DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੰਨੀ ਕਹਾਣੀਆਂ

ਫ਼ਰਕ ਗੁਰਤੇਜ ਸਿੰਘ ਖੁਡਾਲ ‘‘ਕਹਿਣ ਨੂੰ ਤਾਂ ਅੱਜਕੱਲ੍ਹ ਸਾਰੇ ਹੀ ਕਹਿੰਦੇ ਨੇ ਕਿ ਮੁੰਡਾ ਜਾਂ ਕੁੜੀ ਪੈਦਾ ਹੋਵੇ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ! ਪਰ ਇਹ ਸਭ ਕਹਿਣ ਦੀਆਂ ਹੀ ਗੱਲਾਂ ਨੇ। ਸਾਡੇ ਲੋਕ ਅੱਜ ਵੀ ਮੁੰਡੇ ਤੇ ਕੁੜੀ ਵਿੱਚ...
  • fb
  • twitter
  • whatsapp
  • whatsapp
Advertisement

ਫ਼ਰਕ

ਗੁਰਤੇਜ ਸਿੰਘ ਖੁਡਾਲ

‘‘ਕਹਿਣ ਨੂੰ ਤਾਂ ਅੱਜਕੱਲ੍ਹ ਸਾਰੇ ਹੀ ਕਹਿੰਦੇ ਨੇ ਕਿ ਮੁੰਡਾ ਜਾਂ ਕੁੜੀ ਪੈਦਾ ਹੋਵੇ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ! ਪਰ ਇਹ ਸਭ ਕਹਿਣ ਦੀਆਂ ਹੀ ਗੱਲਾਂ ਨੇ। ਸਾਡੇ ਲੋਕ ਅੱਜ ਵੀ ਮੁੰਡੇ ਤੇ ਕੁੜੀ ਵਿੱਚ ਬਹੁਤ ਜ਼ਿਆਦਾ ਫ਼ਰਕ ਸਮਝਦੇ ਹਨ,’’ ਅਮਰਜੀਤ ਸਿੰਘ ਨੇ ਸੈਰ ਕਰਦੇ ਕਰਦੇ ਕੁਝ ਦੋਸਤਾਂ ਨਾਲ ਆਪਣੀ ਗੱਲ ਸਾਂਝੀ ਕੀਤੀ।

Advertisement

ਰਾਜ ਕੁਮਾਰ ਨੇ ਪੁੱਛਿਆ, ‘‘ਕਿਉਂ, ਕੀ ਗੱਲ ਹੋਈ?’’ ‘‘ਗੱਲ ਕੀ ਹੋਣੀ ਸੀ ਸਾਡੇ ਗੁਆਂਢ ਵਿੱਚ ਰਹਿੰਦੇ ਜਸਕਰਨ ਮਾਸਟਰ ਦੇ ਤਕਰੀਬਨ ਦੋ ਸਾਲ ਪਹਿਲਾਂ ਕੁੜੀ ਹੋਈ, ਉਦੋਂ ਉਨ੍ਹਾਂ ਦੇ ਘਰ ਵਿੱਚ ਬਹੁਤ ਉਦਾਸੀ ਵਾਲਾ ਮਾਹੌਲ ਸੀ! ਜਿਵੇਂ ਕੋਈ ਮਰ ਗਿਆ ਜਾਂ ਬਹੁਤ ਜ਼ਿਆਦਾ ਬਿਮਾਰ ਹੋਵੇ! ਸਾਰੇ ਲੋਕ ਢਿੱਲੇ ਜਿਹੇ ਮੂੰਹ ਬਣਾ ਕੇ ਉਨ੍ਹਾਂ ਦੇ ਘਰੋਂ ਆ ਜਾ ਰਹੇ ਸੀ। ਪਰ ਹੁਣ ਇੱਕ ਹਫ਼ਤਾ ਪਹਿਲਾਂ ਜਸਕਰਨ ਮਾਸਟਰ ਦੇ ਘਰ ਮੁੰਡਾ ਪੈਦਾ ਹੋਇਆ ਹੈ! ਉਸ ਦਿਨ ਤੋਂ ਹੀ ਉਨ੍ਹਾਂ ਦੇ ਘਰ ਵਿੱਚ ਬਹੁਤ ਖ਼ੁਸ਼ੀ ਅਤੇ ਜਸ਼ਨ ਵਾਲਾ ਮਾਹੌਲ ਹੈ। ਜਦੋਂ ਜਸਕਰਨ ਦੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਮੁੰਡੇ ਨੂੰ ਘਰ ਵਿੱਚ ਲਿਆਉਣ ਦਾ ਦ੍ਰਿਸ਼ ਦੇਖਣ ਵਾਲਾ ਸੀ। ਜਿਸ ਗੱਡੀ ਵਿੱਚ ਜੱਚਾ ਬੱਚਾ ਨੂੰ ਲੈ ਕੇ ਆਉਣਾ ਸੀ, ਉਸ ਨੂੰ ਫੁੱਲਾਂ, ਗੁਬਾਰਿਆਂ, ਰਿਬਨਾਂ ਅਤੇ ਗੁਲਦਸਤਿਆਂ ਨਾਲ ਡੋਲੀ ਵਾਲੀ ਗੱਡੀ ਵਾਂਗ ਸ਼ਿੰਗਾਰਿਆ ਹੋਇਆ ਸੀ। ਇੱਕ ਹਫ਼ਤੇ ਤੋਂ ਹੀ ਘਰ ਵਿੱਚ ਢੋਲ ਵੱਜ ਰਹੇ ਹਨ, ਭੰਗੜੇ ਪੈ ਰਹੇ ਹਨ, ਸ਼ਰਾਬਾਂ ਦੇ ਦੌਰ ਚੱਲ ਰਹੇ ਹਨ। ਡੀ.ਜੇ. ਵੱਜ ਰਹੇ ਹਨ। ਉਨ੍ਹਾਂ ਨੇ ਇੱਕ ਹਫ਼ਤੇ ਤੋਂ ਹੀ ਗੁਆਂਢੀਆਂ ਦਾ ਵੀ ਜਿਉਣਾ ਹਰਾਮ ਕੀਤਾ ਹੋਇਆ ਹੈ। ਸਾਰੇ ਗੁਆਂਢੀ ਵੀ ਇਹੀ ਚਰਚਾ ਕਰ ਰਹੇ ਸਨ। ਕੁੜੀ ਹੋਣ ’ਤੇ ਕਿੱਲੋ ਲੱਡੂ ਨਹੀਂ ਵੰਡ ਸਕੇ ਤੇ ਮੁੰਡਾ ਕੀ ਹੋਇਆ ਇੱਕ ਹਫ਼ਤੇ ਤੋਂ ਵਿਆਹ ਵਰਗਾ ਮਾਹੌਲ, ਮੀਟ ਅਤੇ ਸ਼ਰਾਬਾਂ ਦੇ ਦੌਰ ਚੱਲ ਰਹੇ ਹਨ। ਇਹ ਮੁੰਡਾ ਅਤੇ ਕੁੜੀ ਪੈਦਾ ਹੋਣ ਵਿੱਚ ਫ਼ਰਕ ਨਹੀਂ ਤਾਂ ਹੋਰ ਕੀ ਹੈ...?’’

