ਕਵਿਤਾਵਾਂ
ਜੰਗ ਦੇ ਬੁਰੇ ਨਤੀਜੇ
ਹਰਪ੍ਰੀਤ ਪੱਤੋ
ਕਈ ਮੁਲਕਾਂ ਨੇ ਹੁਣ ਜੰਗ ਛੇੜੀ,
ਕਈ ਬੈਠੇ ਨੇ ਨਾਲ ਆਰਾਮ ਲੋਕੋ।
ਜਿਨ੍ਹਾਂ ਜੰਗ ਛੇੜੀ, ਉਹ ਉੱਜੜ ਚੱਲੇ,
ਹੋਈ ਜਾਂਦੇ ਨੇ ਬੜੇ ਬਦਨਾਮ ਲੋਕੋ।
ਸਦੀਆਂ ਤੱਕ ਨਾ ਘਾਟੇ ਹੋਣ ਪੂਰੇ,
ਬਹੁਤੇ ਹੋ ਜਾਂਦੇ ਨੇ ਗੁੰਮਨਾਮ ਲੋਕੋ।
ਔਰਤ, ਬੱਚੇ, ਬੁੱਢੇ ਦੁੱਖ ਝੱਲਦੇ,
ਜਵਾਨੀ ਹੋ ਜਾਂਦੀ ਹੈ ਗ਼ੁਲਾਮ ਲੋਕੋ।
ਭੁੱਖਮਰੀ, ਗ਼ਰੀਬੀ, ਕਈ ਚੀਜ਼ਾਂ,
ਨੱਚਦੀਆਂ ਫਿਰਦੀਆਂ ਸ਼ਰ੍ਹੇਆਮ ਲੋਕੋ।
ਮਿੰਟਾਂ ਵਿੱਚ ਨੇ ਮਹਿਲ ਢਹਿ ਜਾਂਦੇ ,
ਲੱਗੇ ਜਿਨ੍ਹਾਂ ’ਤੇ ਅਰਬਾਂ ਦਾਮ ਲੋਕੋ।
ਥਾਂ ਖ਼ੁਸ਼ੀਆਂ ਦੀ ਘਰ ਘਰ ਵੈਣ ਪੈਂਦੇ,
ਚਿੱਟੇ ਦਿਨ ਪੈ ਜਾਂਦੀ ਹੈ ਸ਼ਾਮ ਲੋਕੋ।
ਬਚੋ! ਜੰਗ ਦੇ ਬੁਰੇ ਨਤੀਜਿਆਂ ਤੋਂ,
ਰੱਖੋ ਕਸ ਕੇ ਆਪਣੀ ਲਗਾਮ ਲੋਕੋ।
ਕਈ ਮੁਲਕ ਵਪਾਰ ਨੇ ਕਰੀ ਜਾਂਦੇ,
ਹੋਈ ਜਾਂਦੇ ਨੇ ਕਈ ਨਿਲਾਮ ਲੋਕੋ।
ਹਉਮੈਂ ਲੜਦੀ, ਮਰਨ ਬੇਦੋਸ਼ ਲੋਕੀਂ,
ਕਰਦੀ ਹੈ ਅੰਨ੍ਹਾ ਕਤਲੇਆਮ ਲੋਕੋ।
ਸੰਪਰਕ: 94658-21417
* * *
ਦੋਹੇ
ਦਲਜੀਤ ਰਾਏ ਕਾਲੀਆ
ਜਾਗੋ ਧਰਤੀ ਪੁੱਤਰੋ, ਕੁਝ ਤਾਂ ਕਰੋ ਖ਼ਿਆਲ।
ਜਲ ਜੰਗਲ ਸਭ ਭਸਮ ਨੇ, ਕੀਤੇ ਮੰਦੜੇ ਹਾਲ।
ਵਾਤਾਵਰਨ ਪਲੀਤ ਹੈ, ਪੌਣਾਂ ਦੇ ਵਿੱਚ ਜ਼ਹਿਰ।
ਕਿਧਰੇ ਆਉਣ ਸੁਨਾਮੀਆਂ, ਕਿਧਰੇ ਸੋਕੇ ਕਹਿਰ।
ਜਲ ਜੰਗਲ ਸੰਭਾਲ਼ ਕੇ, ਕਰ ਜ਼ਰਖ਼ੇਜ਼ ਜ਼ਮੀਨ।
ਧਰਤੀ ਬਣੇ ਸੁਹਾਵਣੀ, ਮੌਸਮ ਬਣਨ ਹੁਸੀਨ।
ਨੰਗੀ ਧਰਤੀ ਹੋ ਗਈ, ਹਰ ਥਾਂ ਰੁੱਖ ਅਲੋਪ।
ਮੌਸਮ ਕੀ ਤੋਂ ਕੀ ਬਣੇ, ਕੁਦਰਤ ਕਰੇ ਕਰੋਪ।
ਰੰਗਲਾ ਕਿੱਥੇ ਰਹਿ ਗਿਆ, ਸਾਡਾ ਦੇਸ਼ ਪੰਜਾਬ।
ਨਾਲ ਸਮੇਂ ਦੇ ਵੀਰਨੋ, ਜ਼ਹਿਰੀ ਕਰਤੇ ਆਬ।
ਰੁੱਖਾਂ ਦੀ ਥਾਂ ਹਰ ਤਰਫ਼, ਸੜਕਾਂ ਦੇ ਨੇ ਜਾਲ਼।
ਕਿਵੇਂ ਟਰੈਫ਼ਿਕ ਨਾਲ ਹੀ, ਘੁੰਮੇ ਹਰ ਥਾਂ ਕਾਲ।
ਨਾ ਹੁਣ ਕੋਇਲ ਕੂਕਦੀ, ਨਾ ਹੀ ਬੋਲਣ ਮੋਰ।
ਕੰਨਾਂ ਨੂੰ ਬੋਲ਼ੇ ਕਰੇ, ਪੈਣ ਚੁਫ਼ੇਰੇ ਸ਼ੋਰ।
ਬਦਲੋ ਸਿਸਟਮ ਦੇਸ਼ ਦਾ, ਹੋਇਆ ਬੇਤਰਤੀਬ।
ਜਾਗੋ ਕਿਰਤੀ ਕਾਮਿਓ,ਅਪਣੇ ਘੜੋ ਨਸੀਬ।
ਪੈਸਾ ਮਾਈ ਬਾਪ ਹੈ, ਪੈਸੇ ਦੇ ਸਭ ਪੀਰ।
ਪੈਸੇ ਖ਼ਾਤਰ ਵੇਚਦੇ, ਹਰ ਥਾਂ ਲੋਕ ਜ਼ਮੀਰ।
ਸੰਪਰਕ: 97812-00168
* * *
ਬਹਿਸ਼ਤ
ਮਾਸਟਰ ਬਚਿੱਤਰ ਸਿੰਘ ਜਟਾਣਾ
ਧਰਤੀ ਬਹਿਸ਼ਤ ਬਣ ਜਾਵੇ,
ਜੇ ਹੱਦਾਂ-ਸਰਹੱਦਾਂ ਮਿਟ ਜਾਵਣ।
ਨਾ ਕਿਧਰੇ ਕੋਈ ਜੰਗ ਹੋਵੇ,
ਨਾ ਹਥਿਆਰਾਂ ਦੀ ਮੰਗ ਹੋਵੇ।
ਨਾ ਕੋਈ ਮਜ਼ਹਬ ਜਾਤ ਹੋਵੇ,
ਸਰਬੱਤ ਦੇ ਭਲੇ ਦੀ ਬਾਤ ਹੋਵੇ।
ਵਖਰੇਵੇਂ ਦੀ ਨਾ ਗੱਲ ਹੋਵੇ,
ਕਿਧਰੇ ਕੋਈ ਨਾ ਛਲ ਹੋਵੇ।
ਸਭ ਧਰਮਾਂ ਦਾ ਸਤਿਕਾਰ ਹੋਵੇ,
ਕੱਟੜਤਾ ਦਾ ਨਾ ਪ੍ਰਚਾਰ ਹੋਵੇ।
ਮਨੁੱਖਾਂ ਤੇ ਰੁੱਖਾਂ ਨਾਲ ਪਿਆਰ ਹੋਵੇ,
ਧਰਤ, ਪੌਣ, ਪਾਣੀ ਦਾ ਸਤਿਕਾਰ ਹੋਵੇ।
