ਮਿੰਨੀ ਕਹਾਣੀ
ਖ਼ੂਨ ਦੀ ਸਾਂਝ
ਰਾਜ ਕੌਰ ਕਮਾਲਪੁਰ
ਹੋਇਆ ਇਉਂ, ਮੇਰੇ ਪਤੀ ਨੇ ਸ਼ੋਸਲ ਮੀਡੀਆ ’ਤੇ ਪੜ੍ਹ ਲਿਆ ਕਿ ਕਿਸੇ ਨੂੰ ਬੀ ਨੈਗੇਟਿਵ ਖ਼ੂਨ ਦੀ ਬਹੁਤ ਜ਼ਿਆਦਾ ਐਮਰਜੈਂਸੀ ਵਿੱਚ ਜ਼ਰੂਰਤ ਸੀ। ਖ਼ੂਨ ਦਾ ਇਹ ਗਰੁੱਪ ਕਾਫ਼ੀ ਘੱਟ ਮਿਲਦਾ ਹੈ। ਉਹ ਔਰਤ ਜਿਸ ਨੂੰ ਖ਼ੂਨ ਦੀ ਤੁਰੰਤ ਲੋੜ ਸੀ ... ਗਰਭਵਤੀ ਸੀ, ਉਸ ਨੂੰ ਇੱਕ-ਦੋ ਦਿਨਾਂ ਬਾਅਦ ਬੱਚਾ ਹੋਣ ਵਾਲਾ ਸੀ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿੱਚ ਐਮਰਜੈਂਸੀ ਵਾਰਡ ਵਿੱਚ ਦਾਖਲ ਸੀ। ਮੇਰੇ ਪਤੀ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੀ ਹੈ। ਇਹ ਲੈਕਚਰਾਰ ਹੋਣ ਕਾਰਨ ਸਕੂਲ ਆਪਣੀ ਡਿਊਟੀ ’ਤੇ ਗਏ ਹੋਏ ਸਨ। ਜਦੋਂ ਇਨ੍ਹਾਂ ਨੂੰ ਪਤਾ ਲੱਗਿਆ ਤਾਂ ਉਸੇ ਵੇਲੇ ਪਟਿਆਲੇ ਵੱਲ ਤੁਰ ਪਏ। ਮੈਨੂੰ ਪਤਾ ਲੱਗਿਆ ਤਾਂ ਮੈਂ ਵੀ ਇਨ੍ਹਾਂ ਦੇ ਨਾਲ ਚੱਲ ਪਈ ਕਿਉਂਕਿ ਪਟਿਆਲ਼ਾ ਤੋਂ ਚੰਡੀਗੜ੍ਹ ਦੋ ਘੰਟਿਆਂ ਦਾ ਸਫ਼ਰ ਸੀ। ਵਾਪਸੀ ਸਮੇਂ ਮੇਰਾ ਇਨ੍ਹਾਂ ਨਾਲ ਹੋਣਾ ਮੈਨੂੰ ਜ਼ਰੂਰੀ ਲੱਗਿਆ। ਦੋ ਘੰਟਿਆਂ ਦੇ ਸਫ਼ਰ ਤੋਂ ਬਾਅਦ ਅਸੀਂ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ’ਚ ਪਹੁੰਚੇ ਤਾਂ ਉਸ ਔਰਤ ਦਾ ਪਤੀ ਬੜੀ ਬੇਸਬਰੀ ਨਾਲ ਸਾਡੀ ਉਡੀਕ ਕਰ ਰਿਹਾ ਸੀ ਕਿਉਂਕਿ ਉਸ ਦੀ ਪਤਨੀ ਦਾ ਆਪਰੇਸ਼ਨ ਖ਼ੂਨ ਮਿਲਣ ਤੋਂ ਬਾਅਦ ਹੀ ਹੋ ਸਕਦਾ ਸੀ। ਕੋਈ ਪੌਣੇ ਕੁ ਘੰਟੇ ਬਾਅਦ ਮੇਰੇ ਪਤੀ ਖ਼ੂਨ ਦਾਨ ਕਰਕੇ ਬਾਹਰ ਆ ਗਏ। ਮੈਂ ਕਮਰੇ ਦੇ ਬਾਹਰ ਬੈਠੀ ਉਡੀਕ ਕਰਦੀ ਰਹੀ। ਇੱਕ-ਦੋ ਵਾਰੀ ਕੋਲ ਜਾ ਕੇ ਇਨ੍ਹਾਂ ਦਾ ਹਾਲ-ਚਾਲ ਪੁੱਛ ਆਈ। ਉਸ ਔਰਤ ਦਾ ਪਤੀ ਵੀ ਬਾਹਰ ਬੈਠਾ ਮੇਰੇ ਪਤੀ ਦਾ ਇੰਤਜ਼ਾਰ ਕਰਦਾ ਰਿਹਾ। ਖ਼ੂਨ ਦੇਣ ਤੋਂ ਬਾਅਦ 15 ਕੁ ਮਿੰਟ ਹਸਪਤਾਲ ਵਾਲਿਆਂ ਨੇ ਬਿਠਾ ਕੇ ਰੱਖਿਆ। ਉਹ ਚੈੱਕ ਕਰ ਰਹੇ ਸਨ ਕਿ ਖ਼ੂਨ ਦੇਣ ਤੋਂ ਬਾਅਦ ਕੋਈ ਸਮੱਸਿਆ ਤਾਂ ਨਹੀਂ ਆਈ।
ਕਮਰੇ ਤੋਂ ਬਾਹਰ ਆਉਂਦਿਆਂ ਨੂੰ ਉਸ ਔਰਤ ਦਾ ਪਤੀ ਭੱਜ ਕੇ ਮਿਲਿਆ। ਉਸ ਨੇ ਮੇਰੇ ਪਤੀ ਨੂੰ ਕੁਰਸੀ ’ਤੇ ਬਿਠਾਇਆ। ਸਾਡੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਸਾਡੇ ਲਈ ਜੂਸ ਲੈ ਆਇਆ। ਧੰਨਵਾਦ ਕਰਨ ਲਈ ਉਸ ਕੋਲ ਸ਼ਬਦ ਨਹੀ ਸਨ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ, ‘‘ਕਿਸੇ ਬਿਮਾਰੀ ਦੀ ਵਜ੍ਹਾ ਕਾਰਨ ਉਸ ਦੀ ਪਤਨੀ ਅਤੇ ਬੱਚੇ ਦਾ ਖ਼ੂਨ ਨਹੀਂ ਬਣ ਰਿਹਾ। ਇਸੇ ਕਰਕੇ ਉਨ੍ਹਾਂ ਨੂੰ ਖ਼ੂਨ ਦੀ ਤੁਰੰਤ ਲੋੜ ਸੀ। ‘ਬੀ ਨੈਗੇਟਿਵ’ ਬਲੱਡ ਗਰੁੱਪ ਘੱਟ ਮਿਲਦਾ ਹੈ। ਉੱਧਰ ਮੇਰੀ ਪਤਨੀ ਦਾ ਆਪਰੇਸ਼ਨ ਘੱਟ ਬਲੱਡ ਹੋਣ ਕਾਰਨ ਨਹੀਂ ਹੋ ਸਕਦਾ ਸੀ। ਹੁਣ ਤੁਹਾਡੇ ਖ਼ੂਨ ਦੇਣ ਕਾਰਨ ਮੇਰੀ ਪਤਨੀ ਦਾ ਆਪਰੇਸ਼ਨ ਹੋ ਸਕੇਗਾ। ਹੁਣ ਉਹ ਬੱਚੇ ਨੂੰ ਜਨਮ ਦੇ ਸਕੇਗੀ।” ਇਹ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਕਿ ਅਸੀਂ ਕਿਸੇ ਨੂੰ ਜੀਵਨ ਦਾਨ ਦੇਣ ਦੇ ਯੋਗ ਹੋਏ ਹਾਂ।
