DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੱਖਣੀ ਭਾਰਤ ’ਚ ਪਹਾੜਾਂ ਦੀ ਰਾਣੀ ਊਟੀ

ਭਾਰਤ ਦਾ ਦੱਖਣੀ ਹਿੱਸਾ ਤਿਕੋਣੇ ਆਕਾਰ ਦਾ ਤਿੰਨ ਪਾਸਿਆਂ ਤੋਂ ਸਮੁੰਦਰ, ਸਾਗਰਾਂ ਨਾਲ ਘਿਰਿਆ ਹੋਇਆ, ਪ੍ਰਾਚੀਨ ਕਲਾ, ਇਮਾਰਤਾਂ, ਭਾਸ਼ਾ ਤੇ ਸੱਭਿਆਚਾਰ ਦੀ ਵੰਨ-ਸੁਵੰਨਤਾ ਅਤੇ ਆਪਣੀ ਪਠਾਰੀ ਭੂਗੋਲਿਕ ਸਥਿਤੀ ਕਰਕੇ ਜਾਣਿਆ ਜਾਂਦਾ ਹੈ। ਇਸ ਵਿਲੱਖਣ ਧਰਤੀ ਦੇ ਰੂਬਰੂ ਹੋਣ ਲਈ ਅਸੀਂ...
  • fb
  • twitter
  • whatsapp
  • whatsapp
Advertisement

ਭਾਰਤ ਦਾ ਦੱਖਣੀ ਹਿੱਸਾ ਤਿਕੋਣੇ ਆਕਾਰ ਦਾ ਤਿੰਨ ਪਾਸਿਆਂ ਤੋਂ ਸਮੁੰਦਰ, ਸਾਗਰਾਂ ਨਾਲ ਘਿਰਿਆ ਹੋਇਆ, ਪ੍ਰਾਚੀਨ ਕਲਾ, ਇਮਾਰਤਾਂ, ਭਾਸ਼ਾ ਤੇ ਸੱਭਿਆਚਾਰ ਦੀ ਵੰਨ-ਸੁਵੰਨਤਾ ਅਤੇ ਆਪਣੀ ਪਠਾਰੀ ਭੂਗੋਲਿਕ ਸਥਿਤੀ ਕਰਕੇ ਜਾਣਿਆ ਜਾਂਦਾ ਹੈ। ਇਸ ਵਿਲੱਖਣ ਧਰਤੀ ਦੇ ਰੂਬਰੂ ਹੋਣ ਲਈ ਅਸੀਂ ਕੁਝ ਸਾਥੀਆਂ ਨੇ ਇਸ ਵਾਰੀ ਤਾਮਿਲਨਾਡੂ ਦੀ ਬੜੀ ਹੀ ਰਮਣੀਕ ਜਗ੍ਹਾ ਊਟੀ ਜਾਣ ਦਾ ਪ੍ਰੋਗਰਾਮ ਬਣਾਇਆ।

ਦੱਖਣੀ ਭਾਰਤ ਵੱਲ ਟੂਰ ਦਾ ਇਹ ਸਾਡਾ ਪਹਿਲਾ ਤਜਰਬਾ ਸੀ। ਇਸ ਨਵੇਂ ਸਫਰ ਲਈ ਅਸੀਂ ਬਹੁਤ ਹੀ ਉਤਸੁਕ ਸੀ। ਬੰਗਲੁਰੂ ਦਾ ਏਅਰਪੋਰਟ ਬਹੁਤ ਹੀ ਵੱਡਾ, ਸੋਹਣਾ, ਸ਼ਾਨਦਾਰ ਅਤੇ ਸਭ ਤੋਂ ਅਹਿਮ ਹਰਿਆਲੀ ਨਾਲ ਭਰਿਆ ਹੋਇਆ ਹੈ। ਬੰਗਲੁਰੂ ਦੇ ਸਭ ਤੋਂ ਵਧੀਆ ਹੋਟਲ ਸੁਖ-ਸਾਗਰ ਵਿੱਚ ਦੱਖਣੀ ਭਾਰਤ ਦੇ ਖਾਣੇ ਇਟਲੀ, ਬੜਾ, ਸਾਂਬਰ ਅਤੇ ਪੂਰੀ-ਸਾਗੋ ਨਾਲ ਸ਼ੁਰੂਆਤ ਕੀਤੀ। ਚਾਰ ਘੰਟੇ ਦੇ ਸਫ਼ਰ ਤੋਂ ਬਾਅਦ ਸ੍ਰੀਰੰਗਾਪਟਨਮ ਵਿਖੇ ਟੀਪੂ ਸੁਲਤਾਨ ਦਾ ਸ਼ਾਹੀ ਮਹਿਲ ਦੇਖਣ ਗਏ। ਇਸ ਤੋਂ ਬਾਅਦ ਥੋੜ੍ਹੀ ਦੂਰੀ ’ਤੇ ਟੀਪੂ ਸੁਲਤਾਨ ਅਤੇ ਉਸ ਦੇ ਪਰਿਵਾਰਕ ਜੀਆਂ ਦੇ ਮਕਬਰਿਆਂ ਵਾਲੀ ਥਾਂ ’ਤੇ ਗਏ ਜੋ ਕਿ ਬਹੁਤ ਸੋਹਣੀ ਬਣੀ ਹੋਈ ਹੈ। ਥੋੜ੍ਹੇ ਸਮੇਂ ਬਾਅਦ ਹੀ ਸ਼ਾਮ ਨੂੰ ਭਾਰਤ ਦੇ ਸਭ ਤੋਂ ਲੰਮੇ ਕਾਵੇਰੀ ਡੈਮ ‘ਤੇ ਪਹੁੰਚੇ। ਡੈਮ ਕੋਲ ਮੇਲਾ ਲੱਗਿਆ ਹੋਇਆ ਸੀ। ਇੱਥੇ ਬਹੁਤ ਹੀ ਵਧੀਆ ਸੰਗੀਤ ਅਤੇ ਐਡਵੈਂਚਰ ਨਾਲ ਭਰਿਆ ਹੋਇਆ ਫਾਊਂਟੇਨ ਸ਼ੋਅ ਦੇਖਣ ਲਈ ਵੱਡੀ ਭੀੜ ਸੀ। ਇੱਥੇ ਸਾਰੇ ਬਹੁਤ ਖ਼ੁਸ਼ ਹੋਏ ਅਤੇ ਨੱਚੇ ਟੱਪੇ।

Advertisement

ਅਗਲੀ ਸਵੇਰ ਮੈਸੂਰ ਦੀ ਸ਼ਾਨ ਇੱਥੋਂ ਦਾ ‘ਮੈਸੂਰ ਪੈਲੇਸ’ ਦੇਖਿਆ ਜੋ ਕਿ ਵਾਡਿਆਰ ਰਾਜ ਘਰਾਣੇ ਦਾ ਬਣਾਇਆ ਹੋਇਆ ਹੈ। ਇਹ ਮਹਿਲ ਬਹੁਤ ਹੀ ਵੱਡਾ, ਸੋਹਣਾ, ਆਲੀਸ਼ਾਨ ਹੈ। ਇੱਥੇ ਉੱਤਮ ਦਰਜੇ ਦੀ ਮੀਨਾਕਾਰੀ ਅਤੇ ਚਿੱਤਰਕਾਰੀ ਦਾ ਪ੍ਰਯੋਗ ਕੀਤਾ ਗਿਆ ਹੈ। ਰਸਤੇ ਵਿੱਚ ਬਾਏਲਾਕੂਪੇ (ਜ਼ਿਲ੍ਹਾ ਕੋਡਗੂ) ਵਿਖੇ ਬੋਧੀਆਂ ਦਾ ਗੋਲਡਨ ਟੈਂਪਲ ਵੀ ਦੇਖਿਆ। ਇੱਥੇ ਬੁੱਧ ਦੇ ਦੋਵੇਂ ਪਾਸੇ ਅਮਿਤਾਸ ਅਤੇ ਪਦਮ ਸੰਭਵ ਦੀਆਂ ਮੂਰਤੀਆਂ ਹਨ, ਜਿੱਥੇ ਸੈਂਕੜੇ ਲੋਕ ਪ੍ਰਾਰਥਨਾ ਕਰ ਰਹੇ ਸਨ। ਇਹ ਸੁਨਹਿਰੀ ਰੰਗ ਦਾ ਮੰਦਰ ਹੈ ਅਤੇ ਜ਼ਿਆਦਾਤਰ ਬੋਧੀ ਭਿਕਸ਼ੂ ਹੀ ਸਨ। ਅਸੀਂ ਅੱਗੇ ਨਿਸਰਗਧਾਮਾ ਪਹੁੰਚੇ ਜੋ ਕਿ ਇੱਕ ਬਹੁਤ ਅਲੱਗ ਹੀ ਜਗ੍ਹਾ ਹੈ। ਇਹ ਬਾਂਸ ਦਾ ਜੰਗਲ ਹੈ ਜਿਸ ਦੇ ਨਾਲ-ਨਾਲ ਇੱਕ ਛੋਟੀ ਜਿਹੀ ਨਹਿਰ ਤੋਂ ਇਲਾਵਾ ਬਹੁਤ ਸਾਰੇ ਟਰੀ ਹਾਊਸ ਹਨ। ਇੱਥੇ ਹੀ ਬਹੁਤ ਸਾਰੇ ਪੰਛੀ ਦੇਖੇ, ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਨੂੰ ਆਪਣੀਆਂ ਤਲੀਆਂ ’ਤੇ ਚੋਗਾ ਵੀ ਚੁਗਾਇਆ ਜੋ ਕਿ ਸਾਡੇ ਲਈ ਇੱਕ ਅਜਬ ਜਿਹਾ ਤਜਰਬਾ ਸੀ। ਰਾਤ ਅੱਠ ਕੁ ਵਜੇ ਤੱਕ ਅਸੀਂ ਕੁਰਗ ਜ਼ਿਲ੍ਹੇ ਦੇ ਮੈਡਕਰੀ ਸ਼ਹਿਰ ਪਹੁੰਚ ਗਏ| ਇੱਥੇ ਹਲਕਾ ਹਲਕਾ ਮੀਂਹ ਪੈ ਰਿਹਾ ਸੀ ਅਤੇ ਚਾਰੇ ਪਾਸੇ ਧੁੰਦ ਛਾਈ ਹੋਈ ਸੀ। ਮੌਸਮ ਠੰਢਾ ਸੀ।