ਜੰਗਲਾਂ ਤੇ ਫੁੱਲਾਂ ਦੀ ਮਹਿਕ ਹੋਵੇ,
ਅੰਬਰੀਂ ਪੰਛੀਆਂ ਦੀ ਚਹਿਕ ਹੋਵੇ।
ਹਰ ਬੋਲੀ ਆਬਾਦ ਹੋਵੇ,
ਨਾ ਕੋਈ ਭੇਦ-ਭਾਵ ਹੋਵੇ।
ਸ਼ਾਂਤੀ ਦਾ ਪੈਗਾਮ ਅਸਲ ਹੋਵੇ,
ਸਭ ਦਾ ਸੋਹਣਾ ਵਸਲ ਹੋਵੇ।
ਕਾਸ਼! ਜਟਾਣੇ ਫ਼ਰਿਆਦ ਪੂਰੀ ਹੋ ਜਾਵੇ,
ਜੰਗਾਂ ਮਾਰੀ ਧਰਤੀ, ਬਹਿਸ਼ਤ ਹੋ ਜਾਵੇ।
ਸੰਪਰਕ: 96469-05801
* * *
ਉੱਡਦੇ ਉੱਡਦੇ ਬੱਦਲਾ
ਪਰਮਜੀਤ ਸਿੰਘ ਬਾਗੜੀਆ
ਉੱਡਦੇ ਉੱਡਦੇ ਬੱਦਲਾ ਖੜ੍ਹ ਜਾ
ਕਿੱਥੇ ਚੱਲਿਆਂ, ਏਥੇ ਈ ਵਰ੍ਹ ਜਾ
ਕਈ ਦਿਨਾਂ ਤੋਂ ਗਰਮੀ ਬੜੀ ਏ
ਧਰਤੀ ਵੀ ਤਾਂ ਪਈ ਸੜੀ ਏ
ਸਭ ਲਈ ਮੁਸ਼ਕਿਲ ਦੀ ਘੜੀ ਏ
ਤੂੰ ਵਰ੍ਹ ਕੇੇ ਸੌਖਿਆਂ ਕਰ ਜਾ
ਉੱਡਦੇ ਉੱਡਦੇ...
ਕਿਸਾਨ ਵਿਚਾਰਾ ਕਰੇ ਉਡੀਕਾਂ
ਧਰਤੀ ਉੱਤੇ ਵਾਹੁੰਦਾ ਲੀਕਾਂ
ਉਂਗਲੀਂ ਗਿਣਦਾ ਰੋਜ਼ ਤਰੀਕਾਂ
ਹੁਣ ਤਾਂ ਰਹਿਮਤ ਕਰ ਜਾ
ਉੱਡਦੇ ਉੱਡਦੇ...
ਪੌਦੇ, ਪੰਛੀ, ਪਸ਼ੂ ਵਿਚਾਰੇ
ਤਪਦੀ ਗਰਮੀ ਝੱਲਣ ਸਾਰੇ
ਫਿਰਦੇ ਪਏ ਨੇ ਮਾਰੇ ਮਾਰੇ
ਪਾ ਦੇ ਕਣੀਆਂ ਦਬਜੇ ਗਰਦਾ
ਉੱਡਦੇ ਉੱਡਦੇ...
ਨਾ ਵਰ੍ਹਿਆ ਤਾਂ ਗੱਲ ਨਾ ਚੰਗੀ
ਲੋਕ ਤਾਂ ਬੈਠੇ ਮੰਨਤਾਂ ਮੰਗੀ
ਵੇਖਣੀ ਪੀਂਘ ਪਈ ਸਤਰੰਗੀ
ਸਾਡੀ ਰੀਝ ਤੂੰ ਪੂਰੀ ਕਰ ਜਾ
ਉੱਡਦੇ ਉੱਡਦੇ...
ਜੇ ਨਾ ਬੱਦਲਾ ਵਰ੍ਹਿਆ ਹਾਲੇ
ਗਰਮੀ ਨੇ ਪਾ ਦੇਣੇ ਲਾਲੇ
ਸੁੱਕਦੇ ਸੋਮੇ ਪਾਣੀਆਂ ਵਾਲੇ
ਨੱਕੋ-ਨੱਕ ਤੂੰ ਭਰ ਜਾ
ਉੱਡਦੇ ਉੱਡਦੇ...
