DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਦੀ ਕੁੱਟ

ਡਾ. ਇਕਬਾਲ ਸਿੰਘ ਸਕਰੌਦੀ ਕਥਾ ਪ੍ਰਵਾਹ ਯੂਨੀਵਰਸਿਟੀ ਦਾ ਸੈਨੇਟ ਹਾਲ ਡਿਗਰੀ ਲੈਣ ਵਾਲਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਮੈਨੂੰ ਪੀ.ਐੱਚਡੀ. ਦੀ ਵੱਕਾਰੀ ਡਿਗਰੀ ਦਿੱਤੀ ਜਾਣੀ ਸੀ। ਉਸ ਦਿਨ ਡਿਗਰੀ ਲੈ ਕੇ ਮੈਂ ਰਾਤ ਨੂੰ ਅੱਠ ਵਜੇ ਆਪਣੇ ਸ਼ਹਿਰ ਦੇ...
  • fb
  • twitter
  • whatsapp
  • whatsapp
Advertisement

ਡਾ. ਇਕਬਾਲ ਸਿੰਘ ਸਕਰੌਦੀ

ਕਥਾ ਪ੍ਰਵਾਹ

Advertisement

ਯੂਨੀਵਰਸਿਟੀ ਦਾ ਸੈਨੇਟ ਹਾਲ ਡਿਗਰੀ ਲੈਣ ਵਾਲਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਮੈਨੂੰ ਪੀ.ਐੱਚਡੀ. ਦੀ ਵੱਕਾਰੀ ਡਿਗਰੀ ਦਿੱਤੀ ਜਾਣੀ ਸੀ। ਉਸ ਦਿਨ ਡਿਗਰੀ ਲੈ ਕੇ ਮੈਂ ਰਾਤ ਨੂੰ ਅੱਠ ਵਜੇ ਆਪਣੇ ਸ਼ਹਿਰ ਦੇ ਬੱਸ ਅੱਡੇ ਉੱਤੇ ਪੁੱਜਾ ਸਾਂ। ਘਰ ਜਾਣ ਤੋਂ ਪਹਿਲਾਂ ਮੈਂ ਮਠਿਆਈ ਦੀ ਦੁਕਾਨ ਤੋਂ ਲੱਡੂਆਂ ਦਾ ਡੱਬਾ ਲੈ ਲਿਆ। ਸਵਾ ਅੱਠ ਵਜੇ ਮੈਂ ਘਰ ਪੁੱਜਾ। ਘਰ ਵੜਦਿਆਂ ਹੀ ਮੈਂ ਮਾਂ ਦੇ ਪੈਰਾਂ ’ਤੇ ਮੱਥਾ ਟੇਕਿਆ। ਡਿਗਰੀ ਮਾਂ ਦੇ ਹੱਥਾਂ ਵਿੱਚ ਦੇ ਦਿੱਤੀ। ਇੱਕ ਲੱਡੂ ਨਾਲ ਮਾਂ ਦਾ ਮੂੰਹ ਮਿੱਠਾ ਕਰਵਾਇਆ। ਮਾਂ ਨੇ ਡਿਗਰੀ ਨੂੰ ਹੱਥ ਲਾ ਕੇ ਪੁੱਛਿਆ, ‘‘ਪੁੱਤਰਾ, ਇਹ ਕੀ ਹੈ?’’

‘‘ਮਾਂ, ਇਹ ਤੇਰੇ ਆਸ਼ੀਰਵਾਦ ਦਾ ਫ਼ਲ ਹੈ। ਤੂੰ ਬਚਪਨ ਵਿੱਚ ਮੈਨੂੰ ਪੜ੍ਹਾਉਂਦੀ ਹੁੰਦੀ ਸੀ। ਤੇਰੀ ਉਸੇ ਮਿਹਨਤ ਦਾ ਸਿੱਟਾ ਹੈ। ਅੱਜ ਤੇਰੇ ਪੁੱਤ ਨੂੰ ਵਿੱਦਿਆ ਦੇ ਖੇਤਰ ਵਿੱਚ ਇਹ ਸਭ ਤੋਂ ਵੱਡੀ ਡਿਗਰੀ ਮਿਲੀ ਹੈ। ਅਸਲ ਵਿੱਚ ਇਹ ਡਿਗਰੀ ਤੇਰੇ ਪੁੱਤ ਨੂੰ ਨਹੀਂ, ਸਗੋਂ ਤੈਨੂੰ ਮਿਲੀ ਹੈ ਮਾਂ। ਵਧਾਈਆਂ ਹੋਣ ਮੇਰੀ ਪਿਆਰੀ ਮਾਂ।’’

‘‘ਸ਼ੁਕਰ ਐ ਮਾਲਕਾ ਤੇਰਾ! ਤੇਰਾ ਲੱਖ-ਲੱਖ ਸ਼ੁਕਰ ਐ! ਅੱਜ ਮੇਰੇ ਪੁੱਤ ਦੀ ਮਿਹਨਤ ਸਫ਼ਲਾ ਹੋਈ ਐ।’’ ਮਾਂ ਨੇ ਆਪਣੇ ਦੋਵੇਂ ਹੱਥ ਉੱਪਰ ਛੱਤ ਵੱਲ ਕਰਦਿਆਂ ਕਿਹਾ।

‘‘ਮਾਂ, ਇੱਕ ਗੱਲ ਦੱਸ? ਭਲਾ ਤੈਨੂੰ ਉਹ ਗੱਲ ਯਾਦ ਐ? ਜਦੋਂ ਨਾਵਲ ਪੜ੍ਹਨ ਕਾਰਨ ਤੂੰ ਮੈਨੂੰ ਕੁੱਟਿਆ ਸੀ।’’ ਮੈਂ ਮਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਾਂ ਨੂੰ ਸੁਆਲ ਪਾ ਦਿੱਤਾ ਸੀ।

