ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵਤੇਜ ਸਿੰਘ ਦੀ ਸਾਹਿਤ ਸਿਰਜਣਾ

ਆਪਣੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨਵਤੇਜ ਸਿੰਘ। ਇੱਕ ਸਦੀ ਪਹਿਲਾਂ, 1925 ਵਿੱਚ ਸਿਆਲਕੋਟ ’ਚ ਪੈਦਾ ਹੋਏ ਨਵਤੇਜ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਇੱਕ ਅਰਸਾ ਹੋ ਗਿਆ ਹੈ। ਪੂਰੇ ਹੋਣ ਵੇਲੇ ਉਨ੍ਹਾਂ ਦੀ ਉਮਰ 56 ਵਰ੍ਹੇ ਸੀ। ਘੱਟ-ਉਮਰੇ ਹੀ ਕੈਂਸਰ...
ਨਵਤੇਜ ਸਿੰਘ
Advertisement
ਆਪਣੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨਵਤੇਜ ਸਿੰਘ।

ਇੱਕ ਸਦੀ ਪਹਿਲਾਂ, 1925 ਵਿੱਚ ਸਿਆਲਕੋਟ ’ਚ ਪੈਦਾ ਹੋਏ ਨਵਤੇਜ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਇੱਕ ਅਰਸਾ ਹੋ ਗਿਆ ਹੈ। ਪੂਰੇ ਹੋਣ ਵੇਲੇ ਉਨ੍ਹਾਂ ਦੀ ਉਮਰ 56 ਵਰ੍ਹੇ ਸੀ। ਘੱਟ-ਉਮਰੇ ਹੀ ਕੈਂਸਰ ਰਾਹੀਂ ਤਰੁੰਡੇ ਜਾਣ ਦੇ ਬਾਵਜੂਦ ਪੰਜਾਬੀ ਸਾਹਿਤ ਨੂੰ ਉਨ੍ਹਾਂ ਦੀ ਦੇਣ ਵੱਡੀ ਹੈ। ਬਤੌਰ ਕਹਾਣੀਕਾਰ ਵੀ ਅਤੇ ਬਤੌਰ ਪ੍ਰੀਤ ਲੜੀ ਦੇ ਸਹਿ-ਸੰਪਾਦਕ/ਸੰਪਾਦਕ ਵੀ। ਮੈਂ ਉਸ ਪੀੜ੍ਹੀ ਵਿੱਚੋਂ ਹਾਂ ਜਿਸ ਨੇ ਜਦੋਂ ਪੜ੍ਹਨਾ ਤੇ ਸੋਖਣਾ ਸ਼ੁਰੂ ਕੀਤਾ ਤਾਂ ਨਵਤੇਜ ਸਿੰਘ ਪੰਜਾਬੀ ਦੀ ਪਹਿਲੀ ਪਾਲ ਦੇ ਕਹਾਣੀਕਾਰਾਂ ਵਿੱਚੋਂ ਸਨ।

ਨਵਤੇਜ ਸਿੰਘ ਦਾ ਜਨਮ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਅਤੇ ਪ੍ਰੀਤ ਲੜੀ ਦੇ ਰਸਾਲੇ ਦੇ ਸੰਸਥਾਪਕ-ਸੰਪਾਦਕ ਗੁਰਬਖ਼ਸ਼ ਸਿੰਘ ਦੇ ਘਰ ਵਿੱਚ ਹੋਇਆ। ਇਸ ਲਈ ਬਿਨਾਂ ਕਿਸੇ ਅਤਿਕਥਨੀ ਇਹ ਕਿਹਾ ਜਾ ਸਕਦਾ ਹੈ ਕਿ ਸਾਹਿਤਕ ਸੋਝੀ ਉਨ੍ਹਾਂ ਨੂੰ ਗੁੜ੍ਹਤੀ ਵਿੱਚ ਮਿਲੀ। ਉਹ ਅਜੇ 8 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਨੇ ਨੌਸ਼ਹਿਰੇ ਤੋਂ ਪ੍ਰੀਤ ਲੜੀ ਨੂੰ ਛਾਪਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਉਮਰ ਦੇ ਪੰਦਰ੍ਹਵੇਂ ਵਰ੍ਹੇ ਤੱਕ ਗੁਰਬਖ਼ਸ਼ ਸਿੰਘ ਦੀ ਵਿਉਂਤਬੰਦੀ ਨਾਲ ਵਸਾਇਆ ਗਿਆ ਸ਼ਹਿਰ ਪ੍ਰੀਤ ਨਗਰ ਵੀ ਹੋਂਦ ਵਿੱਚ ਆ ਚੁੱਕਾ ਸੀ ਜਿਸ ਨੂੰ ਅੱਜ ਤਕ ਪੰਜਾਬੀ ਲੇਖਕਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਪਿਤਾ ਦੀ ਵਿਰਾਸਤ ਅਤੇ ਪ੍ਰੀਤ ਨਗਰ ਦੇ ਅਦਬੀ ਮਾਹੌਲ ਨੇ ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਨੂੰ ਤੇਜ਼ੀ ਨਾਲ ਤਰਾਸ਼ਿਆ। ਦੂਜੇ ਪਾਸੇ ਆਪਣੀ ਉਚੇਰੀ ਪੜ੍ਹਾਈ ਲਈ ਉਨ੍ਹਾਂ ਨੇ ਲਾਹੌਰ ਦੇ ਮਸ਼ਹੂਰ ਫੌਰਮਨ ਕ੍ਰਿਸਚੀਅਨ ਕਾਲਜ ਵਿੱਚ ਦਾਖ਼ਲਾ ਲਿਆ। ਇਹ ਸਮਾਂ ਆਜ਼ਾਦੀ ਮਿਲਣ ਅਤੇ ਨਾਲ ਹੀ ਦੇਸ਼ ਦੇ ਵੰਡੇ ਜਾਣ ਤੋਂ ਕੁਝ ਹੀ ਸਾਲ ਪਹਿਲਾਂ ਦਾ ਸੀ। ਉਸ ਵੇਲੇ ਲਾਹੌਰ ਅਣਵੰਡੇ ਪੰਜਾਬ ਦਾ ਕੇਂਦਰੀ ਅਤੇ ਸਭ ਤੋਂ ਅਹਿਮ ਸ਼ਹਿਰ ਵੀ ਸੀ ਅਤੇ ਅਦਬੀ ਤੇ ਸਿਆਸੀ ਸਰਗਰਮੀਆਂ ਦਾ ਗੜ੍ਹ ਵੀ। ਆਜ਼ਾਦੀ ਲੈਣ ਲਈ ਜੱਦੋਜਹਿਦ ਦੀ ਲਹਿਰ ਜ਼ੋਰਾਂ ’ਤੇ ਸੀ ਅਤੇ ਵਿਦਿਆਰਥੀ ਵੀ ਇਸ ਵਲਵਲੇ ਨਾਲ ਜੁੜੇ ਹੋਏ ਸਨ। ਆਪਣੇ ਕਾਲਜ ਦੇ ਸਾਲਾਂ ਵਿੱਚ ਉਹ ਲਾਹੌਰ ਦੀ ਵਿਦਿਆਰਥੀ ਯੂਨੀਅਨ ਦੇ ਆਗੂਆਂ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਵਿੱਚੋਂ ਬਹੁਤੇ ਖੱਬੇ-ਪੱਖੀ ਝੁਕਾਅ ਵਾਲੇ ਸਨ। ਇਨ੍ਹਾਂ ਕਾਲਜੀ ਦੋਸਤੀਆਂ ਨੇ ਨਵਤੇਜ ਸਿੰਘ ਦੇ ਖ਼ਿਆਲਾਂ ਨੂੰ ਵਿਚਾਰਧਾਰਕ ਸੇਧ ਦਿੱਤੀ। ਉਚੇਰੀ ਪੜ੍ਹਾਈ ਦੀ ਗੱਲ ਕਰੀਏ ਤਾਂ ਐਮ.ਏ. ਦੀ ਪੱਧਰ ਉੱਤੇ ਉਨ੍ਹਾਂ ਨੇ ਮਨੋਵਿਗਿਆਨ ਦਾ ਵਿਸ਼ਾ ਚੁਣਿਆ। ਇਨ੍ਹਾਂ ਤਿੰਨਾਂ ਤੱਥਾਂ - ਪ੍ਰੀਤ ਨਗਰ ਦਾ ਆਦਰਸ਼ਵਾਦੀ ਸਾਹਿਤਕ ਮਾਹੌਲ, ਕਾਲਜ ਦੀਆਂ ਖੱਬੇ-ਪੱਖੀ ਸਿਆਸੀ ਸਰਗਰਮੀਆਂ ਅਤੇ ਮਨੋਵਿਗਿਆਨ ਵਰਗੇ ਮਨੁੱਖ ਕੇਂਦਰਿਤ ਵਿਸ਼ੇ ਵਿੱਚ ਉਚੇਰੀ ਵਿਦਿਆ- ਦੇ ਰਲੇਵੇਂ ਨੇ ਨਵਤੇਜ ਸਿੰਘ ਦੀ ਕਲਮ ਨੂੰ ਇੱਕ ਵਿਸ਼ੇਸ਼ ਦ੍ਰਿਸ਼ਟੀ ਦਿੱਤੀ। ਜੇਕਰ ਇੱਕ ਪਾਸੇ ਉਨ੍ਹਾਂ ਦੀਆਂ ਕਹਾਣੀਆਂ ਸਮੇਂ ਦੀ ਰਾਜਨੀਤਕ ਚੇਤਨਾ ਨਾਲ ਓਤ-ਪੋਤ ਹਨ ਅਤੇ ਸਮਾਜਿਕ ਵਿਤਕਰੇ ਪ੍ਰਤੀ ਸੁਚੇਤ ਨਜ਼ਰ ਆਉਂਦੀਆਂ ਹਨ ਤਾਂ ਦੂਜੇ ਪਾਸੇ ਉਹ ਆਪਣੇ ਘੜੇ ਪਾਤਰਾਂ ਦਾ ਡੂੰਘਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਨਾਲ ਵੀ ਲੈਸ ਹਨ।

