋਂਕਿ ਹਾਲਤ ਇਹ ਹੈ ਕਿ ਦੁਨੀਆ ਵਿੱਚ ਵਸਦੇ 15 ਕਰੋੜ ਪੰਜਾਬੀ ਸਹਿਜੇ ਸਹਿਜੇ ਆਪਣੀ ਮਾਤ ਭਾਸ਼ਾ ਨਾਲੋਂ ਟੁੱਟ ਰਹੇ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਦਾ ਝੋਰਾ ਖਾ ਰਿਹਾ ਹੈ ਜਦੋਂਕਿ ਪੰਜਾਬ ਵਿੱਚ ਵਸਦੇ ਪੰਜਾਬੀ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੇ। ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਖੁੱਲ੍ਹਣਾ ਤਾਂ ਦੂਰ ਦੀ ਗੱਲ ਇੱਥੇ ਤਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਵੀ ਜਾਣ ਦੀ ਕੋਈ ਜ਼ਹਿਮਤ ਨਹੀਂ ਉਠਾਉਂਦਾ।

ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਾਇਬ੍ਰਰੀ ਦੀ ਆਸਾਮੀ ਪ੍ਰਵਾਨਿਤ ਹੋਣ ਦੇ ਬਾਵਜੂਦ 772 ਅਸਾਮੀਆਂ ਖਾਲੀ ਪਈਆਂ ਹਨ। ਟਾਈਮ ਟੇਬਲ ਵਿੱਚ ਲਾਇਬ੍ਰੇਰੀ ਦਾ ਪੀਰੀਅਡ ਨਾ ਹੋਣ ਕਰਕੇ ਇਨ੍ਹਾਂ ਦੀ ਵਰਤੋਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਜਦੋਂਕਿ 16.67 ਕਰੋੜ ਦੀ ਸਾਲਾਨਾ ਗਰਾਂਟ ਪੁਸਤਕਾਂ ਖਰੀਦਣ ਵਾਸਤੇ ਸਕੂਲਾਂ ਨੂੰ ਦਿੱਤੀ ਜਾਂਦੀ ਹੈ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 2023-24 ਦੀ ਜਾਰੀ ਕੀਤੀ ਰਿਪੋਰਟ ਅਨੁਸਾਰ ਗੋਆ ਦੇ 1487 ਸਕੂਲਾਂ ਵਿੱਚ ਪ੍ਰਤੀ ਸਕੂਲ 3364 ਕਿਤਾਬਾਂ ਮੌਜੂਦ ਹਨ। ਪੰਜਾਬ ਵਿੱਚ ਕੁੱਲ 27,404 ਸਕੂਲ ਮੌਜੂਦ ਹਨ ਜਿਨ੍ਹਾਂ ਵਿੱਚੋਂ 19,242 ਸਰਕਾਰੀ ਸਕੂਲ ਹਨ। ਪੰਜਾਬ ਵਿੱਚ ਪ੍ਰਤੀ ਸਕੂਲ ਇਸ ਵੇਲੇ 1654 ਕਿਤਾਬਾਂ ਹਨ। ਪੰਜਾਬ ਦੇ ਸਕੂਲਾਂ ਵਿੱਚ ਇੰਨਾ ਕੁਝ ਮੌਜੂਦ ਹੋਣ ਦੇ ਬਾਵਜੂਦ ਪੰਜਾਬੀ ਨੂੰ ਅਣਗੌਲਿਆਂ ਕਿਉਂ ਕੀਤਾ ਜਾ ਰਿਹਾ ਹੈ? ਇਹ ਗੱਲ ਸਮਝ ਤੋਂ ਬਾਹਰ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਆਪੋ ਆਪਣਾ ਯੋਗਦਾਨ ਪਾਈਏ। ਜੇਕਰ ਸਾਡੀ ਭਾਸ਼ਾ ਨਾ ਰਹੀ ਤਾਂ ਸਾਡੀ ਹੋਂਦ ਵੀ ਕਾਇਮ ਨਹੀਂ ਰਹਿ ਸਕੇਗੀ। ਜਿਸ ਪੰਜਾਬੀ ਕੌਮ ’ਤੇ ਅਸੀਂ ਮਾਣ ਕਰਦੇ ਹਾਂ ਉਹ ਕੌਮ ਪੰਜਾਬੀ ਭਾਸ਼ਾ ਨਾਲ ਹੀ ਹੋਂਦ ਵਿੱਚ ਹੈ। ਲੋੜ ਹੈ ਮਾਤ ਭਾਸ਼ਾ ਨੂੰ ਰੁਜ਼ਗਾਰ, ਵਪਾਰ ਅਤੇ ਨਿਆਂ ਦੀ ਭਾਸ਼ਾ ਬਣਾਉਣ ਦੀ। ਜਦੋਂ ਇਹ ਭਾਸ਼ਾ ਇਨ੍ਹਾਂ ਖੇਤਰਾਂ ਵਿੱਚ ਪ੍ਰਚੱਲਿਤ ਹੋ ਗਈ ਤਾਂ ਹਰ ਪੰਜਾਬੀ ਮਾਣ ਤੇ ਸਤਿਕਾਰ ਨਾਲ ਇਸ ਭਾਸ਼ਾ ਨੂੰ ਪੂਰੀ ਨੀਝ ਨਾਲ ਪੜ੍ਹੇਗਾ ਅਤੇ ਬੋਲਣ ਵਿੱਚ ਵੀ ਮਾਣ ਮਹਿਸੂਸ ਕਰੇਗਾ।

ਸੰਪਰਕ: 98150-18947

Advertisement
×