DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਗ਼ਾਰ, ਮਸ਼ਹਾਦ ਅਤੇ ਉਜਾੜੇ ਦੇ ਵੈਣ

ਇਰਾਨੀ ਰੁੱਖੇਪਣ ਦਾ ਸਭ ਤੋਂ ਕੁਸੈਲਾ ਤਜਰਬਾ ਮੈਨੂੰ ਤਹਿਰਾਨ ਦੇ ਤਜਰਿਸ਼ ਚੌਕ ਵਿੱਚ ਹੋਇਆ। ਮਸ਼ਹਾਦ ਵੱਲ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਇਸ ਚੌਕ ’ਤੇ ਖ਼ਵਾਤੀਨ (ਔਰਤਾਂ) ਦੇ ਇੱਕ ਜ਼ਬਰਦਸਤ ਮੁਜ਼ਾਹਰੇ ਦੀਆਂ ਮੈਂ ਆਪਣੇ ਸੈੱਲ ਫੋਨ ਰਾਹੀਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਇੱਕ ਪੁਲੀਸ ਵਾਲੇ ਨੇ ਮੇਰਾ ਫੋਨ ਖੋਹ ਲਿਆ। ਇੱਕ ਦੁਕਾਨਦਾਰ ਦੇ ਦਖ਼ਲ ਕਾਰਨ ਪੁਲੀਸ ਵਾਲੇ ਨੇ ਫ਼ੋਨ ਤਾਂ ਮੋਡ਼ ਦਿੱਤਾ, ਪਰ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਕੇ।
  • fb
  • twitter
  • whatsapp
  • whatsapp
Advertisement

ਮਸ਼ਹਾਦ ਦੀ ਖ਼ੱਯਾਮ ਸਟਰੀਟ ’ਤੇ ‘ਨਿਗ਼ਾਰ ਖਾਨਾ’ ਮੌਜੂਦ ਹੈ ਜਾਂ ਨਹੀਂ, ਇਹ ਪਤਾ ਲਾਉਣਾ ਹੁਣ ਮੁਸ਼ਕਿਲ ਹੈ। ਆਰਜ਼ੀ ਢਾਰੇ ਵਰਗਾ ਸੀ ਇਹ ਖੋਰਦਾਨ (ਢਾਬਾ) ਜੋ ਅਫ਼ਗ਼ਾਨ ਰਿਫ਼ਿਊਜੀ ਔਰਤ ਨਿਗ਼ਾਰ ਚਲਾਉਂਦੀ ਸੀ। 2022 ਵਿੱਚ ਆਪਣੀ 14-ਰੋਜ਼ਾ ਇਰਾਨ ਫੇਰੀ ਦੌਰਾਨ ਮੈਂ ਚਾਰ ਦਿਨ ਮਸ਼ਹਾਦ (ਅੰਗਰੇਜ਼ੀ ਉਚਾਰਣ ‘ਮਸ਼ਾਦ’) ਸ਼ਹਿਰ ਵਿੱਚ ਬਿਤਾਏ ਸਨ। ਚਾਰੋਂ ਦਿਨ ਲੰਚ ਮੈਂ ਇਸੇ ਢਾਬੇ ’ਤੇ ਕੀਤਾ। ਜਿਸ ਹੋਟਲ ਵਿੱਚ ਮੈਂ ਠਹਿਰਿਆ, ਉਹ ਖ਼ੱਯਾਮ ਸਟਰੀਟ ’ਤੇ ਹੀ ਸੀ; ਇਸ ਢਾਬੇ ਤੋਂ ਬਸ 100 ਕੁ ਮੀਟਰ ਦੇ ਫ਼ਾਸਲੇ ’ਤੇ। ਬ੍ਰੈਕਫਾਸਟ ਤਾਂ ਹੋਟਲ ਵਿੱਚ ਕਿਆਮ ਦੇ ਪੈਕੇਜ ਦਾ ਹਿੱਸਾ ਸੀ; ਡਿਨਰ ਵੀ ਮੈਂ ਹੋਟਲ ਵਿੱਚ ਹੀ ਕਰਦਾ ਰਿਹਾ। ਹਾਂ, ਲੰਚ ਰੋਜ਼ ਬਾਹਰ ਕਰਨ ਦਾ ਇਰਾਦਾ ਤਹਿਰਾਨ ਤੋਂ ਰੁਖ਼ਸਤੀ ਵੇਲੇ ਹੀ ਬਣਾ ਲਿਆ ਸੀ। ਇਸ ਇਰਾਦੇ ਦੀ ਪੂਰਤੀ ਦਾ ਆਗਾਜ਼ ਮਸ਼ਹਾਦ ਵਿੱਚ ਪਹਿਲੇ ਹੀ ਦਿਨ ਤੋਂ ਹੋ ਗਿਆ। ਸਵੇਰੇ ਅੱਠ ਵਜੇ ਹੋਟਲ ਪਹੁੰਚਿਆ ਤਾਂ ਬ੍ਰੈਕਫਾਸਟ ਲਈ ਦਸਤਰਖ਼ਾਨ ਸੱਜ ਗਿਆ ਸੀ। ਇਸ ਤੋਂ ਵਿਹਲਾ ਹੋ ਕੇ ਪਹਿਲਾਂ ਤਾਂ ਰਾਤ ਦਾ ਉਨੀਂਦਰਾ ਲਾਹੁਣ ਦਾ ਕੰਮ ਪੂਰਾ ਕੀਤਾ। ਦੋ-ਢਾਈ ਘੰਟਿਆਂ ਬਾਅਦ ਜਾਗਿਆ ਤਾਂ ਨਹਾਉਣ ਮਗਰੋਂ ਲੰਚ ਬਾਹਰ ਕਰਨ ਦਾ ਮਨ ਬਣਾਇਆ। ਹੋਟਲ ਤੋਂ ਬਾਹਰ ਨਿਕਲਿਆ ਹੀ ਸਾਂ ਕਿ ਤੰਦੂਰ ’ਤੇ ਪੱਕ ਰਹੀਆਂ ਬਾਰਬਰੀ ਰੋਟੀਆਂ ਦੀ ਖੁਸ਼ਬੂ ਨੇ ਮੇਰੇ ਪੈਰ ‘ਨਿਗ਼ਾਰ ਖਾਨਾ’ ਵੱਲ ਮੋੜ ਦਿੱਤੇ। ਝੱਟ ਫ਼ੈਸਲਾ ਲੈ ਲਿਆ ਕਿ ਗ਼ਜ਼ਾ-ਇ-ਖ਼ਿਆਬਾਨੀ (ਸਟਰੀਟ ਫੂਡ) ਅਜ਼ਮਾਉਣ ਦੀ ਸ਼ੁਰੂਆਤ ਇਸੇ ਥਾਂ ਤੋਂ ਕੀਤੀ ਜਾਵੇ।

ਚਾਰ ਮੇਜ਼ਾਂ ’ਤੇ ਬੈਠਣ ਲਈ ਛੇ ਕੁ ਬੈਂਚ ਸਨ ਉੱਥੇ। ਦੋ ਅਫ਼ਗ਼ਾਨ ਕਾਮੇ ਤੰਦੂਰਾਂ ਤੇ ਚੁੱਲ੍ਹਿਆਂ ਨੂੰ ਸੰਭਾਲ ਰਹੇ ਸਨ। ਤੀਜਾ ਉਨ੍ਹਾਂ ਦਾ ਸਹਾਇਕ ਵੀ ਸੀ ਅਤੇ ਢਾਬੇ ਦੀ ਮਾਲਕਣ ਨਿਗ਼ਾਰ ਦਾ ਵੀ। ਉਹ ਗੱਲਾ ਸੰਭਾਲਣ ਦੇ ਨਾਲ ਨਾਲ ਗਾਹਕਾਂ ਨਾਲ ਵੀ ਨਿਪਟ ਰਿਹਾ ਸੀ। ਸਿੱਖ ਗਾਹਕ ਨੂੰ ਦੇਖ ਕੇ ਪਹਿਲਾਂ ਤਾਂ ਉਹ ਚੌਂਕੀ, ਫਿਰ ਸਵਾਲ ਦਾਗ਼ ਦਿੱਤਾ: ‘ਇੰਦੂਸਤਾਨੀ?’। ਮੈਂ ਸਿਰ ਹਿਲਾਇਆ। ਉਹ ਅਟਕ-ਅਟਕ ਕੇ ਅੰਗਰੇਜ਼ੀ ਬੋਲ ਲੈਂਦੀ ਸੀ। ਮੈਂ ਉਸ ਨੂੰ ਕਿਹਾ ਕਿ ਉਹ ਬਾਰਬਰੀ ਰੋਟੀ (ਆਟੇ ਦੀ ਖ਼ਮੀਰੀ ਰੋਟੀ ਜਿਸ ਉੱਪਰ ਤਿਲ ਛਿੜਕੇ ਹੁੰਦੇ ਹਨ) ਦੇ ਨਾਲ ਉਹ ਸਬਜ਼ੀ ਖੁਆਏ ਜਿਸ ਵਿੱਚ ਭੇਡ ਜਾਂ ਗਊ ਦਾ ਮਾਸ ਨਾ ਹੋਏ। ਪੰਜ ਮਿੰਟਾਂ ਦੇ ਅੰਦਰ ਉਹ ਰੋਟੀ ਦੇ ਨਾਲ ਬੈਂਗਣ, ਚਿਕਨ ਕੀਮੇ ਤੇ ਹਰੇ ਮਟਰਾਂ ਵਾਲਾ ਭੜਥਾ ਅਤੇ ਪਨੀਰ ਕੋਰਮਾ ਲੈ ਆਈ। ਨਾਲ ਹੀ ਸਵਾਗਤੀ ਡਰਿੰਕ ਵਜੋਂ ਇਰਾਨੀ ਲੱਸੀ (ਦੂਗ਼)। ਇਰਾਨੀ ਪਾਕ-ਪਕਵਾਨਾਂ ਵਿੱਚੋਂ ਬਹੁਤ ਸਾਰੇ ਉੱਤਰ ਭਾਰਤੀ ਪਕਵਾਨਾਂ, ਖ਼ਾਸ ਕਰ ਕੇ ਮੁਗ਼ਲਈ ਪਕਵਾਨਾਂ ਵਰਗੇ ਹੁੰਦੇ ਹਨ। ਫ਼ਰਕ ਸਿਰਫ਼ ਤੇਲ, ਮਸਾਲਿਆਂ ਤੇ ਮਿਰਚਾਂ ਦਾ ਹੈ। ਉਹ ਇਹ ਘੱਟ ਵਰਤਦੇ ਹਨ। ਧਨੀਏ, ਪੁਦੀਨੇ ਤੇ ਨਿੰਬੂਆਂ ਦੀ ਵਰਤੋਂ ਉਹ ਸਾਡੇ ਨਾਲੋਂ ਵੱਧ ਕਰਦੇ ਹਨ। ਕਬਾਬ, ਬਿਰਿਆਨੀ, ਟਿੱਕਾ, ਪਨੀਰ ਸਾਡੇ ਮੁਲਕ ਵਿੱਚ ਉੱਥੋਂ ਹੀ ਆਏ ਹਨ। ਪਨੀਰ, ਉੱਥੇ ਵੀ ਪਨੀਰ (ਅਜ਼ਰਬਾਇਜਾਨ ਵਿੱਚ ਪੰਦੀਰ) ਹੀ ਹੈ। ਇਸ ਨੂੰ ਉਹ ਨਾ ਖੱਟਾ ਹੋਣ ਦਿੰਦੇ ਹਨ ਅਤੇ ਨਾ ਹੀ ਕੈੜਾ; ਇਸੇ ਲਈ ਇਹ ਕੱਚਾ ਖਾਣਾ ਵੀ ਸੁਆਦਲਾ ਲੱਗਦਾ ਹੈ। ਬਹਰਹਾਲ, ਨਿਗ਼ਾਰ ਨੇ ਜੋ ਖਾਣਾ ਖੁਆਇਆ, ਉਹ ਪੇਟ ਨੂੰ ਵੀ ਤ੍ਰਿਪਤ ਕਰ ਗਿਆ ਅਤੇ ਰੂਹ ਨੂੰ ਵੀ। ਖਾਣਾ ਮੁੱਕਦਿਆਂ ਹੀ ਉਹ ਮੇਰੇ ਲਈ ਫਰੂਟ ਕਰੀਮ ਦਾ ਛੋਟਾ ਜਿਹਾ ਬਾਊਲ ਲੈ ਆਈ ਅਤੇ ਨਾਲ ਹੀ ਇੱਕ ਬੈਂਚ ਧਰੀਕ ਕੇ ਮੇਰੇ ਸਾਹਮਣੇ ਆ ਬੈਠੀ। ਉਹ ਮੇਰੇ ਕੋਲੋਂ ਕਈ ਕੁਝ ਪੁੱਛਣਾ ਚਾਹੁੰਦੀ ਸੀ। ਉਸ ਨੇ ਇਸ ਦੇ ਦੋ ਕਾਰਨ ਗਿਣਾਏ। ਇੱਕ ਤਾਂ ਸੱਤ ਮਹੀਨਿਆਂ ਬਾਅਦ ਉਸ ਦੇ ‘ਖ਼ੋਰਦਾਨ’ ਉੱਤੇ ਕੋਈ ਭਾਰਤੀ ਆਇਆ ਸੀ; ਅਤੇ ਦੂਜਾ ਆਪਣੀ ਜ਼ਿੰਦਗੀ ਵਿੱਚ ਉਸ ਨੇ ਪਹਿਲੀ ਵਾਰ ‘ਇੰਦੂਸਤਾਨੀ ਸਿਰਦਾਰ’ ਦੇਖਿਆ ਸੀ। ਉਸ ਨੂੰ ਸਿੱਖ ਸ਼ਨਾਖ਼ਤ ਬਾਰੇ ਮਾੜਾ ਮੋਟਾ ਪਤਾ ਸੀ। ਹਿਰਾਤ (ਅਫ਼ਗ਼ਾਨਿਸਤਾਨ) ਵਿੱਚ ਬਿਤਾਏ ਬਚਪਨ ਦੌਰਾਨ ਉਨ੍ਹਾਂ ਦਾ ਹਕੀਮ ਅਫ਼ਗ਼ਾਨ ਸਿੱਖ ਸੀ, ਪਰ ਉਹ ‘ਇੰਦੂਸਤਾਨੀ ਸਿਰਦਾਰਾਂ’ ਵਰਗਾ ਨਹੀਂ ਸੀ ਲੱਗਦਾ।

