ਵਿਚਾਰਾ ਰਮੇਸ਼ ਉਰਫ਼ ਮੱਧਵਰਗੀ ਮਨੁੱਖ...
ਮੌਜੂਦਾ ਸਮਾਜਿਕ ਢਾਂਚੇ ਵਿੱਚ ਮਨੁੱਖਤਾ ਦੇ ਮੁੱਖ ਤੌਰ ਉੱਤੇ ਤਿੰਨ ਵਰਗ ਹਨ। ਅਮੀਰ, ਗ਼ਰੀਬ ਤੇ ਅਮੀਰੀ-ਗ਼ਰੀਬੀ ਦੀ ਚੱਕੀ ਦੇ ਪੁੜਾਂ ਗੱਭੇ ਫਸਿਆ ਮੱਧ ਵਰਗ। ਅਮੂਮਨ ਅਮੀਰ ਨੂੰ ਪਤਾ ਹੁੰਦਾ ਹੈ ਕਿ ਉਹ ਦੌਲਤਮੰਦ ਹੈ। ਗ਼ਰੀਬ ਨੂੰ ਪਤਾ ਹੁੰਦਾ ਹੈ ਕਿ...
ਮੌਜੂਦਾ ਸਮਾਜਿਕ ਢਾਂਚੇ ਵਿੱਚ ਮਨੁੱਖਤਾ ਦੇ ਮੁੱਖ ਤੌਰ ਉੱਤੇ ਤਿੰਨ ਵਰਗ ਹਨ। ਅਮੀਰ, ਗ਼ਰੀਬ ਤੇ ਅਮੀਰੀ-ਗ਼ਰੀਬੀ ਦੀ ਚੱਕੀ ਦੇ ਪੁੜਾਂ ਗੱਭੇ ਫਸਿਆ ਮੱਧ ਵਰਗ। ਅਮੂਮਨ ਅਮੀਰ ਨੂੰ ਪਤਾ ਹੁੰਦਾ ਹੈ ਕਿ ਉਹ ਦੌਲਤਮੰਦ ਹੈ। ਗ਼ਰੀਬ ਨੂੰ ਪਤਾ ਹੁੰਦਾ ਹੈ ਕਿ ਉਹ ਗ਼ਰੀਬ ਹੈ। ਬਸ ਮੱਧਵਰਗ ਦੇ ਮਨੁੱਖ ਨੂੰ ਤਮਾਮ ਉਮਰ ਸਮਝ ਨਹੀਂ ਆਉਂਦੀ ਕਿ ਉਹ ਗ਼ਰੀਬ ਹੈ ਜਾਂ ਫਿਰ ਅਮੀਰ? ਕਈ ਵਾਰ ਉਹ ਆਪਣੇ ਆਪ ਨੂੰ ਸਮਾਜ ਵਿੱਚ ਅਮੀਰ ਦਰਸਾਉਣ ਜਾਂ ਮਹਿਸੂਸ ਕਰਨ ਦੇ ਚੱਕਰਾਂ ਵਿੱਚ ਆਪਣੀ ਛਿੱਲ ਖ਼ੁਦ ਹੀ ਲੁਹਾਉਂਦਾ ਰਹਿੰਦਾ ਹੈ। ਜਦੋਂ ਉਸ ਦੀ ਆਰਥਿਕ ਛਿੱਲ ਉੱਤਰ ਰਹੀ ਜਾਂ ਉਤਾਰੀ ਜਾ ਰਹੀ ਹੁੰਦੀ ਹੈ, ਜਿਸ ਦਾ ਉਸਨੂੰ ਅਹਿਸਾਸ ਨਹੀਂ ਹੁੰਦਾ ਤਾਂ ਉਹ ਆਪਣੇ ਆਪ ਵਿੱਚ ਫੁੱਲਿਆ ਨਹੀਂ ਸਮਾਉਂਦਾ। ਅੱਜ ਅਸੀਂ ਮੱਧਵਰਗੀ ਮਨੁੱਖ ਦੀ ਸਿਰਫ਼ ਉਸਦੀ ਬਣਾਉਟੀਪਣ ਪ੍ਰਤੀ ਖਿੱਚ ਦੀ ਗੱਲ ਕਰਾਂਗੇ। ਅੱਜ ਦਾ ਮੱਧਵਰਗੀ ਮਨੁੱਖ ਅਸਲੀਅਤ ਨਾਲੋਂ ਟੁੱਟ ਕੇ ਬਣਾਉਟੀਪਣ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ। ਇਸ ਪਿੱਛੇ ਹੱਥ ਹੈ ਆਧੁਨਿਕ ਮਾਰਕੀਟਿੰਗ ਭਾਵ ਇਸ਼ਤਿਹਾਰਬਾਜ਼ੀ ਦਾ। ਪਿੱਛੇ ਜਿਹੇ ਇੱਕ ਦੋਸਤ ਨੇ ਮੈਨੂੰ ਸੋਸ਼ਲ ਮੀਡੀਆ ਰਾਹੀਂ ਇਸ ਵਰਤਾਰੇ ਨਾਲ ਸਬੰਧਿਤ ਇੱਕ ਸੁਨੇਹਾ ਸਾਂਝਾ ਕੀਤਾ। ਉਸ ਦਾ ਮੂਲ਼ ਭਾਵ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਮੱਧਵਰਗੀ ਰਮੇਸ਼ ਆਪਣੇ ਇੱਕ ਵਾਕਿਫ਼ ਕੈਮਿਸਟ ਦੀ ਦੁਕਾਨ ਉੱਪਰ ਗਿਆ। ਉਸਦੇ ਸਿਰ ’ਚ ਦਰਦ ਸੀ। ਦੁਕਾਨ ’ਤੇ ਨੌਕਰ ਬੈਠਾ ਹੋਇਆ ਸੀ। ਨੌਕਰ ਨੇ ਉਸ ਨੂੰ ਦਵਾਈਆਂ ਦਾ ਪੱਤਾ ਦੇ ਦਿੱਤਾ। ਪੈਸੇ ਦਿੰਦਿਆਂ ਰਮੇਸ਼ ਨੇ ਨੌਕਰ ਨੂੰ ਪੁੱਛਿਆ, “ਮਾਲਿਕ ਕਿੱਥੇ ਹੈ?”
“ਉਨ੍ਹਾਂ ਦੇ ਸਿਰ ’ਚ ਪੀੜ ਹੋ ਰਹੀ ਸੀ... ਉਹ ਘਰ ਗਏ ਨੇ ਤੇ ਕਹਿ ਰਹੇ ਸੀ ਉਹ ਕੌਫ਼ੀ ਪੀ ਕੇ ਕੁਝ ਘੜੀਆਂ ਆਰਾਮ ਕਰਕੇ ਆਉਣਗੇ...।” ਨੌਕਰ ਨੇ ਜੁਆਬ ਦਿੱਤਾ।
ਰਮੇਸ਼ ਆਪਣੇ ਹੱਥਾਂ ‘ਚ ਦਵਾਈ ਦਾ ਪੱਤਾ ਨਿਹਾਰਦਾ ਰਿਹਾ ਤੇ ਨਾਲ ਹੀ ਦਵਾਈ ਵਾਸਤੇ ਖਰਚ ਕੀਤੇ ਪੈਸਿਆਂ ਬਾਰੇ ਸੋਚਦਾ ਰਿਹਾ।
ਇੱਕ ਦਿਨ ਸਵੇਰੇ ਸਵੇਰੇ ਰਮੇਸ਼ ਦੀ ਮਾਤਾ ਜੀ ਨੂੰ ਪੁਰਾਣੀ ਸ਼ੂਗਰ ਤੇ ਬਲੱਡ ਪਰੈਸ਼ਰ ਨੇ ਬਹੁਤ ਸਤਾਇਆ। ਉਹ ਮਾਤਾ ਜੀ ਨੂੰ ਆਪਣੇ ਪੁਰਾਣੇ ਪਰਿਵਾਰਕ ਡਾਕਟਰ ਕੋਲ ਲੈ ਗਿਆ। ਉਸ ਵੇਲੇ ਡਾਕਟਰ ਸਾਹਿਬ ਯੋਗਾ ਦੇ ਨਾਲ ਨਾਲ ਵਰਜ਼ਿਸ਼ ਕਰ ਰਹੇ ਸਨ। ਰਮੇਸ਼ ਨੇ ਕੋਈ ਵਿਘਨ ਪਾਉਣਾ ਠੀਕ ਨਹੀਂ ਸਮਝਿਆ।
