ਕਾਵਿ ਕਿਆਰੀ
ਕੀਮਤੀ ਜਾਨ ਗੁਆਓ ਨਾ
ਸੁਹਿੰਦਰ ਬੀਰ
ਧੀਆਂ ਪੁੱਤ ਹੱਟਾਂ ’ਤੇ ਨਹੀਂ ਮਿਲਦੇ,
ਕਦੇ ਮੌਤ ਦੇ ਮੂੰਹ ਵਿੱਚ ਪਾਓ ਨਾ।
ਘਰ ਵਰਗੀ ਕਿਧਰੇ ਰੀਸ ਨਹੀਂ
ਪਰਦੇਸਾਂ ਨੂੰ ਅਜ਼ਮਾਓ ਨਾ...
ਮੇਰੇ ਵੀਰੋ ਭੰਗ ਦੇ ਭਾੜੇ ਵਿੱਚ
ਇਹ ਕੀਮਤੀ ਜਾਨ ਗਵਾਓ ਨਾ...
ਮੈਂ ਜਾਣਦਾ ਹਾਂ ਕਿ ਸਭ ਨੇ ਹੀ
ਗ਼ੁਰਬਤ ਦੀਆਂ ਮਾਰਾਂ ਝੱਲੀਆਂ ਨੇ।
ਸਾਡੇ ਮੱਥੇ ਵਿਚਲੀਆਂ ਸੋਚਾਂ ਵੀ
ਕੁਝ ਸ਼ਾਹੀ ਸੁਪਨਿਆਂ ਮੱਲੀਆਂ ਨੇ।
ਅੰਬਰ ਤੱਕ ਉੱਚਾ ਉੱਡਣ ਲਈ
ਜਿੰਦ ਜੋਖ਼ਮ ਦੇ ਵਿੱਚ ਪਾਓ ਨਾ...
ਮੇਰੀ ਧਰਤੀ ਦੇ ਸ਼ਹਿਜ਼ਾਦੇ ਵੀ
ਹੁਣ ਚਕਾਚੌਂਧ ਵਿੱਚ ਆ ਗਏ ਨੇ।
ਖ਼ਾਬਾਂ ਦੀ ਦੁਨੀਆ ਵਿੱਚ ਮੋਹਿਤ
ਘਰ ਅਪਣੇ ਤੋਂ ਉਕਤਾ ਗਏ ਨੇ।
ਘਰ ਵਰਗੀ ਜੰਨਤ ਲੱਭਣੀ ਨਹੀਂ
ਐਵੇਂ ਅੱਖੀਆਂ ਨੂੰ ਭਰਮਾਓ ਨਾ...
ਆਪਣੀ ਸਰਦਾਰੀ ਛੱਡ ਕੇ ਨਾ
ਤੁਸੀਂ ਵਾਂਗ ਭਿਖਾਰੀ ਬਣ ਜਾਣਾ।
ਮਾਵਾਂ ਤੇ ਛਾਵਾਂ ਤੋਂ ਸੱਖਣੇ
ਲੈ ਲੈ ਕੇ ਹਾਉਕੇ ਪਛਤਾਣਾ।
ਦੋ ਬੁਰਕੀਆਂ ਯਾਰੋ ਘੱਟ ਖਾ ਲਓ!
ਪਰ ਜਾਨ ਤਾਂ ਇੰਜ ਗਵਾਓ ਨਾ...
ਮੈਂ ਐਸੀ ਧਰਤੀ ਵੇਖੀ ਨਾ,
ਜਿੱਥੇ ਰੁੱਖ ਨੂੰ ਡਾਲਰ ਲੱਗਦੇ ਨੇ
ਪਰ ਗੱਭਰੂ ਡਾਲਰ ਤੋੜਨ ਲਈ,
ਮੈਂ ਸੂਲੀ ਚੜ੍ਹਦੇ ਵੇਖੇ ਨੇ।
ਜੇ ਡਾਲਰ ਤੋੜਨ ਦਾ ਚਾਓ,
ਘਰ ਛੱਡ ਕੇ ਕਿਧਰੇ ਜਾਓ ਨਾ...
