ਅੰਗਰੇਜ਼ੀ ਧਾਰਨਾਵਾਂ ਦੀ ਪੰਜਾਬੀ ’ਚ ਪੇਸ਼ਕਾਰੀ
ਫਲਸਫ਼ਾ ਮਨੁੱਖੀ ਗਿਆਨ ਨੂੰ ਪ੍ਰਚੰਡ ਕਰਨ ਦਾ ਸਾਧਨ ਹੈ। ਦੁਨੀਆ ਭਰ ਦੇ ਵਿਦਵਾਨਾਂ ਤੇ ਗਿਆਨਵਾਨਾਂ ਨੇ ਸਮਕਾਲ ਤੇ ਅਤੀਤ ਨੂੰ ਘੋਖ ਕੇ ਧਰਮ, ਇਤਿਹਾਸ, ਸਾਹਿਤ, ਸੱਭਿਆਚਾਰ ਤੇ ਭਾਸ਼ਾ ਬਾਰੇ ਸਿਧਾਂਤਕ ਤੇ ਵਿਹਾਰਕ ਚੌਖਟੇ ਤਿਆਰ ਕੀਤੇ। ਗਿਆਨ ਸਾਹਿਤ ਰਾਹੀਂ ਅਸੀਂ ਅਤੀਤ ਬਾਰੇ ਸਮਝ ਨੂੰ ਵਿਸ਼ਾਲ ਕਰਦੇ ਅਤੇ ਵਰਤਮਾਨ ਨੂੰ ਸਮਝਣ ਤੇ ਭਵਿੱਖ ਲਈ ਰਣਨੀਤੀ ਤਿਆਰ ਕਰਨ ਲਈ ਯਤਨਸ਼ੀਲ ਹੁੰਦੇ ਹਾਂ।
ਮਨਮੋਹਨ ਪੰਜਾਬੀ ਦਾ ਪ੍ਰਮੁੱਖ ਕਵੀ, ਨਾਵਲਕਾਰ ਤੇ ਚਿੰਤਨੀ ਸੋਚ ਵਾਲਾ ਲੇਖਕ ਹੈ। ਉਸ ਨੇ ਦੁਨੀਆ ਭਰ ਦੇ ਚਿੰਤਕਾਂ ਦੀਆਂ ਧਾਰਨਾਵਾਂ ਨੂੰ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਹੱਥਲੀ ਕਿਤਾਬ ‘ਵਾਮਕੀ’ (ਕੀਮਤ: 350 ਰੁਪਏ; ਪੰਨੇ: 262; ਪੀਪਲਜ਼ ਫੋਰਮ, ਬਰਗਾੜੀ) ਵਿੱਚ ਵੀ ਉਸ ਨੇ ਵੱਖ-ਵੱਖ ਸਮਿਆਂ ’ਤੇ ਲਿਖੇ ਤੇ ਛਪੇ ਲੇਖਾਂ ਨੂੰ ਸਾਂਭਿਆ ਹੈ।
ਕਾਰਲ ਮਾਰਕਸ ਤੇ ਲੈਨਿਨ ਤੋਂ ਲੈ ਕੇ ਮਾਓ ਜ਼ੇ ਤੁੰਗ, ਅੰਤੋਨੀਓ ਗ੍ਰਾਮਸ਼ੀ, ਥਿਓਡਾਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਫਰੈਡਰਿਕ ਜੇਮਸਨ, ਫ੍ਰੈਂਕਫਰਟ ਸਕੂਲ ਤੇ ਭਗਤ ਸਿੰਘ ਚਿੰਤਕ ਵਜੋਂ ਲੇਖ ਸ਼ਾਮਲ ਹਨ। ਇਹ ਸਾਰੇ ਉਹ ਚਿੰਤਕ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਵੱਖਰੀ ਦ੍ਰਿਸ਼ਟੀ ਤੇ ਇਨਕਲਾਬੀ ਸੋਚ ਦਿੱਤੀ। ਮਿਸਾਲ ਵਜੋਂ, ਮਾਰਕਸ ਦੀ ਗੱਲ ਕਰਦਿਆਂ ਲੇਖਕ ਲਿਖਦਾ ਹੈ:
‘ਮਾਰਕਸ ਮਨੁੱਖੀ ਮੁਕਤੀ ਲਈ ਦੇਵਤਿਆਂ, ਧਰਮ, ਪਰਮਾਤਮਾ ਆਦਿ ਅਮੂਰਤ ਧਾਰਨਾਵਾਂ ਦਾ ਵਿਨਾਸ਼ ਜ਼ਰੂਰੀ ਮੰਨਦਾ ਹੈ। ਧਰਮ, ਉਹਦੇ ਅਨੁਸਾਰ ਦਮਿਤ ਪ੍ਰਾਣੀ ਦਾ ਚਿੰਨ੍ਹ ਹੈ, ਹਿਰਦੇਹੀਣ ਸੰਸਾਰ ਦਾ ਹਿਰਦਾ ਹੈ ਤੇ ਪ੍ਰਾਣ ਆਤਮਾ ਰਹਿਤ ਪ੍ਰਸਥਿਤੀਆਂ ਦੀ ਪ੍ਰਾਣ ਆਤਮਾ। ਧਰਮ ਜਨਤਾ ਦਾ ਮਿੱਥਕ ਸੁਖ ਹੈ। ਅਖੀਰ ਇਸ ਨੂੰ ਖ਼ਤਮ ਕਰਨ ਦਾ ਅਰਥ ਜਨਤਾ ਲਈ ਅਸਲ ਸੁਖ ਦੀ ਮੰਗ ਰੱਖਣਾ ਹੈ। ਧਰਮ ਜਨਤਾ ਦੀ ਅਫ਼ੀਮ ਹੈ ਕਿਉਂਕਿ ਇਹ ਉਸ ਨੂੰ ਮਿੱਥ ਚੇਤਨਾ ਦਾ ਸ਼ਿਕਾਰ ਬਣਾਉਂਦਾ ਹੈ।’
ਲੈਨਿਨ ਨੂੰ ਰੂਸੀ ਇਨਕਲਾਬ ਦਾ ਮੋਢੀ ਮੰਨਿਆ ਜਾਂਦਾ ਹੈ। ਉਸ ਬਾਰੇ ਸਮਝ ਵਿਕਸਤ ਕਰਦਾ ਹੋਇਆ ਲੇਖਕ ਰੂਸ ਵਿੱਚ ਆਏ ਇਨਕਲਾਬ ਦੇ ਪੂਰਵ ਢਾਂਚਿਆਂ ਦੀ ਗੱਲ ਕਰਦਾ ਲਿਖਦਾ ਹੈ:
‘ਜੇ ਰੂਸ ਵਿੱਚ ਅਰਥ ਵਿਵਸਥਾ ਪੂੰਜੀਵਾਦੀ ਹੋ ਗਈ ਸੀ, ਓਥੇ ਲੈਨਿਨ ਅਨੁਸਾਰ ਪੂੰਜੀਵਾਦ ਦਾ ਵਿਕਾਸ ਪੂਰਾ ਨਹੀਂ ਸੀ ਹੋ ਸਕਿਆ। ਰੂਸ ਦੇ ਪ੍ਰੋਲੇਤਾਰੀ ਲਈ ਏਸੇ ਕਾਰਨ ਔਖ ਪੈਦਾ ਹੋ ਰਹੀ ਸੀ ਕਿ ਓਥੇ ਪੂੰਜੀਵਾਦ ਵਿਕਸਤ ਨਹੀਂ ਸੀ। ਪੂੰਜੀਵਾਦ ਦਾ ਵਿਆਪਕ, ਨਿਰਬੰਧ ਤੇ ਤੇਜ਼ ਵਿਕਾਸ ਪ੍ਰੋਲੇਤਾਰੀ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਸੀ ਕਿਉਂਕਿ ਬੁਰਜੂਆ ਇਨਕਲਾਬ ਜਿੰਨਾ ਸੰਪੂਰਨ, ਸਸ਼ਕਤ ਤੇ ਸੰਗਤ ਹੋਏਗਾ, ਬੁਰਜੂਆ ਤੱਤਾਂ ਵਿਰੁੱਧ ਤੇ ਸਮਾਜਵਾਦ ਦੀ ਖਾਤਰ ਪ੍ਰੋਲੇਤਾਰੀ ਦਾ ਸੰਗਰਾਮ ਵੀ ਓਨਾ ਹੀ ਸ਼ਕਤੀਸ਼ਾਲੀ ਹੋਵੇਗਾ।’
