DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੀ ਸਿਆਸਤ ਦਾ ਦਰਦ ਫਰੋਲਦੀ ਪੁਸਤਕ

ਇੱਕ ਪੁਸਤਕ - ਇੱਕ ਨਜ਼ਰ
  • fb
  • twitter
  • whatsapp
  • whatsapp
Advertisement

ਮੇਘਾ ਸਿੰਘ

ਸਿੱਖ ਸਿਆਸਤ ਦੇ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆਂ ਦੀ ਪੁਸਤਕ ‘ਭਾਰਤ ਵਿਚ ਪੰਜਾਬ’ ਸਿੱਖਾਂ ਅਤੇ ਸਿੱਖ ਸਿਆਸਤ ਦਾ ਦਰਦ ਪੇਸ਼ ਕਰਨ ਵਾਲੇ ਨਬਿੰਧਾਂ ਦਾ ਸੰਗ੍ਰਹਿ ਹੈ। ਇਸ ਪੁਸਤਕ ’ਚ ਭਾਈ ਸਾਹਬਿ ਦੇ ਭੂਮਿਕਾ ਸਮੇਤ ਕੁੱਲ 33 ਨਬਿੰਧ ਦਰਜ ਹਨ। ਪੁਸਤਕ ਦੇ ਸ਼ੁਰੂ ਵਿੱਚ ਲੇਖਕ ਵੱਲੋਂ ਲਿਖੇ ਗਏ ਧੰਨਵਾਦੀ ਸ਼ਬਦਾਂ ਤੋਂ ਇਲਾਵਾ ਇਸ ਵਿੱਚ ਦਰਜ ਸਮੱਗਰੀ ਅਤੇ ਭਾਈ ਬਾਗੜੀਆਂ ਸਬੰਧੀ ਪ੍ਰਸਿੱਧ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਡਾ. ਸਵਰਾਜਬੀਰ ਨੇ ਆਪਣੇ ਵਡਮੁੱਲੇ ਵਿਚਾਰ ਅੰਕਿਤ ਕੀਤੇ ਹਨ। ਇਸ ਪੁਸਤਕ ਦੀ ਪ੍ਰਕਾਸ਼ਨਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਨੇ ਕੀਤੀ ਹੈ।

ਦੋ ਨਬਿੰਧਾਂ ਨੂੰ ਛੱਡ ਕੇ ਇਸ ਪੁਸਤਕ ਵਿੱਚ ਸ਼ਾਮਲ ਲਗਪਗ ਸਾਰੇ ਨਬਿੰਧ ਸਮੇਂ-ਸਮੇਂ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਨਬਿੰਧਾਂ ਅੰਦਰਲੀ ਸਮੱਗਰੀ ਵਿੱਚ ਸਾਂਝਾ ਮੂਲ ਤੱਤ ਸਿੱਖਾਂ ਅਤੇ ਸਿੱਖ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਹਨ। ਲੇਖਕ ਦਾ ਇਹ ਮੰਨਣਾ ਹੈ ਕਿ ਸਿੱਖ ਧਰਮ ਅਤੇ ਸਿੱਖ ਸਿਆਸਤ ਦੀ ਮੌਜੂਦਾ ਦੁਰਦਸ਼ਾ ਦਾ ਕਾਰਨ ਸਿੱਖਾਂ ਅਤੇ ਸਿੱਖ ਸਿਆਸਤਦਾਨਾਂ ਵੱਲੋਂ ਸਿੱਖ ਧਰਮ ਦੇ ਮੁੱਢਲੇ ਅਤੇ ਮੂਲ ਅਸੂਲਾਂ ਤੋਂ ਲਗਾਤਾਰ ਲਾਂਭੇ ਜਾਣਾ; ਸਿੱਖ ਧਰਮ ਦੇ ਆਦਰਸ਼ਾਂ ਨੂੰ ਤਿਲਾਂਜਲੀ ਦੇਣਾ; ਅਤੇ ਸਿੱਖ ਗੁਰੂਆਂ ਦੁਆਰਾ ਗੁਰਬਾਣੀ ਵਿੱਚ ਪੇਸ਼ ਕੀਤੇ ਗਏ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨੂੰ ਵਿਸਾਰਨਾ ਹੈ। ਭਾਈ ਸਾਹਬਿ ਨੇ ਸਿੱਖਾਂ ਅਤੇ ਮੌਜੂਦਾ ਸਿੱਖ ਸਿਆਸਤ ਵਿੱਚ ਲਗਾਤਾਰ ਆ ਰਹੇ ਨਿਘਾਰ ਦਾ ਕਾਰਨ ਗੁਰਬਾਣੀ ਦੀ ਸਿੱਖਿਆ ਅਤੇ ਸੇਧ ਤੋਂ ਬੇਮੁੱਖ ਹੋਣਾ ਦੱਸਿਆ ਹੈ।