ਸੰਪਰਕ: 94641-29118

* * *

ਕਾਨੂੰਨ ਦੀ ਉਲੰਘਣਾ

ਕੇਵਲ ਸਿੰਘ ਕਾਲਝਰਾਣੀ

ਰਮੇਸ਼ ਅਤੇ ਉਸ ਦੀ ਪਤਨੀ ਸੀਤਾ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਲੋਕ ਹਨ। ਪਰ ਅੱਜ ਰਮੇਸ਼ ਅਤੇ ਸੀਤਾ ਬਹੁਤ ਹੀ ਨਿਰਾਸ਼ ਅਤੇ ਦੁਖੀ ਸਨ ਕਿਉਂਕਿ ਲੰਮੇ ਸਮੇਂ ਤੋਂ ਹੋ ਰਹੇ ਛਾਤੀ ਦੇ ਦਰਦ ਦੀ ਜਾਂਚ ਲਈ ਅੱਜ ਸੀਤਾ ਨੂੰ ਰਮੇਸ਼ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਲੈ ਗਿਆ। ਡਾਕਟਰ ਨੇ ਉਨ੍ਹਾਂ ਨੂੰ ਆਖ਼ਰੀ ਸਟੇਜ ਦਾ ਕੈਂਸਰ ਦੱਸਿਆ।

