ਮਿੰਨੀ ਕਹਾਣੀਆਂ
ਨਿਉਂਦਾ
ਮੋਹਨ ਸ਼ਰਮਾ
ਉਹਦੇ ਐਮ.ਏ. ਪਾਸ ਪੁੱਤਰ ਦੀ ਚੰਡੀਗੜ੍ਹ ਵਿੱਚ ਇੰਟਰਵਿਊ ਦਾ ਸੱਦਾ ਹਾਲੇ ਆਉਣਾ ਸੀ। ਆਸਾਮੀ ਲਈ ਲਿਖਤੀ ਟੈਸਟ ਉਸ ਨੇ ਪਾਸ ਕਰ ਲਿਆ ਸੀ। ‘ਜੇ ਆਪਣੇ ਇਲਾਕੇ ਦੇ ਮੰਤਰੀ ਦਾ ਥੋੜ੍ਹਾ ਜਿਹਾ ਟੁੱਲ ਲੱਗ ਜੇ ਤਾਂ ਮੁੰਡਾ ਆਹਰੇ ਲੱਗ ਜੂ’ ਇਹ ਸੋਚ ਕੇ ਉਸ ਨੇ ਮੰਤਰੀ ਦੀ ਕੋਠੀ ਕਈ ਗੇੜੇ ਮਾਰੇ। ਵੋਟਾਂ ਵੇਲੇ ਪੂਰੀ ਮੱਦਦ ਕਰਨ ਕਰਕੇ ਉਹ ਉਸ ’ਤੇ ਆਪਣਾ ਹੱਕ ਵੀ ਸਮਝਦਾ ਸੀ, ਪਰ ਮੰਤਰੀ ਉੱਥੇ ਨਹੀਂ ਮਿਲਿਆ। ਉੱਥੇ ਖੜ੍ਹੇ ਪੁਲੀਸ ਵਾਲੇ ਨੇ ਦੱਸਿਆ ਕਿ ਇੱਥੇ ਤਾਂ ਮੰਤਰੀ ਸਾਹਿਬ ਸਬੱਬੀਂ ਗੇੜਾ ਮਾਰਦੇ ਨੇ। ਉਹ ਜਾਂ ਤਾਂ ਸੈਕਟਰੀਏਟ ਵਿੱਚ ਮਿਲਣਗੇ ਜਾਂ ਫਿਰ ਚੰਡੀਗੜ੍ਹ ਕੋਠੀ ਵਿੱਚ। ਇੱਥੇ ਗੇੜਾ ਮਾਰਨ ਦਾ ਕੋਈ ਫ਼ਾਇਦਾ ਨਹੀਂ। ਉਸ ਨੇ ਆਪਣੇ ਪੜ੍ਹੇ ਲਿਖੇ ਮੁੰਡੇ ਨੂੰ ਨਾਲ ਲੈ ਕੇ ਸਕੱਤਰੇਤ ਦਾ ਰੁਖ਼ ਕਰ ਲਿਆ। ਅਗਾਂਹ ਮੰਤਰੀ ਜੀ ਤੱਕ ਪਹੁੰਚਣਾ ਕਿਹੜਾ ਸੌਖਾ ਸੀ! ਰਿਸੈਪਸ਼ਨ ’ਤੇ ਪਾਸ ਬਣਵਾਉਣ ਲਈ ਉਸ ਦਾ ਲੜਕਾ ਖਿੜਕੀ ਕੋਲ ਖੜੋ ਗਿਆ। “ਕਿਸ ਨੂੰ ਮਿਲਣਾ ਹੈ?” ਪਾਸ ਬਣਾਉਣ ਵਾਲੇ ਨੇ ਪੁੱਛਿਆ। “ਮੰਤਰੀ ਜੀ ਨੂੰ ਮਿਲਣੈ। ਉਨ੍ਹਾਂ ਦੇ ਇਲਾਕੇ ਵਿੱਚੋਂ ਆਏ ਹਾਂ। ਬਾਪੂ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ।” ਮੁੰਡੇ ਨੇ ਤਰਲੇ ਨਾਲ ਕਿਹਾ। ਅਗਾਂਹ ਪਾਸ ਕੱਟਣ ਵਾਲੇ ਨੇ ਮੰਤਰੀ ਦੇ ਪੀ.ਏ. ਨੂੰ ਫੋਨ ਮਿਲਾ ਕੇ ਪਾਸ ਜਾਰੀ ਕਰਨ ਲਈ ਪੁੱਛਿਆ। ਪੀ.