DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ

ਪ੍ਰੋ. (ਡਾ.) ਸਤਨਾਮ ਸਿੰਘ ਜੱਸਲ ਗੁਰਦਿਆਲ ਦਲਾਲ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ- ‘ਬੁੱਢੇ ਦਰਿਆ ਦੀ ਲਹਿਰ’, ‘ਦਹਿਸ਼ਤਗਰਦ’, ‘ਪਲ ਪਲ ਬਦਲਦਾ ਮੌਸਮ’, ‘ਅੰਨ੍ਹੀ ਗਲ਼ੀ ਦਾ ਮੋੜ’, ‘ਫਿਰੌਤੀ’, ‘ਜਿੱਲਣ’; ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਰਿਵੀ ਤੇ ਲੂਅ’;...
  • fb
  • twitter
  • whatsapp
  • whatsapp
Advertisement

ਪ੍ਰੋ. (ਡਾ.) ਸਤਨਾਮ ਸਿੰਘ ਜੱਸਲ

ਗੁਰਦਿਆਲ ਦਲਾਲ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ- ‘ਬੁੱਢੇ ਦਰਿਆ ਦੀ ਲਹਿਰ’, ‘ਦਹਿਸ਼ਤਗਰਦ’, ‘ਪਲ ਪਲ ਬਦਲਦਾ ਮੌਸਮ’, ‘ਅੰਨ੍ਹੀ ਗਲ਼ੀ ਦਾ ਮੋੜ’, ‘ਫਿਰੌਤੀ’, ‘ਜਿੱਲਣ’; ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਰਿਵੀ ਤੇ ਲੂਅ’; ਇੱਕ ਵਿਅੰਗ ਸੰਗ੍ਰਹਿ ‘ਫਰਿੱਜ ਵਿਕਾਊ ਹੈ’; ਇੱਕ ਸਵੈ-ਜੀਵਨੀ ‘ਛਾਤੀ ਅੰਦਰਲੇ ਥੇਹ’; ਇੱਕ ਨਾਵਲ ‘ਪੈੜਾਂ’; ਪੰਜ ਗ਼ਜ਼ਲ ਸੰਗ੍ਰਹਿ- ‘ਕਿੱਥੇ ਕਿੱਥੇ ਪੀੜ ਅਜੇ’, ‘ਸੁਪਨਿਆਂ ਦੀ ਸੇਜ’, ‘ਮਨ ਮਸਤਕ ਦੀ ਲੀਲ੍ਹਾ’, ‘ਬੁੰਬ’, ‘ਤੈਨੂੰ ਆਖਿਆ ਤਾਂ ਸੀ’, ‘ਸੁੰਨੀ ਅੱਖ ਦਾ ਸੁਪਨਾ’; ਇੱਕ ਯਾਦਾਂ ਦੀ ਪਟਾਰੀ ‘ਨਕਸ਼ ਨੁਹਾਰ’ ਅਤੇ ਇਸ ਦੇ ਨਾਲ ਨਾਲ ਨਾਵਲ ਅਤੇ ਕਹਾਣੀਆਂ ਦੇ ਅਨੁਵਾਦ ਆਦਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤਰ੍ਹਾਂ ਗੁਰਦਿਆਲ ਦਲਾਲ ਨੇ ਸਾਹਿਤ ਦੇ ਵਿਭਿੰਨ ਰੂਪਾਂ ਨੂੰ ਆਪਣੀ ਕਲਮ ਦੇ ਘੇਰੇ ਹੇਠ ਲਿਆ ਹੈ।