ਅਗਲੀ ਸਵੇਰ ਜਦੋਂ ਉੱਠੇ ਤਾਂ ਮੀਂਹ ਲਗਾਤਾਰ ਪੈ ਰਿਹਾ ਸੀ। ਨਾਸ਼ਤਾ ਕਰਨ ਤੋਂ ਬਾਅਦ ਅਸੀਂ ਕੋਡਾਗੂ ’ਚ ਮੰਗਲਪੱਟੀ ਵੱਲ ਚੱਲ ਪਏ। ਉੱਥੋਂ ਅਸੀਂ 3000 ਰੁਪਏ ਪ੍ਰਤੀ ਜੀਪ ਦੇ ਹਿਸਾਬ ਨਾਲ ਦੋ ਜੀਪਾਂ ਕਰਵਾ ਕੇ ਚੱਲੇ ਕਿਉਂਕਿ ਉਧਰ ਕੋਈ ਵੀ ਪ੍ਰਾਈਵੇਟ ਵਾਹਨ ਜਾਣ ਦੀ ਮਨਾਹੀ ਹੈ। ਪਹਿਲਾਂ ਤਾਂ ਸਾਨੂੰ ਲੱਗਿਆ ਕਿ ਇਹ ਰਕਮ ਕੁਝ ਜ਼ਿਆਦਾ ਹੈ ਪਰ ਜਦੋਂ ਪੱਥਰਾਂ, ਰੋੜਿਆਂ, ਪਾਣੀ ਅਤੇ ਖੱਡਿਆਂ ਵਾਲੇ ਰਸਤੇ (ਜਿਸ ਵਿੱਚ ਸੜਕ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ) ਅੱਗੇ ਅੱਗੇ ਵਧਦੇ ਗਏ ਤਾਂ ਇਹ ਰੇਟ ਕੁਝ ਖ਼ਾਸ ਨਹੀਂ ਲੱਗਿਆ। ਕਦੇ ਕਦੇ ਤਾਂ ਖੇਤ ਵਿੱਚ ਪੂਰੀ ਸਪੀਡ ’ਤੇ ਭੱਜਦੇ ਹੋਏ ਊਠ ਦੀ ਸਵਾਰੀ ਦਾ ਭੁਲੇਖਾ ਵੀ ਪੈਂਦਾ ਸੀ। ਚਾਰ ਚੁਫ਼ੇਰਾ ਧੁੰਦ ਅਤੇ ਬੱਦਲਾਂ ਨਾਲ ਘਿਰਿਆ ਹੋਇਆ ਸੀ। ਜਿਉਂ ਹੀ ਚੋਟੀ ’ਤੇ ਪਹੁੰਚੇ ਤਾਂ ਜ਼ੋਰਦਾਰ ਬਾਰਿਸ਼ ਆਈ ਅਤੇ ਕਿੰਨਾ ਹੀ ਸਮਾਂ ਤੇਜ਼ ਹਵਾ ਚਲਦੀ ਤੇ ਰਿਮਝਿਮ ਹੁੰਦੀ ਰਹੀ। ਇੱਥੇ ਅਸੀਂ ਦੋ ਘੰਟੇ ਕੁਦਰਤ ਦੇ ਇਸ ਰੰਗ ਨੂੰ ਬੜੀ ਨੇੜੇ ਤੋਂ ਮਾਣਿਆ।

ਵਾਪਸ ਆ ਕੇ ਅਸੀਂ ਐਬੇ ਫਾਲ ’ਤੇ ਗਏ। ਇਹ ਦ੍ਰਿਸ਼ ਇੱਕ ਸੋਹਣੇ ਝਰਨੇ ਦਾ ਹੈ ਪਰ ਅਫ਼ਸੋਸ ਇਸ ਝਰਨੇ ਨੂੰ ਥੋੜ੍ਹੀ ਦੂਰ ਤੋਂ ਹੀ ਦੇਖਣਾ ਪੈਂਦਾ ਹੈ। ਥੋੜ੍ਹੀ ਦੂਰ ’ਤੇ ਹੀ ਅਸੀਂ ਚਾਹ, ਕੌਫ਼ੀ ਅਤੇ ਚੰਦਨ ਦੇ ਬਾਗ਼ ਵਿੱਚ ਗਏ। ਉੱਥੇ ਗਾਈਡ ਨੇ ਸਾਨੂੰ ਕਾਫ਼ੀ ਜਾਣਕਾਰੀ ਦਿੱਤੀ ਅਤੇ ਇੱਕ ਫੈਕਟਰੀ ਵਿੱਚ ਲੈ ਗਿਆ। ਜਿੱਥੇ ਕੌਫ਼ੀ, ਚਾਹ, ਇਲਾਇਚੀ, ਨਾਰੀਅਲ ਆਦਿ ਸੈਂਕੜੇ ਵਸਤੂਆਂ ਵੇਚੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅਸੀਂ ਸ਼ਹਿਰ ਦੇ ਨੇੜੇ ਸਰਕਾਰੀ ਮਿਊਜ਼ੀਅਮ ਵਿੱਚ ਗਏ, ਜਿੱਥੇ ਬਹੁਤ ਪੁਰਾਣੇ ਸਮੇਂ ਦੀਆਂ ਮੂਰਤੀਆਂ, ਪੱਥਰ, ਵਰਤੋਂ ’ਚ ਆਏ ਵੱਟਿਆਂ ਅਤੇ ਹਥਿਆਰਾਂ ਆਦਿ ਨੂੰ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਹੈ। ਇੱਥੇ ਜ਼ਿਆਦਾਤਰ ਮੂਰਤੀਆਂ ਮਹਾਤਮਾ ਬੁੱਧ ਅਤੇ ਉਸ ਦੇ ਤੀਰਥੰਕਰਾਂ ਦੀਆਂ ਹਨ।

