ਕਵਿਤਾਵਾਂ
ਪਿੰਡ ਦੀ ਮਿੱਟੀ
ਓਮਕਾਰ ਸੂਦ ਬਹੋਨਾ
ਗ਼ਜ਼ਲਾਂ ਤੇ ਕਵਿਤਾਵਾਂ ਵਰਗੀ।
ਪਿੰਡ ਦੀ ਮਿੱਟੀ ਮਾਵਾਂ ਵਰਗੀ।
ਪਿੰਡ ਜਾਣ ਦੀ ਖ਼ਾਹਿਸ਼ ਜਦੋਂ ਵੀ,
ਆਵੇ, ਲਗਦੀ ਚਾਵਾਂ ਵਰਗੀ।
ਪਿੰਡ ਦੀ ਮਿੱਟੀ ਪਾਕ ਪਵਿੱਤਰ,
ਗੁਰੂ-ਪੀਰਾਂ ਦੀਆਂ ਥਾਵਾਂ ਵਰਗੀ।
ਪਿੰਡੋਂ ਆਈ ’ਵਾਜ ਵੀ ਜਾਪੇ,
ਬਾਪੂ ਦੀਆਂ ਸਲਾਹਵਾਂ ਵਰਗੀ।
ਪਿੰਡ ਦੀ ਵਗਦੀ ਲੂ ਵੀ ਤੱਤੀ,
ਸਾਵਣ ਦੀਆਂ ਘਟਾਵਾਂ ਵਰਗੀ।
ਬਹੁਤ ਦੂਰ ਹੁਣ ਇਸ ਸ਼ਹਿਰ ਵਿੱਚ,
ਪਿੰਡ ਦੀ ਯਾਦ ਭਰਾਵਾਂ ਵਰਗੀ।
ਪਿੰਡ ਮੇਰੇ ਦੀ ਗੱਲ ਕੋਈ ਵੀ,
ਲੱਗੇ ਪਰੀ ਕਥਾਵਾਂ ਵਰਗੀ।
ਪਿੰਡੋਂ ਆਈ ‘ਕਾਲ’ ਫੋਨ ਦੀ,
ਮਾਂ ਦੀਆਂ ਸ਼ੁੱਧ ਦੁਆਵਾਂ ਵਰਗੀ।
ਯਾਰ ਬਹੋਨੇ ਮੁੜ ਪਿੰਡ ਚੱਲੀਏ,
ਸ਼ਹਿਰੀ ਮੌਜ ਸਜ਼ਾਵਾਂ ਵਰਗੀ।
ਸੰਪਰਕ: 96540-36080
* * *
ਗ਼ਜ਼ਲ
ਰੋਜ਼ੀ ਸਿੰਘ
ਸਮੇਂ ਨੇ ਵਾਰ-ਵਾਰ ਹਿੱਸਿਆਂ ਵਿੱਚ ਵੰਡਿਆ ਮੈਨੂੰ,
ਅਨੇਕਾਂ ਠੋਕਰਾਂ, ਮੁਸੀਬਤਾਂ ਰਲ ਚੰਡਿਆ ਮੈਨੂੰ।
ਮੈਂ ਜਿਨ੍ਹਾਂ ਦੇ ਲਈ ਜਾਨ ਵੀ ਸੀ ਦਾਅ ਉੱਤੇ ਲਾਈ,
ਉਨ੍ਹਾਂ ਹੀ ਦੋਸਤਾਂ ਕੂਚੇ ਗਲੀ ਵਿੱਚ ਭੰਡਿਆ ਮੈਨੂੰ।
ਮੇਰੀ ਪਰਵਾਜ਼ ਸਦਾ ਅੰਬਰਾਂ ਤੱਕ ਪੁੱਜਦੀ ਰਹੀ,
ਤੂਫ਼ਾਨਾਂ ਨੇ ਬਿਨਾਂ ਸ਼ੱਕ ਲੱਖ ਵਾਰੀ ਫੰਡਿਆ ਮੈਨੂੰ।
ਜਿਨ੍ਹਾਂ ਨੂੰ ਕਦੇ ਮੈਂ ਸਮਝਿਆ ਸੀ ਦੋਸਤੀ ਲਾਇਕ,
ਉਨ੍ਹਾਂ ਨੇ ਪਰਖਿਆ, ਵਰਤਿਆ ਤੇ ਛੰਡਿਆ ਮੈਨੂੰ।
ਪਿਆਰ ਵਿੱਚ ਮੈਂ ਹਰ ਵਾਰ ਟੁੱਟ ਕੇ ਬਿਖਰਿਆ ਹਾਂ,
ਇਹ ਤੇਰੀ ਬੇਰੁਖ਼ੀ ਨੇ ਆ ਦੁਬਾਰਾ ਗੰਢਿਆ ਮੈਨੂੰ।
ਨ ਜਾਣੇ ਮੌਸਮਾਂ ਦੇ ਨਾਲ ਮੇਰੀ ਕਿਉਂ ਨਹੀਂ ਬਣਦੀ,
ਸਦਾ ਬੇਮੌਸਮੀ ਬਾਰਿਸ਼ ਨੇ ਆਣ ਕਰੰਡਿਆ ਮੈਨੂੰ।
ਸੰਪਰਕ: 99889-64633
* * *
ਇੱਕ ਦੂਜੇ ਨਾਲ...
ਚਰਨਜੀਤ ਸਮਾਲਸਰ
ਉਸ ਨੂੰ
ਮੇਰੇ ਸਿਰ ’ਤੇ
ਉਲਾਂਭਾ ਹੈ
ਕਿ ਮੈਂ
ਉਸ ਦੀ ਖ਼ੁਸ਼ੀ ਵਿੱਚ
ਸ਼ਾਮਿਲ ਨਹੀਂ ਹੁੰਦਾ...
ਮੈਨੂੰ ਵੀ ਤਾਂ
ਉਸ ਦੇ ਸਿਰ ’ਤੇ
ਗਿਲਾ ਹੈ
ਕਿ ਉਹ ਮੇਰੇ
ਦੁੱਖਾਂ ’ਚ
ਸ਼ਾਮਿਲ ਨਹੀਂ ਹੁੰਦੀ...
ਮੈਂ ਇੱਕ ਕਵਿਤਾ ਲਿਖ ਕੇ
ਉਸ ਦੀ ਖ਼ੁਸ਼ੀ ਨੂੰ
ਦੁੱਗਣਾ ਕਰ ਦਿੰਦਾ ਹਾਂ...
ਤੇ ਉਹ
ਉਸ ਕਵਿਤਾ ਨੂੰ ਪੜ੍ਹ ਕੇ
ਠੰਢਾ ਹਾਉਕਾ ਭਰ ਕੇ
ਮੇਰੇ ਦੁੱਖਾਂ ਨੂੰ
ਅੱਧਾ ਕਰ ਦਿੰਦੀ ਹੈ...
ਏਸ ਤਰ੍ਹਾਂ
ਇੱਕ ਦੂਜੇ ਨਾਲ
ਜੁੜੇ ਹੋਏ ਹਾਂ ਅਸੀਂ...