‘‘ਤੂੰ ਬੜਾ ਖੋਟਾ ਐਂ। ‘ਮਾਂ ਦੀ ਕੁੱਟ’ ਵਾਲੀ ਗੱਲ ਨੂੰ ਹੁਣ ਤੱਕ ਆਪਣੇ ਲੜ ਬੰਨ੍ਹੀਂ ਬੈਠੈਂ। ਨਾਲੇ ਪੁੱਤ! ਮਾਂ ਕਦੇ ਵੀ ਆਪਣੀ ’ਲਾਦ ਨੂੰ ਨੀਂ ਕੁੱਟਦੀ ਹੁੰਦੀ। ਏਹ ਤਾਂ ਜਦੋਂ ਮਾਂ ਨੂੰ ਲੱਗਦੈ ਕਿ ਉਹਦਾ ਧੀ ਪੁੱਤ ਆਪਣੇ ਰਾਹ ਤੋਂ ਭਟਕ ਰਿਹੈ, ਤਦ ਕਿਤੇ ਮਾਂ ਆਪਣੇ ਸੀਨੇ ’ਤੇ ਪੱਥਰ ਰੱਖ ਕੇ ਆਪਣੀ ’ਲਾਦ ’ਤੇ ਹੱਥ ਚੁੱਕਦੀ ਐ। ਨਾਲੇ ਪੁੱਤ! ਤੂੰ ਮਾਂ ਨੀਂ ਨਾ। ਏਸ ਕਰਕੇ ਇਹ ਗੱਲ ਤੂੰ ਨਹੀਂ ਸਮਝ ਸਕਦਾ ਹਾਲੇ।’’ ਐਨ ਉਸੇ ਸਮੇਂ ਮੇਰੀ ਸੁਰਤ ਬੱਤੀ ਵਰ੍ਹੇ ਪਿਛਾਂਹ ਪਰਤ ਗਈ, ਜਦੋਂ ਮੈਂ ਸਰਕਾਰੀ ਹਾਈ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦਾ ਸਾਂ। ਸਕੂਲ ਵਿੱਚ ਜਦੋਂ ਵੀ ਮੈਨੂੰ ਕੁਝ ਵਿਹਲ ਮਿਲਦੀ, ਮੈਂ ਸਕੂਲ ਦੀ ਲਾਇਬਰੇਰੀ ਵਿੱਚ ਚਲਾ ਜਾਂਦਾ ਸਾਂ। ਆਪਣੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਤੋਂ ਇਲਾਵਾ ਲਾਇਬਰੇਰੀ ਵਿੱਚੋਂ ਨਾਵਲ, ਕਵਿਤਾਵਾਂ ਅਤੇ ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਪੜ੍ਹਨਾ ਤਾਂ ਜਿਵੇਂ ਮੇਰੇ ਲਈ ਇਸ਼ਕ ਸੀ। ਪੜ੍ਹਨਾ ਤਾਂ ਮੇਰੇ ਲਈ ਜਿਵੇਂ ਇਬਾਦਤ ਸੀ। ਪੜ੍ਹਨ ਨਾਲ ਮੈਨੂੰ ਇੱਕ ਅਜੀਬ ਕਿਸਮ ਦੀ ਖ਼ੁਸ਼ੀ ਮਿਲਦੀ ਸੀ। ਇੱਕ ਅਦਭੁੱਤ ਖ਼ੁਮਾਰੀ ਜਿਹੀ ਚੜ੍ਹਦੀ ਸੀ। ਜਿਉਂ ਹੀ ਮੈਂ ਪੂਰੀ ਕਿਤਾਬ ਪੜ੍ਹ ਹਟਦਾ ਤਾਂ ਆਪਣੇ ਆਪ ਨੂੰ ਭਰਿਆ-ਭਰਿਆ ਮਹਿਸੂਸ ਕਰਦਾ ਸਾਂ।

ਸ਼ਿੰਦਰਪਾਲ ਕੌਰ ਸਕੂਲ ਤੋਂ ਨੌਂ ਕਿਲੋਮੀਟਰ ਦੂਰ ਦੇ ਪਿੰਡ ਦੀ ਕੁੜੀ ਸੀ। ਉਹ ਮੇਰੀ ਹੀ ਜਮਾਤ ਵਿੱਚ ਪੜ੍ਹਦੀ ਸੀ। ਜਿੱਥੇ ਉਹ ਉੱਚੀ ਲੰਮੀ, ਗੋਰੀ ਚਿੱਟੀ, ਸੋਹਣੀ ਸੁਨੱਖੀ, ਮੋਟੀਆਂ-ਮੋਟੀਆਂ ਕਾਲ਼ੀਆਂ ਅੱਖਾਂ ਵਾਲੀ, ਗੋਡਿਆਂ ਤੱਕ ਪਲਮਦੇ ਲੰਮੇ ਭਾਰੀ ਕਾਲੇ ਕੇਸਾਂ ਵਾਲੀ, ਭਰਵੇਂ ਜੁੱਸੇ ਦੀ ਕੱਦਾਵਰ ਮੁਟਿਆਰ ਸੀ, ਉੱਥੇ ਮੈਂ ਕਣਕਵੰਨੇ ਜਿਹੇ ਰੰਗ ਦਾ ਇਕਹਿਰੇ ਸਰੀਰ ਦਾ ਲੰਮਾ ਪਤਲਾ ਛੀਂਟਕਾ ਜਿਹਾ ਮੁੰਡਾ ਸਾਂ। ਪੜ੍ਹਾਈ ਵਿੱਚ ਮੈਂ ਮੁੱਢ ਤੋਂ ਹੀ ਬਹੁਤ ਲਾਇਕ ਸੀ। ਇਸੇ ਕਰਕੇ ਛੇਵੀਂ ਜਮਾਤ ਤੋਂ ਹੀ ਮੈਂ ਮਨੀਟਰ ਬਣਿਆ ਆ ਰਿਹਾ ਸਾਂ। ਦਸਵੀਂ ਜਮਾਤ ਵਿੱਚ ਵੀ ਮੈਨੂੰ ਹੀ ਮਨੀਟਰ ਬਣਾਇਆ ਗਿਆ ਸੀ। ਪੜ੍ਹਾਈ ਵਿੱਚ ਮੈਂ ਹਮੇਸ਼ਾ ਅੱਵਲ ਆਉਂਦਾ ਸਾਂ। ਸ਼ਾਇਦ ਇਹੋ ਵਜ੍ਹਾ ਸੀ ਕਿ ਮੈਂ ਆਪਣੇ ਸਕੂਲ ਦੇ ਮੁੱਖ ਅਧਿਆਪਕ, ਸਕੂਲ ਦੇ ਬਹੁਤੇ ਅਧਿਆਪਕਾਂ ਅਤੇ ਜਮਾਤੀ ਮੁੰਡੇ ਕੁੜੀਆਂ ਵਿੱਚ ਵੀ ਬੜਾ ਹਰਮਨ ਪਿਆਰਾ ਸਾਂ। ਮੇਰੀ ਜਮਾਤ ਦੀਆਂ ਸਾਰੀਆਂ ਕੁੜੀਆਂ ਮੈਨੂੰ ‘ਵੀਰਾ’ ਕਹਿ ਕੇ ਬੁਲਾਉਂਦੀਆਂ ਸਨ। ਪਰ ਸ਼ਿੰਦਰਪਾਲ ਨੇ ਮੈਨੂੰ ਕਦੇ ਵੀ ‘ਵੀਰਾ’ ਸ਼ਬਦ ਨਾਲ ਸੰਬੋਧਨ ਨਹੀਂ ਸੀ ਕੀਤਾ। ਜਦੋਂ ਵੀ ਕਿਸੇ ਕੁੜੀ ਜਾਂ ਮੁੰਡੇ ਨੇ ਮੇਰੇ ਕੋਲੋਂ ਗਣਿਤ ਦਾ ਕੋਈ ਸੁਆਲ ਸਮਝਣਾ ਹੁੰਦਾ, ਮੇਰੀ ਕਾਪੀ ਤੋਂ ਆਪਣਾ ਕੰਮ ਪੂਰਾ ਕਰਨਾ ਹੁੰਦਾ, ਜਾਂ ਮੇਰੀ ਕਾਪੀ ਆਪਣੇ ਘਰ ਲੈ ਕੇ ਜਾਣੀ ਹੁੰਦੀ, ਤਾਂ ਉਹ ਮੈਨੂੰ ‘ਵੀਰਾ’ ਕਹਿ ਕੇ ਹੀ ਬੁਲਾਉਂਦੇ ਸਨ। ਮੈਂ ਕਈ ਵਾਰੀ ਸੋਚਦਾ ਸਾਂ ਕਿ ਇਹ ਇੱਕੋ ਇੱਕ ਕੁੜੀ ਹੈ, ਜਿਹੜੀ ਮੈਨੂੰ ਵੀਰਾ ਕਹਿ ਕੇ ਨਹੀਂ ਬੁਲਾਉਂਦੀ। ਉਸ ਨੇ ਜਦੋਂ ਵੀ ਮੇਰੇ ਕੋਲੋਂ ਸੁਆਲ ਸਮਝਣਾ ਹੁੰਦਾ ਤਾਂ ਉਹ ਮੇਰੇ ਕੋਲ ਆ ਕੇ ਹੌਲੀ ਜਿਹੀ ਆਵਾਜ਼ ਵਿੱਚ ਆਖਦੀ- ‘‘ਇਕਬਾਲ, ਆਹ ਦੇਖੀਂ। ਏਦੂੰ ਅੱਗੇ ਨਹੀਂ ਮੈਨੂੰ ਸਮਝ ਆਈ।’’ ਜਿਉਂ ਹੀ ਉਸ ਦੀ ਆਵਾਜ਼ ਮੇਰੇ ਕੰਨੀਂ ਪੈਂਦੀ,। ਮੈਨੂੰ ਇੰਝ ਭਾਸਦਾ, ਜਿਵੇਂ ਕਿਸੇ ਨੇ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲ਼ ਦਿੱਤੀ ਹੋਵੇ। ਉਸ ਦੇ ਬੋਲਾਂ ਨਾਲ ਮੈਨੂੰ ਆਪਣਾ ਹਿਰਦਾ ਮਘਦਾ ਜਾਪਦਾ। ਮੈਨੂੰ ਇਉਂ ਲੱਗਦਾ ਕਿ ਮੈਂ ਹੁਣ ਪਹਿਲਾਂ ਵਾਲਾ ਪਤਲਾ ਜਿਹਾ ਕਣਕਵੰਨੇ ਰੰਗ ਵਾਲਾ ਛੀਂਟਕਾ ਜਿਹਾ ਮੁੰਡਾ ਨਹੀਂ ਰਿਹਾ ਸਗੋਂ ਭਰਵੇਂ ਜੁੱਸੇ ਵਾਲਾ ਸੋਹਣਾ ਸੁਨੱਖਾ ਗੱਭਰੂ ਜਵਾਨ ਨਿਕਲ ਆਇਆ ਹਾਂ।