ਅਗਲੇ ਦਿਨ ਅਸੀਂ ਐਲੀਫੈਂਟ ਕੈਂਪ, ਡੁਬਾਰੇ ਗਏ। ਇਸ ਦੌਰਾਨ ਪਹਿਲਾਂ ਕਿਸ਼ਤੀ ਰਾਹੀਂ ਕਾਵੇਰੀ ਨਦੀ ਨੂੰ ਪਾਰ ਕੀਤਾ ਅਤੇ ਦੂਜੇ ਪਾਰ ਜਾ ਕੇ ਬਹੁਤ ਸਾਰੇ ਹਾਥੀ ਦੇਖੇ। ਕੁਝ ਕੁ ਹਾਥੀ ਕੰਮ ਕਰ ਰਹੇ ਸਨ, ਕੁਝ ਕੁ ਨੂੰ ਖਾਣਾ ਦਿੱਤਾ ਜਾ ਰਿਹਾ ਸੀ ਅਤੇ ਕੁਝ ਕੁ ਨੂੰ ਨੁਹਾਇਆ ਜਾ ਰਿਹਾ ਸੀ। ਜਿਹੜੇ ਜੰਗਲ ਵਿੱਚੋਂ ਹੁਣ ਫੜੇ ਸਨ, ਉਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਅਤੇ ਲੱਕੜ ਦੇ ਵੱਡੇ ਪਿੰਜਰਿਆਂ ਵਿੱਚ ਤਾੜ ਕੇ ਸਿਖਲਾਈ ਦੇਣ ਦਾ ਯਤਨ ਕੀਤਾ ਜਾ ਰਿਹਾ ਸੀ। ਕੁਝ ਸਮੇਂ ਬਾਅਦ ਅਸੀਂ ਤਾਮਿਲਨਾਡੂ ਲਈ ਰਵਾਨਾ ਹੋ ਗਏ। ਜਿਉਂ ਹੀ ਤਮਿਲਨਾਡੂ ਵਿੱਚ ਪ੍ਰਵੇਸ਼ ਕੀਤਾ, ਮਧੂਮਲਾਇ ਦੇ ਵਿਸ਼ਾਲ ਜੰਗਲ ਸ਼ੁਰੂ ਹੋ ਗਏ, ਜਿਸ ਨੂੰ ਵੀਰੱਪਨ ਜੰਗਲ ਵੀ ਕਿਹਾ ਜਾਂਦਾ ਹੈ। ਇਹ ਜੰਗਲ ਕਰਨਾਟਕ, ਕੇਰਲਾ ਤੇ ਤਾਮਿਲਨਾਡੂ ਵਿੱਚ ਫੈਲਿਆ ਹੋਇਆ ਹੈ। ਰਸਤੇ ਵਿੱਚ ਸਾਨੂੰ ਹਿਰਨਾਂ ਦੀਆਂ ਡਾਰਾਂ, ਪੈਲਾਂ ਪਾਉਂਦੇ ਮੋਰ ਅਤੇ ਹੋਰ ਬਹੁਤ ਕਿਸਮ ਦੇ ਪੰਛੀ ਮਿਲੇ। ਸਾਹਮਣੇ ਨੀਲਗਿਰੀ ਦੀਆਂ ਪਹਾੜੀਆਂ ਦਿਸ ਰਹੀਆਂ ਸਨ। ਰਸਤੇ ਵਿੱਚ ਅਸੀਂ 2500 ਰੁਪਏ ਪ੍ਰਤੀ ਜੀਪ ਲੈ ਕੇ ਜੰਗਲ ਸਫਾਰੀ ਕੀਤੀ। ਇੱਥੇ ਬਹੁਤ ਹੀ ਅਲੱਗ ਕਿਸਮ ਦੀ ਬਨਸਪਤੀ ਦੇਖੀ ਅਤੇ ਜਾਨਵਰ ਸ਼ੇਰ, ਹਾਥੀ, ਹਿਰਨ, ਮੋਰ ਆਦਿ ਦੇਖੇ। ਜਿਉਂ ਹੀ ਤਮਿਲਨਾਡੂ ਵਿੱਚ ਦਾਖਲ ਹੋਏ ਤਾਂ ਪਤਾ ਲੱਗਿਆ ਕਿ ਇੱਥੇ ਪੋਲੀਥੀਨ ਤੇ ਪਲਾਸਟਿਕ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇੱਥੇ ਇੱਕ ਅਤੇ ਦੋ ਲਿਟਰ ਦੀਆਂ ਪਾਣੀ ਦੀਆਂ ਬੋਤਲਾਂ ਵੀ ਨਹੀਂ ਮਿਲਦੀਆਂ ਸਗੋਂ 5 ਲਿਟਰ ਦੀ ਕੇਨੀ ਹੀ ਲੈਣੀ ਪੈਂਦੀ ਹੈ। ਸਫ਼ਾਈ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ। ਰਾਤ ਨੂੰ ਅੱਠ ਕੁ ਵਜੇ ਤੱਕ ਅਸੀਂ ਊਟੀ ਪਹੁੰਚ ਗਏ। ਹਲਕੀ ਹਲਕੀ ਬੂੰਦਾਂਬਾਂਦੀ ਹੋ ਰਹੀ ਸੀ ਅਤੇ ਜਾਮ ਵੀ ਲੱਗੇ ਹੋਏ ਸਨ।

ਅਗਲੇ ਦਿਨ ਊਟੀ ਦੇ ਨਾਮ ਸਨ। ਊਟੀ ਦਾ ਦੂਸਰਾ ਨਾਮ ਉੜਗਮੰਡਲਮ ਹੈ ਅਤੇ ਇਸ ਨੂੰ ‘ਨੀਲਗਿਰੀ ਪਹਾੜੀਆਂ ਦੀ ਰਾਣੀ’ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਸਭ ਤੋਂ ਵਧੀਆ ਰੈਸਤਰਾਂ ਅਨੰਦ ਵਿਹਾਰ ਵਿੱਚ ਨਾਸ਼ਤਾ ਦੱਖਣੀ ਭਾਰਤ ਦੇ ਵਿਸ਼ੇਸ਼ ਖਾਣਿਆਂ ਨਾਲ ਕੀਤਾ। ਇੱਥੋਂ ਛੇ ਕਿਲੋਮੀਟਰ ਦੀ ਉਚਾਈ ’ਤੇ ਡੋਡਾਬੇਟਾ ਸਥਾਨ ’ਤੇ ਪਹੁੰਚੇ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 2637 ਮੀਟਰ ਹੈ। ਇੱਥੋਂ ਚਾਰੇ ਪਾਸੇ ਦਾ ਦ੍ਰਿਸ਼ ਬਹੁਤ ਸੋਹਣਾ ਹੈ। ਜਦੋਂ ਅਸੀਂ ਪਹੁੰਚੇ ਤਾਂ ਇੱਥੋਂ ਸਾਰਾ ਦ੍ਰਿਸ਼ ਅਤੇ ਊਟੀ ਬਹੁਤ ਹੀ ਸੋਹਣੇ ਦਿਖ ਰਹੇ ਸਨ ਪਰ ਕੁਝ ਸਮੇਂ ਬਾਅਦ ਚਾਰ ਚੁਫ਼ੇਰੇ ਨੂੰ ਬੱਦਲਾਂ ਨੇ ਢਕ ਲਿਆ। ਦੇਖਦੇ ਹੀ ਦੇਖਦੇ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ ਪਰ 10 ਕੁ ਮਿੰਟਾਂ ਤੱਕ ਫਿਰ ਸਭ ਕੁਝ ਪਹਿਲਾਂ ਵਰਗਾ ਹੋ ਗਿਆ। ਥੋੜ੍ਹੇ ਸਮੇਂ ਬਾਅਦ ਅਸੀਂ ਚਾਹ ਅਤੇ ਕੌਫ਼ੀ ਦੀ ਫੈਕਟਰੀ ’ਚ ਆਏ। ਇੱਥੇ ਪੱਤੀਆਂ ਤੋਂ ਚਾਹ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਦੇਖਿਆ। ਇੱਥੋਂ ਥੋੜ੍ਹੀ ਦੂਰ ਸਥਿਤ ਸਰਕਾਰੀ ਬੋਟੈਨੀਕਲ ਗਾਰਡਨ ਗਏ। ਅੰਦਰਲਾ ਦ੍ਰਿਸ਼ ਦੇਖ ਕੇ ਮਨ ਗਦਗਦ ਹੋ ਉੱਠਿਆ। ਇੱਥੇ ਹਜ਼ਾਰਾਂ ਕਿਸਮ ਦੇ ਫੁੱਲ ਅਤੇ ਸੈਂਕੜੇ ਕਿਸਮ ਦੇ ਦਰੱਖਤ ਸਨ। ਬਹੁਤ ਹੀ ਅਜੀਬ ਕਿਸਮ ਦੇ ਪੌਦੇ ਅਤੇ ਦੁਰਲੱਭ ਦਰੱਖਤ ਦੇਖਦੇ ਹੋਏ ਕੁਦਰਤ ਨਾਲ ਇਕਸੁਰਤਾ ਕਾਇਮ ਕੀਤੀ। ਸ਼ਾਮ ਨੂੰ 4 ਕੁ ਵਜੇ ਆ ਕੇ ਵੋਟਿੰਗ ਦਾ ਆਨੰਦ ਲਿਆ। ਪੂਰਾ ਦਿਨ ਮੌਸਮ ਇੰਨਾ ਵਧੀਆ ਰਿਹਾ ਕਿ ਪਤਾ ਹੀ ਨਹੀਂ ਚੱਲਿਆ, ਕਦੋਂ ਸ਼ਾਮ ਹੋ ਗਈ। ਇੱਥੋਂ ਵਾਪਸ ਆ ਕੇ ਊਟੀ ਦੇ ਸੁਹਾਵਣੇ ਮੌਸਮ ਅਤੇ ਜਗਮਗ ਕਰਦੀ ਰੌਸ਼ਨੀ ’ਚ ਡੁੱਬੇ ਹੋਏ ਬਾਜ਼ਾਰ ਵਿੱਚ ਘੁੰਮਦੇ ਰਹੇ।

