DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਧਰਤੀ ਪੰਜ ਬਟਵਾਰੇ

ਜਦੋਂ ਨਹਿਰੂ ਤੇ ਡਾਇਰ ਇੱਕੋ ਡੱਬੇ ਵਿੱਚ ਚਡ਼੍ਹੇ... ‘‘...ਆਪਣੀ ਜ਼ਿੰਦਗੀ ਦੇ ਕਈ ਮੁੱਢਲੇ ਵਰ੍ਹਿਆਂ ਦੌਰਾਨ ਜਵਾਹਰਲਾਲ ਨਹਿਰੂ ਇਨਕਲਾਬੀ ਨਹੀਂ, ਬੁਲਬੁਲੇਦਾਰ (ਫ਼ਰਜ਼ੀ) ਸਮਾਜਵਾਦੀ ਰਿਹਾ। ਪਰ 1919 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਦੀ ਫੇਰੀ ਨੇ ਉਸ ਦੀ ਜ਼ਿੰਦਗੀ ਦਾ ਨਜ਼ਰੀਆ ਬਦਲ ਦਿੱਤਾ। ਉਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋਇਆ ਸੀ ਕਿ ਉਸੇ ਡੱਬੇ ਵਿੱਚ ਬ੍ਰਿਟਿਸ਼ ਜਨਰਲ ਰੇਗੀਨਾਲਡ ਡਾਇਰ ਵੀ ਆ ਚਡ਼੍ਹਿਆ। ਦੋਵਾਂ ਦੇ ਬੰਕ ਬਹੁਤੇ ਫ਼ਾਸਲੇ ’ਤੇ ਨਹੀਂ ਸਨ। ਜਲ੍ਹਿਆਂਵਾਲਾ ਬਾਗ਼ ਕਤਲੇਆਮ ਅਜੇ ਕੁਝ ਦਿਨ ਪਹਿਲਾਂ ਵਾਪਰਿਆ ਸੀ। ਨਹਿਰੂ ਨੇ ਡਾਇਰ ਨੂੰ ਆਪਣੇ ਸਾਥੀਆਂ ਅੱਗੇ ਇਹ ਟਾਹਰ ਮਾਰਦਿਆਂ ਸੁਣਿਆ ਕਿ ‘ਉਸ ਦਾ ਇਰਾਦਾ ਤਾਂ ਅੰਮ੍ਰਿਤਸਰ ਵਰਗੇ ਵਿਦਰੋਹੀ ਸ਼ਹਿਰ ਨੂੰ ਰਾਖ਼ ਵਿੱਚ ਬਦਲਣ ਦਾ ਸੀ, ਪਰ ਫਿਰ ਉਸ ਨੂੰ ਤਰਸ ਆ ਗਿਆ ਅਤੇ ਉਸ ਨੇ ਆਪਣੀ ਯੋਜਨਾ ਨੂੰ ਅਮਲੀ ਰੂਪ ਨਹੀਂ ਦਿੱਤਾ।’ ਬਾਅਦ ਵਿੱਚ ਜਦੋਂ ਡਾਇਰ ਗਹਿਰੀਆਂ ਗੁਲਾਬੀ-ਰੰਗੀ ਫਾਟਾਂ ਵਾਲੇ ਪਜਾਮੇ ਤੇ ਡਰੈਸਿੰਗ ਗਾਊਨ ਵਿੱਚ ਦਿੱਲੀ ਰੇਲਵੇ ਸਟੇਸ਼ਨ ’ਤੇ ਉਤਰਿਆ ਤਾਂ ਨਹਿਰੂ ਨੂੰ ਉਸ ਦਾ ਪਹਿਰਾਵਾ ਹੋਰ ਵੀ ਘਿਨਾਉਣਾ ਕਾਰਾ ਜਾਪਿਆ। ਰੇਗੀਨਾਲਡ ਡਾਇਰ ਪੰਜਾਬ ਦਾ ਜੰਮਪਲ ਸੀ, ਉਹ ਮੱਰੀ (ਉਦੋਂ ਜ਼ਿਲ੍ਹਾ, ਪਰ ਹੁਣ ਡਿਵੀਜ਼ਨ ਰਾਵਲਪਿੰਡੀ ਵਿੱਚ ਜਨਮਿਆ ਅਤੇ ਉੱਥੋਂ ਦੇ ਲਾਰੈਂਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ) ਪਰ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀਆਂ ਜਾਨਾਂ ਨੂੰ ਤੁੱਛ ਸਮਝਣ ਦੀ ਉਸ ਦੀ ਬਿਰਤੀ ਨੇ ਨਹਿਰੂ ਦੀ ਜ਼ਮੀਰ ਨੂੰ ਇਸ ਹੱਦ ਤਕ ਟੁੰਬਿਆ ਕਿ ਉਹ ਮਹਾਤਮਾ ਗਾਂਧੀ ਵੱਲੋਂ ਆਰੰਭੇ ਸਤਿਆਗ੍ਰਹਿ ਵਿੱਚ ਤੁਰੰਤ ਜਾ ਸ਼ਾਮਿਲ ਹੋਏ; ਉਹ ਵੀ ਮਹਾਤਮਾ ਦੀ ਸੋਚ ਤੇ ਪਹੁੰਚ ਨਾਲ ਡੂੰਘੇ ਮਤਭੇਦਾਂ ਦੇ ਬਾਵਜੂਦ।’’...

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਅਜੇ ਵੀ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਦਾਦਾ ਜਾਂ ਨਾਨਾ ਬਰਮਾ ਤੋਂ ਸ਼ਰਨਾਰਥੀਆਂ ਵਜੋਂ ਭਾਰਤ ਆਏ। ਇਹ ਉਜਾੜਾ ਦੋ ਵਾਰ ਹੋਇਆ। ਪਹਿਲੀ ਵਾਰ 1937 ਵਿੱਚ ਅਤੇ ਦੂਜੀ ਵਾਰ 1942 ਵਿੱਚ। 1937 ਵਿੱਚ ਭਾਰਤੀਆਂ ਖ਼ਿਲਾਫ਼ ਦੰਗਿਆਂ ਕਾਰਨ ਅਤੇ 1942 ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਬਰਮਾ ਉੱਪਰ ਜਾਪਾਨੀ ਹਮਲੇ ਕਾਰਨ। ਜਿੰਨੇ ਵੀ ਭਾਰਤੀ ਉੱਥੋਂ ਆਏ, ਲੁੱਟ-ਲੁਟਾਅ ਕੇ ਆਏ। ਕਈਆਂ ਦੇ ਪਰਿਵਾਰਕ ਜੀਅ ਬਾਮਾਰ ਲੋਕਾਂ (ਬਰਮੀ ਮੂਲ ਵਾਸੀਆਂ) ਵੱਲੋਂ ਕੀਤੀ ਗਈ ਮਾਰ-ਕਾਟ, ਅੱਗਜ਼ਨੀ ਤੇ ਹੋਰ ਹਿੰਸਕ ਘਟਨਾਵਾਂ ਵਿੱਚ ਮਾਰੇ ਗਏ। 1942-43 ਵਿੱਚ ਜਾਪਾਨੀ ਫ਼ੌਜ ਦੇ ਬਰਮਾ ਉੱਤੇ ਹਮਲੇ ਨੇ ਭਾਰਤੀ ਵਸੋਂ ਦੇ ਵਿਰੋਧੀਆਂ ਨੂੰ ਮੁੜ ਕਤਲੋ-ਗ਼ਾਰਤ ਦਾ ਮੌਕਾ ਦੇ ਦਿੱਤਾ। ਇਨ੍ਹਾਂ ਫਸਾਦਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਕੋਈ ਅਸਲ ਰਿਕਾਰਡ ਮੌਜੂਦ ਨਹੀਂ। ਨਾ ਹੀ ਬ੍ਰਿਟਿਸ਼ ਸਾਮਰਾਜ ਨੇ ਅਜਿਹਾ ਕੋਈ ਰਿਕਾਰਡ ਇਕੱਠਾ ਕਰਨ ਦੀ ਖੇਚਲ ਕੀਤੀ। ਕੋਲਕਾਤਾ ਵਿੱਚ ਕੁਝ ਵਿਦਵਾਨਾਂ ਨੇ 17 ਹਜ਼ਾਰ ਮੌਤਾਂ ਦਾ ਅਨੁਮਾਨ ਲਾਇਆ ਹੈ। ਮ੍ਰਿਤਕਾਂ ਵਿੱਚ ਚੇੱਟੀਆਰ ਤਾਮਿਲ, ਬੰਗਾਲੀ, ਪੰਜਾਬੀ ਤੇ ਮਾਰਵਾੜੀ ਮੁੱਖ ਤੌਰ ’ਤੇ ਸ਼ਾਮਿਲ ਸਨ। ਪੰਜਾਬੀਆਂ ਵਿੱਚੋਂ ਬਹੁਤੇ ਸਿੱਖ ਸਨ, ਜੋ ਪੁਲੀਸ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਸਨ। ਇਨ੍ਹਾਂ ਸਿੱਖਾਂ ਵਿੱਚ ਨਾਮਧਾਰੀ ਵੀ ਸ਼ਾਮਿਲ ਸਨ, ਜੋ ਜਾਂ ਤਾਂ ਨਾਮਧਾਰੀ ਸੰਪਰਦਾ ਦੇ ਮੁਖੀ ਬਾਬਾ ਰਾਮ ਸਿੰਘ ਦੀ ਮਾਂਡਲੇ ਵਿੱਚ ਜਲਾਵਤਨੀ ਦੇ ਦਿਨਾਂ ਦੌਰਾਨ ਉੱਥੇ ਗਏ ਸਨ ਅਤੇ ਜਾਂ ਫਿਰ ਉਨ੍ਹਾਂ ਦੀ ਸਮਾਧ ਦੀ ਸੇਵਾ-ਸੰਭਾਲ ਵਾਸਤੇ। ਬਰਮੀ ਮੂਲਵਾਸੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਬੋਧੀ ਸਨ, ਅਸਲ ਵਿੱਚ ਚੇੱਟੀਆਰ ਤਾਮਿਲਾਂ ਨਾਲ ਖ਼ਫ਼ਾ ਸਨ। ਚੇੱਟੀਆਰ ਡੇਢ ਸਦੀ ਪਹਿਲਾਂ ਮਦਰਾਸ ਪ੍ਰੈਜ਼ੀਡੈਂਸੀ ਤੋਂ ਪਰਵਾਸ ਕਰ ਕੇ ਬਰਮਾ ਦੀ ਰਾਜਧਾਨੀ ਰੰਗੂਨ ਤੇ ਹੋਰ ਸ਼ਹਿਰਾਂ ਵਿੱਚ ਜਾ ਵਸੇ ਸਨ। ਪਹਿਲਾਂ ਉੱਥੇ ਉਨ੍ਹਾਂ ਨੇ ਛੋਟੇ ਛੋਟੇ ਕਾਰੋਬਾਰ ਸ਼ੁਰੂ ਕੀਤੇ, ਜੋ ਛੇਤੀ ਹੀ ਸ਼ਾਹੂਕਾਰੇ ਵਿੱਚ ਬਦਲ ਗਏ। ਈਸਟ ਇੰਡੀਆ ਕੰਪਨੀ ਦੇ ਬਰਮਾ ਉੱਤੇ ਕਬਜ਼ੇ ਤੋਂ ਬਾਅਦ ਚੇੱਟੀਆਰ, ਬ੍ਰਿਟਿਸ਼ ਅਫ਼ਸਰਾਨ ਤੇ ਕਰਮੀਆਂ ਦੇ ਚਹੇਤੇ ਬਣ ਗਏ। ਸ਼ਾਹੂਕਾਰੇ ਰਾਹੀਂ ਉਨ੍ਹਾਂ ਵੱਲੋਂ ਕੀਤੀ ਗਈ ਲੁੱਟ-ਖਸੁੱਟ ਬਾਮਾਰ ਭਾਈਚਾਰੇ ਨੂੰ ਅੰਦਰੋ-ਅੰਦਰੀਂ ਰੜਕਦੀ ਰਹੀ। 1930ਵਿਆਂ ਦੌਰਾਨ ਜਦੋਂ ਬਰਮਾ ਨੂੰ ਬ੍ਰਿਟਿਸ਼ ਭਾਰਤੀ ਸਾਮਰਾਜ ਤੋਂ ਅਲਹਿਦਾ ਕਰਨ ਦੀ ਗੱਲ ਤੁਰੀ ਤਾਂ ਇਸ ਦਾ ਸਭ ਤੋਂ ਵੱਧ ਤਿੱਖਾ ਵਿਰੋਧ ਚੇੱਟੀਆਰਾਂ ਵੱਲੋਂ ਹੋਇਆ। ਇਸ ਨੇ ਬਾਮਾਰ ਭਾਈਚਾਰੇ ਅੰਦਰਲੇ ਰੋਹ ਨੂੰ ਹੋਰ ਹੁਲਾਰਾ ਦਿੱਤਾ, ਜੋ 1937 ਵਿੱਚ ਭਾਰਤੀ ਲੋਕਾਂ ਵਿਰੁੱਧ ਦੰਗਿਆਂ ਦੇ ਰੂਪ ਵਿੱਚ ਸਾਹਮਣੇ ਆਇਆ। ਇਹ ਦੰਗੇ-ਫਸਾਦ ਵਿਆਪਕ ਪੱਧਰ ’ਤੇ ਹੋਏ।

