ਕਾਵਿ ਕਿਆਰੀ
ਜੰਗ ਸਮੇਂ ਅੱਜ ਹਾਂ...
ਸ਼ਾਮ ਸਿੰਘ
ਜੰਗ ਸਮੇਂ ਅੱਜ ਹਾਂ ਤਾਂ ਫੇਰ ਕੱਲ੍ਹ ਨਹੀਂ।
ਜੰਗ ਕਿਸੇ ਮਸਲੇ ਦਾ ਕੋਈ ਹੱਲ ਨਹੀਂ।
ਵੈਰ ਨਹੀਂ ਉਨ੍ਹਾਂ ਵਿੱਚ ਹੱਦ ਤੇ ਲੜਦੇ ਜੋ
ਲੜਾਉਣੇ ਵਾਲਿਆਂ ਤੋਂ ਬਚਦਾ ਕੋਈ ਝੱਲ ਨਹੀਂ।
ਦੇਸ਼ ਕਰਨ ਜੇ ਕੇਵਲ ਨਕਲੀ ਜੰਗਬੰਦੀ,
ਏਦਾਂ ਜੰਗ ਨੂੰ ਪੈਣੀ ਪੱਕੀ ਠੱਲ੍ਹ ਨਹੀਂ।
ਹਰ ਕਿਸੇ ਦੇ ਮਨ ਵਿੱਚ ਡਰ ਹੈ ਆ ਬੈਠਾ,
ਧਰਮ ਵੀ ਸਹਿਮ ਜਾਂਦੇ ਵੱਜਦੇ ਟੱਲ ਨਹੀਂ।
ਕਰਨ ਪਰਮਾਣੂ ਬੰਬਾਂ ਦਾ ਦਾਅਵੇ ਸਾਰੇ,
ਕਿਹੜਾ ਹੈ ਉਹ ਦੇਸ਼ ਜਿਸ ਕੋਲ ਇਹ ਵੱਲ ਨਹੀਂ।
ਕਿਹੜੀ ਹੈ ਉਹ ਗੱਲ ਜੋ ਬੈਠ ਕੇ ਨਾ ਨਿਪਟੇ
ਕੋਈ ਨਾ ਉਹ ਦੇਸ਼ ਜਿਸ ਨੂੰ ਇਹ ਵੱਲ ਨਹੀਂ।
ਗੱਲਬਾਤ ਨਾਲ ਮਸਲੇ ਜੇ ਸੁਲਝਾਏ ਨਾ
ਧਰਤੀ ਉੱਤੇ ਰਹਿਣੇ ਖੁਸ਼ਨੁਮਾ ਪੱਲ ਨਹੀਂ।
ਹਾਕਮ ਕਿਉਂ ਨਹੀਂ ਸਮਝਦੇ ਆਖ਼ਰੀ ਗੱਲ ਏਹੀ
ਜੰਗ ਸਮੇਂ ਜੋ ਅੱਜ ਨੇ ਰਹਿਣਗੇ ਕੱਲ੍ਹ ਨਹੀਂ।
ਖ਼ੁਦ ਹੀ ਬਚੋ ਬਚਾਉ ਹਾਕਮੋ ਸੱਚ ਮੰਨੀਏਂ,
ਪੂਰੀ ਜ਼ਿਮੀਂ ’ਤੇ ਕਿਸੇ ਦਾ ਰਹਿਣ ਅਟੱਲ ਨਹੀਂ।
ਹਾਸੇ ਖ਼ੁਸ਼ੀਆਂ ਵੈਣ ਬਣਨ ਜਦ ਜੰਗਾਂ ਲੱਗਣ,
ਦੁਨੀਆ ਭਰ ਵਿੱਚ ਹੁੰਦੀਆਂ ਜੰਗਾਂ ਬੰਦ ਕਰੋ।
ਲੁੱਟਿਆ ਪੁੱਟਿਆ ਜਾਂਦਾ ਜਿਗਰਾ ਧਰਤੀ ਦਾ।
ਵਸਦੀ ਰਸਦੀ ਦੁਨੀਆ ਨੂੰ ਕਿਉਂ ਤੰਗ ਕਰੋ।
ਅੱਗ ਦੇ ਅੰਦਰ ਸਾੜ ਨਾ ਦੇਵੋ ਸਭ ਰਿਸ਼ਤੇ,
ਜ਼ਾਲਮਾਂ ਸਾਹਵੇਂ ਕਿਉਂ ਤਾਜ ਤੇ ਵੰਗ ਧਰੋ।
ਅਮਨ ਚੈਨ ਜ਼ਿਮੀਂ ਤੇ ਲੱਗਦੇ ਸਵਰਗ ਜਹੇ।
ਜੀਵਨ ਦੀਆਂ ਨੀਂਦਰਾਂ ਕਿਉਂ ਨਿੱਤ ਭੰਗ ਕਰੋ।
ਭਿਆਨਕ ਮਲਬੇ ਦੂਰ ਦੂਰ ਤਕ ਜਾ ਫੈਲਣ।
ਇਮਾਰਤਾਂ ਕੀਮਤੀ ਜਾਨਾਂ ’ਤੇ ਕਿਉਂ ਬੰਬ ਧਰੋ।
ਜੰਗਾਂ ਕਰਨ ਵਾਲੇ ਦੇਸੋ ਸੁਣੋਂ ਜ਼ਰਾ ਸਾਡੀ ਵੀ।
ਫੁੱਲਾਂ ਜਹੇ ਜਗ ਨੂੰ ਜਾਈਏ ਕਿਉਂ ਸੂਲਾਂ ਸੰਗ ਪਰੋ।
ਸੰਧੂਰ ਤੇ ਸਿਹਰੇ ਦੇ ਦਿਨ ਆਵਣ ਚਾਵਾਂ ਨਾਲ
ਕਿਉਂ ਸਜੀਆਂ ਸੁਹਾਗਣਾਂ ਦਾ ਅੰਗ ਸੰਗ ਕਰੋ
ਆਜ਼ਾਦ ਫ਼ਿਜ਼ਾ ਵਿੱਚ ਜੀਵੇ ਜਾਂਦੇ ਜੀਵਨ ਦਾ
ਹਾਕਮਾਂ ਦੇ ਕਹੇ ਕਿਉਂ ਕਾਫ਼ੀਆ ਤੰਗ ਕਰੋ।
ਮਹਿਕ ਪਰੁੱਤੇ ਬਾਗ਼ ਬਗ਼ੀਚੇ ਰਹਿਣ ਖਿੜੇ
ਛਿੜਕ ਬਰੂਦੀ ਜ਼ਹਿਰ ਕਿਉਂ ਅਪੰਗ ਕਰੋ।
ਸਭਿਅਤਾ ਨੇ ਤਾਂ ਮਾਫ਼ ਕਦੇ ਵੀ ਨਹੀਂ ਕਰਨਾ
ਆਉਣ ਵਾਲੀਆਂ ਨਸਲਾਂ ਤੋਂ ਕੁਝ ਸੰਗ ਕਰੋ
ਦੁਨੀਆ ਭਰ ਦੇ ਲੋਕੋ ਹੁਣ ਤਾਂ ਏਹ ਮੰਗ ਕਰੋ
ਅੱਗ ਵਰ੍ਹਾਉਂਦੀਆਂ ਜੰਗਾਂ ਹਰ ਥਾਂ ਬੰਦ ਕਰੋ।
ਤਿਤਲੀ ਤੇ ਕਿਕਲੀ
ਕੁਲਦੀਪ ਸਿੰਘ ਦੀਪ (ਡਾ.)
ਕੱਲ੍ਹ / ਜਦ ਸੂਰਜ ਦੀ ਪਹਿਲੀ ਰਿਸ਼ਮ
ਰੰਗਾਂ ਦੀ ਰਾਸਲੀਲਾ ਕਰਦੀ ਨਿਕਲੀ ਸੀ
ਤਾਂ ਉਸ ਵਕਤ/ ਉੱਥੇ ਇੱਕ ਤਿਤਲੀ ਸੀ
ਤਿਤਲੀ ਦੇ ਕੋਲ ਕਿਕਲੀ ਸੀ/ ਇੱਕ ਝੂਲਾ ਸੀ/ ਝੂਲੇ ਵਿੱਚ ਇੱਕ ਲਾਲ ਸੀ
ਜਿਸ ਦਾ ਰੰਗ ਗੁਲਾਲ ਸੀ
ਇੱਕ ਮਾਂ ਸੀ/ ਇੱਕ ਲੋਰੀ ਸੀ
ਤਿਤਲੀ ਉਡਦੀ ਸੀ/ ਬੱਚਾ ਹਸਦਾ ਸੀ
ਫੁੱਲ ਖਿੜਦੇ ਸਨ/ ਵਿਹੜਾ ਮਹਿਕਦਾ ਸੀ...
....