ਊਟੀ ਵਿੱਚ ਇੱਕ ਹੋਰ ਐਡਵੈਂਚਰ ਹੈ ਊਟੀ ਟੁਆਏ ਟਰੇਨ। ਇਹ ਊਟੀ ਅਤੇ ਕੁਨੂਰ ਦੇ ਵਿਚਕਾਰ ਚਲਦੀ ਹੈ। ਇਸ ਦੀ ਦੂਰੀ ਸਿਰਫ਼ 19 ਕਿਲੋਮੀਟਰ ਹੈ ਪਰ ਇਸ ਘੰਟੇ ਦੇ ਸਫ਼ਰ ਦਾ ਆਨੰਦ ਕੁਝ ਵੱਖਰਾ ਹੀ ਹੈ। ਇਹ ਕਾਲਕਾ ਤੋਂ ਸ਼ਿਮਲਾ ਚੱਲਣ ਵਾਲੀ ਗੱਡੀ ਦੀ ਯਾਦ ਦਿਵਾਉਂਦੀ ਹੈ। ਉਸੇ ਤਰ੍ਹਾਂ ਹੀ ਜੰਗਲ, ਬੇਲਿਆਂ, ਪਹਾੜਾਂ ਤੇ ਝਰਨਿਆਂ ਵਿਚਦੀ ਸੱਪ ਵਾਂਗ ਮੇਲਦੀ ਜਾਂਦੀ ਹੈ। ਸ਼ਾਹਰੁਖ ਖਾਨ ਦੇ ਗੀਤ ‘ਛਈਆਂ ਛਈਆਂ’ ਦੀ ਸ਼ੂਟਿੰਗ ਇਸੇ ਟਰੇਨ ’ਤੇ ਹੋਈ ਸੀ। ਇਸ ਤੋਂ ਇਲਾਵਾ ਅਸੀਂ ਚਾਹ ਦੇ ਖੇਤਾਂ ਵਿੱਚ ਗਏ, ਜਿਨ੍ਹਾਂ ਬਾਰੇ ਅਕਸਰ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ। ਚਾਹ ਦੇ ਪੌਦੇ ਅਤੇ ਪੱਤੀਆਂ ਨੂੰ ਤੋੜਦੇ ਹੋਏ ਕਿਸਾਨਾਂ ਨੂੰ ਬਹੁਤ ਨੇੜੇ ਤੋਂ ਦੇਖਿਆ। ਇੱਥੇ ਚਾਹ ਦੀ ਖੇਤੀ ਦੇ ਨਾਲ ਨਾਲ ਬਹੁਤ ਸਾਰੀਆਂ ਫੈਕਟਰੀਆਂ ਹਨ, ਜਿੱਥੇ ਚਾਹ, ਕੌਫ਼ੀ ਤੇ ਚਾਕਲੇਟ ਤਿਆਰ ਕੀਤਾ ਜਾਂਦਾ ਹੈ ਜਿਸ ਨੇ ਵਪਾਰਕ ਖੇਤਰ ਵਿੱਚ ਦੱਖਣੀ ਭਾਰਤ ਦੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਕੁਨੂਰ ਦੀ ਇੱਕ ਖ਼ਾਸ ਥਾਂ ਡਾਲਫਿਨ ਨੋਜ਼ ’ਤੇ ਗਏ। ਇਹ ਨੱਕ ਵਾਂਗੂੰ ਅੱਗੇ ਨੂੰ ਵਧੀ ਹੋਈ ਪਹਾੜੀ ਹੈ। ਇੱਥੇ ਇੰਝ ਲੱਗਦਾ ਹੈ ਕਿ ਕਿੰਨਾ ਹੀ ਟਾਈਮ ਬੈਠੇ ਅਤੇ ਕੁਦਰਤ ਨੂੰ ਨਿਹਾਰਦੇ ਰਹੀਏ। ਚਾਰੇ ਪਾਸੇ ਬੱਦਲ, ਧੁੰਦ, ਸਾਹਮਣੇ ਡੂੰਘੀ ਖਾਈ ਵਿੱਚ ਚਲਦੀ ਨਦੀ, ਦੂਰ ਪਹਾੜੀਆਂ ਤੇ ਵਸੇ ਪਿੰਡ-ਕਸਬੇ, ਹਲਕੀ-ਹਲਕੀ ਕਿਣਮਿਣ ਅਤੇ ਠੰਢੀ ਹਵਾ ਮਨ ਵਿੱਚ ਆਨੰਦ ਦੀਆਂ ਤਰੰਗਾਂ ਛੇੜਦੀ ਹੈ। ਸਾਡੇ ਚਾਰੇ ਪਾਸੇ ਨੀਲਗਿਰੀ ਦੀਆਂ ਪਹਾੜੀਆਂ ਅਤੇ ਦਰੱਖਤ ਸਨ ਜਿੱਥੋਂ ਬਹੁਤ ਕਿਸਮ ਦੀਆਂ ਜੜੀਆਂ ਬੂਟੀਆਂ, ਦਵਾਈਆਂ, ਫਰਨੀਚਰ, ਤੇਲ ਆਦਿ ਮਿਲਦਾ ਹੈ। ਰਸਤੇ ਵਿੱਚ ਖ਼ੁਸ਼ੀ ਮਨਾਉਂਦੇ ਤੇ ਗੀਤ ਗਾਉਂਦੇ ਹੋਏ ਵਾਪਸ ਊਟੀ ਆ ਗਏ। ਊਟੀ ਦੀ ਬੂੰਦਾਬਾਂਦੀ ਅਤੇ ਮਨਮੋਹਕ ਰੋਸ਼ਨੀਆਂ ਵਿੱਚ ਟੂਰ ਦੀ ਆਖ਼ਰੀ ਸ਼ਾਮ ਨੂੰ ਜੀਅ ਭਰ ਕੇ ਮਾਣਿਆ। ਮੌਸਮ ਨੇ ਸਭ ਨੂੰ ਦੀਵਾਨਾ ਬਣਾ ਕੇ ਰੱਖਿਆ ਕਿਉਂਕਿ ਜਿੰਨੇ ਦਿਨ ਜੂਨ ਮਹੀਨੇ ਦੇ ਅਸੀਂ ਇੱਥੇ ਰਹੇ ਤਾਪਮਾਨ 14-15 ਡਿਗਰੀ ਹੀ ਰਿਹਾ।

ਇੱਥੇ ਅਸੀਂ ਦੱਖਣੀ ਭਾਰਤ ਦੇ ਸਾਰੇ ਖਾਣੇ ਇਡਲੀ ਵੜਾ, ਸਾਂਬਰ, ਪੁਲਾਓ, ਬਿਰਿਆਨੀ, ਡੋਸਾ ਅਤੇ ਖਾਸ ਕਰਕੇ ਪੂਰੀ-ਸਾਗੋ ਖਾਂਦੇ ਰਹੇ। ਹਰ ਰੋਜ਼ ਸਾਡੇ ’ਚੋਂ ਹਰੇਕ ਜਾਣਾ 5-7 ਪੂਰੀਆਂ ਖਾ ਜਾਂਦਾ ਜੋ ਇੱਕ ਘੰਟੇ ’ਚ ਹਜ਼ਮ ਹੋ ਜਾਂਦੀਆਂ। ਇੰਨਾ ਸ਼ੁੱਧ ਖਾਣਾ ਕਿ ਜਿੰਨਾ ਮਰਜ਼ੀ ਖਾਈ ਜਾਓ, ਕੋਈ ਪਤਾ ਨਹੀਂ ਲੱਗਦਾ। ਇਸ ਤੋਂ ਇਲਾਵਾ ਫਲ ਜਿਵੇਂ ਨਾਰੀਅਲ, ਪਾਮੀਰਾ, ਕਟਹਲ, ਅਨਾਨਾਸ, ਕੇਲੇ ਬਹੁਤ ਹੀ ਜ਼ਿਆਦਾ ਸਵਾਦ ਤੇ ਰਸੀਲੇ ਹਨ। ਇੱਕ ਹੋਰ ਖ਼ਾਸ ਗੱਲ ਕਿ ਅਸੀਂ 9 ਦਿਨ ਦੋ ਰਾਜਾਂ ਵਿੱਚ ਘੁੰਮੇ ਤੇ ਸਾਨੂੰ ਕੋਈ ਖ਼ਾਸ ਹਸਪਤਾਲ ਜਾਂ ਇੱਕ-ਦੁੱਕਾ ਦਵਾਈ ਦੀਆਂ ਦੁਕਾਨਾਂ ਨੂੰ ਛੱਡ ਕੇ ਦੇਖਣ ਨੂੰ ਨਹੀਂ ਮਿਲਿਆ। ਜਿੱਥੇ ਪੰਜਾਬ ਵਿੱਚ ਹਵਾ ਸ਼ੁੱਧਤਾ ਅੰਕ 150 ਤੋਂ 200 ਹੁੰਦਾ ਹੈ ਉੱਥੇ ਊਟੀ ਦਾ ਸਿਰਫ਼ 19 ਹੀ ਹੈ। ਇੱਥੇ ਕੋਈ ਪ੍ਰਦੂਸ਼ਣ ਨਹੀਂ। ਸਭ ਤੋਂ ਵੱਡੀ ਵਿਸ਼ੇਸ਼ਤਾ ਲੋਕ ਇਮਾਨਦਾਰ, ਸ਼ਾਂਤ ਸੁਭਾਅ ਅਤੇ ਹੌਲੀ ਬੋਲਣ ਵਾਲੇ ਹਨ। ਸਾਨੂੰ ਚੈੱਕ ਪੋਸਟ ਤੋਂ ਬਿਨਾਂ ਕਿਤੇ ਵੀ ਪੁਲੀਸ ਮੁਲਾਜ਼ਮ ਨਹੀਂ ਮਿਲੇ। ਫਿਰ ਵੀ ਸਾਰਾ ਸਿਸਟਮ ਵਧੀਆ ਚੱਲ ਰਿਹਾ ਹੈ। ਲੋਕ ਸਿਹਤਮੰਦ ਹਨ। ਇਸ ਦਾ ਇੱਕੋ-ਇੱਕ ਕਾਰਨ ਸ਼ੁੱਧ ਖਾਣਾ ਤੇ ਸਾਫ਼ ਵਾਤਾਵਰਨ ਹੈ ਅਤੇ ਇਸੇ ਦੀ ਹੀ ਪੰਜਾਬ ਵਿੱਚ ਕਮੀ ਹੈ। ਕਰਨਾਟਕ ਦੀ ਭਾਸ਼ਾ ਕੰਨੜ ਅਤੇ ਤਮਿਲਨਾਡੂ ਦੀ ਭਾਸ਼ਾ ਤਮਿਲ ਹੈ। ਇੱਥੋਂ ਦੇ ਆਮ ਨਾਗਰਿਕ ਆਪਣੀ ਮਾਤ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ। ਪੜ੍ਹੇ ਲਿਖੇ ਲੋਕ ਮਾਤ ਭਾਸ਼ਾ ਦੇ ਨਾਲ ਨਾਲ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵੀ ਵਰਤਦੇ ਹਨ। ਤਾਮਿਲਨਾਡੂ ਵਿੱਚ ਪਲਾਸਟਿਕ ਅਤੇ ਪੋਲੀਥੀਨ ’ਤੇ ਪਾਬੰਦੀ ਦੇ ਨਾਲ ਨਾਲ ਵੱਡੇ ਜੁਰਮਾਨੇ ਵੀ ਹਨ। ਜਦੋਂ ਅਸੀਂ ਤਾਮਿਲਨਾਡੂ ਤੋਂ ਕਰਨਾਟਕ ਬਾਰਡਰ ’ਤੇ ਆ ਰਹੇ ਸੀ ਤਾਂ ਸਾਡੀ ਗੱਡੀ ਦੀ ਚੈਕਿੰਗ ਦੌਰਾਨ ਸਿਰਫ਼ ਦੋ ਪਲਾਸਟਿਕ ਦੇ ਡਿਸਪੋਜਲ ਗਲਾਸ ਮਿਲੇ, ਜਿਸ ਕਰਕੇ ਸਾਡਾ ਔਨਲਾਈਨ 200 ਰੁਪਏ ਚਲਾਨ ਵੀ ਕੱਟਿਆ ਗਿਆ। ਇਨ੍ਹਾਂ ਇਲਾਕਿਆਂ ਦੀ ਮਿੱਟੀ ਪਠਾਰੀ ਅਤੇ ਕਾਲੀ ਹੈ। ਇੱਥੇ ਮੁੱਖ ਤੌਰ ’ਤੇ ਨਾਰੀਅਲ, ਕੇਲਾ, ਝੋਨਾ ਅਤੇ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਹੈ।

ਅਗਲੀ ਸਵੇਰ ਊਟੀ ਤੋਂ ਸਵੇਰੇ 7 ਵਜੇ ਹੀ ਚੱਲ ਪਏ। ਇੱਥੋਂ ਬੰਗਲੁਰੂ ਦਾ ਸੱਤ-ਅੱਠ ਘੰਟੇ ਦਾ ਸਫ਼ਰ ਹੈ। ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਸੀ। ਰਸਤੇ ਵਿੱਚ ਊਟੀ ਦਾ ਫਿਲਮ ਸ਼ੂਟਿੰਗ ਪੁਆਇੰਟ ਦੇਖਦੇ ਹੋਏ ਸ਼ਾਮ ਤੱਕ ਬੰਗਲੁਰੂ ਏਅਰਪੋਰਟ ’ਤੇ ਪਹੁੰਚ ਗਏ। 2600 ਕਿਲੋਮੀਟਰ ਦਾ ਸਫ਼ਰ ਸਿਰਫ਼ 2 ਘੰਟੇ 30 ਮਿੰਟਾਂ ਵਿੱਚ ਤੈਅ ਕਰਕੇ ਚੰਡੀਗੜ੍ਹ ਪਹੁੰਚ ਗਏ। ਊਟੀ ਜਾਣ ਤੋਂ ਪਹਿਲਾਂ ਲੱਗਦਾ ਸੀ ਕਿ ਦੱਖਣ ਵੱਲ ਪਤਾ ਨਹੀਂ ਕਿਹੋ ਜਿਹਾ ਤਜਰਬਾ ਹੋਵੇਗਾ ਪਰ ਹੁਣ ਤੱਕ ਦੇ ਸਾਰੇ ਟੂਰਾਂ ਵਿੱਚੋਂ ਇਹ ਸਭ ਤੋਂ ਵਧੀਆ ਰਿਹਾ। ਇਸ ਦੇ ਨਾਲ ਹੀ ਪੂਰੇ ਟੂਰ ਦੌਰਾਨ ਸਾਡਾ ਡਰਾਈਵਰ ਨਵੀਨ ਬਹੁਤ ਵਧੀਆ ਇਨਸਾਨ ਹੈ, ਜੋ ਪੂਰੇ ਟੂਰ ਦੌਰਾਨ ਵਧੀਆ ਡਰਾਈਵਰ ਹੋਣ ਦੇ ਨਾਲ ਨਾਲ ਇੱਕ ਗਾਈਡ ਅਤੇ ਦੋਸਤ ਵਾਂਗ ਰਿਹਾ।ਇਸ ਤਰ੍ਹਾਂ ਮੇਰੀ ਮਿੱਤਰਾਂ ਸੰਗ ਊਟੀ ਦੀ ਇਹ ਯਾਤਰਾ ਬਹੁਤ ਹੀ ਮਜ਼ੇਦਾਰ, ਸਿਹਤਵਰਧਕ, ਜਾਣਕਾਰੀ ਭਰਪੂਰ ਖੁਸ਼ਨੁਮਾ ਸਦੀਵੀ ਯਾਦ ਬਣ ਗਈ।

ਸੰਪਰਕ: 81466-61077

Advertisement
×