ਮਿੰਨੀ ਕਹਾਣੀਆਂ
ਇਹ ਕਹਾਣੀ ਤੁਹਾਡੀ ਵੀ ਹੈ
ਪਰਦੀਪ ਮਹਿਤਾ
ਉਸ ਨੂੰ ਤੀਹਵੇਂ ਵਰ੍ਹੇ ਸਰਕਾਰੀ ਨੌਕਰੀ ਮਿਲੀ। ਪੈਰਾਂ ਸਿਰ ਖੜ੍ਹਾ ਹੋਣ ਤੋਂ ਪਹਿਲਾਂ ਵਿਆਹ ਨਾ ਕਰਾਉਣ ਦੀ ਸ਼ਰਤ ਵੀ ਇੱਥੇ ਆ ਕੇ ਪੂਰੀ ਹੋ ਗਈ। ਨੌਕਰੀ ਵਾਲੀ ਜੀਵਨ ਸਾਥਣ ਵੀ ਮਿਲ ਸਕਦੀ ਸੀ, ਪਰ ਉਸ ਨੇ ਭਰੇ ਭਕੁੰਨੇ ਘਰ ਨੂੰ ਹੀ ਤਰਜੀਹ ਦਿੱਤੀ। ਸਭ ਕੁਝ ਦੇਰੀ ਨਾਲ ਹੀ ਹੋਇਆ। ਉਮਰ ਦੇ ਚਾਰ ਦਹਾਕੇ ਬੀਤਣ ਪਿੱਛੋਂ ਹੀ ਉਸ ਦੀ ਸੰਤਾਨ ਸੁੱਖ ਵਾਲੀ ਰੇਖਾ ਉੱਘੜੀ। ਦੋ ਬੱਚੇ ਹੋਣ ਤੱਕ ਇਹ ਇਹ ਮਕਾਨ ਘਰ ਸੀ। ਸੁੱਖ ਨਾਲ ਇਸ ਘਰ ਵਿੱਚ ਉਸ ਦੇ ਮਾਪੇ, ਵੱਡੇ ਭਰਾ-ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚੇ ਇਸ ਕੁਨਬੇ ਦੇ ਭਾਗੀਦਾਰ ਸਨ। ਜਿਉਂ ਹੀ ਅੱਗੜ-ਪਿੱਛੜ ਮਾਪੇ ਇਸ ਜਹਾਨ ਤੋਂ ਕੂਚ ਹੋਏ, ਇੱਕ ਵਾਰ ਫਿਰ ਘਰ ਮਕਾਨ ਬਣਨਾ ਸ਼ੁਰੂ ਹੋ ਗਿਆ। ਪਤਨੀਆਂ ਦੀ ਰੋਜ਼ ਦੀ ਚਿਕ-ਚਿਕ ਨਾਲੋਂ ਦੋਵਾਂ ਭਰਾਵਾਂ ਨੇ ਅੱਡ ਹੋਣਾ ਬਿਹਤਰ ਸਮਝਿਆ। ਵੱਡਾ ਭਰਾ ਆਪਣਾ ਟੱਬਰ-ਟੀਹਰ ਲੈ ਕੇ ਆਪਣੀ ਨੌਕਰੀ ਵਾਲੇ ਸਥਾਨ ’ਤੇ ਚਲਾ ਗਿਆ ਤੇ ਉਹ ਆਪ ਇਸ ਮਕਾਨ ਵਿੱਚ ਪਤਨੀ ਅਤੇ ਬੱਚਿਆਂ ਦੇ ਹੁੰਦੇ-ਸੁੰਦੇ ਵੀ ਇਕੱਲਾ ਜਿਹਾ ਹੋ ਗਿਆ ਸੀ। ਪਹਿਲੋਂ-ਪਹਿਲ ਜਦੋਂ ਉਹ ਤੇ ਉਸ ਦਾ ਵੱਡਾ ਭਰਾ ਨੌਕਰੀਓ ਪਰਤਦੇ ਤਾਂ ਮੂਹਰਲੀ ਬੈਠਕ ਠਹਾਕਿਆਂ ਨਾਲ ਗੂੰਜ ਰਹੀ ਹੁੰਦੀ। ਕੋਈ ਉਨ੍ਹਾਂ ਦਾ ਟਿਫ਼ਨ ਫੜਦਾ, ਕੋਈ ਸਕੂਟਰ ਵਿੱਚੋਂ ਨਿੱਕ-ਸੁੱਕ ਚੁੱਕ ਲੈਂਦਾ ਤੇ ਕੋਈ ਹੱਥੋਂ ਹੱਥੀਂ ਪਾਣੀ ਲੈ ਆਉਂਦਾ। ਉਨ੍ਹਾਂ ਨੂੰ ਸ਼ਾਇਦ ਹੀ ਕਿਤੇ ਦਰਵਾਜ਼ਾ ਖੁਲ੍ਹਵਾਉਣ ਲਈ ਕਾਲ ਬੈੱਲ ਵਜਾਉਣ ਦੀ ਲੋੜ ਪਈ ਹੋਵੇ। ਮਾਪਿਆਂ ਦੇ ਤੁਰਨ ਅਤੇ ਭਰਾ ਭਰਜਾਈ ਦੇ ਟੱਬਰ ਚਲੇ ਜਾਣ ਪਿੱਛੋਂ ਇਹ ਬੈਠਕ ਸੁੰਨ ਜਿਹੀ ਹੋ ਗਈ ਸੀ।ਬਸ ਕਿਸੇ ਆਏ-ਗਏ ਤੋਂ ਹੀ ਇੱਥੇ ਬੈਠਿਆ ਜਾਂਦਾ ਸੀ। ਬੈਠਕ ਪਿੱਛੇ ਕਾਫ਼ੀ ਲੰਮਾ ਚੌੜਾ ਵਿਹੜਾ ਅਤੇ ਉਸ ਤੋਂ ਪਿੱਛੋਂ ਚਾਰ ਆਧੁਨਿਕ ਕਮਰੇ ਹਨ, ਜਿੱਥੇ ਹੁਣ ਉਸ ਨੂੰ ਛੱਡ ਕੇ ਤਿੰਨੋਂ ਜੀਅ ਕਾਬਜ਼ ਹਨ। ਕਈ ਵਾਰ ਤਾਂ ਉਸ ਦੇ ਕੰਨ ਇਹ ਸ਼ਿਕਾਇਤ ਵੀ ਪੈਂਦੀ ਕਿ ਪਾਪਾ ਜੀ ਆਪਣਾ ਸਾਮਾਨ ਆਪਣੇ ਕਮਰੇ ਵਿੱਚ ਕਿਉਂ ਨਹੀਂ ਰੱਖਦੇ...? ਟੀਵੀ ਆਪਣੇ ਕਮਰੇ ਵਿੱਚ ਕਿਉਂ ਨਹੀਂ ਦੇਖਦੇ...? ਪਰਿਵਾਰ ਦੇ ਇਸ ਰਵੱਈਏ ਕਾਰਨ ਉਹ ਹੌਲੀ ਹੌਲੀ ਸਿਮਟ ਰਿਹਾ ਸੀ। ਕਿਸੇ ਵਿਆਹ ਸ਼ਾਦੀ ਜਾਂ ਸਮਾਗਮ ’ਤੇ ਜਾਣ ਵੇਲੇ ਹੀ ਇੱਕ ਥਾਂ ’ਤੇ ਬੈਠ ਕੇ ਗੱਲਬਾਤ ਹੁੰਦੀ। ਨਹੀਂ ਤਾਂ ਉਸ ਨੂੰ ਛੱਡ ਸਭ ਆਪੋ ਆਪਣੀ ਦੁਨੀਆ ਵਿੱਚ ਮਸ਼ਰੂਫ ਰਹਿੰਦੇ...।