ਪੰਜਤਾਲੀ ਕੁ ਮਿੰਟਾਂ ਬਾਅਦ ਡਾਕਟਰ ਸਾਹਿਬ ਆਏ। ਮਾਤਾ ਨੂੰ ਚੈੱਕ ਕੀਤਾ ਤੇ ਕਿਹਾ, “ਦਵਾਈਆਂ ਥੋੜ੍ਹੀਆਂ ਵਧਾਣੀਆਂ ਪੈਣਗੀਆਂ... ਚੈੱਕਅੱਪ ਵੀ ਹਫ਼ਤੇ ਵਿੱਚ ਦੋ ਵਾਰ ਕਰਵਾਉਣਾ ਪਵੇਗਾ...।’’
ਡਾਕਟਰ ਨੇ ਦਵਾਈਆਂ ਵਾਸਤੇ ਪਰਚੀ ਬਣਾ ਦਿੱਤੀ ਤੇ ਉਸ ਕੈਮਿਸਟ ਦਾ ਨਾਮ ਵੀ ਦੱਸ ਦਿੱਤਾ ਜਿੱਥੇ ਉਸ ਦੇ ਕਹਿਣ ਉੱਪਰ ਦਸ ਫ਼ੀਸਦੀ ਰਿਆਇਤ ਮਿਲਣੀ ਸੀ। ਡਾਕਟਰ ਹੋਰਾਂ ਤੋਂ ਅੱਠ ਸੌ ਰੁਪਏ ਲੈਂਦਾ ਸੀ ਪਰ ਰਮੇਸ਼ ਤੋਂ ਉਸ ਨੇ ਛੇ ਸੌ ਰੁਪਏ ਲਏ।
ਰਮੇਸ਼ ਨੇ ਡਾਕਟਰ ਸਾਹਿਬ ਤੋਂ ਪੁੱਛਿਆ, “ਡਾਕਟਰ ਸਾਹਿਬ, ਤੁਸੀਂ ਰੋਜ਼ ਸਵੇਰੇ ਕਸਰਤ ਤੇ ਯੋਗਾ ਕਰਦੇ ਹੋ...?”
“ਪੰਦਰਾਂ ਵਰ੍ਹਿਆਂ ਤੋਂ ਰੋਜ਼ ਪੰਜਤਾਲੀ ਤੇ ਪੰਜਾਹ ਮਿੰਟ ਯੋਗਾ ਤੇ ਕਸਰਤ ਕਰਦਾ ਹਾਂ... ਇਸ ਨਾਲ ਸ਼ੂਗਰ ਤੇ ਬਲੱਡ ਪਰੈਸ਼ਰ ਨੇੜੇ ਨਹੀਂ ਆਉਂਦੇ...।’’
ਡਾਕਟਰ ਨੇ ਜੁਆਬ ਦਿੱਤਾ। ਰਮੇਸ਼ ਹੱਥ ਵਿੱਚ ਫੜੀ ਛੇ ਸੌ ਰੁਪਏ ਵਾਲੀ ਪਰਚੀ ਦੇਖ ਰਿਹਾ ਸੀ, ਜਿਸ ’ਚ ਬਾਰਾਂ ਸੌ ਰੁਪਏ ਦੀਆਂ ਦਵਾਈਆਂ ਵੀ ਲਿਖੀਆਂ ਸਨ।
ਇੱਕ ਵਾਰ ਰਮੇਸ਼ ਦੀ ਪਤਨੀ ਪਿੰਕੀ ਦੇ ਵਾਲ਼ ਖਰਾਬ ਹੋ ਗਏ। ਪਤਨੀ ਦੇ ਜ਼ੋਰ ਦੇਣ ਉੱਪਰ ਉਹ ਉਸ ਨੂੰ ਲੈ ਕੇ ਬਿਊਟੀ ਪਾਰਲਰ ਚਲਾ ਗਿਆ।
ਉੱਥੇ ਬੈਠੀ ਟੈਕਨੀਸ਼ੀਅਨ ਨੇ ਵਾਲ਼ ਠੀਕ ਕਰਨ ਵਾਸਤੇ ਕਈ ਸਾਰੇ ਪੈਕੇਜ ਦੱਸੇ। ਤੇਰਾਂ ਸੌ ਤੋਂ ਲੈ ਕੇ ਤੇਤੀ ਸੌ ਤੱਕ ਦੇ। ਕੁਦਰਤੀ ਗੱਲ ਸੀ ਕਿ ਪਿੰਕੀ ਨੂੰ ਮਹਿੰਗਾ ਪੈਕੇਜ ਹੀ ਪਸੰਦ ਆਉਣਾ ਸੀ।