ਅੱਖੀਆਂ ਵਿੱਚ ਅੱਥਰੂ ਭਰਦਾ ਹਾਂ,
ਜਦ ਤੜਫ਼ਦਿਆਂ ਨੂੰ ਵੇਖਦਾ ਹਾਂ।
ਜੋ ਮਹਿਲ ਮੁਨਾਰੇ ਛੱਡ ਗਏ ਸੀ
ਹੁਣ ਕਲਪਦਿਆਂ ਨੂੰ ਵੇਖਦਾ ਹਾਂ।
ਬੋਹੜਾਂ ਦੀਆਂ ਠੰਢੀਆਂ ਛਾਵਾਂ ਛੱਡ
ਮਲ੍ਹਿਆਂ ਦੀ ਜੂਨ ਹੰਢਾਓ ਨਾ...।
ਸੰਪਰਕ: 98552-04102
* * *
ਪਤਾ ਨਹੀਂ
ਸਵਜੀਤ
ਲੁਕਿਆ, ਬਚਿਆ, ਡਰਿਆ, ਭੱਜਿਆ, ਓਦਰਿਆ, ਘਬਰਾਇਆ।
ਪਤਾ ਨਹੀਂ ਮੈਂ ਝਕਦਾ-ਝਕਦਾ ਕਿੱਥੋਂ ਤੱਕ ਜਾ ਆਇਆ।
ਘਰ ਦੀ ਕੀ ਪ੍ਰੀਭਾਸ਼ਾ ਹੋਵੇ ਤੇ ਪਰਦੇਸ ਕੀ ਹੋਇਆ,
ਵਿੱਚ ਪਹਾੜਾਂ ਬੈਠਾ ਹਾਂ ਮੈਂ ਲੂਆਂ ਦਾ ਤਿਰਹਾਇਆ।
ਕਾਗਜ਼, ਕਲਮ, ਦਵਾਤ, ਸਿਆਹੀ ਕਿਸਦੀ ਸੀ ਮੈਂ ਵਰਤੀ?
ਕਿਸਦਾ ਖ਼ੂਨ ਪਸੀਨਾ ਡੁੱਲ੍ਹਿਆ ਜੋ ਮੇਰਾ ਸਰਮਾਇਆ?
ਮੇਰੇ ਥੱਲੇ ਬੈਠਣ ਵਾਲੇ ਮੇਰੇ ਉੱਤੇ ਚੀਕਣ,
ਮੈਂ ਚੋਂਦੀ ਛੱਤਰੀ ਹਾਂ ਮੇਰਾ ਫੱਟ ਕਿਸਨੇ ਸਿਲਵਾਇਆ।
ਦਿਨ ਵੇਲ਼ੇ ਫੁੱਲ ਚੜ੍ਹਦਾ ਅੱਜਕੱਲ੍ਹ, ਰਾਤੀਂ ਮਹਿੰਦੀ ਪੱਤਾ
ਹੱਥ ’ਤੇ ਸੂਰਜ ਕਿਸਨੇ, ਮੱਥੇ ’ਤੇ ਚੰਨ ਕਿਸ ਖੁਣਵਾਇਆ?
* * *
ਇੱਕ ਮਾਂ ਆਖਦੀ
ਗਗਨਦੀਪ ਸਿੰਘ ਬੁਗਰਾ
ਜਦ ਮਾਂ ਬੋਲੀ ਭੁੱਲੀ ਮੇਰੇ ਪੁੱਤ ਨੂੰ,
ਮੈਂ ਖ਼ੁਸ਼ ਹੋਈ,
ਪੜ੍ਹ-ਲਿਖ ਗਿਆ ਮੇਰਾ ਲਾਲ।
ਫਿਰ ਉਸਨੂੰ ਆਪਣੀ ਮਾਂ ਧਰਤੀ ਭੁੱਲੀ,
ਮੈਂ ਬਾਗੋ-ਬਾਗ,
ਤਰੱਕੀ ਕਰ ਗਿਆ ਮੇਰਾ ਪੁੱਤ।
ਹੁਣ ਉਹ ਮੈਨੂੰ ਭੁੱਲ ਗਿਆ,
ਮੈਂ ਭੁੱਬਾਂ ਮਾਰੀਆਂ।
ਅੱਜ ਮੈਨੂੰ ਅਹਿਸਾਸ ਹੋਇਆ,
ਪਹਿਲੀਆਂ ਦੋ ਵੀ ਰੋਈਆਂ ਹੋਣਗੀਆਂ ਮੇਰੇ ਵਾਂਗੂੰ।
ਸੰਪਰਕ: 98149-19299