ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪਾਲੀ ਖ਼ਾਦਿਮ
ਬਲਜਿੰਦਰ ਮਾਨ
ਮੁਲਾਕਾਤ
ਮਾਪਿਆਂ ਦੇ ਨਾਲ ਨਾਲ ਅਧਿਆਪਕ ਦੀ ਆਪਣੇ ਵਿਦਿਆਰਥੀਆਂ ਨੂੰ ਸੇਧ ਦੇਣ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਧਿਆਪਕਾਂ ਦੀ ਗੱਲ ਕਰੀਏ ਤਾਂ ਸਾਹਿਤ ਤੇ ਸਿੱਖਿਆ ਦੋਵਾਂ ਨੂੰ ਸਮਰਪਿਤ ਹੋ ਕੇ ਕਾਰਜ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਬੱਚਿਆਂ ਨੂੰ ਬਿਹਤਰ ਲੀਹਾਂ ਪ੍ਰਦਾਨ ਕਰਨ ਵਾਲੇ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਛਪਾਰ ਦੇ ਕੰਪਿਊਟਰ ਫੈਕਲਟੀ ਅਧਿਆਪਕ ਅੰਮ੍ਰਿਤਪਾਲ ਸਿੰਘ (ਪਾਲੀ ਖ਼ਾਦਿਮ) ਦੇ ਨਾਵਲ ‘ਜਾਦੂ-ਪੱਤਾ’ ਨੂੰ ਸਾਹਿਤ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਸਾਲ 2024 ਦੇ ਕੌਮੀ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਹੈ। ਉਨ੍ਹਾਂ ਦੇ ਜੀਵਨ ਦਾ ਮਨੋਰਥ ਬੱਚਿਆਂ ਨੂੰ ਉੱਚੀਆਂ-ਸੁੱਚੀਆਂ ਲੀਹਾਂ ਪ੍ਰਦਾਨ ਕਰਨਾ ਹੈ। ਮਾਹਿਰ ਮਨੋਵਿਗਿਆਨੀ ਵਾਂਗ ਉਹ ਬੱਚਿਆਂ ਦੇ ਮਨ ਦੀ ਪੜ੍ਹਦੇ ਅਤੇ ਉਸ ਅਨੁਸਾਰ ਸਾਹਿਤ ਸਿਰਜਦੇ ਹਨ। ਇਸੇ ਕਰਕੇ ਉਨ੍ਹਾਂ ਦੀਆਂ ਬਾਲ ਪੁਸਤਕਾਂ ਹਮੇਸ਼ਾ ਪਿਆਰੀਆਂ ਸਤਿਕਾਰੀਆਂ ਜਾਂਦੀਆਂ ਹਨ। ਗ਼ਜ਼ਲ ਲਿਖਣ ਦੇ ਸ਼ੌਕੀਨ ਪਾਲੀ ਖ਼ਾਦਿਮ ਬੱਚਿਆਂ ਲਈ ਕਵਿਤਾਵਾਂ ਵੀ ਲਿਖਦੇ ਹਨ, ਪਰ ਉਨ੍ਹਾਂ ਦਾ ਅਜੇ ਤੱਕ ਕੋਈ ਬਾਲ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ ਜਦੋਂਕਿ ਗ਼ਜ਼ਲ ਸੰਗ੍ਰਹਿ ‘ਸਵੈ ਦੀ ਤਸਦੀਕ’ ਦੇ ਚਾਰ ਐਡੀਸ਼ਨ ਛਪ ਚੁੱਕੇ ਹਨ। ਬਾਲ ਪੁਸਤਕ ‘ਸਾਡੀ ਕਿਤਾਬ’ ਨੂੰ 2020 ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਦਿੱਤਾ ਜਾ ਚੁੱਕਾ ਹੈ। 