ਸ਼ਾਇਰਾਂ ਦੇ ਮਨ ਦੀ ਮੌਜ
ਇੱਕ ਸ਼ਾਇਰ, ਮਿਰਜ਼ਾ ਗ਼ਾਲਿਬ ਦਾ ਬੜਾ ਕਦਰਦਾਨ ਸੀ। ਉਹ ਉਨ੍ਹਾਂ ਮੁਸ਼ਾਇਰਿਆਂ ਵਿੱਚ ਵੀ ਸ਼ਾਮਲ ਨਹੀਂ ਸੀ ਹੁੰਦਾ, ਜਿੱਥੇ ਗ਼ਾਲਿਬ ਦਾ ਜ਼ਿਕਰ ਨਾ ਹੋਵੇ। ਇੱਕ ਵਾਰੀ ਕੁਝ ਸ਼ਾਇਰ ਦੋਸਤ ਉਸ ਦੇ ਘਰ ਆਏ। ਰਸਮੀਂ ਦੁਆ-ਸਲਾਮ ਤੋਂ ਬਾਅਦ ਦੋਸਤਾਂ ਨੇ ਉਨ੍ਹਾਂ ਨੂੰ ਗ਼ਾਲਿਬ ਦਾ ਕੋਈ ਸ਼ੇਅਰ ਸੁਣਾਉਣ ਦੀ ਫ਼ਰਮਾਇਸ਼ ਕੀਤੀ। ਪਹਿਲਾਂ ਤਾਂ ਉਨ੍ਹਾਂ ਨਾਂਹ-ਨੁੱਕਰ ਕੀਤੀ, ਫਿਰ ਕਹਿਣ ਲੱਗੇ, ‘‘ਨਹੀਂ ਮੰਨਦੇ, ਤਾਂ ਸੁਣੋ:
ਸਿਰਹਾਨੇ ‘ਮੀਰ’ ਕੇ ਆਹਿਸਤਾ ਬੋਲੋ,
ਅਭੀ ਤਕ ਰੋਤੇ ਰੋਤੇ ਸੋ ਗਇਆ ਹੈ।’’
ਸ਼ਾਇਰ ਹੈਰਾਨ ਹੋਏ ਤੇ ਕਹਿਣ ਲੱਗੇ, ‘‘ਵਾਹ ਜਨਾਬ, ਇਹ ਸ਼ੇਅਰ ਤਾਂ ‘ਮੀਰ’ ਦਾ ਹੈ। ਸ਼ੇਅਰ ਵਿੱਚ ਤਖ਼ਲੱਸ ਤੱਕ ਮੌਜੂਦ ਹੈ। ਤੁਸੀਂ ਇਸ ਨੂੰ ਗ਼ਾਲਿਬ ਦਾ ਫ਼ਰਮਾ ਰਹੇ ਹੋ।’’
‘‘ਓ ਬਈ ਕਮਾਲ ਕਰਦੇ ਓ ਤੁਸੀਂ ਵੀ। ਮੀਰ ਸਾਹਬ ਜਦ ਰੋਂਦੇ ਰੋਂਦੇ ਸੌਂ ਹੀ ਗਏ ਤਾਂ ਸ਼ਿਅਰ ਕੀ ਕਹਿੰਦੇ। ਲਿਖਣ ਵਾਲੇ ਤਾਂ ਗ਼ਾਲਿਬ ਹੀ ਸਨ।’’ ਉਨ੍ਹਾਂ ਠੋਕਵਾਂ ਜਵਾਬ ਦਿੱਤਾ।
* * *
ਜਨਾਬ ਫ਼ਿਰਾਕ ਗੋਰਖਪੁਰੀ ਦੇ ਸਨਮਾਨ ’ਚ ਵਿਗਿਆਨ ਭਵਨ ਵਿਖੇ ਸ਼ਾਨਦਾਰ ਸਮਾਗਮ ਹੋਣ ਵਾਲਾ ਸੀ। ਇਸ ਆਯੋਜਨ ਦੇ ਪ੍ਰਬੰਧਕ ਸ੍ਰੀ ਗੋਪਾਲ ਰੈੱਡੀ ਸਨ। ਸ੍ਰੀਮਤੀ ਇੰਦਰਾ ਗਾਂਧੀ ਸਮਾਗਮ ਦੀ ਪ੍ਰਧਾਨਗੀ ਲਈ ਆਉਣ ਵਾਲੇ ਸਨ। ਸ੍ਰੀ ਗੋਪਾਲ ਰੈੱਡੀ ਨੇ ਫ਼ਿਰਾਕ ਸਾਹਿਬ ਦੇ ਕੰਨ ’ਚ ਕਿਹਾ, ‘‘ਇਨਾਮ ਦੀ ਰਾਸ਼ੀ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਭੇਂਟ ਕਰ ਦੇਣਾ, ਲੋਕ ਭਲਾਈ ਦੇ ਕੰਮਾਂ ਲਈ।’’ ਫ਼ਿਰਾਕ ਸਾਹਿਬ ਸੁਣ ਕੇ ਮੁਸਕੁਰਾਏ, ਬੋਲੇ ਕੁਝ ਨਹੀਂ। ਰੈੱਡੀ ਸਾਹਿਬ ਨੂੰ ਉਮੀਦ ਸੀ ਕਿ ਫ਼ਿਰਾਕ ਸਾਹਿਬ ਅਜਿਹਾ ਕੁਝ ਜ਼ਰੂਰ ਕਰਨਗੇ। ਫ਼ਿਰਾਕ ਸਾਹਿਬ ਭਾਸ਼ਣ ਦੇਣ ਲਈ ਖੜ੍ਹੇ ਹੋਏ। ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਧੀਆ ਤੇ ਦਿਲਚਸਪ ਗੱਲਾਂ ਇਸ ਤਰ੍ਹਾਂ ਸਾਂਝੀਆਂ ਕੀਤੀਆਂ ਕਿ ਸਰੋਤੇ ਲਗਾਤਾਰ ਤਾੜੀਆਂ ਵਜਾਉਂਦੇ ਰਹੇ। ਆਖ਼ਰ ’ਚ ਕਹਿਣ ਲੱਗੇ, ‘‘ਮੈਂ ਇੱਕ ਕਿੱਸਾ ਸੁਣਾਉਣਾ ਚਾਹੁੰਦਾ ਹਾਂ। ਇੱਕ ਤਹਿਸੀਲਦਾਰ ਸਾਹਬ ਸਨ। ਉਨ੍ਹਾਂ ਨੇ ਇੱਕ ਸੰਸਥਾ ਖੋਲ੍ਹੀ ‘ਵਿਧਵਾ ਭਲਾਈ ਫੰਡ’। ਉਨ੍ਹਾਂ ਦੇ ਦਫ਼ਤਰ ’ਚ ਸਾਰਾ ਦਿਨ ਲੋਕ ਆਉਂਦੇ-ਜਾਂਦੇ ਰਹਿੰਦੇ। ਉਹ ਹਰ ਮਿਲਣ ਆਉਣ ਵਾਲੇ ਤੋਂ ਚੰਦਾ ਲੈਂਦੇ। ਕੁਝ ਮਹੀਨਿਆਂ ’ਚ ਹੀ ਕਾਫ਼ੀ ਰੁਪਿਆ ਇਕੱਠਾ ਹੋ ਗਿਆ। ਫਿਰ ਦਫ਼ਤਰ ਦੇ ਹੀ ਕੁਝ ਲੋਕ ਕਹਿਣ ਲੱਗੇ, ‘ਤਹਿਸੀਲਦਾਰ ਸਾਹਬ, ਹੁਣ ਇਹ ਫੰਡ ਲੋੜਵੰਦਾਂ ਲਈ ਇਸਤੇਮਾਲ ਵੀ ਕਰੋ।’ ਤਹਿਸੀਲਦਾਰ ਕਹਿਣ ਲੱਗਾ, ‘ਇਸਤੇਮਾਲ ਤੇ ਹੋਵੇਗਾ ਹੀ ਤੇ ਜ਼ਰੂਰ ਹੋਵੇਗਾ। ਹੁਣ ਮੈਂ ਰਿਟਾਇਰ ਹੋਣ ਵਾਲਾ ਹਾਂ। ਮੇਰੀ ਉਮਰ ਢਲਾਣ ’ਤੇ ਹੈ, ਮੈਂ ਕਿਹੜਾ ਸਦਾ ਬੈਠਾ ਰਹਾਂਗਾ। ਪਿੱਛੋਂ ਮੇਰੀ ਵਿਧਵਾ ਦਾ ਕੀ ਬਣੇਗਾ’।’’