ਪਤਨੀ ਧਾਰਮਿਕ-ਪੋਥੀਆਂ ਵਿੱਚ... ਮੁੰਡਾ ਲੈਪਟਾਪ ਅਤੇ ਧੀ ਰਾਣੀ ਆਪਣੇ ਮਹਿੰਗੇ ਫੋਨ ਵਿੱਚ...! ਉਂਜ ਵੀ ਇਹ ਮੰਡੀ ਪਿੰਡਾਂ ਨਾਲੋਂ ਵੀ ਬਦਤਰ ਹੈ। ਹਮ-ਉਮਰ ਜਾਂ ਸਾਥੀਆਂ ਨਾਲ ਮਿਲ ਬੈਠਣ ਦਾ ਇੱਥੇ ਕੋਈ ਸਥਾਨ ਹੀ ਨਹੀਂ... ਬਸ ਲੋਕ ਸਟੇਸ਼ਨ ’ਤੇ ਹੀ ਚਹਿਲ-ਕਦਮੀ ਕਰ ਲੈਂਦੇ ਨੇ। ਕਿਸੇ ਦੀ ਦੁਕਾਨ ’ਤੇ ਵੀ ਕਿੰਨਾ ਕੁ ਚਿਰ ਬੈਠਿਆ ਜਾ ਸਕਦਾ ਹੈ। ਨਾਲੇ ਕੋਈ ਬੇਗਾਨਾ ਰੋਜ਼-ਰੋਜ਼ ਨਹੀਂ ਬਿਠਾਉਂਦਾ। ਇਕੱਲਤਾ ਨੇ ਉਸ ਨੂੰ ਇੰਨਾ ਕੁ ਦੱਬਿਆ ਕਿ ਉਸ ਨੂੰ ਬੀਤੇ ਸਮੇਂ ਦੇ ਭਰਮ-ਭੁਲੇਖੇ ਪੈਣ ਲੱਗੇ। ਬਦਨਾਮੀ ਤੋਂ ਡਰਦਿਆਂ ਉਸ ਨੇ ਆਪਣੀ ਇਹ ਬਿਮਾਰੀ ਕਿਸੇ ਨਾਲ ਸਾਂਝੀ ਵੀ ਨਹੀਂ ਕੀਤੀ। ਕਰਦਾ ਵੀ ਕਿਸ ਨਾਲ... ਪਰਿਵਾਰ ਪਾਸ ਵਕਤ ਨਹੀਂ ਅਤੇ ਦੋਸਤਾਂ ਵਿੱਚ ਉਸ ਦੀ ਵੁੱਕਤ ਨਹੀਂ। ਸੇਵਾ ਨਵਿਰਤੀ ਬਾਰੇ ਸੋਚ-ਸੋਚ ਉਸ ਦਾ ਤ੍ਰਾਹ ਨਿਕਲਦਾ ਕਿਉਂ ਜੋ ਉਸ ਪਿੱਛੋਂ ਉਸ ਦੇ ਨਿਰਾਸ਼ ਜੀਵਨ ਵਿੱਚ ਅੱਠ ਘੰਟੇ ਹੋਰ ਜੁੜ ਜਾਣੇ ਸਨ। ਸਾਰਿਆਂ ਦੇ ਵਿਰੋਧ ਦੇ ਬਾਵਜੂਦ ਉਹ ਇੱਕ ਛੋਟਾ ਜਿਹਾ ਚਿੱਟੇ ਰੰਗ ਦਾ ਪਮੇਰੀਅਨ ਕੁੱਤਾ ਘਰ ਲੈ ਆਇਆ। ਉਸ ਦੇ ਨਿੱਕੇ-ਨਿੱਕੇ ਕੰਮਾਂ-ਕਾਰਾਂ ਵਿੱਚ ਜਿਵੇਂ ਜੀਵਨ-ਨਾਦ ਸੀ। ਉਹ ਜਿਉਂ ਜਿਉਂ ਸੁਰਤ ਸੰਭਾਲ ਰਿਹਾ ਸੀ ਉਨ੍ਹਾਂ ਦਾ ਰਿਸ਼ਤਾ ਹੋਰ ਸੰਘਣਾ ਹੁੰਦਾ ਗਿਆ। ਬੈੱਲ ਮਾਰਨ ਤੋਂ ਬਾਅਦ ਖ਼ਾਸਕਰ ਗਰਮੀਆਂ ਵਿੱਚ ਉਸ ਨੂੰ ਕਾਫ਼ੀ ਸਮਾਂ ਬਾਹਰ ਧੁੱਪੇ ਖੜ੍ਹੇ ਰਹਿਣਾ ਪੈਂਦਾ ਸੀ। ਏਸੀ ਕਮਰਿਆਂ ਵਿੱਚੋਂ ਉਸ ਦੇ ਬੱਚੇ ਮੱਚਦੇ-ਮਚਾਉਂਦੇ, ਪੈਰ ਪਟਕਦੇ ਉਸ ਨੂੰ ਦਰਵਾਜ਼ਾ ਖੋਲ੍ਹਣ ਆਉਂਦੇ ਤਾਂ ਉਸ ਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ। ਉਸ ਨੂੰ ਆਪਣੀ ਮਾਂ ਚੇਤੇ ਆਉਂਦੀ ਜੋ ਉਸ ਦੇ ਆਉਣ ਤੋਂ ਪਹਿਲਾਂ ਹੀ ਦਰ ’ਤੇ ਖੜ੍ਹੀ ਹੁੰਦੀ। ਬਿਮਾਰ-ਠਮਾਰ ਰਹਿਣ ਕਰਕੇ ਉਸ ਦੀ ਪਤਨੀ ਬਹੁਤ ਘੱਟ ਦਰਵਾਜ਼ਾ ਖੋਲ੍ਹਣ ਆਉਂਦੀ ਤੇ ਜੇ ਆਉਂਦੀ ਵੀ ਤਾਂ ਸੁਸਤੀ ਭਰੇ ਲਹਿਜੇ ਨਾਲ ਪਾਣੀ ਦੇ ਗਲਾਸ ਵੱਲ ਹੱਥ ਕਰ ਆਪ ਫੇਰ ਬੈੱਡ ’ਤੇ ਪਸਰ ਜਾਂਦੀ। ਹੁਣ ਇਸ ਨਿੱਕੇ ਜਿਹੇ ਜੀਵ ਨੇ ਆਪਣੇਪਣ ਨਾਲ ਉਸ ਦਾ ਜੀਵਨ ਭਰ ਦਿੱਤਾ। ਗਲੀ ਦੇ ਪਰਲੇ ਮੋੜ ਤੋਂ ਉਸ ਦੇ ਸਕੂਟਰ ਦਾ ਹਾਰਨ ਸੁਣ ਕੇ ਉਹ ਗੋਲੀ ਵਾਂਗ ਦਰਵਾਜ਼ੇ ਵੱਲ ਦੌੜਦਾ ਹੈ ਤੇ ਨਾਲੇ ਭੌਂਕ ਭੌਂਕ ਕੇ ਘਰ ਦੇ ਜੀਆਂ ਨੂੰ ਦਰਵਾਜ਼ਾ ਖੋਲਣ ਦਾ ਜਿਵੇਂ ਹੁਕਮ ਦਿੰਦੈ... ਤੇ ਹੁਣ ਫੇਰ ਉਹ ਮਕਾਨ, ਘਰ ਬਣਦਾ ਜਾ ਰਿਹਾ ਹੈ।
ਸੰਪਰਕ: 94645-87013
* * *
ਦੁਬਿਧਾ
ਅਮਨ ਦਾਤੇਵਾਸੀਆ
ਲੰਮੀ ਕਾਰ ਡਰਾਈਵਿੰਗ ਦੌਰਾਨ ਕਾਰ ਅਤੇ ਖ਼ੁਦ ਨੂੰ ਦਮ ਦਿਵਾਉਣ ਲਈ ਮੈਂ ਕਾਰ ਸੜਕ ਦੇ ਇੱਕ ਪਾਸੇ ਖਤਾਨਾਂ ਕੋਲ ਰੋਕ ਲਈ। ਜ਼ੋਰ ਦੀ ਅੰਗੜਾਈ ਲੈਂਦਿਆਂ ਮੇਰੀ ਨਜ਼ਰ ਝਾੜੀਆਂ ਕੋਲ ਬੇਸਬਰੀ ਨਾਲ ਆਪਣੀ ਮਾਂ ਦਾ ਦੁੱਧ ਚੁੰਘਦੇ ਕਤੂਰੇ ’ਤੇ ਪਈ। ਦੋਵੇਂ ਇਸ ਕੁਦਰਤੀ ਕਿਰਿਆ ਦਾ ਆਨੰਦ ਲੈ ਹੀ ਰਹੇ ਸੀ ਕਿ ਦੂਜਾ ਕਤੂਰਾ ਜਦੋਂ ਦੁੱਧ ਪੀਣ ਲਈ ਅੱਗੇ ਵਧਿਆ ਤਾਂ ਮਾਂ ਉੱਠ ਖੜੋਤੀ। ਦੁੱਧ ਨਾ ਮਿਲਣ ਕਰਕੇ ਉਹ ਕਤੂਰਾ ਹਿੰਸਕ ਹੋ ਗਿਆ ਤੇ ਦੁੱਧ ਪੀ ਹਟੇ ਕਤੂਰੇ ਨੂੰ ਹੂਰੀ ਲੈ ਕੇ ਪੈ ਗਿਆ। ਦੇਖਦੇ ਹੀ ਦੇਖਦੇ ਉਸ ਨੇ ਚੱਕ ਵੱਢਦੇ ਉਸ ਨੂੰ ਬੌਂਦਲਾਅ ਦਿੱਤਾ। ਮਾਂ ਦੁਬਿਧਾ ਵਿੱਚ ਪੈ ਗਈ ਕਿ ਦੋਵਾਂ ਨੂੰ ਕਿੰਞ ਸਮਝਾਵੇ। ਉਸ ਨੇ ਪੀੜਤ ਬੱਚੇ ਨੂੰ ਤੇਜ਼ੀ ਨਾਲ ਆਪਣੀ ਜੀਭ ਨਾਲ ਸਹਿਲਾਇਆ ਤੇ ਦੂਜੇ ਨੂੰ ਕਲਾਵੇ ਵਿੱਚ ਲੈ ਕੇ ਬੈਠ ਗਈ। ਥੋੜ੍ਹੀ ਦੇਰ ਬਾਅਦ ਹਿੰਸਕ ਕਤੂਰਾ ਵੀ ਸ਼ਾਂਤ ਹੋ ਕੇ ਆਪਣੀ ਮਾਂ ਜਾਏ ਨਾਲ ਅਠਖੇਲੀਆਂ ਕਰਨ ਲੱਗਿਆ। ਦੇਖਦੇ ਹੀ ਦੇਖਦੇ ਦੋ ਹੋਰ ਕਤੂਰੇ ਮਾਂ ਦੁਆਲੇ ਘੇਰਾ ਘੱਤ ਦੁੱਧ ਪੀਣ ਲਈ ਉਸ ਵੱਲ ਉੱਲਰੇ। ਮਾਂ ਦੀ ਦੁਬਿਧਾ ਹੋਰ ਵਧ ਗਈ ਕਿ ਬੱਚਿਆਂ ਦੀ ਭੁੱਖ ਕਿਵੇਂ ਸ਼ਾਂਤ ਕਰੇ। ਉਹ ਉਨ੍ਹਾਂ ਨੂੰ ਛੱਡ ਧਰਤੀ ਨੂੰ ਸੁੰਘਦੀ-ਸੁੰਘਦੀ ਪਰ੍ਹਾਂ ਚਲੀ ਗਈ। ਮੈਂ ਆਪਣੀ ਭੁੱਖ ਸ਼ਾਂਤ ਕਰਨ ਲਈ ਕਾਰ ਵਿੱਚ ਪਏ ਬਿਸਕੁਟਾਂ ਦਾ ਪੈਕੇਟ ਖੋਲ੍ਹਿਆ। ਏਨੇ ਨੂੰ ਉਹ ਕਾਰ ਕੋਲ ਆ ਕੇ ਪੂਛ ਹਿਲਾਉਣ ਲੱਗੀ। ਉਸ ਦੇ ਹਾਵ-ਭਾਵ ਦੇਖ ਕੇ ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਸ ਨੂੰ ਖਾਣ ਲਈ ਕੁਝ ਚਾਹੀਦਾ ਹੈ। ਜ਼ੋਰ ਦੀ ਭੁੱਖ ਲੱਗੀ ਹੋਣ ਕਰਕੇ ਮੈਂ ਦੁਬਿਧਾ ਵਿੱਚ ਪੈ ਗਿਆ ਕਿ ਮੈਂ ਆਪਣੀ ਭੁੱਖ ਸਾਂਤ ਕਰਾਂ ਜਾਂ ਉਸ ਦੀ! ਮਨ ਵਿੱਚ ਕਤੂਰਿਆਂ ਦਾ ਚੇਤਾ ਆਉਂਦਿਆਂ ਹੀ ਮੈਂ ਸਾਰੇ ਬਿਸਕੁਟ ਉਸੇ ਨੂੰ ਖੁਆ ਦਿੱਤੇ। ਪਲ ਝਪਕਦਿਆਂ ਹੀ ਮੈਂ ਦੇਖਿਆ ਕਿ ਉਹ ਬੜੇ ਸਕੂਨ ਨਾਲ ਆਪਣੇ ਕਤੂਰਿਆਂ ਨੂੰ ਦੁੱਧ ਪਿਲਾ ਰਹੀ ਸੀ। ਇਹ ਦ੍ਰਿਸ਼ ਦੇਖ ਕੇ ਮੇਰੀ ਭੁੱਖ ਆਪਣੇ ਆਪ ਹੀ ਸ਼ਾਂਤ ਹੋ ਗਈ। ਹੁਣ ਤੱਕ ਮੇਰੀ ਥਕਾਵਟ ਵੀ ਲਹਿ ਗਈ ਸੀ ਤੇ ਮੈਂ ਕਾਰ ਸਟਾਰਟ ਕਰਕੇ ਘਰ ਨੂੰ ਚੱਲ ਪਿਆ।
ਸੰਪਰਕ: 94636-09540
* * *
ਸਟੈਂਡ
ਪ੍ਰਗਟ ਢਿੱਲੋਂ
‘‘ਫਰਿੱਜਾਂ ਦੇ, ਟੀਵੀ ਦੇ, ਕੂਲਰਾਂ ਦੇ, ਵਾਸ਼ਿੰਗ ਮਸ਼ੀਨਾਂ ਦੇ, ਇਨਵਰਟਰਾਂ ਦੇ ਸਟੈਂਡ ਲਓ ਭਾਈ...!!’’ ਹੋਕਾ ਲਾਉਂਦਿਆਂ ਜਦੋਂ ਸੱਥ ਵਿਚਦੀ ਸਟੈਂਡ ਵੇਚਣ ਵਾਲਾ ਲੰਘਿਆ ਤਾਂ ਬਾਬਿਆਂ ਵਿੱਚ ਬੈਠੇ ਕਾਮਰੇਡ ਦਲੀਪ ਸਿਹੁੰ ਨੇ ਸਟੈਂਡ ਵੇਚਣ ਵਾਲੇ ਨੂੰ ਆਵਾਜ਼ ਮਾਰ ਕੇ ਰੋਕਦਿਆਂ ਪੁੱਛਿਆ, ‘‘ਜਵਾਨਾ ਕੀ ਵੇਚਦੈਂ?’’ ਤਾਂ ਸਟੈਂਡ ਵੇਚਣ ਵਾਲੇ ਨੇ ਕਿਹਾ, ‘‘ਬਾਬਾ ਜੀ, ਸਾਰੇ ਤਰ੍ਹਾਂ ਦੇ ਸਟੈਂਡ ਵੇਚਦਾ ਹਾਂ।’’ ਹੁਣ ਕਾਮਰੇਡ ਦਲੀਪ ਸਿਹੁੰ ਆਪਣੇ ਹੱਥ ਵਿੱਚ ਫੜੇ ਖੂੰਡੇ ’ਤੇ ਠੋਡੀ ਰੱਖ ਕੇ ਸੋਚਣ ਲੱਗ ਪਿਆ ਸੀ। ਸੋਚਾਂ ਸੋਚਦੇ ਨੂੰ ਵੇਖ ਸਟੈਂਡ ਵਾਲਾ ਬੋਲਿਆ, ‘‘ਬਾਬਾ ਜੀ, ਕੀ ਸੋਚਣ ਲੱਗ ਪਏ ਹੋ? ਦੱਸੋ ਕਿਹੜਾ ਸਟੈਂਡ ਦੇਵਾਂ?’’