2021 ਵਿੱਚ ਛਪਿਆ ਬਾਲ ਨਾਵਲ ‘ਜਾਦੂ-ਪੱਤਾ’ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕਰਨ ਵਿੱਚ ਸਫ਼ਲ ਹੋਇਆ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਬਾਲ ਨਾਵਲ ‘ਵਾਇਰਸ’ ਵੀ ਪ੍ਰਸਿੱਧ ਹੋਇਆ ਹੈ।ਅੱਜਕੱਲ੍ਹ ਉਹ ਪੰਜਾਬੀ ਵਿਆਕਰਨ ਨੂੰ ਕਵਿਤਾ ਰੂਪ ਵਿੱਚ ਤਿਆਰ ਕਰ ਰਹੇ ਹਨ। ਪੁਸਤਕ ‘ਪੰਜਾਬੀ ਕੈਦਾ’ ਵੀ ਛਪ ਕੇ ਪਾਠਕਾਂ ਤੱਕ ਪੁੱਜੀ ਹੈ। ਉਹ ਅਧਿਆਪਨ ਕਿੱਤੇ ਨੂੰ ਸ਼ਾਨਦਾਰ ਲੀਹਾਂ ਪ੍ਰਦਾਨ ਕਰਨ ਦੇ ਨਾਲ ਨਾਲ ਬਾਲ ਸਾਹਿਤ ਦੇ ਖੇਤਰ ਵਿੱਚ ਵੀ ਨਿਵੇਕਲੀਆਂ ਪਿਰਤਾਂ ਪਾ ਰਹੇ ਹਨ। ਬੱਚਿਆਂ ਦੇ ਹਰਮਨ ਪਿਆਰੇ ਅਧਿਆਪਕ ਤੇ ਸਾਹਿਤਕਾਰ ਪਾਲੀ ਖ਼ਾਦਿਮ ਦਾ ਜਨਮ 17 ਫਰਵਰੀ 1982 ਨੂੰ ਮਾਲੇਰਕੋਟਲੇ ਜ਼ਿਲ੍ਹੇ ਦੇ ਅਹਿਮਦਗੜ੍ਹ ਵਿੱਚ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵੀਰ ਕੌਰ ਦੇ ਘਰ ਹੋਇਆ। ਕੰਪਿਊਟਰ ਸਾਇੰਸ ਵਿਸ਼ੇ ਦੇ ਅਧਿਆਪਕ ਪਾਲੀ ਖ਼ਾਦਿਮ ਦਾ ਕਹਿਣਾ ਹੈ ਕਿ ਜੇਕਰ ਅਧਿਆਪਕ ਬੱਚੇ ਦੇ ਸਰਬਪੱਖੀ ਵਿਕਾਸ ਲਈ ਕਾਰਜ ਨਹੀਂ ਕਰਦਾ ਤਾਂ ਅਸਲ ਮਾਅਨਿਆਂ ਵਿੱਚ ਅਧਿਆਪਕ ਕਹਾਉਣ ਦਾ ਹੱਕਦਾਰ ਹੀ ਨਹੀਂ ਹੈ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਇਸ ਸਰਬਾਂਗੀ ਲੇਖਕ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਲਈ ਪੇਸ਼ ਕਰ ਰਹੇ ਹਾਂ:
? ਕੌਮੀ ਪੁਰਸਕਾਰ ਤੋਂ ਬਾਅਦ ਸਾਹਿਤ ਅਕਾਦਮੀ ਪੁਰਸਕਾਰ ਮਿਲਣ ’ਤੇ ਕਿਵੇਂ ਮਹਿਸੂਸ ਹੋ ਰਿਹਾ ਹੈ?