ਸੰਪਰਕ: 98147-65705
* * *
ਕਹਿਣੇ
ਪੰਪੋਸ਼ ਕਲਸੀ
ਕਹਿਣ ਵਾਲੇ ਕਹਿਣ ਆਸ਼ਕ ਅਰ ਮਾਸ਼ੂਕ
ਰਹਿ ਸਕਣ ਦੁਇ ਹੁਇ ਕਿਨਾਰੇ ਇਸ਼ਕ
ਦੇ ਦਰਿਆਉ ਦੇ
ਗਰ ਇਹ ਪਾਣੀ ਇਸ਼ਕ ਦਾ ਵਹਿੰਦਾ
ਰਹੇ ਦੋਹੀਂ ਕਿਨਾਰੀਂ
ਪਾਕ-ਨਿਰਮਲ ਨਿਤਰਿਆ ਰਹਿ ਜ਼ਾਬਤੇ
ਵਿੱਚ ਹਰ ਸਮੇਂ
ਮੁਕਤ ਰਹਿ ਸੈਲਾਬ ਤੋਂ
ਅੱਲ੍ਹਾ ਅੱਲ੍ਹਾ ਖ਼ੈਰ ਸੱਲ੍ਹਾ
ਇਸ ਤੋਂ ’ਗਾਹਾਂ ਗਰ ਹੁਇ ਅੱਲ੍ਹਾ ਕਰਮ
ਹੁਇ ਸਕਣ ਯਕ-ਜਾਨ ਅਰੁ ਯਕ-ਜਿਸਮ
ਦੁਇ ਅੱਡਰੇ ਕਿਨਾਰੇ
ਲੱਖ ਟਕਿਆਂ ਦਾ ਸਵਾਲਾਂ ਦਾ ਸਵਾਲ
ਹਸ਼ਰ ਕੀ ਹੋਣਾ ਉਦੋਂ ਪਾਣੀ ਦਾ ਦੱਸਿਓ
ਕਹਿਣ ਵਾਲੇ ਕਹਿਣਿਓਂ
ਦੱਸਣਾ ਜ਼ਰੂਰੀ ਕਹਿਣ ਵਾਲੇ ਕਹਿਣਿਓਂ
ਦੱਸਣਾ ਜ਼ਰੂਰ।
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਦਰਿਆ ਕੋਲ ਪਿਆਸ ਖੜ੍ਹੀ ਸੀ ਨਿੰਮੋਝੂਣੀ ਹੋ ਕੇ।
ਲਹਿਰਾਂ ਏਨਾ ਸ਼ੋਰ ਮਚਾਇਆ ਹੱਸ-ਹੱਸ ਕੇ ਰੋ-ਰੋ ਕੇ।
ਨੇਰ੍ਹਾ ਫਿਰ ਵੀ ਨੇਰ੍ਹੇ ਜੋਗਾ ਨੇਰ੍ਹੇ ਦੇ ਗੁਣ ਗਾਏ,
ਜੁਗਨੂੰ ਐਵੇਂ ਕਾਲਖ਼ ਲਾਹਵੇ ਮਲ-ਮਲ ਕੇ ਧੋ-ਧੋ ਕੇ।
ਬੱਦਲ ਦੀ ਬੇਰਹਿਮੀ ਨੇ ਐਸਾ ਕਹਿਰ ਕਮਾਇਆ,
ਛੱਤ ਹਾਲੋ-ਬੇਹਾਲ ਸੀ ਹੋਈ ਬਾਰਿਸ਼ ਵਿੱਚ ਚੋ-ਚੋ ਕੇ।
ਬੱਤੀ ਨੇ ਮਜ਼ਬੂਤੀ ਦੇ ਨਾਲ ਲੋਅ ਨਾ ਬੁਝਣ ਦਿੱਤੀ,
ਤੇਜ਼ ਹਵਾਵਾਂ ਦੀਵੇ ਉੱਪਰ ਆਈਆਂ ਨੇ ਹੋ-ਹੋ ਕੇ।