ਇਤਾਲਵੀ ਚਿੰਤਕ ਗ੍ਰਾਮਸ਼ੀ ਦਾ ਬਹੁਤਾ ਸਮਾਂ ਜੇਲ੍ਹਾਂ ਵਿੱਚ ਬੀਤਿਆ। ਉਸ ਨੇ ਵਰਤਮਾਨ ਰਾਜਨੀਤੀ ਤੇ ਵਿਸ਼ਵ ਸਰੋਕਾਰਾਂ ਨੂੰ ਬੜਾ ਪ੍ਰਭਾਵਿਤ ਕੀਤਾ। ਕੌਮੀਅਤ ਦੀ ਧਾਰਨਾ ਨੂੰ ਪਰਿਭਾਸ਼ਿਤ ਕਰਦਾ, ਉਹਦੇ ਬਾਰੇ ਲੇਖਕ ਲਿਖਦਾ ਹੈ:
‘ਗ੍ਰਾਮਸ਼ੀ ਕੌਮੀਅਤ ਦੀ ਧਾਰਨਾ ਨੂੰ ਵੀ ਜ਼ਰੂਰੀ ਮੰਨਦਾ ਹੈ। ਉਹ ਸਮਾਜ ਵਿੱਚ ਕਾਮਾ ਤੇ ਪੂੰਜੀਪਤੀ ਜਮਾਤਾਂ ਤੋਂ ਇਲਾਵਾ ਵੀ ਕੁਝ ਸਮੂਹਾਂ ਦੀ ਹੋਂਦ ਸਵੀਕਾਰ ਕਰਦਾ ਹੈ। ਉਹ ਕਾਮਾ ਜਮਾਤਾਂ ਨੂੰ ਕੌਮੀਅਤ ਦਾ ਅੰਗ ਮੰਨਦਾ ਹੈ। ਕੌਮੀਅਤ ਉਹ ਕੜੀ ਹੈ, ਜੋ ਜਮਾਤਾਂ ਨੂੰ ਰਾਜ ਨਾਲ ਜੋੜਦੀ ਹੈ। ਪੂੰਜੀਵਾਦ ਦੇ ਵਿਕਸਿਤ ਹੋ ਜਾਣ ਨਾਲ ਸਮਾਜ ਵਿੱਚ ਵਿਦਮਾਨ ਸਮੂਹਾਂ ਦਾ ਖ਼ਾਤਮਾ ਨਹੀਂ ਹੋ ਜਾਂਦਾ। ਅਜਿਹੇ ਸਮੂਹ ਵੀ ਹੁੰਦੇ ਹਨ ਜੋ ਨਾ ਤਾਂ ਪੂੰਜੀਵਾਦੀ ਬੁਰਜੂਆ ਹਨ, ਨਾ ਹੀ ਕਾਮੇ। ਸਮਾਜਿਕ ਸਮੂਹ ਬੌਧਿਕ ਤੇ ਨੈਤਿਕ ਭੂਮਿਕਾ ਰਾਹੀਂ ਆਪਣੀ ਸਰਬ-ਉੱਚਤਾ ਬਣਾਈ ਰੱਖਦੇ ਹਨ। ਸੰਯੁਕਤ ਸਮੂਹਾਂ ਉੱਪਰ ਬੌਧਿਕ ਤੇ ਨੈਤਿਕ ਅਗਵਾਈ ਹੀ ਦਾਬਾ (hegemony) ਹੈ।’
ਵਾਲਟਰ ਬੈਂਜਾਮਿਨ ਬੜੇ ਵਿਸਫੋਟਕ ਸਮਿਆਂ ਵਿੱਚ ਆਪਣੇ ਚਿੰਤਨ ਦਾ ਆਗਾਜ਼ ਕਰਦਾ ਹੈ। ਉਹ ਵੀਹਵੀਂ ਸਦੀ ਦੇ ਸਭ ਤੋਂ ਵਿਆਕੁਲ, ਬੇਚੈਨ ਤੇ ਅਸ਼ਾਂਤ ਦੌਰ ਵਿੱਚ ਪ੍ਰਵਾਨ ਚੜ੍ਹਿਆ। ਹਿਟਲਰ ਦੇ ਨਾਜ਼ੀਵਾਦ ਦੇ ਉਦੇ ਤੇ ਵਾਲਟਰ ਦਾ ਯਹੂਦੀ ਹੋਣਾ ਦੋਵੇਂ ਟਕਰਾਅ ਦੀ ਸਥਿਤੀ ਵਿੱਚ ਸਨ। ਉਸ ਦੀ ਲੇਖਣੀ ਵਿੱਚ ਮੋਨੋਗ੍ਰਾਫ਼, ਲੇਖ, ਰੀਵਿਊ, ਦਾਰਸ਼ਨਿਕ ਤੇ ਇਤਿਹਾਸਕਾਰੀ ਦੇ ਲੇਖ, ਸਵੈਜੀਵਨੀ ਮੂਲਕ ਰੇਖ ਚਿੱਤਰ, ਰੇਡੀਓ ਸਕ੍ਰਿਪਟਾਂ, ਖ਼ਤ, ਦਸਤਾਵੇਜ਼, ਛੋਟੀਆਂ ਕਹਾਣੀਆਂ, ਮੁਕਾਲਮੇ, ਡਾਇਲਾਗ ਤੇ ਡਾਇਰੀਆਂ ਸ਼ਾਮਲ ਹਨ। ਉਸ ਦੀ ਲੇਖਣੀ ਦੀ ਵਿਵਾਦੀ ਸੁਰ ਬਾਰੇ ਲੇਖਕ ਲਿਖਦਾ ਹੈ:
‘ਬੈਂਜਾਮਿਨ ਦੀਆਂ ਲਿਖਤਾਂ ਦੀ ਬੁੱਧੀਮਾਨੀ ਚਮਕ ਦਮਕ ਦੇ ਬਾਵਜੂਦ ਇੱਕ ਮਨੁੱਖ ਵਜੋਂ ਉਸ ਦੀ ਸ਼ਖ਼ਸੀਅਤ ਸਦਾ ਸਮਝ ਤੋਂ ਬਾਹਰ ਹੀ ਰਹੀ। ਉਹਦੀਆਂ ਕਿਤਾਬਾਂ ਸਰਬਾਂਗੀ ਰੂਪ ਵਿੱਚ ਸਵੀਕਾਰੀਆਂ ਗਈਆਂ ਪਰ ਉਹਦੀ ਆਪਣੀ ਸੋਚ ਸਮਝ ਬੜੀ ਵਿਵਾਦਤ ਰੂਪ ਵਿੱਚ ਚਰਚਿਤ ਕਹੀ ਜਾ ਸਕਦੀ ਹੈ। ਉਹਦੀ ਇਹ ਪ੍ਰਵਿਰਤੀ ਤੇ ਸਮੁੱਚੇ ਰੂਪ ਵਿੱਚ ਉਹਦੀਆਂ ਲਿਖਤਾਂ ਪਾਠਕ ਦੇ ਮਨ ਵਿੱਚ ਬਹੁ-ਕੇਂਦਰੀਅਤਾ ਦਾ ਪ੍ਰਭਾਵ ਛੱਡ ਜਾਂਦੀਆਂ ਹਨ ਪਰ ਉਹਦਾ ਅਸਮਝਿਆ ਰਹਿ ਜਾਣਾ ਉਸ ਗਿਰਦ ਸਵੈ -ਚੇਤਨਤਾ ਦੇ ਅਮਲ ਦੀ ਸਾਧਭਾਵੀ ਸਪੇਸ ਦਾ ਨਿਰਮਾਣ ਕਰ ਦਿੰਦਾ ਹੈ।’
ਅਮਰੀਕੀ ਸਾਹਿਤ ਆਲੋਚਕ, ਵਿਸ਼ਲੇਸ਼ਕ, ਦਾਰਸ਼ਨਿਕ ਤੇ ਮਾਰਕਸਵਾਦੀ ਸਿਧਾਂਤਕਾਰ ਵਜੋਂ ਫਰੈਡਰਿਕ ਜੇਮਸਨ ਦਾ ਨਾਂ ਉੱਘਾ ਹੈ। ਸ਼ੁਰੂਆਤੀ ਦੌਰ ਵਿੱਚ ਉਸ ਨੇ ਕਵਿਤਾ, ਇਤਿਹਾਸ ਤੇ ਦਰਸ਼ਨ ਨੂੰ ਅਧਿਐਨ ਵਜੋਂ ਚੁਣਿਆ। ਬਾਅਦ ਵਿੱਚ ਉਸ ਦਾ ਝੁਕਾਅ ਮਾਰਕਸਵਾਦ ਵੱਲ ਹੋ ਗਿਆ। ਉਸ ਨੇ ਅਨੇਕਾਂ ਦਾਰਸ਼ਨਿਕ ਹਸਤੀਆਂ ਦੀਆਂ ਲਿਖਤਾਂ ਨੂੰ ਘੋਖਿਆ, ਉਨ੍ਹਾਂ ਬਾਰੇ ਆਲੋਚਨਾਤਮਕ ਦ੍ਰਿਸ਼ਟੀ ਤੇ ਸਮਝ ਬਣਾਈ। ਉਤਰ-ਆਧੁਨਿਕਵਾਦ ਬਾਰੇ ਉਸ ਦੀਆਂ ਧਾਰਨਾਵਾਂ ਦਾ ਲੇਖਾ-ਜੋਖਾ ਕਰਦਾ ਲੇਖਕ ਲਿਖਦਾ ਹੈ:
‘ਜੇਮਸਨ ਉਤਰ-ਆਧੁਨਿਕਵਾਦ ਨੂੰ ਇਤਿਹਾਸਕਤਾ ਦੇ ਧਰਾਤਲ ’ਤੇ ਦੇਖਦਿਆਂ ਉਹਦਾ ਵਿਸ਼ਲੇਸ਼ਣ ਕਰਦਾ ਹੈ। ਇਸ ਲਈ ਉਹ ਉਤਰ-ਆਧੁਨਿਕਤਾ ਨੂੰ ਸਭਿਆਚਾਰਕ ਵਰਤਾਰੇ ਵਜੋਂ ਦੇਖਣ ਦੇ ਨੈਤਿਕ ਵਿਰੋਧ ਨੂੰ ਬਾਹਰੀ ਤੌਰ ’ਤੇ ਤੱਜਦਾ ਹੈ ਤੇ ਲਗਾਤਾਰ ਹੀਗਲੀਅਨ ਅੰਤਰੀਵੀ ਕਰੀਟੀਕ ਨੂੰ ਕਰਨ ’ਤੇ ਬਲ ਦਿੰਦਾ ਹੈ ਜੋ ਕਿ ਨਵ-ਪੂੰਜੀਵਾਦ ਨੂੰ ਦਵੰਦਾਤਮਕ ਰੂਪ ਵਿੱਚ ਦੇਖਦਿਆਂ ਹਰ ਤਰ੍ਹਾਂ ਦੀ ਪ੍ਰਗਤੀ ਦੇ ਢੋਹੇ ਜਾਣ ਵਜੋਂ ਲੈਂਦਾ ਹੈ।’
ਸਮੁੱਚੇ ਰੂਪ ਵਿੱਚ ਇਹ ਕਿਤਾਬ ਵਿਸ਼ਵ ਚਿੰਤਨ ਦੇ ਸਰੋਕਾਰਾਂ ਨਾਲ ਜੁੜੀ ਹੋਈ ਹੈ। ਭਾਵੇਂ ਲੇਖਕ ਨੇ ਅੰਗਰੇਜ਼ੀ ਵਿੱਚੋਂ ਇਸ ਨੂੰ ਕਸ਼ੀਦ ਕਰਕੇ ਪੰਜਾਬੀ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਫਿਰ ਵੀ ਆਮ ਪਾਠਕ ਲਈ ਇਹ ਔਖੀ ਹੈ ਕਿਉਂਕਿ ਬਹੁਤ ਸਾਰੇ ਸੰਕਲਪ ਅੰਗਰੇਜ਼ੀ ਵਿੱਚੋਂ ਅਨੁਵਾਦ ਹੋਏ ਹਨ, ਉਨ੍ਹਾਂ ਨੂੰ ਸਮਝੇ ਬਿਨਾਂ ਇਸ ਨੂੰ ਸਮਝਣਾ ਔਖਾ ਹੈ। ਇਸ ਦੇ ਬਾਵਜੂਦ ਇਹ ਯਤਨ ਸ਼ਲਾਘਾਯੋਗ ਹੈ ਕਿਉਂਕਿ ਪੰਜਾਬੀ ਵਿੱਚ ਇਨ੍ਹਾਂ ਚਿੰਤਕਾਂ ਦੀ ਗੱਲ ਹੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੀਆਂ ਧਾਰਨਾਵਾਂ ਨੂੰ ਸਮਝਣਾ ਤੇ ਫਿਰ ਆਪਣੀ ਆਲੋਚਨਾਤਮਕ ਸ਼ੈਲੀ ਵਿੱਚ ਪੇਸ਼ ਕਰਨਾ ਕਠਿਨ ਕਾਰਜ ਹੈ। ਮਨਮੋਹਨ ਇਸ ਦਾ ਅਭਿਆਸੀ ਹੈ ਤੇ ਇਹੀ ਉਹਦੀ ਵਡਿਆਈ ਹੈ।
ਸੰਪਰਕ: 94173-58120