ਬ੍ਰਿਟਿਸ਼ ਹਕੂਮਤ ਪਹਿਲਾਂ ਹੀ ਸਾਈਮਨ ਕਮਿਸ਼ਨ ਦੀ ਸਿਫ਼ਾਰਿਸ਼ ’ਤੇ ਬਰਮਾ ਦਾ ਭਾਰਤੀ ਸਾਮਰਾਜ ਨਾਲੋਂ ਨਾਤਾ ਤੋੜਨ ਦਾ ਫ਼ੈਸਲਾ ਲੈ ਚੁੱਕੀ ਸੀ। ਇਸ ਫ਼ੈਸਲੇ ਨੂੰ ਉਸੇ ਵਰ੍ਹੇ ਅਮਲੀ ਰੂਪ ਦੇ ਦਿੱਤਾ ਗਿਆ। ਉਸੇ ਵਰ੍ਹੇ ਹੀ ਅਰਬ ਪ੍ਰਾਯਦੀਪ ਦੇ ਬੰਦਰਗਾਹੀ ਨਗਰ, ਅਦਨ ਨੂੰ ਵੀ ਬਰਮਾ ਵਾਲੇ ਫ਼ੈਸਲੇ ਦੇ ਨਾਲ ਹੀ ਭਾਰਤੀ ਸਾਮਰਾਜ ਤੋਂ ਅਲਹਿਦਾ ਕਰ ਦਿੱਤਾ ਗਿਆ। ਇਹ ਦੋਵੇਂ ਕਦਮ ਬ੍ਰਿਟਿਸ਼ ਭਾਰਤੀ ਸਾਮਰਾਜ ਦਾ ਪਹਿਲਾ ਬਟਵਾਰਾ ਸਨ। ਇਸ ਬਟਵਾਰੇ ਤੋਂ ਪਹਿਲਾਂ ਭਾਰਤੀ ਵਾਇਸਰਾਇ ਸਿਰਫ਼ ਭਾਰਤੀ ਉਪ-ਮਹਾਂਦੀਪ ਦਾ ਨਹੀਂ ਬਲਕਿ ਬਰਮਾ ਦੀ ਪੂਰਬੀ ਸਰਹੱਦ ਤੋਂ ਲੈ ਕੇ ਲਾਲ ਸਾਗਰ ਦੇ ਮੁੱਖ ਤੱਕ ਦੇ ਸਾਰੇ ਖ਼ਿੱਤੇ ਦਾ ਹੁਕਮਰਾਨ ਸੀ। ਬ੍ਰਿਟਿਸ਼ ਰਿਕਾਰਡਾਂ ਵਿੱਚ ਇਹ ‘ਬ੍ਰਿਟਿਸ਼ ਇੰਡੀਅਨ ਐਂਪਾਇਰ’ ਨਹੀਂ, ‘ਇੰਡੀਅਨ ਐਂਪਾਇਰ’ (ਭਾਰਤੀ ਸਾਮਰਾਜ) ਸੀ। ਇਸ ਵਿੱਚ ਮੌਜੂਦਾ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਇਲਾਵਾ ਬਰਮਾ, ਬਹਿਰੀਨ, ਮੌਜੂਦਾ ਯੂਏਈ (ਸੰਯੁਕਤ ਅਰਬ ਅਮੀਰਾਤ), ਕਤਰ, ਓਮਾਨ, ਕੁਵੈਤ ਤੇ ਮੌਜੂਦਾ ਐਰਿਟ੍ਰੀਆ (ਅਫ਼ਰੀਕੀ ਮੁਲਕ) ਦਾ ਕੁਝ ਹਿੱਸਾ ਸ਼ਾਮਿਲ ਸਨ। ਸਾਰੀਆਂ ਥਾਵਾਂ ਉੱਤੇ ਭਾਰਤੀ ਸਿੱਕਾ ਤੇ ਭਾਰਤੀ ਰੁਪਈਆ ਚੱਲਦਾ ਸੀ। ਪੁਲੀਸ ਵਿੱਚ ਵੀ ਭਾਰਤੀ ਹੁੰਦੇ ਸਨ ਅਤੇ ਬੈਂਕਾਂ ਤੇ ਵੱਡੀਆਂ ਕੰਪਨੀਆਂ ਦੇ ਸੁਰੱਖਿਆ ਕਰਮੀ ਵੀ ਭਾਰਤ ਖ਼ਿੱਤੇ ਵਿੱਚੋਂ ਭਰਤੀ ਕੀਤੇ ਜਾਂਦੇ ਸਨ। ਲਿਹਾਜ਼ਾ, 1947 ਵਾਲਾ ਖ਼ੂਨੀ ਬਟਵਾਰਾ, ਜਿਸ ਰਾਹੀਂ ਪਾਕਿਸਤਾਨ (ਬਾਅਦ ਵਿੱਚ ਬੰਗਲਾਦੇਸ਼ ਵੀ) ਤੇ ਭਾਰਤ ਵੱਖ ਵੱਖ ਮੁਲਕਾਂ ਵਜੋਂ ਵਜੂਦ ਵਿੱਚ ਆਏ, ਭਾਰਤੀ ਸਾਮਰਾਜ ਦਾ ਪਹਿਲਾ ਬਟਵਾਰਾ ਨਹੀਂ ਸੀ। ਪਹਿਲਾ ਬਟਵਾਰਾ ਤਾਂ 1937 ਵਿੱਚ ਬਰਮਾ ਅਤੇ ਅਰਬੀ ਅਦਨ (ਯਮਨ) ਦੇ ਇਸ ਸਾਮਰਾਜ ਨਾਲੋਂ ਤੋੜ-ਵਿਛੋੜੇ ਦੇ ਰੂਪ ਵਿੱਚ ਹੋ ਗਿਆ ਸੀ। ਸਾਮਰਾਜ ਦੀ ਟੁੱਟ-ਭੱਜ ਦਾ ਇਹ ਅਮਲ 1971 ਤੱਕ ਪੰਜ ਬਟਵਾਰਿਆਂ ਦੇ ਰੂਪ ਵਿੱਚ ਚੱਲਦਾ ਰਿਹਾ।

Advertisement

ਇਨ੍ਹਾਂ ਬਟਵਾਰਿਆਂ ਦੇ ਉਦਗ਼ਮ ਅਤੇ ਇਨ੍ਹਾਂ ਰਾਹੀਂ ਉਪਜੇ ਨਵੇਂ ਮੁਲਕਾਂ ਤੇ ਨਵੀਆਂ ਕੌਮੀਅਤਾਂ ਦੀ ਕਹਾਣੀ ਪੁਰਲੁਤਫ਼ ਅੰਦਾਜ਼ ਵਿੱਚ ਪੇਸ਼ ਕਰਦੀ ਹੈ ਇਤਿਹਾਸਕਾਰ, ਦਸਤਾਵੇਜ਼ੀ ਫਿਲਮਸਾਜ ਤੇ ਪੌਡਕਾਸਟਰ ਸੈਮ ਡੈਲਰਿੰਪਲ ਦੀ ਕਿਤਾਬ ‘ਸ਼ੈਟਰਡ ਲੈਂਡਜ਼’ (ਵਿਖੰਡਿਤ ਧਰਤੀਆਂ; ਹਾਰਪਰ ਕੌਲਿਨਜ਼; 520 ਪੰਨੇ; 799 ਰੁਪਏ)। ਸਕੌਟਿਸ਼ ਮੂਲ ਦੇ ਉੱਘੇ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਦਾ ਬੇਟਾ ਹੈ ਸੈਮ। ਆਪਣੇ ਪਿਤਾ ਵਾਂਗ ਉਹ ਵੀ ਭਾਰਤੀ ਸਭਿਅਤਾ ਤੇ ਇਤਿਹਾਸ ਦਾ ਸ਼ੈਦਾਈ ਹੈ। ਦਿੱਲੀ ਦਾ ਜੰਮਪਲ ਹੋਣ ਕਾਰਨ ਉਸ ਨੂੰ ਭਾਰਤੀ ਭਾਸ਼ਾਵਾਂ ਦਾ ਗਿਆਨ ਹੈ। ਆਕਸਫੋਰਡ ਯੂਨੀਵਰਸਿਟੀ ਤੋਂ ਫ਼ਾਰਸੀ ਤੇ ਸੰਸਕ੍ਰਿਤ ਦੇ ਗ੍ਰੈਜੂਏਟ ਸੈਮ ਡੈਲਰਿੰਪਲ ਨੇ ਇਰਾਨ ਦੀਆਂ ਇਸ਼ਫ਼ਾਹਾਨ ਤੇ ਮਸ਼ਹਾਦ ਯੂਨੀਵਰਸਿਟੀਆਂ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ‘ਪ੍ਰੋਜੈਕਟ ਦਾਸਤਾਨ’ ਦਾ ਸਹਿ-ਸੰਸਥਾਪਕ ਤੇ ਨਿਰਦੇਸ਼ਕ ਵੀ ਹੈ। ਇਹ ਪ੍ਰੋਜੈਕਟ 1947 ਦੇ ਬਟਵਾਰੇ ਦੇ ਸ਼ਰਨਾਰਥੀਆਂ ਦੀਆਂ ਕਹਾਣੀਆਂ, ਦਸਤਾਵੇਜ਼ੀਆਂ ਤੇ ਪੌਡਕਾਸਟਾਂ ਦੇ ਰੂਪ ਵਿੱਚ ਫਿਲਮਬੰਦ ਕਰਦਾ ਆਇਆ ਹੈ। ਇਤਿਹਾਸਕਾਰ ਦੇ ਰੂਪ ਵਿੱਚ ਸੈਮ (28 ਵਰ੍ਹੇ) ਦੀ ਪਲੇਠੀ ਕਿਤਾਬ ਹੋਣ ਦੇ ਬਾਵਜੂਦ ‘ਸ਼ੈਟਰਡ ਲੈਂਡਜ਼’ ਲੇਖਣ, ਖੋਜ ਤੇ ਵਿਚਾਰਵਾਨਤਾ ਦੀ ਪੁਖ਼ਤਗੀ ਪੱਖੋਂ ਪਲੇਠੀ ਨਹੀਂ ਜਾਪਦੀ। ਵਿਸ਼ਾ ਵੀ ਉਸ ਨੇ ਉਹ ਛੋਹਿਆ ਹੈ, ਜਿਸ ਨੂੰ ਨਾਮੀ-ਗਿਰਾਮੀ ਇਤਿਹਾਸਕਾਰਾਂ ਨੇ ਵੀ ਹੁਣ ਤੱਕ ਹੱਥ ਨਹੀਂ ਸੀ ਪਾਇਆ। ਇਹੋ ਨਿਵੇਕਲਾਪਣ ਹੀ ਇਸ ਕਿਤਾਬ ਦੀ ਅਸਲ ਜਿੰਦ-ਜਾਨ ਹੈ।