- ਸਾਹਿਤ ਅਕਾਦਮੀ ਪੁਰਸਕਾਰ ਦਾ ਐਲਾਨ ਹੋਣ ’ਤੇ ਮੈਨੂੰ ਬੜੀ ਖ਼ੁਸ਼ੀ ਹੋਈ। ਅਸਲ ਵਿੱਚ ਇਨ੍ਹਾਂ ਦੋਹਾਂ ਪੁਰਸਕਾਰਾਂ ਦਰਮਿਆਨ ਇੱਕ ਕੜੀ ਹੈ, ਉਹ ਕੜੀ ਹੈ ਬਾਲ ਮਨ। ਅਧਿਆਪਨ ਲਈ ਕੌਮੀ ਪੁਰਸਕਾਰ ਮਿਲਣ ਦਾ ਕਾਰਨ ਮੇਰੇ ਵਿਦਿਆਰਥੀ ਸਨ ਤੇ ਬਾਲ ਸਾਹਿਤ ਪੁਰਸਕਾਰ ਦਾ ਕਾਰਨ ਵੀ ਵਿਦਿਆਰਥੀ ਹੀ ਹਨ। ਮਨੁੱਖ ਦੇ ਹਰ ਕਾਰਜ ਪਿੱਛੇ ਕੋਈ ਨਾ ਕੋਈ ਮਨੋਰਥ ਜ਼ਰੂਰ ਹੁੰਦਾ ਹੈ। ਸਾਹਿਤ ਸਿਰਜਣਾ ਪਿੱਛੇ ਮਨੋਰਥ ਚੰਗਾ ਸਮਾਜ ਸਿਰਜਣਾ ਅਤੇ ਪੈਸਾ ਤੇ ਸ਼ੁਹਰਤ ਹਾਸਲ ਕਰਨਾ ਹੁੰਦਾ ਹੈ, ਪਰ ਮੇਰੀ ਸਾਹਿਤ ਸਿਰਜਣਾ ਦਾ ਮਨੋਰਥ ਸਿਰਫ਼ ਚੰਗਾ ਸਮਾਜ ਸਿਰਜਣਾ ਹੀ ਰਿਹਾ ਹੈ ਅਤੇ ਰਹੇਗਾ ਵੀ। ਮੈਨੂੰ ਦੋਵੇਂ ਪੁਰਸਕਾਰਾਂ ਦੀ ਖ਼ੁਸ਼ੀ ਜ਼ਰੂਰ ਹੈ।
? ਅਧਿਆਪਨ ਕਿੱਤੇ ਦੇ ਨਾਲ ਨਾਲ ਬਾਲ ਸਾਹਿਤ ਦੀ ਸਿਰਜਣਾ ਵਿੱਚ ਕਦੋਂ ਤੋਂ ਜੁਟੇ ਹੋਏ ਹੋ?
- ਅਧਿਆਪਨ ਦਾ ਸਿੱਧਾ ਸਬੰਧ ਬਾਲ ਮਨ ਨਾਲ ਹੁੰਦਾ ਹੈ। ਜੇਕਰ ਕੋਈ ਅਧਿਆਪਕ ਬਾਲ ਮਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਤਾਂ ਉਹ ਉਨ੍ਹਾਂ ਬਾਰੇ ਬਿਹਤਰ ਲਿਖ ਵੀ ਸਕਦਾ ਹੈ। ਮੈਂ ਅਧਿਆਪਨ ਨਾਲ ਸਾਲ 2006 ਤੋਂ ਜੁੜਿਆ ਹੋਇਆ ਹਾਂ। ਉਦੋਂ ਤੋਂ ਹੀ ਬਾਲ ਮਨੋਵਿਗਿਆਨ ਨੂੰ ਸਮਝਣ ਵਿੱਚ ਲੱਗਾ ਹੋਇਆ ਹਾਂ। ਮੇਰਾ ਜ਼ਿਆਦਾਤਰ ਕੰਮ ਪੰਜਾਬੀ ਗ਼ਜ਼ਲ ’ਤੇ ਰਿਹਾ ਹੈ ਪਰ ਗ਼ਜ਼ਲ ਦੇ ਨਾਲ ਨਾਲ ਬੱਚਿਆਂ ਵਾਸਤੇ ਕਵਿਤਾਵਾਂ ਵੀ ਲਿਖਦਾ ਰਿਹਾ। ਇਨ੍ਹਾਂ ਕਵਿਤਾਵਾਂ ਨੂੰ ਅਜੇ ਤੱਕ ਕਿਤਾਬੀ ਰੂਪ ਨਹੀਂ ਦਿੱਤਾ ਗਿਆ ਪਰ ਇਹ ਕਵਿਤਾਵਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਸੁਣਾਈਆਂ ਹਨ।
? ਅਜੋਕੇ ਸਮੇਂ ਵਿੱਚ ਬਾਲ ਸਾਹਿਤ ਦੀ ਲੋੜ ਬਾਰੇ ਕੀ ਕਹਿਣਾ ਚਾਹੁੰਦੇ ਹੋ?