ਏ. ਨੇ ਪਾਸ ਕੱਟਣ ਵਾਲੇ ਨੂੰ ਕਿਹਾ ਕਿ ਮੇਰੀ ਇਨ੍ਹਾਂ ਨਾਲ ਗੱਲ ਕਰਾ। “ਹਾਂ ਜੀ’’ ਕਹਿਣ ’ਤੇ ਪੀ.ਏ. ਨੇ ਬੇਰੁਖ਼ੀ ਜਿਹੀ ਨਾਲ ਕਿਹਾ, “ਮੰਤਰੀ ਸਾਹਿਬ, ਅੱਜ ਸਾਰਾ ਦਿਨ ਮੀਟਿੰਗਾਂ ਵਿੱਚ ਰੁੱਝੇ ਨੇ। ਤੁਸੀਂ ਕਿਸੇ ਦਿਨ ਪਹਿਲਾਂ ਟਾਈਮ ਲੈ ਕੇ ਆਵੋ।” ਕੋਸ਼ਿਸ਼ ਕਰਨ ’ਤੇ ਵੀ ਉਨ੍ਹਾਂ ਨੂੰ ਸਕੱਤਰੇਤ ਦੀਆਂ ਪੌੜੀਆਂ ਚੜ੍ਹਨੀਆਂ ਨਸੀਬ ਨਾ ਹੋਈਆਂ। ਬਜ਼ੁਰਗ ਨੇ ਪੁੱਤ ਨੂੰ ਕਿਹਾ, “ਹੁਣ ਜਾਵਾਂਗੇ ਤਾਂ ਆਪਾਂ ਮਿਲ ਕੇ ਹੀ। ਆਥਣੇ ਕੋਠੀ ਜਾ ਕੇ ਦੇਖਦੇ ਹਾਂ।” ਰਾਤੀਂ ਸੱਤ ਕੁ ਵਜੇ ਉਹ ਮੰਤਰੀ ਦੀ ਕੋਠੀ ਪੁੱਜ ਗਏ। ਅੱਗਿਉਂ ਸੰਤਰੀ ਨੇ ਬੇਰੁਖ਼ੀ ਨਾਲ ਕਿਹਾ, “ਅੰਦਰ ਪਾਰਟੀ ਚੱਲ ਰਹੀ ਹੈ। ਮੰਤਰੀ ਜੀ ਕਿਸੇ ਨੂੰ ਮਿਲ ਨਹੀਂ ਸਕਦੇ।” ਰਾਤ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਭਟਕਦਿਆਂ ਹੀ ਗੁਜ਼ਾਰੀ। ਸਵੇਰੇ ਸਾਝਰੇ ਹੀ ਉਨ੍ਹਾਂ ਨੇ ਫਿਰ ਕੋਠੀ ਦਸਤਕ ਦੇ ਦਿੱਤੀ। ਅੱਗਿਉਂ ਸੰਤਰੀ ਦਾ ਰੁੱਖਾ ਜਿਹਾ ਜਵਾਬ ਮਿਲਿਆ, “ਮੰਤਰੀ ਜੀ ਤਾਂ ਦਿੱਲੀ ਚਲੇ ਗਏ ਨੇ। ਦੋ ਦਿਨ ਉੱਥੇ ਹੀ ਰਹਿਣਗੇ।” ਉਹ ਉਦਾਸ, ਨਿੰਮੋਝੂਣੇ ਜਿਹੇ ਹੋ ਕੇ ਪਿੰਡ ਪਰਤ ਆਏ।
“ਕਿਉਂ ਬਣਿਆ ਕੋਈ ਬੰਨ੍ਹ ਸੁਬ੍ਹ?’’ ਪਤਨੀ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਕਿਹਾ। “ਕਾਹਨੂੰ, ਕੁੱਤੇ ਭਕਾਈ ਹੋਈ ਐ। ਨਾ ਦਫ਼ਤਰ ਮਿਲਿਆ। ਨਾ ਕੋਠੀ। ਉਹਦਾ ਪੀ.ਏ. ਕਹਿੰਦਾ ਪਹਿਲਾਂ ਸਮਾਂ ਲੈ ਕੇ ਆਉ। ਫਿਰ ਮਿਲਿਆ ਜਾਊ।” ਪਤੀ ਨੇ ਅੰਤਾਂ ਦਾ ਨਿਰਾਸ਼ ਹੋ ਕੇ ਕਿਹਾ।
