ਕਵਿਤਾਵਾਂ
ਸੁਲਗ਼ਦੇ ਅਹਿਸਾਸ
ਪ੍ਰਸ਼ੋਤਮ ਪੱਤੋ
ਫ਼ਿਰਕੂ ’ਨ੍ਹੇਰੀਆਂ ਵਿੱਚ ਆਪਣਾ ਖ਼ਿਆਲ ਰੱਖੀਂ।
ਯੋਧਿਆਂ ਦੀ ਯਾਦਾਂ ਦੇ ਜੁਗਨੂੰ ਨਾਲ-ਨਾਲ ਰੱਖੀਂ।
ਕੀ ਪਤਾ ਕਦ ਚੰਦ ਬੱਦਲੀ ਦੇ ਓਹਲੇ ਹੋ ਜਾਵੇ,
ਆਪਣੀ ਦਹਿਲੀਜ਼ ਉੱਤੇ ਦੀਵਾ ਤੂੰ ਬਾਲ ਰੱਖੀਂ।
ਤੰਗੀਆਂ ਨੇ ਬਹੁਤ ਅੱਜ ਤੇਰੇ ਚਾਰ ਚੁਫ਼ੇਰੇ,
ਸੁਲਗ਼ਦੇ ਅਹਿਸਾਸੀ ਹਿਰਦਾ ਵਿਸ਼ਾਲ ਰੱਖੀਂ।
ਗਰਮ ਹਵਾਵਾਂ ਨਾਲ ਐਵੇਂ ਨਾ ਗਰਮ ਹੋ ਜਾਵੀਂ,
ਦਿਲ ਵਿੱਚ ਦਬਾ ਕੇ ਪਿਆਰ ਦਾ ਭੂਚਾਲ ਰੱਖੀਂ।
ਕਿਸ ਕਿਸ ਨੂੰ ਤੇਰੇ ਰੋਸ ਦਾ ਦੇਵਾਂਗਾ ਜਵਾਬ,
ਮਨੁੱਖੀ ਪਿਆਰ ਦੀ ਲੋਕਾਂ ’ਚ ਬੋਲਚਾਲ ਰੱਖੀਂ।
ਜੇ ਸੁਆਰਥਾਂ ਦੇ ਸੱਪ ਤੇਰੇ ਕੋਲ ਵੀ ਆ ਗਏ,
ਸ਼ੀਸ਼ੇ ਜਿਹਾ ਤੂੰ ਚਿਹਰਾ ਸਭ ਨੂੰ ਦਿਖਾਲ ਰੱਖੀਂ।
ਇਸ ਮਨੁੱਖੀ ਬਾਗ਼ ’ਚ ਜੋ ਵੀ ਫੁੱਲ ਆਪਣਾ ਹੈ,
ਮਹਿਕ ਉਸ ਦੀ ਉਮਰਾਂ ਤੀਕ ਸੰਭਾਲ ਰੱਖੀਂ।
ਸੰਪਰਕ: 98550-38775
* * *
ਦੀਵੇ ਦੀ ਲੋਅ
ਅਜੀਤ ਖੰਨਾ
ਹਕੂਮਤ ਦੇ ਘਰਾਟ ’ਚ ਪਿਸਦੇ
ਕੰਮੀਆਂ ਦੀ ਮਿਹਨਤ
ਹੁਣ ਅਜਾਈਂ ਨਹੀਂ ਜਾਏਗੀ
ਇੱਕ ਨਾ ਇੱਕ ਦਿਨ ਉਹ
ਆਜ਼ਾਦੀ ਦੀ ਰੋਸ਼ਨੀ ਜ਼ਰੂਰ
ਕੰਮੀਆਂ ਦੇ ਵਿਹੜੇ
ਦੀਵੇ ਦੀ ਲੋਅ ਬਣ ਆਏਗੀ
ਪ੍ਰਾਚੀਨ ਕਾਲ ਤੋਂ ਵਰਤਮਾਨ ਤੱਕ
ਟੁੱਕ ਖ਼ਾਤਰ ਜੂਝਦੇ ਆ ਰਹੇ
ਇਨ੍ਹਾਂ ਕੰਮੀਆਂ ਦੀ ਆਵਾਜ਼ ਨੂੰ
ਹੁਣ ਹਕੂਮਤ ਨਹੀਂ ਦਬਾਏਗੀ
ਉਹ ਆਜ਼ਾਦੀ ਦੀ ਰੋਸ਼ਨੀ ਜ਼ਰੂਰ