ਇੱਕ ਗੱਲ ਦੀ ਹੋਰ ਵੀ ਜ਼ਿਆਦਾ ਖ਼ੁਸ਼ੀ ਤੇ ਤਸੱਲੀ ਹੋਈ ਕਿ ਨਾ ਤਾਂ ਅਸੀਂ ਉਨ੍ਹਾਂ ਨੂੰ ਤੇ ਨਾ ਹੀ ਉਨ੍ਹਾਂ ਨੇ ਸਾਨੂੰ ਇੱਕ-ਦੂਜੇ ਦੀ ਜਾਤ, ਧਰਮ, ਮਜ਼ਹਬ ਬਾਰੇ ਪੁੱਛਿਆ-ਦੱਸਿਆ। ਅਸੀਂ ਮਹਿਸੂਸ ਕੀਤਾ ਕਿ ਇਨਸਾਨੀਅਤ ਸਭ ਤੋਂ ਉੱਪਰ ਹੈ। ਇਨਸਾਨੀਅਤ ਦਾ ਕੋਈ ਮਜ਼ਹਬ, ਧਰਮ ਜਾਂ ਜਾਤ ਨਹੀਂ ਹੁੰਦੀ। ਹਾਂ, ਇੰਨਾ ਜ਼ਰੂਰ ਪਤਾ ਲੱਗਾ ਕਿ ਉਹ ਪਤੀ-ਪਤਨੀ ਵੀ ਸਾਡੀ ਤਰ੍ਹਾਂ ਅੰਮ੍ਰਿਤਸਰ (ਗੁਰੂ ਕੀ ਨਗਰੀ) ਵਿੱਚ ਅਧਿਆਪਕ ਸਨ। ਵਾਪਸੀ ’ਤੇ ਉਸ ਨੇ ਸਾਨੂੰ ਫੇਰ ਪੁੱਛਿਆ, ‘‘ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?” ਮੈ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਇੰਨਾ ਕਿਹਾ, ‘‘ਛੋਟੇ ਵੀਰ... ਜਦੋਂ ਤੁਸੀਂ ਖ਼ੁਸ਼ੀ-ਖ਼ੁਸ਼ੀ ਆਪਣੀ ਪਤਨੀ ਅਤੇ ਆਪਣੇ ਬੱਚੇ ਨੂੰ ਇੱਥੋਂ ਘਰ ਲੈ ਕੇ ਜਾਵੋਗੇ ਤਾਂ ਸਾਨੂੰ ਬੱਚੇ ਤੇ ਮਾਂ ਦੀ ਸੁੱਖ-ਸਾਂਦ ਦਾ ਸੁਨੇਹਾ ਦਿੰਦੇ ਰਹਿਣਾ। ਜਦੋਂ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੋ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਘਰ ਪਟਿਆਲ਼ਾ ਜ਼ਰੂਰ ਫੇਰਾ ਪਾਉਣਾ। ਇਸ ਤੋਂ ਵੱਡੀ ਸੇਵਾ ਤੇ ਖ਼ੁਸ਼ੀ ਸਾਡੇ ਲਈ ਹੋਰ ਕੋਈ ਨਹੀਂ ਹੈ।’’
ਉਸ ਨੂੰ ਪਰਿਵਾਰ ਸਮੇਤ ਖ਼ੁਸ਼ ਰਹਿਣ ਦੀਆਂ ਅਸੀਸਾਂ ਦੇ ਕੇ ਅਸੀਂ ਵਾਪਸੀ ਲਈ ਚਾਲੇ ਪਾ ਦਿੱਤੇ। ਸਚਮੁੱਚ! ਨਵੇਂ ਬਣੇ ਇਸ ਖ਼ੂਨ ਦੀ ਸਾਂਝ ਵਾਲੇ ਰਿਸ਼ਤੇ ਨੇ ਮਨ ਨੂੰ ਸਕੂਨ ਤੇ ਮਾਣ ਨਾਲ ਭਰ ਦਿੱਤਾ। ਮੈਨੂੰ ਮੇਰੇ ਪਤੀ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ।
ਸੰਪਰਕ: 94642-24314