Advertisement

ਲਿਖਣਾ ਉਨ੍ਹਾਂ ਨੇ ਬਹੁਤ ਛੋਟੀ ਉਮਰ ਤੋਂ ਸ਼ੁਰੂ ਕਰ ਦਿੱਤਾ ਸੀ। ਉਹ ਅਜੇ ਵੀਹ ਤੋਂ ਵੀ ਘੱਟ ਸਾਲਾਂ ਦੇ ਸਨ, ਜਦੋਂ ਉਨ੍ਹਾਂ ਪ੍ਰੀਤ ਲੜੀ ਦੀ ਸਰਪ੍ਰਸਤੀ ਹੇਠ ਬੱਚਿਆਂ ਲਈ ਸ਼ੁਰੂ ਕੀਤੇ ਗਏ ਨਿੱਕੇ ਆਕਾਰ ਦੇ ਰਸਾਲੇ ‘ਬਾਲ ਸੁਨੇਹਾ’ ਦੀ ਸੰਪਾਦਨਾ ਸ਼ੁਰੂ ਕਰ ਦਿੱਤੀ। ਮਗਰੋਂ ਏਸੇ ਦਾ ਆਕਾਰ ਵੱਡਾ ਕਰ ਦਿੱਤਾ ਗਿਆ ਅਤੇ ਇਸਦਾ ਨਾਂਅ ਵੀ ਬਦਲ ਕੇ ‘ਬਾਲ ਸੰਦੇਸ਼’ ਰੱਖ ਦਿੱਤਾ ਗਿਆ। ਨਵਤੇਜ ਸਿੰਘ ਲੰਮਾ ਸਮਾਂ ਇਸਦੇ ਸੰਪਾਦਕ ਰਹੇ। ਮਗਰੋਂ ਜਾ ਕੇ ਉਹ ਗੁਰਬਖ਼ਸ਼ ਸਿੰਘ ਹੋਰਾਂ ਨਾਲ ਪ੍ਰੀਤ ਲੜੀ ਦੇ ਸਹਿ-ਸੰਪਾਦਕ ਹੋ ਗਏ ਅਤੇ ਬਾਲ ਸੰਦੇਸ਼ ਨਵਤੇਜ ਸਿੰਘ ਦੇ ਛੋਟੇ ਵੀਰ ਹਿਰਦੇਪਾਲ ਸਿੰਘ ਦੀ ਸੰਪਾਦਨਾ ਹੇਠ ਹੋ ਗਿਆ। ਇਸ ਤੋਂ ਬਾਅਦ ਆਪਣੇ ਆਖ਼ਰੀ ਸਮੇਂ ਤੀਕ ਨਵਤੇਜ ਸਿੰਘ ਪ੍ਰੀਤ ਲੜੀ ਦੇ ਸੰਪਾਦਕ ਰਹੇ।

ਨਵਤੇਜ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ‘ਦੇਸ ਵਾਪਸੀ’ 1955 ਵਿੱਚ ਛਪਿਆ, ਪਰ ਕਹਾਣੀਆਂ ਉਹ ਬਹੁਤ ਪਹਿਲਾਂ ਤੋਂ ਲਿਖ ਰਹੇ ਸਨ। ਇਸੇ ਸੰਗ੍ਰਹਿ ਦੀ ਸਿਰਲੇਖ ਵਾਲੀ ਕਹਾਣੀ ‘ਦੇਸ ਵਾਪਸੀ’ 1947 ਦੀ ਲਿਖੀ ਹੋਈ ਹੈ, ਜਦੋਂ ਉਹ ਅਜੇ 22 ਵਰ੍ਹਿਆਂ ਦੇ ਸਨ। ਇਨ੍ਹਾਂ ਹੀ ਸਾਲਾਂ ਦੌਰਾਨ ਨਵਤੇਜ ਸਿੰਘ ਨੇ ਆਪਣੇ ਦੋਸਤ ਜਗਜੀਤ ਸਿੰਘ ਆਨੰਦ ਨਾਲ ਰਲ ਕੇ ਸੰਸਾਰ ਸਾਹਿਤ ਦੀਆਂ ਦੋ ਮਹੱਤਵਪੂਰਨ ਰਚਨਾਵਾਂ ਉਲਥਾਈਆਂ: ਵਾਂਦਾ ਵਾਸਿਲਿਊਸਕਾ ਦਾ ਨਾਵਲ ‘ਸਤਰੰਗੀ ਪੀਂਘ’ ਅਤੇ ਜੂਲੀਅਸ ਫੂਚਿਕ ਦਾ ਕੈਦ ਕੱਟਦਿਆਂ ਲਿਖਿਆ ਰੋਜ਼ਨਾਮਚਾ ‘ਫਾਂਸੀ ਦੇ ਤਖ਼ਤੇ ਤੋਂ’। ਇਸ ਤੋਂ ਬਾਅਦ ਉਨ੍ਹਾਂ ਨੇ ਸੁਤੰਤਰ ਤੌਰ ਉੱਤੇ ਰੂਸੀ ਕਲਾਸਕੀ ਲੇਖਕਾਂ ਅੰਤੋਨ ਚੈਖ਼ਵ ਅਤੇ ਮੈਕਸਿਮ ਗੋਰਕੀ ਦੀਆਂ ਚੋਣਵੀਆਂ ਕਹਾਣੀਆਂ ਨੂੰ ਪੰਜਾਬੀ ਵਿੱਚ ਉਲਥਾਇਆ ਅਤੇ ਰੋਮਾਨੀਅਨ ਸਾਹਿਤਕਾਰ ਮਿਹਾਈਲ ਸਾਦੋਵਿਆਨੋ ਦੇ ਨਾਵਲ ‘ਮੀਤ੍ਰਿਆ ਕੋਕੋਰ’ ਨੂੰ ਵੀ।

ਨਵਤੇਜ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ‘ਦੇਸ ਵਾਪਸੀ’ ਸੀ ਅਤੇ ਆਖ਼ਰੀ 1974 ਵਿੱਚ ਛਪਿਆ ‘ਭਾਈਆਂ ਬਾਝ’। ਇਨ੍ਹਾਂ ਦੋਵਾਂ ਕਿਤਾਬਾਂ ਦੀਆਂ ਮੁੱਖ ਕਹਾਣੀਆਂ ਵਿਚਲਾ ਮੂਲ ਸੂਤਰ ਇੱਕੋ ਹੈ: ਦੇਸ਼ ਦੀ ਵੰਡ ਅਤੇ ਉਸ ਕਾਰਨ ਵਾਪਰਿਆ ਵੱਡਾ ਮਨੁੱਖੀ ਦੁਖਾਂਤ। ਇਹ ਵਿਸ਼ਾ ਨਵਤੇਜ ਸਿੰਘ ਦੀਆਂ ਕਹਾਣੀਆਂ ਵਿੱਚ ਵਾਰ-ਵਾਰ ਉੱਭਰਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਇੱਕ ਹੋਰ ਸਾਂਝਾ ਸੂਤਰ ਵੀ ਹੈ: ਦੋਸਤੀ ਦਾ। ਜਿੰਨੀ ਸ਼ਿੱਦਤ ਨਾਲ ਨਵਤੇਜ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਵੰਡ ਦੀ ਪੀੜ ਨੂੰ ਉਭਾਰਿਆ ਹੈ, ਓਨੀ ਹੀ ਤਿੱਖੀ ਹੂਕ ਨਾਲ ਵਿਛੜ ਗਏ ਦੋਸਤਾਂ, ਅਧਵਾਟੇ ਖੋਹ ਲਏ ਗਏ ਮਿੱਤਰਾਂ ਦੇ ਹੇਰਵੇ ਨੂੰ ਵੀ ਬਿਆਨ ਕੀਤਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਿਰਫ਼ ‘ਭਾਈਆਂ ਬਾਝ’ ਵਿੱਚ ਹੀ ਨਹੀਂ, ਇਹ ਸਤਰਾਂ ਹੋਰ ਕਹਾਣੀਆਂ ਵਿੱਚ ਵਾਰ-ਵਾਰ ਟੂਕ ਵਾਂਗ ਵਰਤੀਆਂ ਗਈਆਂ ਹਨ: ‘ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ’। ਜਿਵੇਂ ਇਹ ਸਤਰਾਂ ਕਿਸੇ ਤ੍ਰਾਟ ਵਾਂਗ ਲੇਖਕ ਦੇ ਜ਼ਿਹਨ ਵਿੱਚ ਮੁੜ ਮੁੜ ਉੱਠਦੀਆਂ ਹੋਣ। ਸ਼ਾਇਦ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਆਪਣੀ ਲਿਖਤ ਵਿੱਚ ਜਿੰਨੀ ਅਹਿਮੀਅਤ ਨਵਤੇਜ ਸਿੰਘ ਨੇ ਦੋਸਤੀ ਦੇ ਜਜ਼ਬੇ ਨੂੰ ਦਿੱਤੀ ਪੰਜਾਬੀ ਦੇ ਕਿਸੇ ਹੋਰ ਲੇਖਕ ਨੇ ਨਹੀਂ ਦਿੱਤੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਨ੍ਹਾਂ ਦੀ ਇੱਕ ਪੁਸਤਕ ਦਾ ਨਾਂਅ ਹੀ ‘ਦੋਸਤੀ ਦੇ ਪੰਧ’ ਹੈ। ਮਰਦ-ਔਰਤ ਦੀ ਮੁਹੱਬਤ ਬਾਰੇ ਲਿਖਣ ਵਾਲੇ ਤਾਂ ਬਹੁਤ ਹਨ, ਪਰ ਨਿਰੋਲ ਦੋਸਤੀ ਨੂੰ ਸਿਖਰਲੀ ਥਾਂ ’ਤੇ ਬਿਠਾਉਣ ਵਾਲੇ ਨਵਤੇਜ ਸਿੰਘ ਹੀ ਸਨ।