ਟੈਕਨੀਸ਼ੀਅਨ ਦੇ ਆਪਣੇ ਵਾਲ਼ਾਂ ’ਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ।
ਰਮੇਸ਼ ਤੋਂ ਰਿਹਾ ਨਾ ਗਿਆ। ਉਸ ਨੇ ਪੁੱਛ ਹੀ ਲਿਆ, “ਮੈਡਮ, ਤੁਹਾਡੇ ਵਾਲ਼ ਵੀ ਬਹੁਤ ਸੋਹਣੇ ਨੇ... ਤੁਸੀਂ ਕਿਹੜਾ ਪੈਕੇਜ ਵਰਤਦੇ ਹੋ...।’’
“ਮੈਂ ਆਪਣੇ ਵਾਲ਼ਾਂ ਲਈ ਘਰੇਲੂ ਨੁਸਖੇ ਵਰਤਦੀ ਹਾਂ... ਤੇਲ ’ਚ ਮੇਥੀ ਤੇ ਕਪੂਰ ਮਿਲਾ ਕੇ ਗਰਮ ਕਰ ਕੇ ਵਾਲ਼ਾਂ ਨੂੰ ਲਗਾਉਂਦੀ ਹਾਂ... ਇਸ ਨਾਲ ਵਾਲ਼ ਨਰਮ ਤੇ ਮੁਲਾਇਮ ਰਹਿੰਦੇ ਨੇ ਤੇ ਜਲਦੀ ਜਲਦੀ ਵਧਦੇ ਵੀ ਨੇ...।”
ਰਮੇਸ਼ ਪੈਕੇਜ ਦੇ ਵੇਰਵੇ ਨੂੰ ਮਚਕੋੜਦਿਆਂ ਆਪਣੀ ਪਤਨੀ ਵੱਲ ਝਾਕਿਆ ਪਰ ਪਤਨੀ ਨੇ ਨਜ਼ਰਾਂ ਦੂਸਰੇ ਪਾਸੇ ਘੁਮਾ ਲਈਆਂ।
ਇੱਕ ਵਾਰ ਰਮੇਸ਼ ਆਪਣੇ ਇੱਕ ਅਮੀਰ ਦੋਸਤ ਦੇ ਫਾਰਮ ਹਾਊਸ ’ਚ ਗਿਆ। ਉਸ ਨੇ ਡੇਢ ਦੋ ਸੌ ਦੇ ਕਰੀਬ ਵਿਦੇਸ਼ੀ ਗਾਵਾਂ ਰੱਖੀਆਂ ਹੋਈਆਂ ਸਨ। ਉਹ ਉਨ੍ਹਾਂ ਦਾ ਦੁੱਧ ਪ੍ਰੋਸੈੱਸ ਕਰ ਕੇ ਨਾਮੀ ਬ੍ਰਾਂਡ ਨੂੰ ਵੇਚਦਾ ਸੀ। ਉੱਥੇ ਹੀ ਇੱਕ ਨੁੱਕਰ ’ਚ ਦੋ ਦੇਸੀ ਗਾਵਾਂ ਵੀ ਬੱਝੀਆਂ ਹੋਈਆਂ ਸਨ। ਰਮੇਸ਼ ਦੇ ਪੁੱਛਣ ਉੱਪਰ ਦੋਸਤ ਨੇ ਦੱਸਿਆ, “ਅਸੀਂ ਆਪਣੇ ਘਰ ਵਿੱਚ ਵਲੈਤੀ ਗਾਵਾਂ ਦਾ ਨਹੀਂ ਸਗੋਂ ਇਨ੍ਹਾਂ ਦੇਸੀ ਗਾਵਾਂ ਦਾ ਦੁੱਧ ਵਰਤਦੇ ਹਾਂ...।’’