ਸੰਪਰਕ: 98144-00878
* * *
ਤਰਕ
ਸਤਨਾਮ ਸ਼ਾਇਰ
ਸਿਆਣਿਆਂ ਕੋਲ ਤਰਕ ਬੜਾ ਏ।
ਕਹਿੰਦੇ ਆਕੜ ਤੇ ਰੋਸੇ ਵਿੱਚ ਫ਼ਰਕ ਬੜਾ ਏ।
ਰੋਸਾ ਚਹੁੰ ਦਿਨਾਂ ਵਿੱਚ ਹਰ ਜਾਂਦਾ।
ਆਕੜ ਵਿੱਚ ਮੁਰਦਾ ਸੜ ਜਾਂਦਾ।
ਹੌਸਲਾ ਜਿੰਦ ਨੂੰ ਜਿਊਂਦਿਆਂ ਵਿੱਚ ਕਰ ਜਾਂਦਾ।
ਸਿਆਣਿਆਂ ਕੋਲ ਤਰਕ ਬੜਾ ਏ।
ਸੱਚੀ ਗੱਲ ਸੂਲ ਵਾਂਗ, ਸੀਨੇ ਵਿੱਚ ਚੁੱਭਦੀ।
ਅੜੀਅਲ ਬੰਦੇ ਦੀ, ਹਰ ਇੱਕ ਅੜੀ ਪੁੱਗਦੀ।
ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ।
ਇਲਾਜ ਨਾਲੋਂ ਪਰਹੇਜ਼, ਕਹਿੰਦੇ ਚੰਗਾ ਹੁੰਦਾ।
ਗੁਣਕਾਰੀ ਔਲੇ ਦਾ, ਅਰਕ ਬੜਾ ਏ।
ਸਿਆਣਿਆਂ ਕੋਲ ਤਰਕ ਬੜਾ ਏ।
ਇੱਜ਼ਤ ਨੂੰ ਦਾਗ਼ ਲੱਗੇ, ਕੋਈ ਨਹੀਂ ਚਾਹੁੰਦਾ।
ਜਨਾਨੀ-ਬਾਜ਼ ਯਾਰੋ ਕਦੇ ਬਾਜ਼ ਨਹੀਂ ਆਉਂਦਾ।
ਬੈਠੀਦਾ ਨਹੀਂ ਹੁੰਦਾ ਹੋ ਕੇ, ਬਹੁਤਾ ਨੇੜੇ ਅੱਗ ਦੇ।
ਮੁਲਾਕਾਤ ਲਈ ਆਸ਼ਕ, ਜਗ੍ਹਾ ਇਕਾਂਤ ਲੱਭਦੇ।
ਛੜਾ-ਛਾਟ ਭੋਰਦਾ, ਠਰਕ ਬੜਾ ਏ।
ਸਿਆਣਿਆਂ ਕੋਲ ਤਰਕ ਬੜਾ ਏ।
ਹੰਕਾਰ ਗਿਆ ਸ਼ਾਇਰ ਸਤਨਾਮ ਕਹਿੰਦੇ।
ਸਾਰ ਤਾਂ ਕੀ ਲੈਣੀ, ਸੱਜਣ ਵੀ ਸਵਾਦ ਲੈਂਦੇ।
ਅੱਜ-ਕੱਲ੍ਹ ਲੋਕੀਂ, ਬਸ ਤਮਾਸ਼ਾ ਤੱਕਦੇ।
ਨਰਮ ਸੁਭਾਅ ਦਾ, ਬਸ ਫ਼ਾਇਦਾ ਚੱਕਦੇ।
ਅੜ੍ਹਬ ਬੰਦੇ ਨੂੰ ਆਉਂਦਾ, ਹਰਖ਼ ਬੜਾ ਏ।
ਸਿਆਣਿਆਂ ਕੋਲ ਤਰਕ ਬੜਾ ਏ।
ਧਰਤੀ ਉੱਤੇ ਜ਼ਿੰਦਾ ਲਾਸ਼ ਦਾ ਜੀਣਾ ਨਰਕ ਹੁੰਦਾ।
ਕਹਿਣੀ ਤੇ ਕਰਨੀ ਵਿੱਚ, ਮਿੱਤਰਾ ਬੜਾ ਫ਼ਰਕ ਹੁੰਦਾ।
ਗਰਜਣ ਵਾਲੇ ਬੱਦਲ, ਕਦੇ ਵਰ੍ਹਦੇ ਨਹੀਂ ਹੁੰਦੇ।
ਖ਼ੁਦ ਦੀ ਤੁਲਨਾ, ਕਿਸੇ ਨਾਲ ਕਰਦੇ ਨਹੀਂ ਹੁੰਦੇ।
ਪੈਮਾਨਾ ਮਾੜੇ ਵਕਤ ਦਾ, ਕਰਦਾ ਪਰਖ ਬੜਾ ਏ।
ਸਿਆਣਿਆਂ ਕੋਲ ਤਰਕ ਬੜਾ ਏ।
ਸੰਪਰਕ: 98787-15593
* * *
ਕੁਫ਼ਰ ਤੋਲ ਤੋਲ ਕੇ
ਡਾ. ਸਾਧੂ ਰਾਮ ਲੰਗੇਆਣਾ
ਕੁਫ਼ਰਾਂ ਦੇ ਕੁਫ਼ਰ ਤੋਲ ਤੋਲ ਕੇ ਝੱਲਿਆ
ਐਵੇਂ ਕਿਉਂ ਮਣਾਂ ਮੂੰਹੀਂ ਦਾਅਵੇ ਕਰੀ ਜਾਨੈਂ।
ਤੂੰ ਅੰਬਰਾਂ ਤੋਂ ਤਾਰੇ ਕੀ ਤੋੜ ਲਿਆਵੇਂਗਾ।
ਤੂੰ ਤਾਂ ਆਪਣੇ ਪਰਛਾਵੇਂ ਤੋਂ ਹੀ ਡਰੀ ਜਾਨੈਂ।
ਮੇਰੇ ਵਿੱਚ ਵੀ ਤੇਰੇ ਵਾਂਗੂੰ ਜਾਨ ਏ ਜਾਨ ਝੱਲਿਆ।
ਜਤਾਉਣਾ ਹੈ ਤਾਂ ਵਿਸ਼ਵਾਸ ਜਤਾਇਆ ਕਰ
ਤੇਰੇ ਮਾਰੇ ਫੁੱਲ ਦਾ ਮੇਰੇ ਚਿਹਰੇ ’ਤੇ ਨਿਸ਼ਾਨ ਏ ਝੱਲਿਆ
ਐਵੇਂ ਗੱਲ ਗੱਲ ’ਤੇ ਨਾ ਪਤਿਆਇਆ ਕਰ।
ਚੰਨ ਤੇ ਚਕੋਰ ਤਾਂ ਬੱਸ ਇੱਕ ਕਹਾਵਤ ਬਣੀ ਹੋਈ ਐ।
ਤੂੰ ਐਵੇਂ ਚੰਨ ਬਣਨ ਦੀਆਂ ਸ਼ਰਤਾਂ ਨਾ ਲਾਇਆ ਕਰ।
ਮੇਰੇ ਬਾਪ ਦੀ ਪੱਗ ਤੇਰੇ ਬਾਪ ਦੀ ਪੱਗ ਵਾਂਗ ਏ ਝੱਲਿਆ
ਛੁਪ ਛੁਪ ਨਾ ਸਾਡੇ ਵੱਲ ਖੁੰਡੇ ਤੀਰ ਚਲਾਇਆ ਕਰ।
ਸੰਪਰਕ: 98781-17285
* * *
ਗ਼ਜ਼ਲ
ਬਿੰਦਰ ਸਿੰਘ ਖੁੱਡੀ ਕਲਾਂ
ਚਾਵਾਂ ਵਾਲਾ ਵਜਦਾ ਢੋਲ ਉਏ ਸੱਜਣਾ।
ਸਭ ਨੂੰ ਸੱਦੀ ਜਾਵੇ ਕੋਲ ਉਏ ਸੱਜਣਾ।
ਤੂੰ ਪਾ ਦੇ ਭੜਥੂ ਵਿੱਚ ਮੈਦਾਨੇ ਆ ਕੇ,
ਐਵੇਂ ਕਰ ਨਾ ਟਾਲ ਮਟੋਲ ਉਏ ਸੱਜਣਾ।
ਨੱਚਦੇ ਗੱਭਰੂ ਕਿੰਨੇ ਸੁਹਣੇ ਲਗਦੇ ਨੇ,
ਚਾਦਰਿਆਂ ਨਾਲ ਪੱਗਾਂ ਗੋਲ ਉਏ ਸੱਜਣਾ।
ਓਧਰ ਮੁਟਿਆਰਾਂ ਵੀ ਬੰਨ੍ਹ ਲਈ ਟੋਲੀ,
ਸੁਣ ਲੈ ਬੋਲੀਆਂ ਦੇ ਬੋਲ ਉਏ ਸੱਜਣਾ।
ਲੱਗੀ ਹੋਈ ਰੌਣਕ ਮੇਲੇ ਵਿੱਚ ਭਾਰੀ,
ਚੋਬਰ ਕਰਦੇ ਫਿਰਨ ਕਲੋਲ ਉਏ ਸੱਜਣਾ।
ਏਨਾ ਨਾ ਡਰ ਗਰਮੀ ਤੇ ਧੁੱਪਾਂ ਕੋਲੋਂ,
ਨਾ ਬਣਿਆ ਕਰ ਏਨਾ ਸੋਹਲ ਉਏ ਸੱਜਣਾ।
ਬਿੰਦਰ ਖੁੱਡੀ ਤਾਂ ਫਿਰਦਾ ਖੀਵਾ ਹੋਇਆ,
ਲੱਗੇ ਵੇਖ ਕਣਕ ਦੇ ਬੋਹਲ ਉਏ ਸੱਜਣਾ।
ਸੰਪਰਕ: 98786-05965
* * *
ਕਲਾ
ਕੁਲਵਿੰਦਰ ਵਿਰਕ
ਕਲਾ-
ਜਾਗਦੀਆਂ ਜ਼ਮੀਰਾਂ ਦੀ ਤਰਜਮਾਨੀ
ਹੱਸਦੇ-ਵਸਦੇ ਵਿਹੜਿਆਂ ਦੀ ਨਿਸ਼ਾਨੀ
ਝਰਨਿਆਂ ਦੀ ਕਲ-ਕਲ
ਦਰਿਆਵਾਂ ਦੀ ਰਵਾਨੀ...