Advertisement

ਕਿਤਾਬ ਅੰਦਰਲੇ ਕੁਝ ਮੁੱਖ ਤੱਥ ਇਸ ਤਰ੍ਹਾਂ ਹਨ:

- ਬਰਮਾ ਭਾਵੇਂ ਭਾਰਤੀ ਪ੍ਰਾਂਤ ਵਜੋਂ 1886 ਵਿੱਚ ਭਾਰਤ ਨਾਲ ਜੋੜਿਆ ਗਿਆ, ਫਿਰ ਵੀ ਇਸ ਦੀ ਭਾਰਤ ਨਾਲ ਸਭਿਆਚਾਰਕ ਸਾਂਝ ਘੱਟੋਘੱਟ ਦੋ ਹਜ਼ਾਰ ਸਾਲ ਪੁਰਾਣੀ ਸੀ। ਉੱਥੇ ਬੁੱਧ ਧਰਮ ਭਾਰਤ ਤੋਂ ਹੀ ਪੁੱਜਿਆ। ਹੁਣ ਵੀ ਉਸ ਮੁਲਕ ਦੀ 87.9 ਫ਼ੀਸਦੀ ਵਸੋਂ ਬੋਧੀ ਹੈ। ਇਹ ਬੁੱਧ ਮੱਤ ਉੱਪਰ ਹਿੰਦੂ ਪ੍ਰਭਾਵ ਹੀ ਸੀ ਕਿ ਬ੍ਰਾਹਮਣਾਂ ਦਾ ਬੋਧੀ ਸਮਾਜ ਵਿੱਚ ਵਿਸ਼ੇਸ਼ ਮਾਣ-ਸਤਿਕਾਰ ਸੀ। ਬੋਧੀ ਮੱਠਾਂ ਦੇ ਮੱਠਾਧੀਸ਼ (ਮੁਖੀ), ਅਮੂਮਨ, ਬ੍ਰਾਹਮਣ ਜ਼ਾਤ ਵਿੱਚੋਂ ਹੀ ਹੁੰਦੇ ਸਨ। ਮੁਲਕ ਦੇ ਸਮਰਾਟਾਂ ਦੀ ਤਾਜਪੋਸ਼ੀ ਵੀ ਬ੍ਰਾਹਮਣ ਮੂਲ ਕੇ ਭਿਕਸ਼ੂਆਂ ਪਾਸੋਂ ਕਰਵਾਈ ਜਾਂਦੀ ਸੀ। ਬ੍ਰਾਹਮਣਾਂ ਪ੍ਰਤੀ ਇਸ ਕਿਸਮ ਦੇ ਉਲਾਰ ਨੇ ਹੀ ਚੇੱਟੀਆਰ ਤਾਮਿਲਾਂ ਲਈ ਓਪਰੀ ਧਰਤੀ ’ਤੇ ਵਸੇਬਾ ਅਤੇ ਫਿਰ ਕਾਰੋਬਾਰੀ ਪ੍ਰਗਤੀ ਸੰਭਵ ਬਣਾਈ। ਬਹੁਤੇ ਚੇੱਟੀਆਰ ਹਿੰਦੂ ਵਰਣ-ਵੰਡ ਪੱਖੋਂ ਵੈਸ਼ ਹੋਣ ਦੇ ਬਾਵਜੂਦ ਖ਼ੁਦ ਨੂੰ ਆਇੰਗਾਰ ਬ੍ਰਾਹਮਣ ਦੱਸਦੇ ਰਹੇ। ਲਿਹਾਜ਼ਾ, ਉਨ੍ਹਾਂ ਨੂੰ ਉਹ ਮਾਣ-ਸਤਿਕਾਰ ਮਿਲਦਾ, ਰਿਹਾ ਜੋ ਬਾਮਾਰ ਸਮਾਜ ਉੱਚ-ਭਿਕਸ਼ੂਆਂ ਨੂੰ ਦਿੰਦਾ ਆਇਆ ਸੀ।

- ਬਰਮਾ ਨੂੰ ਭਾਰਤੀ ਪ੍ਰਾਂਤ 1886 ਦੀ ਤੀਜੀ ਐਂਗਲੋ-ਬਰਮਾ ਜੰਗ ਵਿੱਚ ਬਰਮਾ ਦੀ ਨਮੋਸ਼ੀਪੂਰਨ ਹਾਰ ਦੇ ਮੱਦੇਨਜ਼ਰ ਬਣਾਇਆ ਗਿਆ। ਇਸ ਤੋਂ ਪਹਿਲਾਂ ਇਹ ਮੁਲਕ ਨੀਮ ਖ਼ੁਦ-ਮੁਖ਼ਤਾਰ ਬਰਤਾਨਵੀ ਬਸਤੀ ਸੀ, ਜਿੱਥੇ ਅਕਸਰ ਭਾਰਤੀ ਸਿਆਸੀ ਆਗੂਆਂ ਨੂੰ ਜਲਾਵਤਨ ਕੀਤਾ ਜਾਂਦਾ ਸੀ। ਇਸੇ ਕਾਰਨ ਨਾਮਧਾਰੀ ਮੁਖੀ ਬਾਬਾ ਰਾਮ ਸਿੰਘ ਜਾਂ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਉੱਥੇ ਜਲਾਵਤਨ ਰਹੇ।

- ਬਰਮਾ 1886 ਤੋਂ 1937 ਤੱਕ ਬ੍ਰਿਟਿਸ਼ ਭਾਰਤ ਦਾ ਪ੍ਰਾਂਤ ਰਿਹਾ। ਉੱਥੇ ਰਾਜ ਪ੍ਰਬੰਧ ਲਈ ਅਫਸਰ ਮਦਰਾਸ ਤੇ ਕਲਕੱਤਾ ਪ੍ਰੈਜ਼ੀਡੈਂਸੀਆਂ ਤੋਂ ਭੇਜੇ ਜਾਂਦੇ ਸਨ। 1930 ਵਿੱਚ ਸਾਈਮਨ ਕਮਿਸ਼ਨ ਨੇ ਬਰਮਾ ਨੂੰ ਭਾਰਤ ਤੋਂ ਅਲਹਿਦਾ ਬ੍ਰਿਟਿਸ਼ ਬਸਤੀ ਦਾ ਦਰਜਾ ਦਿੱਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ। ਇਸ ਤਜਵੀਜ਼ ਦਾ ਉੱਥੋਂ ਦੇ ਭਾਰਤੀ ਭਾਈਚਾਰੇ ਤੋਂ ਇਲਾਵਾ ਬਾਮਾਰ ਸਮਾਜ ਦੇ ਇੱਕ ਵੱਡੇ ਵਰਗ ਨੇ ਵਿਰੋਧ ਕੀਤਾ। ਨਮਕ ਸਤਿਆਗ੍ਰਹਿ ਨੂੰ ਮਿਲੇ ਬੇਮਿਸਾਲ ਲੋਕ ਹੁੰਗਾਰੇ ਦੇ ਮੱਦੇਨਜ਼ਰ ਮਹਾਤਮਾ ਗਾਂਧੀ ਬਰਮੀ ਜਨਤਾ ਲਈ ਵੀ ਲੋਕ ਨਾਇਕ ਬਣ ਉੱਭਰੇ ਸਨ। ਉਹ ਮੁੱਢ ਵਿੱਚ ਬਰਮਾ ਨੂੰ ਵੱਖ ਕੀਤੇ ਜਾਣ ਦੇ ਵਿਰੋਧੀ ਸਨ, ਪਰ ਉੱਥੋਂ ਦੇ ਦੌਰੇ ਦੌਰਾਨ ਉਨ੍ਹਾਂ ਨੇ ਆਪਣੀ ਰਾਇ ਬਦਲ ਲਈ। ਉਹ ਬਰਮਾ ਨੂੰ ਭਾਰਤ ਤੋਂ ਵੱਖ ਕੀਤੇ ਜਾਣ ਦੇ ਪੱਖ ਵਿੱਚ ਬੋਲਣ ਲੱਗੇ। ਭਾਰਤ ਅੰਦਰਲੀਆਂ ਹਿੰਦੂ ਜਥੇਬੰਦੀਆਂ, ਖ਼ਾਸ ਕਰਕੇ ਹਿੰਦੂ ਮਹਾਂਸਭਾ ਤਾਂ ਪਹਿਲਾਂ ਹੀ ਭਾਰਤ ਨੂੰ ਓਨੇ ਵੱਡੇ ਅਖੰਡ ਰਾਸ਼ਟਰ ਦੇ ਰੂਪ ਵਿੱਚ ਦੇਖਦੀਆਂ ਸਨ ਜਿੰਨਾ ਭੂਗੋਲਿਕ ਤੌਰ ਉੱਤੇ ‘ਮਹਾਂਭਾਰਤ’ ਵਿੱਚ ਦਰਜ ਸੀ। ਇਹ ਭਾਰਤ ਅਫ਼ਗਾਨਿਸਤਾਨ ਤੇ ਆਸਾਮ ਤੋਂ ਅੱਗੇ ਨਹੀਂ ਸੀ ਜਾਂਦਾ। ਲਿਹਾਜ਼ਾ, ਉਨ੍ਹਾਂ ਨੇ ਮਹਾਤਮਾ ਦੇ ਪੱਖ ਦੀ ਡਟਵੀਂ ਹਮਾਇਤ ਕੀਤੀ। ਇਸ ਨੇ ਬ੍ਰਿਟਿਸ਼ ਹਕੂਮਤ ਦਾ ਕੰਮ ਆਸਾਨ ਬਣਾ ਦਿੱਤਾ। 1937 ਵਿੱਚ ਬਰਮਾ ਨੂੰ ਬ੍ਰਿਟਿਸ਼ ਸਾਮਰਾਜ ਦੀ ਵੱਖਰੀ ਬਸਤੀ ਕਰਾਰ ਦੇ ਦਿੱਤਾ ਗਿਆ ਅਤੇ ਸਰ ਆਰਚੀਬਾਲਡ ਨੂੰ ਇਸ ਦਾ ਪਹਿਲਾ ਗਵਰਨਰ ਜਨਰਲ ਥਾਪਿਆ ਗਿਆ। ਇਹ ਪ੍ਰਬੰਧ ਗਿਆਰਾਂ ਸਾਲ ਚੱਲਿਆ, ਜਿਸ ਦੌਰਾਨ ਤਿੰਨ ਵਰ੍ਹੇ (1942-45) ਬਰਮਾ ਜਾਪਾਨੀ ਕਬਜ਼ੇ ਹੇਠ ਵੀ ਰਿਹਾ। 1948 ਵਿੱਚ ਇਸ ਨੂੰ ਬ੍ਰਿਟੇਨ ਤੋਂ ਪੂਰਨ ਆਜ਼ਾਦੀ ਮਿਲ ਗਈ।