Advertisement

ਪੁਸਤਕ ‘ਜਲ ਭਰਮ ਤੋਂ ਵਾਪਸੀ’ (ਪੰਨੇ: 142; ਕੀਮਤ: 250 ਰੁਪਏ; ਗੋਲਡਮਾਈਨ ਪਬਲੀਕੇਸ਼ਨ) ਵਿੱਚ ਸੱਤ ਨਾਟਕ ਹਨ, ਜਿਹੜੇ ਵਿਭਿੰਨ ਸਾਹਿਤਕ ਰਚਨਾਵਾਂ ’ਤੇ ਆਧਾਰਿਤ ਹਨ। ਨਾਟਕ ‘ਜ਼ਹਿਰ’ ਰਮਾ ਕਾਂਤ ਦੀ ਹਿੰਦੀ ਕਹਾਣੀ ’ਤੇ ਆਧਾਰਿਤ ਹੈ। ਇਸ ਨਾਟਕ ਵਿੱਚ ਨਾਟਕਕਾਰ ਨੇ ਕੈਮਿਸਟ ਪਾਤਰ ਰਾਹੀਂ ਇਸ ਕਾਰੋਬਾਰ ਦੀਆਂ ਵਪਾਰਕ ਚਾਲਬਾਜ਼ੀਆਂ ਨੂੰ ਪ੍ਰਗਟਾਇਆ ਹੈ। ਨਾਟਕਕਾਰ ਇਸ ਪਾਤਰ ਰਾਹੀਂ ਇਹ ਦਰਸਾਉਣ ਦਾ ਯਤਨ ਕਰਦਾ ਹੈ ਕਿ ਜਦੋਂ ਇਸ ਵਰਗ ਦੇ ਲੋਕ ਮੁਨਾਫ਼ੇ ਲਈ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਤਾਂ ਉਹ ਮਾਨਵੀ ਕਦਰਾਂ ਕੀਮਤਾਂ ਤੋਂ ਪਾਸੇ ਹੋ ਜਾਂਦੇ ਹਨ। ਇਹ ਪਾਤਰ ‘ਜ਼ਹਿਰ ਵੇਚਣ ਦੇ ਪੈਸੇ ਨਹੀ ਲੈਂਦਾ, ਇਹ ਵਿਹਾਰ ਰਾਹੀਂ ਬੰਦੇ ਦੇ ਅੰਦਰੋਂ ਜ਼ਹਿਰ ਕੱਢਣ ਦੇ ਪੈਸੇ ਲੈਂਦਾ ਹੈ’ ਜਿਹੜਾ ਕਿ ਸਮੇਂ ਦੀਆਂ ਸਥਿਤੀਆਂ ਨੇ ਮਨੁੱਖ ਅੰਦਰ ਭਰ ਦਿੱਤਾ ਹੈ। ‘ਬੁਲਡੋਜ਼ਰ’ ਨਾਟਕ ਨਾਟਕਕਾਰ ਦੀ ਕਹਾਣੀ ‘ਬੁਲਡੋਜ਼ਰ’ ਉੱਤੇ ਆਧਾਰਿਤ ਹੈ ਜਿਸ ਦੇ ਨਾਟਕੀ ਰੂਪਾਂਤਰਣ ਵੇਲੇ ਲੱਖਾ ਲਹਿਰੀ ਨੇ ਸਹਿਯੋਗ ਦਿੱਤਾ ਹੈ। ਇਸ ਵਿੱਚ ਭਰੂਣ ਹੱਤਿਆ ਦੇ ਮਸਲੇ ਨੂੰ ਉਭਾਰਿਆ ਗਿਆ ਹੈ। ਮਾਸਟਰ ਪਾਤਰ ਵਰਗੇ ਲਾਲਚੀ ਲੋਕ ਇਨ੍ਹਾਂ ਕੰਮਾਂ ਵਿੱਚ ਗਲਤਾਨ ਡਾਕਟਰਾਂ ਲਈ ਦਲਾਲੀ ਕਰਦੇ ਹਨ। ਕਾਮਰੇਡ ਵਰਗੇ ਉਸਾਰੂ ਸੋਚ ਦੇ ਮਾਲਕ ਅਜਿਹੀਆਂ ਭਰੂਣ ਹੱਤਿਆਵਾਂ ਨੂੰ ਰੋਕਣ ਵਿੱਚ ਉਸਾਰੂ ਭੂਮਿਕਾ ਨਿਭਾਉਂਦੇ ਹਨ। ਪਾਖਰ ਵਰਗਿਆਂ ਨੂੰ ਵਰਗਲਾਉਣ ਵਾਲਾ ਦਲਾਲ ਟੋਲਾ ਲਾਲਚਵੱਸ ਅਨਰਥ ਹੋਣ ਤੋਂ ਵੀ ਨਹੀਂ ਡਰਦਾ। ਕਾਮਰੇਡ ਮਾੜੀ ਸੋਚ ’ਤੇ ‘ਬੁਲਡੋਜ਼ਰ’ ਫੇਰਨਾ ਚਾਹੁੰਦਾ ਹੈ। ‘ਬਦਲਾ’ ਤਸਲੀਮਾ ਨਸਰੀਨ ਦੇ ਨਾਵਲ ‘ਲੱਜਾ’ ’ਤੇ ਆਧਾਰਿਤ ਹੈ। ਨਾਟਕਕਾਰ ਨੇ ਇਸ ਗੱਲ ਨੂੰ ਕੇਂਦਰ ਵਿੱਚ ਰੱਖਿਆ ਹੈ ਕਿ ਸੱਤਾਧਾਰੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਧੀਨ ਵਧੀਕੀਆਂ ਕਰਦੇ ਹਨ। ਇਹ ਵਧੀਕੀਆਂ ਭਾਵੇਂ ਕਿਸੇ ਵੀ ਭੂਗੋਲਿਕ ਖਿੱਤੇ ’ਚ ਹੋਣ, ਹੱਦਾਂ-ਸਰਹੱਦਾਂ ਪਾਰ ਕਰਕੇ ਦੂਰ ਤਕ ਪਹੁੰਚ ਜਾਂਦੀਆਂ ਹਨ। ਇਨ੍ਹਾਂ ਵਧੀਕੀਆਂ ਤੋਂ ਪਾਸਾ ਵੱਟਣ ਦੀ ਥਾਂ ਸੁਚੇਤ ਹੋ ਕੇ ਇਨ੍ਹਾਂ ਨੂੰ ਡੂੰਘਾਈ ਵਿੱਚ ਸਮਝਣ ਦੀ ਲੋੜ ਹੈ। ‘ਪ੍ਰਤੀਬਿੰਬ ਦੇ ਰੂਬਰੂ’ ਲੇਖਕ ਦੀ ਕਹਾਣੀ ‘ਦਾਨ-ਪੁੰਨ’ ’ਤੇ ਆਧਾਰਿਤ ਹੈ। ਇਸ ਵਿੱਚ ਲੇਖਕ ਨੇ ਸੇਵਾ ਸਿੰਘ ਤੇ ਪ੍ਰਤਿਮਾ ਵਰਗੇ ਮੱਧ-ਵਰਗੀ ਸੁਆਰਥੀ ਲੋਕਾਂ ਦੇ ਉਸ ਮਾੜੇ ਵਿਹਾਰ ਨੂੰ ਬੇਪਰਦ ਕੀਤਾ ਹੈ। ਜਿਸ ਅਧੀਨ ਅਜੋਕੀ ਪੂੰਜੀਵਾਦੀ ਵਿਵਸਥਾ ਦੀਆਂ ਅਣਮਨੁੱਖੀ ਮਾੜੀਆਂ ਅਲਾਮਤਾਂ ਨੇ ਮੋਹ-ਖੋਰੇ ਮਾਨਵੀ ਰਿਸ਼ਤਿਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ‘ਜਾਮਣ ਦਾ ਰੁੱਖ’ ਕ੍ਰਿਸ਼ਨ ਚੰਦਰ ਦੀ ਕਹਾਣੀ ’ਤੇ ਆਧਾਰਿਤ ਹੈ। ਇਹ ਨਾਟਕ ਸਕੱਤਰੇਤ ਅਤੇ ਉਸ ਦੇ ਆਲੇ-ਦੁਆਲੇ ਘੁੰਮਦਾ ਹੈ। ਸਾਹਿਤ ਅਕਾਦਮੀ ਦੇ ਦਫ਼ਤਰ ਵੱਲ ਆਇਆ ਇੱਕ ਸਾਹਿਤਕਾਰ ਭਿਆਨਕ ਤੂਫ਼ਾਨ ਦੌਰਾਨ ਜਾਮਣ ਦੇ ਦਰੱਖ਼ਤ ਥੱਲੇ ਆ ਜਾਂਦਾ ਹੈ। ਜਦੋਂ ਗਰੀਬ ਦਾਸ ਮਾਲੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਸੰਕਟ ’ਚ ਫਸੇ ਮਨੁੱਖ ਦੀ ਸਹਾਇਤਾ ਕੀਤੀ ਜਾਵੇ ਪਰ ਉਸ ਦੇ ਉਪਰਾਲਿਆਂ ਵਿੱਚ ਸਰਕਾਰੀ ਕਾਰਵਾਈਆਂ ਅਤੇ ਹੋਰ ਵੱਖਰੀ ਤਰ੍ਹਾਂ ਦੀਆਂ ਅੜਚਣਾਂ ਆ ਖੜ੍ਹਦੀਆਂ ਹਨ ਅਤੇ ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਂਦਾ। ਅੰਤ ਗਰੀਬ ਦਾਸ ਦੀ ਪਤਨੀ ਅੜਚਣਾਂ ਦੀ ਪਰਵਾਹ ਨਾ ਕਰਦਿਆਂ ਉਸ ਸਾਹਿਤਕਾਰ ਨੂੰ ਯੋਗਾ ਕਰਨ ਆਈਆਂ ਔਰਤਾਂ ਦੀ ਸਹਾਇਤਾ ਨਾਲ ਜਾਮਣ ਦੇ ਦਰੱਖ਼ਤ ਹੇਠੋਂ ਕੱਢਣ ਵਿੱਚ ਸਫ਼ਲ ਹੁੰਦੀ ਹੈ। ‘ਮਮਤਾ ਮਾਰੀ ਜੋਗਣ’ ਆਰ. ਚੂੜਾਮਣੀ ਦੀ ਕਹਾਣੀ ‘ਯੋਗ’ ’ਤੇ ਆਧਾਰਿਤ ਹੈ। ਇਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਰਥਿਕ ਲਾਲਸਾਵਾਂ ਨੇ ਭਾਗੀਰਥੀ ਵਰਗੀ ਮਾਂ, ਜਿਸ ਦੇ ਦੋ ਕਮਾਊ ਪੁੱਤ ਹਨ, ਨੂੰ ਵੱਡੀ ਉਮਰ ਵਿੱਚ ਮਜ਼ਦੂਰੀ ਕਰਨ ਵੱਲ ਧੱਕਿਆ ਹੋਇਆ ਹੈ ਅਤੇ ਭਾਗੀਰਥੀ ਵੀ ਇਸ ਸਥਿਤੀ ’ਤੇ ਉਜਰ ਕਰਨ ਦੀ ਥਾਂ ਇਸ ਨੂੰ ਸਵੀਕਾਰਦੀ ਤੁਰੀ ਜਾਂਦੀ ਹੈ। ਨਾਟਕਕਾਰ ਮਹਿਸੂਸ ਕਰਦਾ ਹੈ ਕਿ ਚੰਦਰ ਕਾਂਤਾ ਵਰਗੀ ਔਰਤ ਦੀ ਲੋੜ ਹੈ ਜਿਹੜੀ ਹਾਲਾਤ ਨੂੰ ਸਮਝਦਿਆਂ ਕਰਮ-ਕਾਂਡਾਂ ਦੀਆਂ ਵਲਗਣਾਂ ਨੂੰ ਕੱਟਦੀ ਹੋਈ ਉਸਾਰੂ ਸੰਦੇਸ਼ ਦਿੰਦੀ ਹੈ। ਨਾਟਕ ‘ਜਲ-ਭਰਮ ਤੋਂ ਵਾਪਸੀ’ ਰਾਮ ਨਾਥ ਦੀ ਬੰਗਾਲੀ ਕਹਾਣੀ ’ਤੇ ਆਧਾਰਿਤ ਹੈ। ਇਸ ਵਿੱਚ ਵੀ ਦਿਖਾਇਆ ਗਿਆ ਹੈ ਕਿ ਰਾਮ ਲਾਲ ਵਰਗੇ ਸਾਧਨ-ਸੰਪੰਨ ਲੋਕ ਪੁੱਤਰ-ਧੀ ਹੁੰਦਿਆਂ ਵੀ ਕਿਵੇਂ ਇਕੱਲਤਾ ਵਿੱਚ ਜ਼ਿੰਦਗੀ ਗੁਜ਼ਾਰਦੇ ਹਨ ਅਤੇ ਆਖ਼ਰ ਉਹ ਮਰਨ ਦੀ ਝੂਠੀ ਤਰੀਕ ਦਾ ਨਾਟਕ ਰਚ ਕੇ ਆਪਣੇ ਬੱਚਿਆਂ ਨੂੰ ਮਿਲਣ ਦੀ ਲਾਲਸਾ ਪੂਰੀ ਕਰਦਾ ਹੈ। ‘ਪੁਨਰ ਜਨਮ’ ਨਾਟਕ ਲੇਖਕ ਦੀ ਕਹਾਣੀ ‘ਪੁਨਰ-ਜਨਮ’ ਦਾ ਨਾਟਕੀ ਰੂਪਾਂਤਰਣ ਹੈ। ਇਹ ਵੀ ਲਾਲ ਸਿੰਘ ਵਰਗੇ ਲੋਕਾਂ ਦੀ ਬਿਰਧ ਅਵਸਥਾ ਦੇ ਦੁਖਾਂਤ ਨੂੰ ਚਿਤਰਦਾ ਹੈ। ਪੁਸਤਕ ‘ਜਲ ਭਰਮ ਤੋਂ ਵਾਪਸੀ’ ਦਾ ਹਰ ਨਾਟਕ ਇੱਕ ਉਸਾਰੂ ਸੋਚ ਆਪਣੇ ਵਿੱਚ ਸਮੋਈ ਬੈਠਾ ਹੈ। ਹਰ ਨਾਟਕ ਬਾਰੇ ਬਹੁਤ ਵਿਸਤਾਰ ਵਿੱਚ ਵਿਚਾਰ ਕੀਤੀ ਜਾ ਸਕਦੀ ਹੈ ਪਰ ਹੱਥਲੇ ਕਾਰਜ ਦੀ ਇੱਕ ਸੀਮਾ ਹੈ। ਅਜਿਹੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕਰਨ ਵਾਲੀਆਂ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਸਿਰਜਣਾਵਾਂ ਸਮੇਂ ਦੀ ਲੋੜ ਵੀ ਹਨ।

ਸੰਪਰਕ: 94172-25942

Advertisement
×