ਸਾਹਿਤ ਦਾ ਮਹਾਸਾਗਰ ਮੁਨਸ਼ੀ ਪ੍ਰੇਮਚੰਦ
ਸਾਹਿਤਕਾਰ ਸਮਾਜ ਲਈ ਚਾਨਣ-ਮੁਨਾਰਾ ਹੁੰਦੇ ਹਨ। ਲੇਖਕ ਦੀ ਸਭ ਤੋਂ ਵੱਡੀ ਖ਼ੂਬੀ ਉਸ ਦੀ ਸਰਬਕਾਲੀ ਪ੍ਰਸੰਗਕਤਾ ਹੈ। ਉਹ ਜੋ ਲਿਖਦਾ ਹੈ, ਉਸ ਵਿੱਚੋਂ ਮਨੁੱਖਤਾ ਦਾ ਦਰਦ, ਆਸ-ਨਿਰਾਸ ਅਤੇ ਸਮਸਤ ਸਦੀਵੀ ਭਾਵਨਾਵਾਂ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ। ਹਾਸਰਸ ਲੇਖਕ ਵੀ ਜੋ...
ਸਾਹਿਤਕਾਰ ਸਮਾਜ ਲਈ ਚਾਨਣ-ਮੁਨਾਰਾ ਹੁੰਦੇ ਹਨ। ਲੇਖਕ ਦੀ ਸਭ ਤੋਂ ਵੱਡੀ ਖ਼ੂਬੀ ਉਸ ਦੀ ਸਰਬਕਾਲੀ ਪ੍ਰਸੰਗਕਤਾ ਹੈ। ਉਹ ਜੋ ਲਿਖਦਾ ਹੈ, ਉਸ ਵਿੱਚੋਂ ਮਨੁੱਖਤਾ ਦਾ ਦਰਦ, ਆਸ-ਨਿਰਾਸ ਅਤੇ ਸਮਸਤ ਸਦੀਵੀ ਭਾਵਨਾਵਾਂ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ। ਹਾਸਰਸ ਲੇਖਕ ਵੀ ਜੋ ਲਿਖਦਾ ਹੈ, ਉਸ ਵਿੱਚੋਂ ਵਿਅੰਗਾਤਮਕ ਬੋਧ ਸਮਾਜਿਕ ਵਿਸੰਗਤੀਆਂ ਅਤੇ ਵਿਅਕਤੀਗਤ ਖਬਤਾਂ ਬਾਰੇ ਸਾਨੂੰ ਸਚੇਤ ਕਰਦਾ ਹੈ।
ਹਿੰਦੀ ਸਾਹਿਤ ਵਿੱਚ ਮੁਨਸ਼ੀ ਪ੍ਰੇਮਚੰਦ ਦਾ ਨਾਮ ਸਾਰੇ ਸਾਹਿਤਕਾਰਾਂ ਤੋਂ ਉੱਪਰ ਹੈ। ਉਨ੍ਹਾਂ ਨੇ ਜਿੰਨਾ ਅਤੇ ਜੋ ਕੁਝ ਲਿਖਿਆ, ਉਹ ਸਦਾ ਲਈ ਮਨੁੱਖਤਾ ਲਈ ਅਹਿਮ ਦਸਤਾਵੇਜ਼ ਬਣ ਗਿਆ। ਉਨ੍ਹਾਂ ਦੀਆਂ ਲਿਖੀਆਂ ਕਹਾਣੀਆਂ ਅਤੇ ਨਾਵਲਾਂ ਦੇ ਨਾਂ ਅੱਜ ਵੀ ਸਾਹਿਤ ਰਸੀਆਂ ਦੀ ਜ਼ੁਬਾਨ ’ਤੇ ਹਨ ਤੇ ਕੱਲ੍ਹ ਵੀ ਰਹਿਣਗੇ। ਇਹ ਨਾਮ ਏਨੇ ਮਸ਼ਹੂਰ ਹੋ ਚੁੱਕੇ ਹਨ ਕਿ ਸਕੂਲੀ ਪੱਧਰ ’ਤੇ ਸਾਹਿਤ ਪੜ੍ਹਦਾ ਬੱਚਾ ਵੀ ਇਨ੍ਹਾਂ ਤੋਂ ਵਾਕਿਫ਼ ਹੋ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰੇਮਚੰਦ ਨੇ ਏਨਾ ਸਰਲ ਬਣਾ ਕੇ ਏਨਾ ਪ੍ਰਮਾਣਿਕ ਸਾਹਿਤ ਰਚਿਆ, ਜੋ ਪਾਠਕ ਦੇ ਦਿਲ ’ਤੇ ਗਹਿਰੀ ਛਾਪ ਛੱਡਦਾ ਹੈ।
ਪ੍ਰ੍ਰੇਮਚੰਦ ਦੀਆਂ ਲਿਖੀਆਂ ਕਹਾਣੀਆਂ ਅਤੇ ਨਾਵਲਾਂ ਦੇ ਜਾਣੇ-ਪਛਾਣੇ ਨਾਂ ਕਫ਼ਨ, ਠਾਕੁਰ ਕਾ ਕੂੰਆਂ, ਨਮਕ ਕਾ ਦਾਰੋਗਾ, ਗੋਦਾਨ, ਨਿਰਮਲਾ, ਮੰਤ੍ਰ, ਈਦਗਾਹ, ਸਦਗਤੀ, ਪੰਚ ਪਰਮੇਸ਼ਵਰ, ਘਾਸਵਾਲੀ, ਮੁਕਤੀ ਮਾਰਗ, ਰੰਗਭੂਮੀ, ਸੇਵਾਸਦਨ, ਦੋ ਬੈਲੋਂ ਕੀ ਕਥਾ ਹਨ। ਪ੍ਰੇਮਚੰਦ ਨੂੰ ਭਾਸ਼ਾ ਦੀ ਸਮਰੱਥਾ ਬਾਰੇ ਗੂੜ੍ਹ ਅਤੇ ਗੁੱਝਾ ਗਿਆਨ ਸੀ। ਇਸ ਲਈ ਹੀ ਉਹ ਭਾਸ਼ਾ ਦੀ ਵੰਨ-ਸੁਵੰਨੀ ਵਰਤੋਂ ਕਰਦਿਆਂ ਵੀ ਭਾਸ਼ਾ ਦੀ ਸਰਲਤਾ ਤੋਂ ਹੀ ਕੰਮ ਲੈਂਦੇ ਰਹੇ। ਉਨ੍ਹਾਂ ਦੇ ਘੜੇ ਹੋਏ ਕਿਰਦਾਰ ਵੀ ਵਲ ਛਲ ਨਾਲ ਚਿਤਰੇ ਹੋਏ ਨਹੀਂ ਹਨ। ਉਹ ਚਰਿੱਤਰ ਦੀ ਹਰ ਪਰਤ ਵਿੱਚੋਂ ਸਹਿਜ ਅਤੇ ਸਰਲ ਢੰਗ ਨਾਲ ਉਭਰਦੇ ਹਨ ਕਿ ਪਾਠਕਾਂ ਨੂੰ ਆਪਣੇ ਲੱਗਣ ਲੱਗ ਪੈਂਦੇ ਹਨ। ਇਨ੍ਹਾਂ ਕਿਰਦਾਰਾਂ ਦੀ ਹਰ ਕਰਨੀ ਵਿੱਚ ਪਾਠਕ ਇੰਜ ਖੁੱਭਦੇ ਹਨ ਕਿ ਨਾ ਕਿੰਤੂ ਕਰਦੇ ਹਨ ਤੇ ਨਾ ਹੀ ਦਖ਼ਲਅੰਦਾਜ਼ੀ।
ਮੁਨਸ਼ੀ ਪ੍ਰੇਮਚੰਦ (ਅਸਲ ਨਾਮ ਧਨਪਤ ਰਾਏ ਸ੍ਰੀਵਾਸਤਵ) ਦਾ ਜਨਮ 31 ਜੁਲਾਈ 1880 ਨੂੰ ਬਨਾਰਸ ਨੇੜਲੇ ਪਿੰਡ ਲਮਹੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਡਾਕਮੁਨਸ਼ੀ ਅਜਾਇਬਲਾਲ ਸੀ। ਮੁਨਸ਼ੀ ਪ੍ਰੇਮਚੰਦ ਨੇ 18-19 