ਕਵਿਤਾਵਾਂ
ਮੀਂਹ ਦਾ ਨਜ਼ਾਰਾ
ਰਣਜੀਤ ਆਜ਼ਾਦ ਕਾਂਝਲਾ
ਮੀਂਹ ਵਰ੍ਹਾ ਦੇ! ਝੜੀਆਂ ਲਾ ਦੇ!
ਦਾਤਾ! ਰਮਣੀਕ ਮੌਸਮ ਬਣਾ ਦੇ!
ਕੜਾਹੀ ਵਿੱਚ ਤੇਲ ਪਾ ਤਪਾਵਾਂਗੇ!
ਗੁਲਗਲੇ-ਪਕੌੜੇ ਤਲ ਕੇ ਖਾਵਾਂਗੇ...।
ਮੀਂਹ ਪਏ ਤੇ ਸਭਨਾਂ ਘਰ ਖ਼ੁਸ਼ੀ!
ਮੁੰਡੇ ਜੰਮੇ ਦੀ, ਇੱਕ ਘਰ ਖ਼ੁਸ਼ੀ!
ਨੱਚ-ਟੱਪ ਕੇ ਭੰਗੜਾ ਪਾਵਾਂਗੇ!
ਖਾਧੇ ਹੋਏ ਗੁਲਗਲੇ ਪਚਾਵਾਂਗੇ...!
ਤਪੀ ਧਰਤੀ ਦਾ ਸੀਨਾ ਠਾਰ ਦੇ!
ਐਸੀ ਮੋਟੀ ਭਾਰੀ ਧਾਰ ਮਾਰ ਦੇ!
ਕੁਦਰਤ ਰਾਣੀ ਸੰਗ ਗਿੱਧਾ ਪਾਵਾਂਗੇ!
ਖਾਧੇ ਗੁਲਗਲੇ ਪਕੌੜੇ ਕੱਢ ਆਵਾਂਗੇ...!
ਬਨਸਪਤੀ ਹਰੀ ਕਚੂਰ ਨਜ਼ਰ ਚੜ੍ਹੇ।
ਮੀਂਹ ਵਰ੍ਹਾ ਕੇ, ਰਜਾ ਦੇ ਮੈਦਾਨ ਰੜੇ!
ਹਰਿਆਲੀ ਵਿੱਚ ਮਸਤ ਹੋ ਗਾਵਾਂਗੇ!
ਚਟਨੀ ਨਾਲ ਖਾਧੇ ਪਕੌੜੇ ਪਚਾਵਾਂਗੇ...!
ਬੀਂਡੇ ਭੌਰੇ ਪਪੀਹੇ ਰਾਗ ਸੁਣਾਉਣਗੇ!
ਖ਼ੁਸ਼ੀ ਵਿੱਚ ਖੀਵੇ ਹੋਏ ਚੱਕਰ ਲਾਉਣਗੇ!
ਖਾ ਖਾ ਪਕੌੜੇ ਡੰਡ ਬੈਠਕਾਂ ਲਾਵਾਂਗੇ!
ਖਾਧੇ ਗੁਲਗੁਲੇ-ਪਕੌੜੇ ਪਚਾਵਾਂਗੇ...!!
ਤਪਸ਼ ਦਿਲਾਂ ਵਿਚਲੀ ਦਾਤਾ ਠਾਰ ਦਿਉ!
ਜਨਤਾ ਦੀ ਅਰਜ਼ੀ ਨੂੰ ਕਰ ਸਵੀਕਾਰ ਲਉ!