ਮੈਂ ਉਸ ਦੀ ਕਾਪੀ ’ਤੇ ਉਸ ਵੱਲੋਂ ਕੱਢੇ ਗ਼ਲਤ ਸੁਆਲ ਨੂੰ ਨਿੱਕੀ ਜਿਹੀ ਟੇਢੀ ਲਕੀਰ ਲਾ ਦਿੰਦਾ ਸਾਂ ਤੇ ਸਹੀ ਫਾਰਮੂਲਾ ਲਾ ਕੇ ਉਸ ਨੂੰ ਸੁਆਲ ਸਮਝਾ ਦਿੰਦਾ ਸਾਂ। ਸੁਆਲ ਦਾ ਸਹੀ ਉੱਤਰ ਦੇਖ ਕੇ ਉਹ ਕੱਤੇ ਦੀ ਕਪਾਹ ਵਾਂਗੂੰ ਖਿੜ ਜਾਂਦੀ। ਉਸ ਦੀਆਂ ਗੋਰੀਆਂ ਗੱਲ੍ਹਾਂ ਚੜ੍ਹਦੇ ਸੂਰਜ ਦੀ ਲਾਲੀ ਵਾਲੀ ਭਾਹ ਮਾਰਨ ਲੱਗ ਜਾਂਦੀਆਂ। ਮੇਰੇ ਕੋਲੋਂ ਸੁਆਲ ਸਮਝਦਿਆਂ ਕਦੋਂ ਉਸ ਕੁੜੀ ਨੇ ਮੈਨੂੰ ਆਪਣੇ ਕੋਮਲ ਹਿਰਦੇ ਵਿੱਚ ਵਸਾ ਲਿਆ ਸੀ, ਇਸ ਦਾ ਮੈਨੂੰ ਕੁਝ ਪਤਾ ਨਹੀਂ ਸੀ ਲੱਗਾ। ਜਦੋਂ ਵੀ ਉਸ ਨੂੰ ਮੌਕਾ ਮਿਲਦਾ, ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਟੱਕ ਤੱਕਦੀ ਰਹਿੰਦੀ ਸੀ। ਕੁਝ ਚਿਰ ਤਾਂ ਮੈਂ ਵੀ ਉਹਦੀਆਂ ਮੋਟੀਆਂ ਕਾਲ਼ੀਆਂ ਸਿਆਹ ਅੱਖਾਂ ਵਿੱਚ ਵੇਖਦਾ ਰਹਿੰਦਾ। ਮੇਰੇ ਵੱਲੋਂ ਉਸ ਨੂੰ ਇੰਝ ਤੱਕਣਾ ਮੇਰੇ ਮਨ ਨੂੰ ਬੜੇ ਖ਼ੁਸ਼ੀ ਭਰੇ ਰੰਗ ਵਿੱਚ ਰੰਗ ਦਿੰਦਾ। ਪਰ ਜਦੋਂ ਉਹ ਲਗਾਤਾਰ ਮੇਰੀਆਂ ਅੱਖਾਂ ਵਿੱਚ ਵੇਖਦੀ ਰਹਿੰਦੀ, ਮੈਨੂੰ ਅਚਾਨਕ ਕੁਝ ਹੋਣ ਲੱਗਦਾ। ਇਸੇ ਘਬਰਾਹਟ ਵਿੱਚ ਮੈਂ ਨੀਵੀਂ ਪਾ ਲੈਂਦਾ ਸਾਂ ਜਾਂ ਮੂੰਹ ਦੂਜੇ ਪਾਸੇ ਫੇਰ ਲੈਂਦਾ ਸਾਂ।

ਉਹ ਅਕਸਰ ਸਕੂਲ ਵੱਲੋਂ ਮਿਲਿਆ ਲਿਖਤੀ ਕੰਮ ਪੂਰਾ ਕਰਨ ਲਈ ਮੇਰੀਆਂ ਕਾਪੀਆਂ ਆਪਣੇ ਘਰ ਲੈ ਜਾਂਦੀ ਸੀ। ਆਮ ਤੌਰ ’ਤੇ ਉਹ ਅਗਲੇ ਦਿਨ ਮੈਨੂੰ ਮੇਰੀ ਕਾਪੀ ਮੋੜ ਦਿੰਦੀ ਸੀ। ਮੈਂ ਕਾਪੀ ਫੜ ਕੇ ਚੁੱਪਚਾਪ ਆਪਣੇ ਝੋਲੇ ਵਿੱਚ ਪਾ ਲੈਂਦਾ ਸਾਂ ਤੇ ਚੋਰ ਅੱਖ ਨਾਲ ਉਸ ਵੱਲ ਵੇਖ ਕੇ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਸਾਂ ਕਿ ਕੀ ਉਹ ਹੁਣ ਵੀ ਮੇਰੇ ਵੱਲ ਵੇਖ ਰਹੀ ਹੈ? ਜਾਂ ਨਹੀਂ? ਅਕਸਰ ਉਹ ਮੇਰੀ ਕਾਪੀ ਦੇ ਖ਼ਾਲੀ ਪੰਨਿਆਂ ਉੱਤੇ ਦਿਲ ਦੇ ਆਕਾਰ ਦੀ ਤਸਵੀਰ ਬਣਾ ਦਿੰਦੀ। ਕਦੇ-ਕਦੇ ਇੱਕ ਤੀਰ ਦਿਲ ਦੇ ਆਰ-ਪਾਰ ਨਿਕਲਿਆ ਦਿਖਾ ਦਿੰਦੀ ਜਾਂ ਗੁਲਾਬ ਦਾ ਫੁੱਲ ਬਣਾ ਕੇ ਉਸ ਵਿੱਚ ਗੂੜ੍ਹਾ ਲਾਲ ਸੁਰਖ਼ ਰੰਗ ਭਰ ਦਿੰਦੀ ਸੀ। ਉਸ ਦੀ ਇਹ ਆਦਤ ਮੈਨੂੰ ਬਹੁਤ ਪਿਆਰੀ ਲੱਗਦੀ ਸੀ। ਕਈ ਵਾਰੀ ਮੇਰੇ ਮਨ ਵਿੱਚ ਇਹ ਖ਼ਿਆਲ ਆਇਆ ਕਿ ਮੈਂ ਉਸ ਨੂੰ ਇੱਕ ਲੰਮੀ ਚਿੱਠੀ ਲਿਖਾਂ, ਜਿਸ ਵਿੱਚ ਆਪਣੇ ਮਨ ਦੇ ਸਾਰੇ ਭਾਵ ਖੋਲ੍ਹ ਕੇ ਉਸ ਦੇ ਸਾਹਮਣੇ ਰੱਖ ਦੇਵਾਂ। ਪਰ ਫਿਰ ਮੇਰੇ ਆਪਣੇ ਅੰਦਰਲਾ ਡਰ ਹੀ ਮੈਨੂੰ ਖ਼ਤ ਲਿਖਣ ਤੋਂ ਰੋਕ ਦਿੰਦਾ।

ਇਹ ਇੱਕ ਰਾਤ ਦੀ ਘਟਨਾ ਹੈ। ਮੈਂ ਪੜ੍ਹਨ ਲਈ ਬੈਠਾ ਸਾਂ, ਪਰ ਮੇਰਾ ਦਿਲ ਪੜ੍ਹਾਈ ਵਿੱਚ ਨਹੀਂ ਸੀ ਲੱਗ ਰਿਹਾ। ਮੈਂ ਉਸ ਨੂੰ ਚਿੱਠੀ ਲਿਖਣ ਬੈਠ ਗਿਆ। ਲੰਮੀ ਚਿੱਠੀ ਲਿਖ ਲਈ। ਫਿਰ ਜਦੋਂ ਮੈਂ ਆਪਣੀ ਹੀ ਲਿਖੀ ਚਿੱਠੀ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਮੇਰੀ ਇਹ ਚਿੱਠੀ ਪੜ੍ਹ ਕੇ ਕਿਤੇ ਉਹ ਨਾਰਾਜ਼ ਹੀ ਨਾ ਹੋ ਜਾਵੇ। ਚਿੱਠੀ ਲਿਖ ਕੇ ਮੈਂ ਆਪਣੇ ਝੋਲ਼ੇ ਵਿੱਚ ਪਾ ਲਈ। ਚਿੱਠੀ ਲਿਖਦੇ ਰਹਿਣ ਕਾਰਨ ਸੌਂਦੇ ਨੂੰ ਮੈਨੂੰ ਅੱਧੀ ਰਾਤ ਹੋ ਗਈ ਸੀ। ਅਗਲੇ ਦਿਨ ਸਕੂਲ ਜਾ ਕੇ ਮੈਂ ਕਈ ਵਾਰੀ ਮਨ ਬਣਾਇਆ ਕਿ ਕਿਸੇ ਨਾ ਕਿਸੇ ਢੰਗ ਨਾਲ ਚਿੱਠੀ ਉਸ ਨੂੰ ਦੇ ਦੇਵਾਂ ਪਰ ਮੈਂ ਉਸ ਨੂੰ ਚਿੱਠੀ ਨਾ ਫੜਾ ਸਕਿਆ। ਅਖ਼ੀਰ ਵਿੱਚ ਮੈਂ ਚਿੱਠੀ ਨਾ ਦੇਣ ਦੇ ਫ਼ੈਸਲੇ ਨੂੰ ਹੀ ਠੀਕ ਸਮਝਿਆ। ਘਰ ਜਾ ਕੇ ਉਹ ਚਿੱਠੀ ਮੈਂ ਪਾੜ ਕੇ ਸੁੱਟ ਦਿੱਤੀ।

ਇਸ ਦੇ ਬਾਵਜੂਦ ਉਸ ਦੀਆਂ ਕਹੀਆਂ ਪਿਆਰ ਭਰੀਆਂ ਗੱਲਾਂ ਨਾਲ ਕਦੇ-ਕਦ।ੇ ਮੇਰਾ ਮਨ ਪੜ੍ਹਾਈ ਵਿੱਚ ਬਿਲਕੁਲ ਨਾ ਲੱਗਦਾ। ਅਜਿਹੇ ਮੌਕੇ ਮੈਂ ਆਪਣੇ ਸਿਰ ਨੂੰ ਜ਼ੋਰ ਨਾਲ ਛੰਡਦਾ। ਉੱਠ ਕੇ ਪਾਣੀ ਪੀਣ ਚਲਾ ਜਾਂਦਾ ਜਾਂ ਇੱਧਰ ਉੱਧਰ ਗੇੜੇ ਕੱਢਣ ਲੱਗ ਪੈਂਦਾ ਸਾਂ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਮੇਰਾ ਮਨ ਪੜ੍ਹਾਈ ਵੱਲੋਂ ਬਿਲਕੁਲ ਹੀ ਉਚਾਟ ਹੋ ਗਿਆ। ਨਾ ਤਾਂ ਪੜ੍ਹਨ ਲਿਖਣ ਵਿੱਚ ਮੇਰਾ ਮਨ ਲੱਗੇ ਅਤੇ ਨਾ ਹੀ ਆਪਣੇ ਸਾਥੀਆਂ ਨਾਲ ਕੋਈ ਖੇਡ ਖੇਡਣ ਵਿੱਚ। ਅਚਾਨਕ ਮੈਂ ਆਪਣੀ ਛਾਤੀ ਉੱਤੇ ਹੱਥ ਰੱਖ ਕੇ ਦੇਖਿਆ। ਮੇਰੀ ਛਾਤੀ ਲੁਹਾਰ ਦੀ ਧੌਂਕਣੀ ਵਾਂਗ ਜ਼ੋਰ-ਜ਼ੋਰ ਨਾਲ ਧੜਕ ਰਹੀ ਸੀ। ਅਚਾਨਕ ਬਿਜਲੀ ਦੀ ਤੇਜ਼ੀ ਨਾਲ ਮੇਰੇ ਮਨ ਵਿੱਚ ਵਿਚਾਰ ਆਇਆ, ‘ਇਹ ਮੈਨੂੰ ਕੀ ਹੋ ਗਿਆ ਹੈ? ਕਿਤੇ ਮੈਨੂੰ ਉਸ ਕੁੜੀ ਨਾਲ ਪਿਆਰ ਤਾਂ ਨਹੀਂ ਹੋ ਗਿਆ? ਭਲਾ ਉਹ ਕਿਉਂ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਟੱਕ ਤੱਕਦੀ ਰਹਿੰਦੀ ਹੈ? ਕੀ ਉਹ ਵੀ ਮੈਨੂੰ ਪਿਆਰ ਕਰਦੀ ਹੈ? ਕੀ ਇਸੇ ਨੂੰ ਪਿਆਰ ਕਹਿੰਦੇ ਹਨ?’ ਇਸ ਤਰ੍ਹਾਂ ਦੇ ਸੁਆਲ ਮੇਰੇ ਜ਼ਿਹਨ ਵਿੱਚ ਅਕਸਰ ਆਉਂਦੇ ਰਹਿੰਦੇ ਸਨ। ਇੱਕ ਵਾਰ ਤਾਂ ਮੇਰੇ ਮਨ ਵਿੱਚ ਇਹ ਖ਼ਿਆਲ ਵੀ ਆਇਆ ਕਿ ਮੈਂ ਆਪਣੀ ਇਸ ਅਜੀਬੋ ਗਰੀਬ ਹਾਲਤ ਬਾਰੇ ਉਸ ਕੁੜੀ ਨਾਲ ਗੱਲ ਕਰਾਂ ਪਰ ਫਿਰ ਪਤਾ ਨਹੀਂ ਕੀ ਹੋਇਆ, ਮੈਂ ਆਪੇ ਆਪਣੇ ਇਸ ਖ਼ਿਆਲ ਨੂੰ ਰੱਦ ਕਰ ਦਿੱਤਾ। ਮੈਂ ਕਾਫ਼ੀ ਦੇਰ ਤੱਕ ਇਹੋ ਸੋਚਦਾ ਰਿਹਾ ਕਿ ਮੇਰੇ ਵੱਲੋਂ ਇਹ ਸੁਆਲ ਪੁੱਛਣ ’ਤੇ ਸ਼ਿੰਦਰਪਾਲ ਕਿਤੇ ਮੈਨੂੰ ਨਿਰਾ ਬੁੱਧੂ ਹੀ ਨਾ ਸਮਝਣ ਲੱਗ ਪਵੇ। ਕਿਤੇ ਉਹ ਮੇਰਾ ਮਜ਼ਾਕ ਹੀ ਨਾ ਉਡਾਵੇ। ਕਿਤੇ ਉਹ ਮੇਰੀ ਗੱਲ ’ਤੇ ਹੱਸ ਹੀ ਨਾ ਪਵੇ ਜਾਂ ਫਿਰ ਮੇਰੀ ਗੱਲ ਸੁਣ ਕੇ ਨਾਰਾਜ਼ ਨਾ ਹੋ ਜਾਵੇ। ਗੱਲ ਕੀ, ਮੈਂ ਕਿਸੇ ਤਰ੍ਹਾਂ ਵੀ ਕੁੜੀ ਦੀਆਂ ਅੱਖਾਂ ਵਿੱਚ ਆਪਣੇ ਲਈ ਨਫ਼ਰਤ ਜਾਂ ਗੁੱਸਾ ਨਹੀਂ ਸੀ ਵੇਖਣਾ ਚਾਹੁੰਦਾ। ਨਾ ਹੀ ਉਸ ਦੀ ਨਾਰਾਜ਼ਗੀ ਸਹੇੜਨੀ ਚਾਹੁੰਦਾ ਸਾਂ। ਸ਼ਾਇਦ ਹੁਣ ਤੱਕ ਮੈਂ ਵੀ ਉਸ ਕੁੜੀ ਨੂੰ ਪਿਆਰ ਕਰਨ ਲੱਗ ਪਿਆ ਸਾਂ।