ਇਹ ਕਹਿ ਕੇ ਫ਼ਿਰਾਕ ਸਾਹਿਬ ਰੈੱਡੀ ਸਾਹਿਬ ਵੱਲ ਦੇਖ ਕੇ ਮੁਸਕਰਾਏ। ਪਤਾ ਨਹੀਂ ਇਹ ਭੇਤ ਕੋਈ ਸਮਝਿਆ ਕਿ ਨਹੀਂ। ਰੈੱਡੀ ਸਾਹਬ ਜ਼ਰੂਰ ਸਮਝ ਗਏ।
* * *
ਮਿਰਜ਼ਾ ਗ਼ਾਲਿਬ ਦਾ ਸ਼ਰਾਬ ਬਿਨਾਂ ਝੱਟ ਨਹੀਂ ਸੀ ਲੰਘਦਾ। ਪੈਸਾ ਜੇਬ ’ਚ ਹੁੰਦਾ ਨਹੀਂ ਸੀ। ਹਮੇਸ਼ਾ ਫਾਕਾਮਸਤੀ ਦੇ ਆਲਮ ’ਚ ਰਹੇ। ਜਦੋਂ ਸ਼ਰਾਬ ਲਈ ਕਿਧਰੋਂ ਕੋਈ ਜੁਗਾੜ ਨਾ ਹੁੰਦਾ ਤਾਂ ਉਹ ਨਿਰਾਸ਼ ਹੋ ਕੇ ਮਸਜਿਦ ਜਾ ਬੈਠਦੇ। ਅਜਿਹਾ ਅਕਸਰ ਹੁੰਦਾ। ਇੱਕ ਦਿਨ ਇਸੇ ਤਰ੍ਹਾਂ ਉਹ ਮਸਜਿਦ ’ਚ ਬੈਠੇ ਹੋਏ ਸਨ ਤਾਂ ਸਾਹਮਣੇ ਹੀ ਉਨ੍ਹਾਂ ਦੇ ਘਰ ਦੋ ਰਈਸਜ਼ਾਦੇ ਆਏ। ਉਨ੍ਹਾਂ ਨੇ ਗ਼ਾਲਿਬ ਦੀ ਪਤਨੀ ਨੂੰ ਪੁੱਛਿਆ ਕਿ ਗ਼ਾਲਿਬ ਸਾਹਿਬ ਕਿੱਥੇ ਹਨ ਤਾਂ ਉਸ ਨੇ ਮਸਜਿਦ ਵੱਲ ਇਸ਼ਾਰਾ ਕੀਤਾ। ਉਹ ਨੌਜਵਾਨ ਸ਼ਾਇਦ ਕਿਸੇ ਮੁਸ਼ਾਇਰੇ ਦੀ ਦਾਅਵਤ ਦੇਣ ਆਏ ਸਨ। ਉਹ ਦੋਵੇਂ ਮਸਜਿਦ ਦੇ ਸਾਹਮਣੇ ਗਏ ਅਤੇ ਦੂਰੋਂ ਹੀ ਮਿਰਜ਼ਾ ਨੂੰ ਬੋਤਲ ਦਿਖਾਈ। ਗ਼ਾਲਿਬ ਖਿੜ ਗਏ। ਉਹ ਉੱਠੇ, ਮੁਸੱਲਾ ਝਾੜਿਆ ਤੇ ਖ਼ੁਦਾ ਨੂੰ ਕਹਿਣ ਲੱਗੇ, ‘‘ਮੇਰੀ ਦੁਆ ਤਾਂ ਤੁਸੀਂ ਕਬੂਲ ਕਰ ਲਈ। ਹੁਣ ਇਬਾਦਤ ਕਰਕੇ ਕੀ ਕਰਾਂਗਾ?’’
ਸੰਪਰਕ: 97818-79362