ਕੰਮੀਆਂ ਦੇ ਵਿਹੜੇ
ਦੀਵੇ ਦੀ ਲੋਅ ਬਣ ਆਏਗੀ
ਸਭ ਨੂੰ ਸੁਮੱਤ ਮਿਲ ਗਈ
ਹੁਣ ਉਹ ਪਿਛਲੱਗ ਬਣ ਨਹੀਂ
ਸਗੋਂ ਆਗੂ ਬਣ ਵਿਚਰਨਗੇ
ਤੇ ਉਨ੍ਹਾਂ ਦੀ ਕਾਬਲੀਅਤ ਖੰਨੇ
ਇੱਕ ਵੱਖਰਾ ਰੰਗ ਲਿਆਏਗੀ
ਉਹ ਆਜ਼ਾਦੀ ਦੀ ਰੋਸ਼ਨੀ ਜ਼ਰੂਰ
ਕੰਮੀਆਂ ਦੇ ਵਿਹੜੇ
ਦੀਵੇ ਦੀ ਲੋਅ ਬਣ ਆਏਗੀ
ਸ਼ਾਹੂਕਾਰਾਂ ਦਾ ਗੋਹਾ ਕੂੜਾ ਸੁੱਟ
ਹੁਣ ਉਨ੍ਹਾਂ ਦਾ ਕਾਮਾ ਨਹੀਂ
ਅਫ਼ਸਰ ਬਣ ਹੁਕਮ ਚਲਾਏਗਾ
ਬੱਚਿਆਂ ਨੂੰ ਤਾਲੀਮ ਦਿਵਾ
ਜਿੰਦ ਸੁਖ ਦੀ ਜੂਨ ਹੰਢਾਏਗੀ
ਉਹ ਆਜ਼ਾਦੀ ਦੀ ਰੋਸ਼ਨੀ ਜ਼ਰੂਰ
ਕੰਮੀਆਂ ਦੇ ਵਿਹੜੇ
ਦੀਵੇ ਦੀ ਲੋਅ ਬਣ ਆਏਗੀ
ਲਿਖਤ ਨਾਲ ਬਦਲ ਤਕਦੀਰ
ਜਦ ਤਕਦੀਰ ਨਾਲ ਟਕਰਾਏਗੀ
ਕਰ ਖ਼ਤਮ ਪਾੜਾ ਨਿੱਕੇ ਵੱਡੇ ਦਾ
ਬਰਾਬਰੀ ਦਾ ਹੱਕ ਤੇ ਇਨਸਾਫ਼
ਅਜੀਤ ਦੀ ਕਲਮ ਦਿਵਾਏਗੀ
ਉਹ ਆਜ਼ਾਦੀ ਦੀ ਰੋਸ਼ਨੀ ਜ਼ਰੂਰ
ਕੰਮੀਆਂ ਦੇ ਵਿਹੜੇ
ਦੀਵੇ ਦੀ ਲੋਅ ਬਣ ਆਏਗੀ।
ਸੰਪਰਕ: 76967-54669
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਸੱਜਣ ਸ਼ਹਿਰ ਗਰਾਂ ਨਹੀਂ ਭੁੱਲੇ।
ਆਪਣੇ ਸੀ ਉਹ ਤਾਂ ਨਹੀਂ ਭੁੱਲੇ।
ਮੋੜ, ਚੁਰਾਹੇ, ਗਲੀਆਂ, ਸੜਕਾਂ,
ਕੌਡੂ ਮੱਲ੍ਹ ਸਰਾਂ ਨਹੀਂ ਭੁੱਲੇ।
ਲੁਕਣਮੀਚੀ ਛੂਹਣ-ਛਪਾਈਆਂ,
’ਵੇਲੀ ਖੰਡਰ-ਨੁਮਾ ਨਹੀਂ ਭੁੱਲੇ।
ਜੀਂਦੜ, ਖੁੰਡਾ, ਫੇਰੋਚੇਚੀ,
ਨਾਨੋਵਾਲ ਕਲਾਂ ਨਹੀਂ ਭੁੱਲੇ।
ਲੰਬੂ, ਬੌਣਾ, ਗੱਪੀ, ਸੜੀਅਲ,