ਉਹ ਦੇਖਣ ਪਾਖਣ ਨੂੰ ਜਿੱਥੇ ਬਹੁਤ ਜ਼ਿਆਦਾ ਸੋਹਣੀ, ਸੁਨੱਖੀ, ਉੱਚੀ, ਲੰਮੀ, ਕੱਦਾਵਰ ਜੋਬਨਮੱਤੀ ਮੁਟਿਆਰ ਸੀ, ਉੱਥੇ ਪੜ੍ਹਨ ਲਿਖਣ ਨੂੰ ਉਹ ਬਹੁਤ ਪਛੜੀ ਹੋਈ ਸੀ। ਸਾਨੂੰ ਪੜ੍ਹਾਉਂਦੇ ਬਹੁਤੇ ਅਧਿਆਪਕ ਅਕਸਰ ਉਸ ਨੂੰ ਜਮਾਤ ਵਿੱਚ ਖੜ੍ਹੀ ਰੱਖਦੇ ਸਨ। ਸਾਇੰਸ ਵਾਲੇ ਮੈਡਮ ਜਸਵੰਤ ਕੌਰ ਵੜੈਚ ਤਾਂ ਚਪੇੜਾਂ ਮਾਰ ਮਾਰ ਉਸ ਦਾ ਮੂੰਹ ਭੰਨ ਦਿੰਦੇ ਸਨ। ਇੱਕ ਤਾਂ ਉਹ ਪਹਿਲਾਂ ਹੀ ਧੁੱਪ ਵਰਗੀ ਗੋਰੀ ਚਿੱਟੀ ਸੀ। ਦੂਜਾ, ਜਦੋਂ ਉਸ ਦੀਆਂ ਗੱਲ੍ਹਾਂ ’ਤੇ ਚਪੇੜਾਂ ਪੈਂਦੀਆਂ ਤਾਂ ਉਸ ਦੀਆਂ ਗੋਰੀਆਂ ਅਤੇ ਮਲੂਕ ਗੱਲ੍ਹਾਂ ਹੋਰ ਵੀ ਜ਼ਿਆਦਾ ਲਾਲ਼ ਸੁਰਖ਼ ਹੋ ਜਾਂਦੀਆਂ ਸਨ। ਜਦੋਂ ਵੀ ਉਸ ਨੂੰ ਕਿਸੇ ਅਧਿਆਪਕ ਵੱਲੋਂ ਝਿੜਕਾਂ ਪੈਂਦੀਆਂ ਜਾਂ ਉਸ ਨੂੰ ਜਮਾਤ ਵਿੱਚ ਖੜ੍ਹੀ ਰਹਿਣ ਲਈ ਕਿਹਾ ਜਾਂਦਾ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ। ਮੈਂ ਆਪਣੇ ਹੱਥਾਂ ਦੀਆਂ ਮੁੱਠੀਆਂ ਜ਼ੋਰ ਨਾਲ ਭੀਚ ਲੈਂਦਾ ਸਾਂ। ਮੈਂ ਕਚੀਚੀਆਂ ਵੱਟ ਕੇ ਰਹਿ ਜਾਂਦਾ ਸਾਂ। ਚਾਹੁੰਦਾ ਹੋਇਆ ਵੀ ਮੈਂ ਉਸ ਲਈ ਕੁਝ ਨਾ ਕਰ ਸਕਦਾ। ਹਾਂ, ਰੋਸ ਵਜੋਂ ਮੈਂ ਉਸ ਅਧਿਆਪਕ ਜਾਂ ਮੈਡਮ ਨੂੰ ਪੰਜ ਸੱਤ ਦਿਨਾਂ ਲਈ ‘ਨਮਸਤੇ’ ਜਾਂ ‘ਸਤਿ ਸ੍ਰੀ ਅਕਾਲ’ ਨਹੀਂ ਸੀ ਬੁਲਾਉਂਦਾ। ਸ਼ਿੰਦਰਪਾਲ ਦੀ ਝਾੜਝੰਬ ਹੁੰਦਿਆਂ ਵੇਖ ਕੇ ਜਦੋਂ ਜਮਾਤ ਦੇ ਹੋਰ ਮੁੰਡੇ ਕੁੜੀਆਂ ਮੁਸਕੜੀਏਂ ਹੱਸਦੇ ਤਾਂ ਉਨ੍ਹਾਂ ਦਾ ਹੱਸਣਾ ਮੈਨੂੰ ਬਹੁਤ ਅੱਖਰਦਾ ਸੀ। ਪਰ ਮੈਂ ਉਨ੍ਹਾਂ ਦਾ ਕੁਝ ਨਾ ਵਿਗਾੜ ਸਕਦਾ। ਬੱਸ ਮੈਂ ਨੀਵੀਂ ਪਾ ਲੈਂਦਾ ਸੀ। ਕੁੜੀ ਨੂੰ ਮੇਰੀ ਇਹ ਆਦਤ ਬਹੁਤ ਪਸੰਦ ਸੀ। ਉਸ ਨੇ ਮੈਨੂੰ ਕਈ ਵਾਰੀ ਕਿਹਾ ਵੀ ਸੀ ਕਿ ਉਸ ਨੂੰ ਮੇਰੀ ਇਸ ਅਦਾ ’ਤੇ ਬਹੁਤ ਪਿਆਰ ਆਉਂਦਾ ਹੈ।