ਹੁਣ ਉਹ ਤਿਤਲੀ ਮੌਨ ਹੈ/ ਫੁੱਲ ਖ਼ਾਮੋਸ਼ ਨੇ/ ਝੂਲਾ ਖਾਲੀ ਹੈ
ਕੱਲ੍ਹ ਜਦ ਕਿਤੇ/ ਹੂਟਰ ਵੱਜਿਆ ਹੋਏਗਾ
ਕੋਈ ਨੰਨ੍ਹਾ ਜਿਹਾ ਪਰਛਾਵਾਂ/ ਡਰ ਕੇ ਮਾਂ ਵੱਲ ਭੱਜਿਆ ਹੋਵੇਗਾ
ਮਾਂ ਨੇ/ ਤਿਤਲੀ ਤੇ ਲਾਲ ਨੂੰ/ ਹਿੱਕ ਨਾਲ ਲਾਇਆ ਹੋਵੇਗਾ
ਉਦੋਂ ਹੀ ਕਿਸੇ ਨੇ/ ਬੰਬਾਂ ਦਾ ਮੀਂਹ ਵਰ੍ਹਾਇਆ ਹੋਵੇਗਾ
... ... ...
ਖੌਰੇ ਕੀ ਕੀ ਹੋਇਆ ਹੋਵੇਗਾ
ਕਿ ਸਭ ਖ਼ਾਮੋਸ਼ ਨੇ
ਫੁੱਲ/ ਹਾਸੇ/ ਤੇ ਮਾਂ ਦੀ ਛਾਤੀ ਨਾਲ
ਚਿਪਕੇ ਤਿਤਲੀ ਤੇ ਲਾਲ
....
ਹੁਣ ਉੱਥੇ ਮਾਤਮੀ ਧੁੱਪ ਹੈ
ਖੰਡਰ ਹੈ/ ਦਹਿਸ਼ਤ ਹੈ/ ਚੁੱਪ ਹੈ
ਖਿੱਲਰੇ ਹੋਏ ਨੇ
ਇੱਕ ਬਸਤਾ/ ਇੱਕ ਝੂਲਾ/ ਕੁਝ ਰੰਗ
ਅੱਧ-ਅਧੂਰੀ ਤਸਵੀਰ/ ਚੰਦ ਖਿਡੌਣੇ
ਸਰਾਪੀ ਹੋਈ ਕਿਕਲੀ/ ਤੇ
... ... ...
ਤਿਤਲੀ
ਜੋ ਕੱਲ੍ਹ ਅੱਧ-ਅਧੂਰੀ ਤਸਵੀਰ ਵਿੱਚ/ ਰੰਗ ਭਰਦੀ ਸੀ
ਹੁਣ ਖ਼ੁਦ ਇੱਕ ਤਸਵੀਰ ਹੈ
ਦਹਿਸ਼ਤ ਦੀ ਮੁਕੰਮਲ ਦਾਸਤਾਨ...
... ... ...
ਇੱਕ ਰਾਤ ਪਹਿਲਾਂ/ ਮਾਂ ਤੋਂ ਸੁਣੀ ਕਹਾਣੀ ਦੇ/ ਸਾਰੇ ਪਾਤਰ ਮੌਨ ਨੇ
ਸਿਰਫ਼ ਦਿਓ/ ਕਹਾਣੀ ’ਚੋਂ ਬਾਹਰ ਨਿਕਲ
ਦਨਦਨਾ ਰਿਹਾ ਹੈ/ ਬਾਰੂਦ ਦੀ ਖੇਡ ਰਚਾ ਰਿਹਾ ਹੈ
...
ਤਿਤਲੀ/ ਜੋ ਸੱਸਾ ਸਲੇਟ ਤਾਂ ਜਾਣਦੀ ਸੀ
ਪਰ ਨਹੀਂ ਜਾਣਦੀ ਸੀ
ਸੱਸਾ ਸਰਹੱਦ/ ਸੱਸਾ ਸਿਆਸਤ/ ਤੇ ਸੱਸਾ ਸਾਜ਼ਿਸ਼
ਉਹ ਮੰਮਾ ਮਾਂ ਤਾਂ ਕਹਿੰਦੀ ਸੀ/ ਪਰ ਮੰਮਾ ਮੌਤ ਵੀ ਹੁੰਦਾ ਹੈ
ਇਹ ਨਹੀਂ ਸੀ ਜਾਣਦੀ...
... ... ...
ਲਾਸ਼ਾਂ ਦੀ ਇਸ ਖੇਡ ਵਿੱਚ
ਬੰਬਾਂ ਦੇ ਇਸ ਸ਼ੋਰ ਵਿੱਚ
ਕੌਣ ਸੁਣੇਗਾ
ਕਿਕਲੀ/ ਲੋਰੀ/ ਤੇ ਉਡਦੀ ਹੋਈ ਤਿਤਲੀ ਦੇ/ ਪਰਾਂ ਦੀ ਆਵਾਜ਼???