‘‘ਦੇਖ ਲੈ, ਚੋਣਾਂ ਵੇਲੇ ਕਿਵੇਂ ਲੇਲ੍ਹੜੀਆਂ ਕੱਢਦਾ ਸੀ। ਮੇਰੇ ਪੈਰੀਂ ਹੱਥ ਲਾ ਕੇ ਕਹਿੰਦਾ ਸੀ, ‘ਬੇਬੇ, ਅਸ਼ੀਰਵਾਦ ਦੇ ਤੇਰੇ ਪੁੱਤ ਨੂੰ। ਥੋਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਜਿੱਤਿਆ ਜਾਣੈ। ਥੋਡਾ ਸੇਵਕ ਬਣ ਕੇ ਇਲਾਕੇ ਦੀ ਸੇਵਾ ਕਰੂੰ। ਤੁਸੀਂ ਜਦੋਂ ਵੀ ਬੁਲਾਉਂਗੇ, ਅੱਧ-ਬੋਲ ਹਾਜ਼ਰ ਹੋਵਾਂਗਾ। ਦੇਖ ਲੈ ਹੁਣ...। ਕੋਈ ਨਹੀਂ ਪਾਣੀ ਤਾਂ ਪੁਲਾਂ ਹੇਠ ਦੀ ਲੰਘਣੈ। ਵੋਟਾਂ ਵਾਲਾ ਸਮਾਂ ਆਉਣ ਦੇ। ਇਹਨੂੰ ਸੁਆਰ ਕੇ ਧਨੇਸੜੀ ਦੇਵਾਂਗੇ।”
ਕੁਝ ਮਹੀਨਿਆਂ ਬਾਅਦ ਹੀ ਉਸ ਨੇ ਪਿੰਡ ਦੇ ਸਕੂਲ ਵਿੱਚ ਲਿਆਂਦੀ ‘ਵਿਕਾਸ ਦੀ ਹਨੇਰੀ’ ਦਾ ਨੀਂਹ ਪੱਥਰ ਰੱਖਣ ਆਉਣਾ ਸੀ। ਉਹਦੇ ਵਾਂਗ ਇਲਾਕੇ ਦੇ ਲੋਕ ਵੀ ਉਹਦੀ ਕਾਰਗੁਜ਼ਾਰੀ ਤੋਂ ਨਾਰਾਜ਼ ਸਨ। ਇਧਰ ਸਕੂਲ ਅਧਿਆਪਕ ਮੰਤਰੀ ਦੇ ਸਵਾਗਤ ਲਈ ਤਿਆਰੀਆਂ ਵਿੱਚ ਰੁੱਝ ਗਏ ਅਤੇ ਇਲਾਕੇ ਦੇ ਲੋਕਾਂ ਨੇ ਅਲੱਗ ਇੱਕ ਥਾਂ ਉਹਨੂੰ ਰਾਹ ਵਿੱਚ ਘੇਰ ਕੇ ਉਹਦਾ ‘ਸਵਾਗਤ’ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਅਧਿਆਪਕ ਇਕੱਠ ਕਰਨ ਲਈ ਘਰੋਂ ਘਰੀਂ ਸੁਨੇਹੇ ਦਿੰਦੇ ਰਹੇ। ਆਪਣੇ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਮਾਪਿਆਂ ਨੂੰ ਸਕੂਲ ਲੈ ਕੇ ਆਉਣ। ਸਮਾਗਮ ਦੀ ਸ਼ੋਭਾ ਵਧਾਉਣੀ ਜ਼ਰੂਰੀ ਹੈ।