ਉਨ੍ਹਾਂ ਦੀ ਕਹਾਣੀਆਂ ਦੀ ਪਹਿਲੀ ਕਿਤਾਬ ‘ਦੇਸ ਵਾਪਸੀ’ ਛਪੀ ਭਾਵੇਂ 1955 ਵਿੱਚ, ਪਰ ਇਹਦੇ ਵਿੱਚ 1943 ਤੋਂ ਹੀ ਲਿਖੀਆਂ ਹੋਈਆਂ ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਨਾ ਸਿਰਫ਼ ਨਵਤੇਜ ਹੋਰਾਂ ਦੀ ਮੁੱਢਲੀ ਕਹਾਣੀ ਕਲਾ ਨਾਲ ਜਾਣ ਪਛਾਣ ਕਰਾਉਂਦੀਆਂ ਹਨ ਸਗੋਂ ਇਹ ਵੀ ਦੱਸਦੀਆਂ ਹਨ ਕਿ ਉਨ੍ਹਾਂ ਦੀ ਕਲਾ ਦਾ ਘੇਰਾ ਕਿੰਨਾ ਮੋਕਲਾ ਅਤੇ ਫੈਲਵਾਂ ਸੀ। ‘ਦੇਸ਼ ਵਾਪਸੀ’ ਸਿਰਲੇਖ ਵਾਲੀ ਕਹਾਣੀ ਦਾ ਘਟਨਾ-ਚੱਕਰ ਮਲਾਇਆ (ਇਸ ਦੇਸ਼ ਨੂੰ ਹੁਣ ਮਲੇਸ਼ੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਤੋਂ ਸ਼ੁਰੂ ਹੋ ਕੇ ਭਾਰਤ ਤੱਕ ਪਹੁੰਚਦਾ ਹੈ ਤੇ ਇਸੇ ਸੰਗ੍ਰਹਿ ਵਿੱਚ ‘ਅਣਜੰਮੇ ਬਾਲ ਦੇ ਨਾਂ’ ਵਰਗੀ ਉਹ ਕਹਾਣੀ ਵੀ ਸ਼ਾਮਲ ਹੈ ਜਿਹੜੀ ਯੋਰਪੀ ਦੇਸ ਯੂਗੋਸਲਾਵੀਆ ਵਿੱਚ ਵਾਪਰਦੀ ਹੈ। ਉਨ੍ਹਾਂ ਦੀਆਂ ਇਹ ਮੁੱਢਲੀਆਂ ਕਹਾਣੀਆਂ ਹੀ ਉਨ੍ਹਾਂ ਅੰਦਰਲੀ ਡੂੰਘੀ ਰਾਜਸੀ ਚੇਤਨਤਾ ਦੀਆਂ ਲਖਾਇਕ ਹਨ।

ਉਨ੍ਹਾਂ ਦੇ ਅਗਲੇ ਕਹਾਣੀ ਸੰਗ੍ਰਹਿ ‘ਨਵੀਂ ਰੁੱਤ’ ਵਿੱਚ ਉਨ੍ਹਾਂ ਦੀ ਕਹਾਣੀ ‘ਮਨੁੱਖ ਦੇ ਪਿਓ’ ਸ਼ਾਮਿਲ ਹੈ ਜਿਸਨੂੰ 1953 ਵਿੱਚ ਬੁਖ਼ਾਰੈਸਟ (ਰੋਮਾਨੀਆ) ਵਿਖੇ ਹੋਏ ਚੌਥੇ ਕੌਮਾਂਤਰੀ ਨੌਜਵਾਨ ਮੇਲੇ ਸਮੇਂ ਸੰਸਾਰ ਸਾਹਿਤ ਮੁਕਾਬਲੇ ਵਿੱਚ ਪਹਿਲਾ ਇਨਾਮ ਮਿਲਿਆ ਸੀ। ਉਸ ਮੁਕਾਬਲੇ ਸਮੇਂ ਇਸ ਕਹਾਣੀ ਦਾ ਸਿਰਲੇਖ ‘ਬਿਨ ਚੱਪੂਆਂ ਤਰਦੀਆਂ ਬੇੜੀਆਂ’ ਸੀ। ਜਦੋਂ ਤੱਕ ‘ਨਵੀਂ ਰੁੱਤ’ ਪੰਜਾਬੀ ਵਿੱਚ ਛਪੀ ਨਵਤੇਜ ਸਿੰਘ ਦੀਆਂ ਅੱਠ ਕਹਾਣੀਆਂ ਦਾ ਸੰਗ੍ਰਹਿ ਚੀਨੀ ਵਿੱਚ ਤੇ 16 ਕਹਾਣੀਆਂ ਦਾ ਸੰਗ੍ਰਹਿ ਰੋਮਾਨੀਅਨ ਭਾਸ਼ਾਵਾਂ ਵਿੱਚ ਛਪ ਚੁੱਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਕਹਾਣੀਆਂ ਸੋਵੀਅਤ ਰੂਸ ਦੇ ਪ੍ਰਸਿੱਧ ਰਸਾਲਿਆਂ ਅਤੇ ਰੂਸੀ, ਸਲੋਵਾਕ, ਪੋਲਿਸ਼ ਤੇ ਹੋਰ ਬੋਲੀਆਂ ਵਿੱਚ ਪ੍ਰਕਾਸ਼ਿਤ ਹੋਈਆਂ ਹਿੰਦੁਸਤਾਨੀ ਲੇਖਕਾਂ ਦੀਆਂ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿਆਂ ਵਿੱਚ ਛਪ ਚੁੱਕੀਆਂ ਸਨ। ਇਹੋ ਜਿਹਾ ਮਾਣ ਉਸ ਸਮੇਂ ਤਕ (ਅਤੇ ਸ਼ਾਇਦ ਹੁਣ ਤੀਕ ਵੀ) ਪੰਜਾਬੀ ਦੇ ਕਿਸੇ ਹੋਰ ਲੇਖਕ ਨੂੰ ਨਹੀਂ ਮਿਲਿਆ।