ਹੁਣ ਰਮੇਸ਼ ਦੀ ਮਜ਼ਦੂਰੀ ਉਸ ਦੇ ਘਰ ਅਤੇ ਪਤਨੀ ਦੀ ਦਵਾਈ ਦੇ ਖ਼ਰਚੇ ਚੁੱਕਣ ਵਿੱਚ ਲਾਚਾਰ ਸੀ। ਉਸ ਨੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੱਦਦ ਦੀ ਗੁਹਾਰ ਲਗਾਈ, ਪਰ ਸਭ ਨੇ ਉਸ ਨਾਲੋਂ ਨਾਤੇ ਤੋੜ ਲਏ। ਅੰਤ ਨੂੰ ਰਮੇਸ਼ ਆਪਣੇ ਪੁਰਾਣੇ ਜਿਗਰੀ ਯਾਰ ਕਮਲ ਕੋਲ ਗਿਆ ਜੋ ਬੈਂਕ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਸੀ ਪਰ ਉਸ ਨੇ ਵੀ ਆਪਣੀਆਂ ਮਜਬੂਰੀਆਂ ਦਾ ਪੁਲੰਦਾ ਰਮੇਸ਼ ਸਾਹਮਣੇ ਖੋਲ੍ਹ ਦਿੱਤਾ। ਕਮਲ ਇੱਕ ਚੰਗਾ ਇਨਸਾਨ ਸੀ ਤੇ ਉਹ ਰਮੇਸ਼ ਦੀ ਮੱਦਦ ਕਰਨਾ ਵੀ ਚਾਹੁੰਦਾ ਸੀ ਪਰ ਹਾਲਾਤ ਤੋਂ ਮਜਬੂਰ ਸੀ। ਰਮੇਸ਼ ਨੇ ਬੈਂਕ ਦੀ ਦਹਿਲੀਜ਼ ਤੋਂ ਪੈਰ ਥੱਲੇ ਲਾਹਿਆ ਹੀ ਸੀ ਕਿ ਕਮਲ ਨੇ ਆਵਾਜ਼ ਮਾਰੀ, ‘‘ਰਮੇਸ਼, ਵਾਪਸ ਆਓ। ਮੈਂ ਤੁਹਾਡੇ ਬਾਰੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ। ਉਹ ਤੁਹਾਨੂੰ ਆਟੋ ਰਿਕਸ਼ਾ ਖਰੀਦਣ ਲਈ ਕਰਜ਼ ਦੇਣ ਲਈ ਤਿਆਰ ਹੋ ਜਾਣਗੇ, ਪਰ ਤੁਹਾਨੂੰ ਕਿਸੇ ਜਾਇਦਾਦ ਦੇ ਕਾਗ਼ਜ਼ ਦੇਣੇ ਪੈਣਗੇ ਤੇ ਗਵਾਹ ਵਜੋਂ ਦਸਤਖ਼ਤ ਮੈਂ ਆਪ ਕਰ ਦਿਆਂਗਾ।’’ ਇੱਕ ਵਾਰ ਤਾਂ ਗੱਲ ਸੁਣ ਕੇ ਰਮੇਸ਼ ਦੇ ਚਿਹਰੇ ’ਤੇ ਰੌਣਕ ਆ ਗਈ। ‘‘...ਪਰ ਮੇਰੇ ਕੋਲ ਤਾਂ ਕੋਈ ਜਾਇਦਾਦ ਹੈ ਹੀ ਨਹੀਂ,’’ ਪਲ ਭਰ ਮਗਰੋਂ ਰਮੇਸ਼ ਨੇ ਕਿਹਾ। ਕਮਲ ਬੋਲਿਆ, ‘‘ਕੋਈ ਗੱਲ ਨਹੀਂ। ਤੇਰੇ ਕੋਲ ਤੇਰਾ ਘਰ ਤਾਂ ਹੈ।’’

ਕਮਲ ਨੇ ਰਮੇਸ਼ ਨੂੰ ਉਸ ਦਾ ਘਰ ਬੈਂਕ ਕੋਲ ਗਹਿਣੇ ਰੱਖ ਕੇ ਆਟੋ ਰਿਕਸ਼ਾ ਦਿਵਾ ਦਿੱਤਾ। ਹੁਣ ਉਹ ਆਪਣੀ ਰੋਜ਼ਾਨਾ ਦੀ ਮਜ਼ਦੂਰੀ ਤੋਂ ਕਿਤੇ ਜ਼ਿਆਦਾ ਪੈਸੇ ਕਮਾ ਸਕਦਾ ਸੀ। ਭਾਵੇਂ ਬੈਂਕ ਦੀ ਕਿਸ਼ਤ ਅਤੇ ਸੀਤਾ ਦੀ ਦਵਾਈ ਸਹੀ ਚੱਲ ਰਹੇ ਸਨ, ਪਰ ਰੋਟੀ ਰੋਜ਼ਾਨਾ ਦੋਵੇਂ ਸਮੇਂ ਕਦੇ ਕਦਾਈਂ ਹੀ ਮਿਲਦੀ ਸੀ। ਫਿਰ ਵੀ ਦੋਵੇਂ ਜੀਅ ਖ਼ੁਸ਼ ਸਨ।

ਇੱਕ ਦਿਨ ਰਮੇਸ਼ ਰੋਜ਼ਾਨਾ ਵਾਂਗ ਰੇਲਵੇ ਸਟੇਸ਼ਨ ’ਤੇ ਆਪਣੇ ਸਟੈਂਡ ਉੱਤੇ ਆਉਣ ਵਾਲੀ ਸਵਾਰੀ ਨੂੰ ਲਿਜਾਣ ਲਈ ਖੜ੍ਹਾ ਸੀ ਕਿ ਅਚਾਨਕ ਉਸ ਦੇ ਗੁਆਂਢੀ ਰਾਜੂ ਦਾ ਫੋਨ ਆ ਗਿਆ। ਉਸ ਨੇ ਦੱਸਿਆ, ‘‘ਰਮੇਸ਼, ਮੈਂ ਰਾਜੂ ਹਾਂ। ਭਾਬੀ ਸੀਤਾ ਦੀ ਹਾਲਤ ਅਚਾਨਕ ਵਿਗੜ ਗਈ ਹੈ। ਉਹ ਦਰਦ ਨਾਲ ਤੜਫ਼ ਰਹੀ ਹੈ ਅਤੇ ਉੱਚੀ ਉੱਚੀ ਚੀਕਾਂ ਮਾਰ ਰਹੀ ਹੈ। ਮੈਂ ਤੇ ਮੇਰੀ ਪਤਨੀ ਰਾਣੀ ਨੇ ਉਸ ਨੂੰ ਹਸਪਤਾਲ ਲਿਜਾਣ ਲਈ ਕਿਹਾ ਸੀ । ਪਰ ਉਸ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਜਲਦੀ ਰਮੇਸ਼ ਨੂੰ ਬੁਲਾ ਦਿਓ ਜਦੋਂ ਰਮੇਸ਼ ਆ ਜਾਵੇਗਾ ਮੈਂ ਆਪੇ ਹੀ ਠੀਕ ਹੋ ਜਾਵਾਂਗੀ।’’ ਰਮੇਸ਼ ਦਾ ਗਲਾ ਭਾਰੀ ਹੋ ਗਿਆ। ਪਲਕਾਂ ਨੇ ਇੱਕ ਪਲ ਲਈ ਝਪਕਣਾ ਬੰਦ ਕਰ ਦਿੱਤਾ, ਹੰਝੂ ਅੱਖਾਂ ਵਿੱਚ ਹੀ ਸੁੱਕ ਗਏ। ਰਾਜੂ ਦੇ ਬੋਲ ਉਸ ਦਾ ਸੀਨਾ ਚੀਰ ਰਹੇ ਸਨ ਅਤੇ ਇੰਝ ਲਗਦਾ ਸੀ ਜਿਵੇਂ ਸਰੀਰ ਬੁੱਤ ਬਣ ਗਿਆ ਹੋਵੇ।

