ਮੇਰੇ ਵਿਆਹ ’ਤੇ ਜ਼ਰੂਰ ਆਇਓ...
ਅਸੀਂ ਜਦੋਂ ਤੋਂ ਮੇਲੇ ਵਿੱਚ ਆਏ, ਉਹ ਲਗਾਤਾਰ ਮੈਨੂੰ ਦੇਖੀ ਜਾ ਰਹੀ ਸੀ। ਮੈਂ ਇਹ ਨਹੀਂ ਆਖਦੀ ਕਿ ਉਹ ਮੈਨੂੰ ਘੂਰ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਕੋਈ ਲਾਲਚ ਵੀ ਮੈਨੂੰ ਨਜ਼ਰ ਨਹੀਂ ਆਇਆ। ਉਹ ਮੈਨੂੰ ਸਿਰਫ਼ ਦੇਖ ਰਹੀ ਸੀ। ਕਦੇ-ਕਦਾਈਂ ਨਜ਼ਰ ਮਿਲ ਜਾਂਦੀ ਤਾਂ ਉਹ ਮੁਸਕੁਰਾ ਪੈਂਦੀ। ਉਸ ਤੋਂ ਨਜ਼ਰ ਚੁਰਾ ਕੇ ਮੈਂ ਇੱਕ ਦੋ ਵਾਰ ਆਪਣੀਆਂ ਚੂੜੀਆਂ, ਹਾਰ ਆਦਿ ਵੀ ਦੇਖਿਆ। ਆਪਣਾ ਮੋਬਾਈਲ ਅਤੇ ਪਰਸ ਆਦਿ ਵੀ ਟਟੋਲੇ। ਅਜਿਹਾ ਕਰਦਿਆਂ ਮੇਰੀ ਆਤਮਾ ਨੇ ਜਿਵੇਂ ਲਾਹਣਤ ਜਿਹੀ ਪਾਈ ਕਿਉਂਕਿ ਉਸ ਦੀ ਨਜ਼ਰ ਮੈਨੂੰ ਉਸ ਤਰ੍ਹਾਂ ਦੀ ਨਹੀਂ ਸੀ ਲੱਗਦੀ। ਇਸ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਸ ਦਾ ਚਿਹਰਾ ਮੈਨੂੰ ਜਾਣਿਆ ਪਛਾਣਿਆ ਲੱਗਣ ਲੱਗਿਆ।ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੁਸਕੁਰਾ ਕੇ ਮੈਥੋਂ ਕੁਝ ਪੁੱਛਣਾ ਚਾਹੁੰਦੀ ਸੀ। ਮੇਲੇ ਵਿੱਚ ਹੋਰ ਵੀ ਹਜ਼ਾਰਾਂ ਲੋਕ ਸਨ। ਮੈਂ ਉਨ੍ਹਾਂ ਦੇ ਚਿਹਰਿਆਂ ਵੱਲ ਨਜ਼ਰ ਘੁੰਮਾਈ ਪਰ ਸਵਾਲ ਕਰਦੀਆਂ ਅੱਖਾਂ ਮੈਨੂੰ ਦਿਖਾਈ ਨਾ ਦਿੱਤੀਆਂ। ਹਰ ਕੋਈ ਆਪਣੇ ਆਪ ਵਿੱਚ ਮਸਤ। ਮੇਲੇ ਦੇ ਸ਼ੋਰ ਸ਼ਰਾਬੇ ਵਿੱਚ ਭਾਵੇਂ ਇੱਕ ਦੂਜੇ ਦੀ ਗੱਲ ਨਾ ਸੁਣੇ ਪਰ ਕੁਝ ਗੱਲਾਂ ਕਰਦੇ ਚਿਹਰੇ ਜਾਂ ਅੱਖਾਂ ਅਕਸਰ ਦਿਖਾਈ ਦੇ ਜਾਂਦੇ ਹਨ ਤੇ ਕਈ ਵਾਰ ਕਿਸੇ ਦੀ ਮੁਸਕੁਰਾਹਟ ਵੀ ਕੁਝ ਪੁੱਛਦੀ ਜਾਂ ਦੱਸਦੀ ਦਿਖਾਈ ਦਿੰਦੀ ਹੈ। ਅੱਜ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੋ ਰਿਹਾ ਸੀ ਪਰ ਮੈਨੂੰ ਕੋਈ ਵੀ ਅੱਚਵੀ ਜਾਂ ਘਬਰਾਹਟ ਨਹੀਂ ਸੀ ਹੋ ਰਹੀ। ਜੇਕਰ ਮੈਨੂੰ ਬੇਚੈਨੀ ਮਹਿਸੂਸ ਹੁੰਦੀ ਤਾਂ ਮੈਂ ਇਸ ਬਾਰੇ ਆਪਣੇ ਪਤੀ ਨਾਲ ਜ਼ਰੂਰ ਗੱਲ ਕਰਦੀ। ਉਸ ਦਾ ਮੇਰੇ ਵੱਲ ਇਉਂ ਵੇਖਣਾ ਮੈਨੂੰ ਸਕੂਨ ਦੇ ਰਿਹਾ ਸੀ। ਇਸ ਥੋੜ੍ਹੇ ਜਿਹੇ ਵਕਫ਼ੇ ਵਿੱਚ ਭਾਵੇਂ ਅਸੀਂ ਕੋਈ ਵੀ ਗੱਲ ਸਾਂਝੀ ਨਹੀਂ ਸੀ ਕੀਤੀ ਪਰ ਫਿਰ ਵੀ ਮੈਂ ਉਸ ਬਾਰੇ ਕਾਫ਼ੀ ਕੁਝ ਜਾਣ ਗਈ। ਚਿਹਰੇ ਦੀ ਰੌਣਕ ਮੁਤਾਬਿਕ ਉਸ ਦੀ ਉਮਰ 24 ਕੁ ਸਾਲ... ਚਾਲ ਢਾਲ ਉਸ ਦੇ ਚੰਗੇ ਘਰਾਣੇ ਬਾਰੇ ਦੱਸ ਰਹੀ ਸੀ। ਉਸ ਦੇ ਕੱਪੜੇ, ਉਸ ਦਾ ਪਰਸ ਇਹ ਦਰਸਾ ਰਿਹਾ ਸੀ ਕਿ ਉਹ ਨੌਕਰੀ ਕਰਦੀ ਹੋਵੇਗੀ। ਭਾਵੇਂ ਉਸ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਸੀ ਪਰ ਅਜੇ ਤੱਕ ਉਸ ਨੇ ਆਮ ਲੋਕਾਂ ਵਾਂਗ ਇੱਕ ਵੀ ਫੋਟੋ ਜਾਂ ਸੈਲਫੀ ਨਹੀਂ ਸੀ ਲਈ ਭਾਵ ਉਹ ਦਿਖਾਵੇ ਦੀ ਦੁਨੀਆ ਤੋਂ ਦੂਰ ਸੀ। ਅੱਧਖੜ ਉਮਰ ਦੀ ਇੱਕ ਔਰਤ ਉਸ ਨਾਲ ਸੀ। ਉਸ ਪ੍ਰਤੀ ਉਸ ਦਾ ਮੁਹੱਬਤ ਭਰਿਆ ਰਵੱਈਆ ਦਰਸਾ ਰਿਹਾ ਸੀ ਕਿ ਜ਼ਰੂਰ ਹੀ ਇਹ ਉਸਦੀ ਜਨਣੀ ਹੋਵੇਗੀ। ਉਂਝ ਥੋੜ੍ਹੇ ਜਿਹੇ ਚਾਨਣੇ ਵਿੱਚ ਜਦੋਂ ਮੈਂ ਗਹੁ ਨਾਲ ਵੇਖਿਆ ਤਾਂ ਉਹਨਾਂ ਦੇ ਨੈਣ ਨਕਸ਼ ਵੀ ਮਿਲਦੇ ਜੁਲਦੇ ਸਨ। ਪਹਿਲਾਂ ਤਾਂ ਸ਼ਾਇਦ ਇਹ ਇਤਫਾਕ ਸੀ ਜਾਂ ਭੀੜ ਕਾਰਨ ਅਸੀਂ ਲਗਭਗ ਨਾਲੋਂ ਨਾਲ ਚੱਲ ਰਹੇ ਸਾਂ ਪਰ ਉਸ ਦੀ ਮਿਕਨਾਤੀਸੀ ਨਜ਼ਰ ਨੇ ਜਿਵੇਂ ਮੈਨੂੰ ਕੀਲ ਲਿਆ ਤੇ ਹੁਣ ਮੈਂ ਪਤਾ ਨਹੀਂ ਕਿਉਂ ਉਸਦੇ ਨਾਲ ਨਾਲ ਹੀ ਚੱਲ ਰਹੀ ਸੀ।
ਮੇਲਾ ਭਾਵੇਂ ਪਿਛਲੇ ਹਫਤੇ ਤੋਂ ਚੱਲ ਰਿਹਾ ਸੀ ਅਤੇ ਹਫਤਾ ਹੋਰ ਰਹਿਣਾ ਸੀ। ਲੋਕਾਂ ਦੇ ਵੱਖੋ ਵੱਖਰੇ ਵਿਚਾਰ ਸਨ। ਕੋਈ ਆਖ ਰਿਹਾ ਸੀ ਐਵੇਂ ਧੱਕੇ ਹਨ, ਦੁੱਗਣੇ ਭਾਅ ਵਿੱਚ ਚੀਜ਼ਾਂ ਵਿੱਕ ਰਹੀਆਂ ਹਨ। ਕੋਈ ਆਖਦਾ ਖਾਣ-ਪੀਣ ਵਾਲੀਆਂ ਚੀਜ਼ਾਂ ਸਾਫ ਸੁਥਰੀਆਂ ਨਹੀਂ ਪਰ ਬਹੁਤੇ ਲੋਕਾਂ ਦੇ ਵਿਚਾਰ ਸਨ ਕਿ ਜੇਕਰ ਸ਼ਹਿਰ ਵਿੱਚ ਅਜਿਹਾ ਕੁੱਝ ਹੋਵੇ ਤਾਂ ਉਥੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋਕ, ਜੋ ਆਸ ਕਰਕੇ ਉਥੇ ਆਏ ਹੁੰਦੇ ਹਨ ਉਹਨਾਂ ਨੂੰ ਰੋਜ਼ੀ ਰੋਟੀ ਮਿਲ ਸਕੇ। ਮੈਂ ਤੇ ਮੇਰੇ ਪਤੀ ਵੀ ਅਸੀਂ ਇਸੇ ਗੱਲ ਦੇ ਧਾਰਨੀ ਹਾਂ ਕਿ ਜੋ ਵਿਅਕਤੀ ਆਸ ਕਰਕੇ ਆਉਂਦੇ ਹਨ ਨਿਰਾਸ਼ ਨਹੀਂ ਹੋਣੇ ਚਾਹੀਦੇ। ਇਸੇ ਲਈ ਅਸੀਂ ਕਈ ਵਾਰ ਬੇਲੋੜਾ ਸਾਮਾਨ ਵੀ ਘਰ ਚੁੱਕ ਲਿਆਉਂਦੇ ਹਾਂ ਮਤੇ ਸਾਡੀ ਇਸ ਛੋਟੀ ਜਿਹੀ ਮਦਦ ਨਾਲ ਅਗਲੇ ਦੇ ਘਰ ਰੋਟੀ ਪੱਕਦੀ ਹੋ ਜਾਵੇ। ਭਾਵੇਂ ਮੇਰੀ ਸੱਸ ਮਾਂ ਫਜ਼ੂਲ ਖਰਚੀ ਦੇ ਵਿਰੁੱਧ ਹੈ ਪਰ ਫਿਰ ਵੀ ਅਸੀਂ ਬੇਲੋੜੇ ਸਮਾਨ ਨੂੰ ਆਪਣੀ ਜ਼ਿੰਦਗੀ ਲਈ ਅਹਿਮ ਚੀਜ਼ ਦੱਸ ਕੇ ਉਸਨੂੰ ਆਪਣੇ ਹੱਕ ਵਿੱਚ ਕਰ ਹੀ ਲੈਂਦੇ ਹਾਂ। ਜਦੋਂ ਮੇਰੇ ਪਤੀ ਨੂੰ ਇਹ ਪੂਰਨ ਵਿਸ਼ਵਾਸ ਹੋ ਗਿਆ ਕਿ ਅਸੀਂ ਉੱਥੇ ਘੁੰਮ ਫਿਰ ਸਕਦੇ ਹਾਂ ਤਾਂ ਹੀ ਉਹਨਾਂ ਨੇ ਇੱਥੇ ਆਉਣ ਲਈ ਹਾਮੀ ਭਰੀ ਕਿਉਂਕਿ ਭੀੜ ਭੜੱਕੇ ਵਾਲੀ ਥਾਂ ਵਿੱਚ ਉਹ ਅਕਸਰ ਘੱਟ ਹੀ ਜਾ ਕੇ ਰਾਜ਼ੀ ਹੁੰਦੇ ਹਨ। ਇਸ ਕਰਕੇ ਅਸੀਂ ਪਹਿਲਾਂ ਹੀ ਇਹ ਪਤਾ ਕਰ ਲੈਂਦੇ ਹਾਂ ਕਿ ਉਸ ਥਾਂ ਤੱਕ ਮੇਰੇ ਪਤੀ ਦੀ ਵੀਲ੍ਹ ਚੇਅਰ ਪਹੁੰਚੇਗੀ ਜਾਂ ਨਹੀਂ। ਇਸ ਮੇਲੇ ਸਬੰਧੀ ਵੀ ਅਸੀਂ ਪਹਿਲਾਂ ਪੂਰੀ ਪੁੱਛ ਪੜਤਾਲ ਕਰ ਲਈ ਸੀ ਤੇ ਹੁਣ ਅਸੀਂ ਦੋਵੇਂ ਮੇਲੇ ਦਾ ਆਨੰਦ ਮਾਣ ਰਹੇ ਸਾਂ। ਦੋਵੇਂ ਕਹਾਂ ਜਾਂ ਤਿੰਨੋਂ ਕਿਉਂਕਿ ਐਂਟਰੀ ਤੋਂ ਲੱਗ ਕੇ ਅੰਦਰ ਤੱਕ ਉਹ ਸਾਡੇ ਨਾਲ ਹੀ ਸੀ। ਮੇਲੇ ਵਿੱਚ ਗੈਲਰੀਆਂ ਅੰਦਰ ਜਾਣ ਦੀ ਟਿਕਟ ਲੈਣ ਲਈ ਕਾਫੀ ਲੰਮੀ ਕਤਾਰ ਸੀ ਤੇ ਅੱਜ ਗਰਮੀ ਵੀ ਬਾਕੀ ਦਿਨਾਂ ਨਾਲੋਂ ਕੁਝ ਜ਼ਿਆਦਾ ਸੀ। ਮੈਂ ਆਪਣੇ ਪਤੀ ਦੀ ਵੀਲ੍ਹ ਚੇਅਰ ਛੱਡ ਕੇ ਉਸ ਲਾਈਨ ਵਿੱਚ ਲੱਗਣ ਤੋਂ ਥੋੜ੍ਹਾ ਜਿਹਾ ਕਤਰਾ ਰਹੀ ਸੀ ਅਤੇ ਦੇਖ ਰਹੀ ਸਾਂ ਕਿ ਸ਼ਾਇਦ ਕੋਈ ਜਾਣਕਾਰ ਦਿਖਾਈ ਦੇਵੇ ਜਿਸ ਤੋਂ ਮੈਂ ਟਿਕਟ ਮੰਗਵਾ ਲਵਾਂ। ਅਜੇ ਇਹ ਵਿਚਾਰ ਮੇਰੇ ਮਨ ਵਿੱਚ ਆਇਆ ਹੀ ਸੀ ਕਿ ਉਸ ਨੇ ਮੇਰੇ ਵੱਲ ਵੇਖ ਕੇ ਜਿਵੇਂ ਕੁਝ ਪੁੱਛਿਆ ਹੋਵੇ ਅਤੇ ਮੇਰਾ ਵੀ ਸਿਰ ਹੋਲੇ ਜਿਹੇ ਹਿਲ ਗਿਆ। ਉਹ ਆਪਣੀਆਂ ਟਿਕਟਾਂ ਆਪਣੇ ਪਰਸ ਵਿੱਚ ਪਾ ਆਪਣੇ ਨਾਲ ਆਈ ਔਰਤ ਨੂੰ ਫੜਾ ਮੇਰੇ ਵੱਲ ਨੂੰ ਅਹੁਲੀ,” ਲਿਆਓ ਤੁਹਾਨੂੰ ਟਿਕਟ ਮੈਂ ਲਿਆ ਕੇ ਦੇਵਾਂ”। ਮੈਂ ਉਸ ਨੂੰ ਸੌ ਰੁਪਏ ਦਾ ਨੋਟ ਫੜਾਉਂਦਿਆਂ ਕਿਹਾ,” ਦੋ ਟਿਕਟਾਂ”। ਭੀੜ ਵਿੱਚੋਂ ਹੁੰਦੀ ਹੋਈ ਉਹ ਥੋੜ੍ਹੇ ਚਿਰ ਨੂੰ ਸਾਡੇ ਅੱਗੇ ਪ੍ਰਗਟ ਹੋਈ। ਇੱਕ ਟਿਕਟ ਅਤੇ ਬਾਕੀ ਪੈਸੇ ਮੈਨੂੰ ਫੜਾ ਉਹ ਫਿਰ ਮੁਸਕਰਾਈ। ਮੈਂ ਇੱਕ ਟਿਕਟ ਦੇਖ ਕੇ ਥੋੜ੍ਹੀ ਜਿਹੀ ਹੈਰਾਨ ਹੋ ਕੇ ਅਜੇ ਕੁਝ ਕਹਿਣ ਹੀ ਲੱਗੀ ਸੀ ਕਿ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਨੇ ਕਿਹਾ,”ਇਹਨਾਂ ਦੀ ਟਿਕਟ ਨਹੀਂ ਲੱਗੇਗੀ”। ਮੈਂ ਕਿਉਂ ਕਹਿਣ ਦੀ ਬਜਾਏ ਮੁਸਕਰਾ ਪਈ। ਉਸ ਵੇਲੇ ਤੱਕ ਇਸ਼ਾਰਾ ਕਰਕੇ ਉਸ ਨੇ ਆਪਣੇ ਨਾਲ ਆਈ ਔਰਤ ਨੂੰ ਵੀ ਸਾਡੇ ਕੋਲ ਬੁਲਾ ਲਿਆ। ਮੈਨੂੰ ਲੱਗਦਾ ਸੀ ਕਿ ਉਹ ਹੁਣ ਸਾਨੂੰ ਇੱਥੇ ਛੱਡ ਕੇ ਮੇਲੇ ਵਿੱਚ ਕਿਧਰੇ ਗੁੰਮ ਜਾਵੇਗੀ। ਪਤਾ ਨਹੀਂ ਕਿਉਂ ਅਜਿਹਾ ਸੋਚ ਕੇ ਮੈਨੂੰ ਹੌਲ ਜਿਹਾ ਪੈ ਗਿਆ। ਪਰ ਜਿਉਂ ਹੀ ਉਸ ਨੇ ਮੇਰੇ ਪਤੀ ਦੀ ਵੀਲ੍ਹ ਚੇਅਰ ਦੇ ਇੱਕ ਹੈਂਡਲ ’ਤੇ ਹੱਥ ਪਾ ਕੇ ਕਿਹਾ,” ਚੱਲੀਏ”.. ਤਾਂ ਜਿਵੇਂ ਮੈਨੂੰ ਅੰਤਾਂ ਦਾ ਸਕੂਨ ਮਿਲ ਗਿਆ। ਮਿੰਨਾ ਜਿਹਾ ਮੁਸਕਰਾ ਕੇ ਉਸ ਨੇ ਮੇਰੇ ਪਤੀ ਵੱਲ ਸਿਰ ਝੁਕਾਇਆ ਤੇ ਉਨ੍ਹਾਂ ਨੇ ਵੀ ਹੱਥ ਜੋੜ ਕੇ ਉਸ ਦੇ ਨਮਸਕਾਰ ਦਾ ਉੱਤਰ ਮੁਸਕੁਰਾ ਕੇ ਦਿੱਤਾ। ਮੇਲੇ ਦੀ ਐਂਟਰੀ ਦੇ ਮੇਨ ਗੇਟ ਤੇ ਥੋੜ੍ਹਾ ਉੱਚਾ ਰੈਂਪ ਬਣਿਆ ਹੋਇਆ ਸੀ। ਮੈਂ ਅਜੇ ਰੈਂਪ ਉੱਤੇ ਵੀਲ੍ਹ ਚੇਅਰ ਚੜ੍ਹਾਉਣ ਵਾਰੇ ਸੋਚ ਹੀ ਰਹੀ ਸੀ ਕਿ ਉਸ ਨੇ ਮੇਰੇ ਨਾਲ ਹੀ ਇੱਕ ਹੈਂਡਲ ਨੂੰ ਹੱਥ ਪਾ ਕੇ ਬੜਾ ਸੌਖਿਆਂ ਵੀਲ੍ਹ ਚੇਅਰ ਰੈਂਪ ’ਤੇ ਚੜ੍ਹਾ ਦਿੱਤੀ। ਮੇਲੇ ਦਾ ਮੁੱਖ ਆਕਰਸ਼ਣ ਇੱਕ ਗੁਫਾ ਜਿਹੀ ਸੀ ਜਿਸ ਵਿੱਚ ਸੈਂਕੜੇ ਤਰ੍ਹਾਂ ਦੀਆਂ ਮੱਛੀਆਂ ਸਨ ਤੇ ਦੂਜੇ ਪਾਸੇ ਅਨੇਕਾਂ ਅਨੇਕ ਸਟਾਲਾਂ। ਇੱਕ ਪਾਸਿਓਂ ਤਰ੍ਹਾਂ ਤਰ੍ਹਾਂ ਦੇ ਫਾਸਟ ਫੂਡ ਦੀਆਂ ਖੁਸ਼ਬੂਆਂ ਉੱਡ ਰਹੀਆਂ ਸਨ। ਥੋੜ੍ਹੀ ਜਿਹੀ ਦੂਰ ਵੱਖ ਵੱਖ ਤਰ੍ਹਾਂ ਦੇ ਝੂਲੇ ਲੱਗੇ ਹੋਏ ਸਨ। ਉਥੋਂ ਦੀ ਚੀਕਾਂ ਰੌਲੀ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨਾਲ ਕੋਈ ਗੱਲ ਕਰਦੀ ਉਹ ਆਪ ਹੀ ਬੋਲ ਪਈ,”ਇਹ ਮੇਰੇ ਮੰਮੀ ਜੀ..ਮੈਂ ਆਪਣੇ ਬਾਰੇ ਤੁਹਾਨੂੰ ਕਦੇ ਫੇਰ ਦੱਸਾਂਗੀ ਹਾਂ ਇੰਨਾ ਜ਼ਰੂਰ ਪਤਾ ਹੈ ਕਿ ਤੁਹਾਡਾ ਨਾਮ ਗੀਤਾ ਹੈ..”
ਮੈਂ ਹੈਰਾਨ ਹੋ ਕੇ ਉਸ ਵੱਲ ਵੇਖਿਆ ਮੇਰੇ ਹੱਥ ਆਪਣੇ ਆਪ ਉਸ ਵੱਲ ਉੱਠੇ ਤੇ ਉਸ ਨੇ ਵੀ ਮੇਰੇ ਹੱਥਾਂ ਤੇ ਹੱਥ ਮਾਰ ਕੇ ਮੁਸਕਰਾਉਂਦੇ ਹੋਏ ਕਿਹਾ,”ਮੈਂ ਕੋਈ ਜੋਤਿਸ਼ ਨਹੀਂ ਲਗਾਇਆ.. ਤੁਹਾਡੇ ਪਤੀ ਦੇਵ ਜਦੋਂ ਤੁਹਾਨੂੰ ਬੁਲਾ ਰਹੇ ਸਨ ਉਦੋਂ ਮੈਨੂੰ ਤੁਹਾਡੇ ਨਾਮ ਬਾਰੇ ਪਤਾ ਲੱਗ ਗਿਆ”। ਏਡੇ ਵੱਡੇ ਮੇਲੇ ਵਿੱਚ ਮੈਨੂੰ ਲੱਗਿਆ ਜਿਵੇਂ ਉੱਥੇ ਚਾਰ ਜਣਿਆਂ ਦਾ ਇੱਕ ਵੱਖਰਾ ਹੀ ਸੰਸਾਰ ਸਜ ਗਿਆ ਸੀ। ਸਿਆਣੇ ਆਖਦੇ ਹੁੰਦੇ ਹਨ ਕਿ ਮੇਲਿਆਂ ਵਿੱਚ ਨੇਹੁੰ ਲੱਗ ਜਾਂਦੇ ਹਨ, ਮੁਹੱਬਤਾਂ ਹੋ ਜਾਂਦੀਆਂ ਹਨ..ਇਸ਼ਕ ਧੜਕਦੇ ਹਨ ਪਰ ਇਹ ਪ੍ਰੇਮ ਥੋੜ੍ਹ ਚਿਰਾ ਹੁੰਦੈ ਕਿਉਂਕਿ ਜਿਉਂ ਹੀ ਦੂਰੀ ਵਧਦੀ ਹੈ ਨਿਗਾਹਾਂ ਕਿਸੇ ਹੋਰ ਚਿਹਰੇ ਨੂੰ ਲੱਭਣ ਲੱਗਦੀਆਂ ਹਨ। ਇਹ ਸਾਡੇ ਮਨ ਦਾ ਸੁਭਾਅ ਵੀ ਹੁੰਦਾ ਹੈ ਕਿ ਮੇਲਿਆਂ ਜਾਂ ਇਕੱਠਾਂ ਵਿੱਚ ਇੱਕ ਅੱਧੀ ਵਾਰ ਦੇਖੀ ਗਈ ਚੀਜ਼ ਵੀ ਦਿਮਾਗ ’ਤੇ ਚੰਗੀ ਤਰਾਂ ਉੱਕਰੀ ਜਾਂਦੀ ਹੈ। ਮੈਂ ਹੁਣ ਇਸ ਗੱਲ ਦਾ ਵਿਚਾਰ ਕਰ ਰਹੀ ਸੀ ਕਿ ਸਾਡਾ ਇਹ ਮੇਲ ਇਤਫਾਕਨ ਹੈ ਜਾਂ ਇਸ ਪਿੱਛੇ ਕੁਦਰਤ ਕੋਈ ਕੌਤਕ ਕਰ ਰਹੀ ਹੈ। ਆਪਣਾ ਧਿਆਨ ਪਰ੍ਹਾਂ ਕਰਨ ਲਈ ਮੈਂ ਆਪਣੇ ਪਤੀ ਦੇਵ ਨੂੰ ਪੁੱਛਿਆ, “ਪਹਿਲਾਂ ਕਿੱਧਰ ਜਾਣਾ ਹੈ?’
“ਆਫ ਕੋਰਸ ਪਹਿਲਾਂ ਮੱਛੀਆਂ ਵੇਖਾਂਗੇ...ਬਾਕੀ ਬਾਅਦ ਵਿੱਚ” ਇਸ ਤੋਂ ਪਹਿਲਾਂ ਕਿ ਮੇਰੇ ਪਤੀ ਆਪਣੇ ਸੁਭਾਅ ਅਨੁਸਾਰ ਆਖਦੇ ਜਿਵੇਂ ਤੇਰੀ ਇੱਛਾ...ਉਸਨੇ ਪਹਿਲਾਂ ਹੀ ਗੁਫਾ ਵੱਲ ਇਸ਼ਾਰਾ ਕਰ ਵੀਲ੍ਹ ਚੇਅਰ ਦਾ ਹੈਂਡਲ ਫੜ ਲਿਆ ਅਤੇ ਨਾਲ ਹੀ ਆਪਣੀ ਮਾਤਾ ਨੂੰ ਕਿਹਾ,” ਮੰਮੀ ਜੀ..ਆਓ!”
ਮੈਂ ਅਛੋਪਲੇ ਹੀ ਉਸ ਦੇ ਨਾਲ ਚੱਲ ਪਈ। ਆਪਣੀ ਚੇਤਨਤਾ ਪਰਖਣ ਦੇ ਲਈ ਮੈਂ ਆਪਣਾ ਸਿਰ ਅਤੇ ਹੱਥ ਝਟਕਾ ਕੇ ਵੇਖੇ, ਮੈਨੂੰ ਲੱਗਿਆ ਮੈਂ ਪੂਰੀ ਸੁਚੇਤ ਸੀ। ਮੈਂ ਸੋਚਿਆ ਚਲੋ ਮੈਂ ਤਾਂ ਸੰਮੋਹਿਤ ਹੋ ਗਈ ਹੋਵਾਂਗੀ ਪਰ ਮੇਰੇ ਪਤੀ ਦੇਵ ਵੀ ਕੁਝ ਨਹੀਂ ਬੋਲ ਰਹੇ। ਇਸ ਦਾ ਭਾਵ ਕੀ ਹੋਇਆ?ਮੈਂ ਸੋਚ ਰਹੀ ਸਾਂ ਕਿ ਜੇਕਰ ਮੇਰੇ ਪਤੀ ਪਹਿਲਾਂ ਸਟਾਲਾਂ ਵੱਲ ਨੂੰ ਜਾਣ ਲਈ ਆਖਦੇ ਤਾਂ ਹੋ ਸਕਦਾ ਹੈ ਕਿ ਇਹ ਤਲਿਸਮ ਟੁੱਟ ਜਾਂਦਾ ਤੇ ਅਸੀਂ ਵੱਖੋ ਵੱਖਰੇ ਰਾਹ ਹੋ ਜਾਂਦੇ।
“ਚਲੋ, ਪਹਿਲਾਂ ਮੱਛੀਆਂ ਵਾਲਾ ਭਾਗ ਹੀ ਦੇਖ ਲੈਂਦੇ ਹਾਂ “, ਆਪਣੀ ਇੱਛਾ ਦੇ ਉਲਟ ਆਪਣੇ ਪਤੀ ਤੋਂ ਇਹ ਸ਼ਬਦ ਸੁਣ ਮੇਰੇ ਮਨ ਨੂੰ ਫਿਰ ਪਤਾ ਨਹੀਂ ਕਿਉਂ ਇੰਨਾ ਆਨੰਦ ਮਹਿਸੂਸ ਹੋਇਆ ਤੇ ਅਸੀਂ ਵੀਲ੍ਹ ਚੇਅਰ ਨੂੰ ਸਾਂਝੇ ਤੌਰ ’ਤੇ ਧੱਕਾ ਲਗਾਉਂਦੇ ਉਸ ਚੈਂਬਰ ਵਿੱਚ ਪ੍ਰਵੇਸ਼ ਕਰ ਗਏ। ਗੁਫਾ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਜ਼ਿਆਦਾ ਗਰਮੀ ਹੋਣ ਕਾਰਨ ਕੂਲਰ ਅਤੇ ਏ ਸੀ ਵੀ ਚੱਲ ਰਹੇ ਸਨ। ਗੁਫਾ ਦੀਆਂ ਦੀਵਾਰਾਂ ਵਿੱਚ ਟਫਨ ਗਲਾਸ ਨਾਲ ਬਣੇ ਹੋਏ ਬਾਕਸਾਂ ਵਿੱਚ ਰੰਗ ਬਿਰੰਗੀਆਂ ਪਤਾ ਨਹੀਂ ਕਿੰਨੀ ਤਰ੍ਹਾਂ ਦੀਆਂ ਮੱਛੀਆਂ ਅਤੇ ਹੋਰ ਪਾਣੀ ਦੇ ਜੀਵ ਅਠਖੇਲੀਆਂ ਕਰ ਰਹੇ ਸਨ। ਪੂਰੇ ਇੱਕ ਸਮੁੰਦਰ ਦਾ ਦ੍ਰਿਸ਼ ਉਸ ਗੁਫਾ ਵਿੱਚ ਪੇਸ਼ ਕੀਤਾ ਗਿਆ ਸੀ। ਹਰੇਕ ਬਾਕਸ ਵਿੱਚ ਮੱਛੀਆਂ ਦੇ ਨਾਮ ਲਿਖੇ ਹੋਏ ਸਨ। ਪੰਜਾਬੀ ਆਪਣੇ ਸਭਾ ਅਨੁਸਾਰ ਸ਼ੀਸ਼ੇ ਤੇ ਠੋਲੇ ਮਾਰ ਮੱਛੀਆਂ ਨੂੰ ਹਿਲਾ ਹਿਲਾ ਕੇ ਵੇਖ ਰਹੇ ਸਨ। ਹਰ ਵਿਅਕਤੀ ਫੋਟੋਗ੍ਰਾਫਰ ਸੀ। ਹਰ ਪਾਸੇ ਫੋਟੋ, ਸੈਲਫੀ, ਵੀਡੀਓਗ੍ਰਾਫੀ ਹੋ ਰਹੀ ਸੀ। ਮੇਰਾ ਮੋਬਾਈਲ ਫੜ੍ਹ ਉਸ ਨੇ ਮੇਰੀਆਂ ਅਤੇ ਮੇਰੇ ਪਤੀ ਦੇਵ ਦੀਆਂ ਵੀ ਕਈ ਪਿਕਸ ਲਈਆਂ। ਕਮਾਲ ਦੀ ਗੱਲ ਤਾਂ ਇਹ ਸੀ ਕਿ ਉਹ ਕਿਸੇ ਵੀ ਪਿੱਕ ਵਿੱਚ ਸਾਡੇ ਨਾਲ ਨਹੀਂ ਸੀ ਖੜੀ। ਭਾਵੇਂ ਕਿ ਉਸ ਨੇ ਆਪਣੇ ਮੋਬਾਈਲ ਨਾਲ ਆਪਣੀ ਅਤੇ ਆਪਣੀ ਮਾਂ ਦੀਆਂ ਵੀ ਕੁਝ ਕੁ ਫੋਟੋ ਲਈਆਂ ਅਜਿਹਾ ਕਰਦੇ ਦੇਖ ਮੈਨੂੰ ਉਸ ਵਿੱਚੋਂ ਥੋੜ੍ਹੀ ਬੇਗਾਨਗੀ ਜਿਹੀ ਝਲਕੀ ਉਹ ਵੀ ਕੁਝ ਪਲਾਂ ਲਈ। ਉੱਘੜ-ਦੁੱਘੜ ਥਾਵਾਂ ਜਾਂ ਰੈਂਪ ’ਤੇ ਉਸ ਨੇ ਵੀਲ੍ਹ ਚੇਅਰ ਉੱਤੇ ਮੇਰੇ ਨਾਲੋ ਵੱਧ ਜ਼ੋਰ ਲਾਇਆ। ਇਥੋਂ ਤੱਕ ਕਿ ਮੱਛੀਆਂ ਅੱਗੇ ਖੜ੍ਹੇ ਲੋਕਾਂ ਨੂੰ ਪਰ੍ਹੇ ਕਰ ਮੇਰੇ ਪਤੀ ਨੂੰ ਸਭ ਕੁਝ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਦੇਖਿਆ ਮੇਰੇ ਪਤੀ ਦੇਵ “ਥੈਂਕਯੂ ਥੈਂਕਯੂ” ਆਖ ਰਹੇ ਸਨ। ਹੋ ਸਕਦਾ ਹੈ ਕਿ ਇਹ ਉਹਨਾਂ ਨੂੰ ਜਾਣਦੀ ਹੋਵੇ ਪਰ ਜੇਕਰ ਅਜਿਹਾ ਹੁੰਦਾ ਤਾਂ ਪਤੀ ਦੇਵ ਮੈਨੂੰ ਉਸ ਬਾਰੇ ਜ਼ਰੂਰ ਇੰਟਰੋਡਕਸ਼ਨ ਦਿੰਦੇ। ਇਸ ਤੋਂ ਪਹਿਲਾਂ ਕਿ ਕੋਈ ਹੋਰ ਸਵਾਲ ਮੇਰੇ ਮਨ ਵਿੱਚ ਉੱਠਦਾ ਤੇ ਮੈਂ ਬੋਲਦੀ ਉਸਨੇ ਪਹਿਲੋਂ ਹੀ ਮੁਸਕੁਰਾ ਕੇ ਮੇਰੇ ਵੱਲ ਵੇਖਿਆ ਅਤੇ ਕਿਹਾ,”ਮੇਰੇ ਬਾਰੇ ਜਿਆਦਾ ਨਾ ਸੋਚੋ.....ਮੈਨੂੰ ਆਪਣੀ ਛੋਟੀ ਭੈਣ ਜਾਂ ਸਹੇਲੀ ਸਮਝ ਲਵੋ। ਮੈਂ ਜ਼ਿੰਦਗੀ ਦੇ ਅਜਿਹੇ ਮੋੜ ਤੇ ਖੜ੍ਹੀ ਹਾਂ, ਜਿੱਥੋਂ ਮੈਨੂੰ ਇਹ ਫੈਸਲਾ ਲੈਣਾ ਔਖਾ ਹੋ ਰਿਹਾ ਹੈ ਕਿ ਮੈਂ ਕਿੱਧਰ ਨੂੰ ਜਾਵਾਂ...” ਇਹ ਗੱਲਾਂ ਕਰਦੀ ਉਹ ਥੋੜ੍ਹੀ ਜਿਹੀ ਗੰਭੀਰ ਹੋ ਗਈ ਅਤੇ ਮੇਰੇ ਮਨ ’ਤੇ ਵੀ ਉਦਾਸੀ ਜਿਹੀ ਛਾਅ ਗਈ। ਗੁਫਾ ਦੇ ਮੋੜਾਂ ਘੋੜਾਂ ਵਿੱਚੋਂ ਵਿਚਰਦੇ ਹੋਏ ਅਸੀਂ ਲੱਗਭਗ ਇੱਕ ਘੰਟੇ ਬਾਅਦ ਬਾਹਰ ਆ ਗਏ। ਇਸ ਦੌਰਾਨ ਜਦੋਂ ਮੈਂ ਆਪਣੇ ਪਤੀ ਨਾਲ ਕੋਈ ਛੋਟੀ ਮੋਟੀ ਗੱਲ ਕਰਦੀ, ਉਹਨਾਂ ਨੂੰ ਪਾਣੀ ਪਿਲਾਉਂਦੀ, ਉਹਨਾਂ ਦੇ ਹੱਥ ਪੈਰ ਠੀਕ ਕਰਦੀ ਜਾਂ ਵੀਲ੍ਹ ਚੇਅਰ ’ਤੇ ਠੀਕ ਕਰਕੇ ਬਿਠਾਉਂਦੀ ਤਾਂ ਉਹ ਅਤੇ ਉਸ ਦੀ ਮਾਂ ਮੈਨੂੰ ਬੜੀ ਗੌਰ ਨਾਲ ਵੇਖਦੀਆਂ। ਅਜਿਹਾ ਕਰਦਿਆਂ ਉਹ ਆਪਣੀ ਮਾਂ ਨੂੰ ਜਿਵੇਂ ਅੱਖਾਂ ਰਾਹੀਂ ਕੁੱਝ ਪੁੱਛਣ ਜਾਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਤੇ ਹਰ ਵਾਰ ਉਸ ਦੀ ਮਾਂ ਇੱਕ ਲੰਮਾ ਹਉਕਾ ਲੈਂਦੀ। ਸ਼ਾਇਦ ਇਹ ਉਸਦੀ ਆਦਤ ਸੀ ਜਾਂ ਭਾਵੁਕਤਾ ਪਤਾ ਨਹੀਂ। ਕਾਫੀ ਵਕਤ ਬੀਤ ਗਿਆ ਸੀ ਹੁਣ ਮੈਨੂੰ ਥੋੜ੍ਹੀ ਭੁੱਖ ਲੱਗ ਰਹੀ ਸੀ। ਯਕੀਨਨ ਮੇਰੇ ਪਤੀ ਦੇਵ ਵੀ ਸ਼ਾਇਦ ਇਹੀ ਮਹਿਸੂਸ ਕਰ ਰਹੇ ਹੋਣ ਕਿਉਂਕਿ ਅਸੀਂ ਅਕਸਰ ਛੇਤੀ ਰੋਟੀ ਖਾ ਕੇ ਪੈ ਜਾਣ ਦੇ ਆਦੀ ਹਾਂ। ਖਾਣ ਪੀਣ ਵਾਲੀਆਂ ਸਟਾਲਾਂ ਦੇ ਸਾਹਮਣੇ ਕੁਰਸੀਆਂ ਮੇਜ਼ ਲੱਗੇ ਹੋਏ ਸਨ। ਮੈਂ ਆਪਣੇ ਪਤੀ ਦੇਵ ਨੂੰ ਉਸ ਪਾਸੇ ਲੈ ਤੁਰੀ ਤੇ ਉਹ ਆਪਣੀ ਮਾਂ ਦਾ ਹੱਥ ਫੜ ਕੁਰਸੀਆਂ ਵੱਲ ਵਧੀ। ਜਿੱਥੇ ਮੈਂ ਖੜ੍ਹੀ ਸੀ ਉਸਨੇ ਨਾਲ ਦੀ ਕੁਰਸੀ ਠੀਕ ਕਰਕੇ ਆਪਣੀ ਮਾਂ ਨੂੰ ਬਿਠਾ ਦਿੱਤਾ।
“ਆਓ,ਕੁਝ ਖਾਣ ਪੀਣ ਨੂੰ ਲੈ ਆਈਏ..” ਉਸ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਅਸੀਂ ਫਾਸਟ ਫੂਡ ਦੀਆਂ ਦੁਕਾਨਾਂ ਵੱਲ ਚੱਲ ਪਈਆਂ। ਸਟਾਲਾਂ ’ਤੇ ਕਾਫੀ ਭੀੜ ਸੀ। ਇਸ ਮੌਕੇ ਦਾ ਫਾਇਦਾ ਉਠਾ ਮੈਂ ਸੋਚਿਆ ਕਿਉਂ ਨਾ ਇਸ ਨਾਲ ਗੱਲ ਕਰਾਂ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ,”ਮੇਰੀ ਉਮਰ 25 ਸਾਲਾਂ ਦੀ ਹੈ। ਸਰਕਾਰੀ ਸਕੂਲ ਵਿੱਚ ਪੰਜਾਬੀ ਅਧਿਆਪਕਾ ਲੱਗੀ ਹੋਈ ਹਾਂ। ਮੇਰੇ ਪਿਤਾ ਜੀ ਮੇਰੇ ਮੰਮੀ ਜੀ ਦੀ ਦੱਸਣ ਅਨੁਸਾਰ ਸੁਭਾਅ ਦੇ ਚੰਗੇ ਨਹੀਂ ਸਨ। ਚੰਗੇ ਘਰੋਂ ਹੋਣ ਦੇ ਬਾਵਜੂਦ ਨਸ਼ੇ ਕਰਕੇ ਮਾਂ ਦੀ ਕੁੱਟਮਾਰ ਕਰਨਾ ਉਹਨਾਂ ਦਾ ਸੁਭਾਅ ਬਣ ਚੁੱਕਾ ਸੀ। ਸੁਰਤ ਸੰਭਲਦਿਆਂ ਸੰਭਲਦਿਆਂ ਸਾਡਾ ਘਰ ਨਰਕ ਬਣ ਚੁੱਕਾ ਸੀ। ਬੋਤਲਾਂ ਸਾਡੀ ਜ਼ਮੀਨ ਨੂੰ ਪੀ ਰਹੀਆਂ ਸਨ। ਇੱਕ ਦਿਨ ਮੇਰਾ ਬਾਪੂ ਪਤਾ ਨਹੀਂ ਕਿਧਰੇ ਗੁੰਮ ਹੋ ਗਿਆ। ਰਿਸ਼ਤੇ ਨਾਤੇ ਥੋੜ੍ਹੇ ਚਿਰ ਚੱਲੇ। ਬਾਕੀ ਬਚੀ ਪੂੰਜੀ ਇਕੱਠੀ ਕਰ ਮੇਰੀ ਮਾਂ ਮੈਨੂੰ ਸ਼ਹਿਰ ਲੈ ਆਈ ਦੁੱਖਾਂ ਵਿੱਚੋਂ ਉਭਰਨ ਦਾ ਇੱਕ ਮੰਤਰ ਜੋ ਮੇਰੀ ਮਾਂ ਨੇ ਮੈਨੂੰ ਦਿੱਤਾ ਉਹ ਸੀ ਮਿਹਨਤ ਤੇ ਇਸੇ ਮਿਹਨਤ ਨੂੰ ਮੈਂ ਆਪਣਾ ਜੀਵਨ ਦਾ ਮਕਸਦ ਬਣਾ ਲਿਆ ਤੇ ਅਖੀਰ ਮੇਰੀ ਮਾਂ ਦੀਆਂ ਦੁਆਵਾਂ ਰੰਗ ਲਿਆਈਆਂ ਤੇ ਮੈਂ ਅਧਿਆਪਕਾ ਲੱਗ ਗਈ। “ਮੈਂ ਦੇਖਿਆ ਕਿ ਉਸ ਨੇ ਪਰ੍ਹੇ ਮੂੰਹ ਕਰ ਆਪਣੇ ਹੰਝੂ ਪੂੰਝੇ।