ਮੰਤਰੀ ਦਾ ਕਾਫ਼ਲਾ ਗੱਡੀਆਂ ਸਮੇਤ ਸਕੂਲ ਵੱਲ ਜਾ ਰਿਹਾ ਸੀ। ਰਾਹ ਵਿੱਚ ਭਾਰੀ ਇਕੱਠ ਵੇਖ ਕੇ ਉਸ ਨੇ ਅੰਦਾਜ਼ਾ ਲਾਇਆ ਕਿ ਉਸ ਦੇ ਸਵਾਗਤ ਲਈ ਲੋਕ ਰਾਹ ਵਿੱਚ ਖੜੋਤੇ ਹਨ। ਉਸ ਨੇ ਗੱਡੀ ਰੋਕੀ। ਦੋਵੇਂ ਹੱਥ ਜੋੜ ਕੇ ਭੀੜ ਵੱਲ ਵਧਿਆ। ਭੀੜ ਦੇ ਨੇੜੇ ਆਉਣ ’ਤੇ ਇੱਕ ਵਿਅਕਤੀ ਨੇ ਵਿਅੰਗ ਕੀਤਾ, “ਬੱਲੇ ਬੱਲੇ, ਜਾਂ ਤਾਂ ਇਹਦੇ ਹੱਥ ਉਦੋਂ ਜੁੜੇ ਹੋਏ ਸੀ, ਜਦੋਂ ਇਹਨੇ ਵੋਟਾਂ ਲੈਣੀਆਂ ਸੀ ਅਤੇ ਜਾਂ ਫਿਰ ਅੱਜ ਵੋਟਾਂ ਪਿੱਛੋਂ ਪਹਿਲੀ ਵਾਰ ਇਹਦੇ ਦਰਸ਼ਨ ਹੋਏ ਨੇ।” ਫਿਰ ਲੋਕਾਂ ਨੇ ਉਹਦੇ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹਦੇ ਇਲਾਕੇ ਵਿੱਚ ਕੀਤੇ ਕੰਮਾਂ ਸਬੰਧੀ ਜਾਣਕਾਰੀ ਮੰਗੀ। ਚੋਣ ਵਾਅਦੇ ਯਾਦ ਕਰਵਾਏ, ਫਿਟ ਲਾਹਨਤਾਂ ਵੀ ਪਾਈਆਂ। ਉਹ ਬਜ਼ੁਰਗ ਭੀੜ ਨੂੰ ਚੀਰਦਾ ਹੋਇਆ ਅਗਾਂਹ ਵਧਿਆ। ਰੋਹ ਭਰੇ ਅੰਦਾਜ਼ ਵਿੱਚ ਉਸ ਨੇ ਪੁੱਛਿਆ, “ਸ਼ਹਿਰ ਕੋਠੀ ’ਚ ਤੂੰ ਮਿਲਦਾ ਨਹੀਂ। ਚੰਡੀਗੜ੍ਹ ਦਫ਼ਤਰ ਮੂਹਰੇ ਜਵਾਬ ਮਿਲਦੈ ਕਿ ਪਹਿਲਾਂ ਟਾਈਮ ਲੈ ਕੇ ਆਉ, ਫਿਰ ਮਿਲੂਗਾ ਮੰਤਰੀ। ਤੈਨੂੰ ਮਿਲਣ ਵਾਸਤੇ ਤਾਂ ਪਹਿਲਾਂ ਤੈਥੋਂ ਟਾਈਮ ਲੈਣਾ ਪੈਣੈ। ਤੂੰ ਫਿਰ ਮਿਲੇਂਗਾ। ਅੱਜ ਤੂੰ ਸਾਡੇ ਪਿੰਡ ਆਇਆਂ, ਕੀਹਤੋਂ ਪੁੱਛ ਕੇ ਆਇਐਂ? ਬਿਨਾਂ ਪੁੱਛੇ ਤੋਂ ਆਉਣ ਵਾਲੇ ਨੂੰ ਅਗਾਂਹ ਅਸੀਂ ਵੀ ਨਹੀਂ ਜਾਣ ਦਿੰਦੇ। ਤੇਰੀਆਂ ਗੱਡੀਆਂ ਸਾਡੀਆਂ ਲਾਸ਼ਾਂ ਉੱਪਰ ਦੀ ਲੰਘਣਗੀਆਂ।” ਨਾਲ ਹੀ ਲੋਕਾਂ ਨੇ ਉਹਦਾ ਨਾਂ ਲੈ ਕੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੁਲੀਸ ਦੀਆਂ ਰੋਕਾਂ ਦੇ ਬਾਵਜੂਦ ਲੋਕ ਉਹਦੀਆਂ ਗੱਡੀਆਂ ਅੱਗੇ ਕੰਧ ਬਣ ਕੇ ਖੜ੍ਹੋ ਗਏ। ਮਜਬੂਰੀਵੱਸ ਉਸ ਨੂੰ ਸਕੂਲ ਵਿੱਚ ਲਿਆਂਦੀ ਵਿਕਾਸ ਕ੍ਰਾਂਤੀ ਦਾ ਨੀਂਹ ਪੱਥਰ ਰੱਖੇ ਬਿਨਾਂ ਹੀ ਮੁੜਨਾ ਪਿਆ।
ਧੂੜ ਉਡਾਉਂਦੀ ਜੀਪ ਵੱਲ ਲੋਕ ਨਫ਼ਰਤ ਭਰੀਆਂ ਨਜ਼ਰਾਂ ਨਾਲ ਵਿਹੰਦਿਆਂ ਕਹਿ ਰਹੇ ਸਨ, “ਇਹ ਤਾਂ ਹਾਲਾਂ ਨਿਉਂਦਾ ਪਾਇਆ ਹੈ। ਭਾਜੀ ਤਾਂ ਵੋਟਾਂ ਵੇਲੇ ਪਾਵਾਂਗੇ।’’
ਸੰਪਰਕ: 94171-48866
* * *
ਆਖ਼ਰੀ ਪੀੜ੍ਹੀ
ਜਸਵਿੰਦਰ ਪਾਲ ਸ਼ਰਮਾ
ਆਪਣੀਆਂ ਐਨਕਾਂ ਸਾਫ਼ ਕਰਦੇ ਹੋਏ ਪਤੀ ਨੇ ਆਪਣੀ ਪਤਨੀ ਨੂੰ ਕਿਹਾ, ‘‘ਸਾਡੇ ਸਮੇਂ ਵਿੱਚ ਮੋਬਾਈਲ ਫੋਨ ਨਹੀਂ ਹੁੰਦੇ ਸਨ।’’
ਪਤਨੀ ਨੇ ਆਖਿਆ, ‘‘ਪਰ ਠੀਕ 5:55 ਵਜੇ, ਮੈਂ ਪਾਣੀ ਦਾ ਗਲਾਸ ਲੈ ਕੇ ਦਰਵਾਜ਼ੇ ’ਤੇ ਆਉਂਦੀ ਅਤੇ ਤੁਸੀਂ ਆ ਜਾਂਦੇ।’’
‘‘ਮੈਂ ਤੀਹ ਸਾਲ ਕੰਮ ਕੀਤਾ, ਪਰ ਅੱਜ ਤੱਕ ਮੈਨੂੰ ਇਹ ਸਮਝ ਨਹੀਂ ਆਈ ਕਿ ਤੁਸੀਂ ਪਾਣੀ ਇਸ ਲਈ ਲੈ ਕੇ ਆਉਂਦੇ ਸੀ ਕਿਉਂਕਿ ਮੈਂ ਆਇਆ ਸੀ ਜਾਂ ਮੈਂ ਇਸ ਲਈ ਆਉਂਦਾ ਸੀ ਕਿਉਂਕਿ ਤੁਸੀਂ ਪਾਣੀ ਲਿਆਂਦਾ ਸੀ।’’
‘‘ਹਾਂ... ਮੈਨੂੰ ਯਾਦ ਹੈ... ਤੁਹਾਡੇ ਰਿਟਾਇਰ ਹੋਣ ਤੋਂ ਪਹਿਲਾਂ, ਜਦੋਂ ਤੁਹਾਨੂੰ ਸ਼ੂਗਰ ਨਹੀਂ ਸੀ ਅਤੇ ਮੈਂ ਤੁਹਾਡੀ ਮਨਪਸੰਦ ਖੀਰ ਬਣਾਉਂਦੀ ਸੀ, ਤੁਸੀਂ ਕਹਿੰਦੇ ਸੀ ਕਿ ਅੱਜ ਦੁਪਹਿਰ ਨੂੰ ਹੀ ਮੈਂ ਸੋਚਿਆ ਸੀ ਜੇ ਖੀਰ ਖਾਣ ਨੂੰ ਮਿਲ ਜਾਵੇ ਤਾਂ ਬਹੁਤ ਮਜ਼ਾ ਆਵੇਗਾ।’’