ਆਪਣੇ ਹੋਸ਼ ਸੰਭਾਲਦੇ ਹੋਏ ਹੌਸਲਾ ਕਰਕੇ ਰਮੇਸ਼ ਕਾਹਲ਼ੀ ਨਾਲ ਘਰ ਵੱਲ ਨੂੰ ਚੱਲ ਪਿਆ। ਰਸਤੇ ਵਿੱਚ ਕਾਫ਼ੀ ਭੀੜ ਉੱਚੀ ਉੱਚੀ ਰੌਲਾ ਪਾਉਂਦੀ ਜਾ ਰਹੀ ਸੀ। ਇੱਕ ਇੱਕ ਮੋਟਰਸਾਈਕਲ ਉੱਤੇ ਚਾਰ ਚਾਰ ਜਣੇ ਸਵਾਰ ਸਨ।ਸਾਇਲੈਂਸਰ ਦੇ ਪਟਾਕੇ ਲੋਕਾਂ ਦੇ ਕੰਨ ਪਾੜ ਰਹੇ ਸਨ। ਲੰਡੀਆਂ ਜੀਪਾਂ ਵਿੱਚ ਬਾਹਰ ਲਮਕ ਲਮਕ ਨਾਹਰੇ ਲਾਉਂਦੇ ਨੌਜਵਾਨ ਰਾਹਗੀਰਾਂ ਨੂੰ ਅੱਗੇ ਨਹੀਂ ਸੀ ਲੰਘਣ ਦੇ ਰਹੇ। ਥੋੜ੍ਹੀ ਜਿਹੀ ਦਲੇਰੀ ਕਰਕੇ ਰਮੇਸ਼ ਨੇ ਜਿਉਂ ਹੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਖੜ੍ਹੀ ਪੁਲੀਸ ਨੇ ਉਸ ਨੂੰ ਪਾਸੇ ਕਰਕੇ ਰੋਕ ਲਿਆ ਕਿਉਂਕਿ ਆਵਾਜਾਈ ਮੰਤਰੀ ਜੀ ਦੀ ਰੈਲੀ ਸੀ ਅਤੇ ਇਹ ਸਭ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਸਨ। ਬੇਨੰਬਰੀ ਕਾਰਾਂ ਅਤੇ ਹੱਥਾਂ ਵਿੱਚ ਸੋਟੇ ਫੜੀ ਇਹ ਲੋਕ ਬੇਝਿਜਕ ਲੰਘ ਰਹੇ ਸਨ। ‘‘ਲਿਆ ਕਾਗ਼ਜ਼ ਓਏ,’’ ਸਿਪਾਹੀ ਨੇ ਰਮੇਸ਼ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਰਮੇਸ਼ ਆਪਣੇ ਆਟੋ ਰਿਕਸ਼ਾ ਦੇ ਕਾਗ਼ਜ਼ ਸਿਪਾਹੀ ਕੋਲ ਲੈ ਗਿਆ ਅਤੇ ਆਪਣੀ ਪਤਨੀ ਬਾਰੇ ਘਰੋਂ ਆਏ ਫੋਨ ਬਾਰੇ ਦੱਸਣ ਲੱਗਾ ਤਾਂ ਉਸ ਭਲੇਮਾਣਸ ਸਿਪਾਹੀ ਨੇ ਉਸ ਨੂੰ ਜਲਦੀ ਜਾਣ ਲਈ ਕਹਿ ਦਿੱਤਾ। ਫਿਰ ਵੀ ਸਾਹਮਣੇ ਬੈਠੇ ਉਨ੍ਹਾਂ ਦੇ ਸਾਬ੍ਹ ਨੇ ਉਸ ਨੂੰ ਰੋਕ ਲਿਆ ਅਤੇ ਸਿਪਾਹੀ ਨੂੰ ਵੀ ਝਾੜ ਪਾਈ, ‘‘ਉਏ ਤੈਨੂੰ ਪਤਾ ਨਹੀਂ ਮੰਤਰੀ ਜੀ ਟ੍ਰੈਫਿਕ ਨਿਯਮਾਂ ਬਾਰੇ ਕਿੰਨੇ ਸਖ਼ਤ ਨੇ। ਇਹਦਾ ਸਾਰਾ ਕੁਝ ਚੈੱਕ ਕਰੋ,’’ ਸਾਹਮਣੇ ਬੈਠੇ ਅਫ਼ਸਰ ਨੇ ਸਿਪਾਹੀ ਨੂੰ ਗੁੱਸੇ ਨਾਲ ਕਿਹਾ। ਕਾਫ਼ੀ ਜਾਂਚ ਪੜਤਾਲ ਤੋਂ ਬਾਅਦ ਸਿਪਾਹੀ ਨੇ ਭਰੇ ਹਿਰਦੇ ਨਾਲ ਚਲਾਨ ਦੀ ਇੱਕ ਕਾਪੀ ਰਮੇਸ਼ ਨੂੰ ਫੜਾ ਦਿੱਤੀ, ਪਰ ਜਦੋਂ ਰਮੇਸ਼ ਆਪਣੇ ਆਟੋ ਵੱਲ ਨੂੰ ਤੁਰਿਆ ਤਾਂ ਅਫ਼ਸਰ ਨੇ ਫਿਰ ਆਵਾਜ਼ ਮਾਰੀ, ‘‘ਉਏ, ਇਸ ਨੂੰ ਬਾਊਂਡ ਕਰ ਦਿੱਤਾ ਗਿਆ ਹੈ। ਤੇਰੇ ਕਾਗਜ਼ਾਂ ਵਿੱਚ ਤਾਂ ਕਮੀਆਂ ਹੀ ਬਹੁਤ ਨੇ। ਤੂੰ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ। ਹੁਣ ਇਹ ਸਾਡੇ ਕੋਲ ਹੀ ਰਹੇਗਾ। ਅਦਾਲਤ ਵਿੱਚ ਜੁਰਮਾਨਾ ਭਰ ਕੇ ਇਸ ਨੂੰ ਛੁਡਾ ਲਵੀਂ।’’

ਰਮੇਸ਼ ਦਿੱਤੀ ਹੋਈ ਪਰਚੀ ਨੂੰ ਖੀਸੇ ਵਿੱਚ ਪਾ ਕਾਹਲ਼ੀ ਨਾਲ ਘਰ ਵੱਲ ਨੂੰ ਪੈਦਲ ਚੱਲ ਪਿਆ। ਖੱਜਲ ਖੁਆਰ ਹੁੰਦਾ ਰਮੇਸ਼ ਆਖ਼ਰ ਘਰ ਪਹੁੰਚ ਹੀ ਗਿਆ। ਘਰ ਵਿੱਚ ਲੋਕਾਂ ਦਾ ਇਕੱਠ ਸੀ, ਪਰ ਕਿਸੇ ਦੇ ਦਰਦ ਨਾਲ ਚੀਕਣ ਦੀ ਆਵਾਜ਼ ਨਹੀਂ ਸੀ ਆ ਰਹੀ। ਸਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ। ਸੀਤਾ ਆਪਣੇ ਸਾਹਾਂ ਦੀ ਪੂੰਜੀ ਹਾਰ ਚੁੱਕੀ ਸੀ। ਪੱਥਰ ਹੋਇਆ ਰਮੇਸ਼ ਕਦੇ ਸੀਤਾ ਦੀ ਲਾਸ਼ ਵੱਲ ਅਤੇ ਕਦੇ ਚਲਾਨ ਵਾਲੀ ਪਰਚੀ ਵੱਲ ਵਾਰ ਵਾਰ ਦੇਖ ਰਿਹਾ ਸੀ।

ਸੰਪਰਕ: 99156-14777

* * *

ਵਜੂਦ ਬਚਾਓ

ਜਤਿੰਦਰ ਮੋਹਨ

ਟੋਭੇ ਕੋਲ ਇੱਕ ਪਾਸੇ ਇੱਕ ਨੁੱਕਰ ’ਤੇ ਬੋਹੜ ਦਾ ਵੱਡਾ ਦਰੱਖਤ ਲੱਗਾ ਹੋਣ ਕਰਕੇ ਉੱਥੇ ਲੋਕਾਂ ਦਾ ਬੈਠਣਾ ਸੁਭਾਵਿਕ ਹੀ ਸੀ ਕਿਉਂਕਿ ਕੁਝ ਲੋਕ ਪਸ਼ੂ ਲੈ ਕੇ ਛੱਪੜ ’ਤੇ ਆ ਜਾਂਦੇ ਅਤੇ ਕੁਝ ਆਪਣਾ ਟਾਈਮ ਪਾਸ ਕਰਨ ਵਾਸਤੇ ਆਉਂਦੇ। ਇਸ ਥਾਂ ’ਤੇ ਲੋਕਾਂ ਨੇ ਇੱਕ ਥੜ੍ਹਾ ਬਣਾ ਲਿਆ ਸੀ ਤਾਂ ਕਿ ਉੱਥੇ ਸਾਰੇ ਬੈਠ ਸਕਣ। ਇੱਥੇ ਬੈਠ ਕੇ ਲੋਕ ਤਾਸ਼ ਖੇਡਦੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ।

ਇਸੇ ਤਰ੍ਹਾਂ ਇੱਕ ਦਿਨ ਮੁੰਡੇ ਅਤੇ ਅੱਧਖੜ੍ਹ ਤਾਸ਼ ਦੀ ਖੇਡ ਦਾ ਆਨੰਦ ਲੈ ਰਹੇ ਸਨ ਅਤੇ ਬਜ਼ੁਰਗ ਇੱਕ ਪਾਸੇ ਬੈਠ ਕੇ ਗੱਲਾਂ ਕਰ ਰਹੇ ਸਨ। ਬਹੁਤ ਹੀ ਖ਼ੁਸ਼ਗਵਾਰ ਮਾਹੌਲ ਸੀ। ਅਚਾਨਕ ਇੱਕ ਧਾਰਮਿਕ ਸਥਾਨ ਤੋਂ ਕੋਈ ਸੂਚਨਾ ਸੁਣੀ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਆਮ ਕਰਕੇ ਪਿੰਡਾਂ ਵਿੱਚ ਸੂਚਨਾਵਾਂ ਸ਼ਾਮ ਵੇਲੇ ਜਾਂ ਫਿਰ ਅੰਮ੍ਰਿਤ ਵੇਲੇ ਹੀ ਬੋਲੀਆਂ ਜਾਂਦੀਆਂ ਹਨ ਪਰ ਦੁਪਹਿਰ ਦੀ ਸੂਚਨਾ ਜ਼ਰੂਰ ਬਿਪਤਾ ਦੀ ਸੂਚਕ ਹੀ ਹੁੰਦੀ ਹੈ। ਇਸ ਲਈ ਸਭ ਨੇ ਕੰਨ ਖੋਲ੍ਹ ਕੇ ਸੂਚਨਾ ਸੁਣਨੀ ਸ਼ੁਰੂ ਕਰ ਦਿੱਤੀ।

ਸੂਚਨਾ ਦੇਣ ਵਾਲੇ ਨੇ ਸੰਬੋਧਨ ਕਰਦੇ ਹੋਏ ਕਿਹਾ, ‘‘ਨਗਰ ਨਿਵਾਸੀਓ, ਤੁਹਾਨੂੰ ਬੜੇ ਹੀ ਦੁੱਖ ਨਾਲ ਦੱਸਿਆ ਜਾਂਦਾ ਹੈ ਕਿ ਆਪਣੇ ਪਿੰਡ ਦੇ ਮੱਘਰ ਸਿੰਘ ਦਾ ਲੜਕਾ ਸਵਰਗ ਸਿਧਾਰ ਗਿਆ ਹੈ। ਕੁਝ ਚਿਰ ਬਾਅਦ ਉਸ ਦਾ ਸਸਕਾਰ ਹੋਵੇਗਾ ਸੋ ਸਭ ਨੇ ਦੁੱਖ ਦੀ ਘੜੀ ਵਿੱਚ ਪਹੁੰਚਣਾ ਹੈ ਜੀ।’’ ਸੂਚਨਾ ਸੁਣਦਿਆਂ ਸਾਰ ਹੀ ਤਾਸ਼ ਖੇਡਣ ਵਾਲਿਆਂ ਦੇ ਹੱਥਾਂ ਵਿੱਚ ਪੱਤੇ ਫੜੇ ਹੀ ਰਹਿ ਗਏ ਤੇ ਇਉਂ ਜਿਵੇਂ ਸੁੰਨ ਹੀ ਹੋ ਗਏ ਹੋਣ। ਇਸੇ ਭੀੜ ਵਿੱਚ ਬੈਠਾ ਸੁਰਜਨ ਸਿੰਘ ਉੱਚੀ ਉੱਚੀ ਰੋਣ ਲੱਗਾ ਤਾਂ ਵਿੱਚੋਂ ਕਿਸੇ ਨੇ ਪੁੱਛਿਆ, ‘‘ਤਾਇਆ ਕਿਉਂ ਰੋਨੈ?’’