Advertisement

ਨਿਗ਼ਾਰ ਦੇ ਮਾਪੇ 1986 ਵਿੱਚ ਹਿਰਾਤ ਸੂਬੇ ਤੋਂ ਹਿਜਰਤ ਕਰ ਕੇ ਇਰਾਨ ਆਏ ਸਨ। ਸੋਵੀਅਤ ਫ਼ੌਜਾਂ ਤੇ ਅਫ਼ਗ਼ਾਨ ਬਾਗ਼ੀਆਂ ਦਰਮਿਆਨ ਨਿੱਤ ਦੀ ਖਹਿਬਾਜ਼ੀ ਨੇ ਉੱਥੇ ਉਨ੍ਹਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਸੀ। ਉਦੋਂ ਉਹ ਮਹਿਜ਼ ਸੱਤ ਵਰ੍ਹਿਆਂ ਦੀ ਸੀ। ਉਸ ਹਿਸਾਬ ਨਾਲ ਅਗਸਤ 2022 ਵਿੱਚ ਉਹ 43 ਵਰ੍ਹਿਆਂ ਦੀ ਹੋਵੇਗੀ। ਲੱਗਦੀ ਵੀ ਇਸੇ ਉਮਰ ਦੀ ਸੀ। ਗੋਲ ਚਿਹਰਾ; ਰੰਗ ਗੋਰਾ, ਸੂਹੀ ਭਾਹ ਵਾਲਾ; ਜੁੱਸੇ ਵੱਲੋਂ ਗੋਲ-ਮਟੋਲ। ਸਿਰ ’ਤੇ ਕਾਲਾ ਸਕਾਰਫ਼, ਤਨ ਮੂੰਗੀਆ ਰੰਗ ਦੀ ਚੋਗਾਨੁਮਾ ਪੁਸ਼ਾਕ ਨਾਲ ਢਕਿਆ ਹੋਇਆ। ਸਿਰਫ਼ ਚਿਹਰਾ ਤੇ ਹੱਥ ਹੀ ਅਣਕੱਜੇ। ਸੁਭਾਅ ਵੱਲੋਂ ਹਸਮੁੱਖ ਤੇ ਪੱਕੀ ਗਲਾਧੜ। ਉਸ ਦਿਨ ਖਾਣੇ ਮਗਰੋਂ ਉਸ ਨੇ ਮੈਨੂੰ ਪੌਣਾ ਘੰਟਾ ਉੱਠਣ ਨਹੀਂ ਸੀ ਦਿੱਤਾ। ਉਂਜ, ਏਨੇ ਕੁ ਸਮੇਂ ਅਤੇ ਉਸ ਵੱਲੋਂ ਟੁੱਟੀ-ਫੁੱਟੀ ਅੰਗਰੇਜ਼ੀ+ਦਾਰੀਨੁਮਾ ਉਰਦੂ ਵਿੱਚ ਹੋਈ ਗੱਲਬਾਤ ਤੋਂ ਮੈਂ ਇਹ ਜਾਣ ਗਿਆ ਕਿ ਉਹ ਤਾਜਿਕ ਮੂਲ ਦੀ ਅਫ਼ਗ਼ਾਨ ਹੈ; ਉਸ ਦਾ ਸ਼ੌਹਰ ਅਫ਼ਸ਼ੰਦ, ਮਸ਼ਹਾਦ ਵਿੱਚ ਹੀ ਟੈਕਸੀ ਚਲਾਉਂਦਾ ਹੈ; ਉਸ ਦੇ ਚਾਰ ਬੱਚੇ ਹਨ, ਚਾਰੋਂ ਸਕੂਲ ਪੜ੍ਹਦੇ ਹਨ। ਮਕਾਨ ਉਨ੍ਹਾਂ ਨੇ ਆਪਣਾ ਬਣਾ ਲਿਆ ਹੈ, ਪਰ ਕਾਗਜ਼ਾਂ ਵਿੱਚ ਮਲਕੀਅਤ ਇੱਕ ਇਰਾਨੀ ਦੇ ਨਾਂਅ ਹੈ ਕਿਉਂਕਿ ਰਿਫਿਊਜੀਆਂ ਨੂੰ ਇਰਾਨ ਵਿੱਚ ਜਾਇਦਾਦ ਬਣਾਉਣ ਦੀ ਖੁੱਲ੍ਹ ਨਹੀਂ। ਜੇ ਉਹ ਇਹ ਬੰਦਸ਼ ਤੋੜਦੇ ਹਨ ਤਾਂ ਉਨ੍ਹਾਂ ਤੋਂ ਉਹ ਸਾਰੀਆਂ ਸਹੂਲਤਾਂ ਖੁੱਸ ਜਾਂਦੀਆਂ ਹਨ ਜੋ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ ‘ਯੂਐੱਨ-ਏਡ’ ਅਤੇ ਇਰਾਨ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ (ਸੜਕ ਕੰਢੇ ਆਰਜ਼ੀ ਢਾਬਾ ਖੋਲ੍ਹਣਾ ਸਹੂਲਤਨੁਮਾ ਰਿਆਇਤਾਂ ਦੀ ਇੱਕ ਮਿਸਾਲ ਸੀ)। ਟੈਕਸੀ ਚਾਲਕ ਵਾਲੀ ਜਾਣਕਾਰੀ ਫ਼ੌਰੀ ਤੌਰ ’ਤੇ ਮੇਰੇ ਕੰਮ ਆਈ; ਨਾਲ ਹੀ ਮਾਇਕ ਤੌਰ ’ਤੇ ਵੀ ਫ਼ਾਇਦੇਮੰਦ ਸਾਬਤ ਹੋਈ। ਮੇਰੇ ਇਹ ਕਹਿਣ ’ਤੇ ਕਿ ਮਸ਼ਹਾਦ ਘੁੰਮਣ ਲਈ ਮੈਨੂੰ ਟੈਕਸੀ ਦੀ ਲੋੜ ਹੈ, ਉਸ ਨੇ ਝੱਟ ਮੋਬਾਈਲ ਦੇ ਬਟਨ ਦੱਬ ਕੇ ਅਫ਼ਸ਼ੰਦ ਨੂੰ ਬੁਲਾ ਲਿਆ। ਉਸ ਦਿਨ ਦੀ ਸ਼ਾਮ ਤੇ ਅਗਲੇ ਤਿੰਨ ਦਿਨ ਉਹ ਡਰਾਈਵਰੀ ਦੇ ਨਾਲ ਨਾਲ ਮੇਰਾ ਗਾਈਡ ਬਣ ਕੇ ਵਿਚਰਦਾ ਰਿਹਾ। ਭਾੜਾ ਵੀ ਉਸ ਨੇ ਉਹ ਲਿਆ ਜੋ ਮੁਕਾਮੀ ਲੋਕਾਂ ਤੋਂ ਲਿਆ ਜਾਂਦਾ ਸੀ, ਵਿਦੇਸ਼ੀਆਂ ਵਾਲਾ ਰੇਟ ਮੈਥੋਂ ਨਹੀਂ ਮੰਗਿਆ। ਇਹ ਨਿਆਮਤ ਤੋਂ ਘੱਟ ਨਹੀਂ ਸੀ। ਦਰਅਸਲ, ਇਰਾਨ ਵਿੱਚ ਵਿਦੇਸ਼ੀਆਂ ਲਈ ਦੋ ਚੀਜ਼ਾਂ ਹੀ ਸੱਚਮੁੱਚ ਮਹਿੰਗੀਆਂ ਹਨ: ਹੋਟਲ ਤੇ ਟੈਕਸੀਆਂ। ਦੋਵਾਂ ਦੇ ਮਾਲਕ, ਵਿਦੇਸ਼ੀਆਂ ਦੀ ਪੂਰੀ ਛਿੱਲ ਲਾਹੁੰਦੇ ਹਨ। ਅਫ਼ਸ਼ੰਦ ਨੇ ਅਜਿਹਾ ਕੋਈ ਲੋਭ-ਲਾਲਚ ਨਹੀਂ ਦਿਖਾਇਆ। ਦਿੱਕਤ ਬਸ ਇੱਕੋ ਰਹੀ: ਉਸ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਸੀ ਆਉਂਦੀ। ਹਾਂ, ਦਾਰੀਨੁਮਾ ਉਰਦੂ ਬੋਲ ਲੈਂਦਾ ਸੀ। ਮੈਂ ਵੀ ਅੰਦਾਜ਼ੇ ਨਾਲ ਉਸ ਦੀ ਗੱਲ ਸਮਝਣੀ ਅਗਲੇ ਦਿਨ ਤਕ ਸਿੱਖ ਗਿਆ।

* * *

ਢਾਬੇ ਦਾ ਨਾਮ ‘ਨਿਗ਼ਾਰ ਖਾਨਾ’ ਕਿਉਂ? ਇਹ ਸਵਾਲ ਮੈਂ ਦੂਜੇ ਦਿਨ ਨਿਗ਼ਾਰ ਨੂੰ ਕੀਤਾ। ਨਗ਼ਾਰਖਾਨਾ ਜਾਂ ਨੱਕਾਰਖਾਨਾ ਫ਼ਾਰਸੀ ਦੇ ਸ਼ਬਦ ਹਨ। ਇਨ੍ਹਾਂ ਤੋਂ ਭਾਵ ਹੈ ਨਗਾਰੇ ਜਾਂ ਹੋਰ ਸੰਗੀਤਕ ਸਾਜ਼ ਸੰਭਾਲਣ ਜਾਂ ਵਜਾਉਣ ਦੀ ਥਾਂ। ਇਸ ਨੂੰ ਨੌਬਤਖਾਨਾ ਵੀ ਕਿਹਾ ਜਾਂਦਾ ਹੈ। ਫ਼ਾਰਸੀ ਵਿੱਚ ਖਾਨਾ ਤੋਂ ਭਾਵ ਹੈ ਕਮਰਾ ਜਾਂ ਚੈਂਬਰ। ਮੈਨੂੰ ਇਹ ਤਾਂ ਸਮਝ ਆ ਗਈ ਕਿ ਢਾਬੇ ਦਾ ਨਾਂਅ ਨਿਗ਼ਾਰ ਨੇ ਆਪਣੇ ਨਾਲ ਜੋੜ ਕੇ ਰੱਖਿਆ ਹੈ, ਪਰ ਮੋਟੇ ਤੌਰ ’ਤੇ ਇਹ ਬਹੁਤਾ ਜਚਿਆ ਨਹੀਂ। ਉਹ ਮੇਰਾ ਸਵਾਲ ਸੁਣ ਕੇ ਹੱਸ ਪਈ। ਫਿਰ ਕਹਿਣ ਲੱਗੀ ਕਿ ਦਾਰੀ ਭਾਸ਼ਾ ਵਿੱਚ ਖਾਨਾ ਤੋਂ ਭਾਵ ਹੈ ਫੂਡ (ਖਾਣਾ)। ਨਿਗ਼ਾਰ ਖਾਨਾ ਦਾ ਮਤਲਬ ਹੈ ਨਿਗ਼ਾਰ ਦਾ ਖਾਣਾ। ਫਿਰ ਉਹ ਦੱਸਣ ਲੱਗੀ ਕਿ ਉਹ ਪਹਿਲਾਂ ‘ਖਾਨਾ ਖਜ਼ਾਨਾ’ ਨਾਂਅ ਰੱਖਣ ਵਾਲੀ ਸੀ, ਸ਼ੈੱਫ ਸੰਜੀਵ ਕਪੂਰ ਦੇ ਪ੍ਰੋਗਰਾਮ (ਹੁਣ ਟੀਵੀ ਚੈਨਲ) ਦੇ ਨਾਂਅ ’ਤੇ। ਪਰ ਫਿਰ ਉਸ ਨੂੰ ਆਪਣਾ ਨਾਂਅ ਵਰਤਣਾ ਬਿਹਤਰ ਜਾਪਿਆ। ਸੰਜੀਵ ਕਪੂਰ ਦੀਆਂ ਰੀਲਾਂ ਦੀ ਉਹ ਦੀਵਾਨੀ ਸੀ। ਇਰਾਨ ਵਿੱਚ ਵਿਦੇਸ਼ੀ ਸੈਟੇਲਾਈਟ ਚੈਨਲ ਦਿਖਾਏ ਨਹੀਂ ਜਾਂਦੇ, ਪਰ ਐਪਸ ਉੱਤੇ ਉਦੋਂ ਕੋਈ ਬੰਦਿਸ਼ ਨਹੀਂ ਸੀ। ਨਿਗ਼ਾਰ ਨੂੰ ਭਾਰਤੀ ਸੀਰੀਅਲ ਤੇ ਖਾਣ-ਪਕਵਾਨ ਦੇ ਪ੍ਰੋਗਰਾਮ ਪਸੰਦ ਸਨ। ਉਹ ਆਪਣੇ ਮੋਬਾਈਲ ’ਤੇ ਅਕਸਰ ਇਹ ਦੇਖਦੀ ਰਹਿੰਦੀ ਸੀ; ਢਾਬੇ ’ਤੇ ਰੁਝੇਵੇਂ ਦੇ ਸਮੇਂ ਵੀ। ਸ਼ਾਇਦ ਇਸੇ ਕਾਰਨ ਉਸ ਦੇ ਖਾਣੇ ਦਾ ਜ਼ਾਇਕਾ ਵੀ ਥੋੜ੍ਹਾ ਬਹੁਤ ਉੱਤਰ ਭਾਰਤੀਆਂ ਵਾਲਾ ਸੀ।

* * *

ਖ਼ੂਬਸੂਰਤ ਸ਼ਹਿਰ ਹੈ ਮਸ਼ਹਾਦ। ਇਸ ਸਾਲ ਜੂਨ ਮਹੀਨੇ ਡੋਨਲਡ ਟਰੰਪ ਦੇ ਬੰਬਾਰਾਂ ਵੱਲੋਂ ਭਾਰੀ ਭਾਰੀ ਬੰਬ ਸੁੱਟੇ ਜਾਣ ਦੇ ਬਾਵਜੂਦ ਸ਼ਹਿਰ ਨੂੰ ਬਹੁਤਾ ਨੁਕਸਾਨ ਨਹੀਂ ਪੁੱਜਿਆ। (ਇਹ ਜਾਣਕਾਰੀ ਮੇਰੇ ਵੱਲੋਂ ਫ਼ੋਨ ਕੀਤੇ ਜਾਣ ’ਤੇ ਹੋਟਲ ਦੇ ਰਿਸੈਪਸ਼ਨਿਸਟ ਨੇ ਦਿੱਤੀ)। ਇਜ਼ਰਾਇਲੀ ਮਿਜ਼ਾਈਲ ਤਾਂ ਇਸ ਸ਼ਹਿਰ ਤੱਕ ਪਹੁੰਚ ਹੀ ਨਹੀਂ ਸਕੇ। ਇਰਾਨ ਦੇ ਧੁਰ ਪੂਰਬ ਵਿੱਚ ਹੋਣ ਦਾ ਇਸ ਨੂੰ ਫ਼ਾਇਦਾ ਹੋਇਆ ਹੈ। ਕੌਮੀ ਰਾਜਧਾਨੀ ਤਹਿਰਾਨ ਤੋਂ 900 ਕਿਲੋਮੀਟਰ ਤੋਂ ਵੱਧ ਦੂਰ ਪੈਂਦਾ ਹੈ ਮਸ਼ਹਾਦ। ਪੀਣ ਦੇ ਪਾਣੀ ਦੀ ਉੱਥੇ ਕਮੀ ਨਹੀਂ। ਮੈਂ ਤਹਿਰਾਨ ਤੋਂ ਰੇਲ ਰਾਹੀਂ ਉੱਥੇ ਪਹੁੰਚਿਆ ਸਾਂ। ਸੁਪਰਫਾਸਟ ਗੱਡੀ ਹੋਣ ਦੇ ਬਾਵਜੂਦ ਸਫ਼ਰ ਨੇ 12 ਘੰਟਿਆਂ ਤੋਂ ਵੱਧ ਸਮਾਂ ਲੈ ਲਿਆ। ਸਫ਼ਰ ਰਾਤ ਦਾ ਹੋਣ ਕਾਰਨ ਮੈਨੂੰ ਇਹੋ ਮਲਾਲ ਰਿਹਾ ਕਿ ਮੈਂ ਇਰਾਨੀ ਲੈਂਡਸਕੇਪ ਨਹੀਂ ਦੇਖ ਸਕਿਆ।