ਇੱਕ ਦਿਨ ਦੀ ਗੱਲ ਹੈ। ਅੱਧੀ ਛੁੱਟੀ ਦੀ ਘੰਟੀ ਵੱਜੀ। ਜਮਾਤ ਦੇ ਸਾਰੇ ਮੁੰਡੇ ਕੁੜੀਆਂ ਜਮਾਤ ਵਿੱਚੋਂ ਬਾਹਰ ਚਲੇ ਗਏ। ਮੈਂ ਵੀ ਉੱਠ ਕੇ ਬਾਹਰ ਜਾਣ ਲੱਗਾ ਸਾਂ ਤਾਂ ਉਸ ਨੇ ਮੈਨੂੰ ਗੁੱਟ ਤੋਂ ਫੜ ਕੇ ਉੱਥੇ ਹੀ ਬਿਠਾ ਲਿਆ। ਉਹ ਮੇਰੇ ਹੀ ਬੈਂਚ ਉੱਤੇ ਮੇਰੇ ਬਿਲਕੁਲ ਨੇੜੇ ਹੋ ਕੇ ਮੇਰੇ ਨਾਲ ਲੱਗ ਕੇ ਬੈਠ ਗਈ। ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਬੋਲੀ, ‘‘ਮੈਂ ਜਿੰਨਾ ਤੇਰੇ ਨੇੜੇ ਲੱਗਣ ਦਾ ਜੇਰਾ ਕਰਦੀ ਆਂ। ਤੂੰ ਓਨਾ ਹੀ ਪਿਛਾਂਹ ਨੂੰ ਹੱਥ ਖਿੱਚੀ ਜਾਂਦੈਂ। ਮੈਂ ਕੁੜੀ ਹੋ ਕੇ ਵੀ ਅੱਗੇ ਵਧ ਰਹੀ ਹਾਂ। ਤੂੰ ਮੁੰਡਾ ਹੋ ਕੇ ਵੀ ਜੁਅਰੱਤ ਨਹੀਂ ਵਿਖਾਉਂਦਾ। ਆਖ਼ਰ ਏਦਾਂ ਸਾਡੇ ਪਿਆਰ ਦਾ ਕੀ ਬਣੇਗਾ? ਆਖ਼ਰ ਏਦਾਂ ਸਾਡਾ ਪਿਆਰ ਕਿਵੇਂ ਨਿਭੇਗਾ?’’

ਕੁੜੀ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਮੇਰੇ ਮਰਦਊਪੁਣੇ ਨੇ ਉਬਾਲਾ ਮਾਰਿਆ। ਮੇਰੇ ਦਿਲ ਵਿੱਚ ਆਇਆ ਕਿ ਮਖ਼ਮਲੀ ਘਾਹ ਵਾਂਗੂੰ ਵਿਛਣ ਨੂੰ ਤਿਆਰ ਪਈ ਕੁੜੀ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਵਾਂ। ਪਰ ਅਗਲੇ ਹੀ ਪਲ ਮੈਨੂੰ ਆਪਣੇ ਘਰ ਦੀਆਂ ਕੱਚੀਆਂ ਕੰਧਾਂ ਦੇ ਲਿਓੜ ਡਿੱਗਦੇ ਦਿਸੇ। ਮੈਂ ਉਸ ਕੋਲੋਂ ਉੱਠ ਕੇ ਥੋੜ੍ਹਾ ਪਿਛਾਂਹ ਹੋ ਕੇ ਬਹਿ ਗਿਆ। ਰੇਲਗੱਡੀ ਦੇ ਇੰਜਣ ਵਾਂਗੂੰ ਚੱਲਦੀ ਆਪਣੇ ਦਿਲ ਦੀ ਧੜਕਣ ਨੂੰ ਕੁਝ ਸਾਵਾਂ ਕਰਦਿਆਂ ਮੈਂ ਕਿਹਾ, ‘‘ਦੇਖ ਸ਼ਿੰਦਰਪਾਲ, ਸਾਡਾ ਇਹ ਸਕੂਲ ਸਾਡੇ ਲਈ ਵਿੱਦਿਆ ਦਾ ਮੰਦਿਰ ਹੈ। ਸਾਡੇ ਮਾਪਿਆਂ ਨੇ ਇੱਥੇ ਸਾਨੂੰ ਪੜ੍ਹਨ ਲਈ ਭੇਜਿਆ ਹੈ। ਬੇਸ਼ੱਕ ਸਾਡੇ ਪਰਿਵਾਰ ਵਾਲੇ ਇੱਥੇ ਸਾਡੀ ਨਿਗਰਾਨੀ ਲਈ ਸਾਡੇ ਪਿੱਛੇ ਨਹੀਂ ਆਉਂਦੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਦੀਆਂ ਅੱਖੀਆਂ ’ਚ ਘੱਟਾ ਪਾਈਏ। ਇਸ ਲਈ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦੇ ਵਿਸ਼ਵਾਸ ਨੂੰ ਬਣਾ ਕੇ ਰੱਖੀਏ। ਇਹ ਸਾਡੇ ਲਈ ਉਹ ਸਮਾਂ ਹੈ, ਜਦੋਂ ਅਸੀਂ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ’ਤੇ ਕੇਂਦਰਿਤ ਕਰੀਏ। ਇੱਕ ਮਨ ਚਿੱਤ ਹੋ ਕੇ ਪੜ੍ਹੀਏ। ਬੇਸ਼ੱਕ ਜ਼ਿੰਦਗੀ ਜਿਊਣ ਲਈ ਪਿਆਰ ਮੁਹੱਬਤ ਦਾ ਵੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ; ਪਰ ਇਸ ਤੋਂ ਵੀ ਵੱਧ ਸਾਨੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਹੀ ਸਾਡੀ, ਸਾਡੇ ਅਧਿਆਪਕਾਂ ਦੀ, ਸਾਡੇ ਮਾਪਿਆਂ ਦੀ, ਸਾਡੇ ਪਿੰਡ ਦੀ ਸ਼ਾਨ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਮੇਰੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਂਗੀ ਤੇ ਅੱਜ ਤੋਂ ਆਪਣਾ ਪੂਰਾ ਧਿਆਨ ਆਪਣੀ ਪੜ੍ਹਾਈ ਵਿੱਚ ਲਗਾਏਂਗੀ।’’ ਅਜੇ ਮੈਂ ਆਪਣੀ ਗੱਲ ਪੂਰੀ ਹੀ ਕੀਤੀ ਸੀ ਕਿ ਉਸੇ ਸਮੇਂ ਸਕੂਲ ਲੱਗਣ ਦੀ ਘੰਟੀ ਵੱਜ ਉੱਠੀ ਸੀ।