‘‘ਹਾਂ... ਸੱਚਮੁੱਚ... ਦਫ਼ਤਰ ਤੋਂ ਨਿਕਲਦੇ ਸਮੇਂ ਮੈਂ ਜੋ ਵੀ ਸੋਚਦਾ ਸੀ, ਜਦੋਂ ਮੈਂ ਘਰ ਆਉਂਦਾ ਸੀ ਤਾਂ ਮੈਂ ਦੇਖਦਾ ਸੀ ਕਿ ਤੁਸੀਂ ਵੀ ਉਹੀ ਚੀਜ਼ ਬਣਾਈ ਹੈ।’’
‘‘ਕੀ ਤੁਹਾਨੂੰ ਯਾਦ ਹੈ, ਮੈਂ ਆਪਣੇ ਪਹਿਲੇ ਬੱਚੇ ਲਈ ਪੇਕੇ ਘਰ ਗਈ ਸੀ ਅਤੇ ਜਦੋਂ ਦਰਦ ਸ਼ੁਰੂ ਹੋਇਆ ਤਾਂ ਮੈਂ ਚਾਹੁੰਦੀ ਸੀ ਕਿ ਤੁਸੀਂ ਮੇਰੇ ਨਾਲ ਹੁੰਦੇ। ਇੱਕ ਘੰਟੇ ਦੇ ਅੰਦਰ ਅੰਦਰ ਤੁਸੀਂ ਮੇਰੇ ਨਾਲ ਸੀ, ਜਿਵੇਂ ਇਹ ਇੱਕ ਸੁਪਨਾ ਹੋਵੇ।’’
‘‘ਹਾਂ... ਉਸ ਦਿਨ ਮੇਰਾ ਮਨ ਕਿਤੇ ਵੀ ਨਹੀਂ ਲੱਗ ਰਿਹਾ ਸੀ। ਮੈਂ ਸੋਚਿਆ ਜਾ ਕੇ ਦੇਖਦਾ ਹਾਂ...।’’
‘‘ਹਾਂ, ਜਦੋਂ ਦੁਪਹਿਰ ਨੂੰ ਚਾਹ ਬਣਾਉਂਦੇ ਸਮੇਂ ਮੇਰਾ ਥੋੜ੍ਹਾ ਜਿਹਾ ਹੱਥ ਸੜ ਗਿਆ ਸੀ ਅਤੇ ਉਸੇ ਸ਼ਾਮ ਨੂੰ ਤੁਸੀਂ ਆਪਣੀ ਜੇਬ ਵਿੱਚੋਂ ਬਰਨੋਲ ਦੀ ਟਿਊਬ ਕੱਢੀ ਅਤੇ ਕਿਹਾ, ਇਸ ਨੂੰ ਅਲਮਾਰੀ ਵਿੱਚ ਰੱਖ ਦਿਓ...।’’
‘‘ਹਾਂ... ਇੱਕ ਦਿਨ ਪਹਿਲਾਂ ਹੀ ਮੈਂ ਦੇਖਿਆ ਕਿ ਟਿਊਬ ਖ਼ਤਮ ਹੋ ਗਈ ਸੀ। ਮੈਂ ਇਹ ਸੋਚ ਕੇ ਟਿਊਬ ਲੈ ਕੇ ਆਇਆ ਸੀ ਕਿ ਪਤਾ ਨਹੀਂ ਮੈਨੂੰ ਇਸ ਦੀ ਕਦੋਂ ਲੋੜ ਪੈ ਜਾਵੇਗੀ...।’’
‘‘ਤੁਸੀਂ ਕਿਹਾ ਸੀ ਕਿ ਅੱਜ ਦਫ਼ਤਰ ਤੋਂ ਬਾਅਦ ਉੱਥੇ ਆ ਜਾ। ਆਪਾਂ ਫਿਲਮ ਦੇਖਾਂਗੇ ਅਤੇ ਬਾਹਰ ਖਾਣਾ ਖਾਵਾਂਗੇ...।’’
‘‘ਅਤੇ ਜਦੋਂ ਤੁਸੀਂ ਆਏ ਤਾਂ ਉਹੀ ਸੂਟ ਪਹਿਨਿਆ ਸੀ ਜਿਸ ਬਾਰੇ ਮੈਂ ਸੋਚਿਆ ਸੀ...’’