- ਭਾਰਤੀ ਪ੍ਰਾਂਤ ਵਾਲੇ ਦਰਜੇ ਦੇ ਬਾਵਜੂਦ ਭਾਰਤ ਦੀ ਬਰਮਾ ਨਾਲ ਜਜ਼ਬਾਤੀ ਸਾਂਝ ਕਿੰਨੀ ਕੁ ਸੀ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ 1958 ਤੱਕ ਭਾਰਤੀ ਵਿਦੇਸ਼ ਮੰਤਰਾਲੇ ਜਾਂ ਗ੍ਰਹਿ ਮੰਤਰਾਲੇ ’ਚ ਇੱਕ ਵੀ ਅਜਿਹਾ ਦੁਭਾਸ਼ੀਆ ਨਹੀਂ ਸੀ ਜੋ ਬਰਮੀ ਭਾਸ਼ਾ ਜਾਣਦਾ ਹੋਵੇ। ਜ਼ਾਹਿਰ ਹੈ ਕਿ ਜਿੰਨੇ ਹਿੰਦੂ, ਸਿੱਖ, ਮੁਸਲਿਮ ਜਾਂ ਇਸਾਈ ਬਰਮਾ ਗਏ, ਉਨ੍ਹਾਂ ਨੇ ਖ਼ੁਦ ਨੂੰ ਬਰਮੀ ਸਮਾਜ ਨਾਲ ਇੱਕ-ਮਿੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਓਪਰਿਆਂ ਵਾਂਗ ਹੀ ਵਿਚਰਦੇ ਰਹੇ। ਬ੍ਰਿਟਿਸ਼ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਮੂਲ ਬਰਮੀਆਂ ਦੇ ਸਾਹਮਣੇ ਪਲੋਸਣ ਦੀ ਨੀਤੀ ਅਖ਼ਤਿਆਰ ਕੀਤੀ। ਇਸ ਨੇ ਬਰਮੀ ਸਮਾਜ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਨੂੰ ਹਵਾ ਦਿੱਤੀ। ਹਾਲਾਂਕਿ ਬਰਮਾ ਦਾ ਇੱਕ ਸਮੇਂ ਸਭ ਤੋਂ ਮਕਬੂਲ ਸਿਆਸਤਦਾਨ ਮਹਾਤਮਾ ਯੂ. ਓਟਾਮਾ ਕੱਟੜ ਗਾਂਧੀਵਾਦੀ ਸੀ ਅਤੇ ਬਰਮਾ ਦੇ ਭਾਰਤ ਨਾਲ ਸਥਾਈ ਏਕੀਕਰਨ ਦਾ ਪੱਕਾ ਹਮਾਇਤੀ ਸੀ, ਫਿਰ ਵੀ ਬਰਮੀ ਆਮ ਲੋਕਾਂ ਦੇ ਮਨਾਂ ਵਿੱਚ ਭਾਰਤੀਆਂ ਪ੍ਰਤੀ ਬਹੁਤਾ ਸਨੇਹ ਨਹੀਂ ਸੀ। ਜਦੋਂ ਮਹਾਤਮਾ ਗਾਂਧੀ ਨੇ ਬਰਮਾ ਨੂੰ ਭਾਰਤ ਤੋਂ ਅਲਹਿਦਾ ਕੀਤੇ ਜਾਣ ਦੀ ਪੈਰਵੀ ਕੀਤੀ ਤਾਂ ਮਹਾਤਮਾ ਓਟਾਮਾ ਨੂੰ ਇਹ ਵਿਸਾਹਘਾਤ ਜਾਪੀ। ਉਹ ਕਾਂਗਰਸ ਛੱਡ ਕੇ ਹਿੰਦੂ ਮਹਾਂਸਭਾ ਵਿੱਚ ਚਲਾ ਗਿਆ ਅਤੇ ਬਰਮੀ ਹਿੰਦੂ ਮਹਾਂਸਭਾ ਦਾ ਪ੍ਰਧਾਨ ਵੀ ਰਿਹਾ।

- ਅਰਬਿਸਤਾਨੀ ਪ੍ਰਾਯਦੀਪ ਵਿੱਚ ਸਥਿਤ ਰਿਆਸਤਾਂ, ਜਿਨ੍ਹਾਂ ਵਿੱਚ ਓਮਾਨ, ਯਮਨੀ, ਸ਼ੇਖਾਵਾਟੀਆਂ, ਕਤਰ, ਦੁਬਈ, ਸ਼ਾਰਜਾਹ ਤੇ ਹੋਰ ਖਲੀਜੀ ਇਮਾਰਾਹ ਸ਼ਾਮਿਲ ਸਨ, ਨੂੰ ਭਾਰਤੀ ਸਾਮਰਾਜ ਤੋਂ ਵੱਖ ਕਰਨ ਦਾ ਸਿਲਸਿਲਾ 1938 ਤੋਂ ਸ਼ੁਰੂ ਹੋਇਆ। ਇਹ ਸਿਲਸਿਲਾ ਕਾਨੂੰਨੀ ਤੌਰ ’ਤੇ 15 ਅਪਰੈਲ 1947 ਨੂੰ ਮੁਕੰਮਲ ਹੋਇਆ। ਇਹ ਭਾਰਤੀ ਸਾਮਰਾਜ ਦੀ ਦੂਜੀ ਵੰਡ ਸੀ। ਇਹ ਸਾਰੀਆਂ ਰਿਆਸਤਾਂ ਅਮੀਰਾਂ ਜਾਂ ਸੁਲਤਾਨਾਂ ਦੇ ਅਧੀਨ ਹੋਣ ਦੇ ਬਾਵਜੂਦ ਬ੍ਰਿਟਿਸ਼ ਰੈਜ਼ੀਡੈਂਟਾਂ ਜਾਂ ਸਿਆਸੀ ਏਜੰਟਾਂ ਦੀ ਮੌਜੂਦਗੀ ਕਾਰਨ ਨੀਮ-ਖ਼ੁਦਮੁਖ਼ਤਾਰ ਰਹੀਆਂ ਸਨ। ਭਾਰਤੀ ਸਾਮਰਾਜ ਨਾਲੋਂ ਅਲਹਿਦਗੀ ਦੇ ਬਾਵਜੂਦ ਇਨ੍ਹਾਂ ਵਿੱਚੋਂ ਬਹੁਤੀਆਂ 1971 ਤੱਕ ਬ੍ਰਿਟਿਸ਼ ਸੁਰੱਖਿਆ ਅਧੀਨ (ਪ੍ਰੋਟੈਕਟੋਰੇਟਸ) ਰਹੀਆਂ।

- ਤੀਜਾ ਤੇ ਸਭ ਤੋਂ ਵੱਧ ਖ਼ੂਨੀ ਬਟਵਾਰਾ ਅਗਸਤ 1947 ਵਾਲਾ ਸੀ। ਇਸ ਰਾਹੀਂ ਪਾਕਿਸਤਾਨ ਦੋ ਹਿੱਸਿਆਂ (ਪੂਰਬੀ ਤੇ ਪੱਛਮੀ) ਦੇ ਰੂਪ ਵਿੱਚ ਵਜੂਦ ਵਿੱਚ ਆਇਆ। ਵੀਹ ਲੱਖ ਤੋਂ ਵੱਧ ਜਾਨਾਂ ਇਸ ਬਟਵਾਰੇ ਦੀ ਭੇਟ ਚੜ੍ਹ ਗਈਆਂ। ਡੇਢ ਤੋਂ ਦੋ ਕਰੋੜ ਲੋਕਾਂ ਨੂੰ ਘਰ-ਘਾਟ ਤਿਆਗ ਕੇ ਓਪਰੀਆਂ ਥਾਵਾਂ ਵੱਲ ਜਾਣਾ ਪਿਆ। ਬਕੌਲ ਗੁਲਜ਼ਾਰ ‘ਵਤਨ ਤਾਂ ਉੱਥੇ ਹੀ ਰਿਹਾ, ਪਰ ਮੁਲਕ ਬਦਲ ਗਏ।’ ਤਕਰੀਬਨ ਸੱਤ ਕਰੋੜ ਤੋਂ ਵੱਧ ਹਿੰਦੋਸਤਾਨੀ ਰਾਤੋਂ-ਰਾਤ ਪਾਕਿਸਤਾਨੀ ਬਣ ਗਏ।

- ਨੇਪਾਲ ਤੇ ਭੂਟਾਨ ਭਾਵੇਂ ਰਸਮੀ ਤੌਰ ’ਤੇ ਭਾਰਤੀ ਸਾਮਰਾਜ ਦਾ ਹਿੱਸਾ ਨਹੀਂ ਸਨ, ਪਰ ਅਧੀਨਤਾ ਬ੍ਰਿਟਿਸ਼ ਸਰਕਾਰ ਤੇ ਭਾਰਤੀ ਵਾਇਸਰਾਇ ਦੀ ਹੀ ਮੰਨਦੇ ਸਨ। ਇਹ ਬ੍ਰਿਟਿਸ਼ ਰਾਜਸੀ ਰਣਨੀਤੀ ਦਾ ਹੀ ਇੱਕ ਪੈਂਤੜਾ ਸੀ: ਬ੍ਰਿਟੇਨ ਚਾਹੁੰਦਾ ਸੀ ਕਿ ਚੀਨ ਤੇ ਭਾਰਤ ਅਤੇ ਰੂਸ ਤੇ ਭਾਰਤ ਦਰਮਿਆਨ ਬਫ਼ਰ ਰਿਆਸਤਾਂ ਹੋਣ ਤਾਂ ਜੋ ਰੂਸ ਤੇ ਚੀਨ ਨਾਲ ਸਿੱਧੇ ਟਕਰਾਅ ਤੋਂ ਬਚਿਆ ਜਾ ਸਕੇ। ਇਸੇ ਰਣਨੀਤੀ ਅਧੀਨ ਜੰਮੂ ਕਸ਼ਮੀਰ ਨੂੰ ਪਹਿਲੀ ਅੰਗਰੇਜ਼-ਸਿੱਖ ਜੰਗ ਤੋਂ ਬਾਅਦ (ਗ਼ੱਦਾਰੀ ਦੇ ਇਨਾਮ ਵਜੋਂ) 30 ਲੱਖ ਰੁਪਏ ਦੇ ਰਿਆਇਤੀ ਭਾਅ ’ਤੇ ਰਾਜਾ ਗੁਲਾਬ ਸਿੰਘ ਡੋਗਰਾ ਕੋਲ ਵੇਚਿਆ ਗਿਆ ਸੀ। ਨੇਪਾਲ ਤੇ ਭੂਟਾਨ ਦੀ ਬ੍ਰਿਟਿਸ਼ ਮੁਹਾਫ਼ਿਜ਼ੀ ਕ੍ਰਮਵਾਰ 1948 ਅਤੇ 1951 ਵਿੱਚ ਸਮਾਪਤ ਹੋਈ। ਭੂਟਾਨ ਰਸਮੀ ਤੌਰ ’ਤੇ ਭਾਰਤੀ ਪ੍ਰੋਟੈਕਟੋਰੇਟ 1955 ਵਿੱਚ ਬਣਿਆ।