ਨਾਂ ਦੇ ਪਾਏ ਕੁਨਾਂ ਨਹੀਂ ਭੁੱਲੇ।
ਦਾਣੇ ਝੋਲੀ ਵਿੱਚ ਭੁੰਨਾਏ,
ਭੱਠੀ ਵਾਲੀ ਥਾਂ ਨਹੀਂ ਭੁੱਲੇ।
ਦੁੱਧ, ਦਹੀਂ ਉਹ ਘਰੜ ਦੇ ਛੰਨੇ,
ਚੂਰੀ ਦਿੰਦੀ ਮਾਂ ਨਹੀਂ ਭੁੱਲੇ।
ਫੇਰ ਮਿਲਣ ਦਾ ਵਾਅਦਾ ਕੀਤਾ,
ਨਾਂਹ-ਨਾਂਹ ਕਹਿਕੇ ਹਾਂ ਨਹੀਂ ਭੁੱਲੇ।
ਛੱਡੇ ਪਿੰਡ ਦੀ ਪੀੜ ਨਾ ਭੁੱਲੇ,
ਮੋਹ ਦੀ ਠੰਢੀ ਛਾਂ ਨਹੀਂ ਭੁੱਲੇ।
ਬੋਲ ਬੋਲ ’ਤੋਂ ਜਾਨ ਵਾਰਦੇ,
ਯਾਰ ਜੋ ਸੱਜੀ ਬਾਂਹ ਨਹੀਂ ਭੁੱਲੇ।
ਅੱਲੜ੍ਹ ਉਮਰੇ ਹੋਈਆਂ ਭੁੱਲਾਂ,
ਦਿਲ ’ਚੋਂ ‘ਪਾਰਸ’ ਨਾਂ ਨਹੀਂ ਭੁੱਲੇ।
ਸੰਪਰਕ: 99888-11681
* * *
ਰਿਸ਼ਤਿਆਂ ਦੀ ਲਾਸ਼
ਕੇਵਲ ਸਿੰਘ ਰੱਤੜਾ
ਪਿਆਰ ਦੇ ਰਾਹ ਤੇ ਕੋਈ ਬੰਦਾ, ਨਾ ਬੇਉਮੀਦ ਹੋਵੇ,
ਕੌਣ ਮਿਣਦਾ ਹੈ ਫਾਸਲੇ ਜਦੋਂ ਮੰਜ਼ਿਲ ਹੀ ਦੀਦ ਹੋਵੇ।
ਖੁਮਾਰੀ ਅੱਖਾਂ ਵਿੱਚ ਰਹਿੰਦੀ, ਸੋਚ ਤੇ ਗਲਬਾ ਵੀ ਹੁੰਦਾ,
ਚੁਫ਼ੇਰਾ ਜੰਨਤ ਜਿਹਾ ਲੱਗਦਾ, ਜਿਵੇਂ ਕੋਈ ਮੇਲਾ ਈਦ ਹੋਵੇ।
ਡਰੂ ਜਹੇ ਲੋਕਾਂ ਕੀ ਤੁਰਨਾ ਹੈ, ਧਾਰ-ਏ-ਤਲਵਾਰ ਦੇ ਉੱਤੇ,
ਕੋਈ ਦਸਮੇਸ਼ ਜਿਹਾ ਗੁਰੂ ਲੱਭੇ, ਤਾਂ ਹੀ ਬੰਦਾ ਮੁਰੀਦ ਹੋਵੇ।
ਲਹਿਰਾਂ ਹੀ ਪਾਣੀਆਂ ਨੂੰ ਜ਼ਿੰਦਾ ਰੱਖਕੇ ਹਸੀਨ ਬਣਾ ਦੇਣ,
ਵਰਨਾ ਉੱਜੜੇ ਕੰਢਿਆਂ ਲਈ ਕੌਣ ਸ਼ਹੀਦ ਹੋਵੇ।
ਵੰਡੀਆਂ ਦੇ ਕੈਂਸਰ ਨੇ ਅਪੰਗ ਕਰ ਛੱਡਿਆ ਸਮਾਜ ਨੂੰ,
ਰਲਕੇ ਦਵਾ ਲੱਭੀਏ ਭਾਵੇਂ ਹੋਵੇ ਕੌੜੀ ਪਰ ਮੁਫ਼ੀਦ ਹੋਵੇ।