- ਬਾਲ ਸਾਹਿਤ ਦੀ ਲੋੜ ਹਮੇਸ਼ਾ ਰਹੇਗੀ। ਇਸੇ ਲੋੜ ਨੇ ਮੈਨੂੰ ਬਾਲ ਸਾਹਿਤ ਰਚਣ ਲਈ ਮਜਬੂਰ ਕੀਤਾ। ਜ਼ਿਆਦਾਤਰ ਬਾਲ ਲੇਖਕ ਬੱਚਿਆਂ ’ਤੇ ਕਵਿਤਾਵਾਂ, ਨਾਵਲ ਜਾਂ ਕਹਾਣੀਆਂ ਲਿਖਦੇ ਹਨ ਪਰ ਮੇਰਾ ਇਹ ਮੰਨਣਾ ਹੈ ਕਿ ਸਾਹਿਤ ਬੱਚਿਆਂ ਲਈ ਲਿਖਣਾ ਚਾਹੀਦਾ ਹੈ। ਬੱਚਿਆਂ ਲਈ ਲਿਖਿਆ ਗਿਆ ਸਾਹਿਤ ਹੀ ਬੱਚਿਆਂ ਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
? ਬਾਲ ਸਾਹਿਤ ਅਤੇ ਸਿੱਖਿਆ ਦਾ ਕੀ ਸਬੰਧ ਹੈ?
- ਜ਼ਿਆਦਾਤਰ ਬੱਚੇ ਅਤੇ ਅਧਿਆਪਕ ਬਾਲ ਸਾਹਿਤ ਨੂੰ ਸਿੱਖਿਆ ਤੋਂ ਘੱਟ ਤਵੱਜੋ ਦਿੰਦੇ ਹਨ। ਸਿਰਫ਼ ਸਕੂਲੀ ਪੜ੍ਹਾਈ ਨਾਲ ਸਬੰਧਿਤ ਕਿਤਾਬਾਂ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ। ਬਾਲ ਸਾਹਿਤ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਲਾਹੇਵੰਦ ਹੁੰਦਾ ਹੈ। ਹਰ ਵਿਦਿਆਰਥੀ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਬਾਲ ਸਾਹਿਤ ਵੀ ਪੜ੍ਹਨਾ ਚਾਹੀਦਾ ਹੈ।
? ਕੀ ਸਾਡੇ ਅਧਿਆਪਕ ਬਾਲ ਸਾਹਿਤ ਦੀ ਮਹਾਨਤਾ ਜਾਣਦੇ ਹਨ?