ਕਾਮਰੇਡ ਦਲੀਪ ਸਿੰਹੁੰ ਸਟੈਂਡ ਵੇਚਣ ਵਾਲੇ ਨੂੰ ਕਹਿਣ ਲੱਗਾ ਕਿ ‘‘ਜਿਹੜੇ ਸਟੈਂਡ ਮੈਂ ਭਾਲਦਾਂ ਹਾਂ ਉਹ ਤੇਰੇ ਕੋਲ ਇੱਕ ਵੀ ਨਹੀਂ ਹੈ।’’ ਸਟੈਂਡ ਵੇਚਣ ਵਾਲਾ ਫਿਰ ਕਾਮਰੇਡ ਨੂੰ ਕਹਿਣ ਲੱਗਾ, ‘‘ਬਾਬਾ ਜੀ, ਤੁਸੀਂ ਦੱਸੋ ਤਾਂ ਸਹੀ ਤੁਹਾਨੂੰ ਕਿਹੜਾ ਸਟੈਂਡ ਚਾਹੀਦਾ ਹੈ।’’ ਕਾਮਰੇਡ ਨੇ ਕਿਹਾ, ‘‘ਮੈਨੂੰ ਤਾਂ ਘੱਟੋ ਘੱਟ ਚਾਲੀ ਪੰਜਾਹ ਸਟੈਂਡ ਚਾਹੀਦੇ ਹਨ ਜਿਨ੍ਹਾਂ ਵਿੱਚ ਦਸ ਪੰਦਰਾਂ ਛੋਟੇ ਤੇ ਤੀਹ ਪੈਂਤੀ ਵੱਡੇ ਸਟੈਂਡ ਹੋਣ।’’ ਸਟੈਂਡ ਵਾਲਾ ਬੋਲਿਆ, ‘‘ਬਾਬਾ ਜੀ, ਸ਼ਾਇਦ ਤੁਸੀਂ ਦੁਕਾਨਦਾਰ ਹੋਵੋਗੇ ਤੇ ਤੁਹਾਡੇ ਨਾਲ ਰੇਟ ਵੀ ਥੋੜ੍ਹਾ ਬਹੁਤਾ ਘੱਟ ਕਰ ਲਵਾਂਗੇ। ਇਹ ਵੀ ਦੱਸੋ ਕਿ ਤੁਸੀਂ ਸਟੈਂਡ ਕਾਹਦੇ ਕਾਹਦੇ ਲੈਣੇ ਹਨ।’’ ਹੁਣ ਕਾਮਰੇਡ ਨੇ ਆਪਣੇ ਮੋਢੇ ’ਤੇ ਰੱਖੇ ਦੁਪੱਟੇ ਨਾਲ ਆਪਣੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਕਿਹਾ,, “ਜਵਾਨਾ, ਮੈਂ ਕੋਈ ਦੁਕਾਨਦਾਰ ਨਹੀਂ। ਲੈ ਜੇ ਤੂੰ ਪੁੱਛ ਹੀ ਬੈਠਾ ਤਾਂ ਤੈਨੂੰ ਮੈਂ ਦੱਸ ਦਿੰਦਾ ਹਾਂ ਕਿ ਮੈਂ ਇਹ ਸਟੈਂਡ ਉਨ੍ਹਾਂ ਲੋਕਾਂ ਲਈ ਲੈਣੇ ਹਨ ਜੋ ਦੋਧੀ ਦੇ ਮੋਟਰਸਾਈਕਲ ਵਰਗੇ ਹੁੰਦੇ ਹਨ ਜਿਸ ਨੂੰ ਜਿਧਰ ਮਰਜ਼ੀ ਟੇਢਾ ਕਰ ਲਵੋ। ਵੱਡੇ ਤੀਹ ਪੈਂਤੀ ਸਟੈਂਡ ਮੰਤਰੀਆਂ ਤੇ ਵਿਧਾਇਕਾਂ ਵਾਸਤੇ ਲੈਣੇ ਹਨ ਜਿਹੜੇ ਹਰ ਚੋਣਾਂ ਵਿੱਚ ਪਾਰਟੀ ਬਦਲ ਲੈਂਦੇ ਹਨ ਤੇ ਬਾਕੀ ਛੋਟੇ ਦਸ ਪੰਦਰਾਂ ਸਟੈਂਡ ਆਪਣੇ ਪਿੰਡ ਵਾਲੇ ਉਨ੍ਹਾਂ ਲੋਕਾਂ ਲਈ ਵੀ ਲੈਣੇ ਹਨ ਜਿਹੜੇ ਹਰ ਵਾਰ ਜਿੱਤੀ ਹੋਈ ਪਾਰਟੀ ਵਿੱਚ ਰਲ ਜਾਂਦੇ ਹਨ। ਕਿਉਂ ਹੈ ਕੋਈ ਇਹੋ ਜਿਹੇ ਤੇਰੇ ਕੋਲ ਸਟੈਂਡ?’’
ਹੁਣ ਸਟੈਂਡ ਵੇਚਣ ਵਾਲਾ ਵੀ ਕਾਮਰੇਡ ਦਲੀਪ ਸਿਹੁੰ ਦੀਆਂ ਗੁੱਝੀਆਂ ਰਮਜ਼ਾਂ ਤੇ ਲੀਡਰਾਂ ਤੇ ਪਿੰਡ ਦੇ ਲੋਕਾਂ ਦੇ ਹੱਥ ਛੱਡ ਕੇ ਮਾਰੀਆਂ ਕੈਂਚੀਆਂ ਨੂੰ ਸਮਝਣ ਲੱਗ ਪਿਆ ਸੀ। ਅਖੀਰ ਖਚਰੀ ਜਿਹੀ ਹਾਸੀ ਹੱੱਸਦਿਆਂ ਕਹਿਣ ਲੱਗਾ, ‘‘ਬਾਬਾ ਜੀ, ਉਨ੍ਹਾਂ ਲੋਕਾਂ ਵਾਸਤੇ ਤਾਂ ਰੱਬ ਹੀ ਸਟੈਂਡ ਬਣਾ ਸਕਦੈ,’’ ਕਹਿ ਕੇ ਜੁਗਾੜੂ ਰੇਹੜੀ ਵਾਲੇ ਰੇਹੜੀ ਨੂੰ ਕਿੱਕ ਮਾਰੀ ਤੇ ਤੁਰਨ ਲੱਗਿਆ। ਸੱਥ ਵਿੱਚ ਬੈਠੇ ਵੈਲੀਆਂ ਦੇ ਅਰਜਨ ਨੇ ਹੱਸ ਕੇ ਸਟੈਂਡ ਵਾਲੇ ਨੂੰ ਕਿਹਾ, ‘‘ਓ ਭਾਈ, ਦੇ ਜਾਂਦਾ ਸਮਾਨ ਸਾਡੇ ਕਾਮਰੇਡ ਨੂੰ ਜਿਹੜਾ ਮੰਗਦਾ ਸੀ। ਤੁਰਿਆ ਜਾਂਦਾ ਸਟੈਂਡ ਵਾਲਾ ਕਹਿੰਦਾ ‘‘ਜਿਹੜਾ ਸਮਾਨ ਬਾਬਾ ਜੀ ਮੰਗਦੇ ਨੇ ਉਹ ਮੇਰੇ ਵੱਸ ਦਾ ਰੋਗ ਨਹੀਂ। ਇਹ ਸਮਾਨ ਤਾਂ ਕਿਸੇ ਬਜ਼ਾਰ ’ਚੋਂ ਵੀ ਨਹੀਂ ਮਿਲਣਾ।’’
ਸੰਪਰਕ: 98553-63234
* * *