ਪਿਛਲੇ ਹਫ਼ਤੇ ਸਾਇੰਸ ਵਾਲੀ ਮੈਡਮ ਜਸਵੰਤ ਕੌਰ ਨੇ ਸਾਡੀ ਜਮਾਤ ਨੂੰ ਸਾਇੰਸ ਦੇ ਦੋ ਪਾਠ ਪੜ੍ਹਾਏ ਸਨ। ਉਨ੍ਹਾਂ ਦੋਹਾਂ ਵਿੱਚੋਂ ਅੱਜ ਉਹ ਪ੍ਰਸ਼ਨਾਂ ਦੇ ਉੱਤਰ ਸੁਣ ਰਹੀ ਸੀ। ਸੋਨੀਆ ਰਾਣੀ ਨੇ ਪਹਿਲੇ ਪ੍ਰਸ਼ਨ ਦਾ ਉੱਤਰ ਹੂ-ਬ-ਹੂ ਉਸੇ ਤਰ੍ਹਾਂ ਸੁਣਾ ਦਿੱਤਾ ਸੀ, ਜਿਵੇਂ ਮੈਡਮ ਨੇ ਕਾਪੀਆਂ ’ਤੇ ਲਿਖਵਾਇਆ ਸੀ। ਦੂਜੇ ਪ੍ਰਸ਼ਨ ਵੇਲੇ ਸ਼ਿੰਦਰਪਾਲ ਦੀ ਵਾਰੀ ਆ ਗਈ ਸੀ। ਉਹ ਪ੍ਰਸ਼ਨ ਦਾ ਉੱਤਰ ਦੇਣ ਲਈ ਕੇਵਲ ਇੱਕ ਵਾਕ ਹੀ ਬੋਲ ਸਕੀ ਸੀ। ਫਿਰ ਉਹ ਚੁੱਪ ਕਰਕੇ ਖੜ੍ਹੋ ਗਈ ਸੀ। ਜਦੋਂ ਮੈਡਮ ਦੇ ਦੋ ਵਾਰੀ ਕਹਿਣ ’ਤੇ ਵੀ ਉਹ ਅੱਗੋਂ ਕੁਝ ਨਾ ਬੋਲੀ ਤਾਂ ਮੈਡਮ ਨੂੰ ਉਹ ਚੰਡ ਚੜ੍ਹਿਆ ਕਿ ਉਸ ਨੇ ਕੁੜੀ ਨੂੰ ਚਪੇੜਾਂ ਮਾਰ-ਮਾਰ ਉਸ ਦਾ ਮੂੰਹ ਭੰਨ ਦਿੱਤਾ।

ਸ਼ਿੰਦਰਪਾਲ ਦੇ ਕੁੱਟ ਪੈਂਦੀ ਵੇਖ ਕੇ ਸਾਰੀ ਕਲਾਸ ਨੀਵੀਂ ਪਾ ਕੇ ਹੱਸ ਰਹੀ ਸੀ। ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਸੀ? ਮੈਂ ਵੀ ਨੀਵੀਂ ਪਾ ਕੇ ਹੱਸਣ ਲੱਗ ਪਿਆ ਸਾਂ। ਐਨ ਉਸੇ ਵੇਲੇ ਕੁੜੀ ਨੇ ਕਹਿਰ ਭਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ। ਜਦੋਂ ਮੈਂ ਉਸ ਦੀਆਂ ਅੱਖਾਂ ਵਿੱਚ ਤੱਕਿਆ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਕੋਈ ਜ਼ਖ਼ਮੀ ਨਾਗਣ ਫੁੰਕਾਰ ਰਹੀ ਹੋਵੇ। ਉਸ ਨੂੰ ਸਾਰੀ ਜਮਾਤ ਦੇ ਮੁੰਡੇ ਕੁੜੀਆਂ ਦੇ ਹੱਸਣ ਦਾ ਕੋਈ ਗਿਲਾ ਨਹੀਂ ਸੀ ਪਰ ਮੇਰਾ ਨੀਵੀਂ ਪਾ ਕੇ ਹੱਸਣਾ ਉਸ ਦੇ ਕਾਲਜੇ ਨੂੰ ਚੀਰ ਗਿਆ ਸੀ। ਮੇਰੀ ਇਹ ਹਰਕਤ ਉਸ ਨੂੰ ਫੁੱਟੀ ਅੱਖ ਨਹੀਂ ਸੀ ਭਾਈ। ਅਚਾਨਕ ਮੈਨੂੰ ਲੱਗਿਆ ਕਿ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਕਹਿਰ ਦੀ ਨਫ਼ਰਤ ਆ ਵਸੀ ਹੈ- ‘ਕੀ ਮੈਂ ਏਸ ਘੋਗੜ ਨੂੰ ਪਿਆਰ ਕੀਤਾ ਹੈ? ਚਾਰ ਅੱਖਰਾਂ ਦੀ ਪੜ੍ਹਾਈ ਤੋਂ ਛੁੱਟ ਇਹਦੇ ਪੱਲੇ ਹੋਰ ਹੈ ਵੀ ਕੀ? ਮੁੰਡਿਆਂ ਵਾਲੀ ਜੁਰੱਅਤ ਇਹਦੇ ਵਿੱਚ ਨਹੀਂ। ਮੈਂ ਮੂਰਖ ਐਵੇਂ ਇਹਦੇ ’ਤੇ ਡੁੱਲ੍ਹੀ ਫਿਰਦੀ ਆਂ।’ ਮੈਨੂੰ ਲੱਗਿਆ ਕਿ ਉਹ ਆਪਣੇ ਅੰਦਰੇ-ਅੰਦਰ ਸੜਦੀ ਬਲਦੀ ਰਹੀ ਵਿਹੁ ਘੋਲਦੀ ਰਹੀ ਸੀ।