ਉਜਰਤ ਦੇ ਨਾਲ ਤਨ ਦੇ ਉੱਤੋਂ ਮੁੜ੍ਹਕਾ ਵੀ ਨਾ ਸੁੱਕਾ,
ਸਾਰੇ ਕਾਮੇ ਪੱਥਰ ਰੋੜੇ ਮਰ ਗਏ ਨੇ ਢੋਹ-ਢੋਹ ਕੇ।
ਪ੍ਰਸ਼ਾਸਨ ਤਕ ਆਏ ਸੀ ਜੋ ਲੋਕ ਸ਼ਿਕਾਇਤ ਕਰਤਾ,
ਝੂਠੇ ਇੱਕ ਮੁਕਦਮੇ ਅੰਦਰ ਮਾਰੇ ਨੇ ਕੋਹ-ਕੋਹ ਕੇ।
ਝੁੱਗੀਆਂ ਦੇ ਵਿੱਚ ਭੁੱਖ ਵਿਚਾਰੀ ਤੜਪ-ਤੜਪ ਕੇ ਮੋਈ,
ਰੱਜੇ ਲੋਕੀਂ ਲੈ ਗਏ ਰਾਸ਼ਨ ਹੱਥੋਂ-ਹੱਥੀਂ ਖੋਹ ਕੇ।
ਪੀੜ ਪਿਆਰੀ ਨੇ ਤਾਂ ਬਿਲਕੁਲ ਉੱਘ-ਸੁੱਘ ਵੀ ਨਾ ਕੱਢੀ,
ਹੰਝੂਆਂ ਆਤਮ-ਹੱਤਿਆ ਕੀਤੀ ਅੱਖਾਂ ਵਿੱਚ ਸਮੋ ਕੇ।
ਬਾਲਮ ਕਿਧਰੇ ਦੱਸ ਨਾ ਬੈਠੀਂ ਲੋਕੀਂ ਵਿੱਚੋਂ ਖਚਰੇ,
ਅਪਣੇ ਦਿਲ ਦੇ ਅੰਦਰ ਰੱਖੀਂ ਖ਼ੁਸ਼ੀਆਂ ਜ਼ਖ਼ਮ ਲੁਕੋ ਕੇ।
ਸੰਪਰਕ: 98156-25409
* * *
ਸੱਚੀਆਂ ਗੱਲਾਂ
ਡਾ. ਸਾਧੂ ਰਾਮ ਲੰਗੇਆਣਾ
ਕੁਦਰਤ ਦੀ ਬਲਿਹਾਰੀ ਚੰਗੀ, ਵਿੱਦਿਆ ਵਿਚਾਰੀ ਚੰਗੀ
ਮਿਹਨਤ ਸਦਾ ਅਗਾੜੀ ਚੰਗੀ, ਸੁਸਤੀ ਪਿਛਾੜੀ ਚੰਗੀ
ਪਰ੍ਹੇ ’ਚ ਗੱਲ ਕਰਾਰੀ ਚੰਗੀ, ਝੂਠ ਦੀ ਪਰਚੀ ਪਾੜੀ ਚੰਗੀ
ਕਹਿਣੇ ਦੇ ਵਿੱਚ ਨਾਰੀ ਚੰਗੀ, ਮਾੜੀ ਗੱਲ ਫਿਟਕਾਰੀ ਚੰਗੀ
ਸਦਾ ਨਹੀਂ ਚਿਟਕਾਰੀ ਚੰਗੀ, ਵਿਗੜੀ ਗੱਲ ਬੁਸ਼ਕਾਰੀ ਚੰਗੀ
ਤਿਰਛੀ ਨਿਗ੍ਹਾ ਨ੍ਹੀਂ ਧਾਰੀ ਚੰਗੀ, ਮੈਲ਼ ਮਨਾਂ ’ਚੋਂ ਮਾਰੀ ਚੰਗੀ
ਗੱਲ ਸਦਾ ਸੰਸਾਰੀ ਚੰਗੀ, ਗ਼ਮ ’ਚ ਨਹੀਂ ਨਚਾਰੀ ਚੰਗੀ