1960 ਵਿੱਚ ਨਵਤੇਜ ਸਿੰਘ ਦਾ ਤੀਜਾ ਕਹਾਣੀ ਸੰਗ੍ਰਹਿ ‘ਬਾਸਮਤੀ ਦੀ ਮਹਿਕ’ ਛਪਿਆ ਜਿਸ ਵਿੱਚ 12 ਕਹਾਣੀਆਂ ਸਨ। ‘ਬਾਸਮਤੀ ਦੀ ਮਹਿਕ’ ਤੱਕ ਪਹੁੰਚਦਿਆਂ ਪਹੁੰਚਦਿਆਂ ਨਵਤੇਜ ਦੀ ਲੇਖਣੀ ਵਿੱਚ ਇੱਕ ਨਵੀਂ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ- ਉਨ੍ਹਾਂ ਦਾ ਮੁਹੱਬਤ ਦੇ ਵਿਸ਼ਿਆਂ ਨਾਲ ਜੁੜੀਆਂ ਕਹਾਣੀਆਂ ਨੂੰ ਵੀ ਆਪਣੀ ਕਲਮ ਰਾਹੀਂ ਬਿਆਨਣ ਵੱਲ ਮੋੜ ਕੱਟਣਾ; ਜਿਨ੍ਹਾਂ ਵਿੱਚ ‘ਬਾਸਮਤੀ ਦੀ ਮਹਿਕ’, ‘ਇੱਕ ਕੁੜੀ’ ਤੇ ‘ਇੱਕ ਸਰਾਪ’ ਵਰਗੀਆਂ ਕਹਾਣੀਆਂ ਹਨ ਅਤੇ ਨਾਲ ਹੀ ‘ਦਿਲ ਦੀ ਥਾਂ ਤੇ ਜੰਦਰਾ’ ਵਰਗੀ ਕਹਾਣੀ ਵੀ ਹੈ ਜਿਹੜੀ ਇੱਕ ਬੇਮੇਲ ਵਿਆਹ (ਕੋਮਲ ਸੱਧਰਾਂ ਵਾਲੀ ਔਰਤ ਅਤੇ ਰੁੱਖੇ ਕੁਰੱਖ਼ਤ ਕਿਸਮ ਦੇ ਆਦਮੀ ਦੀ ਜੋੜੀ) ਦੀ ਦਾਸਤਾਨ ਹੈ। ਅਜਿਹੇ ਵਿਸ਼ਿਆਂ ਦੇ ਨਾਲ ਨਾਲ ਹੀ ਉਨ੍ਹਾਂ ਦੀਆਂ ਉਹ ਕਹਾਣੀਆਂ ਵੀ ਹਨ ਜਿਹੜੀਆਂ ਸਾਡੇ ਸਮਾਜਿਕ ਪਾੜੇ ਦੀ ਗੱਲ ਕਰਦੀਆਂ ਹਨ।

ਨਵਤੇਜ ਸਿੰਘ ਦਾ ਚੌਥਾ ਕਹਾਣੀ ਸੰਗ੍ਰਹਿ ‘ਚਾਨਣ ਦੇ ਬੀਜ’ 1963 ਵਿੱਚ ਛਪਿਆ, ਜਿਸ ਵਿੱਚ 23 ਕਹਾਣੀਆਂ ਹਨ। ਇਸ ਸੰਗ੍ਰਹਿ ਵਿੱਚ ਉਨ੍ਹਾਂ ਦੀ ਸ਼ਾਹਕਾਰ ਕਹਾਣੀ ‘ਦਸਤਾਰ... ਝੂਲਾ... ਮੁਸਕਰਾਹਟ’ ਸ਼ਾਮਿਲ ਹੈ, ਜੋ ਲੇਖਕ ਦੀ ਡੂੰਘੀ ਸਮਾਜਿਕ ਸੂਝ, ਨਿੱਕੇ ਨਿੱਕੇ ਫ਼ਿਕਰਿਆਂ ਰਾਹੀਂ ਬਹੁਤ ਵੱਡੀਆਂ ਗੱਲਾਂ ਕਹਿ ਜਾਣ ਦੀ ਖ਼ਾਸ ਪ੍ਰਤਿਭਾ ਅਤੇ ਤਿੱਖੀ ਨਜ਼ਰ ਦੀ ਬਹੁਤ ਵਧੀਆ ਮਿਸਾਲ ਹੈ। ਉਨ੍ਹਾਂ ਦਾ ਆਖ਼ਰੀ ਕਹਾਣੀ ਸੰਗ੍ਰਹਿ ‘ਭਾਈਆਂ ਬਾਝ’ 1974 ਵਿੱਚ ਛਪਿਆ ਜਿਸ ਵਿੱਚ 21 ਕਹਾਣੀਆਂ ਸ਼ਾਮਲ ਹਨ। ਇਨ੍ਹਾਂ 5 ਕਹਾਣੀ ਸੰਗ੍ਰਹਿਆਂ ਵਿੱਚ ਕੁਲ ਮਿਲਾ ਕੇ 89 ਕਹਾਣੀਆਂ ਮਿਲਦੀਆਂ ਹਨ।