ਇਤਿਹਾਸਕ ਨਗਰ ਹੈ ਮਸ਼ਹਾਦ। ਸਥਾਨਕ ਲੋਕ ਇਸ ਨੂੰ ਮਸ਼ਹੱਦ ਵੀ ਬੋਲਦੇ-ਦੱਸਦੇ ਹਨ। ਰਜ਼ਾਵੀ ਖ਼ੁਰਾਸਾਨ ਸੂਬੇ ਦੀ ਰਾਜਧਾਨੀ ਹੈ ਇਹ। ਆਬਾਦੀ 16 ਲੱਖ ਦੇ ਕਰੀਬ ਦੱਸੀ ਜਾਂਦੀ ਹੈ। 2022 ਵਿੱਚ ਇਸ ਆਬਾਦੀ ਵਿੱਚ 6 ਲੱਖ ਤੋਂ ਵੱਧ ਅਫ਼ਗ਼ਾਨ ਰਿਫਿਊਜੀ ਸ਼ਾਮਲ ਸਨ। ਸ਼ੀਆ ਮੁਸਲਮਾਨਾਂ ਲਈ ਕੌਮ ਤੋਂ ਬਾਅਦ ਇਹ ਦੂਜਾ ਵੱਡਾ ਤੀਰਥ ਅਸਥਾਨ ਹੈ। ਸ਼ੀਆ ਇਸਲਾਮ ਦੇ 8ਵੇਂ ਇਮਾਮ ਰਜ਼ਾ ਦਾ ਮਕਬਰਾ ਹੈ ਇੱਥੇ। ਉਹ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ, ਖ਼ਾਸ ਕਰ ਕੇ ਉਨ੍ਹਾਂ ਦੇ ਚਚੇਰੇ ਭਰਾ ਤੇ ਦਾਮਾਦ ਹਜ਼ਰਤ ਅਲੀ ਦੀ ਕੁਲ ਵਿੱਚੋਂ ਸਨ। ਇਤਿਹਾਸਕ ਮਹੱਤਵ ਪੱਖੋਂ ਦੋ ਹੋਰ ਅਹਿਮ ਮਕਬਰੇ ਹਨ ਇੱਥੇ। ਇੱਕ ਨਾਦਿਰ ਸ਼ਾਹ ਦਾ ਅਤੇ ਦੂਜਾ ਫਿਰਦੌਸੀ ਦਾ। ਨਾਦਿਰ ਸ਼ਾਹ (1688-1747) ਬਿਰਤੀ ਪੱਖੋਂ ਪੱਕਾ ਧਾੜਵੀ ਤੇ ਜਰਵਾਣਾ ਸੀ। ਉਸ ਨੇ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਰਾਜਕਾਲ ਸਮੇਂ ਹਿੰਦ ਨੂੰ ਬੇਕਿਰਕੀ ਨਾਲ ਲੁੱਟਿਆ ਅਤੇ ਹੈਵਾਨਾਂ ਵਾਂਗ ਮਾਰਿਆ-ਕੁੱਟਿਆ। ਜਾਂਦੇ ਹੋਏ ਉਹ ਮੁਗ਼ਲ ਸਲਤਨਤ ਦੀ ਅਜ਼ਮਤ ਕੋਹਿਨੂਰ ਹੀਰਾ ਅਤੇ ਸ਼ਾਹ ਜਹਾਂ ਵੱਲੋਂ ਹੀਰੇ-ਜਵਾਹਰਾਤ ਦੀ ਜੜਤ ਨਾਲ ਸ਼ਿੰਗਾਰਿਆ ਤਖ਼ਤ-ਇ-ਤਾਊਸ ਜੰਗੀ ਤਾਵਾਨ ਵਜੋਂ ਆਪਣੇ ਨਾਲ ਲੈ ਗਿਆ। ਖ਼ੈਰ, ਦੋਵਾਂ ਦੀ ਸ਼ਾਨੋ-ਸ਼ੌਕਤ ਦੀ ਨੁਮਾਇਸ਼ ਕਰਨਾ ਉਸ ਨੂੰ ਨਸੀਬ ਨਹੀਂ ਹੋਇਆ। ਇਰਾਨ ਪੁੱਜਣ ’ਤੇ ਉਸ ਦਾ ਕਤਲ ਹੋ ਗਿਆ। ਕੋਹਿਨੂਰ ਉਸ ਦੇ ਅਫ਼ਗ਼ਾਨ ਜਰਨੈਲ ਅਹਿਮਦ ਸ਼ਾਹ ਅਬਦਾਲੀ ਦੇ ਵਾਰਿਸਾਂ ਰਾਹੀਂ ਅਖ਼ੀਰ ਹਿੰਦ ਪਰਤ ਆਇਆ ਅਤੇ ਕੁਝ ਸਮਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ੌਕਤ-ਅਜ਼ਮਤ ਦਾ ਪ੍ਰਤੀਕ ਬਣਿਆ ਰਿਹਾ। ਫਿਰ ਉਹ ਬ੍ਰਿਟਿਸ਼ ਸਾਮਰਾਜ ਦੀ ਸਰਬਪੱਖੀ ਸਰਦਾਰੀ ਦੀ ਨਿਸ਼ਾਨੀ ਦੇ ਤੌਰ ’ਤੇ ਲੰਡਨ ਪਹੁੰਚ ਗਿਆ। ਫਿਰਦੌਸੀ (940-1020) ਤਵਾਰੀਖਸਾਜ਼ ਤੇ ਦਾਨਿਸ਼ਵਰ ਸੀ। ਉਸ ਨੇ ਆਪਣੇ ਸ਼ਾਹਕਾਰ ਮਹਾਂ-ਕਾਵਿ ‘ਸ਼ਾਹਨਾਮਾ’ ਰਾਹੀਂ ਜਿੱਥੇ ਇਰਾਨੀ ਤਹਿਜ਼ੀਬ ਤੇ ਫ਼ਾਰਸੀ ਜ਼ੁਬਾਨ ਦੀ ਅਮੀਰੀ ਨੂੰ ਬੁਲੰਦ ਕੀਤਾ, ਉੱਥੇ ਇਸ ਤਵਾਰੀਖ ਨੂੰ ਸੰਭਾਲਣ ਅਤੇ ਇਸ ਦੀ ਕਦਰ ਕਰਨ ਦੇ ਹੁਨਰ ਨੂੰ ਵੀ ਇਰਾਨੀਆਂ ਦੇ ਅੰਦਰ ਜਾਗ੍ਰਿਤ ਕੀਤਾ। ਇਨ੍ਹਾਂ ਮਕਬਰਿਆਂ ਤੋਂ ਇਲਾਵਾ ਗੌਹਰਜ਼ਾਦ ਮਸਜਿਦ ਵੀ ਇਰਾਨੀ ਇਮਾਰਤਸਾਜ਼ੀ ਦੀ ਪ੍ਰਾਚੀਨਤਾ ਤੇ ਅਮੀਰੀ ਦੀ ਉੱਤਮ ਮਿਸਾਲ ਹੈ। ਇਸ ਦੀਆਂ ਦੀਵਾਰਾਂ ’ਤੇ ਜੜੀਆਂ ਟਾਈਲਾਂ ਕੁਦਰਤ ਦੇ ਸੁਹੱਪਣ ਤੇ ਰੰਗਾਂ ਦੀ ਸੁਮੇਲਤਾ ਨੂੰ ਦ੍ਰਿਸ਼ਮਾਨ ਕਰਦੀਆਂ ਹਨ।

* * *

ਜ਼ਹੇਦਾਨ ਸ਼ਹਿਰ ਤੋਂ ਬਾਅਦ ਮਸ਼ਹਾਦ ਦੇ ਲੋਕ ਮੈਨੂੰ ਚੰਗੇ-ਚੋਖੇ ਮਿਲਾਪੜੇ ਜਾਪੇ। ਇਸ ਤੋਂ ਉਲਟ ਤਹਿਰਾਨ ਵਿੱਚ ਅਜਿਹੀ ਨਿੱਘ ਸਿਰਫ਼ ਭਾਰਤੀ ਮੂਲ ਦੇ ਦੋ ਪਰਿਵਾਰਾਂ ਪਾਸੋਂ ਹੀ ਮਿਲੀ। ਜ਼ਹੇਦਾਨ, ਇਰਾਨ ਦੇ ਧੁਰ ਦੱਖਣੀ ਸੂਬੇ ਸੀਸਤਾਨ-ਬਲੋਚਿਸਤਾਨ ਦੀ ਰਾਜਧਾਨੀ ਹੈ। ਚਾਬਹਾਰ ਬੰਦਰਗਾਹ ਉੱਥੋਂ ਨੇੜੇ ਹੀ ਹੈ, ਜਿੱਥੇ ਭਾਰਤ ਵੱਲੋਂ ਇੱਕ ਵੱਡੀ ਗੋਦੀ ਵਿਕਸਿਤ ਕੀਤੀ ਜਾ ਰਹੀ ਹੈ। 2022 ਵਿੱਚ ਇਸ ਗੋਦੀ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਸੀ, ਜਿਸ ਤੋਂ ਇਰਾਨੀ ਅਧਿਕਾਰੀ ਨਾਖ਼ੁਸ਼ ਸਨ। ਚਾਬਹਾਰ ਤੋਂ ਭਾਵ ਹੈ ਚਾਰੋਂ ਰੁੱਤਾਂ ਵਿੱਚ ਬਹਾਰ ਜਾਂ ਸਦਾਬਹਾਰ। ਇਰਾਨ ਦੀ ਇਹ ਇੱਕੋਇੱਕ ਅਰਬ ਸਾਗਰੀ ਬੰਦਰਗਾਹ ਹੈ। ਇਰਾਨੀ ਇਸ ਨੂੰ ਹਿੰਦ ਮਹਾਂਸਾਗਰ ਤਕ ਆਪਣੀ ਸੁਖਾਵੀਂ ਪਹੁੰਚ ਲਈ ਵਰਤਣਾ ਚਾਹੁੰਦੇ ਹਨ। ਭਾਰਤੀ ਗੋਦੀ ਦੀ ਉਸਾਰੀ ਦੀ ਨਿਗਰਾਨੀ ਜ਼ਹੇਦਾਨ ਸਥਿਤ ਭਾਰਤੀ ਕੌਂਸੁਲੇਟ ਕਰ ਰਿਹਾ ਹੈ।

ਜ਼ਹੇਦਾਨ ਵਿੱਚ ਗੁਰਦੁਆਰਾ ਸਿੰਘ ਸਭਾ ਵੀ ਹੈ ਜਿਸ ਨੂੰ ਹਿੰਦੂ-ਸਿੱਖ ਟੈਂਪਲ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਜਿਸ ਦਿਨ ਮੈਂ ਉਸ ਗੁਰਦੁਆਰੇ ਦੇ ਦਰਸ਼ਨਾਂ ਲਈ ਗਿਆ ਤਾਂ ਉਸ ਦਾ ਮੁੱਖ ਦੁਆਰ ਬੰਦ ਮਿਲਿਆ। ਉਂਜ, ਭਾਰਤੀ ਕੌਂਸੁਲੇਟ ਤੋਂ ਏਨਾ ਜ਼ਰੂਰ ਪਤਾ ਲੱਗਾ ਕਿ ਦਰਜਨ ਕੁ ਸਿੱਖ ਪਰਿਵਾਰ ਜ਼ਹੇਦਾਨ ਤੇ ਆਸ-ਪਾਸ ਵਸੇ ਹੋਏ ਹਨ। ਕੁਝ ਹਿੰਦੂ ਪਰਿਵਾਰ ਵੀ ਹਨ। ਸ਼ੁੱਕਰਵਾਰ (ਜੁੰਮੇ) ਨੂੰ ਚਾਬਹਾਰ ਤੋਂ ਭਾਰਤੀ ਕਾਮੇ ਵੀ ਆ ਜਾਂਦੇ ਹਨ। ਇਸ ਤਰ੍ਹਾਂ ਗੁਰਦੁਆਰੇ ਵਿਖੇ ਦੀਵਾਨ ਸੱਜ ਜਾਂਦਾ ਹੈ। ਕਥਾ ਕੀਰਤਨ ਤੋਂ ਇਲਾਵਾ ਲੰਗਰ ਦਾ ਪ੍ਰਵਾਹ ਵੀ ਚੱਲਦਾ ਰਹਿੰਦਾ ਹੈ। ਕਦੇ ਕਦੇ ਕਰਾਚੀ ਤੋਂ ਸਿੰਧੀ ਹਿੰਦੂ-ਸਿੱਖ ਪਰਿਵਾਰ ਵੀ ਪਰਮਿਟ ਲੈ ਕੇ ਆ ਜਾਂਦੇ ਹਨ। ਗੁਰਦੁਆਰੇ ਲਈ ਜ਼ਿਆਦਾ ਚੜ੍ਹਾਵਾ ਸਿੰਧੀਆਂ ਤੋਂ ਹੀ ਆਉਂਦਾ ਹੈ।