ਸਕੂਲ ਵਿੱਚ ਪੂਰੀ ਛੁੱਟੀ ਹੋਈ। ਅਸੀਂ ਦੋਵੇਂ ਆਪੋ ਆਪਣੇ ਸਾਈਕਲਾਂ ’ਤੇ ਪਿੰਡ ਵਾਪਸ ਜਾ ਰਹੇ ਸਾਂ। ਸਾਹਮਣਿਓਂ ਐਸਕਾਰਟ ਕੰਪਨੀ ਦਾ ਨੀਲੇ ਰੰਗ ਦਾ ਨਵਾਂ ਨਕੋਰ ਟਰੈਕਟਰ ਆ ਰਿਹਾ ਸੀ, ਜਿਸ ਨੂੰ ਵੀਹ ਇੱਕੀ ਵਰ੍ਹੇ ਦਾ ਇੱਕ ਨੌਜਵਾਨ ਚਲਾ ਰਿਹਾ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਗਾਏ ਪੰਜਾਬੀ ਗੀਤਾਂ ਦੀ ਰੀਲ ਲਾਈ ਹੋਈ ਸੀ। ਗੀਤ ਦੇ ਬੋਲ ਸਨ- ‘ਲੋਕਾਂ ਦਿਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ। ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਉਸ ਦਿਨ ਸਕੂਲੋਂ ਛੁੱਟੀ ਹੋਣ ਉਪਰੰਤ ਮੈਂ ਸਿੱਧਾ ਘਰ ਜਾਣ ਦੀ ਥਾਂ ਨਹਾਉਣ ਲਈ ਸੂਏ ’ਤੇ ਰੁਕ ਗਿਆ ਸਾਂ। ਇਸ ਲਈ ਮੈਂ ਹਰ ਰੋਜ਼ ਨਾਲੋਂ ਕੁਝ ਪਛੜ ਕੇ ਆਪਣੇ ਘਰ ਪੁੱਜਾ ਸਾਂ। ਘਰ ਪੁੱਜਦਿਆਂ ਮੇਰੀ ਮਾਂ ਨੇ ਰੋਜ਼ਾਨਾ ਦੀ ਤਰ੍ਹਾਂ ਮੈਨੂੰ ਪਾਣੀ ਦਾ ਗਿਲਾਸ ਤਾਂ ਕੀ ਦੇਣਾ ਸੀ ਸਗੋਂ ਥੱਪੜ ਮਾਰ-ਮਾਰ ਕੇ ਮੇਰਾ ਮੂੰਹ ਭੰਨ ਦਿੱਤਾ ਸੀ। ਮੈਂ ਬੜਾ ਹੈਰਾਨ ਪ੍ਰੇਸ਼ਾਨ ਹੋ ਕੇ ਮਾਂ ਵੱਲ ਵੇਖ ਰਿਹਾ ਸਾਂ। ਅੱਜ ਮਾਂ ਨੂੰ ਕੀ ਹੋ ਗਿਆ ਹੈ? ਅੱਗੇ ਤਾਂ ਮਾਂ ਸਕੂਲੋਂ ਆਉਂਦੇ ਨੂੰ ਦੁੱਧ ਦਾ ਭਰਿਆ ਗ਼ਿਲਾਸ ਦਿੰਦੀ ਸੀ ਤੇ ਅੱਜ ਇਹ ਸੇਵਾ ਹੋ ਰਹੀ ਸੀ। ਮੈਂ ‘ਸੀ’ ਤੱਕ ਨਹੀਂ ਸੀ ਕੀਤੀ ਸਗੋਂ ਚੁੱਪਚਾਪ ਮਾਂ ਤੋਂ ਕੁੱਟ ਖਾਂਦਾ ਰਿਹਾ ਸਾਂ। ਜਦੋਂ ਮਾਂ ਕੁੱਟਦੀ-ਕੁੱਟਦੀ ਹਫ਼ ਗਈ ਤਾਂ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਤਦ ਮੈਂ ਆਪਣੀ ਮਾਂ ਦੇ ਦੋਵਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪੋਲਾ-ਪੋਲਾ ਮਲਿ਼ਆ। ਸਹਿਜ ਸੁਭਾਅ ਮੇਰੇ ਚਿਹਰੇ ’ਤੇ ਇੱਕ ਮੁਸਕਰਾਹਟ ਆ ਗਈ ਸੀ ਤੇ ਮੈਂ ਕਿਹਾ, ‘‘ਮਾਂ, ਮੈਨੂੰ ਕੁੱਟਦੇ-ਕੁੱਟਦੇ ਤੁਹਾਡੇ ਹੱਥ ਥੱਕ ਗਏ ਹੋਣੇ। ਮੈਂ ਇਨ੍ਹਾਂ ਨੂੰ ਮਲ਼ ਕੇ ਠੀਕ ਕਰ ਦਿੱਤਾ ਹੈ। ਮੈਨੂੰ ਤਾਂ ਅਜੇ ਕੁੱਟ ਖਾ ਕੇ ਕੋਈ ਸੁਆਦ ਹੀ ਨਹੀਂ ਆਇਆ। ਮੈਨੂੰ ਹੋਰ ਕੁੱਟੋ। ਕਿਉਂ ਜੋ ਮਾਂ ਦੀ ਕੁੱਟ ’ਤੇ ਹਰੇਕ ਧੀ ਪੁੱਤ ਦਾ ਹੱਕ ਹੁੰਦਾ ਹੈ। ਤੁਸੀਂ ਮੈਨੂੰ ਅੱਜ ਤੱਕ ਮੇਰੇ ਇਸ ਹੱਕ ਤੋਂ ਵਾਂਝਾ ਰੱਖਿਆ ਹੋਇਆ ਸੀ। ਨਾਲੇ ਮਾਂ, ਇਹ ਕੁੱਟ, ਕੁੱਟ ਥੋੜ੍ਹੀ ਐ ਸਗੋਂ ਇਹ ਤਾਂ ਪ੍ਰਸ਼ਾਦ ਹੈ, ਜਿਹੜਾ ਮੇਰੇ ਜਿਹੇ ਭਾਗਾਂ ਵਾਲੇ ਪੁੱਤ ਨੂੰ ਹੀ ਮਿਲਦਾ ਹੈ।’’ ਮਾਂ ਨੇ ਰੋਂਦਿਆਂ-ਰੋਂਦਿਆਂ ਮੈਨੂੰ ਆਪਣੀ ਨਿੱਘੀ ਬੁੱਕਲ ਵਿੱਚ ਘੁੱਟ ਲਿਆ ਸੀ। ਹੁਣ ਤੱਕ ਰੋ ਕੇ ਮਾਂ ਦਾ ਮਨ ਕੁਝ ਹੌਲ਼ਾ ਹੋ ਗਿਆ ਸੀ। ਤਦ ਮੈਂ ਮਾਂ ਨੂੰ ਪੁੱਛਿਆ, ‘‘ਮਾਂ ਜੀ, ਤੁਹਾਨੂੰ ਅੱਜ ਗੁੱਸਾ ਕਿਹੜੀ ਗੱਲੋਂ ਚੜ੍ਹਿਆ ਸੀ?’’

‘‘ਉਹ ਆਪਣੇ ਪਿੰਡ ਦੀ ਕੁੜੀ ਸ਼ਿੰਦਰ ਐ ਨਾ। ਉਹਨੇ ਮੈਨੂੰ ਦੱਸਿਆ ਕਿ ਤੂੰ ਨਾਵਲ ਪੜ੍ਹਦਾ ਰਹਿੰਦਾ ਹੈਂ। ਇਹ ਉਹ ਕਿਤਾਬਾਂ ਹੁੰਦੀਆਂ, ਜਿਨ੍ਹਾਂ ਨੂੰ ਪੜ੍ਹ ਕੇ ਮੁੰਡੇ ਕੁੜੀਆਂ ਵਿਗੜ ਜਾਂਦੇ ਐ। ਬਹੁਤੇ ਤਾਂ ਆਪਣੇ ਘਰੋਂ ਹੀ ਭੱਜ ਜਾਂਦੇ ਨੇ। ਇਸੇ ਗੱਲੋਂ ਮੈਨੂੰ ਗੁੱਸਾ ਚੜ੍ਹਿਆ ਸੀ।’’ ‘‘ਓ ਹੋ! ਮਾਂ, ਨਾਵਲ ਪੜ੍ਹਨ ਨਾਲ ਮੁੰਡੇ ਕੁੜੀਆਂ ਵਿਗੜਦੇ ਨਹੀਂ, ਸਗੋਂ ਉਨ੍ਹਾਂ ਨੂੰ ਤਾਂ ਜ਼ਿੰਦਗੀ ਜਿਊਣ ਦੀ ਜਾਚ ਆ ਜਾਂਦੀ ਹੈ। ਇਹੋ ਨਾਵਲ ਪੜ੍ਹਨ ਨਾਲ ਵੱਡੀਆਂ-ਵੱਡੀਆਂ ਡਿਗਰੀਆਂ ਮਿਲਦੀਆਂ ਹਨ।’’ ਮੇਰੇ ਮੂੰਹੋਂ ਇਹ ਸੁਣ ਕੇ ਮਾਂ ਨੇ ਮੈਨੂੰ ਜ਼ੋਰ ਨਾਲ ਘੁੱਟ ਕੇ ਆਪਣੇ ਗਲ ਲਾ ਲਿਆ ਸੀ।

ਸੰਪਰਕ: 84276-85020

Advertisement
×