ਸੰਪਰਕ: 94646-97781
* * *
ਮੌਨਸੂਨ
ਮੁਨੀਸ਼ ਭਾਟੀਆ
ਦਿਲ ਨੂੰ ਰੋਸ਼ਨ ਕਰਨ ਲਈ,
ਇੱਕ ਨਵੀਂ ਰੋਸ਼ਨੀ ਬਣ ਕੇ,
ਖ਼ਾਬਾਂ ਦੀ ਧੁੱਪ ਵਿੱਚ ਵਰ੍ਹੇ,
ਉਹ ਠੰਢੀ ਚਾਂਦਨੀ ਬਣ ਕੇ,
ਮੁੜ ਆਵੀਂ ਜੀਵਨ ਵਿੱਚ,
ਫਿਰ ਤੋਂ ਮੌਨਸੂਨ ਦੀ ਤਰ੍ਹਾਂ...!
ਮਨ ਦੀਆਂ ਸੁੰਨੀਆਂ ਗਲੀਆਂ ਵਿੱਚ,
ਕੁਝ ਮਿੱਠੀ ਜਿਹੀ ਕਹਾਣੀ ਬਣ,
ਅਣਕਹੀਆਂ ਗੱਲਾਂ ਦੇ ਵਿੱਚ,
ਕੋਈ ਪਿਆਰ ਨਿਸ਼ਾਨੀ ਬਣ,
ਮੁੜ ਆਵੀਂ ਜੀਵਨ ਵਿੱਚ,
ਫਿਰ ਤੋਂ ਮੌਨਸੂਨ ਦੀ ਤਰ੍ਹਾਂ...!
ਥੋੜ੍ਹਾ ਯਕੀਨ ਕਾਫ਼ੀ ਹੈ,
ਟੁੱਟੇ ਦਿਲ ਨੂੰ ਜੋੜਨ ਲਈ,
ਥੋੜ੍ਹੀ ਜਿਹੀ ਆਸ ਵੀ ਬਹੁਤ,
ਰਾਹਾਂ ਫਿਰ ਤੋਂ ਜੋੜਨ ਲਈ,
ਮੁੜ ਆਵੀਂ ਜੀਵਨ ਵਿੱਚ,
ਫਿਰ ਤੋਂ ਮੌਨਸੂਨ ਦੀ ਤਰ੍ਹਾਂ...!
ਮੇਰੇ ਖ਼ਿਆਲ ਦੇ ਵਿਹੜੇ ਵਿੱਚ,
ਹੁਣ ਵੀ ਹੈ ਤੇਰਾ ਬਸੇਰਾ,
ਤੇਰੀਆਂ ਯਾਦਾਂ ਬੋਲਦੀਆਂ ਹਨ,
ਹਰ ਪਲ, ਹਰ ਇੱਕ ਸਵੇਰਾ,
ਮੁੜ ਆਵੀਂ ਜੀਵਨ ਵਿੱਚ,
ਫਿਰ ਤੋਂ ਮੌਨਸੂਨ ਦੀ ਤਰ੍ਹਾਂ...!
ਸ਼ਿਕਵੇ ਵੀ ਹਨ, ਸ਼ਿਕਾਇਤ ਵੀ,
ਪਰ ਦਿਲ ਵਿੱਚ ਹੈ ਜਗ੍ਹਾ ਤੇਰੀ,
ਹਰ ਮੌਸਮ ਵਿੱਚ ਤੈਨੂੰ ਲੱਭੇ,
ਇਹ ਤਨਹਾ ਜਿਹੀ ਨਜ਼ਰ ਮੇਰੀ,
ਮੁੜ ਆਵੀਂ ਜੀਵਨ ਵਿੱਚ,
ਫਿਰ ਤੋਂ ਮੌਨਸੂਨ ਦੀ ਤਰ੍ਹਾਂ...!