ਕਲਾ-
ਤ੍ਰੇਲ ’ਚ ਭਿੱਜੇ
ਕੂਲ਼ੇ-ਕੂਲ਼ੇ ਘਾਹ ਉੱਤੇ
ਪੋਲੇ-ਪੋਲੇ ਪੈਰੀਂ ਤੁਰਨ ਦਾ
ਵਿਸਮਾਦ...
ਬਜ਼ੁਰਗਾਂ ਦੀ ਦੁਆ
ਇੱਕ ਨਾਦ... ਅਨਹਦ ਨਾਦ...!
ਕਲਾ-
ਮਨ-ਮਸਤਕ ਅੰਦਰ ਉਪਜਿਆ
ਸੂਖ਼ਮ ਅਹਿਸਾਸ...
ਸੱਜਰੇ ਚਾਵਾਂ ਤੇ ਨਵੀਆਂ ਰਾਹਵਾਂ ਦੀ
ਨਿਸ਼ਾਨਦੇਹੀ...
ਕਲਾ
ਦਿਲ-ਦਰਵਾਜ਼ੇ ਨੂੰ ਖੜਕਾਉਂਦੀ
ਖ਼ੁਸ਼ੀਆਂ ਨੂੰ ਧੁਆਂਖਣ ਤੋਂ ਬਚਾਉਂਦੀ
ਗੁਲਾਬੀ ਭਾਹ ਮਾਰਦੇ ਸੁਪਨਿਆਂ ਨੂੰ
ਨਵੇਂ ਖੰਭ ਲਾਉਂਦੀ...
ਕਲਾ-
ਕੋਮਲ ਹਿਰਦਿਆਂ ’ਤੇ ਧਰਿਆ
ਮਖ਼ਮਲੀ ਅਹਿਸਾਸ
ਦਿਲ ਛੱਡ ਜਾਣ ਵਾਲਿਆਂ ਲਈ ਧਰਵਾਸ
ਤੇ ਉਦਾਸ ਮੌਸਮਾਂ ’ਚ ਵੀ
ਜ਼ਿੰਦਗੀ ਦੀ ਕਿਸੇ ਨੁੱਕਰੇ
ਉੱਗੀ ਹੋਈ ਆਸ...
ਕਲਾ-
ਤਬਲੇ ਦੀ ਤਾਲ
ਵੰਝਲੀ ਦੀ ਹੂਕ
ਪਪੀਹੇ ਦੀ ਕੂਕ
ਕੋਮਲ ਭਾਵਨਾਵਾਂ
ਤੇ ਦਿਲਾਂ ’ਚ ਧੜਕਦੇ ਅਰਮਾਨਾਂ ਦਾ
ਠੋਸ ਸਬੂਤ...
ਕਲਾ-
ਮਨੁੱਖੀ ਜਜ਼ਬਿਆਂ ਦਾ ਜੋੜ-ਘਟਾਓ...
ਕਲਾ ਕਈ ਵਾਰ
ਅਮਰ ਹੋ ਜਾਂਦੀ
ਕਲਾਕਾਰ ਭੁੱਲ ਜਾਂਦੇ ...
