ਆਸਕਰ ਜੇਤੂ ਫਿਲਮ ‘ਅਨੋਰਾ’
ਕ੍ਰਿਸ਼ਨ ਕੁਮਾਰ ਰੱਤੂ
ਦੁਨੀਆ ਦੇ ਸਭ ਤੋਂ ਵੱਡੇ ਆਸਕਰ ਫਿਲਮ ਮੇਲੇ ’ਚ ਫਿਲਮ ਐਵਾਰਡਾਂ ਦਾ ਜਸ਼ਨ ਸਭ ਨੂੰ ਅਥਾਹ ਰੋਮਾਂਚ ਨਾਲ ਭਰ ਦਿੰਦਾ ਹੈ। ਪੂਰੀ ਚਮਕ ਦਮਕ ਤੇ ਰੋਸ਼ਨੀਆਂ ਨਾਲ ਨਹਾਏ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਵਿੱਚ ਫਿਲਮੀ ਦੁਨੀਆ ਦੇ ਕਲਾਤਮਕ ਹੁਨਰ ਦੀ ਗੱਲ ਹੁੰਦੀ ਹੈ, ਜਿੱਥੇ ਦੁਨੀਆ ਭਰ ਦੇ ਫਿਲਮੀ ਸਿਤਾਰਿਆਂ ਦਾ ਇਕੱਠ ਸਭ ਨੂੰ ਜ਼ਿੰਦਗੀ ਦੇ ਅਦਭੁਤ ਜਲਵੇ ਦਿਖਾਉਂਦਾ ਹੈ।
97ਵੇਂ ਆਸਕਰ ਐਵਾਰਡ ਸਮਾਗਮ ਵਿੱਚ ਫਿਲਮ ‘ਅਨੋਰਾ’ ਨੇ ਧੁੰਮਾਂ ਪਾ ਦਿੱਤੀਆਂ ਤੇ ਇਸ ਨੂੰ ਇਸ ਵਾਰ ਦੀ ਬਿਹਤਰੀਨ ਫਿਲਮ ਐਲਾਨਿਆ ਗਿਆ। ਆਸਕਰ ਐਵਾਰਡਾਂ ਦੌਰਾਨ ਵਿਸ਼ਵ ਸਿਨੇਮਾ ਦੀ ਵੰਨ-ਸੁਵੰਨਤਾ ਨੂੰ ਅਮਰੀਕਾ ਤੇ ਦੁਨੀਆ ਦੇ ਕਰੋੜਾਂ ਦਰਸ਼ਕਾਂ ਨੇ ਦਿਲ ’ਤੇ ਹੱਥ ਰੱਖ ਕੇ ਵੇਖਿਆ ਜੋ ਸੱਚਮੁੱਚ ਹੈਰਾਨੀਜਨਕ ਹੈ।
‘ਅਨੋਰਾ’ ਇਸ ਸਮਾਗਮ ਵਿੱਚ ਨਾਮਜ਼ਦ ਕੀਤੀਆਂ ਉਨ੍ਹਾਂ ਫਿਲਮਾਂ ਵਿੱਚੋਂ ਇੱਕ ਹੈ ਜਿਸ
ਨੂੰ ਬਣਾਉਣ ਪਿੱਛੇ ਇੱਕ ਮਕਸਦ ਹੈ। ਇਹ
ਉਸ ਸੈਕਸ ਵਰਕਰ ਦੀ ਕਹਾਣੀ ਹੈ ਜੋ
ਜ਼ਿੰਦਗੀ ਨੂੰ ਜਿਊਣਾ ਚਾਹੁੰਦੀ ਹੈ। ਇਹ ਇਸ ਆਸਕਰ ਸਮਾਗਮ ਦੀ ਸਭ ਤੋਂ ਵੱਧ ਕਾਮਯਾਬ ਫਿਲਮ ਰਹੀ ਜਿਸ ਨੇ ਪੰਜ ਕੈਟਾਗਰੀਆਂ ਵਿੱਚ ਐਵਾਰਡ ਹਾਸਲ ਕੀਤੇ ਹਨ। ਇਨ੍ਹਾਂ ਵਿੱਚ ਦੁਨੀਆ ਦੀ ਬਿਹਤਰੀਨ ਫਿਲਮ, ਬਿਹਤਰੀਨ ਨਿਰਦੇਸ਼ਕ, ਬਿਹਤਰੀਨ ਅਦਾਕਾਰਾ, ਬਿਹਤਰੀਨ ਸਕਰੀਨ ਪਲੇਅ ਅਤੇ ਬਿਹਤਰੀਨ ਸੰਪਾਦਨ ਲਈ ਫਿਲਮ ‘ਅਨੋਰਾ’ ਨੂੰ ਮਿਲੇ ਆਸਕਰ ਐਵਾਰਡ ਸ਼ਾਮਲ ਹਨ।
ਇਹ ਤ੍ਰਾਸਦੀ ਤੇ ਸੰਤਾਪ ਦੀ ਮਾਨਵੀ ਕਹਾਣੀ ਹੈ। ਅਨੋਰਾ ਪਿੱਛੇ ਦੁਨੀਆ ਦੀ ਬਦਲਦੀ ਹੋਈ ਮਾਨਸਿਕਤਾ, ਅਮਰੀਕੀ ਸਮਾਜ ਦੀ ਦੁਨੀਆ ਪ੍ਰਤੀ ਸੋਚ ਅਤੇ ਪੂਰੀ ਦੁਨੀਆ ਤੇ ਮੱਧਵਰਗੀ ਲੋਕਾਂ ਦੇ ਬਦਲਦੀ ਹੋਈ ਸੋਚ ਦਾ ਅਜਿਹਾ ਮਾਨਸਿਕ ਤੇ ਮਨੋਰੰਜਨ ਦਾ ਤੜਕਾ ਹੈ ਜਿਸ ਵਿੱਚ ਮਨੁੱਖੀ ਜਨ ਜੀਵਨ, ਮਨੁੱਖਤਾ ਅਤੇ ਮਨੁੱਖ ਦੀ ਗਰਿਮਾ ਵਿੱਚ ਭਿੱਜੀ ਜ਼ਿੰਦਗੀ ਦੀ ਕਹਾਣੀ ਨੂੰ ਉਜਾਗਰ ਕੀਤਾ ਗਿਆ ਹੈ। ਇਹ ਇੱਕ ਅਜਿਹੀ ਸੈਕਸ ਵਰਕਰ ਦੀ ਕਹਾਣੀ ਹੈ ਜੋ ਬਾਰ ਵਿੱਚ ਡਾਂਸ ਕਰਨ ਵਾਲੀ ਸਟਰਿਪਰ ਹੈ। ਇਸ ਕਹਾਣੀ ਰਾਹੀਂ ਮਨੁੱਖੀ ਸੰਵੇਦਨਾਵਾਂ ਅਤੇ ਮਜਬੂਰੀਆਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।
ਫਿਲਮ ‘ਅਨੋਰਾ’ ਦੇ ਨਿਰਦੇਸ਼ਕ ਸੀਨ ਬੇਕਰ ਨੇ ਇਸ ਕਹਾਣੀ ਨੂੰ ਪਰਦੇ ’ਤੇ ਲਾਜਵਾਬ ਢੰਗ ਨਾਲ ਪੇਸ਼ ਕੀਤਾ ਹੈ। ਬੇਕਰ ਦੇ ਦੱਸਣ ਮੁਤਾਬਿਕ ਉਸ ਦਾ ਇਹ ਫਿਲਮ ਬਣਾਉਣ ਪਿੱਛੇ ਮਕਸਦ ਸੈਕਸ ਵਰਕਰਾਂ ਦੇ ਪੇਸ਼ੇ ਨੂੰ ਇਮਾਨਦਾਰੀ ਨਾਲ ਸਮਾਜ ਅੱਗੇ ਰੱਖਣਾ ਸੀ। ਸੰਭਵ ਹੈ ਕਿ ਇਸ ਫਿਲਮ ਨਾਲ ਪੂਰੀ ਦੁਨੀਆ ਵਿੱਚ ਸੈਕਸ ਵਰਕਰਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਕੁਝ ਬਦਲਾਅ ਆ ਸਕੇ। ਇੱਥੇ ਹੁਣ ਸਵਾਲ ਇਹ ਹੈ ਕਿ ਓਟੀਟੀ ਅਤੇ ਡਿਜੀਟਲ ਮੀਡੀਆ ਦੀ ਚੜ੍ਹਤ ਦੇ ਦੌਰ ਵਿੱਚ ਦੁਨੀਆ ਭਰ ਦਾ ਸਿਨੇਮਾ ਅੱਜ ਵੱਖਰੇ ਹਾਲਾਤ ਵਿੱਚੋਂ ਲੰਘ ਰਿਹਾ ਹੈ। ਅੱਜ ਓਟੀਟੀ ਅਤੇ ਡਿਜੀਟਲ ਮੀਡੀਆ ਪ੍ਰਚਾਰ ਪਸਾਰ ਦਾ ਅਜਿਹਾ ਸਾਧਨ ਹੈ ਕਿ ਇਸ ਨੇ ਕਰੋਨਾ ਪਿੱਛੋਂ ਦੁਨੀਆ ਦਾ ਪੂਰਾ ਦ੍ਰਿਸ਼ ਹੀ ਬਦਲ ਦਿੱਤਾ ਹੈ। ਇਸ ਯੁੱਗ ਵਿੱਚ ਸਿਨੇਮਾ ਅਰਥਾਤ ਫਿਲਮਾਂ ਦਾ ਅਨੁਭਵ ਤੇ ਪ੍ਰਚਾਰ ਪਸਾਰ ਵੀ ਹੁਣ ਵੱਡੇ ਪੀਵੀਆਰ ਸਿਨੇਮਾ ਤੋਂ ਹਟ ਕੇ ਛੋਟੇ ਪਰਦੇ ’ਤੇ ਟੈਲੀਵਿਜ਼ਨ ਦੇ ਨਾਲ ਨਾਲ ਡਰਾਇੰਗ ਰੂਮ ਦੀਆਂ ਵੱਡੀਆਂ ਸਕਰੀਨਾਂ ’ਤੇ ਰਹਿ ਗਿਆ ਹੈ ਅਤੇ ਇਸ ਦਾ ਅਸਰ ਹੁਣ ਦੁਨੀਆ ਭਰ ਦੀਆਂ ਫਿਲਮ ਨਿਰਮਾਣ ਤਕਨੀਕਾਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਫਿਲਮ ‘ਅਨੋਰਾ’ ਵਿੱਚ ਮਨੁੱਖਤਾ ਦੀ ਅਹਿਮੀਅਤ ਨੂੰ ਬੇਜੋੜ ਢੰਗ ਨਾਲ ਦਿਖਾਇਆ ਗਿਆ ਹੈ ਅਤੇ ਇਸ ਵਿੱਚ ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਦਿਖਾਈਆਂ ਗਈਆਂ ਹਨ।
ਅਮਰੀਕੀ ਸਿਨੇਮਾ ਦਾ ਧੁਰਾ ਮੰਨੀਆਂ ਜਾਂਦੀਆਂ ਉੱਘੀਆਂ ਹਸਤੀਆਂ ਦੀ ਸ਼ਮੂਲੀਅਤ ਵਾਲੀ ਜਿਊਰੀ ਨੇ ਇਸ ਨੂੰ ਕਈ ਸਨਮਾਨਾਂ ਦੇ ਕਾਬਲ ਸਮਝਿਆ ਹੈ। ਇਹ ਫਿਲਮ ਇਸ ਕਰਕੇ ਚੁਣੀ ਗਈ ਹੈ ਕਿ ਅਨੋਰਾ ਵਿੱਚ ਡਾਢਿਆਂ ਨਾਲ ਮੱਥਾ ਲੱਗਣ ਮਗਰੋਂ ਇੱਕ ਸੈਕਸ ਵਰਕਰ ਦੀ ਜੱਦੋਜਹਿਦ ਨੂੰ ਨਵੀਂ ਤਕਨੀਕ ਨਾਲ ਭਾਵਪੂਰਤ ਢੰਗ ਨਾਲ ਪਰਦੇ ’ਤੇ ਦਿਖਾਇਆ ਹੈ।
ਆਸਕਰ ਜੇਤੂ ਫਿਲਮਾਂ ਹੁਣ ਦੁਨੀਆ ਵਿੱਚ ਇੱਕ ਨਵੀਂ ਧਾਰਨਾ ਪੈਦਾ ਕਰਨ ਵਾਲੀਆਂ ਹਨ। ਇਨ੍ਹਾਂ ਐਵਾਰਡ ਜੇਤੂ ਅਤੇ ਨਾਮਜ਼ਦ ਫਿਲਮਾਂ ਦੇ ਨਿਰਦੇਸ਼ਕ ਅਤੇ ਅਦਾਕਾਰ ਇਹ ਚਾਹੁੰਦੇ ਹਨ ਕਿ ਸਿਨੇਮਾ ਸੰਸਾਰ ਦੀ ਨਵੀਂ ਕਲਪਨਾ, ਧਰਤੀ ਦੀ ਵਿਰਾਸਤ ਅਤੇ ਲੋਕਾਂ ਦੇ ਸੰਘਰਸ਼ ਦੀ ਅਸਲ ਦਾਸਤਾਨ ਨੂੰ ਬਿਆਨ ਕਰ ਸਕੇ।
ਪੈਲਸਟਾਮ ਦੀ ਇੱਕ ਲਘੂ ਫਿਲਮ ਨੇ ਵੀ ਆਸਕਰ ਐਵਾਰਡ ਜਿੱਤਿਆ ਹੈ। ਇਹ ਗਾਜ਼ਾ ਵਿਚਲੇ ਉਸ ਸੰਕਟ ਦੀ ਨਿਸ਼ਾਨਦੇਹੀ ਕਰਦੀ ਹੈ ਜਿਸ ਵਿੱਚ ਅੱਜ ਇਸ ਤ੍ਰਾਸਦੀ ਵਿੱਚੋਂ ਲੰਘਦੇ ਹੋਏ ਲੋਕ ਫਲਸਤੀਨ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਇੱਕ ਪਾਸੇ, ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਬੇਹੱਦ ਦੁਖਦਾਈ ਹਨ ਅਤੇ ਦੂਜੇ ਪਾਸੇ, ਵੱਡਾ ਸਿਆਸੀ ਦ੍ਰਿਸ਼ ਦੇਖੀਏ ਤਾਂ ਕਈ ਥਾਵਾਂ ’ਤੇ ਯੁੱਧ ਦੇ ਬੱਦਲ ਛਾਏ ਹੋਏ ਹਨ, ਪਰ ਮੀਡੀਆ ਅਤੇ ਫਿਲਮਸਾਜ਼ੀ, ਨਵੀਂ ਦੁਨੀਆ ਦੀ ਸਿਰਜਣਾ ਹਿੱਤ ਅਸਰਦਾਰ ਭੂਮਿਕਾ ਨਿਭਾਉਣ ਦੇ ਸਮਰੱਥ ਹਨ।
* ਲੇਖਕ ਉੱਘਾ ਮੀਡੀਆ ਵਿਸ਼ਲੇਸ਼ਕ ਅਤੇ ਦੂਰਦਰਸ਼ਨ ਦਾ ਸਾਬਕਾ ਉਪਮਹਾਨਿਰਦੇਸ਼ਕ ਹੈ।
ਸੰਪਰਕ: 94787-30156