ਪੰਛੀ ਚੋਗ਼ ਖਿਲਾਰੀ ਚੰਗੀ, ਮੁਫ਼ਤ ’ਚ ਨ੍ਹੀਂ ਮੁਖਤਿਆਰੀ ਚੰਗੀ
ਨਹੀਂ ਮਾਪੇ ਗੱਲ ਦੁਰਕਾਰੀ ਚੰਗੀ, ਨਾਨਕ ਨਾਮ ਖੁਮਾਰੀ ਚੰਗੀ
ਛੂਤ ਦੀ ਨਹੀਂਓ ਬਿਮਾਰੀ ਚੰਗੀ, ਸਤਿਗੁਰੂ ਤੇਰੀ ਪਾਰੀ ਚੰਗੀ
ਘਰ ਵੱਜੀ ਕਿਲਕਾਰੀ ਚੰਗੀ, ਹੱਸਦੀ ਰਾਜ ਦੁਲਾਰੀ ਚੰਗੀ
ਨਾਰੀ ਸੋਂਹਦੀ ਸਾੜ੍ਹੀ ਚੰਗੀ, ਔਰਤ ਨਹੀਂ ਅਨਾੜੀ ਚੰਗੀ
ਚਾਹ ਹੋਵੇ ਤਾਂ ਗਾੜ੍ਹੀ ਚੰਗੀ, ਤੰਦੂਰ ਦੀ ਰੋਟੀ ਰਾੜ੍ਹੀ ਚੰਗੀ
ਇਮਲੀ ਮਿਲੇ ਪਹਾੜੀ ਚੰਗੀ, ਰੰਗੀ ਨਹੀਓਂ ਦਾੜ੍ਹੀ ਚੰਗੀ
ਗਿੱਲੀ ਸਰੋਂ ਖਿਲਾਰੀ ਚੰਗੀ, ਬੋਹਲ਼ ਭਰੇ ਤਾਂ ਹਾੜ੍ਹੀ ਚੰਗੀ
ਸ਼ਗਨਾਂ ਦੀ ਫੁਲਕਾਰੀ ਚੰਗੀ, ਘੁੰਡ ਵਿੱਚ ਜੱਚਦੀ ਲਾੜੀ ਚੰਗੀ
ਖ਼ਸਖ਼ਸ ਘਿਓ ’ਚ ਕਾੜ੍ਹੀ ਚੰਗੀ, ਦਾਲ਼ ਧਰਨ ਲਈ ਹਾਰੀ ਚੰਗੀ
ਮਰੀਜ਼ ਨੂੰ ਖਿਚੜੀ ਖਾਰੀ ਚੰਗੀ, ਘਬਰਾ ਤੋਂ ਸੰਤਰਾ ਫਾੜ੍ਹੀ ਚੰਗੀ
ਸੂਰਮੇ ਦੀ ਮੁੱਛ ਚਾੜ੍ਹੀ ਚੰਗੀ, ਜ਼ਮੀਰ ਕਾਇਮ ਸਰਦਾਰੀ ਚੰਗੀ
ਨਹੀਓਂ ਚੋਰ ਬਜ਼ਾਰੀ ਚੰਗੀ, ਗ਼ਦਾਰ ਦੀ ਪਿੱਠ ਲਤਾੜੀ ਚੰਗੀ
ਲਾਲਚ ਨੂੰ ਲੱਤ ਮਾਰੀ ਚੰਗੀ, ਖੋਟੀ ਨੀਅਤ ਡਕਾਰੀ ਚੰਗੀ
ਖੋਤੇ ’ਤੇ ਘੁਮਿਆਰੀ ਚੰਗੀ, ਹੱਟੀ ਤੇ ਕਰਾੜੀ ਚੰਗੀ
ਗਹਿਣੇ ਭਰੀ ਸੁਨਿਆਰੀ ਚੰਗੀ, ਗੰਨੇ ਲਈ ਘੁਲਾੜੀ ਚੰਗੀ
ਚੋਰ ਨਾਲ ਨਹੀਓਂ ਯਾਰੀ ਚੰਗੀ, ਭੁੱਖੀ ਰਾਤ ਗੁਜ਼ਾਰੀ ਚੰਗੀ