ਰਮੇਸ਼ ਮੱਧਵਰਗੀ ਲੋਕਾਂ ਦੇ ਬ੍ਰਾਂਡੇਡ ਦੁੱਧ ਪਿੱਛੇ ਪਾਗਲਪਣ ਬਾਰੇ ਸੋਚ ਰਿਹਾ ਸੀ।
ਇੱਕ ਦਿਨ ਰਮੇਸ਼ ਦਾ ਪੂਰਾ ਪਰਿਵਾਰ ਪਿਕਨਿਕ ਮਨਾਉਣ ਗਿਆ। ਅਖੀਰ ਉਹ ਨਾਮੀ ਰੈਸਤਰਾਂ ’ਚ ਗਏ ਜਿੱਥੋਂ ਦਾ ਭੋਜਨ ਕਾਫ਼ੀ ਲਜ਼ੀਜ਼ ਅਤੇ ਸ਼ੁੱਧ ਮੰਨਿਆ ਜਾਂਦਾ ਸੀ। ਉਹ ਭੋਜਨ ਖਾ ਕੇ ਬਿੱਲ ਦੇਣ ਕਾਊਂਟਰ ’ਤੇ ਪਹੁੰਚੇ।
ਮੈਨੇਜਰ ਨੇ ਆਦਤਨ ਸ਼ਾਂਤ ਸੁਭਾਅ ਨਾਲ਼ ਪੁੱਛਿਆ, “ਤੁਹਾਨੂੰ ਭੋਜਨ ਕਿੱਦਾਂ ਦਾ ਲੱਗਿਆ...?”
ਰਮੇਸ਼ ਤੇ ਬਾਕੀ ਜੀਆਂ ਨੇ ਵੀ ਸੰਤੁਸ਼ਟ ਹੋ ਕੇ ਖਾਣੇ ਦੀ ਤਾਰੀਫ਼ ਕੀਤੀ।
“ਸ਼੍ਰੀਮਾਨ ਜੀ, ਸਾਡੇ ਭੋਜਨ ਵਿੱਚ ਕੇਵਲ ਤੇ ਕੇਵਲ ਦੇਸੀ ਸ਼ੁੱਧ ਘਿਓ, ਸਰ੍ਹੋਂ ਦਾ ਤੇਲ਼ ਤੇ ਘਰੇਲੂ ਤਾਜ਼ੇ ਪੀਸੇ ਮਸਾਲੇ ਹੀ ਪ੍ਰਯੋਗ ਹੁੰਦੇ ਹਨ... ਅਸੀਂ ਇਸ ਗੱਲ ਦਾ ਵੀ ਧਿਆਨ ਰੱਖਦੇ ਹਾਂ ਕਿ ਗ੍ਰਾਹਕਾਂ ਨੂੰ ਖਾਣੇ ਦਾ ਸਵਾਦ ਘਰ ਦੇ ਖਾਣੇ ਵਰਗਾ ਹੀ ਆਵੇ...।’’ ਰਮੇਸ਼ ਨੂੰ ਏ.ਟੀ.ਐੱਮ. ਕਾਰਡ ਵਾਪਸ ਕਰਦਿਆਂ ਮੈਨੇਜਰ ਨੇ ਸਿਰ ਝੁਕਾਉਂਦਿਆਂ ਕਿਹਾ।
ਰਮੇਸ਼ ਦਾ ਧਿਆਨ ਉੱਥੇ ਤਿੰਨ ਡੱਬੇ ਵਾਲੇ ਟਿਫ਼ਨ ਉੱਪਰ ਪਿਆ। ਅਚਾਨਕ ਮੈਨੇਜਰ ਨੇ ਇੱਕ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, “ਸਾਹਿਬ ਦਾ ਟਿਫ਼ਨ ਉਨ੍ਹਾਂ ਦੇ ਦਫ਼ਤਰ ਵਿੱਚ ਰੱਖ ਕੇ ਆ... ਉਹ ਬਾਅਦ ਵਿੱਚ ਖਾਣਗੇ...।”
“ਤੁਹਾਡੇ ਸਾਹਿਬ ਆਪਣੇ ਰੈਸਤਰਾਂ ਦਾ ਖਾਣਾ ਨਹੀਂ ਖਾਂਦੇ...?”
ਰਮੇਸ਼ ਨੇ ਐਵੇਂ ਹੀ ਪੁੱਛਿਆ।
“ਨਹੀਂ ਸ੍ਰੀਮਾਨ ਜੀ... ਸਾਹਿਬ ਕਦੇ ਬਾਹਰ ਦਾ ਖਾਣਾ ਨਹੀਂ ਖਾਂਦੇ, ਘਰ ਦਾ ਖਾਣਾ ਹੀ ਖਾਂਦੇ ਨੇ...।” ਮੈਨੇਜਰ ਨੇ ਮਾਸੂਮੀਅਤ ਭਰੇ ਲਹਿਜੇ ਵਿੱਚ ਜੁਆਬ ਦਿੱਤਾ।
ਵਿਚਾਰਾ ਰਮੇਸ਼ ਆਪਣੇ ਹੱਥ ਵਿੱਚ ਹੁਣੇ ਹੁਣੇ ਖਾਧੇ ਸ਼ੁੱਧ ਖਾਣੇ ਦਾ ਇਕੱਤੀ ਸੌ ਤੇਰਾਂ ਰੁਪਏ ਦਾ ਬਿੱਲ ਦੇਖ ਕੇ ਹੈਰਾਨ ਸੀ।
ਇਸ ਸਾਰੇ ਵਰਤਾਰੇ ਤੋਂ ਇਹੋ ਸਮਝ ਆਉਂਦਾ ਹੈ ਕਿ ਜਿਸ ਨੂੰ ਅਸੀਂ ਮੱਧਵਰਗੀ ਲੋਕ ਆਪਣੀ ਅਮੀਰੀ ਸਮਝਦੇ ਹਾਂ ਅਸਲ ਵਿੱਚ ਉਹ ਸਾਡੀ ਵੱਡੀ ਬੇਵਕੂਫ਼ੀ ਹੈ। ਅਸੀਂ ਤਾਂ ਤੁਰਦੇ ਫਿਰਦੇ ਉਹ ਏ.ਟੀ.ਐੱਮ. ਕਾਰਡਧਾਰੀ ਮੂਰਖ ਲੋਕ ਹਾਂ ਜਿਨ੍ਹਾਂ ਤੋਂ ਕੁਸ਼ਲ ਤੇ ਜਾਅਲੀ ਮਾਰਕੀਟਿੰਗ ਕਰਨ ਵਾਲੇ ਮਨਚਾਹਿਆ ਪੈਸਾ ਵਸੂਲਦੇ ਰਹਿੰਦੇ ਨੇ ਤੇ ਅਸੀਂ ਖ਼ੁਸ਼ੀ ਨਾਲ ਖ਼ੁਦ ਹੀ ਮੂਰਖ ਬਣਦੇ ਰਹਿੰਦੇ ਹਾਂ। ਕਿਉਂ ਮੈਂ ਕੋਈ ਝੂਠ ਬੋਲਿਐ?
ਸੰਪਰਕ: 94171-73700