Advertisement

ਇਸ ਪੁਸਤਕ ਵਿੱਚ ਦਰਜ ਲਗਪਗ ਸਾਰੇ ਨਬਿੰਧ ਸਿੱਖਾਂ ਦੇ ਮੌਜੂਦਾ ਹਾਲਾਤ ਅਤੇ ਸਿੱਖ ਸਿਆਸਤ ਦੇ ਨਿਘਾਰ ਉੱਤੇ ਚਾਨਣਾ ਪਾਉਂਦੇ ਹਨ। ਭਾਈ ਸਾਹਬਿ ਨੇ ਸਿੱਖ ਧਰਮ ਉੱਤੇ ਡੇਰਾਵਾਦ ਅਤੇ ਸਿੱਖ ਸਿਆਸਤ ਦੇ ਸਿੱਖ ਧਰਮ ਉੱਤੇ ਭਾਰੂ ਪੈ ਜਾਣ ਦੇ ਮਾਰੂ ਪ੍ਰਭਾਵਾਂ ਨੂੰ ਆਪਣੇ ਨਬਿੰਧਾਂ ਵਿੱਚ ਬਾਖ਼ੂਬੀ ਕਲਮਬੰਦ ਕੀਤਾ ਹੈ। ਭਾਈ ਸਾਹਬਿ ਅੰਦਰ ਇੱਕ ਸਿੱਖ ਚਿੰਤਕ ਦਾ ਦਿਲ ਧੜਕਦਾ ਹੈ। ਇਸੇ ਕਰਕੇ ਹੀ ਉਨ੍ਹਾਂ ਨੇ ਸਮੇਂ-ਸਮੇਂ ਸਿੱਖਾਂ ਅਤੇ ਸਿੱਖ ਸਿਆਸਤ ਨੂੰ ਦਰਪੇਸ਼ ਮੁੱਦਿਆਂ ਉੱਤੇ ਆਪਣੀ ਕਲਮ ਚਲਾਈ ਹੈ। ਮੁੱਦਾ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ ਦਾ, ਡੇਰਾਵਾਦ ਦਾ ਹੋਵੇ ਜਾਂ ਸਿੱਖ ਰਹਿਤ ਮਰਿਆਦਾ ਅਤੇ ਅਖੰਡ ਪਾਠ ਦਾ, ਲੋਕ ਸਭਾ ਚੋਣਾਂ ਦਾ ਹੋਵੇ ਜਾਂ ਰੰਗਾਂ ਦੀ ਸਿਆਸਤ ਦਾ, ਦਿਆਲ ਸਿੰਘ ਕਾਲਜ ਦੀ ਨਾਂ ਬਦਲੀ ਦਾ ਹੋਵੇ ਜਾਂ ਸਿੱਖ ਸਰੋਤ ਸੰਪਾਦਨਾ ਗ੍ਰੰਥ ਪ੍ਰਾਜੈਕਟ ਦਾ ਚੰਡੀਗੜ੍ਹ ਤੋਂ ਸਥਾਨ ਤਬਦੀਲ ਕਰਨ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਜਾਂ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰ ਖੋਹਣ ਦਾ, ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਦਾ ਹੋਵੇ ਜਾਂ ਸਾਕਾ ਸਰਹੰਦ ਦੇ ਜੋੜਮੇਲ ਦੇ ਬਦਲਦੇ ਸਰੂਪ ਦਾ, ਪੰਜਾਬ ਦੇ ਦਰਿਆਈ ਪਾਣੀਆਂ ਦਾ ਹੋਵੇ ਜਾਂ ਦੇਸ਼ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਘੱਟ ਗਿਣਤੀਆਂ ਦੀ ਆਵਾਜ਼ ਦਬਾਉਣ ਦਾ, ਅਕਾਲੀ ਦਲ ਦੀ ਲੀਡਰਸ਼ਿਪ ਦੀ ਮੌਕਾਪ੍ਰਸਤੀ ਦਾ ਹੋਵੇ ਜਾਂ ਪੰਜਾਬ ਅਤੇ ਲੋਕ ਵਿਰੋਧੀ ਸਿਆਸਤ ਦਾ; ਗੱਲ ਕੀ, ਭਾਈ ਸਾਹਬਿ ਨੇ ਹਰ ਚਰਚਿਤ ਅਤੇ ਭਖਦੇ ਮੁੱਦੇ ਉੱਤੇ ਆਪਣੇ ਬੇਬਾਕ ਵਿਚਾਰ ਪ੍ਰਗਟ ਕਰਦਿਆਂ ਸਭ ਸਬੰਧਤ ਧਿਰਾਂ ਦੀਆਂ ਕਮਜ਼ੋਰੀਆਂ ’ਤੇ ਉਂਗਲ ਰੱਖੀ ਹੈ। ਇਸ ਪ੍ਰਸੰਗ ਵਿੱਚ ਇਹ ਪੁਸਤਕ ਪੰਜਾਬ, ਸਿੱਖਾਂ ਅਤੇ ਸਿੱਖ ਸਿਆਸਤ ਨਾਲ ਜੁੜੇ ਹਰ ਵਿਅਕਤੀ ਨੂੰ ਪੜ੍ਹਨੀ ਅਤੇ ਵਾਚਣੀ ਚਾਹੀਦੀ ਹੈ। ਮੌਜੂਦਾ ਸਿੱਖ ਸਿਆਸਤ ਦੇ ਸੰਦਰਭ ਵਿੱਚ ਇਹ ਇੱਕ ਮਹੱਤਵਪੂਰਨ ਪੁਸਤਕ ਹੈ। ਕੁਝ ਨਬਿੰਧਾਂ ਵਿੱਚ ਵਿਚਾਰਾਂ ਦਾ ਦੁਹਰਾਅ ਅਤੇ ਸ਼ਬਦਾਂ, ਵਾਕਾਂ ਅਤੇ ਗੁਰਬਾਣੀ ਦੀਆਂ ਤੁਕਾਂ ਵਿੱਚ ਪਰੂਫ਼ਾਂ ਦੀਆਂ ਗ਼ਲਤੀਆਂ ਭਾਵੇਂ ਰੜਕਦੀਆਂ ਹਨ, ਪਰ ਵਿਚਾਰਾਂ ਦੀ ਬੇਬਾਕੀ ਅਤੇ ਵਡਮੁੱਲਾਪਣ ਇਸ ਪੁਸਤਕ ਦਾ ਮੀਰੀ ਗੁਣ ਹਨ।

ਸੰਪਰਕ: 97800-36137

Advertisement
×