ਨਵਤੇਜ ਸਿੰਘ ਗਿਣਤੀ ਦੇ ਉਨ੍ਹਾਂ ਪੰਜਾਬੀ ਲੇਖਕਾਂ ਵਿੱਚੋਂ ਸਨ, ਜਿਨ੍ਹਾਂ ਨੂੰ ਨਾ ਸਿਰਫ਼ ਰਵਾਇਤੀ ਜ਼ਬਾਨ (ਪਿੰਡਾਂ ਵਿੱਚ ਬੋਲੀ ਜਾਂਦੀ) ਦੀ ਭਰਵੀਂ ਜਾਣਕਾਰੀ ਸੀ, ਬਲਕਿ ਜਿਨ੍ਹਾਂ ਨੇ ਆਪਣੀ ਜ਼ਬਾਨ ਨੂੰ ਹੋਰ ਸਮਰੱਥ ਬਣਾਉਣ ਦੇ ਭਰਪੂਰ ਯਤਨ ਵੀ ਕੀਤੇ ਅਤੇ ਇਸ ਦੀਆਂ ਸੰਭਾਨਾਵਾਂ ਨੂੰ ਆਪਣੀਆਂ ਸਿਰਜਣਾਤਮਕ ਉਡਾਣਾਂ ਨਾਲ ਹੋਰ ਅਮੀਰ ਕੀਤਾ। ਏਨਾ ਹੀ ਨਹੀਂ, ਉਨ੍ਹਾਂ ਦੀਆਂ ਕਹਾਣੀਆਂ ਵਿੱਚ ਕਿਤੇ ਵੀ ਅੰਗਰੇਜ਼ੀ ਦੇ ਸ਼ਬਦ ਨਹੀਂ ਰੜਕਦੇ (ਜਿਨ੍ਹਾਂ ਦੀ ਹੁਣ ਲਿਖੇ ਜਾ ਰਹੇ ਆਲਸੀ ਪੰਜਾਬੀ ਸਾਹਿਤ ਵਿੱਚ ਭਰਮਾਰ ਹੋ ਗਈ ਹੈ) ਸਗੋਂ ਕਮਰਾ-ਸਾਥਣ ਵਰਗੀਆਂ ਨਿਰੋਲ ਨਵੀਆਂ ਘਾੜਤਾਂ ਲੱਭਦੀਆਂ ਹਨ।

ਨਵਤੇਜ ਸਿੰਘ ਨੇ ਮਨੋਵਿਗਿਆਨ ਦੀ ਐਮ.ਏ. ਕੀਤੀ ਸੀ। ਇਸ ਵਿਦਿਅਕ ਯੋਗਤਾ ਦੀ ਵਰਤੋਂ ਅਤੇ ਛਾਪ ਉਨ੍ਹਾਂ ਦੀਆਂ ਕਈ ਕਹਾਣੀਆਂ ਵਿੱਚ ਸਪੱਸ਼ਟ ਹੈ। ‘ਕੋਟ ਤੇ ਮਨੁੱਖ’ ਵਿੱਚ ਸਿੱਧੇ ਤੌਰ ’ਤੇ ਅਤੇ ‘ਦਿਲ ਦੀ ਥਾਂ ਤੇ ਜੰਦਰਾ’ ਅਤੇ ‘ਹਵਾਲਦਾਰ ਸ਼ਿੰਗਾਰਾ ਸਿੰਘ’ ਵਰਗੀਆਂ ਕਹਾਣੀਆਂ ਵਿੱਚ ਪਿਛੋਕੜੀ ਰੂਪ ਵਿੱਚ। ਏਨਾ ਹੀ ਨਹੀਂ, ਮਨੁੱਖੀ ਮਨ ਨੂੰ ਡੂੰਘਾਈ ਵਿੱਚ ਜਾ ਕੇ ਫਰੋਲ ਸਕਣ ਦੀ ਇਹ ਮੁਹਾਰਤ ਨਵਤੇਜ ਸਿੰਘ ਦੇ ਪਾਤਰਾਂ ਨੂੰ ਨਿਰੋਲ ਕਾਲੇ-ਚਿੱਟੇ ਜਮਾਤੀ ਖਾਨਿਆਂ ਵਿੱਚ ਧੱਕਣ ਤੋਂ ਵੀ ਬਚਾਉਂਦੀ ਹੈ। ਨਵਤੇਜ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਦੇ ਜੀਵਨ ਕਾਲ ਵਿੱਚ ਜਮਾਤੀ ਘੋਲ ਹੁਣ ਨਾਲੋਂ ਕਿਤੇ ਤਿਖੇਰੇ ਸਨ। ਇਸ ਦੇ ਬਾਵਜੂਦ ਨਵਤੇਜ ਸਿੰਘ ਆਪਣੇ ਗੈਰ-ਕਿਰਤੀ ਜਮਾਤ ਵਾਲੇ ਕਿਰਦਾਰਾਂ ਨੂੰ ਸਿੱਧੜ ਨਾਂਹ-ਪੱਖੀ ਸੱਚਿਆਂ ਵਿੱਚ ਨਹੀਂ ਦਰੜਦੇ। ਪਾਤਰਾਂ ਦੀ ਮਾਨਸਿਕਤਾ ਨੂੰ ਕਈ ਪਾਸਿਆਂ ਤੋਂ ਘੋਖ ਸਕਣ ਦੀ ਇਹ ਸਮਰੱਥਾ ਨਵਤੇਜ ਸਿੰਘ ਦੇ ਕਿਰਦਾਰਾਂ ਨੂੰ ਗੋਲਾਈ ਦਿੰਦੀ ਹੈ ਅਤੇ ਉਹ ਵਡੇਰੇ ਅਰਥਾਂ ਵਿੱਚ ਮਨੁੱਖਵਾਦੀ ਲੇਖਕ ਬਣ ਕੇ ਉੱਭਰਦੇ ਹਨ।