“ਚਲੋ ਛੱਡੋ ਮੇਰੀ ਦੁੱਖ ਭਰੀ ਕਹਾਣੀ..ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਵਿਆਹੁਤਾ ਜੀਵਨ ਕਿਸ ਤਰ੍ਹਾਂ ਲੰਘ ਰਿਹਾ ਹੈ..ਕਿਤੇ ਮੈਨੂੰ ਆਪਣੇ ਪਤੀ ਦੀ ਐਕਸ ਨਾ ਸਮਝ ਬੈਠਿਓ..!” ਤੇ ਉਹ ਠਹਾਕਾ ਮਾਰ ਹੱਸੀ। ਮੈਂ ਹੈਰਾਨ ਸਾਂ ਕਿ ਮੇਰੇ ਸੋਚਣ ਤੋਂ ਪਹਿਲਾਂ ਹੀ ਉਹ ਹਰੇਕ ਗੱਲ ਕਿਵੇਂ ਖੋਲ੍ਹ ਕੇ ਦੱਸ ਰਹੀ ਸੀ।
“ ਨਾ ਤਾਂ ਮੈਂ ਸਾਈਕੇਟਰਿਕ ਹਾਂ ਤੇ ਨਾ ਹੀ ਹਿਪਨੋਟਾਈਜ਼ ਕਰਨਾ ਜਾਣਦੀ..ਮੈਂ ਤੁਹਾਡੇ ਵਰਗੀ ਇੱਕ ਆਮ ਔਰਤ ਹਾਂ..।” ਮੇਰੇ ਮਨ ਦੀ ਉਲਝਣ ਉਸ ਨੇ ਇੱਕ ਵਾਕ ਵਿੱਚ ਹੀ ਦੂਰ ਕਰ ਦਿੱਤੀ।
“ਸਾਡਾ ਗ੍ਰਹਿਸਤੀ ਜੀਵਨ ਬਹੁਤ ਅੱਛਾ ਚੱਲ ਰਿਹਾ ਹੈ, ਤੈਥੋਂ ਉਲਟ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ । ਮੈਥੋਂ ਛੋਟੀਆਂ ਦੋ ਹੋਰ ਭੈਣਾਂ ਹਨ। ਤੁਹਾਡਾ ਬਾਪੂ ਤੁਹਾਨੂੰ ਛੱਡ ਕੇ ਚਲਾ ਗਿਆ ਪਰ ਸਾਡਾ ਭੂਤ ਸਾਡੇ ਨਾਲ ਹੀ ਚਿੰਬੜਿਆ ਹੋਇਐ। ਮੇਰੀ ਮਾਂ ਮੁਹੱਲੇ ਵਿੱਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ। ਭੈਣਾਂ ਪੜ੍ਹਦੀਆਂ ਹਨ। ਬਾਣੀਆਂ ਦੀ ਧੀ ਹਾਂ ਜਿੱਥੇ ਲੱਖਾਂ ਦਾ ਦਾਜ ਦੇਣ ਤੋਂ ਬਾਅਦ ਵੀ ਇਹ ਨਹੀਂ ਪਤਾ ਲੱਗਦਾ ਕਿ ਧੀ ਵਸੇਗੀ ਜਾਂ ਵਾਪਸ ਆ ਜਾਵੇਗੀ। ਭਲਾ ਹੋਵੇ ਮੇਰੇ ਤਾਏ ਦਾ ਜਿਸਨੇ ਇਸ ਘਰ ਦੀ ਸਾਨੂੰ ਦੱਸ ਪਾਈ। ਗੱਲ ਪੱਕੀ ਕਰਨ ਤੋਂ ਪਹਿਲਾਂ ਮੇਰੇ ਨਾਲੋਂ ਜਿਆਦਾ ਮੇਰੀ ਮਾਂ ਰੋਈ ਸੀ ਤੇ ਇਸ ਤੋਂ ਵੀ ਵੱਧ ਰੋਈਆਂ ਸਨ ਮੇਰੀਆਂ ਭੈਣਾਂ। ਗ਼ਰੀਬੀ ਕਾਰਨ ਸ਼ਾਇਦ ਅਸੀਂ ਇਹ ਸਮਝੌਤਾ ਕਰ ਰਹੇ ਸੀ। ਪਰ ਸਦਕੇ ਜਾਵਾਂ ਮੈਂ ਆਪਣੀ ਮਾਂ ਦੇ ਉਸ ਨੇ ਕਦੇ ਵੀ ਆਪਣੀ ਗਰੀਬੀ ਜਾਂ ਛੋਟੀਆਂ ਭੈਣਾਂ ਦਾ ਵਾਸਤਾ ਪਾ ਕੇ ਮੈਨੂੰ ਨਹੀਂ ਸੀ ਕਿਹਾ ਕਿ ਤੂੰ ਇਹ ਸਮਝੌਤਾ ਕਰ। ਪਰ ਸਿਆਣੇ ਧੀ ਪੁੱਤ ਤੋਂ ਘਰ ਦੇ ਹਾਲਾਤ ਵੀ ਕਿਤੇ ਗੁੱਝੇ ਰਹਿੰਦੇ ਨੇ। ਬਹੁਤੇ ਲੋਕ ਸ਼ਾਇਦ ਇਸ ਨੂੰ ਸਮਝੌਤਾ ਸ਼ਾਦੀ ਜਾਂ ਵਿਆਹ ਦਾ ਨਾਮ ਦਿੰਦੇ ਹੋਣ ਪਰ ਸੱਚ ਦੱਸਾਂ ਮੈਨੂੰ ਅਜੇ ਤੱਕ ਇਹ ਵਿਆਹ ਸਮਝੌਤਾ ਜਾਂ ਬੋਝ ਨਹੀਂ ਲੱਗਿਆ। ਮੇਰੀ ਸੱਸ ਨਿਰਾ ਰੱਬ ਦਾ ਰੂਪ...ਰੱਜੀ ਰੂਹ ਤੇ ਮੇਰੇ ਇਹ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੇ ਸਾਰੇ ਲਾਡ ਚਾਅ ਪੂਰੇ ਕਰਦੇ ਨੇ...ਉਹ ਆਪ ਭਾਵੇਂ ਕਿੱਧਰੇ ਜਾਣ ਨਾ ਜਾਣ ਪਰ ਮੈਨੂੰ ਉਹ ਜ਼ਰੂਰ ਭੇਜਦੇ ਹਨ। ਪਤਾ ਨਹੀਂ ਕਿੰਨੀ ਕੁ ਵਾਰ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈਕੇ ਆਖਦੇ ਹਨ,‘‘ਮੈਂ ਸ਼ਾਇਦ ਤੇਰੇ ਨਾਲ ਧੱਕਾ ਕੀਤੈ, ਜੇਕਰ ਤੈਨੂੰ ਕੋਈ ਚਲਦਾ ਫਿਰਦਾ ਇਨਸਾਨ ਮਿਲਿਆ ਹੁੰਦਾ ਤਾਂ ਤੂੰ ਜੀਵਨ ਦਾ ਵੱਧ ਆਨੰਦ ਲੈਣਾ ਸੀ। ਪਰ ਜਦੋਂ ਅੱਜ ਦੇ ਹਾਲਾਤ ਵੇਖਦੀ ਹਾਂ ਕਿ ਕਿਸ ਤਰ੍ਹਾਂ ਵਿਆਹ ਛੋਟੀਆਂ ਛੋਟੀਆਂ ਗੱਲਾਂ ਕਾਰਨ ਕਰ ਟੁੱਟ ਜਾਂਦੇ ਹਨ ਤਾਂ ਆਪਣੀ ਖੁਸ਼ਹਾਲ ਗ੍ਰਹਿਸਤੀ ਦੇਖ ਕੇ ਸਕੂਨ ਮਿਲਦਾ ਹੈ। ਬਾਕੀ ਮੈਂ ਮੱਥੇ ਦੀ ਲਿਖੀ ਤੇ ਵੀ ਯਕੀਨ ਕਰਦੀ ਹਾਂ। ਮੇਰੇ ਬੇਸਹਾਰਾ ਜਿਹੇ ਪਰਿਵਾਰ ਦੀ ਇਹ ਇੱਕ ਧਿਰ ਬਣ ਗਏ। ਤੈਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਜਦੋਂ ਪਹਿਲੀ ਸਾਲਗਿਰ੍ਹਾ ਤੋਂ ਪਹਿਲਾਂ ਹੀ ਮੇਰੀ ਗੋਦੀ ਵਿੱਚ ਇੱਕ ਨਿੱਕਾ ਜਿਹਾ ਬਾਲ ਆ ਗਿਆ ਤਾਂ ਉਹਨਾਂ ਸਾਰੀਆਂ ਦੇ ਮੂੰਹ ਤੇ ਚਪੇੜ ਵੱਜੀ ਜੋ ਮੈਨੂੰ ਪੁੱਛਦੀਆਂ ਸਨ “ਮੁੰਡਾ ਊਂ ਤਾਂ ਠੀਕ ਹੈ”। ਫਾਸਟ ਫੂਡ ਵਾਲੇ ਨੇ ਸਾਡਾ ਆਰਡਰ ਤਿਆਰ ਹੋਣ ਦਾ ਇਸ਼ਾਰਾ ਕੀਤਾ। ਟੇਬਲ ’ਤੇ ਪਹੁੰਚ ਕੇ ਬੜੀ ਖੁਸ਼ੀ ਹੋਈ ਕਿ ਉਸਦੀ ਮਾਂ ਅਤੇ ਮੇਰੇ ਪਤੀ ਦੇਵ ਆਪਸ ਵਿੱਚ ਹੱਸ ਹੱਸ ਕੇ ਗੱਲਾਂ ਕਰ ਰਹੇ ਸਨ। ਉਸਦੀ ਮਾਂ ਨੂੰ ਗੰਭੀਰ ਅਵਸਥਾ ਚੋਂ ਨਿਕਲਿਆ ਦੇਖ ਮੈਨੂੰ ਬੜੀ ਪ੍ਰਸੰਨਤਾ ਹੋਈ।
“ਬਾਹਲਾ ਹੀ ਟਾਈਮ ਲਾ ਆਈਆਂ...” ਉਸ ਦੀ ਮਾਂ ਨੇ ਪੁੱਛਿਆ,ਊਂ ਤਾਂ ਚਲੋ ਚੰਗਾ ਹੋਇਆ... ਇੰਨੇ ਸਮੇਂ ਵਿੱਚ ਅਸੀਂ ਮਾਂ ਪੁੱਤਾਂ ਨੇ ਵੀ ਗੱਲਾਂ ਕਰ ਲਈਆਂ...”।
“ ਹੋਰ ਤਾਂ ਹੋਰ ਹੁਣ ਮੇਰੇ ਪਤੀ ਵੀ ਕੀਲੇ ਗਏ...ਹੇ ਰੱਬਾ! ਇਹ ਕੀ ਹੋ ਰਿਹਾ ਹੈ..?” ਆਪਣਾ ਪੈਰ ਪਟਕ ਮੈਂ ਮਨੋਂ-ਮਨੀ ਕਿਹਾ।
“ਅੱਛਾ ਦੱਸੋ ਕੀ ਕੀ ਗੱਲਾਂ ਹੋਈਆਂ ?”