ਸਾਲ ਦੀ ਉਮਰ ਵਿੱਚ ਸਕੂਲ ਮਾਸਟਰੀ ਵਜੋਂ ਕੰਮ ਸੰਭਾਲ ਲਿਆ ਅਤੇ 1921 ਵਿੱਚ ਨੌਕਰੀ ਛੱਡ ਦਿੱਤੀ। ਜਦੋਂ ਨੌਕਰੀ ਛੱਡੀ ਉਦੋਂ ਉਹ ਸਿੱਖਿਆ ਵਿਭਾਗ ਦੀ ਡਿਪਟੀ ਕਲੈਕਟਰੀ ਕਰ ਰਹੇ ਸਨ। 1923 ਵਿੱਚ ਬਨਾਰਸ ਵਿੱਚ ਸਰਸਵਤੀ ਪ੍ਰੈੱਸ ਸਥਾਪਤ ਕੀਤੀ। ਸਿਰ ਚੜ੍ਹਿਆ ਕਰਜ਼ਾ ਚੁਕਾਉਣ ਲਈ ਫਿਲਮ ਉਦਯੋਗ ਵਿੱਚ ਕੰਮ ਕਰਨ ਲਈ ਮੁੰਬਈ ਗਏ। ਉਨ੍ਹਾਂ ਨੇ ਇੱਕ ਫਿਲਮ ਲਈ ਸਕ੍ਰੀਨਪਲੇ ਲਿਖਿਆ ਅਤੇ ਇੱਕ ਹੋਰ ਫ਼ਿਲਮ ਵਿੱਚ ਮਜ਼ਦੂਰ ਨੇਤਾ ਦੀ ਭੂਮਿਕਾ ਨਿਭਾਈ, ਪਰ ਇੱਕ ਸਾਲ ਹੀ ਬੰਬਈ ਟਿਕੇ।
ਪ੍ਰੇਮਚੰਦ ਦਾ ਨਿੱਜੀ ਜੀਵਨ ਸਾਦਾ ਅਤੇ ਅਤਿ ਸਾਧਾਰਨ ਸੀ। ਉਹ ਆਪਣੇ ਸਮੇਂ ਦੇ ਸਮਾਜ ਵਿਚਲੇ ਹਰ ਆਮ ਵਿਅਕਤੀ ਦੀ ਤਕਲੀਫ਼ ਅਤੇ ਦੁਬਿਧਾ ਤੋਂ ਜਾਣੂ ਰਹਿੰਦੇ ਸਨ। ਉਨ੍ਹਾਂ ਦੀ ਸਾਰੀ ਰਚਨਾ ਬਹੁਰੰਗੀ ਤੇ ਟਕਸਾਲੀ ਹੈ, ਜੋ ਅੱਜ ਵੀ ਪ੍ਰਸੰਗਕ ਜਾਪਦੀ ਹੈ। ਆਪਣੀਆਂ ਕਹਾਣੀਆਂ ਵਿੱਚ ਉਨ੍ਹਾਂ ਵੱਲੋਂ ਨਿਭਾਏ ਵਿਸ਼ੇ ਅੱਜ ਵੀ ਹਰ ਸਮਾਜ ਵਿੱਚ ਮੌਜੂਦ ਹਨ। ਉਨ੍ਹਾਂ ਨੇ ਉਦਯੋਗੀਕਰਨ (ਜਿਸ ਦੀ ਥਾਂ ਹੁਣ ਤਕਨਾਲੋਜੀ ਨੇ ਲੈ ਲਈ ਹੈ), ਪੂੰਜੀਵਾਦ ਦੀ ਚੜ੍ਹਤ, ਜਾਤਪਾਤ, ਅੰਧ-ਵਿਸ਼ਵਾਸ, ਔਰਤਾਂ ’ਤੇ ਜ਼ੁਲਮ, ਕਿਰਦਾਰਹੀਣਤਾ, ਧਾਰਮਿਕ ਕੱਟੜਤਾ, ਫ਼ਿਰਕਾਪ੍ਰਸਤੀ, ਕਿਸਾਨਾਂ ਮਜ਼ਦੂਰਾਂ ਦੇ ਮਸਲੇ ਆਦਿ ਹਰ ਸਮਾਜਿਕ ਬੁਰਾਈ ਅਤੇ ਅਸੰਗਤੀ ਨੂੰ ਰਚਨਾਵਾਂ ਦਾ ਵਿਸ਼ਾ ਬਣਾਇਆ। ਜਿਨ੍ਹਾਂ ਮਸਲਿਆਂ ਨੂੰ ਅੱਜ ਲੋਕ ਸੜਕਾਂ ’ਤੇ ਉਤਰ ਕੇ ਨਜਿੱਠਣ ਲਈ ਬਿਹਬਲ ਹੁੰਦੇ ਹਨ, ਉਨ੍ਹਾਂ ਉੱਤੇ ਪ੍ਰੇਮਚੰਦ ਨੇ ਕਲਮ ਦੀ ਉਹ ਪਹਿਰੇਦਾਰੀ ਕਰ ਕੇ ਵਿਖਾਈ ਹੈ ਜਿਸ ਦੀ ਲੋੜ ਅੱਜ ਵੀ ਮਹਿਸੂਸ ਹੁੰਦੀ ਹੈ। ਉਨ੍ਹਾਂ ਦੀਆਂ ਕੁਝ ਕਹਾਣੀਆਂ ਜਿਵੇਂ ਬੂੜ੍ਹੀ ਕਾਕੀ, ਬੜੇ ਭਾਈ ਸਾਹਬ, ਈਦਗਾਹ ਆਦਿ ਆਦਰਸ਼ਾਂ ਦਾ ਸਬਕ ਤੇ ਸੁਨੇਹਾ ਦਿੰਦੀਆਂ ਹਨ। ਆਦਰਸ਼ਾਂ ਅਤੇ ਚੰਗੀਆਂ ਕਦਰਾਂ ਤੋਂ ਹੀਣੇ ਸਮਾਜ ਦਾ ਮੁਜੱਸਮਾ ਬਣਿਆ ਅਜੋਕਾ ਸਮਾਂ ਅਸੀਂ ਵੇਖ ਹੀ ਰਹੇ ਹਾਂ। ਕਹਾਣੀ ‘ਸ਼ਤਰੰਜ ਕੇ ਖਿਲਾੜੀ’ ਅਜੋਕੇ ਦੌਰ ਦੇ ਸੱਤਾਧਾਰੀਆਂ ਉੱਤੇ ਵੀ ਪੂਰੀ ਢੁੱਕਦੀ ਹੈ।
ਪ੍ਰੇਮਚੰਦ ਨੇ ਪਹਿਲਾਂ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਤਿੰਨ ਨਾਵਲ ਲਿਖੇ: ਬਾਜ਼ਾਰ-ਏ-ਹੁਸਨ, ਗੋਸ਼ਾ-ਏ-ਆਫ਼ੀਅਤ ਅਤੇ ਚੌਗਾਨ-ਏ-ਹਸਤੀ। ਇਨ੍ਹਾਂ ਤਿੰਨਾਂ ਨੂੰ ਹਿੰਦੁਸਤਾਨੀ ਵਿੱਚ ਅਨੁਵਾਦ ਕਰਕੇ ਸੇਵਾਸਦਨ, ਪ੍ਰੇਮਆਸ਼ਰਮ ਅਤੇ ਰੰਗਭੂਮੀ ਨਾਮ ਦਿੱਤੇ। ‘ਕਾਇਆਕਲਪ’ ਨਾਂ ਹੇਠ ਪਹਿਲਾ ਹਿੰਦੀ ਨਾਵਲ ਲਿਖਿਆ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਆਪਣੀ ਧੀ ਨੂੰ ਲਿਖੇ ਖ਼ਤਾਂ ਦਾ ਅੰਗਰੇਜ਼ੀ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ। ਤਾਲਸਤਾਏ ਦੀਆਂ ਕਹਾਣੀਆਂ ਦਾ ਅਨੁਵਾਦ ਵੀ ਕੀਤਾ। ਪ੍ਰੇਮਚੰਦ ਦੇ ਨਾਂ ਹੇਠ ਪਹਿਲੀ ਕਹਾਣੀ ‘ਜ਼ਮਾਨਾ’ ਨਾਮ ਦੇ ਉਰਦੂ ਰਸਾਲੇ ਵਿੱਚ ਦਸੰਬਰ 1910 ਵਿੱਚ ਛਪੀ ਸੀ। ਇਹ ਸੀ ‘ਬੜੇ ਘਰ ਕੀ ਬੇਟੀ’। ਰਸਾਲਾ ‘ਜ਼ਮਾਨਾ’ ਕਾਨਪੁਰ ਤੋਂ ਛਪਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲਿਖਣ-ਪੜ੍ਹਨ ਛਪਣ ਦੀ ਸਰਗਰਮੀ ਵਿੱਚ ਜਵਾਨ ਉਮਰੇ ਹੀ ਪੈ ਗਏ ਸਨ।