ਸੇਹ ਦੇ ਤੱਕਲੇ ਦਾ ਟੂਣਾ ਕੌਣ ਕਰ ਗਿਆ ਸਾਡੇ ਦਰੀਂ
ਪਹਿਰਾ ਦੇ ਕੇ ਦਬੋਚੀਏ ਕਰੜਾ ਕਿ ਸਭ ਨੂੰ ਤਾਕੀਦ ਹੋਵੇ।
ਫ਼ਰਿਸ਼ਤੇ ਦੀ ਭਾਲ਼ ਵਿੱਚ ਯਾਰ ਹੀ ਨਾ ਗੁਆ ਬਹੀਏ
ਟੋਹਕੇ ਤਾਂ ਦੇਖ, ਕੀ ਪਤਾ ਨੀਲਮ ਜਾਂ ਹੀਰਾ ਮਜੀਦ ਹੋਵੇ।
ਕਿੰਨਾ ਚਿਰ ਢੋਏਂਗਾ ਮੋਢਿਆਂ ’ਤੇ ਰਿਸ਼ਤਿਆਂ ਦੀ ਲਾਸ਼,
‘ਰੱਤੜਾ’ ਰਾਤ ਹੋਵੇ ਰੁਖ਼ਸਤ ਨਾ ਕੋਈ ਚਸ਼ਮਦੀਦ ਹੋਵੇ।
ਸੰਪਰਕ: 82838-30599
* * *
ਰੁੱਖਾਂ ਦੇ ਹਤਿਆਰੇ ਲੋਕ
ਹਰਪ੍ਰੀਤ ਪੱਤੋ
ਰੁੱਖਾਂ ਤੋਂ ਮਿਲਦੀ ਹਰਿਆਲੀ।
ਜੀਵਨ ਵਿੱਚ ਭਰਦੇ ਖੁਸ਼ਹਾਲੀ।
ਇਹ ਫ਼ਰਿਸ਼ਤੇ ਧਰਤ ’ਤੇ ਆਏ।
ਕਿੰਨੇ ਗੁਣ ਇਨ੍ਹਾਂ ਵਿੱਚ ਸਮਾਏ।
ਸੰਜੀਵਨੀ ਬੂਟੀ ਦਾ ਕੰਮ ਕਰਦੇ।
ਸਾਰੇ ਰੋਗ ਇਹੋ ਨੇ ਹਰਦੇ।
ਕਿੰਨੇ ਕੰਮ ਸੰਵਾਰ ਨੇ ਦਿੰਦੇ।
ਕਰ ਨਦੀਆਂ ਤੋਂ ਪਾਰ ਨੇ ਦਿੰਦੇ।
ਫ਼ਲ, ਫੁੱਲ, ਪੱਤੇ ਨੇ ਗੁਣਕਾਰੀ।
ਹਰੀ ਭਰੀ ਲੱਗੇ ਧਰਤੀ ਸਾਰੀ।
ਜਿਨ੍ਹਾਂ ਥਾਵਾਂ ’ਤੇ ਰੁੱਖ ਨਹੀਂ ਹੁੰਦੇ।
ਠੰਢੀਆਂ ਛਾਵਾਂ ਸੁਖ ਨਹੀਂ ਹੁੰਦੇ।
ਨਾ ਰੁੱਖਾਂ ਨੂੰ ਤੁਸੀਂ ਕੱਟੋ ਸਾੜੋ।
ਭੋਲੇ ਜੀਵਾਂ ਤਾਈਂ ਨਾ ਮਾਰੋ।
ਕੁਦਰਤ ਨੇ ਫਿਰ ਰੁੱਸ ਹੈ ਜਾਣਾ।
ਕੀਤੇ ਦਾ ਫ਼ਲ ਪੈਣਾ, ਪਾਉਣਾ।
ਰੁੱਖਾਂ ਦੇ ਜੋ ਹਤਿਆਰੇ ਲੋਕ।
ਭਾਲਣ ਕਿੱਥੋਂ ਸਹਾਰੇ ਲੋਕ।
ਵਰਤੇ ਜਦ ਕੁਦਰਤ ਦਾ ਕਹਿਰ।
ਉੱਜੜ ਜਾਂਦੇ ਨੇ ਵੱਸਦੇ ਸ਼ਹਿਰ।
‘ਪੱਤੋ’ ਜੇਕਰ ਜਾਗ ਜਾਓਗੇ।
ਬਹੁਤੇ ਸੁਖ ਝੋਲੀ ’ਚ ਪਾਓਗੇ।