* * *

ਤਹਿਰਾਨ ਵਿੱਚ ਮੈਨੂੰ ਜ਼ਿੰਦਗੀ ਦੀ ਵਜਦ ਥੋੜ੍ਹੀ ਪੇਚੀਦਾ ਜਾਪੀ। ਉੱਥੇ ਕੱਟੜਵਾਦ ਤੇ ਆਧੁਨਿਕਤਾ ਸਮਾਨਾਂਤਰ ਚੱਲਦੇ ਦਿਸੇ। ਇਮਾਮਨੁਮਾ ਦਿੱਖ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ, ਪਰ ਸਫ਼ਾਚੱਟ ਚਿਹਰੇ ਉਨ੍ਹਾਂ ਨਾਲੋਂ ਵੱਧ ਨਜ਼ਰ ਆਏ। ਇਸੇ ਤਰ੍ਹਾਂ, ਬੁਰਕਾਧਾਰੀ ਜਾਂ ਚਾਦਰਧਾਰੀ ਔਰਤਾਂ ਵਿਰਲੀਆਂ-ਟਾਵੀਆਂ ਸਨ, ਸਿਰ ’ਤੇ ਚੁੰਨੀ ਵਾਲੀਆਂ ਵੱਧ। ਹਿਜਾਬਾਂ ਦੇ ਵੀ ਮਾਡਰਨ ਰੂਪ ਦਿਸਦੇ ਰਹੇ। 36 ਲੱਖ ਦੀ ਵਸੋਂ ਵਾਲਾ ਇਹ ਮਹਾਂਨਗਰ ਕਿਤੇ ਪੁਰਾਣੀ ਦਿੱਲੀ ਵਰਗਾ ਅਤੇ ਕਿਤੇ ਨਵੇਂ ਅਮਾਨ (ਜੌਰਡਨ ਦੀ ਰਾਜਧਾਨੀ) ਵਰਗਾ। ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ, ਭਾਰਤੀਆਂ ਪ੍ਰਤੀ ਬਹੁਤੀ ਨਿੱਘ ਦਾ ਆਭਾਸ ਮੈਨੂੰ ਘੱਟ ਹੋਇਆ। ਸ਼ਹੀਦ ਬਹਿਸ਼ਤੀ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਇੱਕ ਪ੍ਰੋਫੈਸਰ ਨਾਲ ਵਾਰਤਾਲਾਪ ਦੌਰਾਨ ਜਦੋਂ ਮੈਂ ਇਸ ਰੁੱਖੇਪਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਬੇਬਾਕੀ ਨਾਲ ਜਵਾਬ ਦਿੱਤਾ: ‘‘ਸਾਨੂੰ ਸਵਾਲ ਕਰਨ ਦੀ ਥਾਂ ਆਪਣੇ ਅੰਦਰ ਝਾਤ ਮਾਰੋ। ਪਿਛਲੇ ਚਾਰ ਦਹਾਕਿਆਂ ਦੌਰਾਨ ਤੁਸੀਂ ਕਿਤੇ ਵੀ ਇਰਾਨ ਨਾਲ ਖੜ੍ਹੇ ਹੋਏ ਹੋ? ਅਸਲਵਾਦ ਦੇ ਨਾਂਅ ’ਤੇ ਤੁਸੀਂ ਅਮਰੀਕਾ ਦੇ ਪਿਛਲੱਗ ਬਣੇ ਹੋਏ ਹੋ। ਘੱਟੋ-ਘੱਟ ਤਹਿਰਾਨ-ਵਾਸੀ ਤਾਂ ਇਹ ਸੱਚ ਸਮਝਦੇ ਹਨ, ਬਾਕੀ ਇਰਾਨੀ ਭਾਵੇਂ ਸਮਝਣ ਜਾਂ ਨਾ।’’ ਇਸ ਤੋਂ ਬਾਅਦ ਉਸ ਨੇ ਲੰਬਾ ਲੈਕਚਰ ਕੀਤਾ ਜਿਸ ਦਾ ਤੱਤ-ਸਾਰ ਸੀ: ‘‘ਤੁਸੀਂ ਭਾਰਤੀ ਡਰਪੋਕ ਹੋ। ਇਸੇ ਕਾਰਨ ਤੁਹਾਨੂੰ ਆਪਣੀ ਤਾਕਤ ਤੇ ਅਹਿਮੀਅਤ ਦਾ ਅੰਦਾਜ਼ਾ ਨਹੀਂ।’’

ਇਰਾਨੀ ਰੁੱਖੇਪਣ ਦਾ ਸਭ ਤੋਂ ਕੁਸੈਲਾ ਤਜਰਬਾ ਮੈਨੂੰ ਤਹਿਰਾਨ ਦੇ ਤਜਰਿਸ਼ ਚੌਕ ਵਿੱਚ ਹੋਇਆ। ਮਸ਼ਹਾਦ ਵੱਲ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਇਸ ਚੌਕ ’ਤੇ ਖ਼ਵਾਤੀਨ (ਔਰਤਾਂ) ਦੇ ਇੱਕ ਜ਼ਬਰਦਸਤ ਮੁਜ਼ਾਹਰੇ ਦੀਆਂ ਮੈਂ ਆਪਣੇ ਸੈੱਲ ਫੋਨ ਰਾਹੀਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਇੱਕ ਪੁਲੀਸ ਵਾਲੇ ਨੇ ਆ ਕੇ ਮੇਰਾ ਫੋਨ ਖੋਹ ਲਿਆ। ਮਿੰਨਤ-ਤਰਲੇ ਕਰਨ ’ਤੇ ਇੱਕ ਦੁਕਾਨਦਾਰ ਨੇ ਦਖ਼ਲ ਦੇਣਾ ਵਾਜਬ ਸਮਝਿਆ। ਇਸ ਦਖ਼ਲ ਕਾਰਨ ਪੁਲੀਸ ਵਾਲੇ ਨੇ ਫ਼ੋਨ ਤਾਂ ਮੋੜ ਦਿੱਤਾ, ਪਰ ਛੇ ਮਹੀਨੇ ਪਹਿਲਾਂ ਤੱਕ ਦੀਆਂ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਕੇ। ਇਹ ਤਸਵੀਰਾਂ ਇਰਾਨ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਮੇਰੀ ਘੁਮੱਕੜੀ ਦੀਆਂ ਯਾਦਾਂ ਸਨ। ਪੰਜ ਦਿਨਾਂ ਬਾਅਦ ਮਸ਼ਹਾਦ ਕੌਮਾਂਤਰੀ ਹਵਾਈ ਅੱਡੇ ਤੋਂ ਬਾਕੂ (ਅਜ਼ਰਬਾਇਜਾਨ) ਲਈ ਫਲਾਈਟ ਲੈਣ ਤੋਂ ਪਹਿਲਾਂ ਸਕਿਉਰਿਟੀ ਚੈਕਿੰਗ ਸਮੇਂ ਫਿਰ ਅਜਿਹਾ ਹਾਦਸਾ ਵਾਪਰਿਆ। ਮੇਰੇ ਸੈੱਲ ਫੋਨ ਦੀ ਘੋਖ ਪੜਤਾਲ ਦੌਰਾਨ ਮਸ਼ਹਾਦ ਫੇਰੀ ਨਾਲ ਜੁੜੀਆਂ ਸਿਰਫ਼ ਦੋ ਤਸਵੀਰਾਂ ਹੀ ਸਲਾਮਤ ਰਹੀਆਂ। ਇਹ ਇਮਾਮ ਰਜ਼ਾ ਦੇ ਮਕਬਰੇ ਦੀਆਂ ਸਨ। ਬਾਕੀ ਸਭ ਡਿਲੀਟ। ਇਨ੍ਹਾਂ ਵਿੱਚ ਨਿਗ਼ਾਰ, ਨਿਗ਼ਾਰ ਖਾਨੇ ਤੇ ਅਫ਼ਜ਼ੰਦ ਦੀ ਟੈਕਸੀ ਅਤੇ ਫਿਰਦੌਸੀ ਦੇ ਮਕਬਰੇ ਨੇੜੇ ਇੱਕ ਕੁਰਦ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸ਼ਾਮਿਲ ਸਨ। ਮੇਰੇ ਚਿਹਰੇ ’ਤੇ ਉਤਰੀ ਨਾਖ਼ੁਸ਼ੀ ਤੇ ਨਮੋਸ਼ੀ ਨੂੰ ਉਸ ਸੁਰੱਖਿਆ ਮੁਲਾਜ਼ਮ ਨੇ ਪੜ੍ਹ ਲਿਆ। ਉਸ ਨੇ ਇੱਕ ਸੂਚਨਾ ਬੋਰਡ ਵੱਲ ਇਸ਼ਾਰਾ ਕੀਤਾ। ਅੰਗਰੇਜ਼ੀ ਇਬਾਰਤ ਵਾਲੇ ਇਸ ਬੋਰਡ ਤੋਂ ਮੈਨੂੰ ਪਹਿਲੀ ਵਾਰ ਇਹ ਗਿਆਨ ਹੋਇਆ ਕਿ ਇਰਾਨ ਵਿੱਚ ਵਿਦੇਸ਼ੀਆਂ ਵੱਲੋਂ ਤਸਵੀਰਾਂ ਖਿੱਚਣ ਜਾਂ ਵੀਡੀਓ ਬਣਾਉਣ ਦੀ ਮਨਾਹੀ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਮਨਾਹੀ ਵਾਲੀ ਬੰਦਿਸ਼ ਸਿਰਫ਼ ਇਰਾਨ ਦੀ ਨਾਂਹ-ਪੱਖੀ ਤਸਵੀਰ ਦਾ ਸ਼ੱਕ ਹੋਣ ’ਤੇ ਲਾਗੂ ਕੀਤੀ ਜਾਂਦੀ ਹੈ, ਮੇਰੇ ਫੋਨ ’ਚ ਤਾਂ ਬਹੁਤੀਆਂ ਤਸਵੀਰਾਂ ਹੀ ਅਫ਼ਗਾਨਾਂ ਦੀਆਂ ਸਨ।

* * *

ਗੱਲ ਨਿਗ਼ਾਰ ਤੇ ਨਿਗ਼ਾਰ ਖਾਨੇ ਤੋਂ ਸ਼ੁਰੂ ਹੋਈ ਸੀ। ਜੇ ਉਨ੍ਹਾਂ ਦੀ ਸਲਾਮਤੀ ਬਾਰੇ ਚਿੰਤਾ ਨਾ ਉਪਜਦੀ ਤਾਂ ਇਹ ਲਿਖਤ ਵੀ ਨਹੀਂ ਸੀ ਉਗਮਣੀ। ਚਿੰਤਾ ਵੀ ‘ਅਲ ਜਜ਼ੀਰਾ’ ਚੈਨਲ ਦੇ ‘ਇਨਸਾਈਟ’ ਪ੍ਰੋਗਰਾਮ ਨੇ ਪੈਦਾ ਕੀਤੀ, ਜੋ ਇਰਾਨ ਵੱਲੋਂ ਅਫ਼ਗ਼ਾਨ ਰਿਫਿਊਜੀਆਂ ਨੂੰ ਜਬਰੀ ਖਾਰਿਜ ਕੀਤੇ ਜਾਣ ਬਾਰੇ ਸੀ। ਇਸ ਵਿੱਚ ਮਸ਼ਹਾਦ ਤੋਂ 104 ਕਿਲੋਮੀਟਰ ਦੂਰ ਪੈਂਦੇ ਇਸਲਾਮ ਕਾਲਾ ਲਾਂਘੇ ਦੇ ਦ੍ਰਿਸ਼ ਸ਼ਾਮਲ ਸਨ। ਹੌਲਨਾਕ ਦ੍ਰਿਸ਼: ਬੇਘਰ, ਬੇਅਬਾਦ, ਬੇਵਤਨ ਹੋਏ ਲੋਕਾਂ ਦੀ ਬਦਹਾਲੀ ਦੇ। ਇਨ੍ਹਾਂ ਨੂੰ ਦੇਖਦਿਆਂ ਹੀ ਸਭ ਤੋਂ ਪਹਿਲਾਂ ਅਫ਼ਸ਼ੰਦ ਦਾ ਚਿਹਰਾ ਅੱਖਾਂ ਅੱਗੇ ਉਭਰਿਆ। ਜਨਮਜਾਤ ਜੱਦੋਜਹਿਦ ਦੀਆਂ ਲਕੀਰਾਂ ਵਾਲਾ; ਜ਼ਿੰਮੇਵਾਰੀਆਂ ਦੇ ਬੋਝ ਕਾਰਨ ਸਮੇਂ ਤੋਂ ਪਹਿਲਾਂ ਹੀ ਬਜ਼ੁਰਗੀ ਦਾ ਪੱਲਾ ਫੜਨ ਵਾਲੇ ਮਨੁੱਖ ਦਾ ਚਿਹਰਾ। ਫਿਰ, ਨਿਗ਼ਾਰ ਦਾ ਚਿਹਰਾ ਉਭਰਿਆ: ਹੱਸਦੀਆਂ ਤੇ ਨੱਚਦੀਆਂ ਅੱਖਾਂ ਵਾਲਾ ਅਤੇ ਫਿਰ ਉਸ ਦੇ ਢਾਬੇ ਦੇ ਤਿੰਨ ਕਾਮਿਆਂ ਦੇ ਧੁਆਂਖੇ ਹੋਏ ਮੁਹਾਂਦਰੇ। ਇਨ੍ਹਾਂ ਨਾਲ ਕੀ ਬੀਤੀ ਹੋਵੇਗੀ, ਇਹ ਜਾਨਣ ਦੇ ਢੰਗ-ਤਰੀਕੇ ਵੀ ਸੋਚਦਾ ਰਿਹਾ। ਹੋਟਲ ਫ਼ੋਨ ਮਿਲਾਇਆ, ਪਰ ਉਨ੍ਹਾਂ ਨੂੰ ਅਫ਼ਗ਼ਾਨ ਰਿਫਿਊਜੀਆਂ ਨਾਲ ਕੀ ਹਮਦਰਦੀ?

ਇਰਾਨ ਹਿਊਮਨ ਰਾਈਟਸ ਨਾਂਅ ਦੀ ਆਜ਼ਾਦਾਨਾ ਸੰਸਥਾ ਦਾ ਆਨਲਾਈਨ ਬੁਲੇਟਿਨ ਦੱਸਦਾ ਹੈ ਕਿ ਇਰਾਨ ਵਿੱਚ 60 ਲੱਖ ਦੇ ਕਰੀਬ ਅਫ਼ਗ਼ਾਨ ਰਿਫਿਊਜੀ ਸਨ। ਬਹੁਤੇ ਤਾਜਿਕ, ਹਜ਼ਾਰੇ, ਉਜ਼ਬੇਕ। ਪਸ਼ਤੂਨ ਮੁਕਾਬਲਤਨ ਘੱਟ ਸਨ। 1980ਵਿਆਂ ਤੇ 90ਵਿਆਂ ਵਿੱਚ ਆਏ ਸਨ ਉਹ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਉਨ੍ਹੀਂ ਦਿਨੀਂ 71 ਲੱਖ ਰਿਫਿਊਜੀਆਂ ਨੇ ਪਨਾਹ ਲਈ ਸੀ। (ਉਨ੍ਹਾਂ ਵਿੱਚੋਂ ਵੀ 20 ਲੱਖ ਤੋਂ ਵੱਧ ਨੂੰ ਪਾਕਿਸਤਾਨ ਤੋਂ ਬੇਦਖ਼ਲ ਕੀਤਾ ਜਾ ਚੁੱਕਾ ਹੈ)। ਇਰਾਨ ਦਾ ਟੀਚਾ 40 ਲੱਖ ਰਿਫਿਊਜੀਆਂ ਨੂੰ ਖਾਰਿਜ ਕਰਨ ਦਾ ਹੈ। ਉਨ੍ਹਾਂ ਉੱਪਰ ਅਮਰੀਕਾ ਤੇ ਇਜ਼ਰਾਈਲ ਵਾਸਤੇ ਜਾਸੂਸੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। 6 ਤੋਂ 16 ਜੁਲਾਈ ਤਕ 7 ਲੱਖ ਅਫ਼ਗ਼ਾਨ ਖਾਰਿਜ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੀਆਂ ਝੌਂਪੜ-ਪੱਟੀਆਂ ਤੇ ਕਾਰੋਬਾਰੀ ਅੱਡੇ ਢਾਹੇ ਜਾ ਚੁੱਕੇ ਸਨ। ਇਹ ਸਭ ਪੜ੍ਹ-ਸੁਣ ਕੇ ਅਫ਼ਸੋਸਜ਼ਦਾ ਹੋਣਾ ਸੁਭਾਵਿਕ ਹੀ ਸੀ।

ਮਸ਼ਹਾਦ ਤੋਂ ਬਾਕੂ ਵੱਲ ਰਵਾਨਗੀ ਵਾਲੇ ਦਿਨ ਅਫ਼ਸ਼ੰਦ ਮੈਨੂੰ ਕਿਤੇ ਹੋਰ ਲਿਜਾਣ ਦੀ ਥਾਂ ਇਸਲਾਮ ਕਾਲਾ ਲੈ ਗਿਆ ਸੀ। ਵਿਦੇਸ਼ੀਆਂ ਨੂੰ ਅਜਿਹੀ ਸਰਹੱਦੀ ਫੇਰੀ ਲਈ ਇਲਾਕੇ ਦੇ ਨਾਜ਼ਿਮ ਤੋਂ ਪਰਮਿਟ ਲੈਣਾ ਲਾਜ਼ਮੀ ਹੁੰਦਾ ਹੈ, ਪਰ ਅਫ਼ਸ਼ੰਦ ਨੂੰ ਕਾਨੂੰਨੀ ਚੋਰ-ਮੋਰੀਆਂ ਦਾ ਵੱਧ ਪਤਾ ਸੀ। ਉੱਥੇ ਵੀ ਸਰਹੱਦ ’ਤੇ ਸਾਡੇ ਮੁਲਕ ਵਾਂਗ 12 ਫੁੱਟੀ ਕੰਡਿਆਲੀ ਵਾੜ ਹੈ। ਗੇਟ 30 ਫੁੱਟ ਚੌੜਾ ਅਤੇ ਅੱਠ ਫੁੱਟ ਉੱਚਾ ਹੈ। ਉਸ ਦਿਨ ਤਾਂ ਉੱਥੇ ਸੁੰਨ-ਮਸਾਨ ਸੀ, ਪਰ ਅਫ਼ਸ਼ੰਦ ਨੇ ਮੈਨੂੰ ਦੂਰਬੀਨ ਸੌਂਪ ਕੇ ਇਹ ਕਿਹਾ ਸੀ ਕਿ ਮੈਂ ਉਸ ਦੀ ਮਾਦਰੇ-ਵਤਨ (ਮਾਂ-ਭੂਮੀ) ਜ਼ਰੂਰ ਦੇਖਾਂ। ਮੈਨੂੰ ਦੂਰ ਦੂਰ ਤੱਕ ਰੇਤੀਲੀ ਧਰਤੀ, ਮਟਮੈਲੇ ਪਹਾੜ ਤੇ ਹਰਿਆਲੀ ਦੇ ਨਾਂ ’ਤੇ ਕੰਡੇਦਾਰ ਝਾੜੀਆਂ ਨਜ਼ਰ ਆਈਆਂ ਸਨ। ਪਰ ਹੁਣ ਉਸ ‘ਮਾਂ-ਭੂਮੀ’ ਦੇ ਜਿਹੜੇ ਦ੍ਰਿਸ਼ ਵਿਦੇਸ਼ੀ ਚੈਨਲਾਂ ’ਤੇ ਦਿਖਾਏ ਜਾ ਰਹੇ ਹਨ, ਉਹ ਦੋਜ਼ਖ਼ ਨਾਲੋਂ ਘੱਟ ਨਹੀਂ ਜਾਪਦੇ। ਨਿ਼ਗ਼ਾਰ, ਅਫ਼ਸ਼ੰਦ ਤੇ ਉਨ੍ਹਾਂ ਵਰਗੇ ਹੋਰ ਲੋਕਾਂ ਦੀ ਹੋਣੀ ਬਾਰੇ ਜਦੋਂ ਸੋਚਦਾ ਹਾਂ ਤਾਂ ਇੱਕੋ ਸ਼ਿਕਵਾ ਮਨ ਵਿੱਚ ਉੱਭਰਦਾ ਹੈ: ਅੱਲਾ-ਪਾਕ ਨੇ ਤਾਂ ਮੌਤ ਤੋਂ ਬਾਅਦ ਦੋਜ਼ਖ਼ (ਨਰਕ) ਵਿੱਚ ਭੇਜਣਾ ਹੁੰਦਾ ਹੈ, ਉਹ ਲੱਖਾਂ-ਕਰੋੜਾਂ ਇਨਸਾਨ ਨੂੰ ਜ਼ਿੰਦਗੀ ਵਿੱਚ ਹੀ ਕਿਉਂ ਦੋਜ਼ਖ਼ ਦਾ ਭਾਗੀ ਬਣਾਉਂਦਾ ਆ ਰਿਹਾ ਹੈ?