- ਇਹ ਮੰਨਿਆ ਜਾਂਦਾ ਹੈ ਕਿ 1937 ਵਿੱਚ ਅਦਨ ਨੂੰ ਭਾਰਤੀ ਸਾਮਰਾਜ ਨਾਲੋਂ ਅਲਹਿਦਾ ਕਰਨ ਦਾ ਅਮਲ ਜੇਕਰ ਨਾ ਆਰੰਭਿਆ ਜਾਂਦਾ ਤਾਂ 1947 ਦੇ ਖ਼ੂਨੀ ਬਟਵਾਰੇ ਤੋਂ ਬਾਅਦ ਅਰਬ ਖਾੜੀ ਦੀਆਂ ਬਹੁਤੀਆਂ ਰਿਆਸਤਾਂ ਨੇ ਭਾਰਤ ਜਾਂ ਪਾਕਿਸਤਾਨ ਦਾ ਹਿੱਸਾ ਹੋਣਾ ਸੀ। 1937 ਵਾਲੇ ਅਮਲ ਨੇ ਇਨ੍ਹਾਂ ਰਿਆਸਤਾਂ ਵਿੱਚ ‘ਆਜ਼ਾਦੀ’ ਦੀ ਚਾਹਤ ਜਗਾਈ। ਇਹ ਵੱਖਰੀ ਗੱਲ ਹੈ ਕਿ ਇਹ ਰਿਆਸਤਾਂ ਸਿੱਧੇ ਤੌਰ ’ਤੇ 1971 ਤੱਕ ਬ੍ਰਿਟੇਨ ਦੀ ਨਿਗ਼ਾਹਬਾਨੀ ਅਧੀਨ ਰਹੀਆਂ। ਬ੍ਰਿਟੇਨ ਵੱਲੋਂ ਅਜਿਹਾ ਕੀਤੇ ਜਾਣ ਦਾ ਇੱਕੋ-ਇੱਕ ਮਕਸਦ ਸੀ, ਬ੍ਰਿਟਿਸ਼ ਤੇਲ ਕੰਪਨੀਆਂ ਦੀ ਸੁਰੱਖਿਆ। ਹੁਣ ਇਨ੍ਹਾਂ ਮੁਲਕਾਂ ਨੇ ਆਪਣਾ ਨਵਾਂ ਇਤਿਹਾਸ ਘੜ ਲਿਆ ਹੈ। ਨਵੀਂ ਪੀੜ੍ਹੀ ਨੂੰ ਇਹ ਬਿਲਕੁਲ ਨਹੀਂ ਪੜ੍ਹਾਇਆ ਜਾਂਦਾ ਕਿ ਖਾੜੀ ਦੇ ਮੁਲਕ, ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਸਨ। ਨੇਪਾਲ ਦਾ ਰੁਖ਼ ਵੀ ਹੁਣ ਅਜਿਹਾ ਹੀ ਹੈ। ਪਰ ਪ੍ਰਾਚੀਨ ਦਸਤਾਵੇਜ਼ ਤੇ ਸਰਕਾਰੀ ਰਿਕਾਰਡ, ਬਹੁਤੀ ਵਾਰ ਝੂਠ ਨਹੀਂ ਬੋਲਦੇ। ਉਨ੍ਹਾਂ ਦੀ ਬਾਰੀਕੀ ਨਾਲ ਘੋਖ-ਪੜਤਾਲ ਬਹੁਤ ਸਾਰੇ ਤੱਥ ਤੇ ਸੱਚ ਜੱਗ-ਜ਼ਾਹਿਰ ਕਰ ਜਾਂਦੀ ਹੈ।

- ਸੈਮ ਡੈਲਰਿੰਪਲ ਅਨੁਸਾਰ ਭਾਰਤ ਦਾ ਚੌਥਾ ਬਟਵਾਰਾ ਰਜਵਾੜਿਆਂ ਦੀਆਂ ਰਿਆਸਤਾਂ ਦੇ ਭਾਰਤ ਜਾਂ ਪਾਕਿਸਤਾਨ ਨਾਲ ਰਲੇਵੇਂ/ਵਖਰੇਵੇਂ ਸਮੇਂ ਵਾਪਰਿਆ। ਅਗਸਤ 1947 ਵਾਂਗ ਉਪਰੋਕਤ ਅਮਲ ਦੌਰਾਨ ਵੀ ਦੰਗੇ-ਫ਼ਸਾਦ ਤੇ ਖ਼ੂਨ-ਖ਼ਰਾਬਾ ਹੋਇਆ। ਛੋਟੇ ਨਹੀਂ, ਵਿਆਪਕ ਪੱਧਰ ’ਤੇ; ਖ਼ਾਸ ਤੌਰ ’ਤੇ ਜੂਨਾਗੜ੍ਹ, ਕੱਛ ਤੇ ਹੈਦਰਾਬਾਦ ਵਿੱਚ। ਇਹ ਸਿਧਾਂਤ ਮੋਟੇ ਤੌਰ ’ਤੇ ਕਬੂਲਿਆ ਗਿਆ ਸੀ ਕਿ ਹਿੰਦੂ ਰਿਆਸਤਾਂ ਭਾਰਤ ਨਾਲ, ਮੁਸਲਿਮ ਬਹੁਗਿਣਤੀ ਵਾਲੀਆਂ ਪਾਕਿਸਤਾਨ ਨਾਲ ਅਤੇ ਬੋਧੀ ਬਹੁਮਤ ਵਾਲੀਆਂ ਬਰਮਾ ਨਾਲ ਜਾ ਰਲਣਗੀਆਂ। ਕੁਝ ਬੋਧੀ ਰਿਆਸਤਾਂ ਨੇ ਬਰਮਾ ਨਾਲ ਰਲੇਵਾਂ ਕੀਤਾ, ਪਰ ਇਹ ਬਹੁਤ ਨਿੱਕੀਆਂ ਸਨ। ਇਸ ਰਲੇਵੇਂ ਨੇ ਭਾਰਤ ਦੀਆਂ ਧੁਰ ਪੂਰਬੀ ਸਰਹੱਦਾਂ ਉੱਤੇ ਅਸਰ ਨਹੀਂ ਪਾਇਆ। ਉਂਜ ਵੀ ਨਾਗਾਲੈਂਡ ਤੇ ਮਨੀਪੁਰ ਵਾਂਗ ਉੱਥੋਂ ਦੇ ਬਹੁਗਿਣਤੀ ਵਸਨੀਕ ਬਰਮੀ ਮੂਲ ਦੇ ਸਨ। ਭਾਰਤ ਉੱਤੇ ਅਸਰ ਮਨੀਪੁਰ ਤੇ ਮੌਜੂਦਾ ਮੇਘਾਲਿਆ ਦੀਆਂ ਕੁਝ ਖ਼ਾਸੀ ਬਸਤੀਆਂ ਵੱਲੋਂ ਪੂਰਬੀ ਪਾਕਿਸਤਾਨ ਨਾਲ ਰਲੇਵੇਂ ਦੀ ਖ਼ਾਹਿਸ਼ ਤੋਂ ਪੈ ਸਕਦਾ ਸੀ। ਅਜਿਹੀਆਂ ਸੰਭਾਵਨਾਵਾਂ ਨੂੰ ਸਰਦਾਰ ਪਟੇਲ ਦੇ ਦਬਦਬੇ ਕਾਰਨ ਬੂਰ ਨਹੀਂ ਪਿਆ। ਪੱਛਮੀ ਬੰਗਾਲ ਦੀ ਕੂਚ ਬਿਹਾਰ ਰਿਆਸਤ ਦੇ ਰਾਜੇ ਨੇ ਪੂਰਬੀ ਬੰਗਾਲ ਦੇ ਮੁੱਖ ਮੰਤਰੀ ਹੁਸੈਨ ਸੁਹਰਾਵਰਦੀ ਨੂੰ ਖ਼ਤ ਲਿਖ ਕੇ ਪੂਰਬੀ ਪਾਕਿਸਤਾਨ ਨਾਲ ਰਲਣ ਦੀ ਇੱਛਾ ਪ੍ਰਗਟਾਈ। ਇਸ ਖ਼ਤ ਦੇ ਜਵਾਬ ਵਿੱਚ ਦੇਰੀ ਨੇ ਸਰਦਾਰ ਪਟੇਲ ਨੂੰ ਦਖ਼ਲ ਦੇਣ ਅਤੇ ਰਾਜੇ ਨੂੰ ਡਰਾ ਲੈਣ ਦਾ ਮੌਕਾ ਦੇ ਦਿੱਤਾ।