ਸੰਪਰਕ: 94658-21417
* * *
ਨਾ ਉਹ ਕਿਧਰੇ ਪੀਂਘਾਂ
ਬਲਵਿੰਦਰ ਬਾਲਮ ਗੁਰਦਾਸਪੁਰ
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਸਾਉਣ ਮਹੀਨਾ ਵਿਰਸੇ ਵਾਲਾ ਬਣ ਗਿਆ ਦੰਦ ਕਥਾਵਾਂ।
ਬਾਪੂ ਵਰਗੇ ਖੇਤ ਪਿਆਰੇ ਕਰ ਦਿੱਤੇ ਕਰਜ਼ਾਈ।
ਵਿੱਚ ਪਰਦੇਸਾਂ ਪੁੱਤ ਭੇਜੇ ਮੁੜ ਕੇ ਸਾਰ ਨਾ ਆਈ।
ਘਰ ਤਾਂ ਖਾਲਮ ਖਾਲੀ ਹੋ ਗਏ ਮਿਲਦਾ ਨਾ ਸਿਰਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਹੋਟਲਾਂ ਵਿੱਚ ਮਨਾਇਆ ਜਾਂਦਾ ਬਾਗ਼ਾਂ ਦਾ ਤਿਉਹਾਰ।
ਨਕਲੀ ਗਹਿਣੇ ਨਕਲੀ ਕੱਪੜੇ ਨਕਲੀ ਹਾਰ ਸ਼ਿੰਗਾਰ।
ਨਕਲੀ ਰੁੱਖਾਂ ਦੇ ਵਿੱਚ ਚੱਲਣ ਮੋਟਰ ਨਾਲ ਹਵਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਹਾਕਿਮ ਤੇਰੀ ਨੀਤੀ ਕਰਕੇ ਨਸ਼ਿਆਂ ਵਿੱਚ ਬੁਲੰਦੀ।
ਬਦਬੂ ਬਣ ਕੇ ਫੈਲ ਗਈ ਹੈ ਚਹੁੰ ਪਾਸੇ ਸੁਗੰਧੀ।
ਅਰਥੀ ਵਿੱਚੋਂ ਪੁੱਤਰ ਲੱਭਣ ’ਵਾਜ਼ਾਂ ਮਾਰ ਕੇ ਮਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਨਾ ਹੁਣ ਕਿਧਰੇ ਪੂੜੇ ਪਕਦੇ ਨਾ ਖੀਰਾਂ ਨਾ ਹਾਸੇ।
ਨਾ ਹੀ ਸਖੀਆਂ ਕੱਠੀਆਂ ਹੋਵਣ ਨਾ ਹੀ ਘੁਲਣ ਪਤਾਸੇ।
ਸਿਰਫ਼ ਸਵਾਰਥ ਦੇ ਵਿੱਚ ਉੱਠਣ ਇੱਕ ਦੂਜੇ ਦੀਆਂ ਬਾਵ੍ਹਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਬੰਦੇ ਨੂੰ ਹੀ ਮਾਰਨ ਦੇ ਲਈ ਹਥਿਆਰ ਬਣਾਏ ਜਾਂਦੇ।
ਹੱਦਾਂ ਬੰਨੇ ਖੋਵਣ ਦੇ ਲਈ ਬੰਬ ਚਲਾਏ ਜਾਂਦੇ।
ਆਧੁਨਿਕਤਾ ਦੇ ਦੌਰ ’ਚ ਵਧੀਆ ਵੱਖੋ-ਵੱਖ ਘਟਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਘਰ-ਘਰ ਦੇ ਵਿੱਚ ਇੱਕ ਹੀ ਬੱਚੇ ਦੀ ਸੁਣਦੀ ਕਿਲਕਾਰੀ।
ਭੂਆ ਚਾਚੇ ਤਾਏ ਵਾਲੀ ਮੁੱਕ ਚੱਲੀ ਸਰਦਾਰੀ।
ਲੋਕੀਂ ਉੱਡਦੇ ਫ਼ਿਰਦੇ ਲੱਭਦੇ, ਲੱਭਦਾ ਨਈਂ ਸਿਰਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਆਧੁਨਿਕਤਾ ਨੇ ਉੱਨਤੀ ਕੀਤੀ ਹੋਈ ਹੈ ਬਰਬਾਦੀ।
ਪਰਦੇਸਾਂ ਵਿੱਚ ਪਾਈ ਮਗਰ ਗ਼ੁਲਾਮੀ ਵਿੱਚ ਆਜ਼ਾਦੀ।
ਸੰਜੀਵ ਦਿਸ਼ਾ ਤੋਂ ਹੋਂਦ ਬਣਾਉਂਦਾ ਜਿੱਦਾਂ ਇੱਕ ਪਰਛਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਸਿਰਫ਼ ਬਣਾਉਟੀ ਰਿਸ਼ਤੇ ਰਹਿ ਗਏ ਪੈਸੇ ਦੀ ਵਡਿਆਈ।
ਮੋਹ ਮਮਤਾ ਤੋਂ ਵੱਖਰੀ ਹੋ ਕੇ ਵੱਜਦੀ ਹੈ ਸ਼ਹਿਨਾਈ।
ਸੁਖਾਂ ਦੇ ਘਰ ਅੰਦਰ ਵੜ ਕੇ ਸੰਨ੍ਹ ਲਗਾਈ ਚਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਜਿਨ੍ਹਾਂ ਦੇ ਵਿੱਚ ਜੰਨਤ ਵਰਗੀ ਹੁੰਦੀ ਸੀ ਇੱਕ ਰੀਤ।
ਸਾਝਾਂ ਵਾਲੀ ਉਲਫ਼ਤ ਵਾਲੀ ਜੱਫੀ ਵਾਲੀ ਪ੍ਰੀਤ।
ਲੈਂਪ ਦੀਵੇ ਦੀ ਲੋਅ ਵਾਲੀਆਂ ਕਿੱਥੇ ਨੇ ਉਹ ਥਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਲੈਪਟੌਪ ਮੋਬਾਈਲ ਦੇ ਵਿੱਚ ਵੜ ਗਏ ਬੱਚੇ ਸਾਰੇ।