ਏਨਾ ਪੁੱਛਣ ’ਤੇ ਉਸ ਦਾ ਰੋਣ ਹੋਰ ਵੀ ਵਧ ਗਿਆ।

‘‘ਤਾਇਆ ਕਿਉਂ ਕਮਲਾ ਹੋ ਗਿਆ ਉਹਨੇ ਤਾਂ ਮਰਨਾ ਹੀ ਸੀ। ਜਦੋਂ ਨਸ਼ੇ ਦਾ ਖਹਿੜਾ ਹੀ ਨਾ ਛੱਡਿਆ।’’

‘‘ਨਹੀਂ ਪੁੱਤ!’’ ਉਸ ਤੋਂ ਅੱਗੇ ਨਾ ਬੋਲਿਆ ਗਿਆ।

‘‘ਬਾਬਾ, ਤੇਰੇ ਟੱਬਰ ਵਿੱਚ ਨਾ ਕੋਈ ਨਸ਼ਾ ਕਰਦੈ ਤੇ ਨਾ ਕੋਈ ਪਹਿਲਾਂ ਕਰਦਾ ਸੀ। ਫਿਰ ਤੂੰ ਮਨ ਕਿਉਂ ਖਰਾਬ ਕਰਦੈਂ?’’ ਇੱਕ ਬੋਲਿਆ।

‘‘ਉਂਜ ਤਾਂ ਇਸ ਕੰਮ ਤੋਂ ਆਪਣਾ ਸਾਰਾ ਵਿਹੜਾ ਹੀ ਬਚਿਆ ਹੋਇਐ। ਸਾਰੇ ਜਵਾਕ ਹਾਲ ਦੀ ਘੜੀ ਸ਼ੁੱਧ ਨੇ।’’ ਗੁਰਮੁਖ ਸਿੰਘ ਬੋਲਿਆ।

‘‘ਬੱਚਿਓ! ਤੁਸੀਂ ਹਾਲੇ ਨਿਆਣੇ ਹੋ। ਅੱਗ ਲੱਗੀ ਤੋਂ ਜੇ ਹਨੇਰੀ ਚੱਲ ਪਵੇ ਤਾਂ ਸਾਰੇ ਹੀ ਚਪੇਟ ’ਚ ਆ ਜਾਂਦੇ ਨੇ। ਫਿਰ ਤੁਹਾਨੂੰ ਪਤਾ ਹੀ ਹੈ ਕਿ ਬਚਦਾ ਕੀ ਹੈ? ਸਭ ਕੁਝ ਤਬਾਹ ਹੋ ਜਾਂਦਾ ਹੈ।’’

‘‘ਗੱਲ ਤਾਂ ਤਾਇਆ ਤੇਰੀ ਠੀਕ ਐ ਪਰ ਆਪਾਂ ਕਰ ਕੀ ਸਕਦੇ ਹਾਂ?’’

‘‘ਆਪਾਂ ਸਾਰੇ ਰਲ ਕੇ ਸਭ ਕੁਝ ਕਰ ਸਕਦੇ ਹਾਂ।’’

‘‘ਇਹ ਤੁਸੀਂ ਕੀ ਕਹਿ ਰਹੇ ਹੋ ਬਾਬਾ ਜੀ?’’ ਇੱਕ ਨੌਜਵਾਨ ਬੋਲਿਆ।

‘‘ਹਾਂ, ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ?’’

‘‘ਕਿਵੇਂ?’’ ਸਭ ਉਤਸੁਕ ਹੋ ਕੇ ਪੁੱਛਣ ਲੱਗੇ।

‘‘ਆਪਣੇ ਪਿੰਡ ਦਾ ਇਹ ਕਿੰਨਵਾਂ ਮੁੰਡੈ?’’

‘‘ਪੰਜਵਾਂ!’’

‘‘ਫਿਰ ਵੀ ਦੇਖ ਲਓ ਆਪਾਂ ਕੋਈ ਉਪਰਾਲਾ ਨਹੀਂ ਕੀਤਾ?’’

‘‘ਆਪਾਂ ਕੀ ਕਰ ਸਕਦੇ ਆਂ? ਇਹ ਤਾਂ ਪੁਲੀਸ ਦਾ ਕੰਮ ਐ।’’

‘‘ਆਪਾਂ ਕੁਝ ਨਹੀਂ ਕਰ ਸਕਦੇ?’’

