ਯਾਦਾਂ ਦੀ ਕਿਤਾਬ ਦੇ ਪੰਨੇ
ਮਨਜੀਤ ਸਿੰਘ ਬੱਧਣ
ਛੁੱਟੀਆਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਸਨ। ਪੰਜ-ਛੇ ਦਿਨ ਹੋ ਗਏ ਬੱਚੇ ਆਪਣੀ ਮਾਂ ਨਾਲ ਨਾਨਕੇ ਗਏ ਹੋਏ ਸਨ। ਇੱਧਰ ਮਾਮਾ ਜੀ ਦਾ ਕਈ ਵਾਰ ਫੋਨ ਆ ਗਿਆ ਸੀ ਕਿ ਇਸ ਵਾਰ ਤਾਂ ਆ ਕੇ ਮਿਲ ਜਾਵਾਂ। ਹਰ ਵਾਰ ਅਗਲੀਆਂ ਛੁੱਟੀਆਂ ਵਿੱਚ ਆਉਣ ਦੀ ਗੱਲ ਇੱਕ ਲਾਰਾ ਹੀ ਹੋ ਨਿੱਬੜਦੀ ਹੈ। ਮੇਰਾ ਜੀਅ ਵੀ ਕਰਦਾ ਰਹਿੰਦਾ ਕਿ ਨਿਆਣਿਆਂ ਨੂੰ ਆਪਣੇ ਨਾਨਕੇ ਵੀ ਲੈ ਜਾਵਾਂ। ਇਸ ਵਾਰ ਆਪਣੇ ਸਹੁਰਿਆਂ ਤੋਂ ਪਰਿਵਾਰ ਸਹਿਤ ਆਉਂਦਿਆਂ ਮਾਮਾ ਜੀ ਦੇ ਫੋਨ ਬਾਰੇ ਗੱਲ ਕੀਤੀ। ਕੋਈ ਸਲਾਹ ਹੋਣ ਤੋਂ ਪਹਿਲਾਂ ਹੀ ਜਵਾਕਾਂ ਨੇ ਰੌਲ਼ੇ ਦੀ ਰੇਲ ਬਣਾ ਦਿੱਤੀ, ‘‘ਜਾਣਾ-ਜਾਣਾ, ਜਾਣਾ-ਜਾਣਾ, ਪਾਪਾ ਦੇ ਨਾਨਕੇ ਜਾਣਾ। ਸਾਰੇ ਬੋਲੋ, ਪਾਪਾ ਦੇ ਨਾਨਕੇ ਜਾਣਾ...।’’ ਮੈਂ ਤੇ ਮੇਰੀ ਪਤਨੀ ਸੁਖਪ੍ਰੀਤ ਹੱਸੀ ਜਾਈਏ। ਵੈਸੇ ਸੁਖਪ੍ਰੀਤ ਇਸ ਮਾਮਲੇ ਵਿੱਚ ਜਵਾਕਾਂ ਵੱਲ ਹੀ ਸੀ। ਫੇਰ ਕੀ, ਅੰਨ੍ਹਾ ਕੀ ਭਾਲ਼ੇ ਦੋ ਅੱਖਾਂ।
ਤੀਜੇ ਦਿਨ ਆਪਣੇ ਪਰਿਵਾਰ ਤੇ ਭਾਣਜੇ ਅਰਸ਼ ਨਾਲ ਅਸੀਂ ਨਾਨਕਿਆਂ ਵੱਲ ਤੁਰ ਪਏ। ਬਚਪਨ ਦੀਆਂ ਗੱਲਾਂ, ਖੁੱਲ੍ਹ, ਪਹਾੜ, ਖੇਤ, ਲਵੇਰੇ, ਮੱਖਣ, ਲੱਸੀ ਅੱਖਾਂ ਸਾਹਮਣੇ ਆਉਣ ਲੱਗੇ। ਸ਼ਾਮ ਤੀਕ ਘਰ ਕੋਲ ਪਹੁੰਚੇ ਤਾਂ ਮਾਮਾ ਜੀ ਮੋੜ ’ਤੇ ਖੜ੍ਹੇ ਰਾਹ ਵੇਖਦੇ ਦਿਸੇ। ਖ਼ੁਸ਼ੀ ਅੱਖਾਂ ਵਿੱਚੋਂ ਡਿੱਗ-ਡਿੱਗ ਪੈਂਦੀ ਮੈਂ ਵੇਖ ਰਿਹਾ ਸੀ। ਮੇਰਾ ਹਾਲ ਵੀ ਅਸਲ ਵਿੱਚ ਇਹੋ ਸੀ। ਕਦੇ ਅਸੀਂ ਭੈਣ-ਭਰਾ ਆਪਣੇ ਮਾਤਾ-ਪਿਤਾ ਨਾਲ ਬੱਸਾਂ ਬਦਲ-ਬਦਲ ਕੇ ਆਉਂਦੇ ਸੀ, ਕੀ ਮਜਾਲ ਥਕਾਵਟ ਨੇੜੇ ਵੀ ਫੜਕ ਜਾਵੇ। ‘‘ਆ ਗਿਆ ਕਾਕੇ, ਸਫ਼ਰ ਠੀਕ ਰਿਹਾ? ਭੈਣ-ਜੀਜਾ ਕਿਵੇਂ?...’’ ਮਾਮਾ ਜੀ ਪੁੱਛਣ ਲੱਗ ਪਏ। ਇਸ ਵਾਰ ਮਾਤਾ-ਪਿਤਾ ਜੀ ਪਿੱਛੇ ਘਰ ਵਿੱਚ ਹੀ ਸਨ। ਛੋਟੇ ਮਾਮੇ-ਮਾਮੀਆਂ, ਮੇਰੇ ਭਰਾ-ਭਰਜਾਈਆਂ ਇਕੱਠੇ ਹੋ ਗਏ। ਮੰਮੀ-ਡੈਡੀ ਨੂੰ ਨਾਲ ਨਾ ਲਿਆਉਣ ਦਾ ਗਿਲਾ ਕੀਤਾ ਅਤੇ ਉਮਰ ਤੇ ਸਿਹਤ ਦੀ ਗੱਲ ’ਤੇ ਸਹਿਮਤੀ ਵੀ ਬਖ਼ਸ਼ੀ। ਉਨ੍ਹਾਂ ਨੂੰ ਤਸੱਲੀ ਦਿਵਾਈ ਕਿ ਵੱਡੀ ਭੈਣ ਜਸਦੀਪ ਨੂੰ ਉਨ੍ਹਾਂ ਕੋਲ ਛੱਡ ਕੇ ਆਏ ਹਾਂ ਤੇ ਉਸ ਦਾ ਬੇਟਾ ਅਰਸ਼ ਸਾਡੇ ਨਾਲ ਆਇਆ ਹੋਇਆ ਹੈ।
ਅਗਲੇ ਦਿਨ ਨਾਸ਼ਤੇ ਤੋਂ ਬਾਅਦ ਨਿੰਮ ਦੀ ਛਾਵੇਂ ਬੈਠ ਕੇ ਪੁਰਾਣੀਆਂ ਗੱਲਾਂ-ਬਾਤਾਂ, ਹਾਸਾ-ਮਖੌਲ ਚੱਲਣ ਲੱਗਿਆ। ਸਮੇਂ ਨੇ ਜਿਵੇਂ ਬੈਕ ਗਿਅਰ ਪਾ ਲਿਆ ਹੋਵੇ। ਮੌਸਮ ਥੋੜ੍ਹਾ ਠੀਕ ਹੋਣ ਕਰ ਕੇ ਅਸੀਂ ਦੋਵੇਂ, ਮੇਰੇ ਮਾਮਾ ਜੀ ਦਾ ਮੁੰਡਾ ਹਰਨੇਕ, ਉਸ ਦੇ ਘਰੋਂ ਗੁਰਮੀਤ ਤੇ ਹੋਰ ਨਿਆਣੇ ਅੰਬ ਵਾਲੇ ਖੇਤ ਵੱਲ ਤੁਰ ਪਏ ਜੋ ਸਾਡੇ ਘਰ ਦੇ ਸਾਹਮਣੇ ਪਹਾੜੀ ਉੱਪਰ ਸੀ। ਇਸ ਦੇ ਕੋਲੋਂ ਦੀ ਸੱਪ ਵਾਂਗ ਵਲ਼ ਖਾਂਦੀ ਸੜਕ ਗੁਜ਼ਰਦੀ ਹੈ। ਮੇਰੇ ਨਾਨਾ ਜੀ ਤੇ ਵੱਡੇ ਮਾਮਾ ਜੀ ਨੇ ਇਸ ਖੇਤ ਵਿੱਚ ਬਲਦਾਂ ਨਾਲ ਹਲ ਵਾਹੁਣਾ। ਜਿੰਨੇ ਸਿਆੜ ਓਨੇ ਗੇੜੇ। ਜਦੋਂ ਸੁਹਾਗਾ ਚਲਾਉਣਾ ਅਸੀਂ ਜਵਾਕਾਂ ਨੇ ਵਾਰੀ-ਵਾਰੀ ਉਨ੍ਹਾਂ ਦੀਆਂ ਲੱਤਾਂ ਨੂੰ ਫੜ ਕੇ ਸੁਹਾਗੇ ਉੱਤੇ ਬੈਠ ਜਾਣਾ ਜਿਵੇਂ ਪੀਂਘ ਦੇ ਫੱਟੇ ’ਤੇ ਬੈਠਿਆਂ ਰੱਸੇ ਨੂੰ ਕੂਹਣੀਆਂ ਨਾਲ ਘੁੱਟਿਆ ਹੁੰਦਾ ਹੈ। ਤਤਾ-ਤਤਾ, ਬੰਨੇ, ਹੁਰਰ, ਪੈਰ ਮਾਮਾ ਜੀ ਹੁਰਾਂ ਦੇ ਇਹ ਸ਼ਬਦ ਬਲਦਾਂ ਲਈ ਸਟਿਅਰਿੰਗ, ਗਿਅਰ ਅਤੇ ਰੇਸ ਦਾ ਕੰਮ ਕਰਦੇ। ਉਨ੍ਹਾਂ ਦੇ ਬੋਲ ਅਨੁਸਾਰ ਹੀ ਬਲਦ ਖੇਤਾਂ ਦੇ ਖੇਤ ਵਾਹ ਦਿੰਦੇ ਤੇ ਅਸੀਂ ਸੁਹਾਗੇ ਦੇ ਝੂਟੇ ਲੈਂਦੇ।
ਪਹਾੜੀ ਪਗਡੰਡੀਆਂ ਵਿੱਚੋਂ ਹੁੰਦਿਆਂ ਅਸੀਂ ਠੰਢੀ ਘਾਟੀ ਵੱਲ ਉੱਤਰ ਗਏ। ਇਸ ਜਗ੍ਹਾ ਇੱਕ ਛੰਨ ਹੇਠਾਂ ਰਾਹਗੀਰਾਂ ਲਈ ਵੱਡੇ-ਵੱਡੇ ਦੋ ਘੜੇ ਜਿਨ੍ਹਾਂ ਨੂੰ ਮੱਟ ਵੀ ਕਿਹਾ ਜਾਂਦਾ ਹੈ, ਪਾਣੀ ਦੇ ਭਰ ਕੇ ਰੱਖੇ ਹੁੰਦੇ ਸੀ। ਨਾਲ ਹੀ ਪਸ਼ੂਆਂ ਲਈ ਖੁਰਲੀ ਵਰਗਾ ਸਿੱਲਾਂ ਦਾ ਬਣਾਇਆ ਕੁੰਡ ਵੀ ਹੁੰਦਾ ਸੀ। ਇਸ ਸਥਾਨ ਨੂੰ ਪਿਆਊ ਕਹਿੰਦੇ ਹੁੰਦੇ ਸਨ। ਨੇੜੇ ਘਰਾਂ ਦੇ ਲੋਕ ਸੇਵਾ ਭਾਵਨਾ ਨਾਲ ਹੀ ਇਹ ਮੱਟ ਤੇ ਕੁੰਡ ਖੂਹਾਂ ਦੇ ਪਾਣੀ ਨਾਲ ਭਰ ਦਿੰਦੇ। ਅੱਜ ਕੁੰਡ ਦੇ ਕੁਝ ਸਿੱਲਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸਾਰਿਆਂ ਨੇ ਅੱਡ-ਅੱਡ ਥਾਵਾਂ ’ਤੇ ਫੋਟੋਆਂ ਖਿੱਚਣ-ਖਿਚਾਉਣ ਦਾ ਕੰਮ ਨਾਲ-ਨਾਲ ਜਾਰੀ ਰੱਖਿਆ। ਖੱਡ ਵਿੱਚੋਂ ਹੁੰਦਿਆਂ ਅਸੀਂ ਵਾਪਸ ਘਰੇ ਆ ਗਏ। ਤਿੰਨ ਕੁ ਵਜੇ ਅਸੀਂ ਆਪਣੇ ਜੱਦੀ ਇਲਾਕੇ ਹਰੋਲੀ ਵੱਲ ਨਿਕਲ ਤੁਰੇ। ਨਿਆਣਿਆਂ ਦਾ ਜੀਅ ਨਿਆਣਿਆਂ ਵਿੱਚ ਹੀ ਪਰਚਿਆ ਹੋਇਆ ਸੀ ਅਤੇ ਉਹ ਨਾਲ ਨਹੀਂ ਜਾਣਾ ਚਾਹੁੰਦੇ ਸੀ। ਇਸ ਦਾ ਇੱਕ ਕਾਰਨ ਥਕਾਵਟ ਵੀ ਹੋ ਸਕਦਾ ਹੈ।
ਮੇਰੇ ਭੂਆ ਜੀ ਦਾ ਘਰ ਵੀ ਥੋੜ੍ਹੀ ਦੂਰ ਹੀ ਪਹਾੜਾਂ ਦੀ ਬੁੱਕਲ ਵਿੱਚ ਵਸੇ ਪਿੰਡ ਵਿੱਚ ਹੈ। ਭੂਆ ਜੀ ਨੂੰ ਜਹਾਨੋਂ ਰੁਖ਼ਸਤ ਹੋਇਆਂ ਚਾਰ ਕੁ ਸਾਲ ਹੋ ਗਏ ਹਨ। ਭੂਆ ਜੀ ਦਾ ਪੁੱਤਰ ਰਜਿੰਦਰ ਸਿੰਘ ਮੇਰਾ ਹਮਉਮਰ ਹੀ ਹੈ। ਕਿਸੇ ਸਮੇਂ ਉਹ ਭੂਆ ਫੁੱਫੜ ਜੀ ਨਾਲ ਆਪਣੇ ਨਾਨਕੇ ਭਾਵ ਸਾਡੇ ਘਰ ਆਇਆ ਕਰਦਾ ਸੀ। ਕਬੀਲਦਾਰੀ ਜੀਵਨ ਦੀ ਰਵਾਨੀ ਦਾ ਆਧਾਰ ਹੈ। ਹੁਣ ਮੇਲ ਕਦੇ-ਕਦਾਈਂ ਹੀ ਹੁੰਦਾ ਹੈ ਪਰ ਮੋਬਾਈਲ ’ਤੇ ਗੱਲ-ਬਾਤ ਹੁੰਦੀ ਹੀ ਰਹਿੰਦੀ ਹੈ। ਹੁਣ ਭਰਜਾਈ ਦਾ ਉਲਾਂਭਾ ਸੀ ਕਿ ਬੱਚੇ ਨਾਲ ਲਿਆਉਂਦੇ ਤਾਂ ਸਾਡਿਆਂ ਨੂੰ ਵੀ ਮਿਲ ਲੈਂਦੇ; ਇੱਕ-ਦੂਜੇ ਨੂੰ ਮਿਲਣ-ਗਿਲਣਗੇ ਤਾਂ ਹੀ ਮਿਲਦੇ ਰਹਿਣਗੇ। ਵਾਪਸੀ ’ਤੇ ਗੱਡੀ ਵਿੱਚ ਬੈਠਿਆਂ ਨੂੰ ਭਰਜਾਈ ਕੁਝ ਪੈਸੇ ਫੜਾਉਣ ਲੱਗੀ, ‘‘ਵੀਰ ਜੀ, ਪਹਿਲੀ ਵਾਰ ਨਵੀਂ ਗੱਡੀ ਲੈ ਕੇ ਆਏ ਹੋ, ਸ਼ਗਨ ਐ, ਮਨ੍ਹਾਂ ਨਾ ਕਰੋ।’’ ‘‘ਭਾਬੀ, ਅਸੀਂ ਵੀ ਪੁਰਾਣੇ ਆਂ ਤੇ ਗੱਡੀ ਵੀ ਹੁਣ ਨਵੀਂ ਨਹੀਂ ਰਹੀ। ਤੁਸੀਂ ਵੀ ਕਦੇ ਵੀਰੇ ਨੂੰ ਉਹਦੇ ਨਾਨਕੇ ਲੈ ਆਇਓ ਤੇ ਸਾਨੂੰ ਹੁਣ ਸ਼ਗਨ ਨਹੀਂ ਇਜਾਜ਼ਤ ਦਵੋ।’’ ਮੈਂ ਭਰਜਾਈ ਨੂੰ ਮਖੌਲ ਕੀਤਾ। ‘‘ਆਪਾਂ ਤਾਂ ਪਰਸ ਗਲ਼ ਵਿੱਚ ਪਾ ਗੱਡੀ ਵਿੱਚ ਬੈਠ ਜਾਣਾ ਤੇ ਲੈ ਕੇ ਕਦੋਂ ਜਾਣਾ, ਆਪਣੇ ਵੀਰ ਨੂੰ ਪੁੱਛੋ। ਰਹੀ ਗੱਲ ਸ਼ਗਨ ਦੀ, ਜੇ ਤੁਹਾਡੇ ਭੂਆ ਜੀ ਹੁੰਦੇ ਤਾਂ ਇਹ ਕੰਮ ਉਨ੍ਹਾਂ ਨੇ ਵੀ ਤਾਂ ਕਰਨਾ ਸੀ, ਰੋਕ ਲੈਂਦੇ?’’ ਸ਼ਾਮ ਹੁੰਦਿਆਂ-ਹੁੰਦਿਆਂ ਅਸੀਂ ਵਾਪਸ ਆ ਗਏ।
‘‘ਕਿੱਦਾਂ ਭਾਅ’ਜੀ, ਥੱਕ ਗਏ ਹੋਵੋਂਗੇ, ਫਿਰ ਛਟਾਂਕ-ਛਟਾਂਕ?’’ ਹਰਨੇਕ ਨੇ ਸ਼ਰਾਰਤੀ ਅੰਦਾਜ਼ ਵਿੱਚ ਪੁੱਛਿਆ। ‘‘ਛੱਡ ਯਾਰ, ਗੱਲਾਂ ਬਾਤਾਂ ਮਾਰਦੇ ਆਂ।’’ ‘‘ਚਲੋ ਨਿਆਣਿਆਂ ਲਈ ਕੁਝ ਲੈ ਆਉਨੇ ਆਂ।’’ ਹਰਨੇਕ ਨੇ ਫਿਰ ਕਿਹਾ। ਹਰੋਲੀ ਦੇ ਬਾਜ਼ਾਰ ਵਿੱਚੋਂ ਅਸੀਂ ਬੱਚਿਆਂ ਦੇ ਖਾਣ ਲਈ ਕੁਝ ਹਲਕਾ-ਫੁਲਕਾ ਪਹਿਲਾਂ ਹੀ ਲੈ ਆਏ ਸੀ। ਅਸਲ ਵਿੱਚ ਨਿਆਣਿਆਂ ਲਈ ਕੁਝ ਲਿਆਉਣਾ ਤਾਂ ਹਰਨੇਕ ਦਾ ਘਰੋਂ ਪੈਰ ਬਾਹਰ ਕੱਢਣ ਦਾ ਬਹਾਨਾ ਹੀ ਸੀ। ਇਸ ਬਾਰੇ ਸ਼ਾਇਦ ਹਰਮੀਤ ਤੇ ਸੁਖਪ੍ਰੀਤ ਤੋਂ ਇਲਾਵਾ ਬਾਕੀ ਵੀ ਜਾਣਦੇ ਹੀ ਸੀ। ਘੰਟੇ ਕੁ ਬਾਅਦ ਘਰੇ ਆ ਕੇ ਖਾਣਾ ਖਾਧਾ ਤੇ ਸਾਰੇ ਵਿਹੜੇ ਵਿੱਚ ਹੀ ਵਾਣ ਦੇ ਮੰਜਿਆਂ ਅਤੇ ਕੁਰਸੀਆਂ ਉੱਪਰ ਬੈਠ ਗਏ। ਜਿਵੇਂ-ਜਿਵੇਂ ਰਾਤ ਢਲ ਰਹੀ ਸੀ ਮੌਸਮ ਬਹੁਤ ਵਧੀਆ ਹੋਣ ਲੱਗ ਪਿਆ। ਗੱਲਾਂ-ਬਾਤਾਂ ਵਿੱਚ ਹੋਰ ਰਾਤ ਬੀਤਣ ਮਗਰੋਂ ਆਪੋ-ਆਪਣੇ ਮੰਜਿਆਂ ਵੱਲ ਹੋ ਗਏ।
ਅਗਲੀ ਸਵੇਰ ਬੜੀ ਖ਼ਾਸ ਸਵੇਰ ਲੱਗ ਰਹੀ ਸੀ। ਮੈਨੂੰ ਲੱਗਦਾ ਨਹੀਂ ਸੀ ਕਿ ਬੱਚਿਆਂ ਦਾ ਜੀਅ ਲੱਗੇਗਾ ਪਰ ਸਾਰੇ ਮਸਤ ਸਨ। ਹੁਣ ਵਾਪਸੀ ਲਈ ਤਿਆਰ ਹੋਣ ਲੱਗ ਪਏ। ਸਾਰੇ ਘੜੀ-ਮੁੜੀ ਇੱਕੋ ਗੱਲ ਕਹੀ ਜਾ ਰਹੇ ਸੀ ਕਿ ਇੱਕ-ਦੋ ਦਿਨ ਹੋਰ ਰੁਕ ਜਾਉ ਪਰ ਅਸੀਂ ਅੱਗੇ ਹੋਰ ਇੱਕ-ਦੋ ਰਿਸ਼ਤੇਦਾਰੀਆਂ ਵਿੱਚ ਵੀ ਜਾਣਾ ਸੀ। ਚੱਲੀ ਆ ਰਹੀ ਰੀਤ ਮੁਤਾਬਿਕ ਅਸੀਂ ਆਪਣੇ ਭਤੀਜੇ-ਭਤੀਜੀਆਂ ਨੂੰ ਪਿਆਰ ਵਜੋਂ ਕੁਝ ਰੁਪਏ ਫੜਾਉਣ ਲੱਗੇ ਤੇ ਸਾਡੇ ਨਿਆਣਿਆਂ ਨੂੰ ਵੀ ਇਸ ਤਰ੍ਹਾਂ ਦਾ ਹੀ ਪਿਆਰ ਮਿਲ ਰਿਹਾ ਸੀ। ਗੱਡੀ ਨੇੜੇ ਆ ਕੇ ਮਾਮੀ ਜੀ ਮੇਰੀ ਘਰਵਾਲੀ ਨੂੰ ਸੌ ਰੁਪਏ ਦਾ ਨੋਟ ਫੜਾ ਰਹੇ ਸੀ ਪਰ ਉਹ ਮਨ੍ਹਾਂ ਕਰੀ ਜਾ ਰਹੀ ਸੀ ਕਿ ਜਵਾਕਾਂ ਨੂੰ ਪਹਿਲਾਂ ਹੀ ਮਿਲ ਗਏ ਹਨ। ਹੁਣ ਉਹ ਪੈਸੇ ਨਹੀਂ ਲਵੇਗੀ ਪਰ ਮਾਮੀ ਜੀ ਨੇ ਕਲਾਵੇ ਵਿੱਚ ਲੈ ਕੇ ਫੜਾ ਹੀ ਦਿੱਤੇ। ਮੈਂ ਫਤਿਹ ਬੁਲਾਉਣ ਉਨ੍ਹਾਂ ਵੱਲ ਵਧਿਆ ਤਾਂ ਮੇਰੀ ਜੇਬ ਵਿੱਚ ਸੌ ਰੁਪਏ ਦਾ ਨੋਟ ਰੱਖ ਦਿੱਤਾ। ਮੇਰੇ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਤੇ ਗੱਡੀ ਸਟਾਰਟ ਹੋ ਗਈ। ਦੁਬਾਰਾ ਆਉਣ ਦਾ ਵਾਅਦਾ ਕਰ ਕੇ ਤੁਰ ਪਏ।
‘‘ਮਾਮਾ ਜੀ, ਅਸੀਂ ਬੱਚਿਆਂ ਤੇ ਮਾਮੀ ਜੀ ਨੇ ਵੀ ਪੈਸੇ ਫੜਨ ਤੋਂ ਮਨ੍ਹਾਂ ਕੀਤਾ ਸੀ। ਤੁਸੀਂ ਚੁੱਪ-ਚਾਪ ਰੱਖ ਲਏ!’’ ਅਰਸ਼ ਨੇ ਮੈਨੂੰ ਪੁੱਛਿਆ। ਮੈਂ ਕਿਹਾ, ‘‘ਗੱਲ ਏਦਾਂ ਬੀ ਮੈਂ ਕਿਸੇ ਦਾ ਭਰਾ, ਪਤੀ, ਪਿਓ, ਮਾਮਾ ਤੇ ਹੋਰ ਵੀ ਬਹੁਤ ਕੁਝ ਆਂ। ਆਪਣੇ ਦਫਤਰ ਵਿੱਚ ਮੁਲਾਜ਼ਮ ਤੇ ਕਈਆਂ ਦਾ ਦੋਸਤ ਹਾਂ। ਇੱਥੇ ਮੈਂ ਨਾਨਕਿਆਂ ਦਾ ਕਾਕਾ ਹੀ ਹਾਂ ਜਿਵੇਂ ਪਹਿਲਾਂ ਹੋਇਆ ਕਰਦਾ ਸੀ। ਉਨ੍ਹਾਂ ਦਾ ਪਿਆਰ ਹੁਣ ਵੀ ਹਰ ਰੂਪ ਵਿੱਚ ਸਵੀਕਾਰਨਯੋਗ ਹੈ। ਹੁਣ ਤੂੰ ਆਪਣੀ ਇਸ ਕਾਰ ਵਾਲੀ ਸੀਟ ਨੂੰ ਸੁਹਾਗਾ ਹੀ ਮੰਨ ਤੇ ਲੈ ਝੂਟੇ।’’ ਜੇਜੋਂ ਵਿੱਚੋਂ ਲੰਘਦਿਆਂ ਮੈਂ ਗੱਡੀ ਖੁੱਟਾਂ ਦੀ ਹੱਟੀ ਵੱਲ ਮੋੜ ਲਈ ਜਿਨ੍ਹਾਂ ਦੇ ਪੇੜੇ ਸੱਚਮੁੱਚ ਹੀ ਲਾਜਵਾਬ ਹੁੰਦੇ ਹਨ। ਯਾਦਾਂ ਦੀ ਕਿਤਾਬ ਵਿੱਚ ਕੁਝ ਪੰਨੇ ਹੋਰ ਸ਼ਾਮਲ ਹੋ ਗਏ ਸੀ।