ਸੰਪਰਕ: 70271-20349
* * *
ਸਿਆਸਤ ਦੇ ਦਾਅ-ਪੇਚ
ਮੋਹਨ ਸ਼ਰਮਾ
ਬੌਧਿਕਤਾ, ਵਫ਼ਾਦਾਰੀ, ਸਮਰਪਣ ਭਾਵਨਾ
ਅਤੇ
ਹੱਕ-ਸੱਚ ਦੀ ਗੱਲ
ਕਰਨ ਵਾਲੇ ਦਾ
ਸਿਆਸਤ ਨਾਲ
ਦੂਰ ਦਾ ਵਾਸਤਾ ਹੁੰਦਾ ਹੈ।
ਵਿਦਿਅਕ ਯੋਗਤਾ ਦੀਆਂ ਡਿਗਰੀਆਂ ਵੀ
ਸਿਆਸਤ ਦੀ ਗਰਦ ਨਾਲ
ਬੇਪਛਾਣ ਹੋ ਜਾਂਦੀਆਂ ਨੇ।
ਸਿਆਸੀ ਪਗਡੰਡੀ ’ਤੇ ਚੱਲਦਿਆਂ
ਗਧੇ ਨੂੰ ਲੇਲਾ ਅਤੇ
ਲੇਲੇ ਨੂੰ ਊਠ
ਕਹਿਣ ਦੀ ਜਾਚ
ਆਉਣੀ ਚਾਹੀਦੀ ਹੈ।
ਜੇ ਕੋਈ ਸਾਹਮਣੇ ਖੜੋ ਕੇ
ਸਵੈਮਾਣ ਦੀ ਗਲ ਕਰਦਾ ਹੈ,
ਸਿਆਸੀ ਵਿਅਕਤੀ ਦੀਆਂ
ਕਮਜ਼ੋਰੀਆਂ ’ਤੇ ਹੱਥ
ਧਰਦਾ ਹੈ
ਤਾਂ ਉਸ ਹੱਥ ਨੂੰ
ਨਿਕਾਰਾ ਕਿੰਜ ਕਰਨਾ ਹੈ ,
ਉਸਦੇ ਸਵੈਮਾਣ ਨੂੰ
ਪੈਰਾਂ ਵਿੱਚ ਕਿੰਜ
ਮਧੋਲਣਾ ਹੈ,
ਅੱਗੇ ਵਧਣ ਵਾਲੇ ਨੂੰ
ਠਿੱਬੀ ਕਿੰਜ ਲਾਉਣੀ ਹੈ
ਇਹ ਯੋਗਤਾ ਦੇ
ਗੁਣਾਂ ਵਾਲਾ ਹੀ
ਆਪਣਾ ਸਿਆਸੀ ਕੱਦ
ਉੱਚਾ ਰੱਖ ਸਕਦਾ ਹੈ।
ਹਾਂ, ਜਿਹਦੀ ਹੋਂਦ
ਅਤੇ ਆਸ਼ੀਰਵਾਦ ਨਾਲ
ਸਿਆਸਤ ਦੀ ਪੌੜੀ ਦੇ
ਕਈ ਡੰਡਿਆਂ ’ਤੇ
ਚੜ੍ਹਿਆ ਹੈ
ਸਮਾਂ ਆਉਣ ’ਤੇ
ਉਸ ‘ਆਕਾ’ ਨੂੰ ਵੀ
ਪੈਰਾਂ ਹੇਠ ਮਧੋਲਣ ਦੇ
ਦਾਅ-ਪੇਚ ਵੀ
ਸਿੱਖਣੇ ਜ਼ਰੂਰੀ ਨੇ।
ਆਪਣੀ ਜ਼ਮੀਰ ਨੂੰ
ਤਿਲਾਂਜਲੀ ਦੇਣੀ ਵੀ
ਸਿਆਸੀ ਸਫ਼ਰ ਦਾ
ਹਿੱਸਾ ਹੈ।
ਇਹ ਸਭ ਕੁਝ ਤੋਂ ਵਾਂਝਾ
ਰਹਿਣ ਵਾਲਾ ਵਿਅਕਤੀ,