ਉੱਚੀ ਮਾਰ ਉਡਾਰੀ ਚੰਗੀ, ਕਿਰਤ ਦੀ ਕਲਾ ਜੁਗਾੜੀ ਚੰਗੀ
ਹੋਲ਼ੀ ਤੇ ਪਿਚਕਾਰੀ ਚੰਗੀ, ਨੌਕਰੀ ਮਿਲੇ ਸਰਕਾਰੀ ਚੰਗੀ
ਨਹੀਂ ਸੱਥਰ ’ਤੇ ਤਾੜੀ ਚੰਗੀ, ਨਹੀਂ ਚੱਕਣੀਂ ਪੰਡ ਭਾਰੀ ਚੰਗੀ
ਬਿਰਧ ਨੂੰ ਫਰਸ਼ ਖਰਾੜ੍ਹੀ ਚੰਗੀ, ਭੀੜ ਸਮੇਂ ਹੁਸ਼ਿਆਰੀ ਚੰਗੀ
ਟੈਕਸੀ ਸਦਾ ਸ਼ਿੰਗਾਰੀ ਚੰਗੀ, ਦਿੱਤੀ ਰਾਇ ਗੁਣਕਾਰੀ ਚੰਗੀ
ਖਿਡਾਰੀ ਹੌਸਲਾ ਤਾੜੀ ਚੰਗੀ, ਸੋਚ ਸਦਾ ਵਿਚਾਰੀ ਚੰਗੀ
‘ਲੰਗੇਆਣਾ’ ਸੱਚ ਪਟਾਰੀ ਚੰਗੀ, ਕਲ਼ਮ ਸਦਾ ਸੁਧਾਰੀ ਚੰਗੀ
ਘਰ ਦੀ ‘ਸਾਧੂ’ ਸਵਾਰੀ ਚੰਗੀ, ਠੱਗੀ ਨਹੀਓਂ ਮਾਰੀ ਚੰਗੀ
ਸੰਪਰਕ: 98781-17285
* * *
ਛੱਲਾ
ਬਲਤੇਜ ਸੰਧੂ
ਵੇ ਛੱਲਿਆ ਅੱਜ ਕੱਲ੍ਹ ਕਿੱਥੇ ਕੱਤ ਹੁੰਦੀ ਏ ਪੂਣੀ
ਨਾ ਕੋਈ ਫੱਟੀਆਂ ਉੱਤੇ ਲਿਖਦਾ ਏਕਾ ਦੂਇਆ ਦੂਣੀ
ਨਾ ਪਿੱਪਲੀਂ ਪੀਘਾਂ ਰਹੀਆਂ ਨਾ ਕੋਈ ਤੁਰੇ ਕਹਾਣੀ
ਵਾਰੋ ਵਾਰੀ ਤੁਰ ਗਏ ਪਰਲੇ ਦੇਸ਼ ਵੇ ਹਾਣੀ।।
ਵੇ ਛੱਲਿਆ ਹਾਰਾਂ
ਕੈਸੀਆਂ ਮਾਰ ਗਏ ਵੇ ਸੱਜਣ ਮਾਰਾਂ...
ਨਾ ਖੂਹ ਰਹੇ ਵੇ ਛੱਲਿਆ ਨਾ ਘੜਾ ਢਾਕ ’ਤੇ ਧਰੇ ਸੁਆਣੀ
ਨਾ ਵੇ ਨਾ ਛੇੜ ਨਾ ਕੋਈ ਚੰਦਰੀ ਛੱਲਿਆ ਪੀੜ ਪੁਰਾਣੀ
ਨਾ ਕੋਈ ਰਿਹਾ ਏਥੇ ਦੁੱਖਾਂ ਦਾ ਦਰਦੀ ਨਾ ਕੋਈ ਸੁਣੇ ਦਰਦ ਕਹਾਣੀ।।
ਵੇ ਛੱਲਿਆ ਕਰ ਨਾ ਮਰਜ਼ੀ
ਏਥੇ ਦੁਨੀਆ ਪਿਆਰ ਪੈਸੇ ਨੂੰ ਕਰਦੀ...