“ਤੁਸੀਂ ਕਿਹੜਾ ਸਾਨੂੰ ਆਪਣੀਆਂ ਦੱਸੀਐਂ,” ਮਾਂ ਫੇਰ ਠਹਾਕਾ ਮਾਰ ਕੇ ਹੱਸੀ। ਖਾਣਾ ਖਾਂਦਿਆਂ ਇੱਧਰ ਉੱਧਰ ਦੀਆਂ ਗੱਲਾਂ ਹੀ ਚੱਲੀਆਂ ਕਿਸੇ ਨੇ ਵੀ ਕੋਈ ਨਿੱਜੀ ਗੱਲ ਨਹੀਂ ਕੀਤੀ ਪਰ ਇੰਨਾ ਜ਼ਰੂਰ ਸੀ ਕਿ ਹੁਣ ਸਾਰੇ ਸਹਿਜ ਲੱਗ ਰਹੇ ਸਨ। ਅਗਲਾ ਪ੍ਰੋਗਰਾਮ ਵੱਖੋ-ਵੱਖ ਸਟਾਲਾਂ ਵੇਖਣ ਦਾ ਬਣਿਆ। ਇੱਕ ਸਟਾਲ ’ਤੇ ਸੂਟ ਵੇਖਦਿਆਂ ਸੰਘਣੀ ਭੀੜ ਵਿੱਚ ਮੈਨੂੰ ਆਪਣੇ ਪਤੀ ਬਾਰੇ ਯਾਦ ਆਇਆ ਤਾਂ ਮੈਂ ਹੱਥਲਾ ਸੂਟ ਉੱਥੇ ਹੀ ਸੁੱਟ ਪਿੱਛੇ ਵੱਲ ਮੁੜੀ। ਮੈਂ ਦੇਖਿਆ ਕਿ ਉਹ ਵੀਲ੍ਹ ਚੇਅਰ ਨੂੰ ਹੌਲੀ ਹੌਲੀ ਹੋਰ ਸਟਾਲਾਂ ’ਤੇ ਲਿਜਾ ਰਹੀ ਸੀ। ਘਬਰਾਹਟ ਵਿੱਚ ਮੈਂ ਉਸ ਦਾ ਹੱਥ ਪਰ੍ਹਾਂ ਕਰ ਵੀਲ੍ਹ ਚੇਅਰ ਦੇ ਹੈਂਡਲ ਫੜ ਲਏ। ਗੁੱਸੇ ਹੋਣ ਦੀ ਬਜਾਏ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ,” ਕਿਧਰੇ ਨਹੀਂ ਮੈਂ ਭਾ’ਜੀ ਨੂੰ ਕਿਡਨੈਪ ਕਰਨ ਲੱਗੀ” ਤੇ ਸਾਰੇ ਮੈਨੂੰ ਡੌਰ-ਭੌਰ ਹੋਈ ਨੂੰ ਦੇਖ ਹੱਸ ਰਹੇ ਸਨ। ਅਸੀਂ ਗੱਲਾਂ ਕਰਦੇ ਕਰਦੇ ਮੇਲੇ ਵਿੱਚੋਂ ਬਾਹਰ ਆ ਰਹੇ ਸੀ। ਗੱਲਾਂ ਸ਼ਹਿਰ ਬਠਿੰਡੇ ਦੀਆਂ ਗੱਲਾਂ ਮੇਲੇ ਦੀਆਂ ...ਗੱਲਾਂ ਭੀੜ ਭੜੱਕੇ ਦੀਆਂ...ਗੱਲਾਂ ਮੌਸਮ ਦੀਆਂ..ਹਰ ਤਰ੍ਹਾਂ ਦੀਆਂ ਗੱਲਾਂ ਹੋਈਆਂ। ਇਹ ਪਹਿਲੀ ਵਾਰ ਸੀ ਕਿ ਇੱਕ ਬੇਨਾਮ ਜਿਹੇ ਰਿਸ਼ਤੇ ਵਿੱਚ ਬੱਝਕੇ ਇੰਨੀਆਂ ਸਟਾਲਾਂ ਵਿੱਚੋਂ ਮੈਂ ਅੱਜ ਕੁੱਝ ਵੀ ਨਹੀਂ ਸੀ ਖਰੀਦਿਆ। ਭਾਵੇਂ ਕਿ ਮੇਰੇ ਪਤੀ ਦੇਵ ਵਾਰੀ-ਵਾਰੀ ਮੈਨੂੰ ਪੁੱਛ ਰਹੇ ਸਨ। ਹੋਰ ਤਾਂ ਹੋਰ ਓਸ਼ੋ ਅਤੇ ਸ਼ਿਵ ਦੀਆਂ ਕਿਤਾਬਾਂ ਦੇ ਸ਼ੁਦਾਈ ਮੇਰੇ ਪਤੀ ਦੇਵ ਨੇ ਵੀ ਕੋਈ ਕਿਤਾਬ ਨਹੀਂ ਖਰੀਦੀ ਭਾਵੇਂ ਕਿ ਕਿਤਾਬਾਂ ਦੀ ਸਟਾਲ ’ਤੇ ਅਸੀਂ ਕਾਫੀ ਚਿਰ ਖੜ੍ਹੇ ਰਹੇ। ਬੁੱਤ ਘਾੜਿਆਂ ਦੀ ਇੱਕ ਬਹੁਤ ਵੱਡੀ ਸਟਾਲ ਜਿੱਥੇ ਕਿ ਆਦਮਕੱਦ ਬੁੱਧ, ਘੋੜੇ, ਹਾਥੀ, ਸ਼ੇਰ ਆਦਿ ਦੇ ਬੁੱਤ ਸਨ ਉੱਥੇ ਜਾ ਕੇ ਉਸ ਨੇ ਮੇਰੇ ਮੋਬਾਈਲ ਤੇ ਮੇਰੀਆਂ ਤੇ ਮੇਰੇ ਪਤੀ ਦੀਆਂ ਰੋਮਾਂਟਿਕ ਪੋਜ਼ ਬਣਵਾ ਕੇ ਪਿਕਸ ਲਈਆਂ। ਉਸ ਨੇ ਤਾਂ ਡੀਜੇ ਫਲੋਰ ’ਤੇ ਘੁੰਮਣ ਵਾਲੇ ਕੈਮਰੇ ਵਿੱਚ ਕੋਈ ਗਾਣਾ ਲਗਾ ਕੇ ਸਾਡੇ ਦੋਵਾਂ ਦੀ ਰੀਲ ਬਣਾਉਣ ਦੀ ਵੀ ਤਾਕੀਦ ਕੀਤੀ ਸੀ ਪ੍ਰੰਤੂ ਅਸੀਂ ਆਪਣੇ ਸੰਗਾਊ ਸੁਭਾਅ ਕਾਰਨ ਪਿੱਛੇ ਹਟ ਗਏ। ਸਮਾਂ ਕਾਫੀ ਹੋ ਚੁੱਕਾ ਸੀ ਅਤੇ ਘਰੋਂ ਵੀ ਕਈ ਵਾਰ ਫੋਨ ਆ ਗਿਆ ਸੀ। ਹੁਣ ਅਸੀਂ ਲਗਭਗ ਮੇਲੇ ਤੋਂ ਬਾਹਰ ਸੀ। ਉਸ ਨੇ ਇੱਕ ਪਾਸੇ ਖੜ੍ਹੀ ਆਪਣੀ ਸਕੂਟੀ ਚੁੱਕੀ ਤੇ ਸਾਡੇ ਕੋਲ ਆ ਗਈ। ਉਸ ਨੇ ਕਾਰ ਵਿੱਚ ਮੇਰੇ ਪਤੀ ਦੇਵ ਨੂੰ ਬਿਠਾਉਣ ਵਿੱਚ ਕਾਫੀ ਮਦਦ ਕੀਤੀ ਭਾਵੇਂ ਕਿ ਸਾਡਾ ਡਰਾਈਵਰ ਉਹਨਾਂ ਨੂੰ ਕਾਰ ਵਿੱਚ ਇਕੱਲਾ ਹੀ ਬੜੇ ਆਰਾਮ ਨਾਲ ਬਿਠਾ ਲੈਂਦਾ ਹੈ। ਨੇੜੇ ਆ ਕੇ ਉਸਨੇ ਮੈਨੂੰ ਗਲਵੱਕੜੀ ਵਿੱਚ ਲਿਆ ਅਤੇ ਕਿਹਾ “ਧੰਨਵਾਦ ਦੀਦੀ”। ਹੱਥ ਜੋੜ ਕੇ ਮੇਰੇ ਪਤੀ ਨੂੰ ਨਮਸਕਾਰ ਕੀਤੀ ਤੇ ਉਸ ਦੀ ਮਾਂ ਨੇ ਸਾਡੇ ਦੋਵਾਂ ਦਾ ਸਿਰ ਪਲੋਸਦਿਆਂ ਕਿਹਾ,”ਜਿਊਂਦੇ ਵਸਦੇ ਰਹੋ...ਜੋੜੀ ਬਣੀ ਰਹੇ...”। ਜਿਉਂ ਹੀ ਗੱਡੀ ਸਟਾਰਟ ਹੋਈ ਮੋਬਾਈਲ ਹੱਥੀਂ ਲੈਂਦਿਆਂ ਉਸ ਨੇ ਗੱਡੀ ਦਾ ਸ਼ੀਸ਼ਾ ਖੜਕਾਇਆ ਤੇ ਉਸੇ ਹੀ ਮੁਸਕਰਾਹਟ ਭਰਿਆ ਚਿਹਰਾ ਮੇਰੇ ਵੱਲ ਕਰਦਿਆਂ ਕਿਹਾ, “ਉਹ...ਮੈਂ ਤੁਹਾਡਾ ਤਾਂ ਨੰਬਰ ਲੈਣਾ ਹੀ ਭੁੱਲ ਗਈ, ਦੱਸਿਓ ਪਲੀਜ਼”। ਇਸ ਤੋਂ ਪਹਿਲਾਂ ਕਿ ਮੈਂ ਉਸਦਾ ਨਾਮ, ਪਤਾ, ਮੋਬਾਈਲ ਨੰਬਰ ਆਦਿ ਪੁੱਛਦੀ ਉਹ ਫੁਰਤੀ ਨਾਲ ਸਕੂਟੀ ਵੱਲ ਵਧੀ ਅਤੇ ਹੱਥ ਹਿਲਾਉਂਦੀ ਸਕੂਟੀ ਸਟਾਰਟ ਕਰ ਆਪਣੀ ਮਾਂ ਨੂੰ ਪਿੱਛੇ ਬਿਠਾ ਭੀੜ ਵਿੱਚ ਕਿਧਰੇ ਗੁੰਮ ਗਈ। ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਸਾਰ ਮੈਂ ਅਤੇ ਪਤੀ ਦੇਵ ਇੱਕ ਦੂਜੇ ਵੱਲ ਝਾਕੇ ਅਤੇ ਦੋਹਾਂ ਦੇ ਮੂੰਹੋਂ ਇੱਕੋ ਹੀ ਪ੍ਰਸ਼ਨ ਨਿਕਲਿਆ,”ਕੌਣ ਸੀ ਇਹ”?