‘‘ਆਪਾਂ?’’

‘‘ਆਪਾਂ ਬਹੁਤ ਕੁਝ ਕਰ ਸਕਦੇ ਹਾਂ।’’

‘‘ਕਿਵੇਂ?’’

‘‘ਦਰਅਸਲ, ਪੁਲੀਸ ਕਿਸੇ ਅਪਰਾਧ ਨੂੰ ਓਨਾ ਚਿਰ ਨਹੀਂ ਰੋਕ ਸਕਦੀ ਜਿੰਨਾ ਚਿਰ ਆਪਸੀ ਸਹਿਯੋਗ ਨਾ ਹੋਵੇ।’’

‘‘ਆਪਾਂ ਕੀ ਸਹਿਯੋਗ ਦੇ ਸਕਦੇ ਆਂ?’’

‘‘ਜਦੋਂ ਵੀ ਕੋਈ ਪਿੰਡ ਵਿੱਚ ਨਸ਼ਾ ਵੇਚਣ ਵਾਲਾ ਆਉਂਦਾ ਹੈ ਤਾਂ ਆਪਾਂ ਨੂੰ ਰੋਕਣਾ ਚਾਹੀਦਾ ਹੈ। ਇਸ ਕੰਮ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ। ਕਿਸੇ ਵੀ ਧਰਮ ਅਤੇ ਜਾਤ ਦਾ ਕੋਈ ਵੀ ਬੱਚਾ ਹੋਵੇ ਜੋ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਮਝਾ ਕੇ ਬਚਾਉਣ ਦੀ ਕੋਸ਼ਿਸ਼ ਕਰੋ ਅਤੇ ਬਚਾਓ। ਉਧਰ ਨਸ਼ਾ ਤਸਕਰਾਂ ਦਾ ਚਾਹੇ ਕੋਈ ਰਿਸ਼ਤੇਦਾਰ ਵੀ ਹੋਵੇ ਮੁਕੰਮਲ ਬਾਈਕਾਟ ਕਰੋ। ਆਪਣੇ ਅਤੇ ਦੂਜਿਆਂ ਦੇ ਬੱਚਿਆਂ ’ਤੇ ਨਜ਼ਰ ਰੱਖੋ। ਸਾਰੇ ਬੱਚੇ ਆਪਣੇ ਹੀ ਹਨ।’’

‘‘ਤਾਇਆ, ਅੱਜਕੱਲ੍ਹ ਕਿਸੇ ਨੂੰ ਕਹਿਣ ਦਾ ਵਕਤ ਨਹੀਂ। ਕਿਸੇ ਨੂੰ ਕਹਿੰਦੇ ਆਂ ਕਿ ਤੁਹਾਡਾ ਮੁੰਡਾ ਨਸ਼ਾ ਕਰਦੈ ਤਾਂ ਅਗਲਾ ਗੁੱਸਾ ਕਰਦੈ।’’

‘‘ਗੱਲ ਤਾਂ ਸ਼ੇਰਾ ਤੇਰੀ ਠੀਕ ਹੈ ਪਰ ਆਪਣਾ ਫ਼ਰਜ਼ ਪਛਾਣੋ। ਸਭ ਨੂੰ ਸੁਚੇਤ ਕਰੋ। ਗੁੱਸਾ ਛੱਡ ਕੇ ਪਿੰਡ ਦੇ ਸੁਧਾਰ ਵੱਲ ਧਿਆਨ ਦਿਓ।’’ ਇਹ ਕਹਿ ਕੇ ਸੁਰਜਨ ਸਿੰਘ ਦਾ ਮਨ ਫਿਰ ਭਰ ਆਇਆ।

‘‘ਤਾਇਆ, ਰੋ ਨਾ। ਅਸੀਂ ਸਾਰੇ ਕੋਸ਼ਿਸ਼ ਕਰਾਂਗੇ,’’ ਸਾਰਿਆਂ ਨੇ ਸੁਰਜਨ ਸਿੰਘ ਨੂੰ ਬਚਨ ਦਿੱਤਾ।

‘‘ਓਏ ਪੁੱਤਰੋ! ਮੈਨੂੰ ਇਹ ਡਰ ਹੈ ਕਿਤੇ ਇਸੇ ਦਲਦਲ ’ਚ ਫਸ ਕੇ ਆਪਣੀ ਆਦਮ ਜਾਤ ਤਬਾਹ ਹੀ ਨਾ ਹੋ ਜਾਵੇ ਤੇ ਇਸ ਦੁਨੀਆ ਤੋਂ ਸਾਡਾ ਵਜੂਦ ਹੀ ਮਿਟ ਜਾਵੇ। ਓਏ ਆਪਣਾ ਵਜੂਦ ਬਚਾ ਲਓ।’’

ਸੰਪਰਕ: 94630-20766

* * *

Advertisement
×