ਮਸਜਿਦ-ਇ-ਹਿੰਦੀਆਂ ਅਤੇ ਸਿੱਖੀ ਦਾ ਸਰੂਰ

ਸੁਹੇਲ ਭਵਨਾਨੀ ਤੇ ਸਰਤਾਜ ਭਵਨਾਨੀ ਨਾਵਾਂ ਤੋਂ ਵੀ ਇਰਾਨੀ ਲੱਗਦੇ ਹਨ ਅਤੇ ਸ਼ਕਲ-ਸੂਰਤ ਤੋਂ ਵੀ। ਪਰ ਹਨ ਦੋਵੇਂ ਅਰੋੜੇ ਸਿੱਖ। ਸੁਹੇਲ ਦੀ ਪਤਨੀ ਬਹਾਈ ਹੈ ਅਤੇ ਸਰਤਾਜ ਦੀ ਇਸਾਈ। ਦੋਵੇਂ ਇਰਾਨੀ ਮੂਲ ਦੀਆਂ ਹਨ, ਪਰ ਸੁਹੇਲ ਤੇ ਸਰਤਾਜ ਦਾ ਮੂਲ ਭਾਰਤੀ ਹੈ। ਉਨ੍ਹਾਂ ਦਾ ਦਾਦਾ 1935 ਵਿੱਚ ਤਹਿਰਾਨ ਆਇਆ ਸੀ, ਮੁਲਤਾਨ ਤੋਂ। ਉਹ ਹਿੰਦੀ ਫਿਲਮਾਂ ਦੇ ਨਾਇਕ ਰਣਵੀਰ ਸਿੰਘ ਦੇ ਦਾਦੇ ਸੁੰਦਰ ਸਿੰਘ ਭਵਨਾਨੀ ਦੇ ਕੁਨਬੇ ਵਿੱਚੋਂ ਸੀ। ਰਣਵੀਰ ਬਾਰੇ ਅਕਸਰ ਇਹ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਉਹ ਸਿੰਧੀ ਸਿੱਖ ਹੈ। ਇਹ ਭਰਮ ਸੁੰਦਰ ਸਿੰਘ ਦੇ ਕਰਾਚੀ ਤੋਂ ਮੁੰਬਈ ਜਾਣ ਕਾਰਨ ਹੈ। ਸੁੰਦਰ ਸਿੰਘ, ਦਰਅਸਲ, ਮੁਲਤਾਨ ਤੋਂ ਗਵਰਨਮੈਂਟ ਕਾਲਜ, ਲਾਹੌਰ ਪੜ੍ਹਨ ਗਿਆ। ਉੱਥੋਂ ਉਹ 1938 ਵਿੱਚ ਕਰਾਚੀ ’ਚ ਇੱਕ ਜਹਾਜ਼ਰਾਨੀ ਕੰਪਨੀ ਦੀ ਨੌਕਰੀ ਲਈ ਚਲਾ ਗਿਆ। ਉਸ ਦਾ ਪਰਿਵਾਰ ਪੈਸੇ ਪੱਖੋਂ ਕਾਫ਼ੀ ਸੌਖਾ ਸੀ। ਸੁੰਦਰ ਸਿੰਘ ਨੇ ਨੌਕਰੀ ਛੱਡ ਕੇ ਬਰਾਮਦ-ਦਰਾਮਦ ਕੰਪਨੀ ਖੋਲ੍ਹਣ ਵਿੱਚ ਦੇਰ ਨਹੀਂ ਲਾਈ। ਸੰਤਾਲੀ ਤੋਂ ਮਗਰੋਂ ਮੁੰਬਈ ਵਿੱਚ ਵੀ ਉਹਨੇ ਇਹੋ ਕਾਰੋਬਾਰ ਕੀਤਾ। ਨਾਲ ਹੀ ਰੀਅਲ ਅਸਟੇਟ ਦਾ ਕੰਮ ਸ਼ੁਰੂ ਕਰ ਲਿਆ। ਸਾਬਤ-ਸੂਰਤ ਤੇ ਸਜੀਲਾ ਸਿੱਖ ਸਰਦਾਰ ਸੀ ਉਹ। 1955 ਵਿੱਚ ਫਿਲਮ ਅਭਿਨੇਤਰੀ ਚਾਂਦ ਬਰਕ ਨੇ ਉਸ ਦੇ ਨਾਲ ਵਿਆਹ ਦੀ ਪੇਸ਼ਕਸ਼ ਕੀਤੀ। ਇਹ ਝੱਟ ਪ੍ਰਵਾਨ ਹੋ ਗਈ।

ਚਾਂਦ ਨੇ ਫਿਲਮੀ ਜੀਵਨ ਦੀ ਸ਼ੁਰੂਆਤ 1946 ਵਿੱਚ ਲਾਹੌਰ ਤੋਂ ਕੀਤੀ ਸੀ। ਉਹ ਲਾਇਲਪੁਰ ਦੇ ਚੌਧਰੀ ਖ਼ੈਰੂਦੀਨ ਬਰਕ ਦੀ ਬੇਟੀ ਸੀ। ਖ਼ੈਰੂਦੀਨ ਮਿਡਲ ਸਕੂਲ ਦਾ ਹੈੱਡਮਾਸਟਰ ਸੀ। ਉਹਦਾ ਪਿਤਾ ਮੁਸਲਮਾਨ ਤੋਂ ਇਸਾਈ ਬਣਿਆ ਸੀ। ਇਸੇ ਲਈ ਖ਼ੈਰੂਦੀਨ ਨੂੰ ਮਿਸ਼ਨਰੀ ਸਕੂਲਾਂ ਤੇ ਸਰਕਾਰੀ ਕਾਲਜਾਂ ਵਿੱਚ ਚੰਗੀਆਂ ਰਿਆਇਤਾਂ ਮਿਲੀਆਂ। ਬਰਕ ਫ਼ਾਰਸੀ ਦਾ ਸ਼ਬਦ ਹੈ। ਅਰਥ ਹੈ ਹੈੱਡਮਾਸਟਰ। ਖ਼ੈਰੂਦੀਨ ਸ਼ਾਇਰੀ ਕਰਦਾ ਸੀ। ਉਸ ਨੇ ਆਪਣੇ ਪੇਸ਼ੇ ਨੂੰ ਤਖੱਲਸ ਬਣਾ ਲਿਆ। ਉਸ ਦੀ ਬੇਟੀ ਚਾਂਦ ਫਿਲਮਾਂ ਵਿੱਚ ਗਈ, ਬੇਟਾ ਸਰਕਾਰੀ ਅਫਸਰ ਬਣਿਆ। ਉਹ ਸੈਮੂਅਲ ਮਾਰਟਿਨ ਬਰਕ ਵਜੋਂ ਜਾਣਿਆ ਜਾਂਦਾ ਸੀ ਅਤੇ 1950 ਵਿੱਚ ਪਾਕਿਸਤਾਨ ਵਿਦੇਸ਼ ਸੇਵਾ ਵਿੱਚ ਸ਼ਾਮਿਲ ਕਰ ਲਿਆ ਗਿਆ। ਬਾਅਦ ਵਿੱਚ ਉਹ ਅੰਬੈਸਡਰ ਬਰਕ ਦੇ ਨਾਂਅ ਨਾਲ ਮਸ਼ਹੂਰ ਹੋਇਆ।

ਚਾਂਦ ਫਿਲਮ ਨਿਰਮਾਤਾ ਨਿਰਦੇਸ਼ਕ ਨਿਰੰਜਨ ਨਾਲ ਵਿਆਹ ਕਰ ਕੇ ਮੁੰਬਈ ਆ ਗਈ। ਦੋ ਤਿੰਨ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚੋਂ ‘ਪੋਸਤੀ’ (1951) ਤੇ ‘ਕੌਡੇ ਸ਼ਾਹ’ (1953) ਕਾਫ਼ੀ ਮਕਬੂਲ ਹੋਈਆਂ। ਹਿੰਦੀ ਫਿਲਮਾਂ ਵਿੱਚ ਉਸ ਨੂੰ ਵੱਡੇ ਰੋਲ ਨਹੀਂ ਮਿਲੇ। ਹਾਂ, ਰਾਜ ਕਪੂਰ ਦੀ ‘ਬੂਟ ਪਾਲਿਸ਼’ (1956) ਵਿੱਚ ਉਸ ਦੀ ਭੂਮਿਕਾ ਖ਼ੂਬ ਸਰਾਹੀ ਗਈ। ਉਹ 1967 ਤੱਕ ਫਿਲਮਾਂ ਵਿੱਚ ਕੰਮ ਕਰਦੀ ਰਹੀ ਹੈ; 1954 ਵਿੱਚ ਨਿਰੰਜਨ ਨੂੰ ਤਲਾਕ ਦੇਣ ਅਤੇ 1955 ਵਿੱਚ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਨ ਤੋਂ ਬਾਅਦ ਵੀ। ਰਣਵੀਰ ਸਿੰਘ ਦੀ ਡਾਂਸ ਕਰਨ ਦੀ ਮੁਹਾਰਤ ਦਾਦੀ ਵਾਲੇ ਡੀਐੱਨਏ ਵਿੱਚੋਂ ਆਈ ਹੋਈ ਹੈ। ਉਹ ਇੱਕ ਸਮੇਂ ‘ਡੈਂਸਿੰਗ ਲਿੱਲੀ’ ਵਜੋਂ ਜਾਣੀ ਜਾਂਦੀ ਸੀ। ਸੁੰਦਰ ਸਿੰਘ ਭਵਨਾਨੀ ਰਈਸੀ ਠਾਠ ਲਈ ਮਸ਼ਹੂਰ ਸੀ। ਉਹਦੇ ਬੇਟੇ ਜਗਜੀਤ ਸਿੰਘ ਭਵਨਾਨੀ (ਰਣਵੀਰ ਦੇ ਪਿਤਾ) ਨੇ ਰਈਸੀ ਠਾਠ ਹੋਰ ਵਧਾਈ। ਪਿਤਾ ਵਾਲਾ ਕਾਰੋਬਾਰ ਹੋਰ ਫੈਲਾ ਕੇ। ਇਸ ਵੇਲੇ ਉਸ ਦੀ ਕਾਰੋਬਾਰੀ ਮਾਲੀਅਤ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਰਣਵੀਰ ਦੀ ਹੁਣ ਤਕ ਦੀ ਕਮਾਈ ਤੋਂ ਪੰਜ-ਛੇ ਗੁਣਾ ਵੱਧ।

* * *

ਇਹ ਸਾਰੀ ਤਫ਼ਸੀਲ ਮੈਨੂੰ ਸੁਹੇਲ ਤੇ ਸਰਤਾਜ ਤੋਂ ਹਾਸਿਲ ਹੋਈ। ਉਹ ਮੈਨੂੰ ਤਹਿਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ, ਸਿੰਘ ਸਭਾ ਵਿੱਚ ਮਿਲੇ। ਤਹਿਰਾਨ ’ਚ ਇਹ ਮਸਜਿਦ-ਇ-ਹਿੰਦੀਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮਸਜਿਦ ਤੋਂ ਭਾਵ ਹੈ ਇਬਾਦਤਗਾਹ। ਸੁਹੇਲ ਦੀ ਬੀਵੀ ਜ਼ੁਬੈਦਾ ਦੇ ਦੱਸਣ ਮੁਤਾਬਿਕ ਉਹ ਹਰ ਸ਼ੁੱਕਰਵਾਰ (ਇਰਾਨ ’ਚ ਹਫ਼ਤਾਵਾਰੀ ਛੁੱਟੀ ਦਾ ਦਿਨ) ਨੂੰ ਗੁਰਦੁਆਰੇ ਨਹੀਂ ਆਉਂਦੇ। ਤਿੱਥ-ਤਿਉਹਾਰ ਨੂੰ ਛੱਡ ਕੇ ਮਹੀਨੇ ਵਿੱਚ ਇੱਕ ਵਾਰ ਹੀ ਆਉਂਦੇ ਹਨ ਪਰ ਉਸ ਦਿਨ ਸਬੱਬੀਂ ਚੰਗਾ ਮੌਕਾ-ਮੇਲ ਹੋ ਗਿਆ।