ਨਵਤੇਜ ਸਿੰਘ ਦੀਆਂ ਕਹਾਣੀਆਂ ਲੰਮੀਆਂ ਨਹੀਂ; ਕਈ ਤਾਂ ਮੁਸ਼ਕਲ ਨਾਲ ਤਿੰਨ-ਚਾਰ ਸਫ਼ਿਆਂ ਦੀਆਂ ਹਨ। ਇਸ ਦੇ ਬਾਵਜੂਦ ਇਹ ਇਕਹਿਰੀਆਂ ਨਹੀਂ। ਮਿਸਾਲ ਦੇ ਤੌਰ ’ਤੇ ਉਨ੍ਹਾਂ ਦੀ ਕਹਾਣੀ ‘ਮਾਂ ਦੇ ਦਿਲ ਵਿੱਚ ਐਲੋਰਾ ਦਾ ਮੰਦਰ’ ਨਿੱਕੜੀ ਹੋਣ ਦੇ ਬਾਵਜੂਦ ਅਛੋਪਲੇ ਹੀ ਆਪਣੇ ਸਮੇਂ ਅਤੇ ਸਥਾਨ ਦੀ ਬਹੁ-ਪੱਖੀ ਤਸਵੀਰ ਪੇਸ਼ ਕਰ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਹਾਣੀਆਂ ਰੂਪ ਪੱਖੋਂ ਵੀ ਕਈ ਤਜਰਬੇ ਕਰਦੀਆਂ ਹਨ। ‘ਸਭ ਤੋਂ ਵੱਡਾ ਖਜ਼ਾਨਾ’ ਲੋਕ-ਕਥਾਈ ਸ਼ੈਲੀ ਵਿੱਚ ਲਿਖੀ ਗਈ ਹੈ ਅਤੇ ‘ਜਲ੍ਹਿਆਂਵਾਲਾ ਜਾਗ ਪਿਆ’ ਤਕਰੀਬਨ ਪਰਾ-ਯਥਾਰਥਵਾਦੀ ਢੰਗ ਨਾਲ। ‘ਮਨੁੱਖ ਅਤੇ ਉਸਦਾ ਝੰਡਾ’ ਤਾਂ ਕਈ ਰੂਪਾਂ ਦਾ ਸੁਮੇਲ ਹੈ: ਇਸ ਵਿੱਚ ਵੇਲੇ ਦੀਆਂ ਰਾਜਸੀ ਘਟਨਾਵਾਂ ਦਾ ਇੰਨ-ਬਿੰਨ ਚਿਤਰਣ ਵੀ ਹੈ, ਅੱਗੜ-ਪਿੱਛੜ ਤੁਰਦੇ ਬਿਰਤਾਂਤ ਦੀ ਵਿਧੀ ਵੀ ਅਤੇ ਸੁਪਨੀਲਾ ਪਰਾ-ਯਥਾਰਥਵਾਦ ਵੀ। ਸਿਰਫ਼ 6 ਸਫ਼ਿਆਂ ਦੀ ਕਹਾਣੀ ਵਿੱਚ ਏਨੀਆਂ ਸਾਰੀਆਂ ਸ਼ੈਲੀਆਂ ਵਰਤ ਕੇ ਉਨ੍ਹਾਂ ਵਿੱਚ ਸਮਤੋਲ ਕਾਇਮ ਰੱਖ ਸਕਣਾ ਨਵਤੇਜ ਸਿੰਘ ਵਰਗੇ ਵਿਲੱਖਣ ਹੁਨਰ ਰਾਹੀਂ ਹੀ ਸੰਭਵ ਸੀ।

ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਨੂੰ ਚੇਤੇ ਕਰਦਿਆਂ ਇਹ ਕਹਿਣਾ ਵੀ ਨਾਵਾਜਬ ਨਹੀਂ ਹੋਵੇਗਾ ਕਿ ਪੰਜਾਬੀ ਦੀ ਸਾਹਿਤਕ ਇਤਿਹਾਸਕਾਰੀ ਵਿੱਚ ਉਨ੍ਹਾਂ ਦੀ ਦੇਣ ਦਾ ਸਹੀ ਮੁਲਾਂਕਣ ਨਹੀਂ ਹੋਇਆ; ਏਨੇ ਅਹਿਮ ਲੇਖਕ ਨੂੰ ਛੇਤੀ ਹੀ ਚੇਤੇ ਦੀ ਫੱਟੀ ਤੋਂ ਜੇ ਪੋਚ ਨਾ ਵੀ ਦਿੱਤਾ ਗਿਆ ਹੋਵੇ, ਅਗਲੇਰੀਆਂ ਪੀੜ੍ਹੀਆਂ ਦੇ ਪਾਠਕ ਨਵਤੇਜ ਸਿੰਘ ਦੀ ਰਚਨਾ ਦੀ ਵਿਲੱਖਣਤਾ ਅਤੇ ਸਮਰੱਥਾ ਨਾਲ ਪਛਾਣ ਤੋਂ ਵਿਰਵੇ ਹਨ। ਇਸ ਖੱਪੇ ਨੂੰ ਭਰਨ ਦੀ ਲੋੜ ਹੈ।

ਨਵਤੇਜ ਸਿੰਘ ਦੀ ਉੱਘੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨਾਲ ਇੱਕ ਯਾਦਗਾਰੀ ਤਸਵੀਰ।
Advertisement
Show comments