ਸਿਆਸੀ ਖੇਤਰ ਵਿੱਚ
ਹਮੇਸ਼ਾ ਹੀ ਊਣਾ ਰਹੇਗਾ।
ਉਸ ਨੂੰ ਬੌਧਿਕਤਾ, ਵਫ਼ਾਦਾਰੀ
ਅਤੇ ਸਮਰਪਣ ਭਾਵਨਾ
ਕਿਸੇ ਹੋਰ ਢੰਗ ਨਾਲ
ਸਮਾਜ ਨੂੰ
ਸਮਰਪਿਤ ਕਰ ਦੇਣੀ
ਚਾਹੀਦੀ ਹੈ।
ਸੰਪਰਕ: 94171-48866
* * *
ਨਸ਼ੇ ਦੇ ਸੌਦਾਗਰ
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪੰਜਾਬ ਨੂੰ ਕੋਈ ਇਹੋ ਜਿਹੀ, ਬਣਵਾ ਦਿਓ ਗਾਗਰ ਮੀਆਂ
ਜਿਸ ਵਿੱਚ ਬੰਦ ਹੋ ਜਾਣ, ਨਸ਼ੇ ਦੇ ਸਾਰੇ ਸੌਦਾਗਰ ਮੀਆਂ
ਨਾ ਕਿਸੇ ਦਾ ਪੁੱਤ ਮਰੇ, ਨਾ ਕਿਸੇ ਸੁਹਾਗਣ ਦਾ ਪਤੀ ਮਰੇ
ਸਾਰੇ ਹੱਸਣ ਖੇਡਣ, ਹੋਵੇ ਨਾ ਕਿਸੇ ਦਾ ਦੁੱਖ ਉਜਾਗਰ ਮੀਆਂ
ਵੇਖੋ ਚਾਰ ਚੁਫ਼ੇਰੇ ਖ਼ੂਨ ਦੀਆਂ ਵਗਣ ਲੱਗ ਪਈਆਂ ਨਦੀਆਂ
ਖ਼ੂਨ ਨਾਲ ਲਾਲੋ ਲਾਲ ਹੋ ਕੇ, ਲਾਲ ਕਰਤੇ ਸਾਗਰ ਮੀਆਂ
ਗੁਰੂਆਂ ਪੀਰਾਂ ਦਾ ਵਸਾਇਆ ਹੋਇਆ ਹੈ ਪੰਜਾਬ ਸੋਹਣਾ
ਕਹੇ ਜਸਵਿੰਦਰ ਕਰੀਏ ਅਰਦਾਸ ਹੋ ਕੇ ਇਕਾਗਰ ਮੀਆਂ।
ਸੰਪਰਕ: 75891-55501
* * *
ਹੜ੍ਹਾਂ ਦੀ ਮਾਰ
ਹਰਪ੍ਰੀਤ ਪੱਤੋ
ਕਿਧਰੇ ਪਾਣੀ ਲੋਕਾਂ ਨੂੰ ਹੜ੍ਹੀ ਜਾਵੇ,
ਕਿਤੇ ਮਾਰੀ ਜਾਂਦੀ ਸੋਕ ਮੀਆਂ।
ਕੁਝ ਤਰਸਣ ਪਾਣੀ ਦੀ ਬੂੰਦ ਤਾਈਂ,
ਕੁਝ ਘਿਰੇ ਪਾਣੀ ਵਿੱਚ ਲੋਕ ਮੀਆਂ।
ਖ਼ਾਸ ਕਰਕੇ ਪਹਾੜੀਂ ਮੀਂਹ ਆਉਂਦੇ,