ਰਿਸ਼ਤੇ ਨਾਤੇ ਬੋਲ਼ੇ ਹੋ ਗਏ ਮਸਤਕ ਹੋ ਗਏ ਭਾਰੇ।
ਚਾਵਾਂ ਦੀ ਪਰਿਭਾਸ਼ਾ ਬਦਲੀ ਪਹੀਏ ਨਾਲ ਇੱਛਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਯੁਗ ਪਰਿਵਰਤਨਸ਼ੀਲ ਰਿਹਾ ਹੈ ਯੁਗ ਨਾਲ ਚਲਣਾ ਪੈਂਦਾ।
ਬੰਦੇ ਨੂੰ ਵੀ ਸੂਰਜ ਵਾਂਗੂੰ ਚੜ੍ਹਨਾ ਢਲਣਾ ਪੈਂਦਾ।
ਬਾਲਮ ਆਖੇ ਇਸ ਯੁਗ ਕੋਲੋਂ ਜਿੱਤਾਂ ਜਾਂ ਹਰ ਜਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਸੰਪਰਕ: 98156-25409
* * *
ਸਾਵਣ
ਲਖਵਿੰਦਰ ਸਿੰਘ ਬਾਜਵਾ
ਤਪਦਾ ਹਾੜ੍ਹ ਕੜਾਕੇ ਕੱਢੇ, ਪਿਆ ਪਸੀਨਾ ਚੋਵੇ।
ਬਾਹਰ ਨਿਕਲਿਆਂ ਪੈਣ ਅਲੂੰਬੇ, ਜਿਉਂ ਭੱਠ ਤਪਦੀ ਹੋਵੇ।
ਹੌਂਕਣ ਪਸ਼ੂ ਵਿਆਕੁਲ ਪੰਛੀ, ਹੋ ਧਰਤੀ ’ਤੇ ਢਹਿੰਦੇ।
ਰੱਬਾ ਮਿਹਰ ਕਰੀਂ ਸਭ ਆਖਣ, ਲੋਕੀਂ ਉੱਠਦੇ ਬਹਿੰਦੇ।
ਸੁਣੀ ਪੁਕਾਰ ਪੁਰਾ ਵਗ ਤੁਰਿਆ, ਪਾਰਾ ਹੇਠਾਂ ਆਇਆ।
ਹੋਣ ਜੋੜ ਬੱਦਲਾਂ ਦਾ ਲੱਗਾ, ਰੰਗ ਅਕਾਸ਼ ਵਟਾਇਆ।
ਥੋੜ੍ਹਾ ਥੋੜ੍ਹਾ ਗੱਜਦਾ ਆਉਂਦਾ, ਲਿਸ਼ਕੇ ਥੋੜ੍ਹਾ ਥੋੜ੍ਹਾ,
ਜਿੱਦਾਂ ਗੁੱਸੇ ਅੰਦਰ ਆ ਕੇ, ਮਾਰੇ ਕੋਈ ਮਰੋੜਾ।
ਨਾਲ ਆਸ ਦੇ ਟਹਿਕਣ ਲੱਗੇ, ਸਭ ਮੁਰਝਾਏ ਚਿਹਰੇ,
ਫਿਰ ਵੀ ਜਾਪੇ ਸੰਗਦਾ ਸੰਗਦਾ, ਬੱਦਲ ਕਣੀਆਂ ਕੇਰੇ।
ਐਪਰ ਟਿੱਲੇ ਵੱਲੋਂ ਉੱਠੀ, ਫੇਰ ਘਟਾ ਇੱਕ ਕਾਲੀ,
ਦਿਨੇ ਹਨੇਰਾ ਕਰਦੀ ਆਵੇ, ਦਵੇ ਨਾ ਕੁਝ ਦਿਖਾਲੀ।