- ਅਧਿਆਪਕ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹੁੰਦੇ ਹਨ। ਵਿਗਿਆਨ ਜਾਂ ਗਣਿਤ ਦੇ ਅਧਿਆਪਕ ਬਹੁਤ ਘੱਟ ਹੋਣਗੇ, ਜਿਹੜੇ ਪੰਜਾਬੀ ਸਾਹਿਤ ਜਾਂ ਬਾਲ ਸਾਹਿਤ ਬਾਰੇ ਜਾਣਦੇ ਹੋਣਗੇ, ਪਰ ਉਨ੍ਹਾਂ ਨੂੰ ਇਸ ਦੀ ਮਹਾਨਤਾ ਬਾਰੇ ਜ਼ਰੂਰ ਪਤਾ ਹੋਏਗਾ। ਇਸ ਦਾ ਸਿੱਧਾ ਸਬੰਧ ਰੁਚੀ ਨਾਲ ਹੁੰਦਾ ਹੈ। ਹਰ ਅਧਿਆਪਕ ਦੀਆਂ ਆਪਣੀਆਂ ਰੁਚੀਆਂ ਹੁੰਦੀਆਂ ਹਨ। ਸਾਹਿਤ ਪੜ੍ਹਨਾ ਵੀ ਇੱਕ ਰੁਚੀ ਹੁੰਦੀ ਹੈ। ਹਰ ਵਿਸ਼ੇ ਦੇ ਅਧਿਆਪਕ ਨੂੰ ਪਤਾ ਹੈ ਕਿ ਬਾਲ ਸਾਹਿਤ ਬਾਲ ਮਨਾਂ ਲਈ ਲਾਹੇਵੰਦ ਹੁੰਦਾ ਹੈ। ਮੈਂ ਵਿਦਿਆਰਥੀਆਂ ਨੂੰ ਕੋਈ ਵੀ ਕਿਤਾਬ ਪੜ੍ਹਨ ਨੂੰ ਦਿੰਦਾ ਹਾਂ। ਉਸ ਮਗਰੋਂ ਉਨ੍ਹਾਂ ਤੋਂ ਉਸ ਕਿਤਾਬ ਬਾਰੇ ਕੁਝ ਸ਼ਬਦ ਲਿਖਵਾਉਂਦਾ ਹਾਂ। ਇਉਂ ਕਰਨ ਨਾਲ ਕਈ ਫ਼ਾਇਦੇ ਮਿਲਦੇ ਹਨ। ਵਿਦਿਆਰਥੀ ਨੇ ਕਿਤਾਬ ਵਿੱਚ ਕੀ ਪੜ੍ਹਿਆ ਹੈ ਇਹ ਤਾਂ ਪਤਾ ਲੱਗਦਾ ਹੀ ਹੈ ਪਰ ਨਾਲ ਹੀ ਉਸ ਅੰਦਰ ਲਿਖਣ ਕਲਾ ਪੈਦਾ ਹੁੰਦੀ ਹੈ ਅਤੇ ਉਸ ਦੀ ਸ਼ਬਦ ਚੋਣ ਅਤੇ ਲਿਖਣ ਸ਼ੈਲੀ ਦਾ ਵੀ ਪਤਾ ਲੱਗ ਜਾਂਦਾ ਹੈ।
? ਬਾਲ ਜੀਵਨ ਨੂੰ ਸ਼ਿੰਗਾਰਨ ਵਿੱਚ ਬਾਲ ਪੁਸਤਕਾਂ ਅਤੇ ਰਸਾਲਿਆਂ ਦਾ ਕੀ ਯੋਗਦਾਨ ਹੈ?
- ਬਾਲ ਮਨ ਗਿੱਲੀ ਮਿੱਟੀ ਵਾਂਗ ਹੁੰਦਾ ਹੈ, ਜਿਸ ਨੂੰ ਚੱਕ ’ਤੇ ਰੱਖ ਕੇ ਕਿਸੇ ਵੀ ਰੂਪ ਵਿੱਚ ਢਾਲਿਆ ਜਾ ਸਕਦਾ ਹੈ। ਬਾਲ ਪੁਸਤਕਾਂ ਜਾਂ ਬਾਲ ਰਸਾਲੇ ਬਾਲ ਜੀਵਨ ਨੂੰ ਸ਼ਿੰਗਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਨਿਭਾਅ ਵੀ ਰਹੇ ਹਨ। ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਬਹੁਤ ਕਮਾਲ ਦਾ ਸਾਹਿਤ ਪਿਆ ਹੈ ਜੋ ਬਾਲ ਮਨਾਂ ਨੂੰ ਨਵੀਂ ਸੇਧ ਦਿੰਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਲ ਰਸਾਲੇ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆਂ ਦੇ ਨਾਲ ਨਾਲ ਹੋਰ ਰਸਾਲੇ ਬਾਲ ਜੀਵਨ ਨੂੰ ਸ਼ਿੰਗਾਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
? ਸਹਿਤ ਦੀਆਂ ਹੋਰ ਕਿਹੜੀਆਂ ਵੰਨਗੀਆਂ ਲਿਖਦੇ ਹੋ?