ਫਿਰ ਨੇੜੇ ਜਾ ਕੇ ਪਤੀ ਨੇ ਉਸ ਦਾ ਹੱਥ ਫੜ ਕੇ ਕਿਹਾ, ‘‘ਹਾਂ, ਸਾਡੇ ਸਮੇਂ ਵਿੱਚ ਮੋਬਾਈਲ ਨਹੀਂ ਸਨ, ਪਰ ਅਸੀਂ ਦੋਵੇਂ ਉੱਥੇ ਸੀ।’’
ਪਤਨੀ ਨੇ ਕਿਹਾ, ‘‘ਅੱਜ ਪੁੱਤਰ ਅਤੇ ਨੂੰਹ ਇਕੱਠੇ ਹਨ ਪਰ ਗੱਲ ਨਹੀਂ ਕਰਦੇ। ਉਹ ਵੱਟਸਐਪ ’ਤੇ ਹੀ ਰਹਿੰਦੇ ਹਨ। ਕੋਈ ਲਗਾਅ ਨਹੀਂ, ਬਸ ਟੈਗਿੰਗ ਹੈ। ਕੋਈ ਕੈਮਿਸਟਰੀ ਨਹੀਂ, ਬਸ ਕਮੈਂਟ ਹਨ। ਕੋਈ ਪਿਆਰ ਨਹੀਂ, ਬਸ ਲਾਈਕ ਹੁੰਦਾ ਹੈ। ਕੋਈ ਨੋਕ ਝੋਕ ਨਹੀਂ, ਅਨਫ੍ਰੈਂਡਿੰਗ ਹੈ। ਉਨ੍ਹਾਂ ਨੂੰ ਬੱਚੇ ਨਹੀਂ, ਕੈਂਡੀ ਕ੍ਰਸ਼ ਸਾਗਾ, ਟੈਂਪਲ ਰਨ ਅਤੇ ਸਬਵੇ ਸਰਫਰ ਚਾਹੀਦੀ ਹੈ।’’
‘‘ਇਨ੍ਹਾਂ ਸਾਰੀਆਂ ਗੱਲਾਂ ਨੂੰ ਛੱਡੋ, ਅਸੀਂ ਹੁਣ ਵਾਈਬ੍ਰੇਟ ਮੋਡ ’ਤੇ ਹਾਂ। ਸਾਡੀ ਬੈਟਰੀ ਵੀ 1 ਲਾਈਨ ’ਤੇ ਹੈ। ਓ!!! ਹੁਣ ਤੁਸੀਂ ਕਿੱਥੇ ਚੱਲੇ?’’
‘‘ਚਾਹ ਬਣਾਉਣ ਲਈ...’’
‘‘ਓ... ਮੈਂ ਤੁਹਾਨੂੰ ਚਾਹ ਬਣਾਉਣ ਲਈ ਕਹਿਣ ਹੀ ਲੱਗਾ ਸੀ...।’’
‘‘ਤੁਸੀਂ ਜਾਣਦੇ ਹੋ, ਮੈਂ ਅਜੇ ਵੀ ਕਵਰੇਜ ਖੇਤਰ ਵਿੱਚ ਹਾਂ ਅਤੇ ਮੈਨੂੰ ਤੁਹਾਡੇ ਦਿਲ ਦੇ ਸੁਨੇਹੇ ਅਜੇ ਵੀ ਆਉਂਦੇ ਹਨ...।’’
ਦੋਵੇਂ ਹੱਸੇ ਤੇ ਪਤੀ ਬੋਲਿਆ, ‘‘ਹਾਂ, ਸਾਡੇ ਸਮੇਂ ਵਿੱਚ ਮੋਬਾਈਲ ਫੋਨ ਨਹੀਂ ਸਨ... ਸੱਚਮੁੱਚ, ਬਹੁਤ ਕੁਝ ਖੁੰਝ ਗਿਆ ਹੈ ਅਤੇ ਬਹੁਤ ਕੁਝ ਖੁੰਝ ਜਾਵੇਗਾ। ਸ਼ਾਇਦ ਅਸੀਂ ਆਖ਼ਰੀ ਪੀੜ੍ਹੀ ਹਾਂ ਜਿਸ ਨੂੰ ਮੌਜੂਦਾ ਪੀੜ੍ਹੀ ਨੂੰ ਪਿਆਰ, ਸਨੇਹ, ਆਪਣਾਪਣ, ਨੈਤਿਕਤਾ ਅਤੇ ਸਤਿਕਾਰ ਦਾ ਪਾਠ ਪੜ੍ਹਾਉਣਾ ਪਵੇਗਾ।’’
ਸੰਪਰਕ: 79860-27454