ਜਾਪੇ ਗੁੱਸਾ ਖਾ ਕੇ ਚੜ੍ਹਿਆ, ਦਲ ਫ਼ੌਜਾਂ ਦਾ ਭਾਰਾ,
ਅੱਗੇ ਅੱਗੇ ਵੱਜਦਾ ਆਵੇ, ਜੰਗੀ ਜਿਵੇਂ ਨਗਾਰਾ।
ਬੱਸ ਫਿਰ ਹੱਲਾ ਕਰਕੇ ਚੜ੍ਹਿਆ, ਐਸੀ ਛਹਿਬਰ ਲਾਈ,
ਧਰਤੀ ਸਾਰੀ ਜਲ ਥਲ ਕੀਤੀ, ਠੰਢ ਖ਼ੂਬ ਵਰਤਾਈ।
ਜਿੱਦਾਂ ਟਿਊਬਵੈੱਲ ਕੋਈ ਚੱਲਦਾ, ਇੰਜ ਚੱਲਣ ਪਰਨਾਲੇ।
ਪਾਣੀ ਉਛਲੇ ਬਾਹਰ ਘਰਾਂ ਤੋਂ, ਗਲੀਆਂ ਬਣੀਆਂ ਨਾਲੇ।
ਛੱਪੜ, ਟੋਭੇ, ਖੇਤਾਂ ਅੰਦਰ, ਡੱਡੂ ਬੋਲਣ ਲੱਗੇ,
ਬੱਚੇ ਮਸਤੀ ਫਿਰਨ ਮਨਾਉਂਦੇ, ਲਾਹ ਕੇ ਤਨ ਤੋਂ ਝੱਗੇ।
ਸਭਨਾਂ ਦੇ ਮੱਥੇ ਤੋਂ ਲਿਸ਼ਕੀ, ਖ਼ੁਸ਼ੀ ਅਤੇ ਖੁਸ਼ਹਾਲੀ,
ਹਾੜ੍ਹ ਗਿਆ ਤੇ ਸਾਵਣ ਆਇਆ, ਬਣ ਸਭਨਾਂ ਦਾ ਵਾਲੀ।
ਘਰ ਘਰ ਪੂੜੇ ਪੱਕਣ ਲੱਗੇ, ਖੀਰਾਂ ਰਿੱਝਣ ਲੱਗੀਆਂ,
ਸਭ ਦੇ ਤਨ ਮਨ ਠਰਦੇ ਜਾਵਣ, ਰੂਹਾਂ ਭਿੱਜਣ ਲੱਗੀਆਂ।
ਤੀਆਂ ਖੇਡਣ ਤੁਰੀਆਂ ਖੇਤੀਂ, ਕੁਝ ਕੁੜੀਆਂ ਮੁਟਿਆਰਾਂ,
ਵਿੱਚ ਖ਼ੁਸ਼ੀ ਦੇ ਭਰਨ ਚੁੰਗੀਆਂ, ਜਿਉਂ ਹਿਰਨਾਂ ਦੀਆਂ ਡਾਰਾਂ।
ਦਿਲ ਕਿਰਸਾਨਾਂ ਵਾਲੇ ਝੂਮੇ, ਫ਼ਸਲਾਂ ਲਏ ਹੁਲਾਰੇ।
ਬੱਝੀ ਆਸ ਨਵੇਂ ਜੀਵਨ ਦੀ, ਬਰਕਤ ਰੱਬ ਉਤਾਰੇ।
ਮਿੱਟੀ ਵਿੱਚੋਂ ਉੱਠਣ ਲੱਗੀ, ਜੀਵਨ ਮਹਿਕ ਨਿਆਰੀ,
ਸਾਹਾਂ ਅੰਦਰ ਭਰੇ ਤਾਜ਼ਗੀ, ਲੱਗੇ ਬੜੀ ਪਿਆਰੀ।
ਸਾਰੇ ਆਖਣ ਵਾਹ ਵਾਹ ਸਾਵਣ, ਗੱਜਦਾ ਵਰ੍ਹਦਾ ਲੰਘੇ,
ਰੰਗ ਆਪਣੇ ਸਾਰੀ ਖਲਕਤ, ਸਦਾ ਬਾਜਵਾ ਰੰਗੇ।
ਸੰਪਰਕ: 94167-34506, 97296-08492