- ਭੁਪਾਲ, ਹੈਦਰਾਬਾਦ, ਜੂਨਾਗੜ੍ਹ ਤੇ ਕੱਛ ਰਿਆਸਤਾਂ ਨੇ ਵੀ ਭਾਰਤ ਦੀ ਥਾਂ ਪਾਕਿਸਤਾਨ ਨਾਲ ਰਲਣ ਜਾਂ ਆਜ਼ਾਦ ਰਹਿਣ ਦੀ ਮਨਸ਼ਾ ਜਤਾਈ। ਪਾਕਿਸਤਾਨ ਦਾ ਬਾਬਾ-ਇ-ਕੌਮ ਮੁਹੰਮਦ ਅਲੀ ਜਿਨਾਹ ਭੁਪਾਲ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣ ਦਾ ਖ਼ਾਹਿਸ਼ਮੰਦ ਸੀ। ਪਰ ਭਾਰਤੀ ਸਰਹੱਦ ਤੋਂ ਇਸ ਰਿਆਸਤ ਦੀ ਦੂਰੀ ਇਸ ਖ਼ਾਹਿਸ਼ ਵਿੱਚ ਵੱਡਾ ਅੜਿੱਕਾ ਸੀ। ਇਹ ਅੜਿੱਕਾ ਦੂਰ ਕਰਨ ਲਈ ਜੈਸਲਮੇਰ ਤੇ ਜੋਧਪੁਰ ਰਿਆਸਤਾਂ ਅਤੇ ਮੱਧ ਭਾਰਤ ਦੀਆਂ ਕੁਝ ਨਿੱਕੀਆਂ ਰਿਆਸਤਾਂ ਨੂੰ ਪਾਕਿਸਤਾਨ ਨਾਲ ਰਲਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਨੂੰ ਇਸ ਬਦਲੇ ਕਈ ਰਿਆਇਤਾਂ ਦੇਣ ਦੀ ਪੇਸ਼ਕਸ਼ ਹੋਈ। ਪਰ ਇਹ ਚਾਲ ਸਿਰੇ ਨਹੀਂ ਚੜ੍ਹੀ। ਸਰਦਾਰ ਪਟੇਲ ਦੇ ਦਬਕੇ ਨੇ ਭੁਪਾਲ ਦੇ ਨਵਾਬ ਹਮੀਦਉੱਲਾ ਖ਼ਾਨ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। 29 ਅਗਸਤ 1947 ਨੂੰ ਨਵਾਬ ਨੇ ਭਾਰਤ ਨਾਲ ਰਲੇਵੇਂ ਦੇ ਦਸਤਾਵੇਜ਼ ਉੱਤੇ ਦਸਤਖ਼ਤ ਕਰ ਦਿੱਤੇ। 1948 ਵਿੱਚ ਉਨ੍ਹਾਂ ਦੀ ਬੇਟੀ ਸਾਜਿਦਾ ਸੁਲਤਾਨ ਪਾਕਿਸਤਾਨ ਚਲੀ ਗਈ। ਉਹ ਇਫ਼ਤਿਖਾਰ ਅਲੀ ਖ਼ਾਨ ਪਟੌਦੀ ਦੀ ਨਾਨੀ ਸੀ। ਇਫ਼ਤਿਖਾਰ ਬਾਅਦ ਵਿੱਚ ਨਵਾਬ ਪਟੌਦੀ ਵਜੋਂ ਕ੍ਰਿਕਟ ਜਗਤ ਦਾ ਸਿਤਾਰਾ ਬਣਿਆ। ਉਹ ਭਾਰਤੀ ਟੀਮ ਦਾ ਸਭ ਤੋਂ ਛੋਟੀ ਉਮਰ ਦਾ ਕਪਤਾਨ ਰਿਹਾ। ਉਸ ਦੀ ਪਤਨੀ ਤੇ ਫਿਲਮ ਅਭਿਨੇਤਰੀ ਸ਼ਰਮੀਲਾ ਟੈਗੋਰ ਉਰਫ਼ ਬੇਗ਼ਮ ਆਇਸ਼ਾ ਅਲੀ ਖ਼ਾਨ ਹੁਣ ਸਾਜਿਦਾ ਸੁਲਤਾਨ ਬੇਗ਼ਮ ਦੀ ਭੁਪਾਲ ਵਿਚਲੀ ਸਾਰੀ ਜਾਇਦਾਦ ਨੂੰ ‘ਦੁਸ਼ਮਣ ਦੀ ਜਾਇਦਾਦ’ ਸਬੰਧੀ ਐਕਟ ਅਧੀਨ ਜ਼ਬਤ ਕੀਤੇ ਜਾਣ ਖ਼ਿਲਾਫ਼ ਅਦਾਲਤੀ ਲੜਾਈ ਲੜ ਰਹੀ ਹੈ।

- ਜੂਨਾਗੜ੍ਹ, ਮੈਮਨਾਂ ਦਾ ਗੜ੍ਹ ਹੈ। ਮੈਮਨਾਂ ਨੂੰ ਕੱਟੜ ਮੁਸਲਮਾਨ ਇਸ ਆਧਾਰ ’ਤੇ ਮੁਸਲਮਾਨ ਨਹੀਂ ਮੰਨਦੇ ਰਹੇ ਕਿ ਉਨ੍ਹਾਂ ਨੇ ਬਹੁਤੇ ਰੀਤੀ-ਰਿਵਾਜ ਹਿੰਦੂਆਂ ਵਰਗੇ ਸਨ ਅਤੇ ਉਹ ਕ੍ਰਿਸ਼ਨ ਪੂਜਾ ਤੇ ਨਵਰਾਤ੍ਰੀ ਵਰਗੇ ਸਮਾਰੋਹਾਂ ਵਿੱਚ ਵਧ-ਚੜ੍ਹਕੇ ਹਿੱਸਾ ਲੈਂਦੇ ਸਨ। ਮੈਮਨਾਂ ਦੇ ਹੁਣ ਵੀ ਅੱਧੇ ਨਾਮ ਹਿੰਦੂ ਨਾਵਾਂ ਵਰਗੇ ਹਨ ਜਿਵੇਂ ਕਿ ਅਜ਼ੀਮ ਪ੍ਰੇਮਜੀ (ਵਿਪਰੋ ਕੰਪਨੀ ਦਾ ਮੁਖੀ)। ਇੱਥੋਂ ਦੇ ਨਵਾਬ ਮੁਹੰਮਦ ਮਹਾਬਤ ਖਾਨਜੀ (ਤੀਜੇ) ਨੇ ਜਿਨਾਹ ਨੂੰ ਖ਼ਤ ਲਿਖ ਕੇ ਆਪਣੀ ਰਿਆਸਤ ਪਾਕਿਸਤਾਨ ਨਾਲ ਰਲਾਉਣ ਦੀ ਇੱਛਾ ਦਾ ਇਜ਼ਹਾਰ ਕੀਤਾ। ਮਸਲਾ ਇਹ ਪੈਦਾ ਹੋ ਗਿਆ ਕਿ ਜੂਨਾਗੜ੍ਹ ਕਿਤੋਂ ਵੀ ਪਾਕਿਸਤਾਨ ਨਾਲ ਨਹੀਂ ਸੀ ਜੁੜਦਾ। ਨਵਾਬ ਦਾ ਦਾਅਵਾ ਸੀ ਕਿ ਇਹ ਅਰਬ ਸਾਗਰ ਦੇ ਕੰਢੇ ਸਥਿਤ ਹੋਣ ਸਦਕਾ ਸਮੁੰਦਰ ਰਾਹੀਂ ਸਿੰਧ ਸੂਬੇ ਨਾਲ ਜੁੜਿਆ ਹੋਇਆ ਹੈ। ਉਹ ਅਗਸਤ 1947 ਦੇ ਆਖ਼ਰੀ ਹਫ਼ਤੇ ਚੁੱਪ-ਚੁਪੀਤੇ ਖਿਸਕ ਕੇ ਸਮੁੰਦਰ ਰਾਹੀਂ ਕਰਾਚੀ ਪਹੁੰਚ ਗਿਆ। ਉੱਥੇ ਉਸ ਨੇ ਰਲੇਵੇਂ ਦੇ ਦਸਤਾਵੇਜ਼ ਉੱਤੇ ਦਸਤਖ਼ਤ ਕਰ ਦਿੱਤੇ। ਜਿਨਾਹ ਨੇ ਜੂਨਾਗੜ੍ਹ ਉੱਤੇ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਅੰਤ ਨਹਿਰੂ ਸਰਕਾਰ ਜੂਨਾਗੜ੍ਹ ਵਿੱਚ ਰਾਇਸ਼ੁਮਾਰੀ ਕਰਵਾ ਕੇ ਜਨਤਾ ਦਾ ਫ਼ੈਸਲਾ ਕਬੂਲਣ ਲਈ ਰਾਜ਼ੀ ਹੋ ਗਈ। ਰਿਆਸਤ ਵਿੱਚ ਹਿੰਦੂ ਵਸੋਂ ਦਾ ਬਹੁਮਤ ਸੀ। ਫ਼ੈਸਲਾ ਭਾਰਤ ਦੇ ਹੱਕ ਵਿੱਚ ਰਿਹਾ, ਪਰ ਪਾਕਿਸਤਾਨ ਨੇ ਜੂਨਾਗੜ੍ਹ ਦਾ ਭਾਰਤ ਨਾਲ ਰਲੇਵਾਂ ਅਜੇ ਤੱਕ ਨਹੀਂ ਕਬੂਲਿਆ।

- ਅਲਵਰ ਦੇ ਹੁਕਮਰਾਨ, ਸਵਾਈ ਤੇਜ ਸਿੰਘ ਨਾਰੂਕਾ ਅਤੇ ਭਰਤਪੁਰ ਦੇ ਮਹਾਰਾਜਾ ਬ੍ਰਿਜੇਂਦਰ ਸਿੰਘ ਨੇ ਜਿਨਾਹ ਵੱਲੋਂ ਪਾਇਆ ਚੋਗਾ ਚੁਗਣ ਪ੍ਰਤੀ ਸਹਿਮਤੀ ਜਤਾਈ, ਪਰ ਰਿਆਸਤੀ ਲੋਕਾਂ ਦਾ ਮੁਸਲਿਮ ਵਿਰੋਧੀ ਮੂਡ ਦੇਖ ਕੇ ਮਨ ਬਦਲ ਲਿਆ। ਇਹੀ ਰੁਖ਼ ਕੱਛ ਦੇ ਮਹਾਂਰਾਓ ਵਿਜੈ ਰਾਜਜੀ ਜਡੇਜਾ ਦਾ ਰਿਹਾ। ਉਸ ਵੱਲੋਂ ਜੂਨਾਗੜ੍ਹ ਦੇ ਨਵਾਬ ਨਾਲ ਗੰਢ-ਸੰਢ ਦੀ ਖ਼ਬਰ ਫੈਲਦਿਆਂ ਹੀ ਰਿਆਸਤ ਵਿੱਚ ਮੁਸਲਿਮ-ਵਿਰੋਧੀ ਦੰਗੇ ਭੜਕ ਉੱਠੇ। ਮਹਾਂਰਾਓ ਨੇ ਇਹ ਦੇਖ ਕੇ ਭਾਰਤ ਨਾਲ ਰਲਣ ਨੂੰ ਹਰੀ ਝੰਡੀ ਦੇ ਦਿੱਤੀ। ਜੋਧਪੁਰ ਦੇ ਮਹਾਰਾਜਾ ਹਨਵੰਤ ਸਿੰਘ ਰਾਠੌਰ ਨੇ ਪਾਕਿਸਤਾਨ ਨਾਲ ਰਲਣ ਦੀ ਇੱਛਾ ਦਾ ਖੁੱਲ੍ਹੇਆਮ ਇਜ਼ਹਾਰ ਕੀਤਾ। ਇਸ ਇਜ਼ਹਾਰ ਦੇ ਬਾਵਜੂਦ 24 ਵਰ੍ਹਿਆਂ ਦੇ ਮਹਾਰਾਜੇ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਤੋਂ ਦੋ ਵਰ੍ਹੇ ਛੋਟੇ ਜੈਸਲਮੇਰ ਦੇ ਮਹਾਂਰਾਵਲ ਜਵਾਹਰ ਸਿੰਘ ਬਹਾਦੁਰ ਨਾਲ ਸੰਪਰਕ ਕਰ ਕੇ ਉਸ ਦੀ ਰਾਇ ਮੰਗੀ। ਮਹਾਰਾਵਲ ਨੇ ਕਿਹਾ ਕਿ ਉਹ ਵੀ ਪਾਕਿਸਤਾਨ ਨਾਲ ਰਲਣਾ ਚਾਹੁੰਦਾ ਹੈ, ਪਰ ਉਸ ਨੇ ਜਿਨਾਹ ਤੋਂ ਗਾਰੰਟੀ ਮੰਗੀ ਹੈ ਕਿ ਜੇਕਰ ਉਸ ਦੇ ਇਲਾਕੇ ਵਿੱਚ ਹਿੰਦੂ-ਮੁਸਲਿਮ ਝਗੜੇ ਹੋਏ ਤਾਂ ਉਸ ਨੂੰ ਹਿੰਦੂਆਂ ਦਾ ਪੱਖ ਲੈਣ ਤੋਂ ਰੋਕਿਆ ਨਹੀਂ ਜਾਵੇਗਾ। ਇਸ ਮੰਗ ਦਾ ਜਵਾਬ ਅਜੇ ਤੱਕ ਨਹੀਂ ਆਇਆ। ਨਾਲ ਹੀ ਉਸ ਨੇ ਹਨਵੰਤ ਸਿੰਘ ਨੂੰ ਜੋਧਪੁਰ ਦੀ ਰਾਜਮਾਤਾ ਤੋਂ ਰਾਇ ਲੈਣ ਲਈ ਕਿਹਾ। ਜਦੋਂ ਹਨਵੰਤ ਸਿੰਘ ਨੇ ਜੋਧਪੁਰ ਦੀ ਰਾਜਮਾਤਾ ਤੋਂ ਰਾਇ ਮੰਗੀ ਤਾਂ ਰਾਜਮਾਤਾ ਨੇ ਜੁੱਤੀ ਲਾਹ ਲਈ। ਜੋਧਪੁਰ ਦੇ ਪਾਕਿਸਤਾਨ ਨਾਲ ਰਲਣ ਦੀ ਯੋਜਨਾ ਉਸੇ ਸਮੇਂ ਹਵਾ ਹੋ ਗਈ।

- ਸੈਮ ਡੈਲਰਿੰਪਲ ਅਨੁਸਾਰ ਪੂਰਬੀ ਪਾਕਿਸਤਾਨ ਦਾ ਬੰਗਲਾਦੇਸ਼ ਵਜੋਂ ਪੱਛਮੀ ਪਾਕਿਸਤਾਨ ਤੋਂ ਅਲਹਿਦਾ ਹੋਣਾ ਪੰਜਵਾਂ ਬਟਵਾਰਾ ਸੀ। ਇਹ ਵੱਖਰੀ ਗੱਲ ਹੈ ਕਿ ਇਸ ਬਟਵਾਰੇ ਨੇ ਵੀ ਦੱਖਣ ਏਸ਼ੀਆ ਵਿੱਚ ਕੜਵਾਹਟ ਦੇ ਬੀਜ ਹੀ ਬੀਜੇ।

ਕਿਤਾਬ ਕਿੰਨੀ ਕੁ ਰੌਚਿਕ ਹੈ ਇਸ ਦਾ ਅੰਦਾਜ਼ਾ

ਇਸ ਮਜ਼ਮੂਨ ਨਾਲ ਪ੍ਰਕਾਸ਼ਿਤ ਇਸ ਦੇ ਕੁਝ ਅੰਸ਼ਾਂ ਤੋਂ ਲਾਇਆ ਜਾ ਸਕਦਾ ਹੈ।

ਬਰਮਾ ਵਿੱਚ ਕੀ ਕੁਝ ਵਾਪਰਿਆ

ਬਰਮਾ ਨੂੰ 1937 ਵਿੱਚ ਭਾਰਤ ਤੋਂ ਅਲਹਿਦਾ ਕਰਕੇ ਵੱਖਰੀ ਬ੍ਰਿਟਿਸ਼ ਬਸਤੀ ਦਾ ਦਰਜਾ ਦਿੱਤਾ ਗਿਆ। ਉੱਥੇ ਨੀਮ ਖ਼ੁਦਮੁਖ਼ਤਾਰ ਸਰਕਾਰ ਚੋਣਾਂ ਰਾਹੀਂ ਕਾਇਮ ਕਰਵਾਈ ਗਈ, ਜਿਸ ਮਗਰੋਂ ਕੌਮਪ੍ਰਸਤ ਨੇਤਾ ਬਾ ਮਾਅ ਪ੍ਰਧਾਨ ਮੰਤਰੀ ਬਣੇ। ਉਦੋਂ ਤੱਕ ਭਾਰਤੀਆਂ ਖ਼ਿਲਾਫ਼ ਦੰਗੇ-ਫਸਾਦ ਹੋਣੇ ਆਮ ਰੁਝਾਨ ਬਣ ਚੁੱਕਾ ਸੀ। ਇਹ ਦੰਗੇ ਅਸਲ ਵਿੱਚ ਦੰਗੇ ਨਹੀਂ ਸਨ, ਨਸਲਕੁਸ਼ੀ ਵੀ ਸਨ। ਭਾਰਤੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ ਕਿ ਉਹ ਬਰਮਾ ਛੱਡ ਜਾਣ। ‘ਸ਼ੈਟਰਡ ਲੈਂਡਜ਼’ ਇਸ ਸਥਿਤੀ ਦਾ ਵਰਨਣ ਇਸ ਤਰ੍ਹਾਂ ਕਰਦੀ ਹੈ:

‘‘ਬਾ ਮਾਅ ਨੇ ਹਿੰਸਾ ਦੀ ਤਿੱਖੀ ਨਿੰਦਾ ਕੀਤੀ ਪਰ ਇਸ ਨਿੰਦਾ ਨਾਲ ਸਥਿਤੀ ਵਿੱਚ ਕੋਈ ਫ਼ਰਕ ਨਹੀਂ ਪਿਆ। 1939 ਦੇ ਸ਼ੁਰੂ ਵਿੱਚ ਬਾਗ਼ੀ ਨੇਤਾ ਯੂ ਸਾਅ ਨੇ ਬੇਵਿਸਾਹੀ ਮਤੇ ਰਾਹੀਂ ਬਾ ਮਾਅ ਨੂੰ ਗੱਦੀਓਂ ਲਾਹ ਦਿੱਤਾ। ਉਸ ਦੀ ਥਾਂ ਯੂ ਪੂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਯੂ ਸਾਅ ਇਸ ਸਰਕਾਰ ਵਿੱਚ ਖੇਤੀ ਤੇ ਜੰਗਲਾਤ ਮੰਤਰੀ ਬਣ ਗਿਆ। ਯੂ ਸਾਅ ਦਾ ਸਿਆਸੀ ਸਿਤਾਰਾ ਲਗਾਤਾਰ ਬੁਲੰਦ ਹੋ ਰਿਹਾ ਸੀ। ਲਿਹਾਜ਼ਾ, ਯੂ ਪੂ ਨੂੰ ਤਾਂ ਪ੍ਰਧਾਨ ਮੰਤਰੀ ਵਜੋਂ ਬਾ ਮਾਅ ਨਾਲੋਂ ਵੀ ਘੱਟ ਸਮਾਂ ਮਿਲਿਆ। ਯੂ ਸਾਅ ਆਖ਼ਰ ਪ੍ਰਧਾਨ ਮੰਤਰੀ ਬਣ ਗਿਆ। ... ਬਸ ਇਸ ਸਮੇਂ ਤੋਂ ਬਰਮੀ ਸਿਆਸਤ ਨੇ ਸਿਆਹ ਮੋੜ ਲੈ ਲਿਆ। ਸਰਕਾਰ ਨੇ ਇਹ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਕਿ ਅਸਲ ਬਰਮੀ ਕੌਣ ਹਨ। ਭਾਰਤੀ ਇਸ ਪਰਿਭਾਸ਼ਾ ਦੇ ਦਾਇਰੇ ਅੰਦਰ ਨਹੀਂ ਸੀ ਆਉਂਦੇ। ਉਨ੍ਹਾਂ ਦਾ ਯੋਜਨਾਬੱਧ ਢੰਗ ਨਾਲ ਬਾਈਕਾਟ ਸ਼ੁਰੂ ਹੋ ਗਿਆ। ... ਸਭ ਤੋਂ ਵੱਧ ਮੰਦਾ ਹਸ਼ਰ ਅੰਤਰ-ਨਸਲੀ ਜੋੜਿਆਂ ਦੇ ਬੱਚਿਆਂ ਦਾ ਹੋਇਆ। ਭਾਰਤੀ ਲੋਕ ਉਨ੍ਹਾਂ ਨੂੰ ਬਰਮੀ ਮੰਨਦੇ ਸਨ ਜਦੋਂਕਿ ਬਰਮੀ ਉਨ੍ਹਾਂ ਨੂੰ ‘ਕਾਲੇ’ ਕਹਿ ਕੇ ਦੁਤਕਾਰਦੇ ਸਨ। (‘ਕਾਲਾ’ ਸ਼ਬਦ ਭਾਰਤੀਆਂ ਨੂੰ ਅਪਮਾਨਿਤ ਕਰਨ ਲਈ ਵਰਤਿਆ ਜਾਂਦਾ ਸੀ।) ... ਅਜਿਹੇ ਹਾਲਾਤ ਵਿੱਚ ਭਾਰਤੀਆਂ ਨੇ ਚੁੱਪ ਚੁਪੀਤਿਆਂ ਬਰਮਾ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਨ ਵਾਲਿਆਂ ਵਿੱਚ ਭਵਿੱਖ ਦਾ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਵੀ ਸ਼ਾਮਿਲ ਸੀ। ਉਸ ਦੇ ਪਿਤਾ ਮਾਂਡਲੇ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਫੈਲੋ ਸਨ। ਉਹ ਮਾਂਡਲੇ ਸ਼ਹਿਰ ਦੇ ਪੂਰਬੀ ਸਿਰੇ ਵਿੱਚ ਵਸੇ ਹੋਏ ਸਨ। ਉੱਥੇ ਰਹਿੰਦਿਆਂ ਤੇ ਬਚਪਨ ਗੁਜ਼ਾਰਦਿਆਂ ਅਮਰਤਿਆ ਸੇਨ ਨੇ ਆਪਣੀ ਆਯਾ ਪਾਸੋਂ ਕਈ ਬਰਮੀ ਸ਼ਬਦ ਸਿੱਖ ਲਏ ਸਨ। ਉਸ ਇਲਾਕੇ ਵਿੱਚ ਤੇਂਦੂਏ (ਬਘੀਰੇ) ਆਮ ਹੀ ਸਨ। ਉਨ੍ਹਾਂ ਨੂੰ ਦਰਖ਼ਤਾਂ ਵਿੱਚ ਲੁਕਿਆ ਦੇਖਣਾ ਅਮਰਤਿਆ ਸੇਨ ਨੂੰ ਮਜ਼ੇਦਾਰ ਖੇਡ ਜਾਪਦਾ ਸੀ। ਇਸੇ ਤਰ੍ਹਾਂ ਪਿਤਾ ਦੇ ਨਾਲ ਰੰਗੂਨ ਜਾਣਾ ਤੇ ਬਹਾਦਰ ਸ਼ਾਹ ਜ਼ਫ਼ਰ ਦੀ ਕਬਰ ’ਤੇ ਸਿਜਦਾ ਕਰਨਾ ਅਤੇ ਫਿਰ ਮਯਮੇਯੋ ਕਸਬੇ ਦੇ ਬੰਗਾਲੀ ਟੋਲੇ ਵਿੱਚ ਵਸੇ ਬੰਗਾਲੀ ਪਰਿਵਾਰਾਂ ਨੂੰ ਮਿਲਣਾ ਵੀ ਉਸ ਦੇ ਮਨ ਨੂੰ ਭਾਉਂਦਾ ਸੀ। ਆਪਣੀ ਆਤਮ-ਕਥਾ ਵਿੱਚ ਉਸ ਨੇ ਲਿਖਿਆ ਕਿ ‘ਉਹ ਦਿਨ ਮੇਰੀ ਜ਼ਿੰਦਗੀ ਦੇ ਸੁਹਾਵਣੇ ਦਿਨ ਸਨ’। ਪਰ 1939 ਵਿੱਚ ਉਸ ਦੇ ਪਿਤਾ ਨੇ ਮਹਿਸੂਸ ਕੀਤਾ ਕਿ ਬਰਮਾ ਵਿੱਚ ਰਹਿਣਾ ਸੁਰੱਖਿਅਤ ਨਹੀਂ। ਉਨ੍ਹਾਂ ਆਪਣੇ ਜੱਦੀ ਸ਼ਹਿਰ ਢਾਕਾ ਪਰਤਣਾ ਵਾਜਬ ਸਮਝਿਆ। ਪਿੱਛੇ ਪਿੱਛੇ ਦਰਜਨਾਂ ਬੰਗਾਲੀ ਪਰਿਵਾਰਾਂ ਨੇ ਵੀ ਬੰਗਾਲ ਵੱਲ ਚਾਲੇ ਪਾ ਦਿੱਤੇ।...