ਗੁਰਦੁਆਰਾ ਸਿੰਘ ਸਭਾ ਦਾ ਅਹਾਤਾ ਕਾਫੀ ਖੱਲ੍ਹਾ-ਡੁੱਲ੍ਹਾ ਹੈ। 1951 ਵਿੱਚ ਸਥਾਪਿਤ ਹੋਏ ਇਸ ਗੁਰੂਘਰ ਵਿੱਚ ਸ਼੍ਰੋਮਣੀ ਕਮੇਟੀ ਵਾਲੀ ਮਰਿਆਦਾ ’ਤੇ ਅਮਲ ਕੀਤਾ ਜਾਂਦਾ ਹੈ। ਗਰੰਥੀ ਤੇ ਕੀਰਤਨੀਏ ਸਿੰਘ ਭਾਰਤ ਤੋਂ ਪਰਿਵਾਰਾਂ ਸਮੇਤ ਆਏ ਹੋਏ ਹਨ। ਗੁਰਦੁਆਰੇ ਦੇ ਅੰਦਰ ਹੀ ਸਬਜ਼ੀਆਂ ਵਾਲਾ ਵੱਡਾ ਬਗੀਚਾ ਹੈ ਅਤੇ ਨਾਲ ਹੀ ਕੇਂਦਰੀ ਵਿਦਿਆਲਾ ਵੀ ਹੈ। ਸੀਬੀਐੱਸਈ ਨਾਲ ਜੁੜੇ ਇਸ ਵਿਦਿਆਲੇ ਵਿੱਚ 2022 ਵਿੱਚ ਛੇ ਸੌ ਦੇ ਕਰੀਬ ਬੱਚੇ ਦੱਸੇ ਗਏ ਸਨ। ਇਨ੍ਹਾਂ ਵਿੱਚੋਂ 50 ਕੁ ਬੱਚੇ ਭਾਰਤੀ ਜਾਂ ਭਾਰਤੀ ਮੂਲ ਦੇ ਸਨ, ਬਾਕੀ ਹੋਰਨਾਂ ਦੇਸ਼ਾਂ ਦੇ ਦੂਤਾਵਾਸਾਂ ਦੇ ਸਟਾਫ਼ ਮੈਂਬਰਾਂ ਦੇ ਵੀ ਸਨ ਅਤੇ ਇਰਾਨੀ ਪਰਿਵਾਰਾਂ ਦੇ ਵੀ। ਇਹ ਸਕੂਲ ਮੁੱਢ ਵਿੱਚ ਖਾਲਸਾ ਸਕੂਲ ਸੀ, ਫਿਰ ਭਾਰਤੀ ਦੂਤਾਵਾਸ ਅਧੀਨ ਇੰਡੀਅਨ ਸਕੂਲ ਬਣਿਆ ਅਤੇ ਹੁਣ ਕੇਂਦਰੀ ਵਿਦਿਆਲਾ ਹੈ। ਇਸ ਦੀ ਪ੍ਰਿੰਸੀਪਲ ਤੇ 9 ਸਟਾਫ਼ ਮੈਂਬਰ ਤਿੰਨ-ਤਿੰਨ ਵਰ੍ਹਿਆਂ ਦੀ ਪੋਸਟਿੰਗ ’ਤੇ ਭਾਰਤ ਤੋਂ ਆਏ ਹੋਏ ਸਨ। ਸੱਤ ਹੋਰ ਅਧਿਆਪਕ ਇਰਾਨੀ ਸਨ ਤੇ ਦੋ ਬ੍ਰਿਟਿਸ਼ ਤੇ ਫਰੈਂਚ। ਸਕੂਲ ਵਿੱਚ ਪੰਜਾਬੀ ਤੇ ਹਿੰਦੀ ਦੀ ਪੜ੍ਹਾਈ ਦਾ ਪ੍ਰਬੰਧ ਹੈ। ਸਕੂਲ ਦੀ ਮਕਬੂਲੀਅਤ ਦੀ ਮੁੱਖ ਵਜ੍ਹਾ ਪੜ੍ਹਾਈ ਦਾ ਮਿਆਰ, ਖ਼ਾਸ ਕਰ ਕੇ ਅੰਗਰੇਜ਼ੀ ਦੀ ਪੜ੍ਹਾਈ ਦਾ ਉਚੇਰਾ ਪੱਧਰ ਦੱਸੀ ਗਈ। 300 ਇਰਾਨੀ ਬੱਚਿਆਂ ਦਾ ਇਸ ਸਕੂਲ ਵਿੱਚ ਦਾਖ਼ਲਾ ਇਸੇ ਪ੍ਰਭਾਵ ਦਾ ਹੀ ਨਤੀਜਾ ਸੀ।

ਭਵਨਾਨੀ ਭਰਾ ਮੈਨੂੰ ਗੁਰੂ-ਘਰ ਤੋਂ ਹੀ ਆਪਣੇ ਘਰ ਲੈ ਗਏ। ਆਲੀਸ਼ਾਨ ਸੀ ਉਹ ਘਰ, ਮਹੱਲ ਵਰਗਾ। ਦੋਵੇਂ ਕਹਿਣ ਨੂੰ ਤਾਂ ਕਰਿਆਨੇ ਦੀਆਂ ਵਸਤਾਂ ਦੇ ਸਟੋਰ ਚਲਾਉਂਦੇ ਸਨ, ਪਰ (ਕਿਸੇ ਹੋਰ ਦੇ ਦੱਸਣ ਮੁਤਾਬਿਕ) ਅਸਲ ਧੰਦਾ ਸੂਦਖ਼ੋਰੀ ਦਾ ਸੀ। ਉਨ੍ਹਾਂ ਦੱਸਿਆ ਕਿ ਤਹਿਰਾਨ ਵਿੱਚ 30-32 ਸਿੱਖ ਪਰਿਵਾਰ ਹਨ। ਇਸੇ ਤਰ੍ਹਾਂ ਜ਼ਹੇਦਾਨ ਵਿੱਚ 10 ਕੁ ਸਿੱਖ ਪਰਿਵਾਰ ਬਚੇ ਹਨ। 1970ਵਿਆਂ ਤੱਕ 500 ਤੋਂ ਵੱਧ ਸਿੱਖ ਪਰਿਵਾਰ ਇਰਾਨ ਵਿੱਚ ਸਨ, ਪਰ 1979 ਦੇ ਇਸਲਾਮੀ ਇਨਕਲਾਬ ਤੋਂ ਬਾਅਦ ਹੌਲੀ ਹੌਲੀ ਉਹ ਅਮਰੀਕਾ, ਕੈਨੇਡਾ, ਫਰਾਂਸ, ਬ੍ਰਿਟੇਨ ਅਤੇ ਯੂਏਈ ਜਾਂ ਕਤਰ ਵੱਲ ਹਿਜਰਤ ਕਰ ਗਏ। ਸੁਹੇਲ ਤੇ ਸਰਤਾਜ ਦੇ ਆਪਣੇ ਦੋਵੇਂ ਮੁੰਡੇ ਅਲਬਰਟਾ (ਕੈਨੇਡਾ) ਵਿੱਚ ਵਸੇ ਹੋਏ ਹਨ। ਉਨ੍ਹਾਂ ਦੋਵਾਂ ਦੀਆਂ ਬੀਵੀਆਂ ਕਿਉਂਕਿ ਇਰਾਨੀ ਮੁਸਲਿਮ ਹਨ ਜਿਨ੍ਹਾਂ ਨੇ ਕੈਨੇਡਾ ਵਿੱਚ ਰਾਜਸੀ ਸ਼ਰਨ ਲਈ ਹੋਈ ਹੈ, ਇਸੇ ਲਈ ਦੋਵੇਂ ਬੇਟਿਆਂ ਦਾ ਇਰਾਨ ਪਰਤਣਾ ਔਖਾ ਹੈ। ਲਿਹਾਜ਼ਾ, ਦੋਵੇਂ ਭਵਨਾਨੀ ਜੋੜੇ ਵੀ ਪਹਿਲਾਂ ਇੰਗਲੈਂਡ ਤੇ ਉੱਥੋਂ ਅੱਗੇ ਕੈਨੇਡਾ ਜਾ ਵਸਣ ਦਾ ਮਨ ਬਣਾ ਚੁੱਕੇ ਹਨ।

ਇਰਾਨ ਵਿੱਚ ਸਿੱਖਾਂ ’ਤੇ ਕੋਈ ਬੰਦਿਸ਼ ਨਹੀਂ। ਜਿਹੜੇ ਸਿੱਖ ਪਰਿਵਾਰ ਉੱਥੇ ਹਨ, ਉਹ ਸਾਰੇ ਧਨਾਢ ਹਨ। ਕਦੇ ਮੋਟਰ ਪਾਰਟਸ ਤਿਆਰ ਕਰਨ ਦੀਆਂ ਫੈਕਟਰੀਆਂ ਸਨ ਸਿੱਖਾਂ ਦੀਆਂ। ਅੱਜਕੱਲ੍ਹ ਕਾਰਾਂ-ਮੋਟਰ ਸਾਈਕਲਾਂ ਦੀਆਂ ਏਜੰਸੀਆਂ ਹਨ। ਸੁਹੇਲ ਤੇ ਜ਼ੁਬੈਦਾ ਜਦੋਂ ਪਰਿਵਾਰਕ ਤਸਵੀਰਾਂ ਮੈਨੂੰ ਦਿਖਾ ਰਹੇ ਸਨ ਤਾਂ ਮੈਂ ਆਪਣੀ ਉਂਗਲੀ ਇੱਕ ਗੁਰਸਿੱਖ ਨੌਜਵਾਨ ਜੋੜੇ ’ਤੇ ਰੱਖੀ ਜਿਨ੍ਹਾਂ ਦੇ ਨਾਲ ਪਟਕੇ ਵਾਲਾ ਚਾਰ ਕੁ ਵਰ੍ਹਿਆਂ ਦਾ ਬੱਚਾ ਸੀ। ਜ਼ੁਬੈਦਾ ਕਹਿਣ ਲੱਗੀ, ‘‘ਸਾਡੀ ਬੇਟੀ ਤੇ ਦਾਮਾਦ ਨੇ।’’ ਸੁਹੇਲ ਨੇ ਮੇਰੀ ਜਿਗਿਆਸਾ ਭਾਂਪ ਲਈ। ਕਹਿਣ ਲੱਗਾ: ‘‘ਤਨਵੀਰ ਦਿੱਲੀ ਤੋਂ ਹੈ। ਕੋਹਲੀ ਪਰਿਵਾਰ ਤੋਂ। ਇੱਥੇ ‘ਅਮੁੱਲ’ ਦੇ ਮਾਰਕੀਟਿੰਗ ਮੈਨੇਜਰ ਵਜੋਂ ਆਇਆ। ਮੇਰੀ ਬੇਟੀ ਨੂੰ ਪਸੰਦ ਆ ਗਿਆ। ਉਹਦੇ ਪਰਿਵਾਰ ਦੀ ਇੱਕੋ ਸ਼ਰਤ ਸੀ: ਮੁੰਡਾ ਸਿੱਖੀ ਸਰੂਪ ਨਹੀਂ ਛੱਡੇਗਾ। ਮੇਰੀ ਬੇਟੀ ਨੇ ਉਹ ਝੱਟ ਪ੍ਰਵਾਨ ਕਰ ਲਈ। ਹੁਣ ਉਹ ਮੁੰਡਾ ਸਿਟੀ ਬੈਂਕ ’ਚ ਹੈ, ਵੀਏਨਾ (ਆਸਟ੍ਰੀਆ) ਵਿੱਚ। ਮੇਰੀ ਬੇਟੀ ਵੀ ਬਿਲਕੁਲ ਬਦਲ ਗਈ ਹੈ, ਸਿੱਖੀ ਰੰਗ ਵਿੱਚ ਪੂਰੀ ਤਰ੍ਹਾਂ ਢਲ ਗਈ ਏ।’’

‘‘ਰਿਵੈਂਜ ਆਫ ਦਿ ਰਿਲੀਜਨ! (ਧਰਮ ਨੇ ਲੈ ਲਿਆ ਬਦਲਾ!)’’, ਮੈਂ ਟਿੱਪਣੀ ਕੀਤੀ। ਉਹ ਮੁਸਕਰਾਇਆ, ਫਿਰ ਆਪਣੇ ਸਫ਼ਾਚਟ ਚਿਹਰੇ ’ਤੇ ਹੱਥ ਫੇਰਦਿਆਂ ਬੋਲਿਆ, ‘‘ਬਿਲਕੁਲ!’’

Advertisement
×