- ਪੰਜਾਬੀ ਗ਼ਜ਼ਲ, ਬਾਲ ਕਵਿਤਾ ਅਤੇ ਬਾਲ ਨਾਵਲ।
? ਰੋਚਕ ਬਾਲ ਸਾਹਿਤ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ?
- ਬਾਲ ਸਾਹਿਤ ਬਾਲ ਮਨਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਣਾ ਚਾਹੀਦਾ ਹੈ। ਇਸ ਦੀ ਸ਼ਬਦਾਵਲੀ ਸਾਧਾਰਨ ਹੋਵੇ। ਬਾਲ ਰਚਨਾਵਾਂ ਵਿੱਚ ਬੌਧਿਕਤਾ ਨਾ ਹੋਵੇ। ਬਾਲ ਸਾਹਿਤਕਾਰ ਨੂੰ ਕਿਤਾਬ ਵਿੱਚ ਛਪਵਾਉਣ ਲੱਗਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤਾਬ ਦਾ ਸਰਵਰਕ ਬੱਚਿਆਂ ਨੂੰ ਪ੍ਰਭਾਵਿਤ ਕਰੇ ਤਾਂ ਜੋ ਬੱਚੇ ਕਿਤਾਬ ਪੜ੍ਹਨ ਲਈ ਪ੍ਰੇਰਿਤ ਹੋਣ। ਕਿਤਾਬ ਅੰਦਰ ਢੁੱਕਵੀਆਂ ਤਸਵੀਰਾਂ ਹੋਣ, ਜਿਸ ਨਾਲ ਬੱਚਿਆਂ ਅੰਦਰ ਰੋਚਕਤਾ ਬਣੇ।
? ਸਾਡੇ ਮਾਪੇ, ਅਧਿਆਪਕ ਅਤੇ ਸਕੂਲ ਮੁਖੀ ਬਾਲ ਸਾਹਿਤ ਪ੍ਰਤੀ ਕਿਉਂ ਉਦਾਸੀਨ ਹਨ?
- ਉਦਾਸੀਨ ਬਿਲਕੁਲ ਨਹੀਂ। ਦਰਅਸਲ, ਉਦਾਸੀਨ ਉਹ ਹੁੰਦਾ ਹੈ ਜਿਸ ਨੂੰ ਪਤਾ ਹੋਵੇ ਕਿ ਬਾਲ ਸਾਹਿਤ ਕੀ ਹੁੰਦਾ ਹੈ ਅਤੇ ਇਸ ਵਿੱਚ ਕੀ ਕੀ ਕਮੀ ਹੈ ਪਰ ਮਾਪੇ, ਅਧਿਆਪਕ ਅਤੇ ਸਕੂਲ ਮੁਖੀ ਬਾਲ ਸਾਹਿਤ ਵੱਲ ਧਿਆਨ ਹੀ ਨਹੀਂ ਦੇ ਰਹੇ। ਇਨ੍ਹਾਂ ਤਿੰਨਾਂ ਧਿਰਾਂ ਵਿੱਚੋਂ ਕਈ ਇਸ ਨੂੰ ਫਾਲਤੂ ਕੰਮ ਮੰਨਦੇ ਹਨ। ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਕੂਲ ਵਿੱਚ ਲਾਇਬ੍ਰੇਰੀ ਲਈ ਕਿਹੜੀਆਂ ਕਿਤਾਬਾਂ ਖਰੀਦੀਆਂ ਜਾਣ ਤੇ ਕਿਹੜੀਆਂ ਨਾ ਖਰੀਦੀਆਂ ਜਾਣ।
? ਬਾਲ ਸਾਹਿਤ ਦੀ ਪ੍ਰਫੁੱਲਤਾ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ?