ਸੁਣ ਵੇ ਛੱਲਿਆ ਇਹ ਦੁਨੀਆ ਬਣ ਗਈ ਖ਼ੁਦਗਰਜ਼ਾਂ ਦੀ ਮੰਡੀ
ਝੂਠੀ ਠਾਠ ਬਾਠ ਰਹਿ ਗਈ ਨਫ਼ਰਤਾਂ ਜਾਂਦੇ ਝੋਲ਼ੀਆਂ ਭਰ ਭਰ ਵੰਡੀ,
ਵੇ ਛੱਲਿਆ ਤੌਬਾ ਇਹ ਕਹਾਣੀ ਪਤਝੜ ਆਈ ਲੱਗਦੀ ਏਂ ਮਰਜਾਣੀ
ਲੋਕੀਂ ਮਤਲਬਖੋਰੇ ਵੇ ਸੰਧੂਆ ਪਾਈ ਬੈਠੇ ਪਾਣੀ ਵਿੱਚ ਮਧਾਣੀ...
ਵੇ ਛੱਲਿਆ ਨਾ ਤੇਰੇ ਨਾ ਮੇਰੇ ਚਾਚੇ ਤਾਏ
ਏਥੇ ਸਾਥ ਵੀ ਛੱਡ ਜਾਂਦੇ ਨੇ ਕੁੱਖੋਂ ਜਾਏ...।
ਸੰਪਰਕ: 94658-18158
* * *
ਆ ਜ਼ਿੰਦਗੀ ਦਾ ਜਸ਼ਨ ਮਨਾਈਏ
ਗੁਰਸ਼ਰਨ ਸਿੰਘ ਨਰੂਲਾ
ਜੀਵਨ ਧਾਰਾ ਵਹਿ ਵੀ ਰਹੀ ਏ
ਸਭਨਾਂ ਨੂੰ ਕਹਿ ਵੀ ਰਹੀ ਏ
ਵਾਂਗ ਲਹਿਰਾਂ ਦੇ
ਕਿਸੇ ਦੀ ਸੁਣੀਏ, ਆਪਣੀ ਸੁਣਾਈਏ,
ਆ ਜ਼ਿੰਦਗੀ ਦਾ...
ਜੀਵਨ ਤਾਂ ਹੈ ਸੁੱਚਾ ਮੋਤੀ
ਕਰੀਏ ਨਾ ਆਪਣੀ ਨਜ਼ਰ ਹੀ ਖੋਟੀ
ਕੋਈ ਇਹਦੇ ਗਲ ਗਾਨੀ ਪਾਵੇ
ਕੋਈ ਇਹਨੂੰ ਜੂਏ ’ਚ ਲਾਵੇ
ਇਹਨੂੰ ਜੌਹਰੀ ਕੋਲ ਲਿਜਾਈਏ,
ਆ ਜ਼ਿੰਦਗੀ ਦਾ...
ਜਾਂ ਫਿਰ ਜ਼ਿੰਦਗੀ ਮੋਤੀਆਂ ਦੀ ਮਾਲਾ
ਨੀਲਾ, ਪੀਲਾ ਕੋਈ ਮਣਕਾ ਕਾਲਾ
ਹਰ ਇੱਕ ਦਾ ਹੈ ਰੰਗ ਨਿਰਾਲਾ
ਵੇਖਣ ਸੋਚਣ ਸਮਝਣ ਵਾਲਾ
ਚਮਕ ਏਸ ਦੀ ਨਾ ਘਟਾਈਏ,
ਆ ਜ਼ਿੰਦਗੀ ਦਾ...
ਮੁੱਢ ਤੋਂ ਆਉਂਦੀ ਘੋੜੀ ਚੜ੍ਹੀ ਏ
ਡੋਲੀ ਪੈ ਜਾਂ ਸਹੁਰੇ ਚਲੀ ਏ
ਕੋਈ ਰਾਂਝਾ ਕੋਈ ਹੀਰ ਬਣ ਜਾਈਏ,
ਆ ਜ਼ਿੰਦਗੀ ਦਾ...
ਸ਼ਗਨਾਂ ਵਿੱਚ ਮਗਨ ਹੋ ਜਾਈਏ
ਡੱਕੀਏ ਵੈਣ ਤੇ ਸੁਹਲੇ ਗਾਈਏ
ਆ ਜ਼ਿੰਦਗੀ ਦਾ ਜਸ਼ਨ ਮਨਾਈਏ।
ਸੰਪਰਕ: 93165-44777