ਵਿੱਚ ਮੈਦਾਨਾਂ ਹੁੰਦਾ ਨਾ ਰੋਕ ਮੀਆਂ।
ਹੜ੍ਹ ਜਾਂਦੇ ਘਰ ਬਾਰ ਸੁੱਤਿਆਂ ਦੇ,
ਭੇਡਾਂ ਬੱਕਰੀਆਂ ਸਣੇ ਬੋਕ ਮੀਆਂ।
ਨਾ ਜਾਓ ਬਰਸਾਤੀਂ ਪਹਾੜੀਆਂ ’ਤੇ,
ਮਹਿੰਗੇ ਪੈਂਦੇ ਉੱਥੋਂ ਦੇ ਕੋਕ ਮੀਆਂ।
ਬੱਦਲ ਫੱਟਦੇ ਪਹਾੜਾਂ ਨਾਲ ਲੱਗ ਕੇ,
ਦਿੰਦੇ ਪਰਿਵਾਰਾਂ ਨੂੰ ਮੌਤ ਮੂੰਹ ਝੋਕ ਮੀਆਂ।
ਫ਼ਸਲ ਪੱਕੀ ਕਿਉਂ ਤੁਸੀਂ ਉਜਾੜ ਦਿੰਦੇ,
ਦੁੱਖ ਦਿੰਦੀ ਪਿੱਛੋਂ ਫਿਰ ਫੋਕ ਮੀਆਂ।
ਰੁੱਤ ਚੰਗੀ ਹੋਵੇ ਘਰੋਂ ‘ਪੱਤੋ’ ਤਾਂ ਤੁਰੀਏ,
ਕਰੁੱਤੀ ਲੱਗਦੀ ਸੀਨੇ ’ਤੇ ਨੋਕ ਮੀਆਂ।
ਸੰਪਰਕ: 94658-21417
* * *
ਮੇਰੇ ਪੁੱਤਰਾ!
ਸਿਮਰਜੀਤ ਕੌਰ ਗਰੇਵਾਲ
ਮੇਰੇ ਵਿਹੜੇ ਪੈਦਾ ਹੋ ਕੇ,
ਮੰਗ ਫ਼ਿਰੌਤੀ ਖਾਵੇਂ ਕਾਹਤੋਂ।
ਤੇਰਾ ਆਖਾ ਮੰਨੇ ਨਾ ਜੋ,
ਮਾਰਨ ਨੂੰ ਤੁਰ ਜਾਵੇਂ ਕਾਹਤੋਂ।
ਕਿਰਤ-ਕਮਾਈ ਦੀਆਂ ਬਾਤਾਂ,
ਏਨਾ ਜਲਦ ਭੁਲਾਵੇਂ ਕਾਹਤੋਂ।
ਨਸ਼ਿਆਂ ਦੇ ਦਰਿਆਵਾਂ ਅੰਦਰ,
ਡੂੰਘੀ ਚੁੱਭੀ ਲਾਵੇਂ ਕਾਹਤੋਂ।
ਮੰਦੇ ਕੰਮੀਂ ਦਾਮਨ ਉੱਤੇ,
ਐਨੇ ਦਾਗ਼ ਸੁਆਵੇਂ ਕਾਹਤੋਂ।
ਮੇਰੇ ਪਾਲਣ-ਪੋਸ਼ਣ ਨੂੰ ਵੀ,
ਖ਼ੂਹ-ਖ਼ਾਤੇ ਵਿੱਚ ਪਾਵੇਂ ਕਾਹਤੋਂ।
ਸੋਨ-ਸੁਨਹਿਰੀ ਪਲ ਤੇਰੇ ਜੋ,
ਨੇਰ੍ਹੇ ਵਿੱਚ ਗੁਆਵੇਂ ਕਾਹਤੋਂ।
ਲਾਲਚ ਦੇ ਘੇਰੇ ਵਿੱਚ ਫਸ ਕੇ,
ਬੇਦਰਦੀ ਬਣ ਜਾਵੇਂ ਕਾਹਤੋਂ।