“ ਤੁਹਾਨੂੰ ਨਹੀਂ ਪਤਾ...ਮੈਨੂੰ ਤਾਂ ਲੱਗਿਆ ਕਿ ਸ਼ਾਇਦ ਇਹ ਤੁਹਾਡੀ ਕੋਈ ਨੋਨ ਹੈ!”
“ਤੇ ਮੈਂ ਸਮਝਦਾ ਰਿਹਾ ਸ਼ਾਇਦ ਇਹ ਤੇਰੀ ਕੋਈ ਜਾਣਕਾਰ ਹੈ...ਕਮਾਲ ਹੈ! ਇੰਨੇ ਸਮੇਂ ਵਿੱਚ ਅਸੀਂ ਉਸ ਤੋਂ ਉਸਦਾ ਥਹੁ ਟਿਕਾਣਾ ਵੀ ਨਹੀਂ ਪੁੱਛ ਸਕੇ” ਜਦੋਂ ਤੱਕ ਗੱਡੀ ਮੇਨ ਰੋਡ ’ਤੇ ਚੜ੍ਹੀ ਮੇਰੇ ਪਤੀ ਨੇ ਗੱਲ ਛੇੜੀ,” ਤੇਰੇ ਨਾਲ ਉਸ ਨੇ ਕੀ ਕੀ ਗੱਲਾਂ ਕੀਤੀਆਂ..? ਬਸ ਆਹੀ ਸਾਡੇ ਗ੍ਰਹਿਸਥੀ ਜੀਵਨ ਬਾਰੇ, ਆਪਣੇ ਵਿਆਹ ਬਾਰੇ।”
“ਤੇ ਉਹਦੀ ਮਾਂ ਨੇ ਤੁਹਾਡੇ ਨਾਲ ਕੀ ਗੱਲ ਕੀਤੀ?”
“ਬਸ ਉਹਨੇ ਵੀ ਆਮ ਜਿਹੀਆਂ ਗੱਲਾਂ ਕੀਤੀਆਂ ਗ੍ਰਹਿਸਥੀ ਜੀਵਨ ਵਿੱਚ ਮੇਰਾ ਯੋਗਦਾਨ...ਆਪਣੇ ਬੱਬੂ ਦੀ ਪਰਵਰਿਸ਼ ਬਾਰੇ ਪੁੱਛਿਆ।”
“ਤੇਰੇ ਬਾਰੇ ਉਸਨੇ ਕਈ ਵਾਰ ਪੁੱਛਿਆ ਕਿ ਤੂੰ ਇਸ ਵਿਆਹੁਤਾ ਜੀਵਨ ਤੋਂ ਖੁਸ਼ ਹੈ ਜਾਂ ਨਹੀਂ।”
ਅਸੀਂ ਆਪਸ ਵਿੱਚ ਗੱਲਾਂ ਕਰਕੇ ਕੋਈ ਲੜ ਸਿਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸਾਂ। ਮੈਂ ਮੋਬਾਈਲ ਗੈਲਰੀ ਵਿੱਚ ਜਾ ਕੇ ਸਾਰੀਆਂ ਪਿਕਸ ਫਰੋਲੀਆਂ... ਕਿਧਰੇ ਵੀ ਉਹ ਜਾਂ ਉਸਦੀ ਮਾਤਾ ਨਜ਼ਰ ਨਹੀਂ ਆਈ! ਜੀਅ ਕਰ ਰਿਹਾ ਸੀ ਕਿ ਉਸ ਨਾਲ ਹੋਰ ਢੇਰ ਸਾਰੀਆਂ ਗੱਲਾਂ ਕਰਾਂ ਉਸ ਦਾ ਸਾਥ ਮੈਨੂੰ ਹੁਣ ਤੱਕ ਬੜਾ ਸਕੂਨ ਦੇ ਰਿਹਾ ਸੀ। ਪਰ ਹੁਣ ਮੈਨੂੰ ਅੱਚਵੀ ਜਿਹੀ ਲੱਗਣ ਲੱਗੀ। ਆਖਰ ਕੌਣ ਹੋਈ ਉਹ ਭਲਾ? ਸਾਡੇ ਦੋਵਾਂ ਦੇ ਮੱਥਿਆਂ ਵਿੱਚ ਇਹ ਪ੍ਰਸ਼ਨ ਜਿਉਂ ਹੀ ਉਭਰਿਆ ਕਾਰ ਵਿੱਚ ਸੰਨਾਟਾ ਜਿਹਾ ਛਾ ਗਿਆ। ਘਰ ਤੱਕ ਅਸੀਂ ਕੋਈ ਖ਼ਾਸ ਗੱਲਬਾਤ ਨਹੀਂ ਕੀਤੀ। ਸੱਚ ਪੁੱਛੋ ਤਾਂ ਮੈਨੂੰ ਜਿੰਨੀ ਖੁਸ਼ੀ ਮੇਲੇ ਵਿੱਚ ਤੁਰ ਫਿਰ ਕੇ ਉਸਦੇ ਨਾਲ ਆਈ ਉਸ ਤੋਂ ਵੱਧ ਬੇਚੈਨੀ ਹੁਣ ਹੋ ਰਹੀ ਸੀ।
ਘਰ ਆ ਕੇ ਆਪਣੀ ਸੱਸ ਦੀਆਂ ਸਾਧਾਰਨ ਜਿਹੀਆਂ ਗੱਲਾਂ ਦਾ ਉੱਤਰ ਵੀ ਮੈਂ ਚੱਜ ਨਾਲ ਨਹੀਂ ਦੇ ਸਕੀ ਤੇ ਅਖੀਰ ਉਹ ...”ਅੱਛਾ ਚਲੋ ਪੈ ਜਾਓ ਥੱਕ ਗਏ ਹੋਵੋਗੇ...” ਆਖ ਕੇ ਕਮਰੇ ਵਿੱਚ ਬੇਟੇ ਨੂੰ ਸਾਡੇ ਨਾਲ ਪਾ ਕੇ ਚਲੀ ਗਈ। ਅਜਿਹਾ ਕਦੇ ਨਹੀਂ ਸੀ ਹੋਇਆ ਕਿ ਜੇਕਰ ਅਸੀਂ ਕਦੇ ਬਾਹਰ ਗਏ ਹੋਈਏ ਤੇ ਬੇਟੇ ਲਈ ਖਿਡਾਉਣੇ ਲੈ ਕੇ ਨਾ ਆਈਏ... ਮੈਨੂੰ ਪਤਾ ਸੀ ਕਿ ਉਹ ਸਵੇਰੇ ਉੱਠ ਕੇ ਤੋਤਲੀ ਜ਼ੁਬਾਨ ਵਿੱਚ ‘ਤੋਆਏ ਤੋਆਏ’ ਆਖ ਮੇਰੇ ਮਗਰ ਜ਼ਰੂਰ ਪਵੇਗਾ। ਮੈਂ ਆਪਣਾ ਧਿਆਨ ਬੇਟੇ ਦੇ ਚਿਹਰੇ ਵੱਲ ਵੇਖ ਕੇ ਵਾਰ-ਵਾਰ ਉਸ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹੀ ਹੱਸਦਾ ਖਿੜਿਆ ਚਿਹਰਾ ਮੇਰੇ ਅੱਗੇ ਆ ਖੜ੍ਹਦਾ। ਨੀਂਦ ਜਿਵੇਂ ਮੇਰੀਆਂ ਅੱਖਾਂ ਵਿੱਚੋਂ ਕੋਹਾਂ ਦੂਰ ਭੱਜ ਚੁੱਕੀ ਸੀ। ਮੇਰੀ ਸਥਿਤੀ ਦੇਖ ਮੇਰੇ ਪਤੀ ਨੇ ਹੌਲੀ ਹੌਲੀ ਮੇਰੇ ਮੱਥੇ ’ਤੇ ਥਪ-ਥਪਾਉਣਾ ਸ਼ੁਰੂ ਕਰ ਦਿੱਤਾ। ਮੇਲੇ ਦੀਆਂ ਸਮ੍ਰਿਤੀਆਂ ਵਿੱਚ ਘੁੰਮਣ ਘੇਰੀਆਂ ਖਾਂਦੀ ਹੋਈ ਮੈਂ ਪਤਾ ਨਹੀਂ ਕਦੋਂ ਸੌਂ ਗਈ। ਅਗਲੇ ਦਿਨ ਐਤਵਾਰ ਸੀ। ਅਕਸਰ ਅਸੀਂ ਛੁੱਟੀ ਵਾਲੇ ਦਿਨ ਲੇਟ ਉੱਠਦੇ ਹਾਂ। ਪਰ ਪਤਾ ਨਹੀਂ ਕਿਉਂ ਅੱਜ ਪਹਿਲਾਂ ਨਾਲੋਂ ਵੀ ਪਹਿਲਾਂ ਬਿਨਾਂ ਅਲਾਰਮ ਦੇ ਵੱਜਿਆਂ ਅੱਖ ਖੁੱਲ੍ਹ ਗਈ। ਪਾਣੀ ਦੀਆਂ ਦੋ ਚਾਰ ਘੁੱਟਾਂ ਭਰ ਸਭ ਤੋਂ ਪਹਿਲਾਂ ਮੋਬਾਈਲ ਵੇਖਿਆ। ਕਾਲਾਂ ਚੈੱਕ ਕੀਤੀਆਂ ਕੋਈ ਕਾਲ ਨਹੀਂ ਸੀ ਵਟਸਐਪ ਤੇ ਵੱਖ ਵੱਖ ਗਰੁੱਪਾਂ ਦੇ ਮੈਸੇਜ ਇੰਡੀਕੇਟ ਹੋ ਰਹੇ ਸਨ। ਮੋਬਾਈਲ ਦੀ ਸਕਰੀਨ ਸਕਰੌਲ ਕਰਦਿਆਂ ਕਿਸੇ ਅਣਨੋਨ ਨੰਬਰ ਤੋਂ ਆਇਆ ਮੈਸੇਜ ਦੇਖ ਮੈਂ ਰੁਕ ਗਈ। ਕਾਹਲੀ ਨਾਲ ਖੋਲ੍ਹਿਆ ਉਸ ਵਿੱਚ ਇੱਕ ਮੈਸੇਜ ਸੀ...” ਹੈਲੋ ਦੀਦੀ, ਆਪ ਜੀ ਦਾ ਅਤੇ ਭਾ’ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਦੋਵਾਂ ਨੇ ਮੇਰੀਆਂ ਖੁਸ਼ੀਆਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ....ਖੁਸ਼ੀਆਂ ਕਿਵੇਂ... ਤੁਸੀਂ ਸੋਚ ਰਹੇ ਹੋਵੋਗੇ? ਨਹੀਂ ਸਮਝੇ, ਅੱਜ ਤੁਹਾਡੀ ਮੁਲਾਕਾਤ ਨੇ ਮੈਨੂੰ ਇੱਕ ਬਹੁਤ ਵੱਡਾ ਗ਼ਲਤ ਫ਼ੈਸਲਾ ਲੈਣ ਤੋਂ ਰੋਕ ਲਿਆ। ਮੇਰੇ ਨਾਲ ਕਾਲਜ...ਯੂਨੀਵਰਸਿਟੀ ਪੜ੍ਹੇ ਤੇ ਹੁਣ ਕੁਲੀਗ ਬਣੇ ਇੱਕ ਮੁੰਡੇ ਨਾਲ ਮੈਨੂੰ ਪਿਆਰ ਹੋ ਗਿਆ। ਮੇਰੇ ਲਈ ਚੰਨ ਤਾਰੇ ਤੋੜ ਕੇ ਲਿਆਉਣ ਵਾਲਾ ਉਹ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਅਪੰਗ ਹੈ। ਮੈਂ ਤੇ ਉਹਦਾ ਪਰਿਵਾਰ ਅਸੀਂ ਇਸ ਰਿਸ਼ਤੇ ਨੂੰ ਕਬੂਲਣ ਲਈ ਤਿਆਰ ਸੀ...ਪਰ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਉਹ ਮੇਰੇ ਕਾਬਿਲ ਨਹੀਂ। ਮਾਂ-ਬਾਪ ਹਮੇਸ਼ਾ ਆਪਣੇ ਧੀਆਂ-ਪੁੱਤਾਂ ਲਈ ਚੰਗਾ ਹੀ ਸੋਚਦੇ ਹਨ। ਮੇਰੀ ਅੰਮੜੀ ਮੈਨੂੰ ਇੱਕ ਅਪਾਹਜ ਨਾਲ ਵਿਆਹ ਕੇ ਪਾਪਾਂ ਦਾ ਭਾਗੀ ਨਹੀਂ ਸੀ ਬਣਨਾ ਚਾਹੁੰਦੀ। ਉਸ ’ਤੇ ਮੇਰੀ ਇਹ ਦਲੀਲ ਵੀ ਅਸਫਲ ਰਹੀ ਕਿ ਜੇਕਰ ਵਿਆਹ ਤੋਂ ਬਾਅਦ ਐਕਸੀਡੈਂਟ ਨਾਲ ਅਜਿਹਾ ਕੁਝ ਹੋ ਜਾਵੇ ਤਾਂ ਫਿਰ ਕੀ? ਉਸ ਦੇ ਮਨ ਦਾ ਡਰ ਇਹ ਹੈ ਕਿ ਇਸ ਤਰ੍ਹਾਂ ਦਾ ਵਿਅਕਤੀ ਆਪਣੀ ਜੀਵਨ ਕਿਸ਼ਤੀ ਕਿਨਾਰੇ ਕਿਵੇਂ ਲਗਾਵੇਗਾ? ਜੇਕਰ ਮੈਂ ਉਸ ਨੂੰ ਜਵਾਬ ਦੇ ਕੇ ਵਾਅਦਾਖ਼ਿਲਾਫ਼ੀ ਕਰਦੀ ਤਾਂ ਮੈਨੂੰ ਵੀ ਪਾਪ ਲੱਗਣਾ ਸੀ। ਨਾਲੇ ਮੁਹੱਬਤਾਂ ਇਸ ਤਰ੍ਹਾਂ ਠੁਕਰਾਈਆਂ ਨਹੀਂ ਜਾ ਸਕਦੀਆਂ। ਰੱਬ ਦੀਆਂ ਲੱਖ ਰਹਿਮਤਾਂ ਤੋਂ ਬਾਅਦ ਕਿਸੇ ਕਿਸੇ ਨੂੰ ਇਸ ਤਰ੍ਹਾਂ ਦਾ ਸੱਚਾ ਪਿਆਰ ਮਿਲਦਾ ਹੈ। ਜੇ ਉਸ ਨੂੰ ਛੱਡਣਾ ਅਸਹਿ ਹੈ ਤਾਂ ਮਾਂ ਨੂੰ ਛੱਡ ਦੇਣਾ ਨਾਮੁਮਕਿਨ। ਘਰੋਂ ਚਲਣ ਵੇਲੇ ਪਰਮਾਤਮਾ ਨੂੰ ਅਰਦਾਸ ਕੀਤੀ ਸੀ ਕਿ ਜੋ ਤੈਨੂੰ ਮਨਜ਼ੂਰ ਉਹ ਕਰ ਪਰ ਮੈਥੋਂ ਕੋਈ ਪਾਪ ਨਾ ਕਰਵਾਈਂ। ਇੱਥੇ ਤੁਸੀਂ ਮਿਲੇ, ਤੁਹਾਡੀਆਂ ਗੱਲਾਂ ਬਾਤਾਂ ਨੇ ਮੇਰੇ ਵਿਸ਼ਵਾਸ ਨੂੰ ਹੋਰ ਪੁਖਤਾ ਕੀਤਾ ਤੇ ਖ਼ਾਸਕਰ ਭਾ’ਜੀ ਨੇ ਮੇਰੀ ਮਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਅਪਹਾਜ ਬੰਦੇ ਵੀ ਦਿਲਦਾਰ ਹੋ ਸਕਦੇ ਹਨ। ਮੇਰੀ ਮੰਮੀ ਨੇ ਸਭ ਕੁਝ ਬਾਰੀਕੀ ਨਾਲ ਦੇਖਿਆ ਘੋਖਿਆ ਤੇ ਅਖੀਰ ਵਿੱਚ ਉਸਨੇ ‘ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ’ ਵਾਲਾ ਡਾਇਲਾਗ ਬੋਲ ਹੀ ਦਿੱਤਾ, ‘‘ਜਾਹ ਜੀ ਲੇ ਆਪਣੀ ਜ਼ਿੰਦਗੀ...’’
ਮਾਯੂਸ ਨਾ ਹੋਵੋ ਆਪਣਾ, ਨਾਮ, ਪਤਾ, ਟਿਕਾਣਾ ਸਭ ਕੁਝ ਛੇਤੀ ਹੀ ਵਿਆਹ ਵਾਲੇ ਕਾਰਡ ’ਤੇ ਛਪਵਾ ਕੇ ਘੱਲਾਂਗੀ। ਮੈਨੂੰ ਪਤਾ ਹੈ ਕਿ ਤੁਸੀਂ ਸਾਰੀ ਰਾਤ ਸ਼ਸ਼ੋਪੰਜ ਵਿੱਚ ਗੁਜ਼ਾਰੀ ਹੋਣੀ ਐ... ਹੁਣ ਉੱਠੋ ਪ੍ਰਭੂ ਦਾ ਨਾਮ ਲੈ ਕੇ ਸਾਰੀ ਗੱਲ ਭਾ’ਜੀ ਨੂੰ ਦੱਸ ਦਿਓ...। ਹਾਂ ਸੱਚ, ਮੇਰੇ ਵਿਆਹ ’ਤੇ ਜ਼ਰੂਰ ਆਇਓ...।
ਤੁਹਾਡੀ ਆਪਣੀ.... ਨਾਮ ਟਰੂਕਾਲਰ ’ਤੇ ਚੈੱਕ ਕਰ ਲੈਣਾ!
ਸੰਪਰਕ: 94645-87013