ਸੁੱਚੀ ਕਲਾ
ਕਦੇ ਤੰਦੂਰਾਂ ’ਚ ਭਸਮ ਨਹੀਂ ਹੁੰਦੀ...
ਜ਼ਿੰਦਗੀ ਦੇ ਆਸ਼ਕ ਕਲਾਕਾਰਾਂ ਦੀ
ਸਿਰਜੀ ਹੋਈ ਕਲਾ
ਸਮਿਆਂ ਦੀ ਹਿੱਕ ’ਤੇ
ਅੱਡੀਆਂ ਭਾਰ ਖੜੋ ਕੇ
ਨੱਚਣ ਦਾ ਵੱਲ ਹੁੰਦੀ,
ਉਲਝੀਆਂ ਤੰਦਾਂ
ਤੇ ਮੁਸ਼ਕਲ ਸਵਾਲਾਂ ਦੇ ਹੱਲ ਹੁੰਦੀ...
ਕਲਾ ਅਤੇ ਕਲਾਕਾਰ
ਆਪਣੇ ਸਮਿਆਂ ਦਾ ਸੱਚ ਹੁੰਦੇ...
ਤੇ ਕਲਾ ਜਦ
ਹੱਦਾਂ, ਸਰਹੱਦਾਂ ਲੰਘਦੀ ਹੈ
ਤਾਂ ਉਸਦਾ ‘ਪਾਸਪੋਰਟ’
ਚੈੱਕ ਨਹੀਂ ਕਰਿਆ ਕਰਦੇ...
ਸੰਪਰਕ: 78146-54133
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਦਾਤਾਂ ਲੈ ਕੇ ਭੁੱਲ ਜਾਂਦੇ ਜੋ,
ਐਸੇ ਤਾਂ ਇਨਸਾਨ ਬੜੇ ਨੇ।
ਜਿਸ ਬੇੜੇ ਨੇ ਡੁੱਬ ਹੀ ਜਾਣੈ,
ਓਸੇ ’ਤੇ ਹੀ ਆਣ ਚੜ੍ਹੇ ਨੇ।
ਵਿੱਚ ਹੰਕਾਰ ਦੇ ਹੋ ਕੇ ਅੰਨ੍ਹੇ,
ਰਹਿੰਦੇ ਜੋ ਦਿਨ ਰਾਤ ਤੜੇ ਨੇ।
ਉਸ ਦਾਤੇ ਨੂੰ ਰਤਾ ਨਾ ਭਾਵਣ,
ਵੇਖੀਂ ਅੱਜ ਕਿ ਕੱਲ ਝੜੇ ਨੇ।
ਜਿਨ੍ਹਾਂ ਦੇ ਹੈ ਹੱਕ ਸੱਚ ਪੱਲੇ,
ਮੌਤ ਦੇ ਮੂਹਰੇ ਆਣ ਖੜ੍ਹੇ ਨੇ।
ਨਾਲ ਜਿਨ੍ਹਾਂ ਦੇ ਸਤਿਗੁਰ ਪੂਰਾ,
ਸਵਾ ਲੱਖ ਨਾਲ ਇੱਕ ਲੜੇ ਨੇ।
ਧਨ, ਦੌਲਤ ਤੇ ਰੁਤਬੇ ਖ਼ਾਤਰ
ਜਿਹੜੇ ਵਿੱਚ ਸੰਸਾਰ ਅੜੇ ਨੇ।
ਦਾਤਾਂ ਲੈ ਕੇ ਸਾਂਭ ਨਾ ਸਕੇ
ਵੇਖੋ ਵਿੱਚ ਸੰਸਾਰ ਹੜ੍ਹੇ ਨੇ।
ਦਿਲਬਰ ਭੱਠੀ ਇਸ਼ਕੇ ਵਾਲੀ
ਜਿਹੜੇ ਵੀ ਦਿਲਦਾਰ ਰੁੜ੍ਹੇ ਨੇ।
ਮੁੱਲ ਵੀ ਕਹਿੰਦੇ ਉਸ ਦਾ ਪੈਂਦੈ
ਜਿਹੜੇ ਦੁੱਧ ਦੇ ਵਾਂਗ ਕੜ੍ਹੇ ਨੇ।
ਸੰਪਰਕ: 97816-46008
* * *