ਪ੍ਰ੍ਰੇਮਚੰਦ ਕਿਸੇ ਆਧੁਨਿਕ ਸ਼ੈਲੀ ਜਾਂ ਸੰਵੇਦਨਾ ਜਾਂ ਚੇਤਨਾ ਪ੍ਰਵਾਹ ਦੇ ਨਾਵਲਕਾਰ ਜਾਂ ਕਹਾਣੀਕਾਰ ਨਹੀਂ ਸਨ, ਪਰ ਸਮਾਜ ਦੇ ਸਾਧਾਰਨ ਤੇ ਹੇਠਲੇ ਵਰਗ ਲਈ ਪ੍ਰੇਮਚੰਦ ਦੀ ਰਚਨਾ ਵਿੱਚੋਂ ਬੇਮਿਸਾਲ ਸੰਵੇਦਨਾ, ਸਮਝ ਅਤੇ ਸੂਝ ਝਲਕਦੀ ਹੈ। ਅਜੋਕੇ ਬੇਕਿਰਕ ਪੂੰਜੀਵਾਦ ਅਤੇ ਵਿਸ਼ਵੀਕਰਨ ਦੀ ਘੁੰਮਣਘੇਰੀ ਵਿੱਚ ਆਪਣਾ ਅਸਤਿਤਵ ਗੁਆ ਰਹੇ ਅਤੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਅਤੇ ਨਿੱਘਰ ਰਿਹਾ ਜੀਵਨ ਜੀਅ ਰਹੇ ਮਜ਼ਦੂਰਾਂ ਦੀ ਗੱਲ ਕਰਦਿਆਂ ਸਾਨੂੰ ਪ੍ਰੇਮਚੰਦ ਦੀ ਰਚਨਾਵਲੀ ਦੀ ਯਾਦ ਆਉਣੀ ਸੁਭਾਵਿੱਕ ਹੈ। ਉਨ੍ਹਾਂ ਦੀ ਅੰਤਿਮ ਰਚਨਾ ‘ਗੋਦਾਨ’ 1936 ਵਿੱਚ ਛਪੀ ਸੀ। ਉਦੋਂ ਤੋਂ ਹੁਣ ਤਕ 88 ਸਾਲ ਬੀਤਣ ਮਗਰੋਂ ਵੀ ਪ੍ਰੇਮਚੰਦ ਨੂੰ ਵਾਰ ਵਾਰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਦੇ ਨਾਟਕੀਕਰਨ ਹੋ ਰਹੇ ਹਨ। ਹਿੰਦੀ ਦੀ ਲੇਖਕਾ ਚਿਤਰਾ ਮੁਦਗਲ ਨੇ ਪ੍ਰੇਮਚੰਦ ਦੀਆਂ ਕਹਾਣੀਆਂ ਦੇ ਨਾਟਕੀ ਰੂਪ ਤਿਆਰ ਕੀਤੇ ਹਨ, ਜੋ ਚਾਰ ਸੈਂਚੀਆਂ ਵਿੱਚ ਛਪੇ ਹਨ। ਪਿੱਛੇ ਜਿਹੇ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਨੇ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵਿੱਚ ਪ੍ਰੇਮਚੰਦ ਦੀ ਸਮ੍ਰਿਤੀ ਨੂੰ ਸਮਰਪਿਤ ਇੱਕ ਨਾਟ-ਉਤਸਵ ਦਾ ਆਯੋਜਨ ਕੀਤਾ, ਜਿਸ ਵਿੱਚ ਪ੍ਰੇਮਚੰਦ ਦੀਆਂ ਕਹਾਣੀਆਂ ’ਤੇ ਆਧਾਰਿਤ ਅੱਠ ਨਾਟਕ ਖੇਡੇ ਗਏ।
ਕੁੱਲ 224 ਕਹਾਣੀਆਂ ਅਤੇ 18 ਨਾਵਲ ਲਿਖਣ ਵਾਲੇ, ਹਿੰਦੀ ਦੇ ਮੰਨੇ-ਪ੍ਰਮੰਨੇ, ਸਭ ਤੋਂ ਵੱਧ ਹਰਮਨਪਿਆਰੇ ਅਤੇ ਪ੍ਰਸੰਗਕ ਸਾਹਿਤਕਾਰ ਪ੍ਰੇਮਚੰਦ ਦੀ ਰਚਨਾਵਲੀ ਏਨੀ ਸਮਰਿੱਧ ਹੈ ਕਿ ਇਸ ਨੂੰ ਮਨੁੱਖਤਾ ਦੀ ਭਲਾਈ ਅਤੇ ਸੁਹਜ-ਸਵਾਦ ਲਈ ਕਦੇ ਵੀ ਵਰਤਿਆ ਜਾ ਸਕਦਾ ਹੈ।
ਹਿੰਦੀ ਸਾਹਿਤ ਜਗਤ ਵਿੱਚ ਪ੍ਰੇਮਚੰਦ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਉਨ੍ਹਾਂ ਨੂੰ ‘ਕਲਮ ਦਾ ਸਿਪਾਹੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਪ੍ਰੇਮਚੰਦ ਨੇ ਜਿਸ ਸ਼ਿੱਦਤ ਨਾਲ ਸਮਾਜਿਕ ਵਿਸੰਗਤੀਆਂ ਨੂੰ ਰਚਨਾ ਵਿੱਚ ਉਘਾੜਿਆ, ਉਸ ਬਾਰੇ ਅੱਜ ਵੀ ਲਿਖਣ ਦੀ ਲੋੜ ਹੈ। ਜਿਸ ਸਮੇਂ ਅਸੀਂ ਜੀਅ ਰਹੇ ਹਾਂ, ਉਸ ਵਿੱਚ ਠੱਗੀਆਂ, ਬੇਰਹਿਮੀ, ਹਿੰਸਾ, ਨਸ਼ੇ, ਤਸਕਰੀ, ਵਿਖਾਵਾ, ਬੇਹੱਦ ਲਾਲਚ, ਸਿਆਸੀ ਨਿਘਾਰ ਆਦਿ ਬੁਰਾਈਆਂ ਆਪਣੇ ਸਿਖਰ ’ਤੇ ਹਨ। ਕਿਸੇ ਮੁਨਸ਼ੀ ਪ੍ਰੇਮਚੰਦ ਵਰਗੇ ਦੀ ਕਲਮੀ ਪਹਿਰੇਦਾਰੀ
ਦੀ ਅੱਜ ਬਹੁਤ ਲੋੜ ਹੈ। ਮਹਾਨ ਆਲੋਚਕ ਡਾ. ਨਾਮਵਰ ਸਿੰਘ ਦਾ ਕਹਿਣਾ ਹੈ: ‘‘ਪ੍ਰੇਮਚੰਦ ਤੋ ਮਹਾਂਸਾਗਰ ਥੇ, ਉਤਨੀ ਵਿਆਪਕ ਭੂਮੀ ਤੋ ਕਿਸੀ ਏਕ ਲੇਖਕ ਕੇ ਪਾਸ ਨਹੀਂ ਹੈ।’’
ਸੰਪਰਕ: 98149-02564