ਕਰਦੇ ਹੁੱਲ੍ਹੜਬਾਜ਼ੀ ਜਿਹੜੇ,
ਉਨ੍ਹਾਂ ਵਿੱਚ ਰਲ਼ ਜਾਵੇਂ ਕਾਹਤੋਂ।
ਤੂੰ ਮੇਰਾ ਅਣਮੁੱਲਾ ਹੀਰਾ,
ਤੂੰ ਬਦਮਾਸ਼ ਕਹਾਵੇਂ ਕਾਹਤੋਂ।
ਮਾੜੇ ਰਾਹੀਂ ਪੈਰ ਧਰੇਂਦਾ,
ਸਿੱਧੇ ਰਾਹ ਨਾ ਆਵੇਂ ਕਾਹਤੋਂ।
ਪੰਜੇ ਪਾਣੀ ਤੈਨੂੰ ਆਖਣ,
ਨਾਂ ਨੂੰ ਵੱਟਾ ਲਾਵੇਂ ਕਾਹਤੋਂ।
ਨਾਨਕ ਨੇ ਜੋ ਗੱਲ ਕਹੀ ਸੀ,
ਉਸਨੂੰ ਵੀ ਵਿਸਰਾਵੇਂ ਕਾਹਤੋਂ।
ਕਰ ਰੁਜ਼ਗਾਰ-ਵਸੀਲਾ ਕੋਈ,
ਵਿਹਲਾ ਬਹਿ ਕੇ ਖਾਵੇਂ ਕਾਹਤੋਂ।
ਮੰਨਤ ਮੰਗ ਲਿਆ ਸੀ ਤੈਨੂੰ,
ਹੁਣ ਮੈਨੂੰ ਤੜਫ਼ਾਵੇਂ ਕਾਹਤੋਂ।
ਜਿੰਦ ਬੜੀ ਅਣਮੋਲ ਜਿਹੀ ਹੈ,
ਕੌਡੀ ਵਾਂਗ ਬਣਾਵੇਂ ਕਾਹਤੋਂ।
ਜਾਨ ਕਿਸੇ ਦੀ ਲੈਣੇ ਦੀ ਥਾਂ,
ਤੂੰ ਨਾ ਜਾਨ ਬਚਾਵੇਂ ਕਾਹਤੋਂ।
ਵਾਰ ਨਿਹੱਥੇ ਉੱਤੇ ਕਰ ਕੇ,
ਸੂਰਾ ਮਰਦ ਕਹਾਵੇਂ ਕਾਹਤੋਂ।
ਹਥਿਆਰਾਂ ਦੇ ਸਿਰ ’ਤੇ ਵੇ ਤੂੰ,
ਲੋਕਾਂ ਵਿੱਚ ਡਰ ਪਾਵੇਂ ਕਾਹਤੋਂ।
ਹੱਕ ਪਰਾਏ ਖਾ-ਖਾ ਕੇ ਵੇ,
ਅੰਦਰ ਇੰਝ ਪਚਾਵੇਂ ਕਾਹਤੋਂ।
ਦਿਲ ਨੂੰ ਦੁੱਖ ਬੜਾ ਹੀ ਲਗਦਾ,
ਟੀਕੇ ਲਾ, ਮਰ ਜਾਵੇਂ ਕਾਹਤੋਂ।
ਸੋਝੀ ਤੋਂ ਕਿਉਂ ਕੰਮ ਲਵੇਂ ਨਾ,
ਕਠਪੁਤਲੀ ਬਣ ਜਾਵੇਂ ਕਾਹਤੋਂ।
ਹੱਥ ਬੜੇ ਹੀ ਸੋਹਣੇ ਤੇਰੇ,
ਮਾੜੇ ਕੰਮ ਕਰਾਵੇਂ ਕਾਹਤੋਂ।
ਪੁੱਤ ‘ਸਿਮਰ’ ਦਾ ਹੋ ਕੇ ਵੇ ਤੂੰ,
ਮਨ ਨੂੰ ਨਾ ਸਮਝਾਵੇਂ ਕਾਹਤੋਂ।
* * *