- ਬਾਲ ਸਾਹਿਤ ਦੀ ਪ੍ਰਫੁੱਲਤਾ ਵਿੱਚ ਅਧਿਆਪਕ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਖਾਲੀ ਪੀਰੀਅਡ ਵਿੱਚ ਚੰਗੀਆਂ ਪੁਸਤਕਾਂ ਪਹਿਲਾਂ ਅਧਿਆਪਕ ਆਪ ਪੜ੍ਹਨ ਅਤੇ ਫਿਰ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨ। ਉਹ ਅਧਿਆਪਕ ਜਿਨ੍ਹਾਂ ਦੀ ਸਾਹਿਤ ਵਿੱਚ ਰੁਚੀ ਨਹੀਂ, ਉਹ ਉਨ੍ਹਾਂ ਅਧਿਆਪਕਾਂ ਨਾਲ ਸੰਪਰਕ ਕਰਨ ਜਿਹੜੇ ਬਾਲ ਸਾਹਿਤ ਬਾਰੇ ਜਾਣਕਾਰੀ ਰੱਖਦੇ ਹਨ। ਉਨ੍ਹਾਂ ਦੀ ਰਾਇ ਨਾਲ ਲਾਇਬ੍ਰੇਰੀ ਵਾਸਤੇ ਕਿਤਾਬਾਂ ਦੀ ਚੋਣ ਕੀਤੀ ਜਾਵੇ ਅਤੇ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ।
? ਬਾਲ ਸਾਹਿਤ ਤੋਂ ਇਲਾਵਾ ਬੱਚਿਆਂ ਲਈ ਹੋਰ ਕੀ ਕਰ ਰਹੇ ਹੋ?
- ਬਾਲ ਸਾਹਿਤ ਸਿਰਜਣਾ ਤੋਂ ਇਲਾਵਾ ਮੈਂ ਬੱਚਿਆਂ ਨੂੰ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਉਂਦਾ ਹਾਂ। ਵਿਦਿਆਰਥੀਆਂ ਨੂੰ ਕਵਿਤਾ, ਭਾਸ਼ਣ, ਲੋਕ-ਨਾਚ ਅਤੇ ਲੋਕ ਸਾਜ਼ ਵੀ ਸਿਖਾਉਂਦਾ ਹਾਂ। ਮੇਰੇ ਵਿਦਿਆਰਥੀ ਹੁਣ ਤੱਕ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ 220 ਤੋਂ ਜ਼ਿਆਦਾ ਮੈਡਲ ਜਿੱਤ ਚੁੱਕੇ ਹਨ।
? ਸਾਹਿਤ ਦੀਆਂ ਖਿੜ ਰਹੀਆਂ ਕਰੂੰਬਲਾਂ ਨੂੰ ਕੀ ਸਲਾਹ ਦਿੰਦੇ ਹੋ?
- ਬਾਲ ਸਾਹਿਤ ਸਿਰਜਣਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਮੇਰੀ ਸਲਾਹ ਹੈ ਕਿ ਆਪਣੇ ਅਧਿਆਪਕਾਂ ਦੀ ਮਦਦ ਨਾਲ ਸੰਸਾਰ ਦਾ ਬਿਹਤਰੀਨ ਸਾਹਿਤ ਜ਼ਰੂਰ ਪੜ੍ਹਨ ਅਤੇ ਵੱਧ ਤੋਂ ਵੱਧ ਪੜ੍ਹਨ ਤੇ ਘੱਟ ਪਰ ਚੰਗਾ ਲਿਖਣ।
ਸੰਪਰਕ: 98150-18947