ਰਜਵਾੜਿਆਂ ਨੇ ਤੈਅ ਕੀਤੀ ਹਿੰਦ-ਪਾਕਿ ਸਰਹੱਦ

‘‘... ਜਦੋਂ ਬ੍ਰਿਟਿਸ਼ ਭਾਰਤ ਦੇ ਮਹਾਂ-ਬਟਵਾਰੇ ਦੀ ਤਿਆਰੀ ਚੱਲ ਰਹੀ ਸੀ ਤਾਂ ਇਹ ਅਜੇ ਵੀ ਅਸਪਸ਼ਟ ਸੀ ਕਿ ਉਪ ਮਹਾਂਦੀਪ ਦੇ ਉਸ 40 ਫ਼ੀਸਦੀ ਹਿੱਸੇ ਦਾ ਕੀ ਬਣੇਗਾ, ਜੋ ਰਜਵਾੜਿਆਂ ਦੇ ਅਧੀਨ ਸੀ। ਕਾਂਗਰਸ ਤੇ ਮੁਸਲਿਮ ਲੀਗ ਵਿਚਲੇ ਬਹੁਤੇ ਕੌਮਪ੍ਰਸਤਾਂ ਦੀ ਧਾਰਨਾ ਸੀ ਕਿ 565 ਰਿਆਸਤਾਂ, ਧਾਰਮਿਕ ਲੀਹਾਂ ’ਤੇ ਭਾਰਤ ਜਾਂ ਪਾਕਿਸਤਾਨ ਨਾਲ ਜੁੜਨ ਦਾ ਰਾਹ ਚੁਣਨਗੀਆਂ। ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਇਹ ਰਾਹ ਬਹੁਤਿਆਂ ਵੱਲੋਂ ਨਹੀਂ ਚੁਣਿਆ ਜਾਵੇਗਾ। ਰਿਆਸਤਾਂ ਦੀ ਤਕਦੀਰ ਸ਼ਾਹੀ ਪਰਿਵਾਰਾਂ ਦੀ ਸੋਚ ’ਤੇ ਨਿਰਭਰ ਕਰੇਗੀ, ਉਨ੍ਹਾਂ ਦੀ ਵਸੋਂ ਦੀਆਂ ਧਾਰਮਿਕ ਤਰਜੀਹਾਂ ਉੱਤੇ ਨਹੀਂ। ... ਅਸਲੀਅਤ ਇਹ ਹੈ ਕਿ ਦੱਖਣੀ ਏਸ਼ੀਆ ਦਾ ਨਕਸ਼ਾ ਬਿਲਕੁਲ ਵੱਖਰਾ ਹੋਣਾ ਸੀ ਜੇਕਰ ਰਿਆਸਤੀ ਹਾਕਮ ‘ਕਿਸ ਮੁਲਕ ਨਾਲ ਜੁੜਨਾ ਹੈ ਜਾਂ ਨਹੀਂ’ ਦਾ ਫ਼ੈਸਲਾ ਆਪ ਨਾ ਲੈਂਦੇ। ਭਾਰਤ ਦੀ ਪੱਛਮੀ ਸਰਹੱਦ ਦਾ 81 ਫ਼ੀਸਦੀ ਹਿੱਸਾ 7 ਰਜਵਾੜਿਆਂ ਦੇ ਫ਼ੈਸਲੇ ਨੇ ਤੈਅ ਕੀਤਾ। ਇੰਝ ਹੀ ਪੂਰਬੀ ਪਾਕਿਸਤਾਨ ਦੀ ਸਰਹੱਦ ਦਾ 36 ਫ਼ੀਸਦੀ ਹਿੱਸਾ 10 ਰਜਵਾੜਿਆਂ ਦੇ ਨਿਰਣਿਆਂ ਉੱਤੇ ਆਧਾਰਿਤ ਰਿਹਾ। ... ਦਰਅਸਲ, 3 ਜੂਨ 1947 ਨੂੰ ਸਥਿਤੀ ਇਹ ਸੀ ਕਿ ਬਿਲਾਸਪੁਰ ਤੋਂ ਭੁਪਾਲ ਅਤੇ ਕਸ਼ਮੀਰ ਤੋਂ ਕਲਾਤ ਤੱਕ ਸਾਰੀਆਂ ਰਿਆਸਤਾਂ ਨੇ ਭਾਰਤ ਜਾਂ ਪਾਕਿਸਤਾਨ ਤੋਂ ਬਾਹਰ ਰਹਿਣ ਦੇ ਐਲਾਨ ਕਰ ਦਿੱਤੇ ਸਨ। ਇਸੇ ਤਰ੍ਹਾਂ ਇਹ ਚਰਚਾ ਚੱਲਣੀ ਸ਼ੁਰੂ ਹੋ ਗਈ ਸੀ ਕਿ ਫਰਾਂਸ ਤੇ ਅਮਰੀਕਾ, ਹੈਦਰਾਬਾਦ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਸਤੇ ਤਿਆਰ ਹੋ ਗਏ ਸਨ। ਹੋਰ ਤਾਂ ਹੋਰ, ਭੂਟਾਨ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਜੇਕਰ ਬ੍ਰਿਟੇਨ ਨੇ ਇਹ ਉਪ ਮਹਾਂਦੀਪ ਛੱਡਣਾ ਹੀ ਹੈ ਤਾਂ ਉਹ ਭੂਟਾਨ ਨੂੰ ਉਹ ਜ਼ਮੀਨ ਵਾਪਸ ਕਰ ਦੇਵੇ ਜੋ ਉਸ ਨੇ 1886 ਵਿੱਚ ਉਸ ਪਾਸੋਂ ਖੋਹ ਲਈ ਸੀ। ਭੂਟਾਨੀ ਅਹਿਲਕਾਰਾਂ ਦਾ ਤਰਕ ਸੀ ਕਿ ਜਦੋਂ ਉਹ ਜ਼ਮੀਨ ਭਾਰਤੀ ਸੀ ਹੀ ਨਹੀਂ ਤਾਂ ਉਹ ਭੁਟਾਨ ਨੂੰ ਕਿਉਂ ਨਾ ਮੋੜੀ ਜਾਵੇ। ਅਜਿਹੀਆਂ ਮੰਗਾਂ ਤੇ ਦਲੀਲਾਂ ਤੋਂ ਭੁਟਾਨ ਸਥਿਤ ਬ੍ਰਿਟਿਸ਼ ਪੁਲਿਟੀਕਲ ਅਫਸਰ, ਆਰਥਰ ਜੇ. ਹੌਪਕਿਨਸਨ ਇਸ ਹੱਦ ਤੱਕ ਅੱਕ ਗਿਆ ਕਿ ਉਸ ਨੇ ਲਿਖਿਆ: ‘ਬ੍ਰਿਟੇਨ, ਭਾਰਤ ਨੂੰ ਆਜ਼ਾਦੀ ਨਹੀਂ ਦੇਵੇਗਾ। ਇਸ ਦੀ ਥਾਂ ਉਹ ਬੰਬਈ ਪੁਰਤਗੀਜ਼ਾਂ ਨੂੰ ਸੌਂਪ ਦੇਵੇਗਾ, ਜਿਨ੍ਹਾਂ ਨੇ 16ਵੀਂ ਸਦੀ ਦੌਰਾਨ ਉਸ ਇਲਾਕੇ ਦੀ ਪ੍ਰਭੁਤਾ ਬ੍ਰਿਟਿਸ਼ ਰਾਜਸ਼ਾਹੀ ਨੂੰ ਸੌਂਪੀ ਸੀ; ਲਖਨਊ, ਅਵਧ ਦੇ ਸਾਬਕਾ ਨਵਾਬ ਵਾਜਿਦ ਅਲੀ ਸ਼ਾਹ ਦੇ ਕਿਸੇ ਜੀਵਤ ਜਾਨਸ਼ੀਨ ਹਵਾਲੇ ਕਰ ਦਿੱਤਾ ਜਾਵੇਗਾ; ਦਿੱਲੀ ਵੀ ‘ਆਖ਼ਰੀ ਮੁਗ਼ਲ’ ਬਹਾਦਰ ਸ਼ਾਹ ਜ਼ਫ਼ਰ ਦੇ ਕਿਸੇ ਜੀਵਤ ਵਾਰਿਸ ਦੇ ਸਪੁਰਦ ਕਰ ਦਿੱਤੀ ਜਾਵੇਗੀ; ਸੰਭਾਵੀ ਪਾਕਿਸਤਾਨ ਦੇ ਬਹੁਤੇ ਹਿੱਸੇ ਸ਼ੇਰੇ ਪੰਜਾਬ ਵਾਲੀ ਲਾਹੌਰ ਦੀ ਗੱਦੀ ਦੇ ਕਿਸੇ ਸਿੱਖ ਵਾਰਿਸ ਨੂੰ ਸੌਂਪ ਦਿੱਤੇ ਜਾਣਗੇ; ਬਿਹਾਰ ਦੇ ਕਈ ਟੋਟੇ ਨੇਪਾਲ ਨੂੰ ਮੋੜ ਦਿੱਤੇ ਜਾਣਗੇ: ਬਾਕੀ ਬਚਦਾ ਭਾਰਤ, ਖ਼ਾਸ ਤੌਰ ’ਤੇ ਮੱਧ ਭਾਰਤ ਮਰਹੱਟਿਆਂ ਦੇ ਗ਼ਲਬੇ ਹੇਠ ਆ ਜਾਵੇਗਾ ਕਿਉਂਕਿ ਬ੍ਰਿਟਿਸ਼ ਸਾਮਰਾਜ ਵੱਲੋਂ ਇਹ ਇਲਾਕੇ ਉਨ੍ਹਾਂ ਪਾਸੋਂ ਹੀ ਤਾਂ ਖੋਹੇ ਗਏ ਸਨ!’ ਹੌਪਕਿਨਸਨ ਦੇ ਇਸ ਤਨਜ਼ੀਆ ਜਵਾਬ ਨੇ ਭੁਟਾਨੀ ਅਹਿਲਕਾਰਾਂ ਦੇ ਮੂੰਹ ਬੰਦ ਕਰਵਾ ਦਿੱਤੇ।

Advertisement
×